ਮਿੰਨੀ ਕਹਾਣੀਆਂ
ਤੀਜ ਦੀ ਪੀਂਘ
ਡਾ. ਸੱਤਿਆਵਾਨ ਸੌਰਭ*
ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ ਔਰਤ ਦੇ ਜੀਵਨ ਵਿੱਚ ਤੀਜ ਦੀ ਆਪਣੀ ਕਹਾਣੀ ਹੁੰਦੀ ਹੈ- ਕੁਝ ਲਈ ਇਹ ਸਜਣ ਧਜਣ ਦਾ ਮੌਕਾ ਦੇਣ ਵਾਲਾ ਤਿਉਹਾਰ ਹੈ, ਕੁਝ ਲਈ ਇਹ ਯਾਦਾਂ ਦਾ ਝੂਲਾ ਹੈ ਅਤੇ ਕੁਝ ਲਈ ਖ਼ੁਦ ਨੂੰ ਦੁਬਾਰਾ ਪਛਾਣਨ ਦਾ ਮੌਕਾ।
ਇਹ ਰਾਧਾ ਦੀ ਕਹਾਣੀ ਹੈ, ਜੋ ਪਰੰਪਰਾਵਾਂ ਦਰਮਿਆਨ ਆਪਣੀ ਆਵਾਜ਼ ਲੱਭਦੀ ਹੈ। ਇਹ ਮਾਂ-ਧੀ ਦੇ ਰਿਸ਼ਤੇ, ਸਹੁਰਿਆਂ ਦੇ ਰੀਤੀ-ਰਿਵਾਜਾਂ ਅਤੇ ਇੱਕ ਔਰਤ ਦੇ ਸਵੈਮਾਣ ਦੀ ਵੀ ਕਹਾਣੀ ਹੈ।
ਪਿੰਡ ਦੇ ਪੂਰਬੀ ਸਿਰੇ ’ਤੇ ਪਿੱਪਲ ਦਾ ਦਰੱਖਤ ਸੀ - ਬਹੁਤ ਪੁਰਾਣਾ, ਬਹੁਤ ਵੱਡਾ। ਜਿਉਂ ਹੀ ਮੀਂਹ ਦੀਆਂ ਪਹਿਲੀਆਂ ਬੂੰਦਾਂ ਡਿੱਗਦੀਆਂ, ਉਸ ’ਤੇ ਪੀਂਘਾਂ ਪਾ ਦਿੱਤੀਆਂ ਜਾਂਦੀਆਂ। ਪਿੰਡ ਦੀਆਂ ਔਰਤਾਂ ਲਾਲ ਅਤੇ ਹਰੀਆਂ ਸਾੜੀਆਂ ਪਹਿਨ ਕੇ ਝੂਲਦੀਆਂ ਅਤੇ ਗੀਤ ਗਾਉਂਦੀਆਂ ਸਨ।
ਰਾਧਾ ਦੀ ਮਾਂ ਸ਼ਾਰਦਾ ਦੇਵੀ ਹਰ ਸਾਲ ਇਸ ਰੁੱਖ ’ਤੇ ਇੱਕ ਪੀਂਘ ਪਾਉਂਦੀ। ਰਾਧਾ ਆਪਣੀਆਂ ਸਹੇਲੀਆਂ ਨਾਲ ਘੰਟਿਆਂਬੱਧੀ ਪੀਂਘ ਝੂਟਦੀ ਰਹਿੰਦੀ। ਸਾਉਣ ਦੇ ਦਿਨ, ਗੁਜੀਆ ਦੀ ਮਿਠਾਸ ਅਤੇ ਮਾਂ ਦੇ ਹੱਥਾਂ ਦੀ ਮਹਿੰਦੀ ਰਾਧਾ ਦੇ ਬਚਪਨ ਦੀਆਂ ਯਾਦਾਂ ਸਨ।
ਹੁਣ ਉਹ ਸਭ ਬੀਤੇ ਸਮੇਂ ਦੀ ਗੱਲ ਸੀ।
ਰਾਧਾ ਦਾ ਵਿਆਹ ਤਿੰਨ ਸਾਲ ਪਹਿਲਾਂ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ। ਉਸ ਦਾ ਪਤੀ ਬਹੁਤ ਵਧੀਆ ਸੀ, ਪਰ ਉਸ ਦੇ ਸਹੁਰੇ ਪੁਰਾਣੇ ਖ਼ਿਆਲਾਂ ਦੇ ਸਨ। ਉਨ੍ਹਾਂ ਨੂੰ ਆਪਣੀ ਨੂੰਹ ਨੂੰ ਉਸ ਦੇ ਮਾਪਿਆਂ ਦੇ ਘਰ ਭੇਜਣਾ ਪਸੰਦ ਨਹੀਂ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਨੂੰਹਾਂ ਆਪਣੇ ਮਾਪਿਆਂ ਦੇ ਘਰ ਜਾਣ ਤੋਂ ਬਾਅਦ ਭਟਕ ਜਾਂਦੀਆਂ ਹਨ।
ਤਿੰਨ ਸਾਲਾਂ ਵਿੱਚ ਰਾਧਾ ਨੂੰ ਤੀਜ ਮੌਕੇ ਆਪਣੇ ਮਾਪਿਆਂ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਸੀ।
ਹਰ ਸਾਲ ਸਾਉਣ ਮਹੀਨੇ ਸ਼ਾਰਦਾ ਦੇਵੀ ਆਪਣੇ ਵਿਹੜੇ ਵਿੱਚ ਪੀਂਘ ਪਾਉਂਦੀ। ਇਸ ਸਾਲ ਵੀ ਸਾਉਣ ਮਹੀਨੇ ਪਿੰਡ ਦੀਆਂ ਔਰਤਾਂ ਪੀਲੀਆਂ ਅਤੇ ਹਰੇ ਰੰਗ ਦੀਆਂ ਸਾੜੀਆਂ ਪਹਿਨ ਰਹੀਆਂ ਸਨ। ਪੀਂਘਾਂ ’ਤੇ ਗੀਤਾਂ ਦੀ ਗੂੰਜ ਸੀ, ਪਰ ਸ਼ਾਰਦਾ ਦੇਵੀ ਦੇ ਵਿਹੜੇ ਵਿੱਚ ਸਿਰਫ਼ ਚੁੱਪ ਸੀ।
ਸ਼ਾਮ ਨੂੰ ਉਸ ਨੇ ਗੁਜੀਆ ਤਾਂਬੇ ਦੀ ਪਲੇਟ ਵਿੱਚ ਸਜਾਇਆ, ਘੇਵਰ ਉੱਤੇ ਕਰੀਮ ਪਾਈ ਅਤੇ ਇੱਕ ਛੋਟੇ ਕਟੋਰੇ ਵਿੱਚ ਸਿੰਧੂਰ ਰੱਖਿਆ।
‘‘ਇਸ ਵਾਰ ਰਾਧਾ ਜ਼ਰੂਰ ਆਵੇਗੀ,’’ ਉਸ ਨੇ ਆਪਣੇ ਆਪ ਨੂੰ ਕਿਹਾ।
ਪਰ ਕੋਈ ਗੱਡੀ ਨਾ ਆਈ ਅਤੇ ਕੋਈ ਸੁਨੇਹਾ ਨਹੀਂ, ਕੋਈ ਫੋਨ ਕਾਲ ਵੀ ਨਹੀਂ।
ਹਰ ਸਾਲ ਵਾਂਗ, ਇਸ ਸਾਲ ਵੀ ਨਜ਼ਰਾਂ ਦਰਵਾਜ਼ੇ ਵੱਲ ਲੱਗੀਆਂ ਰਹੀਆਂ।
ਰਾਧਾ ਬੇਚੈਨ ਸੀ। ਉਸ ਦੀ ਸੱਸ ਨੇ ਸਵੇਰੇ ਹੀ ਕਿਹਾ ਸੀ, ‘‘ਜੇ ਤੂੰ ਤੀਜ ਦਾ ਵਰਤ ਰੱਖਣਾ ਚਾਹੁੰਦੀ ਏਂ ਤਾਂ ਜ਼ਰੂਰ ਰੱਖ, ਪਰ ਆਪਣੀ ਮਾਂ ਦੇ ਘਰ ਜਾਣ ਬਾਰੇ ਸੋਚਣਾ ਵੀ ਨਹੀਂ। ਅਸੀਂ ਮੂਰਖ ਹਾਂ ਜੋ ਹਰ ਸਾਲ ਆਪਣੀ ਨੂੰਹ ਨੂੰ ਭੇਜ ਦੇਈਏ! ਸਿਰਫ਼ ਆਪਣੇ ਸਹੁਰੇ ਘਰ ਹੀ ਕੱਪੜੇ ਪਾ ਲਵੀਂ।’’
ਰਾਧਾ ਨੇ ਚੁੱਪਚਾਪ ਆਪਣੀ ਸਾੜੀ ਮੋੜ ਲਈ, ਮਹਿੰਦੀ ਦਾ ਡੱਬਾ ਚੁੱਕਿਆ ਅਤੇ ਛੱਤ ’ਤੇ ਚਲੀ ਗਈ। ਪਰ ਉਸ ਨੂੰ ਖ਼ਿਆਲਾਂ ਵਿੱਚ ਸਿਰਫ਼ ਆਪਣੀ ਮਾਂ ਦੀਆਂ ਉਡੀਕਦੀਆਂ ਅੱਖਾਂ ਅਤੇ ਪਿੱਪਲ ’ਤੇ ਪਾਈ ਪੀਂਘ ਦਿਸ ਰਹੀ ਸੀ।
ਅੰਤ ਵਿੱਚ ਰਾਧਾ ਨੇ ਫ਼ੈਸਲਾ ਕਰ ਲਿਆ। ਆਪਣੇ ਸਹੁਰਿਆਂ ਨੂੰ ਦੱਸੇ ਬਿਨਾਂ, ਆਪਣੇ ਪਤੀ ਲਈ ਵੀ ਸੁਨੇਹਾ ਛੱਡੇ ਬਿਨਾਂ ਰਾਧਾ ਆਪਣੇ ਪਿੰਡ ਚਲੀ ਗਈ। ਉਸ ਨੇ ਪੁਰਾਣੀ ਸਾੜੀ ਪਹਿਨੀ ਹੋਈ ਸੀ, ਮੋਢੇ ਇੱਕ ਛੋਟਾ ਜਿਹਾ ਬੈਗ ਸੀ। ਕੋਈ ਗਹਿਣੇ ਨਹੀਂ, ਕੋਈ ਦਿਖਾਵਾ ਨਹੀਂ। ਉਸ ਦੇ ਦਿਲ ਵਿੱਚ ਸਿਰਫ਼ ਇੱਕ ਇੱਛਾ ਸੀ: ਆਪਣੀ ਮਾਂ ਦੀ ਗੋਦ ਵਿੱਚ ਤੀਜ ਮਨਾਉਣ ਦੀ।
ਬੱਸ ਬਦਲਦਿਆਂ ਅਤੇ ਖੇਤਾਂ ਵਿੱਚੋਂ ਲੰਘਦਿਆਂ ਰਾਧਾ ਨੇ ਕਈ ਹੋਰ ਔਰਤਾਂ ਨੂੰ ਦੇਖਿਆ। ਉਨ੍ਹਾਂ ਵਿੱਚੋਂ ਕੁਝ ਆਪਣੇ ਪਤੀਆਂ ਨਾਲ ਅਤੇ ਕੁਝ ਆਪਣੇ ਦੋਸਤਾਂ ਨਾਲ ਸਨ। ਸਾਰਿਆਂ ਦੇ ਚਿਹਰਿਆਂ ’ਤੇ ਮੌਨਸੂਨ ਦੀ ਮੁਸਕਰਾਹਟ ਸੀ, ਪਰ ਰਾਧਾ ਦੀ ਮੁਸਕਰਾਹਟ ਥੋੜ੍ਹੀ ਡਰੀ ਹੋਈ ਸੀ।
ਪਿੰਡ ਪਹੁੰਚਣ ਸਾਰ ਰਾਧਾ ਸਿੱਧੀ ਪਿੱਪਲ ਦੇ ਦਰੱਖਤ ਵੱਲ ਗਈ, ਪਰ ਉੱਥੇ ਨਾ ਤਾਂ ਕੋਈ ਝੂਲਾ ਸੀ ਅਤੇ ਨਾ ਹੀ ਕੋਈ ਹਾਸਾ।
‘‘ਮਾਂ!’’ ਜਿਉਂ ਹੀ ਆਵਾਜ਼ ਆਈ, ਸ਼ਾਰਦਾ ਦੇਵੀ ਰਸੋਈ ਵਿੱਚੋਂ ਬਾਹਰ ਭੱਜ ਆਈ।
ਕੁਝ ਪਲਾਂ ਲਈ ਮਾਂ ਧੀ ਦੋਵੇਂ ਇੱਕ ਦੂਜੇ ਵੱਲ ਵੇਖਦੀਆਂ ਰਹੀਆਂ। ਫਿਰ ਸ਼ਾਰਦਾ ਦੇਵੀ ਨੇ ਰਾਧਾ ਨੂੰ ਜੱਫੀ ਪਾ ਲਈ।
‘‘ਧੀਏ... ਤੂੰ ਆ ਗਈ!’’
ਰਾਧਾ ਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗ ਪਏ- ਉਹ ਹੰਝੂ ਜੋ ਤਿੰਨ ਦਿਨਾਂ ਤੋਂ ਰੋਕੇ ਹੋਏ ਸਨ।
ਰਾਧਾ ਨੇ ਫਿਰ ਵਿਹੜਾ ਸਜਾਇਆ। ਮਾਂ ਨੇ ਪਿੱਪਲ ਦੇ ਦਰੱਖਤ ’ਤੇ ਪੀਂਘ ਪਾਈ। ਰਾਧਾ ਨੇ ਪੀਂਘ ਝੂਟੀ, ਗੀਤ ਗਾਏ, ਗੁਜੀਆ ਖਾਧਾ ਅਤੇ ਆਪਣੇ ਚੀਰ ’ਚ ਸਿੰਧੂਰ ਭਰ ਲਿਆ।
ਮਾਂ ਨੇ ਰੱਖੜੀ ਵਾਂਗ ਉਸ ਦੇ ਗੁੱਟ ’ਤੇ ਹਰੀਆਂ ਚੂੜੀਆਂ ਪਾਈਆਂ ਅਤੇ ਕਿਹਾ, ‘‘ਤੇਰੇ ਆਉਣ ਨਾਲ ਮੇਰੀ ਤੀਜ ਮੁਕੰਮਲ ਹੋ ਗਈ ਹੈ। ਧੀਆਂ ਤਿਉਹਾਰ ਲੈ ਕੇ ਆਉਂਦੀਆਂ ਹਨ ਅਤੇ ਤੂੰ ਮੇਰੇ ਸਾਹ ਆਪਣੇ ਨਾਲ ਲੈ ਆਈ ਏਂ।’’
ਪਹਿਲੀ ਵਾਰ ਰਾਧਾ ਨੂੰ ਅਹਿਸਾਸ ਹੋਇਆ ਕਿ ਤੀਜ ਦਾ ਅਸਲੀ ਸ਼ਿੰਗਾਰ ਮਾਂ ਸਦਕਾ ਹੁੰਦਾ ਹੈ।
ਤੀਜ ਦੀ ਰਾਤ ਨੂੰ ਰਾਧਾ ਨੇ ਆਪਣੀ ਮਾਂ ਨੂੰ ਕਿਹਾ, ‘‘ਮੰਮੀ, ਕੀ ਮੈਨੂੰ ਵਾਪਸ ਜਾਣਾ ਚਾਹੀਦਾ ਹੈ? ਕੀ ਇਹ ਗਲਤ ਸੀ?’’
ਸ਼ਾਰਦਾ ਦੇਵੀ ਨੇ ਰਾਧਾ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ‘‘ਧੀਏ, ਤੀਜ ਸਿਰਫ਼ ਪਤੀ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਵਰਤ ਨਹੀਂ। ਇਹ ਇੱਕ ਔਰਤ ਦੀਆਂ ਭਾਵਨਾਵਾਂ, ਉਸ ਦੇ ਰਿਸ਼ਤਿਆਂ ਅਤੇ ਉਸ ਦੀ ਪਛਾਣ ਦਾ ਜਸ਼ਨ ਹੈ। ਜੇਕਰ ਕੋਈ ਔਰਤ ਆਪਣੀ ਖ਼ੁਸ਼ੀ ਲਈ ਕੋਈ ਕਦਮ ਚੁੱਕਦੀ ਹੈ ਤਾਂ ਇਹ ਗ਼ਲਤ ਨਹੀਂ- ਹਿੰਮਤ ਹੈ। ਤੂੰ ਵਾਪਸ ਜਾਵੀਂ, ਪਰ ਆਪਣਾ ਸਿਰ ਝੁਕਾ ਕੇ ਨਹੀਂ ਸਗੋਂ ਸਿਰ ਉੱਚਾ ਕਰਕੇ।’’
ਤੀਜ ਦੀ ਅਗਲੀ ਸਵੇਰ ਰਾਧਾ ਨੇ ਆਪਣੀ ਮਾਂ ਨੂੰ ਜੱਫੀ ਪਾ ਕੇ ਅਲਵਿਦਾ ਕਿਹਾ। ਇਸ ਵਾਰ ਉਸ ਦੇ ਹੱਥ ਵਿੱਚ ਨਾ ਸਿਰਫ਼ ਇੱਕ ਬੈਗ ਸੀ ਸਗੋਂ ਉਸ ਦੇ ਦਿਲ ਵਿੱਚ ਵਿਸ਼ਵਾਸ ਵੀ ਸੀ।
ਪਿੰਡ ਦੇ ਰਸਤੇ ’ਤੇ ਤੁਰਦਿਆਂ ਰਾਧਾ ਨੇ ਪਿੱਪਲ ਦਾ ਦਰੱਖਤ ਦੇਖਿਆ। ਪੀਂਘ ਹਵਾ ਵਿੱਚ ਝੂਲ ਰਹੀ ਸੀ ਜਿਵੇਂ ਉਸ ਨੂੰ ਆਸ਼ੀਰਵਾਦ ਦੇ ਰਹੀ ਹੋਵੇ।
ਤੀਜ ਹੁਣ ਰਾਧਾ ਲਈ ਸਿਰਫ਼ ਵਰਤ ਰੱਖਣ ਦਾ ਦਿਨ ਨਹੀਂ ਰਿਹਾ ਸੀ। ਇਹ ਇੱਕ ਸੰਕਲਪ ਬਣ ਗਿਆ ਸੀ - ਆਪਣੇ ਆਪ ਨੂੰ ਸਮਝਣ, ਆਪਣੀ ਮਾਂ ਨੂੰ ਮਿਲਣ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ।
ਇਹ ਹਰ ਉਸ ਔਰਤ ਦੀ ਕਹਾਣੀ ਹੈ ਜੋ ਤੀਜ ’ਤੇ ਸਿਰਫ਼ ਸਜਦੀ ਸੰਵਰਦੀ ਹੀ ਨਹੀਂ ਕਰਦੀ ਸਗੋਂ ਸਵੈ-ਮਾਣ ਵੀ ਰੱਖਦੀ ਹੈ।
* ਕਵੀ, ਫ੍ਰੀਲਾਂਸ ਪੱਤਰਕਾਰ ਅਤੇ ਕਾਲਮਨਵੀਸ, ਰੇਡੀਓ ਅਤੇ ਟੀਵੀ ਪੈਨਲਿਸਟ।
ਸੰਪਰਕ: 94665-26148
* * *
ਗਿਰਝਾਂ
ਜਗਜੀਤ ਸਿੰਘ ਲੋਹਟਬੱਦੀ
ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਸੀ। ਚਾਰੇ ਪਾਸੇ ਪਾਣੀ ਹੀ ਪਾਣੀ। ਮੀਂਹ ਅਜੇ ਵੀ ਵਰ੍ਹ ਰਿਹਾ ਸੀ। ਲੋਕ ਛੱਤਾਂ ’ਤੇ ਬੈਠੇ ਹੋਏ। ਸਰਕਾਰ ਕਿਤੇ ਦਿਖਾਈ ਨਹੀਂ ਸੀ ਦੇ ਰਹੀ। ਕੁਝ ਸਮਾਜ ਸੇਵੀ ਦੁੱਧ, ਬਰੈੱਡ ਅਤੇ ਹੋਰ ਜ਼ਰੂਰੀ ਵਸਤਾਂ ਲੋੜਵੰਦਾਂ ਵਿੱਚ ਵੰਡਣ ਆਉਂਦੇ ਤਾਂ ਲੋਕੀਂ ਇੱਕ ਦੂਜੇ ਤੋਂ ਮੂਹਰੇ ਹੋ ਹੱਥ ਅੱਡਦੇ। ਭੁੱਖਣ ਭਾਣੇ ਮਾਸੂਮ ਵਿਲਕ ਰਹੇ। ਲੋਕਾਂ ਨੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਸਨ।
ਕਈ ਦਿਨ ਪਿੱਛੋਂ ਪਾਣੀ ਘਟਿਆ ਤਾਂ ਬਰਬਾਦੀ ਦਾ ਮੰਜ਼ਰ ਸਾਹਮਣੇ ਆਉਣ ਲੱਗਾ। ਚਿੱਕੜ ਹੀ ਚਿੱਕੜ... ਮੁਰਦਾ ਜੀਵ-ਜੰਤੂ... ਬਦਬੂ... ਮਹਾਂਮਾਰੀ ਫੈਲਣ ਦਾ ਡਰ। ਆਸਮਾਨ ’ਚ ਗਿਰਝਾਂ ਮੰਡਰਾਉਣ ਲੱਗੀਆਂ।
ਮੰਤਰੀ ਨੇ ਹੜ੍ਹ ਮਾਰੇ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ, ਸ਼ਹਿਰ ਦੇ ਵੱਡੇ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਸੁਨੇਹੇ ਭੇਜ ਦਿੱਤੇ। ਉਸ ਨੇ ਕਿਹਾ, “ਸਾਡੀ ਹਮਦਰਦੀ ਹੜ੍ਹ-ਪੀੜਤਾਂ ਦੇ ਨਾਲ ਹੈ... ਕਮੇਟੀ ਬਣਾ ਦਿੱਤੀ ਹੈ... ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ...।”
“ਸਰ... ਹੜ੍ਹਾਂ ਦੀ ਰੋਕਥਾਮ ਲਈ ਆਏ ਕਰੋੜਾਂ ਰੁਪਏ ਦੇ ਫੰਡ ਕਿਤੇ ਨਜ਼ਰੀਂ ਨਹੀਂ ਪੈ ਰਹੇ...।” ਪੱਤਰਕਾਰ ਨੇ ਸਵਾਲ ਕੀਤਾ।
“ਇਸ ਦੀ ਤਫ਼ਤੀਸ਼ ਕਰਾਵਾਂਗੇ... ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ...।”
ਦੇਖਦੇ ਹੀ ਦੇਖਦੇ ਮੰਤਰੀ ਜੀ ਦਾ ਹੈਲੀਕਾਪਟਰ ਫਿਰ ਅੰਬਰ ਦੀਆਂ ਉਚਾਈਆਂ ਛੂਹਣ ਲੱਗਾ- ਗਿਰਝਾਂ ਸੰਗ...!!
ਸੰਪਰਕ: 89684-33500
* * *
ਮੋਰਚਾ
ਇਕਬਾਲ ਸਿੰਘ ਹਮਜਾਪੁਰ
ਉਸ ਨੇ ਆਪਣੀ ਦੁਕਾਨ ਦੇ ਬੂਹੇ ਵਿੱਚ ਕੰਧ ਕਰਵਾ ਦਿੱਤੀ ਸੀ। ਇੱਕ ਪਾਸੇ ਲੰਘਣ ਜੋਗਾ ਹੀ ਰਾਹ ਰੱਖਿਆ ਸੀ। ਉਸ ਨੇ ਛੱਡੇੇ ਲਾਂਘੇ ਦੇ ਵੀ ਦੋਵੇਂ ਪਾਸੇ ਗੱਟੇ ਮਿੱਟੀ ਨਾਲ ਭਰ ਕੇ ਟਿਕਾ ਦਿੱਤੇ ਸਨ। ਇੰਝ ਲੱਗ ਰਿਹਾ ਸੀ ਜਿਵੇਂ ਮੋਰਚਾ ਬਣਾ ਦਿੱਤਾ ਹੋਵੇ।
‘‘ਭਰਾ! ਇੰਝ ਲਗਦਾ ਜਿਵੇਂ ਤੂੰ ਜੰਗ ਦੀ ਤਿਆਰੀ ਕਰ ਰਿਹਾ ਹੋਵੇਂ। ਕਿਹਦੇ ਨਾਲ ਲੜੇਂਗਾ?’’
ਮੋਰਚੇਨੁਮਾ ਦ੍ਰਿਸ਼ ਵੇਖ ਕੇ ਉਸ ਦੇ ਕਿਸੇ ਜਾਣਕਾਰ ਨੇ ਪੁੱਛਿਆ ਤਾਂ ਉਹ ਦੱਸਣ ਲੱਗਾ, ‘‘ਆਹੋ ਵੀਰ! ਪਾਣੀ ਨਾਲ ਲੜਨ ਦੀ ਤਿਆਰੀ ਕਰ ਰਿਹਾ ਹਾਂ। ਪਹਿਲਾਂ ਮੇਰੀ ਦੁਕਾਨ ਸੜਕ ਨਾਲੋਂ ਤਿੰਨ ਫੁੱਟ ਉੱਚੀ ਹੁੰਦੀ ਸੀ। ਹੁਣ ਸੜਕ ਉੱਚੀ ਹੋ ਗਈ ਤੇ ਦੁਕਾਨ ਤਿੰਨ ਫੁੱਟ ਨੀਵੀਂ ਹੋ ਗਈ। ਹੁਣ ਜਦੋਂ ਵੀ ਮੀਂਹ ਪੈਂਦਾ ਏ, ਸੜਕ ਦਾ ਸਾਰਾ ਪਾਣੀ ਅੰਦਰ ਆ ਵੜਦਾ ਹੈ।’’
ਫਿਰ ਰੁਕ ਕੇ ਬੋਲਿਆ, ‘‘ਹੁਣ ਆਪਾਂ ਨੂੰ ਇਹੋ ਜਿਹੀਆਂ ਜੰਗਾਂ ਵੀ ਲੜਨੀਆਂ ਪੈਣੀਆਂ ਨੇ।’’
‘‘ਗੱਲ ਤੇਰੀ ਸੱਚੀ ਹੈ।’’ ਜਾਣਕਾਰ ਹਾਮੀ ਭਰ ਕੇ ਅੱਗੇ ਲੰਘ ਗਿਆ ਸੀ।
ਸੰਪਰਕ: 94165-92149
* * *
ਪਛਾਣ
ਸ਼ਮਾ ਵਰਮਾ
‘‘ਇਹ ਤਾਂ ਬੇਹੋਸ਼ ਹੋ ਗਿਐ, ਦੇਖੋ ਕੌਣ ਏ? ਏਹਦੀ ਜੇਬ੍ਹ ਦੇਖੋ ਤਾਂ ਕਿ ਪਛਾਣ ਹੋ ਸਕੇ, ਇਸ ਦਾ ਕੋਈ ਪਤਾ-ਟਿਕਾਣਾ ਲੱਭੋ।’’ ਨੀਮ ਬੇਹੋਸ਼ ਪਿਆ ਉਮੰਗ ਇਹ ਸ਼ਬਦ ਆਪਣੇ ਕੰਨਾਂ ਰਾਹੀਂ ਸੁਣ ਰਿਹਾ ਸੀ। ਉਸ ਦਾ ਮਨ ਕੁੜੱਤਣ ਨਾਲ ਭਰ ਗਿਆ ਕਿ ਵਿਅਕਤੀ ਦੀ ਇਹੋ ਪਛਾਣ ਐ, ਕੌਣ ਏਸ ਅਭਾਗੇ ਦੀ ਪਛਾਣ ਕਰੇ? ਮੈਂ ਤਾਂ 24 ਵਰ੍ਹਿਆਂ ਤੋਂ ਆਪਣੀ ਵੀ ਪਛਾਣ ਲੱਭ ਰਿਹਾ ਹਾਂ ਕਿ ਮੈਂ ਕੌਣ ਹਾਂ? ਕੁਝ ਲੋਕਾਂ ਨੇ ਮੈਨੂੰ ਹਸਪਤਾਲ ਪਹੁੰਚਾ ਦਿੱਤਾ ਸੀ। ਹਰ ਕੋਈ ਮੇਰੀ ਪਛਾਣ ਜਾਣਨ ਲਈ ਉਤਾਵਲਾ ਸੀ। ਜੇਕਰ ਮੈਂ ਸੜਕ ਉੱਤੇ ਹੀ ਦਮ ਤੋੜ ਦਿੰਦਾ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। ਡਾਕਟਰ ਦੀ ਆਵਾਜ਼ ਸੁਣ ਕੇ ਉਮੰਗ ਦੀ ਨੀਂਦ ਖੁੱਲ੍ਹੀ ਸੀ, ‘‘ਹੁਣ ਕਿਸ ਤਰ੍ਹਾਂ ਹੋ?’’
ਉਮੰਗ ਨੇ ਆਪਣੇ ਆਪ ਨੂੰ ਹਸਪਤਾਲ ਦੇ ਬੈੱਡ ਉੱਤੇ ਪਾਇਆ। ਇੱਕ ਬਜ਼ੁਰਗ ਨੇ ਕਿਹਾ, ‘‘ਹੁਣ ਖ਼ਤਰਾ ਟਲ ਗਿਆ। ਤੇਰਾ ਅਪਰੇਸ਼ਨ ਸਫ਼ਲ ਹੋ ਗਿਆ।’’ ਉਹ ਕੁਝ ਨਾ ਬੋਲਿਆ ਤੇ ਦੁਬਾਰਾ ਨੀਮ ਬੇਹੋਸ਼ੀ ’ਚ ਚਲਾ ਗਿਆ। ਜਿਉਂ-ਜਿਉਂ ਦਵਾਈ ਦਾ ਅਸਰ ਹੋਇਆ, ਮਾਂ-ਬਾਪ ਦੀ ਯਾਦ ਆਈ, ਭੈਣ, ਭਾਈ, ਮਾਮਾ, ਮਾਮੀ, ਦਾਦਾ, ਦਾਦੀ ਸਾਰਿਆਂ ਨੂੰ ਉਸ ਨੇ ਯਾਦ ਕੀਤਾ। ਸਭ ਕੁਝ ਹੋਣ ਦੇ ਬਾਵਜੂਦ ਉਹ ਇਕੱਲਾ ਸੀ, ਜਿਸ ਦੀ ਕੋਈ ਪਛਾਣ ਨਹੀਂ ਸੀ। ਉਸ ਨੂੰ ਇਹ ਸਭ ਯਾਦ ਆਇਆ: ਮੇਰੀ ਮਾਂ ਬਹੁਤ ਬਿਮਾਰ ਰਹਿੰਦੀ ਸੀ। ਨਾਨਾ ਨਾਨੀ ਜੀ ਹੀ ਧਿਆਨ ਰੱਖਦੇ ਸਨ।
ਮੈਂ ਸਕੂਲ ’ਚ ਦਾਖਲ ਹੋਇਆ। ਘਰ ’ਚ ਖ਼ੁਸ਼ੀ ਮਨਾਈ ਗਈ। ਨਵੇਂ ਕੱਪੜੇ, ਬੂਟ ਪਹਿਨਾਏ ਗਏ। ਦੋ ਦਿਨ ਬਾਅਦ ਕਿਸੇ ਸਕੂਲੀ ਬੱਚੇ ਨਾਲ ਮੇਰਾ ਝਗੜਾ ਹੋ ਗਿਆ। ਮੇਰੇ ਸੱਟ ਲੱਗ ਗਈ। ਨਾਨੀ ਨੇ ਬਹੁਤ ਬੁਰਾ ਮਨਾਇਆ ਸੀ। ਨਾਨਾ ਜੀ ਬਹੁਤ ਪਿਆਰ ਕਰਿਆ ਕਰਦੇ ਸਨ। ਨਾਨੀ ਜੀ ਮੇਰੀ ਬਹੁਤ ਫ਼ਿਕਰ ਕਰਿਆ ਕਰਦੇ ਸਨ। ਮਾਮਾ ਜੀ ਦਾ ਵਿਆਹ ਹੋ ਗਿਆ ਸੀ। ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਦਾ ਭਾਰੀ ਇੱਕਠ ਸੀ। ਮੈਂ ਹਰ ਕੰਮ ਭੱਜ-ਭੱਜ ਕੇ ਕਰ ਰਿਹਾ ਸੀ। ਨਾਨਾ ਜੀ ਨੇ ਪਾਪਾ ਨੂੰ ਕਿਹਾ ਸੀ, ‘‘ਉਮੰਗ ਨੂੰ ਜ਼ਰੂਰ ਲੈ ਕੇ ਆਉਣਾ।’’ ਵਿਆਹ ’ਚ ਮੰਮੀ, ਦੀਦੀ ਸਾਰੇ ਆਏ ਸਨ। ਸਾਰੇ ਹੀ ਬਹੁਤ ਖ਼ੁਸ਼ ਸਨ। ਮੈਂ ਨਵੀਂ ਨਵੇਲੀ ਮਾਮੀ ਦੇ ਪਿੱਛੇ ਘੁੰਮਦਾ ਰਹਿੰਦਾ।
ਅਚਾਨਕ ਮਾਮੀ ਬਿਮਾਰ ਹੋ ਗਈ। ਡਾਕਟਰ ਘਰ ਆਇਆ। ਸਾਰਾ ਘਰ ਖ਼ੁਸ਼ੀ ਨਾਲ ਚਹਿਕ ਉੱਠਿਆ, ਪਰ ਮੈਂ ਇਸ ਖ਼ੁਸ਼ੀ ਬਾਰੇ ਅਣਜਾਣ ਸੀ। ਕਦੇ-ਕਦੇ ਨਾਨੀ ਮੈਨੂੰ ਘੂਰ ਦਿੰਦੀ ਕਿ ਹੁਣ ਮਾਮੀ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰਨਾ, ਸਾਰੇ ਮਾਮੀ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ। ਇੱਕ ਦਿਨ ਮਾਮੀ-ਮਾਮਾ ਜੀ ਕੋਲ ਚਲੀ ਗਈ। ਘਰ ’ਚ ਹੁਣ ਛੋਟਾ ਮਾਮਾ ਅਤੇ ਨਾਨਾ ਨਾਨੀ ਰਹਿ ਗਏ ਸਨ। ਮਾਮਾ ਜੀ ਨੂੰ ਚੰਗੀ ਨੌਕਰੀ ਮਿਲ ਗਈ ਸੀ। ਹੁਣ ਉਸ ਲਈ ਚੰਗੇ-ਚੰਗੇ ਰਿਸ਼ਤੇ ਆਉਣ ਲੱਗੇ ਸਨ। ਹਰ ਕੋਈ ਮੈਨੂੰ ਇੱਕੋ ਗੱਲ ਪੁੱਛਿਆ ਕਰਦਾ, ‘‘ਪੁੱਤਰ, ਕਿਹੜੀ ਕਲਾਸ ’ਚ ਪੜ੍ਹਦੇ ਹੋ? ਵੱਡੇ ਹੋ ਕੇ ਕੀ ਬਣੋਗੇ?’’ ਨਾਨਾ ਜੀ ਰਾਤ ਨੂੰ ਸੁੱਤੇ ਹੀ ਰਹਿ ਗਏ ਸਨ। ਘਰ ’ਚ ਹਾਹਾਕਾਰ ਮੱਚ ਗਈ ਸੀ। ਮਾਮਾ ਜੀ ਅਤੇ ਮਾਮੀ ਜੀ ਵੀ ਆਏ ਸਨ। ਹੁਣ ਉਮੰਗ ਪਰਿਵਾਰ ਲਈ ਇੱਕ ਬੋਝ ਬਣ ਗਿਆ ਸੀ ਕਿਉਂਕਿ ਨਾਨਾ ਜੀ ਤੋਂ ਬਾਅਦ ਮੇਰੀ ਦੇਖਭਾਲ ਵਾਲਾ ਕੋਈ ਨਹੀਂ ਰਿਹਾ ਸੀ।
‘ਕੀ ਮੈਂ ਬੋਝ ਬਣ ਗਿਆ ਹਾਂ?’ ਮੈਂ ਹੈਰਾਨ ਸਾਂ ਕਿ ਮੈਂ ਬੋਝ ਕਿਉਂ ਹਾਂ? ਮਾਮੀ ਜੀ ਨੇ ਮਨ੍ਹਾ ਕਰ ਦਿੱਤਾ ਸੀ ਕਿ ਸਾਡੇ ਕੋਲੋਂ ਹੁਣ ਜ਼ਿਆਦਾ ਖ਼ਰਚ ਨਹੀਂ ਝੱਲਿਆ ਜਾਣਾ, ਅੰਤ ਨੂੰ ਮੰਮੀ ਮੈਨੂੰ ਆਪਣੇ ਘਰ ਲੈ ਆਈ। ਦੀਦੀ ਅਤੇ ਨਮਨ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਏ। ਪਾਪਾ ਜੀ ਨੇ ਮੰਮੀ ਨੂੰ ਝਿੜਕਦਿਆਂ ਕਿਹਾ ਸੀ, ‘‘ਤੂੰ ਪਾਗ਼ਲ ਹੋ ਗਈ ਏਂ, ਇਹਨੂੰ ਆਪਣੇ ਨਾਲ ਲੈ ਆਈ? ਨਾ ਪੜ੍ਹਾਇਆ, ਨਾ ਲਿਖਾਇਆ, ਜਿਵੇਂ ਗਿਆ ਸੀ, ਉਵੇਂ ਹੀ ਵਾਪਸ ਆ ਗਿਆ ਏ? ਹੁਣ ਕਿਸ ਦੀ ਜ਼ਿਮੇਵਾਰੀ ਏ ਇਸ ਦੀ ਪੜ੍ਹਾਈ-ਲਿਖਾਈ ਦੀ?’’ ‘‘ਜੇ ਅਜਿਹਾ ਸੀ ਤਾਂ ਤੀਸਰੇ ਬੱਚੇ ਨੂੰ ਰੋਕਿਆ ਕਿਉਂ ਨਹੀਂ ਗਿਆ। ਨਾ ਤਾਂ ਨਮਨ ਦਾ ਜਨਮ ਹੁੰਦਾ ਅਤੇ ਨਾ ਹੀ ਉਮੰਗ ਨਾਨਕੇ ਘਰ ਜਾਂਦਾ। ਮੈਂ ਦੋ ਰੋਟੀਆਂ ਖਾਂਦੀ ਹਾਂ, ਇੱਕ ਉਮੰਗ ਨੂੰ ਦੇ ਦਿਆਂ ਕਰਾਂਗੀ,’’ ਮਾਂ ਨੇ ਕਿਹਾ ਸੀ। ਮਾਂ ਦੀ ਗੱਲ ਸੁਣ ਕੇ ਪਾਪਾ ਚੁੱਪ ਹੋ ਗਏ ਸਨ। ਮਾਂ ਦੇ ਇਸ ਰੂਪ ਕਾਰਨ ਮੈਨੂੰ ਇੱਕ ਵੱਡਾ ਸਹਾਰਾ ਮਿਲ ਗਿਆ ਸੀ। ਕਦੇ-ਕਦੇ ਮੈਂ ਘਰ ਦੀ ਜ਼ਿੰਮੇਵਾਰੀ ਚੁੱਕਣ ਦੀ ਗੱਲ ਕਰਦਾ।
ਇੱਕ ਦਿਨ ਪਾਪਾ ਦੇ ਦੋਸਤ ਘਰ ਆਏ। ਮੈਂ ਉਨ੍ਹਾਂ ਲਈ ਚਾਹ ਲੈ ਕੇ ਆਇਆ। ਇੱਕ ਅੰਕਲ ਬੋਲਿਆ, ‘‘ਇਹ ਨੌਕਰ ਕਦੋਂ ਰੱਖਿਆ ਏ? ਬੜਾ ਸਿਆਣਾ ਲੱਗਦਾ ਏ। ਮੇਰੇ ਲਈ ਵੀ ਅਜਿਹਾ ਨੌਕਰ ਲੱਭ ਦਿਉ।’’ ਮੰਮੀ, ਪਾਪਾ ਨੂੰ ਘੂਰਦੀ ਰਹੀ, ਪਰ ਪਾਪਾ ਕੁਝ ਨਾ ਬੋਲੇ ਜਿਵੇਂ ਉਨ੍ਹਾਂ ਦੀ ਜੀਭ ਠਾਕੀ ਗਈ ਹੋਵੇ। ਹੁਣ ਨਮਨ ਨੂੰ ਵੀ ਸ਼ਹਿ ਮਿਲ ਗਈ ਸੀ ਕਿ ਉਮੰਗ ਮੇਰੇ ਕਮਰੇ ’ਚ ਨਹੀਂ ਰਹੇਗਾ।
ਮੈਂ ਡਰਾਇੰਗ ਰੂਮ ’ਚ ਸੌਣ ਲੱਗਿਆ ਸੀ। ਹੁਣ ਦੀਦੀ ਦਾ ਵਿਹਾਰ ਵੀ ਮੇਰੇ ਪ੍ਰਤੀ ਬਦਲ ਗਿਆ ਸੀ। ਬਚਪਨ ਦਾ ਇਹੋ ਡਰ ਮੇਰੀ ਪੜ੍ਹਾਈ ਵਿੱਚ ਵੱਡੀ ਰੁਕਾਵਟ ਬਣ ਗਿਆ ਸੀ। ਇੱਕ ਦਿਨ ਪਾਪਾ ਦੇ ਦਫ਼ਤਰ ਤੋਂ ਫੋਨ ਆਇਆ ਕਿ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਹੈ। ਅਸੀਂ ਸਾਰੇ ਹਸਪਤਾਲ ਆਏ। ਉਨ੍ਹਾਂ ਨੂੰ ਗੰਭੀਰ ਸੱਟ ਲੱਗੀ ਸੀ। ਨਮਨ ਨੇ ਹਸਪਤਾਲ ਰਹਿਣ ਤੋਂ ਮਨ੍ਹਾ ਕਰ ਦਿੱਤਾ ਕਿ ਉਸ ਨੂੰ ਦਵਾਈਆਂ ਦੀ ਬਦਬੂ ਆ ਰਹੀ ਹੈ। ਨਮਨ ਦੀ ਗੱਲ ਸੁਣ ਕੇ ਪਾਪਾ ਪ੍ਰੇਸ਼ਾਨ ਹੋਏ ਸਨ। ਇੱਕ ਦਿਨ ਉਹ ਮੰਮੀ ਨੂੰ ਕਹਿ ਰਹੇੇ ਸਨ, ‘‘ਦੇਖੋ ਨਮਨ ਅਤੇ ਉਮੰਗ ਦਾ ਕਿੰਨਾ ਫ਼ਰਕ ਐ?’’ ਮਾਂ ਸਮਝਾ ਰਹੀ ਸੀ ਕਿ ਵੱਡਾ ਹੋ ਕੇ ਸਮਝ ਜਾਵੇਗਾ। ਬੱਚੇ ਹੀ ਤਪਦੇ ਸੀਨੇ ਨੂੰ ਠਾਰ ਦਿੰਦੇ ਹਨ। ਹਸਪਤਾਲ ਤੋਂ ਘਰ ਆ ਕੇ ਕੁਝ ਦੇਰ ਬਾਅਦ ਪਾਪਾ ਇਸ ਦੁਨੀਆ ਤੋਂ ਚਲੇ ਗਏ ਸਨ।
ਪਾਪਾ ਦੀ ਅੰਤਿਮ ਯਾਤਰਾ ਦੀ ਤਿਆਰੀ ਹੋ ਰਹੀ ਸੀ। ਘਰ ’ਚ ਕੋਹਰਾਮ ਮਚਿਆ ਹੋਇਆ ਸੀ। ਮੈਂ ਭੱਜ-ਨੱਠ ਕਰਦਿਆਂ ਸਾਰਿਆਂ ਨੂੰ ਸੰਭਾਲ ਰਿਹਾ ਸੀ। ਅੰਤਿਮ ਕਿਰਿਆ ਲਈ ਜਦੋਂ ਮੈਂ ਅੱਗੇ ਆਇਆ ਤਾਂ ਪੰਡਿਤ ਜੀ ਨੇ ਗੁੱਸੇ ਨਾਲ ਬੋਲੇ, ‘‘ਅੰਤਿਮ ਕਿਰਿਆ ਦਾ ਅਧਿਕਾਰੀ ਮ੍ਰਿਤਕ ਦਾ ਪੁੱਤਰ ਹੁੰਦਾ ਏ, ਹੋਰ ਕੋਈ ਨਹੀਂ। ਆ ਪੁੱਤਰ ਨਮਨ, ਤੂੰ ਹੀ ਆਸ ਦੀ ਕਿਰਨ ਏ। ਤੂੰ ਅੱਗੇ ਆ।’’
ਇਸ ਮਗਰੋਂ ਮੈਂ ਘਰੋਂ ਬਾਹਰ ਨਿਕਲ ਗਿਆ। ਬਿਨਾਂ ਪਿੱਛੇ ਮੁੜੇ ਦਿਸ਼ਾਹੀਣ ਰਾਹ ’ਤੇ। ਮੈਨੂੰ ਮਾਂ ਨੇ ਵਾਰ-ਵਾਰ ਰੋਕਿਆ ਵੀ, ਪਰ ਮੈਂ ਨਹੀਂ ਸੀ ਰੁੁਕਿਆ। ਮੈਂ ਜਦੋਂ ਹੋਸ਼ ’ਚ ਆਇਆ ਤਾਂ ਪਤਾ ਲੱਗਿਆ ਕਿ ਲੋਕ ਮੇਰੀ ਪਛਾਣ ਕਰਨਾ ਚਾਹੁੰਦੇ ਸਨ, ਜੋ ਮੇਰੇ ਲਈ ਇੱਕ ਮ੍ਰਿਗ ਤ੍ਰਿਸ਼ਨਾ ਸੀ।
- ਪੰਜਾਬੀ ਰੂਪ: ਰਾਜਿੰਦਰ ਵਰਮਾ
ਸੰਪਰਕ: 99142-21910