DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ

ਮਲਵਿੰਦਰ ਨਿਰਵਸਤਰ ਹੋ ਗਈ ਹੈ ਕਵਿਤਾ ਅਲਫ਼ ਨੰਗੀ ਸੋਚ ਹਾਕਮ ਦੀ ਸੜਕਾਂ ’ਤੇ ਨੱਚ ਰਹੀ ਵਹਿਸ਼ਤ ਜਣਨੀ ਦੇ ਸੂਖ਼ਮ ਅੰਗਾਂ ਨੂੰ ਚੂੰਢ ਰਹੀ ਸੱਤਾ ਖ਼ਾਮੋਸ਼ ਹੈ ਲੋਕਤੰਤਰ ਦਾ ਨਵਾਂ ਬਿਰਤਾਂਤ ਸਿਰਜ ਰਹੀ ਖ਼ੌਫ਼ ਦੇ ਨਵੇਂ ਨਕਸ਼ ਉਲੀਕ ਰਹੀ ਦਰਿੰਦਗੀ ’ਚੋਂ...
  • fb
  • twitter
  • whatsapp
  • whatsapp
Advertisement

ਮਲਵਿੰਦਰ

ਨਿਰਵਸਤਰ ਹੋ ਗਈ ਹੈ ਕਵਿਤਾ

Advertisement

ਅਲਫ਼ ਨੰਗੀ ਸੋਚ ਹਾਕਮ ਦੀ

ਸੜਕਾਂ ’ਤੇ ਨੱਚ ਰਹੀ ਵਹਿਸ਼ਤ

ਜਣਨੀ ਦੇ ਸੂਖ਼ਮ ਅੰਗਾਂ ਨੂੰ ਚੂੰਢ ਰਹੀ

ਸੱਤਾ ਖ਼ਾਮੋਸ਼ ਹੈ

ਲੋਕਤੰਤਰ ਦਾ ਨਵਾਂ ਬਿਰਤਾਂਤ ਸਿਰਜ ਰਹੀ

ਖ਼ੌਫ਼ ਦੇ ਨਵੇਂ ਨਕਸ਼ ਉਲੀਕ ਰਹੀ

ਦਰਿੰਦਗੀ ’ਚੋਂ ਸੰਭਾਵਨਾਵਾਂ ਤਲਾਸ਼ਦੀ

ਸੱਤਾ ਖ਼ਾਮੋਸ਼ ਹੈ

ਜਾਗੇਗਾ ਆਵਾਮ

ਜਾਗਣਗੀਆਂ ਜ਼ਖ਼ਮੀਂ ਰੂਹਾਂ

ਪੀੜਤ ਦੇਹਾਂ

ਚੁੱਪ ਦੇ ਝੰਬੇ ਲਫ਼ਜ਼

ਡਰ ਦੀ ਕਬਰ ’ਚ ਸੁੱਤੀਆਂ

ਸੜਕਾਂ ’ਤੇ ਹਜ਼ੂਮ ਤੁਰਨਗੇ

ਗੁੰਗੇ ਬਹਿਰੇ ਬੋਲ਼ ਬੋਲਣਗੇ

ਬੱਲਦੇ ਅੱਖਰਾਂ ਵਿੱਚ ਅਨੁਵਾਦ ਹੋਣਗੇ

ਸੰਪਰਕ: 97795-91344

* * *

ਬਹੁਤਾ ਬਰਸਿਆ ਨਾ ਕਰ...

ਜਸਵੰਤ ਕੜਿਆਲ

ਤੂੰ ਭੰਡਾਰਿਆਂ

ਖੀਰ-ਪੂੜਿਆਂ ਦੇ

ਐਵੇਂ ਮਗਰ ਨਾ ਲੱਗਿਆ ਕਰ

ਬਹੁਤਾ ਬਰਸਿਆ ਨਾ ਕਰ।

ਸੋਚਿਆ ਕਰ

ਪੁੱਤਾਂ ਵਾਂਗ ਪਾਲੀਆਂ ਫ਼ਸਲਾਂ

ਹਾਲੇ ਪੱਕੀਆਂ ਨੀ ਹੁੰਦੀਆਂ

ਤੇ

ਸਾਰੇ ਘਰਾਂ ਦੀਆਂ ਛੱਤਾਂ ਪੱਕੀਆਂ ਨੀ ਹੁੰਦੀਆਂ

ਤੂੰ ਜਦ ਬਰਸਦਾ

ਮਾਂ ਦਾ ਬਾਲਣ ਗਿੱਲਾ ਕਰ ਜਾਨਾਂ

ਬਾਪੂ ਦੀ ਦਿਹਾੜੀ ਮਾਰ ਦਿੰਨਾਂ

ਤੇ ਡੂੰਘੇ ਹੋਏ

ਕੱਚੇ ਕੋਠਿਆਂ ਵਿਚੋਂ ਪਾਣੀ ਕੱਢਦੀਆਂ

ਭੈਣਾਂ ਦੇ ਲੱਕ ਦੁਖਣ ਲਾ ਦਿੰਨਾਂ।

ਡੱਡੂਆਂ ਦੀ ਗੜੈਂ-ਗੜੈਂ

ਮੋਰਾਂ ਦੀਆਂ ਕੂਕਾਂ ਛੱਡ

ਸਾਡੀਆਂ ਤਾਂ ਧਾਹਾਂ ਨਿਕਲ ਜਾਂਦੀਆਂ

ਰਹਿਮ ਕਰਿਆ ਕਰ

ਹਰ ਥਾਂ ਇੱਕੋ ਜਿਹਾ ਨਾ ਵਰ੍ਹਿਆ ਕਰ

ਜਲ ਥਲ ਨੂੰ

ਮੌਤ ਮੰਜ਼ਰ ਨਾ ਕਰਿਆ ਕਰ।

ਸ਼ਾਇਦ

ਤੈਨੂੰ ਪਤਾ ਨਹੀਂ

ਪਥਰੇਲ ਤੇ ਪੱਥੀਆਂ ਇੱਟਾਂ ਜਦੋਂ

ਖੁਰਦੀਆਂ ਨੇ ਤਾਂ

ਅੰਦਰੋਂ ਬੜਾ ਕੁਝ ਖੋਰ ਦਿੰਦੀਆਂ ਨੇ

ਤੇ ਉਸੇ ਦਿਨ

ਸਾਡੇ ਵਿਹੜੇ ਸ਼ੁਰੂ ਹੋ ਜਾਂਦਾ

ਭੁੱਖ ਨੰਗ ਦਾ ਗਿੱਧਾ

ਜਦ ਕਦੇ

ਚਾਵਾਂ ਦੀ ਸਤਰੰਗੀ ਪੀਂਘ

ਅੰਬਰੀਂ ਪਈ

ਤਾਂ ਜ਼ਰੂਰ ਦੱਸਾਂਗੇ

ਬੱਸ ਤੂੰ

ਬਹੁਤਾ ਬਰਸਿਆ ਨਾ ਕਰ

ਬਹੁਤਾ ਬਰਸਿਆ ਨਾ ਕਰ।

ਸੰਪਰਕ: 98766-77387

* * *

ਇਹ ਤਾਂ ਸੱਜਣਾ ‘ਧੋਖਾ’

ਜਸਪਾਲ ਜੱਸੀ

(ਉੱਘੇ ਰੰਗਕਰਮੀ ਤਰਲੋਚਨ ਦੇ ਵਿਛੋੜੇ ’ਤੇ)

ਅੱਜ ਪਰਦੇ ਤੇ

‘ਮੰਗੋ’ ਗੁੰਮ ਸੁੰਮ, ਸਦਮੇ ਅੰਦਰ

ਕਿਉਂ ਅਣਹੋਣੀ ਹੋਈ

ਇੰਝ ਪਰਦੇ ਤੋਂ ਪਰਦੇ ਪਿੱਛੇ

ਕਿੰਝ ਛੁਪ ਜਾਵੇ ਕੋਈ

ਜਾਪੇ ‘ਸੋਮਾਂ’ ਦੂਜੀ ਵਾਰੀ ਮੋਈ*

ਸਾਡੇ ਨਾਲ ਤਾਂ ਪਰਦੇ ਤੇ ਵੀ

ਗਊਆਂ ਵਰਗੀ ਹੋਈ!

ਇਸ ਦਰਦ ਦੀ ਸਾਰ ਨਾ ਜਾਣੇ ਕੋਈ

ਗੁਰਸ਼ਰਨ ਸਿੰਘ ਦੇ ਰੰਗਮੰਚ ਦੇ

ਤੇਰੇ ਹਿੱਸੇ ਦੇ ਕੋਨੇ ਦੀ

ਸੁੰਨ ਨੈਣਾਂ ਵਿੱਚ ਝਰਦੀ

ਨਿੱਕੇ ਨਿੱਕੇ ਕਤਰੇ ਗੱਲਾਂ ਕਰਦੇ

ਪਲਸ ਮੰਚ ਦੇ ਵਿਹੜੇ ਅੰਦਰ

ਧੜਕ ਰਹੇ ਦਿਲ

ਚੁੱਪ-ਹੁੰਗਾਰਾ ਭਰਦੇ

ਪੌਣਾਂ ਸ਼ਿਕਵਾ ਹੋਈਆਂ ਯਾਰਾ

ਇੰਝ ਨਹੀਂ ਕਰਦੇ

ਇੰਝ ਡਿੱਗੇ ਨਾਟਕ ਦਾ ਪਰਦਾ

ਇਹ ਨਾ ਦਰਸ਼ਕ ਜਰਦੇ

ਕਲਾ ਕਲਪਨਾ ਦੇ ਖੰਭਾਂ ਦੀ

ਅਗਲੀ ਝਲਕ ਵਿਖਾ ਤਾਂ ਜਾਂਦਾ

ਸਾਥੀ ਨਾਟਕ ਦੇ ‘ਸਾਥੀ’ ਦੀ

ਅਗਲੀ ਕਥਾ ਸੁਣਾ ਤਾਂ ਜਾਂਦਾ

ਅਜੇ ਤਾਂ ਵਾਟਾਂ ਲੰਮੀਆਂ

ਅਜੇ ਸਫ਼ਰ ਹੈ ਚੋਖਾ

ਸੂਤਰਧਾਰ ਨੂੰ ਕਹਿੰਦੇ ਪਾਤਰ

ਇਹ ਤਾਂ ਸੱਜਣਾ ‘ਧੋਖਾ’!

ਧੜਕਦੀਆਂ ਯਾਦਾਂ ਦੇ ਅੰਗ ਸੰਗ

ਰੰਗਮੰਚ ਦੀ ਪਟੜੀ ’ਤੇ

ਇਕਰਾਰ ਤੁਰਨਗੇ

ਬਾਹਾਂ ਵਿੱਚ ਤੇਰੀ ਬਾਂਹ ਲੈ ਕੇ

ਯਾਰ ਤੁਰਨਗੇ।

* ਮੰਗੋ ਅਤੇ ਸੋਮਾਂ- ਸੰਤੋਖ ਸਿੰਘ ਧੀਰ ਦੀ ਕਹਾਣੀ ਅਤੇ ਤਰਲੋਚਨ ਦੀ ਟੈਲੀਫਿਲਮ ਦੀਆਂ ਪਾਤਰ

Advertisement
×