DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਨ ’ਤੇ ਮਨੁੱਖ ਦੇ ਪਹਿਲੇ ਕਦਮ

ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਨਿੱਕੇ ਹੁੰਦਿਆਂ ਤੋਂ ਅਸੀਂ ਚੰਨ ਨੂੰ ਵਿੰਹਦੇ ਆ ਰਹੇ ਹਾਂ। ਬਾਤ ਸੁਣਾਉਂਦੀ ਦਾਦੀ ਚੰਨ ਵੱਲ ਉਂਗਲ ਕਰਕੇ ਕਹਿੰਦੀ, ‘‘ਔਹ ਦੇਖ ਚੰਨ ਦੀ ਮਾਂ ਚਰਖਾ ਕੱਤਦੀ।” ਛੋਟਾ ਹੁੰਦਾ ਮੈਂ ਵੀ ਸੋਚਦਾ ਸਾਂ ਕਿ ਚੰਨ ਦਾ ਵੀ ਸਾਡੇ...
  • fb
  • twitter
  • whatsapp
  • whatsapp
Advertisement

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਨਿੱਕੇ ਹੁੰਦਿਆਂ ਤੋਂ ਅਸੀਂ ਚੰਨ ਨੂੰ ਵਿੰਹਦੇ ਆ ਰਹੇ ਹਾਂ। ਬਾਤ ਸੁਣਾਉਂਦੀ ਦਾਦੀ ਚੰਨ ਵੱਲ ਉਂਗਲ ਕਰਕੇ ਕਹਿੰਦੀ, ‘‘ਔਹ ਦੇਖ ਚੰਨ ਦੀ ਮਾਂ ਚਰਖਾ ਕੱਤਦੀ।” ਛੋਟਾ ਹੁੰਦਾ ਮੈਂ ਵੀ ਸੋਚਦਾ ਸਾਂ ਕਿ ਚੰਨ ਦਾ ਵੀ ਸਾਡੇ ਵਰਗਾ ਘਰ ਹੁੰਦਾ ਹੋਵੇਗਾ। ਚੰਨ ਦਾ ਕੁੜਤਾ ਪਜਾਮਾ ਬਣਾਉਣ ਲਈ ਉਸ ਦੀ ਮਾਂ ਚਰਖੇ ’ਤੇ ਸੂਤ ਕੱਤਦੀ ਹੋਵੇਗੀ। ਵੱਡਾ ਹੋਇਆ ਤਾਂ ਪਤਾ ਲੱਗਾ ਕਿ ਸੂਰਜ ਤੋਂ ਦੋ ਗਰਮ ਟੁਕੜੇ ਵੱਖ ਹੋਏ ਸਨ। ਇੱਕ ਟੁਕੜਾ ਠੰਢਾ ਹੋ ਕੇ ਧਰਤੀ ਬਣ ਗਿਆ ਅਤੇ ਦੂਜਾ ਚੰਨ। ਧਰਤੀ ਅਤੇ ਚੰਨ ਇੱਕੋ ਸਮੇਂ ਹੋਂਦ ਵਿੱਚ ਆਏ ਮੰਨੇ ਜਾਂਦੇ ਹਨ।

Advertisement

ਪੁਰਾਤਨ ਕਹਾਣੀਆਂ: ਪੁਰਾਤਨ ਲੋਕਾਂ ਨੇ ਚੰਨ ਬਾਰੇ ਕਿੰਨੇ ਹੀ ਕਿੱਸੇ ਕਹਾਣੀਆਂ ਜੋੜ ਰੱਖੇ ਸਨ। ਚੰਨ ਨਾਲ ਜੁੜਿਆ ਕੈਲੰਡਰ ਵੀ ਪ੍ਰਚਲਿਤ ਹੈ।ਚੰਨ ਗ੍ਰਹਿਣ ਨੂੰ ਕਿਸੇ ਰਿਸ਼ੀ ਦਾ ਦਿੱਤਾ ਸਰਾਪ ਮੰਨਿਆ ਜਾਂਦਾ ਰਿਹਾ ਹੈ।ਫਿਰ ਜਦੋਂ ਮਨੁੱਖ ਚੰਨ ’ਤੇ ਗੇੜਾ ਲਗਾ ਆਇਆ ਤਾਂ ਇਹ ਸਾਰੇ ਕਿੱਸੇ ਕਹਾਣੀਆਂ ਝੂਠੇ ਨਿਕਲੇ। ਆਓ, ਮਨੁੱਖ ਦੇ ਪਹਿਲੀ ਵਾਰੀ ਚੰਨ ’ਤੇ ਜਾਣ ਦੀ ਕਹਾਣੀ ਬਾਰੇ ਤੁਹਾਨੂੰ ਵਿਸਥਾਰ ਵਿੱਚ ਦੱਸੀਏ।

ਚੰਨ ਵੱਲ ਭੇਜੇ ਪੁਲਾੜੀ ਵਾਹਨ:

ਚੰਨ ਵੱਲ ਭੇਜੇ ਪੁਲਾੜੀ ਵਾਹਨਾਂ ਦੀ ਸ਼ੁਰੂਆਤ 4 ਅਕਤੂਬਰ 1957 ਤੋਂ ਹੋਈ, ਜਦੋਂ ਰੂਸ ਨੇ ਪੁਲਾੜੀ ਯਾਨ ਸਪੂਤਨਿਕ ਨੂੰ ਚੰਨ ਵੱਲ ਭੇਜਿਆ ਸੀ। ਫਿਰ 2 ਜਨਵਰੀ 1959 ਨੂੰ ਪੁਲਾੜੀ ਵਾਹਨ ਲੂਨਾ-1 ਰੂਸ ਦੀ ਧਰਤੀ ਤੋਂ ਉੱਡਿਆ। ਫਿਰ ਲੂਨਾ-2 ਪੁਲਾੜੀ ਯਾਨ 12 ਸਤੰਬਰ 1959 ਨੂੰ ਚੰਨ ਦੀ ਸਤ੍ਵਾ ’ਤੇ ਪਹੁੰਚਣ ਵਾਲਾ ਪਹਿਲਾ ਪੁਲਾੜੀ ਯਾਨ ਬਣ ਗਿਆ। ਲੂਨਾ-3 ਪੁਲਾੜੀ ਵਾਹਨ ਨੂੰ 4 ਅਕਤੂਬਰ 1959 ਨੂੰ ਚੰਨ ਵੱਲ ਭੇਜਿਆ ਗਿਆ। ਇਹ ਚੰਨ ਦੀਆਂ ਫੋਟੋਆਂ ਵੀ ਖਿੱਚ ਲਿਆਇਆ ਸੀ। ਸੰਨ 1966 ’ਚ ਭੇਜਿਆ ਪੁਲਾੜੀ ਵਾਹਨ ਲੂਨਾ -9 ਚੰਨ ’ਤੇ ਸੰਜਮ ਨਾਲ ਉੱਤਰਨ ਵਾਲਾ ਅਤੇ ਲੂਨਾ-10 ਚੰਨ ਦੀ ਧਰਤੀ ਅੰਦਰ ਦਾਖਲ ਹੋਣ ਵਾਲਾ ਪਹਿਲਾ ਪੁਲਾੜੀ ਮਿਸ਼ਨ ਬਣ ਗਿਆ। ਇੰਜ ਰੂਸ ਦੁਨੀਆ ਵਿੱਚ ਸਭ ਤੋਂ ਪਹਿਲਾਂ ਮਨੁੱਖ ਰਹਿਤ ਪੁਲਾੜੀ ਵਾਹਨ ਚੰਨ ’ਤੇ ਭੇਜਣ ਅਤੇ ਉਸ ਨੂੰ ਮੁੜ ਧਰਤੀ ’ਤੇ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਤੋਂ ਬਾਅਦ ਪੁਲਾੜੀ ਵਾਹਨ ਰਾਹੀਂ ਮਨੁੱਖ ਨੂੰ ਚੰਨ ’ਤੇ ਲਿਜਾਣ ਅਤੇ ਮੋੜ ਲਿਆਉਣ ਦੇ ਯਤਨ ਨਿਰੰਤਰ ਜਾਰੀ ਰਹੇ। ਸੰਨ 1961 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਕੈਨੇਡੀ ਨੇ ਐਲਾਨ ਕੀਤਾ ਕਿ ਅਮਰੀਕਾ ਸੰਨ 1970 ਤੀਕ ਚੰਨ ਉੱਪਰ ਮਨੁੱਖ ਨੂੰ ਉਤਾਰਨ ਅਤੇ ਵਾਪਸ ਧਰਤੀ ’ਤੇ ਲਿਆਉਣ ਦੇ ਸਮਰੱਥ ਹੋ ਜਾਵੇਗਾ, ਪਰ ਜੌਹਨ ਕੈਨੇਡੀ ਦਾ ਲਿਆ ਸੁਪਨਾ ਮਿੱਥੇ ਸਮੇਂ ਤੋਂ ਪਹਿਲਾਂ ਹੀ ਸਾਕਾਰ ਹੋ ਗਿਆ।

ਚੰਨ ’ਤੇ ਮਨੁੱਖ ਦਾ ਪਹਿਲਾ ਕਦਮ

ਅਮਰੀਕਾ ਵੱਲੋਂ 24 ਦਸੰਬਰ 1968 ਨੂੰ ਅਪੋਲੋ-8 ਪੁਲਾੜੀ ਵਾਹਨ ਪੁਲਾੜ ਵਿੱਚ ਭੇਜਿਆ ਗਿਆ। ਇਹ ਪੁਲਾੜੀ ਵਾਹਨ ਚੰਨ ਦੇ ਪੂਰੇ ਦਸ ਚੱਕਰ ਲਗਾ ਕੇ 27 ਦਸੰਬਰ ਨੂੰ ਸ਼ਾਂਤ ਮਹਾਂਸਾਗਰ ’ਤੇ ਵਾਪਸ ਆ ਗਿਆ। ਫਿਰ ਅਪੋਲੋ-10 ਪੁਲਾੜ ਗੱਡੀ 15 ਮਈ 1969 ਨੂੰ ਦੋ ਪੁਲਾੜ ਯਾਤਰੀਆਂ ਸਮੇਤ ਚੰਨ ਵੱਲ ਭੇਜੀ ਗਈ। ਇਸ ਨੇ ਚੰਨ ਦੇ ਤਿੰਨ ਚੱਕਰ ਲਗਾਏ ਅਤੇ ਮੁੜ ਧਰਤੀ ’ਤੇ ਮੁੜ ਆਈ।

ਫਿਰ ਅਮਰੀਕਾ ਦੀ ਪੁਲਾੜੀ ਵਾਹਨ ਅਪੋਲੋ-11 ਦਾ ਮਾਡਿਊਲ ਕੋਲੰਬੀਆ ਤਿੰਨ ਪੁਲਾੜ ਯਾਤਰੀਆਂ ਨੀਲ ਆਰਮਸਟਰਾਂਗ, ਈ. ਐਲਡਰਿਨ ਅਤੇ ਪਾਇਲਟ ਮਾਈਕਲ ਕੋਲਿਨਜ਼ ਨੂੰ ਨਾਲ ਲੈ ਕੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ 16 ਜੁਲਾਈ 1969 ਨੂੰ ਚੰਨ ਵੱਲ ਰਵਾਨਾ ਹੋਇਆ। ਇਸ ਨੂੰ ਸੈਚੂਰਨ-5 ਰਾਕਟ ਛੱਡ ਕੇ ਆਇਆ ਸੀ। ਇਹ ਪੁਲਾੜੀ ਵਾਹਨ 20 ਜੁਲਾਈ 1969 ਨੂੰ ਚੰਨ ’ਤੇ ਮਿਥੀ ਥਾਂ ਸ਼ਾਂਤੀ ਸਾਗਰ (Transquility Sea) ’ਤੇ ਉਤਾਰਿਆ ਗਿਆ। ਨੀਲ ਆਰਮਸਟਰਾਂਗ ਪੁਲਾੜੀ ਵਾਹਨ ਦੇ ਲੂਨਰ ਮਾਡਿਊਲ ‘ਈਗਲ’ ’ਚੋਂ ਪੌੜੀ ਲਾ ਕੇ ਸਭ ਤੋਂ ਪਹਿਲਾਂ ਚੰਨ ਦੀ ਦਲਦਲੀ ਜ਼ਮੀਨ ’ਤੇ ਉਤਰਿਆ। ਚੰਨ ’ਤੇ ਪੈਰ ਟਿਕਾਉਂਦੇ ਉਹ ਬੋਲਿਆ, ‘‘ਇਹ ਤਾਂ ਇੱਕ ਛੋਟਾ ਜਿਹਾ ਕਦਮ ਹੈ, ਪਰ ਮਾਨਵਤਾ ਲਈ ਇਹ ਇੱਕ ਬਹੁਤ ਵੱਡੀ ਇਤਿਹਾਸਕ ਪੁਲਾਂਘ ਹੈ।” ਆਰਮਸਟਰਾਂਗ ਦੇ ਪੈਰ ਦਲਦਲ ਵਿੱਚ ਧਸ ਗਏ ਸਨ।

ਉਨ੍ਹਾਂ ਪੈਰਾਂ ਦੇ ਨਿਸ਼ਾਨ ਅੱਜ ਚਿਰਾਂ ਤੀਕ ਰਹਿਣ ਵਾਲੀ ਤਵਾਰੀਖ਼ੀ ਪੈੜ ਬਣ ਗਏ ਹਨ। ਵੀਹ ਮਿੰਟ ਪਿੱਛੋਂ ਐਲਡਰਿਨ ਆਰਮਸਟਰਾਂਗ ਵੀ ਨਾਲ ਆ ਰਲਿਆ ਸੀ। ਮਾਈਕਲ ਕੋਲਿਨਜ ਪੁਲਾੜੀ ਵਾਹਨ ਵਿੱਚ ਹੀ ਬੈਠਾ ਫੋਟੋਆਂ ਖਿੱਚਦਾ ਰਿਹਾ। ਡੇਟਾ ਇਕੱਤਰ ਕਰਦਾ ਰਿਹਾ। ਨੀਲ ਆਰਮਸਟਰਾਂਗ ਅਤੇ ਐਲਡਰਿਨ ਤਕਰੀਬਨ ਤਿੰਨ ਘੰਟੇ ਚੰਨ ਦੀ ਧੂੜ, ਮਿੱਟੀ, ਚੱਟਾਨਾਂ ਦੇ ਟੁਕੜੇ ਆਦਿ ਇਕੱਠੇ ਕਰਦੇ ਰਹੇ ਸਨ। ਉਨ੍ਹਾਂ ਨੇ ਚੰਨ ਦੀ ਸਤ੍ਵਾ ਤੋਂ 47.5 ਪੌਂਡ (21.5 ਕਿਲੋਗਰਾਮ) ਪਦਾਰਥ ਇਕੱਤਰ ਕਰ ਲਿਆ ਸੀ। ਚੰਨ ਦੀ ਜ਼ਮੀਨ ਦੀਆਂ ਫੋਟੋਆਂ ਖਿੱਚੀਆਂ। ਕੁਝ ਪ੍ਰਯੋਗ ਕੀਤੇ। ਡੇਟਾ ਇਕੱਠਾ ਕਰਕੇ ਤਰਤੀਬ ’ਚ ਕੀਤਾ। ਕੈਮਰੇ ਦਾ ਮੂੰਹ ਆਪਣੇ ਵੱਲ ਮੋੜ ਕੇ ਆਪਣੇ ਗ੍ਰਹਿ ਧਰਤੀ ਦੇ ਲੋਕਾਂ ਨੂੰ ਪੁਲਾੜ ਯਾਤਰੀ ਚੰਨ ਦੀ ਧਰਤੀ ’ਤੇ ਤੁਰਦੇ ਫਿਰਦੇ ਦਿਖਾਏ ਗਏ ਸਨ। ਉਨ੍ਹਾਂ ਚੰਨ ’ਤੇ ਇੱਕ ਥਾਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਚਾਰਲਸ ਨਿਕਸਨ ਦੇ ਦਸਤਖ਼ਤਾਂ ਵਾਲੀ ਧਾਤ ਦੀ ਪਲੇਟ ਰੱਖ ਕੇ, ਅਮਰੀਕਾ ਦਾ ਝੰਡਾ ਵੀ ਲਾਇਆ। ਪੁਲਾੜ ਯਾਤਰੀਆਂ ਨੇ ਚੰਨ ਦੀ ਸਤ੍ਵਾ ’ਤੇ ਤਕਰੀਬਨ 21 ਘੰਟੇ 36 ਮਿੰਟ ਸ਼ਾਂਤੀ ਸਾਗਰ ਸਾਈਟ ’ਤੇ ਗੁਜ਼ਾਰੇ। ਅਪੋਲੋ-11 ਮਿਸ਼ਨ ਦਾ ਤੈਅ ਕੀਤਾ ਸਮਾਂ 8 ਦਿਨ 18 ਮਿੰਟ 35 ਸੈਕਿੰਡ ਸੀ। ਪੁਲਾੜ ਯਾਤਰੀ ਇਸ ਸਮੇਂ ਦੌਰਾਨ ਚੰਨ ਦੀ ਧਰਤੀ ’ਤੇ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ਤੀਕ ਹੀ ਤੁਰੇ ਸਨ।

ਬਾਅਦ ਵਿੱਚ ਰਾਸ਼ਟਰਪਤੀ ਚਾਰਲਸ ਨੇ ਵ੍ਹਾਈਟ ਹਾਊਸ ਤੋਂ ਪੁਲਾੜ ਯਾਤਰੀਆਂ ਨੂੰ ਫੋਨ ’ਤੇ ਮੁਬਾਰਕਬਾਦ ਵੀ ਦਿੱਤੀ ਸੀ। ਧਰਤੀ ਦੇ ਲੱਖਾਂ ਲੋਕਾਂ ਨੇ ਪ੍ਰਸਾਰਨ ਮਾਧਿਅਮ ਰਾਹੀਂ ਨੀਲ ਆਰਮਸਟਰਾਂਗ ਅਤੇ ਐਲਡਰਿਨ ਨੂੰ ਚੰਨ ਦੀ ਧਰਤੀ ’ਤੇ ਉਤਰਦਿਆਂ ਦੇਖਿਆ ਸੀ। ਵਿਸ਼ਵ ਦੇ ਕਿੰਨੇ ਹੀ ਮੁਲਕਾਂ ਨੇ ਨਾਸਾ ਨੂੰ ਵਧਾਈ ਦੇ ਸੰਦੇਸ਼ ਭੇਜੇ ਸਨ। ਮਾਸਕੋ ਰੇਡੀਓ ਨੇ ਚੰਨ ’ਤੇ ਮਨੁੱਖ ਦੇ ਪੈਰ ਰੱਖਣ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਸਾਰਿਤ ਕੀਤੀ ਸੀ।

ਈਗਲ ਪੁਲਾੜੀ ਵਾਹਨ ਨੂੰ ਪਾਇਲਟ ਨੇ ਪੂਰਨ ਸੁਰੱਖਿਆ ਨਾਲ 21 ਜੁਲਾਈ ਨੂੰ ਕੋਲੰਬੀਆ ਨਾਲ ਜੋੜਨ ਲਈ ਮਿਥੀ ਥਾਂ ’ਤੇ ਲੈ ਆਂਦਾ ਸੀ।ਫਿਰ ਕੋਲੰਬੀਆ ਪੁਲਾੜੀ ਵਾਹਨ ਵਾਪਸ ਧਰਤੀ ਵੱਲ ਮੁੜ ਪਿਆ। ਧਰਤੀ ਵੱਲ ਮੁੜਦਿਆਂ ਗੁਆਮ ਟ੍ਰੈਕਿੰਗ ਸਟੇਸ਼ਨ ਵਿੱਚ ਖ਼ਰਾਬੀ ਪੈਣ ਨਾਲ ਪਲ ਭਰ ਲਈ ਪੁਲਾੜ ਗੱਡੀ ਦਾ ਸੰਪਰਕ ਧਰਤੀ ਨਾਲੋਂ ਟੁੱਟਿਆ ਰਿਹਾ, ਪਰ ਸਟੇਸ਼ਨ ਡਾਇਰੈਕਟਰ ਚਾਰਲਸ ਫੋਰਸ ਦੇ ਦਸ ਸਾਲਾ ਪੁੱਤਰ ਦੇ ਨਿੱਕੇ ਹੱਥਾਂ ਨਾਲ ਹਾਊਸਿੰਗ ਵਿੱਚ ਗ੍ਰੀਸ ਭਰਨ ਨਾਲ ਸੰਪਰਕ ਮੁੜ ਜੁੜ ਗਿਆ ਸੀ। ਫਿਰ 24 ਜੁਲਾਈ 1969 ਨੂੰ ਸਫਲਤਾਪੂਰਵਕ ਪੁਲਾੜੀ ਵਾਹਨ ਦਾ ਮਾਡਿਊਲ ਕੋਲੰਬੀਆ ਧਰਤੀ ਤੇ ਸ਼ਾਂਤ ਮਹਾਂਸਾਗਰ ਦੀ ਸਤ੍ਵਾ ’ਤੇ ਆ ਟਕਰਾਇਆ। ਕਿੰਗ ਹੈਲੀਕਾਪਟਰ ਅਤੇ ਗਰੂਮੈਨ ਟ੍ਰੇਸਰ ਰਿਕਵਰੀ ਉਪਕਰਨ, ਸੰਚਾਰ ਉਪਕਰਨ, ਫੋਟੋਗ੍ਰਾਫਿਕ ਕੈਮਰਿਆਂ ਨਾਲ ਲੈਸ ਹੋ ਕੇ ਪਹਿਲਾਂ ਹੀ ਤਿਆਰ ਸਨ। ਕੋਲੰਬੀਆ ਨੂੰ ਸੰਤੁਲਨ ਵਿੱਚ ਲਿਆਂਦਾ ਗਿਆ। ਗੋਤਾਖੋਰਾਂ ਨੇ ਪੁਲਾੜ ਯਾਤਰੀਆਂ ਨੂੰ ਦੂਜੇ ਲੋਕਾਂ ਤੋਂ ਵੱਖ ਕਰਨ ਲਈ ਵਿਸ਼ੇਸ਼ ਕਿਸਮ ਦੇ ਕੱਪੜੇ ਦਿੱਤੇ। ਉਨ੍ਹਾਂ ਨੂੰ ਸੁਰੱਖਿਅਤ ਬੇੜੀ ਤੀਕ ਲਿਜਾਣ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਚੰਨ ਦੀ ਸਤ੍ਵਾ ਤੋਂ ਚਿੰਬੜੇ ਰੋਗਜਨਕ ਪਦਾਰਥਾਂ ਤੋਂ ਮੁਕਤ ਕਰਨ ਲਈ ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਇਸ਼ਨਾਨ ਕਰਾਇਆ ਗਿਆ। ਪੁਲਾੜ ਗੱਡੀ ਤੋਂ ਚੰਨ ਦੀ ਧੂੜ ਲਾਹੁਣ ਲਈ ਕੋਲੰਬੀਆ ਨੂੰ ਬੀਟਾਡੀਨ ਨਾਲ ਧੋਤਾ ਗਿਆ। ਉਨ੍ਹਾਂ ਨੂੰ ਮੋਬਾਈਲ ਕੁਆਰਟਾਈਨ ਦੀ ਸਹੂਲਤ ਦਿੱਤੀ ਗਈ ਸੀ। ਫਿਰ ਉਨ੍ਹਾਂ ਨੂੰ ਇੱਕੀ ਦਿਨ ਇਕਾਂਤਵਾਸ ਲਈ

ਭੇਜਿਆ ਗਿਆ। ਪੁਲਾੜ ਗੱਡੀ ਵਿੱਚੋਂ ਚੰਨ ਤੋਂ

ਲਿਆਂਦੇ ਮਿੱਟੀ ਦੇ ਨਮੂਨੇ, ਡੇਟਾ, ਫਿਲਮਾਂ, ਟੇਪਾਂ ਬਗੈਰਾ ਉਤਾਰ ਲਏ ਗਏ ਸਨ। ਇਨ੍ਹਾਂ ਨੂੰ ਅਗਲੇਰੀ

ਜਾਂਚ ਪੜਤਾਲ ਲਈ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਸੀ।

ਕੁਝ ਖ਼ਾਸ ਗੱਲਾਂ

ਚੰਨ ਵੱਲ ਭੇਜੇ ਮਾਡਿਊਲ ਤੇ ਵਿਸ਼ੇਸ਼ ਤੌਰ ’ਤੇ ਪਰਿਵਰਤਕ ਉਪਕਰਨ ਐਲ. ਆਰ-3 ਲਗਾਇਆ ਗਿਆ ਸੀ, ਜੋ ਧਰਤੀ ਤੋਂ ਭੇਜੀਆਂ ਲੇਜ਼ਰ ਕਿਰਨਾਂ ਨੂੰ ਤਟ ਫਟ ਵਾਪਸ ਪਰਤਾਉਣ ਸਮਰੱਥ ਸੀ। ਇਸ ਨਾਲ ਚੰਨ ਅਤੇ ਧਰਤੀ ਵਿਚਕਾਰ ਦੂਰੀ ਨੂੰ ਹੋਰ ਸ਼ੁੱਧਤਾ ਨਾਲ ਮਾਪਣ ਦਾ ਮੌਕਾ ਮਿਲਿਆ ਸੀ। ਅਪੋਲੋ ਪੁਲਾੜ ਯਾਤਰੀ ਜੋ ਚਟਾਨੀ ਮਿੱਟੀ ਚੰਨ ਤੋਂ ਲਿਆਏ ਸਨ, ਉਸ ਨੂੰ ਨਾਈਟ੍ਰੋਜਨ ਵਿੱਚ ਇਸ ਤਰ੍ਹਾਂ ਸਟੋਰ ਕੀਤਾ ਗਿਆ ਸੀ ਕਿ ਇਹ ਸਿੱਲ੍ਹ ਤੋਂ ਬਚੀ ਰਹੇ। ਦੁਨੀਆ ਦੀਆਂ ਤਕਰੀਬਨ ਸੌ ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿੱਚ ਚੰਨ ਦੀ ਮਿੱਟੀ ਦੀ ਪਰਖ ਹੁੰਦੀ ਰਹੀ ਹੈ। ਕਹਿੰਦੇ ਹਨ ਕਿ ਆਰਮਸਟਰਾਂਗ ਕੈਮਰਾ ਭੁਲੇਖੇ ਨਾਲ ਚੰਨ ’ਤੇ ਹੀ ਭੁੱਲ ਆਇਆ ਸੀ ਪਰ ਸਾਲ 2012 ਵਿੱਚ ਨੀਲ ਆਰਮਸਟਰਾਂਗ ਦੀ ਮੌਤ ਹੋਣ ਪਿੱਛੋਂ ਉਸ ਦੀ ਪਤਨੀ ਨੇ ਨੈਸ਼ਨਲ ਏਅਰ ਐਂਡ ਸਪੇਸ ਅਜਾਇਬਘਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਕੱਪੜੇ ਦੇ ਇੱਕ ਥੈਲੇ ਵਿੱਚੋਂ ਆਰਮਸਟਰਾਂਗ ਦਾ ਗੁਆਚਿਆ ਕੈਮਰਾ ਲੱਭ ਪਿਆ ਸੀ। ਉਹ ਕੈਮਰਾ ਹੁਣ ਅਜਾਇਬਘਰ ਦੀ ਸ਼ਾਨ ਬਣਿਆ ਹੋਇਆ ਹੈ।

ਅਪੋਲੋ-11 ਮਨੁੱਖ ਨੂੰ ਚੰਨ ’ਤੇ ਲਿਜਾਣ ਵਾਲਾ ਦੁਨੀਆ ਦਾ ਪਹਿਲਾ ਪੁਲਾੜੀ ਵਾਹਨ ਬਣ ਗਿਆ। ਇਸ ਦੇ ਨਾਲ ਨੀਲ ਆਰਮਸਟਰਾਂਗ ਚੰਨ ’ਤੇ ਪੈੜਾਂ ਪਾਉਣ ਵਾਲਾ ਪਹਿਲਾ ਪੁਲਾੜ ਯਾਤਰੀ ਬਣ ਗਿਆ। ਅਮਰੀਕਾ ਮਨੁੱਖ ਨੂੰ ਪੁਲਾੜੀ ਵਾਹਨ ਰਾਹੀਂ ਚੰਨ ’ਤੇ ਲਿਜਾਣ ਵਾਲਾ ਪਹਿਲਾ ਮੁਲਕ ਬਣ ਗਿਆ।

ਚੰਨ ਬਾਰੇ ਨਵੀਂ ਜਾਣਕਾਰੀ

ਚੰਨ ਦੀ ਜ਼ਮੀਨ ਉੱਬੜ ਖਾਭੜ ਟੋਇਆਂ ਵਾਲੀ ਹੈ। ਇੱਥੋਂ ਦੀ ਮਿੱਟੀ ਚਾਰਕੋਲ ਦੇ ਪਾਊਡਰ ਜਿਹੀ ਹੈ। ਮਿੱਟੀ ਵਿੱਚੋਂ ਸੜੇ ਬਾਰੂਦ ਦੀ ਤੀਖਣ ਗੰਧ ਆਉਂਦੀ ਹੈ। ਚੰਨ

ਉੱਪਰ ਕੋਈ ਸ਼ੋਰ-ਸ਼ਰਾਬਾ ਨਹੀਂ। ਇੱਕ ਦੂਜੇ ਨਾਲ ਗੱਬਬਾਤ ਕਰਨੀ ਔਖੀ ਹੈ। ਅਜਿਹਾ ਮਾਧਿਅਮ ਦੀ ਅਣਹੋਂਦ ਕਰਕੇ ਹੁੰਦਾ ਹੈ। ਇੱਥੇ ਦਿਨੇ

ਦੁਪਹਿਰੇ ਤਾਪਮਾਨ 117 ਦਰਜੇ ਸੈਲਸੀਅਸ ਅਤੇ ਰਾਤੀਂ -200 ਦਰਜੇ ਸੈਲਸੀਅਸ ਰਹਿੰਦਾ ਹੈ। ਅਜਿਹੇ ਤਾਪਮਾਨ ਕਰਕੇ ਚਟਾਨੀ ਪਦਾਰਥ ਵੱਡੇ ਪੱਧਰ ’ਤੇ ਟੁੱਟਦੇ

ਹਨ। ਚੰਨ ਦਾ ਆਪਣਾ ਕੋਈ ਵਾਯੂਮੰਡਲ ਨਹੀਂ।

ਚੰਨ ਉੱਤੇ ਜ਼ਿੰਦਗੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।ਇੱਥੇ ਗੁਰੂਤਾ ਆਕਰਸ਼ਣ

ਧਰਤੀ ਦੇ ਗੁਰੂਤਾ ਆਕਰਸ਼ਣ ਨਾਲੋਂ ਛੇਵਾਂ

ਹਿੱਸਾ ਹੈ।

ਕੀ ਹੈ ਚੰਨ ਦੀ ਮਿੱਟੀ ਵਿੱਚ?

ਚੰਨ ਤੋਂ ਲਿਆਂਦੀਆਂ ਚੱਟਾਨਾਂ ਦੇ ਨਮੂਨੇ ਜਾਂਚੇ ਪੜਤਾਲੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਦੋ ਅਲੱਗ ਅਲੱਗ ਥਾਵਾਂ ਤੋਂ ਲਈਆਂ ਚੱਟਾਨਾਂ ਵਿੱਚ ਇੱਕੋ ਜਿਹੇ ਰਸਾਇਣਕ ਪਦਾਰਥ ਮੌਜੂਦ ਸਨ। ਇਨ੍ਹਾਂ ਚੱਟਾਨੀ ਟੁਕੜਿਆਂ ਵਿੱਚ ਆਕਸੀਜਨ, ਸਿਲੀਕੌਨ, ਐਲੂਮੀਨੀਅਮ, ਟਿਟੀਨੀਅਮ, ਲੋਹਾ ਅਤੇ ਕਈ ਹੋਰ ਪਦਾਰਥ ਥੋੜ੍ਹੀ ਮਾਤਰਾ ਵਿੱਚ ਪਾਏ ਗਏ ਸਨ। ਚੰਨ ’ਤੇ ਤਲਛੱਟੀ ਚਟਾਨਾਂ ਨਹੀਂ ਹਨ, ਨਾ ਹੀ ਕੁਦਰਤੀ ਤਬਦੀਲੀਆਂ ਕਰਕੇ ਬਣੀਆਂ ਚੱਟਾਨਾਂ ਹੀ ਹਨ। ਚੰਨ ਉੱਤੇ ਜ਼ਿਆਦਾਤਰ ਜਵਾਲਾਮੁਖੀਆਂ ਤੋਂ ਬਣੀਆਂ ਚੱਟਾਨਾਂ ਹਨ। ਇਸ ਦਾ ਆਰੰਭ ਮੈਗਮਾ ਤੋਂ ਹੀ 1100 ਦਰਜੇ -1200 ਦਰਜੇ ਸੈਂਟੀਗ੍ਰੇਡ ਤਾਪਮਾਨ ਤੋਂ ਠੰਢਾ ਹੋਣ ਨਾਲ ਹੋਇਆ ਸੀ।

ਬਾਅਦ ’ਚ ਸਿਲਸਿਲਾ ਚੱਲਦਾ ਰਿਹਾ

ਚੰਨ ’ਤੇ ਜਾਣ ਦਾ ਸਿਲਸਿਲਾ ਬਾਅਦ ਵਿੱਚ ਵੀ ਚੱਲਦਾ ਰਿਹਾ। ਅਪੋਲੋ-12, ਅਪੋਲੋ-14, ਅਪੋਲੋ-15, ਅਪੋਲੋ-16, ਅਪੋਲੋ-17 ਪੁਲਾੜੀ ਗੱਡੀਆਂ ਵਿੱਚ ਵੀ ਦੋ ਦੋ ਪੁਲਾੜ ਯਾਤਰੀ ਚੰਨ ’ਤੇ ਉੱਤਰਦੇ ਰਹੇ। ਅਪੋਲੋ-17, ਧਰਤੀ ਤੋਂ 7 ਦਸੰਬਰ 1972 ਨੂੰ ਭੇਜਿਆ ਗਿਆ ਅਤੇ 11 ਦਸੰਬਰ 1972 ਨੂੰ ਚੰਨ ਦੇ ਟਾਰਸ ਲਿਟਰੇ ਸਥਾਨ ’ਤੇ ਉਤਰਿਆ ਸੀ। ਇਸ ਵਿੱਚ ਈ.ਏ. ਸਰਨਾਨ ਅਤੇ ਐਚ. ਸਾਸਿੱਟ ਪੁਲਾੜ ਯਾਤਰੀ ਸਨ। ਆਰ.ਈ.ਈਵਾਨ ਮਾਡਿਊਲ ਅੰਦਰ ਹੀ ਰਿਹਾ ਸੀ। ਇਹ ਪੁਲਾੜ ਗੱਡੀ 75 ਘੰਟੇ ਚੰਨ ਉੱਪਰ ਠਹਿਰੀ ਸੀ।

ਭਾਰਤ ਵੀ ਚੰਦਰਯਾਨ-3 ਨੂੰ ਚੰਨ ’ਤੇ ਉਤਾਰ ਕੇ ਇੱਕਸ ਦੌੜ ਵਿੱਚ ਸ਼ਾਮਿਲ ਹੋ ਗਿਆ।

ਚੰਨ ’ਤੇ ਘਰ ਬਣਾਉਣ ਦਾ ਸੁਪਨਾ

ਅੱਜ ਦੁਨੀਆ ਦੇ ਕਈ ਮੁਲਕ ਚੰਨ ਨੂੰ ਸੈਰ ਸਪਾਟੇ ਦਾ ਪਹਿਲਾ ਪੜਾਅ ਬਣਾਉਣ ਦਾ ਸੁਪਨਾ ਲੈ ਰਹੇ ਹਨ। ਮਨੁੱਖ ਧਰਤੀ ’ਤੇ ਖਿਲਾਰਾ ਪਾਉਣ ਉਪਰੰਤ ਹੁਣ ਚੰਨ ’ਤੇ ਕਲੋਨੀਆਂ ਵਸਾਉਣ ਦੀ ਤਾਕ ਵਿੱਚ ਹੈ।

ਅਪੋਲੋ ਮਿਸ਼ਨ-11 ਦੇ ਮਾਡਿਊਲ ਕੋਲੰਬੀਆ ਨੂੰ ਸੰਨ 1971 ਵਿੱਚ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਵਸ਼ਿੰਗਟਨ ਡੀ.ਸੀ. ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਆਰਮਸਟਰਾਂਗ ਅਤੇ ਐਲਡਰਿਨ ਦੇ ਸਪੇਸ ਸੂਟ ਚਾਲੀ ਸਾਲ ‘ਅਪੋਲੋ ਟੂ ਮੂਨ ਅਜਾਇਬਘਰ’ ਵਿੱਚ ਪ੍ਰਦਰਸ਼ਿਤ ਕੀਤੇ ਜਾਂਦੇ ਰਹੇ। ਸੰਨ 2018 ਵਿੱਚ ਇਹ ਅਜਾਇਬਘਰ ਪੱਰੇ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਸ ਦੀ ਥਾਂ ਹੁਣ ਇੱਕ ਨਵੀਂ ਗੈਲਰੀ ਲਵੇਗੀ। ਅਮਰੀਕਾ ਵੱਲੋਂ ਪਿਛਲੇ ਵਰ੍ਹੇ ਚੰਨ ’ਤੇ ਮਨੁੱਖ ਭੇਜਣ ਦੀ 50ਵੀਂ ਸ਼ਤਾਬਦੀ ’ਤੇ ਵੱਡੇ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੁਲਾੜ ਯਾਤਰੀਆਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਵੀ ਸਤਿਕਾਰਿਆ ਗਿਆ ਸੀ।

ਈ-ਮੇਲ: mayer_hk@yahoo.com

Advertisement
×