ਸੰਗਰਾਮੀ ਜੀਵਨ ਦੀਆਂ ਯਾਦਾਂ
‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨਾਮੀ ਡਾਇਰੀ ਦਾ ਸਿਰਨਾਵਾਂ ਹੀ ਨਹੀਂ ਸਗੋਂ ਅੰਤਰ ਵੇਗ ਅਤੇ ਵਿਵੇਕ ਵੀ ਪ੍ਰੋ. ਹਰਭਜਨ ਸਿੰਘ ਦੀਆਂ ਸਿਮਰ ਸਿਮਰ ਕੇ ਸੁਦ੍ਰਿੜ ਹੋਈਆਂ ਸੰਗਰਾਮੀ ਜੀਵਨ ਦੀਆਂ ਯਾਦਾਂ ਨੇ ਘੜਿਆ ਹੈ। ਇਹ ਡਾਇਰੀ ਨਕਸਲਬਾੜੀ ਲਹਿਰ ਵਿੱਚ ਇਨਕਲਾਬ ਦੀ ਜਿੱਤ ਜਾਂ ਸ਼ਹਾਦਤ ਨੂੰ ਜ਼ਿੰਦਗੀ ਦਾ ਮਕਸਦ ਬਣਾ ਕੇ ਜੂਝੇ ਪ੍ਰੋ. ਹਰਭਜਨ ਸਿੰਘ ਵੱਲੋਂ ਨੇੜ ਭਵਿੱਖ ਵਿੱਚ ਜੀਵੀ, ਮਹਿਸੂਸੀ, ਵਿਚਾਰੀ ਜਾਂ ਵਿਉਂਤੀ ਜਾ ਰਹੀ ਜ਼ਿੰਦਗੀ ਵੱਲ ਖੁੱਲ੍ਹਿਆ ਇੱਕ ਝਰੋਖਾ ਹੈ। ‘ਡਾਇਰੀ ਆਤਮ ਦਾ ਬਿਰਤਾਂਤ ਹੈ’ ਅਤੇ ‘ਕੋਈ ਵੀ ਵਿਅਕਤੀ ਆਪਣੀਆਂ ਯਾਦਾਂ ਦਾ ਕੁਲ ਜੋੜ ਹੁੰਦਾ ਹੈ’, ਇਨ੍ਹਾਂ ਦੀ ਲੋਅ ਵਿੱਚ ਜਦੋਂ ਅਸੀਂ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨੂੰ ਪੜ੍ਹਦੇ ਹਾਂ ਤਾਂ ਇਸ ਪਾਠ ਵਿੱਚੋਂ ਪ੍ਰੋ. ਹਰਭਜਨ ਸਿੰਘ ਦੀ ਸ਼ਖ਼ਸੀਅਤ ਦੇ ਕਈ ਸਾਰੇ ਪਾਸਾਰ, ਸੁਪਨਿਆਂ, ਸੰਘਰਸ਼ਾਂ ਅਤੇ ਜੀਵਨ ਮੰਤਵਾਂ ਸਮੇਤ ਸਹਿਜੇ ਹੀ ਸਮਝ ਆਉਣ ਲਗਦੇ ਹਨ। ਰੋਜ਼ਮੱਰ੍ਹਾ ਦੇ ਅਨੁਭਵਾਂ ਅਤੇ ਵਾਪਰ ਰਹੀਆਂ ਘਟਨਾਵਾਂ ਦੇ ਸਮਵਿੱਥ ਡਾਇਰੀ ਰਾਹੀਂ ਰਿਕਾਰਡ ਹੋ ਰਿਹਾ ਉਸ ਦਾ ਚੇਤਨਾ ਪ੍ਰਵਾਹ, ਜਜ਼ਬਾਤੀ ਅਤੇ ਬੌਧਿਕ ਕਸ਼ਮਕਸ਼, ਵਿਚਾਰਧਾਰਕ ਮੰਥਨ ਅਤੇ ਆਤਮ-ਵਿਸ਼ਵਾਸ ਵਿੱਚੋਂ ਉਭਰਦਾ ਤ੍ਰਾਣ, ਇਸ ਪਾਠ ਨੂੰ ਸਮਕਾਲ ਵਿੱਚ ਉਸਦੇ ਹੋਣ ਥੀਣ ਦੀ ਗਵਾਹੀ ਵੀ ਬਣਾਉਂਦਾ ਹੈ ਅਤੇ ਉਸ ਦੇ ਸ਼ਿੱਦਤ ਨਾਲ ਜੀਵੇ ਅਨੁਭਵਾਂ ਦਾ ਦਸਤਾਵੇਜ਼ ਵੀ।
ਕੁਝ ਗਹਿਰੇ ਲੱਥੇ ਸਦਮਿਆਂ, ਜ਼ਖ਼ਮਾਂ, ਸੰਤਾਪਾਂ ਦੀ ਨਿੱਜੀ ਪੀੜਾ ਅਤੇ ਕੁਝ ਲਹਿਰ ਦੇ ਸਫ਼ਲ ਨਾ ਹੋ ਸਕਣ ਦੀਆਂ ਟੀਸਾਂ ਇਸ ਡਾਇਰੀ ਦੇ ਅੰਦਰ ਗੂੰਜਦੀਆਂ ਹਨ, ਪਰ ਸਮੁੱਚੀ ਡਾਇਰੀ ਵਿੱਚ ਪਸ਼ਚਾਤਾਪ ਦੀ ਸੁਰ ਵਾਲਾ ਕੋਈ ਸ਼ਬਦ ਲੱਭਿਆਂ ਵੀ ਨਹੀਂ ਲੱਭਦਾ। ਨਿੱਜੀ ਤੌਰ ’ਤੇ ਹੀ ਨਹੀਂ, ਉਸ ਕਰਕੇ ਪਰਿਵਾਰ ਦੇ ਸਾਰੇ ਜੀਆਂ ਨੂੰ ਸਰਕਾਰੀ ਤਸ਼ੱਦਦ, ਮਾਨਸਿਕ ਦਬਾਅ, ਆਰਥਿਕ ਉਜਾੜਾ ਅਤੇ ਕਦੇ ਨਾ ਪੂਰੇ ਜਾ ਸਕਣ ਵਾਲੇ ਜੀਆਂ ਦੇ ਘਾਟੇ ਜਰਨੇ ਪਏ। ਇਨ੍ਹਾਂ ਸਾਰੇ ਖ਼ੌਫ਼ਨਾਕ ਮੰਜ਼ਰਾਂ ਨੂੰ ਇਸ ਡਾਇਰੀ ਵਿੱਚ ‘ਜ਼ਖ਼ਮੀ ਇਤਿਹਾਸ ਦੇ ਵਲੂੰਧਰੇ ਅਹਿਸਾਸ’ ਨਾਮੀ ਇੱਕ ਕਾਂਡ ਹੀ ਮਿਲਿਆ ਹੈ, ਪਰ ਰਹਿ ਰਹਿ ਕੇ ਯਾਦ ਆਉਂਦੇ ਇਸ ਕਹਿਰ ਦੀਆਂ ਭਿਆਨਕ ਯਾਦਾਂ ਨੂੰ ਆਪਣੇ ਆਤਮ ਵਿੱਚੋਂ ਮਨਫ਼ੀ ਕਰ ਸਕਣਾ ਉਸਦੇ ਵੱਸ ਵਿੱਚ ਨਹੀਂ। ਪਿਤਾ ਵੱਲੋਂ ਉਸ ਕਰਕੇ ਛਿਆਲੀ ਦਿਨ ਸਹਿਆ ਪੁਲੀਸ ਤਸ਼ੱਦਦ, ਮਾਂ ਦੀ ਛੱਪੜ ਵਿੱਚ ਡੁੱਬ ਕੇ ਕੀਤੀ ਆਤਮਹੱਤਿਆ, ਪਰਿਵਾਰ ਦਾ ਪਿੰਡੋਂ ਉਜਾੜਾ ਅਤੇ ਹੋਰ ਮਾਨਸਿਕ ਪ੍ਰੇਸ਼ਾਨੀਆਂ ਬਾਰੇ ਲਿਖਦਿਆਂ ਉਹ ਮਹਿਸੂਸ ਕਰਦਾ ਹੈ ਕਿ ਹਰ ਯਾਦ ਉਸ ਦੇ ਲਹੂ ਵਿੱਚ ਤੈਰਦੀ ਹੈ। ਸੁਪਨੇ, ਸੰਘਰਸ਼, ਮੁਹੱਬਤ ਅਤੇ ਸਾਹਿਤ ਵੱਲ ਮੋੜੇ ਦੀ ਨਕਸ਼ਾਨਵੀਸੀ ਦੇ ਸਮਵਿੱਥ ਹੀ ਪ੍ਰਦਰਸ਼ਿਤ ਹੁੰਦੀ ਹੈ ਉਹ ਊਰਜਾ, ਜਿਹੜੀ ਇਨ੍ਹਾਂ ਯਾਦਾਂ ਦੀ ਪਾਕੀਜ਼ਗੀ ਨੂੰ ਸਿਮਰਦਿਆਂ ਉਸਦਾ ਆਤਮ ਅਰਜਿਤ ਕਰਦਾ ਹੈ। ਆਪਣੇ ਗੌਰਵਮਈ ਅਤੀਤ ਨੂੰ ਯਾਦਾਂ ਵਿੱਚ ਫਰੀਜ਼ ਕਰਨ ਦੀ ਥਾਂ ਆਸਵੰਦ ਭਵਿੱਖ ਦੇ ਨਕਸ਼ ਵੀ ਇਸੇ ਵਿੱਚੋਂ ਨਿਹਾਰਦਿਆਂ ਉਸ ਦੀ ਦ੍ਰਿੜਤਾ ਸੰਕਲਪ ਲੈਂਦੀ ਹੈ:
‘‘ਜੇ ਅਤੀਤ ਮਹਾਨ ਸੀ ਤਾਂ ਵਰਤਮਾਨ ਵੀ ਤੁੱਛ ਨਹੀਂ ਬਣਨ ਦੇਣਾ।’’
ਡਾਇਰੀ ਦੇ ਇਹ ਪੰਨੇ ਲੇਖਕ ਨੇ ਅਮਰੀਕਾ ਵਿੱਚ ਪਰਵਾਸ ਹੰਢਾਉਂਦਿਆਂ ਲਿਖੇ ਹਨ। ਸਾਊ ਅਤੇ ਕਮਾਊ ਨਾਗਰਿਕ ਬਣਨ, ਪਿਛਲਿਆਂ ਲਈ ਕਮਾਉਣ ਅਤੇ ਪਰਾਈ ਧਰਤੀ ਉੱਤੇ ਜੜ੍ਹਾਂ ਲਾਉਣ ਲਈ ਹਰ ਤਰ੍ਹਾਂ ਦੀ ਜ਼ਿੱਲਤ ਹੰਢਾਉਂਦੇ ਅਤੇ ਤਨਹਾਈ ਨੂੰ ਸ਼ਰਾਬਾਂ, ਗਾਲ੍ਹਾਂ, ਗ਼ੈਰ-ਇਖ਼ਲਾਕੀ ਰਿਸ਼ਤਿਆਂ ਵਿੱਚ ਡੋਬਦੇ ਪਰਵਾਸੀਆਂ ਦੀ ਹੋਂਦ ਤੇ ਹੋਣੀ ਉਸ ਨੂੰ ਪਰਵਾਸੀ ਦੀ ਹੋਂਦ ਵੇਦਨਾ ਦੇ ਤਲਖ਼ ਤਜਰਬੇ ਮੁਹੱਈਆ ਕਰਵਾਉਂਦੀ ਹੈ। ਆਪਣੀ ਵਸਣ ਭੂਮੀ ਵਿੱਚ ਉਹ ਆਪਣੇ ਆਪ/ਪਰਵਾਸੀ ਨੂੰ ਉਜਰਤੀ ਗ਼ੁਲਾਮ ਵਜੋਂ ਪਰਿਭਾਸ਼ਿਤ ਕਰਦਾ ਹੈ। ਸਾਮਰਾਜੀ ਮਨਸੂਬਿਆਂ ਦੇ ਸਨਮੁਖ ਆਮ ਲੋਕਾਈ ਦੀ ਹੋਣੀ ਨੂੰ ਕਿਆਸਣ ਵੇਲੇ ਉਹ ਸਿਰਫ਼ ਪਰਵਾਸੀ ਪੰਜਾਬੀਆਂ ਦੀ ਹੋਂਦ ਹੋਣੀ ਤਕ ਮਹਿਦੂਦ ਨਹੀਂ, ਆਸੇ ਪਾਸੇ ਵਸਦੇ ਹੋਰ ਪਰਵਾਸੀ ਭਾਈਚਾਰੇ ਅਤੇ ਸਾਮਰਾਜ ਦਾ ਖਾਜਾ ਬਣ ਰਹੀ ਦੁਨੀਆ ਭਰ ਦੀ ਦਮਿਤ ਸ਼ੋਸ਼ਿਤ ਲੋਕਾਈ ਉਸ ਦੇ ਧਿਆਨਗੋਚਰੀ ਹੁੰਦੀ ਹੈ।
ਵਰਤਮਾਨ ਪ੍ਰਤੀ ਉਸ ਦੀ ਜਾਣਕਾਰੀ ਦਾ ਸਰੋਤ ਲੋਕ ਪੱਖੀ ਸਾਹਿਤ, ਚਿੰਤਨ ਅਤੇ ਮੀਡੀਆ ਹੀ ਨਹੀਂ ਸਗੋਂ ਅਮਰੀਕੀ ਇਥੌਸ ਦਾ ਵਿਹਾਰਕ ਅਨੁਭਵ ਵੀ ਹੈ। ਹਾਈਟੈੱਕ ਕੰਪਨੀਆਂ ਵਿੱਚ ਉਹ ਬੌਡੀਗਾਰਡ ਵਜੋਂ ਜੌਬ ਕਰ ਰਿਹਾ ਹੈ, ਪਰ ਵਰਤਮਾਨ ਵਿੱਚ ਆਮ ਲੋਕਾਈ ਨੂੰ ਘੇਰੀ ਬੈਠੇ ਆਰਥਿਕ ਮੰਦਵਾੜਿਆਂ ਅਤੇ ਕਾਰਪੋਰੇਟ ਜਗਤ ਦੇ ਐਲਾਨਨਾਮਿਆਂ ਵਿਚਲੇ ਪਾੜੇ ਨੂੰ ਮੁਖਾਤਿਬ ਹੋ ਰਿਹਾ ਹੈ। ਇੱਕ ਪਾਸੇ ਬੁਰੀ ਤਰ੍ਹਾਂ ਬਿਖ਼ਰ ਚੁੱਕਾ ਸਰਵਹਾਰਾ ਵਰਗ ਅਤੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦਾ ਦੁਨੀਆ ਦੀ ਅਰਥ ਵਿਵਸਥਾ ’ਤੇ ਦਿਨੋਂ ਦਿਨ ਕੱਸਿਆ ਜਾ ਰਿਹਾ ਸ਼ਿਕੰਜਾ ਉਸ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।
ਨਕਸਲਬਾੜੀ ਅੰਦੋਲਨ ਵਿੱਚ ਦੋ ਦਹਾਕਿਆਂ ਦੀ ਸਰਗਰਮ ਰੂਪੋਸ਼ ਜ਼ਿੰਦਗੀ ਦੇ ਜਜ਼ਬੇ ਅਤੇ ਜ਼ੋਖ਼ਮ ਨੂੰ ਆਪਣੇ ਤ੍ਰੈ-ਲੜੀ ਨਾਵਲ ‘ਜੋ ਹਾਰੇ ਨਹੀਂ’ ਵਿੱਚ ਮਾਨਸਿਕ ਆਤਮਿਕ ਬੁਲੰਦੀ ਨਾਲ ਬਿਰਤਾਂਤ ਘੜਣ ਵਾਲਾ ਪ੍ਰੋ. ਹਰਭਜਨ ਸਿੰਘ ਡਾਇਰੀ ਦੇ ਇਨ੍ਹਾਂ ਪੰਨਿਆਂ ਵਿੱਚ ਆਪਣੇ ਮਨ ਮਸਤਕ ਵਿੱਚ ਨਿਰੰਤਰ ਖੌਲ਼ਦੇ ਸਵਾਲ ‘ਅਸੀਂ ਜਿੱਤੇ ਕਿਉਂ ਨਹੀਂ?’ ਦੇ ਰੂਬਰੂ ਵਿਖਾਈ ਦਿੰਦਾ ਹੈ। ਜਬਰ ਜ਼ੁਲਮ, ਸ਼ੋਸ਼ਣ ਦਮਨ, ਰੰਗਾਂ ਨਸਲਾਂ ਤੇ ਲਿੰਗਕ ਵਿਤਕਰਿਆਂ ਤੋਂ ਮੁਕਤ ਦੁਨੀਆ ਦੇ ਨਿਰਮਾਣ ਦਾ ਸੁਪਨਾ ਉਹ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਮਰਨ ਨਹੀਂ ਦੇਣਾ ਚਾਹੁੰਦਾ। ਆਪਣੇ ਹੋਣ ਥੀਣ ਨੂੰ ਪੜਚੋਲਦਾ, ਆਪਣੇ ਮਕਸਦ ਦੀ ਪੂਰਤੀ ਲਈ ਨਵੇਂ ਰਾਹ ਤਲਾਸ਼ਦਾ, ਕਦੇ ਉਹ ਨਾਕਾਮੀਆਂ ਨਾਲ ਵਲੂੰਧਰੇ ਸੰਘਰਸ਼ਮਈ ਅਤੀਤ ਦੀ ਬੇਲਿਹਾਜ਼ ਚੀਰ-ਫਾੜ ਕਰਦਾ ਹੈ ਅਤੇ ਕਦੇ ਇਨਕਲਾਬ ਦੀਆਂ ਸੰਭਾਵਨਾਵਾਂ ਪੱਖੋਂ ਬੇਹਿਸ ਦਿਖਾਈ ਦਿੰਦੇ ਵਰਤਮਾਨ ਨਾਲ ਤਲਖ਼ ਸੰਵਾਦ ਰਚਾ ਨਵੇਂ ਪੈਂਤੜੇ ਲੈਂਦਾ ਹੈ। ਇਨਕਲਾਬ ਨੂੰ ਜੇਤੂ ਹੁੰਦਾ ਵੇਖਣ ਲਈ ਉਹ ਲੋਕਾਂ ਦੇ ਨਾਲ ਨਾਲ ਕਲਮਾਂ ਨੂੰ ਵੰਗਾਰਦਾ ਹੈ। ਸਾਹਿਤਕਾਰ ਨੂੰ ਲੋਕਾਈ ਨੂੰ ਚੇਤੰਨ ਕਰਨ ਅਤੇ ਉਮੀਦ ਦੇ ਲੜ ਲਾਉਣ ਦਾ ਮਕਸਦ ਦਿੰਦਾ ਹੈ।
ਇਹ ਡਾਇਰੀ ਪ੍ਰੋ. ਹਰਭਜਨ ਸਿੰਘ ਦੇ ਆਤਮ ਚੀਨਣ ਵਿੱਚੋਂ ਉਪਜੀਆਂ ਜ਼ਿੰਮੇਵਾਰ ਪੁੱਛਾਂ ਅਤੇ ਚਿੰਤਨੀ ਪ੍ਰਤੀਤੀਆਂ ਦਾ ਅਨੂਠਾ ਪ੍ਰਮਾਣ ਹੈ। ਡਾਇਰੀ ਨਿੱਜ ਨੂੰ ਸਾਂਭਣ ਵਾਲੀ ਵਿਧਾ ਹੈ, ਪਰ ਇਸ ਡਾਇਰੀ ਵਿੱਚ ਪਾਠਕ ਨੂੰ ਇਕ ਪੰਨਾ ਵੀ ਨਿੱਜੀ ਨਹੀਂ ਲੱਭੇਗਾ। ਇੱਕ ਜ਼ਬਰਦਸਤ ਜਜ਼ਬਾਤੀ ਉਫਾਨ ਇਸ ਡਾਇਰੀ ਵਿੱਚੋਂ ਦਿਸਦੇ ਆਤਮ ਦੀਆਂ ਡੂੰਘੀਆਂ ਤਹਿਆਂ ਵਿੱਚ ਖੌਲਦਾ ਹੈ। ਇਹ ਆਤਮ ਨਿੱਜੀ ਘਾਟਿਆਂ ਜਾਂ ਰਾਜਸੀ ਅਸਫ਼ਲਤਾਵਾਂ ਨੂੰ ਭੁੱਲਣਾ ਵੀ ਨਹੀਂ ਚਾਹੁੰਦਾ, ਪਰ ਸਾਰੀ ਲਿਖਤ ਵਿੱਚ ਪਾਠਕ ਨੂੰ ਕਿਤੇ ਵੀ ਉਸ ਦੇ ਥੱਕੇ, ਹਾਰੇ, ਟੁੱਟੇ ਬਿਖਰੇ, ਨਿਰਾਸ਼ ਰੂਪ ਦੇ ਦਰਸ਼ਨ ਨਹੀਂ ਹੁੰਦੇ।
ਉਸ ਦੀ ਸ਼ਖ਼ਸੀ ਘਾੜਤ ਵਿੱਚ ਉਸ ਦਾ ਸੁਪਨਾ ਅਤੇ ਉਸ ਦੀ ਵਿਚਾਰਧਾਰਕ ਸਮਝ ਗੁੰਨ੍ਹੀ ਪਈ ਹੈ। ਨਕਸਲਬਾੜੀ ਲਹਿਰ ਬਿਖ਼ਰ ਚੁੱਕੀ, ਪਰ ਉਸ ਦਾ ਸੁਪਨਾ ਬਰਕਰਾਰ ਹੈ। ਉਸ ਦਾ ਆਤਮ ਉਸ ਦੇ ਸੁਪਨਿਆਂ ਦੀ ਬਰਕਰਾਰੀ ਅਤੇ ਬਹਾਲੀ ਲਈ ਸਾਹਿਤ ਸਿਰਜਕ ਦੀ ਨਵੀਂ ਭੂਮਿਕਾ ਵਿੱਚ ਸਰਗਰਮ ਹੈ। ਅਨੁਭਵਾਂ, ਅਹਿਸਾਸਾਂ, ਸਮਿਆਂ ਦੀਆਂ ਵੰਗਾਰਾਂ ਜਾਂ ਭਾਰਾਂ ਦੇ ਲਿਹਾਜ਼ ਨਾਲ ਇਸ ਪਾਠ ਦੀਆਂ ਕਈ ਪਰਤਾਂ ਹਨ, ਪਰ ਵਿਚਾਰਧਾਰਕ ਸੋਝੀਆਂ ਤੇ ਪ੍ਰਤੀਬੱਧਤਾਵਾਂ ਦੇ ਹਵਾਲੇ ਨਾਲ ਇਸ ਦਾ ਸੁਨੇਹਾ ਇੱਕੋ ਹੈ: ਲੋਕਾਈ ਨੂੰ ਉਮੀਦ ਦਾ ਪੱਲਾ ਫੜਾਉਣਾ। ਉਮੀਦ ਹੈ ਕਿ ਆਪਣਾ ਸਾਰਾ ਗਿਆਨ ਧਿਆਨ ਗਰੀਬ ਮਿਹਨਤਕਸ਼ ਲੋਕਾਈ ਦੀ ਮੁਕਤੀ ਨੂੰ ਸਮਰਪਿਤ ਕਰਨ ਵਾਲੇ ਪ੍ਰੋ. ਹਰਭਜਨ ਸਿੰਘ ਦੀਆਂ ਅੰਤਰ- ਪ੍ਰੇਰਨਾਵਾਂ ਅਤੇ ਅੰਤਰ-ਸੋਝੀਆਂ ਦੀ ਝਲਕ ਦਿੰਦੀ ਇਸ ਰਚਨਾ ਦਾ ਉਸਾਰੂ ਸੋਚ ਰੱਖਣ ਵਾਲਾ ਹਰ ਸ਼ਖ਼ਸ ਸਵਾਗਤ ਕਰੇਗਾ।
ਸੰਪਰਕ: 94172-43245