DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਸਭਾ ਅਤੇ ਮਾਂ ਬੋਲੀ

ਭਾਰਤੀ ਸੰਸਦ ਦੀ ਚੌਥੀ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ 30 ਮਾਰਚ 1967 ਇਤਿਹਾਸਕ ਦਿਨ ਬਣ ਗਿਆ। ਭਾਰਤੀ ਸੰਸਦ ਦੇ 1950 ਵਿੱਚ ਸ਼ੁਰੂ ਹੋਣ ਤੋਂ 17 ਵਰ੍ਹਿਆਂ ਬਾਅਦ ਉਸ ਦਿਨ ਕਿਸੇ ਸੰਸਦ ਮੈਂਬਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ...
  • fb
  • twitter
  • whatsapp
  • whatsapp
Advertisement

ਭਾਰਤੀ ਸੰਸਦ ਦੀ ਚੌਥੀ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ 30 ਮਾਰਚ 1967 ਇਤਿਹਾਸਕ ਦਿਨ ਬਣ ਗਿਆ। ਭਾਰਤੀ ਸੰਸਦ ਦੇ 1950 ਵਿੱਚ ਸ਼ੁਰੂ ਹੋਣ ਤੋਂ 17 ਵਰ੍ਹਿਆਂ ਬਾਅਦ ਉਸ ਦਿਨ ਕਿਸੇ ਸੰਸਦ ਮੈਂਬਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਆਪਣੀ ਮਾਤ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮਿਲੀ। ਸ਼ਿਮੋਗਾ (ਕਰਨਾਟਕ) ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਜੇ.ਐੱਚ. ਪਟੇਲ (ਜੋ ਬਾਅਦ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਬਣੇ) ਨੂੰ ਕੰਨੜ ਭਾਸ਼ਾ ਵਿੱਚ ਆਪਣੀ ਗੱਲ ਲੋਕ ਸਭਾ ਵਿੱਚ ਰੱਖਣ ਦਾ ਹੱਕ ਪ੍ਰਾਪਤ ਹੋਇਆ। ਉਸ ਸਮੇਂ ਲੋਕ ਸਭਾ ਦੇ ਸਪੀਕਰ ਨੀਲਮ ਸੰਜੀਵਾ ਰੈਡੀ (ਜੋ ਮਗਰੋਂ ਭਾਰਤ ਦੇ ਰਾਸ਼ਟਰਪਤੀ ਬਣੇ) ਅਤੇ ਉਪ-ਸਪੀਕਰ ਰਘੂਨਾਥ ਕੇਸ਼ਵ ਖਾਡੀਲਕਰ ਸਨ।

ਤੀਹ ਮਾਰਚ 1967 ਨੂੰ ਲੋਕ ਸਭਾ ਵਿੱਚ ਦੇਸ਼ ਵਿੱਚ ਅਨਾਜ ਦੀ ਸਥਿਤੀ ਬਾਰੇ ਚਰਚਾ ਚੱਲ ਰਹੀ ਸੀ। ਚਰਚਾ ਵਿੱਚ ਬੋਲਣ ਦੀ ਵਾਰੀ ਆਉਣ ’ਤੇ ਜੇ.ਐੱਚ. ਪਟੇਲ ਨੇ ਕੰਨੜ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮੰਗੀ। ਇਸ ’ਤੇ ਲੋਕ ਸਭਾ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਵਿੱਚ ਬੋਲਣ ’ਤੇ ਵਾਦ-ਵਿਵਾਦ ਸ਼ੁਰੂ ਹੋ ਗਿਆ। ਜੇ.ਐੱਚ. ਪਟੇਲ ਨੇ ਸੰਵਿਧਾਨ ਦੇ ਅਨੁਛੇਦ 120 ਅਧੀਨ ਆਪਣੀ ਭਾਸ਼ਾ ਵਿੱਚ ਬੋਲਣ ਨੂੰ ਆਪਣਾ ਹੱਕ ਦੱਸਿਆ ਅਤੇ ਆਪਣੀ ਮੰਗ ’ਤੇ ਅੜੇ ਰਹੇ। ਉਸ ਸਮੇਂ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਕੰਨੜ ਸਮੇਤ 14 ਭਾਸ਼ਾਵਾਂ ਸ਼ਾਮਲ ਸਨ। ਸਦਨ ਵਿੱਚ ਕੁਝ ਮੈਂਬਰ ਪਟੇਲ ਦੀ ਮੰਗ ਦੇ ਹੱਕ ਅਤੇ ਕੁਝ ਵਿਰੋਧ ਵਿੱਚ ਬਹਿਸ ਕਰਨ ਲੱਗੇ। ਇਸ ਵਿਵਾਦ ਵਿੱਚ ਇੱਕ ਮੈਂਬਰ ਨੂੰ ਸਦਨ ਤੋਂ ਬਾਹਰ ਭੇਜ ਦਿੱਤਾ ਗਿਆ ਅਤੇ ਕੁਝ ਹੋਰ ਮੈਂਬਰ ਸਦਨ ਤੋਂ ਬਾਹਰ ਚਲੇ ਗਏ।

Advertisement

ਸਦਨ ਵਿੱਚ ਅਨੁਛੇਦ 120, ਬੋਲਣ ਤੋਂ ਪਹਿਲਾਂ ਲਿਖਤ ਵਿੱਚ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਭਾਸ਼ਣ ਦੀ ਕਾਪੀ ਪੇਸ਼ ਕਰਨੀ, ਨਿਯਮ 115, ਕੀ ਇਨ੍ਹਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਵਿਵਸਥਾਵਾਂ, ਭਾਸ਼ਣ ਦਾ ਅਨੁਵਾਦ, ਅਨੁਵਾਦਕ, ਦੁਭਾਸ਼ਕ, ਸਮਕਾਲੀ ਵਿਆਖਿਆ, ਅਤੇ ਇੱਕੋ ਸਮੇਂ ਦੋਭਾਸ਼ੀਏ ਆਦਿ ਕਈ ਮੁੱਦਿਆਂ ’ਤੇ ਬਹਿਸ ਅਤੇ ਚਰਚਾ ਹੋਈ।

ਮੁੰਬਈ ਪੂਰਬੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਜਾਰਜ ਫਰਨਾਂਡੇਜ਼ (ਜੋ ਬਾਅਦ ਵਿੱਚ ਰੱਖਿਆ ਮੰਤਰੀ ਬਣੇ) ਮੰਗਲੌਰ (ਕਰਨਾਟਕ) ਦੇ ਰਹਿਣ ਵਾਲੇ ਸਨ। ਉਹ ਕੰਨੜ ਸਮੇਤ ਦਸ ਭਾਸ਼ਾਵਾਂ ਜਾਣਦੇ ਸਨ: ਕੰਨੜ, ਕੋਂਕਣੀ, ਤੁਲੂ, ਅੰਗਰੇਜ਼ੀ, ਹਿੰਦੀ, ਮਰਾਠੀ, ਤਾਮਿਲ, ਮਲਿਆਲਮ, ਉਰਦੂ ਅਤੇ ਲੈਟਿਨ। ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਭਾਸ਼ਣ ਦਾ ਅਨੁਵਾਦ ਕਰ ਦਿਆਗਾਂ। ਇਸ ਦੇ ਵਿਰੋਧ ਵਿੱਚ ਇੱਕ ਮੈਂਬਰ ਨੇ ਕਿਹਾ ਕਿ ਇਸ ਵਿੱਚ ਦੁੱਗਣਾ ਸਮਾਂ ਲੱਗੇਗਾ। ਇੱਕ ਮੈਂਬਰ ਨੇ ਕਿਹਾ ਕਿ 1400 ਭਾਸ਼ਾਵਾਂ ਹਨ, ਕਿਸ ਕਿਸ ਨੂੰ ਇਜਾਜ਼ਤ ਦਿਉਗੇ।

ਲੋਕ ਸਭਾ ਦੇ ਤਤਕਾਲੀ ਸਪੀਕਰ ਨੇ ਕਿਹਾ ਕਿ ਮੈਂ ਇਹ ਭਾਸ਼ਾ ਸਮਝਦਾ ਹਾਂ, ਜੇਕਰ ਕੋਈ ਗ਼ਲਤੀ ਹੋਈ ਤਾਂ ਮੈਂ ਉਸ ਨੂੰ ਦੇਖ ਸਕਦਾ ਹਾਂ, ਉਨ੍ਹਾਂ ਨੂੰ ਬੋਲਣ ਦਿਓ।

ਇਸ ਤਰ੍ਹਾਂ ਇਜਾਜ਼ਤ ਮਿਲ ਗਈ ਅਤੇ ਜੇ.ਐੱਚ. ਪਟੇਲ ਨੇ ਕੰਨੜ ਭਾਸ਼ਾ ਵਿੱਚ ਚਰਚਾ ਵਿੱਚ ਭਾਗ ਲਿਆ। ਇਸ ਤਰ੍ਹਾਂ ਸੰਸਦ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਬੋਲਣ ਦੀ ਸ਼ੁਰੂਆਤ ਹੋਈ।

ਉਸੇ ਦਿਨ ਚਿੰਗਲਪਟ (ਤਾਮਿਲਨਾਡੂ) ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚਿੱਟੀ ਬਾਬੂ ਨੂੰ ਵੀ ਤਾਮਿਲ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮਿਲੀ।

ਸੰਵਿਧਾਨ ਦਾ ਅਨੁਛੇਦ 120: (1) ਭਾਗ XVII ਵਿੱਚ ਕਿਸੇ ਗੱਲ ਦੇ ਹੁੰਦੇ ਹੋਏ ਵੀ, ਪਰ ਅਨੁਛੇਦ 348 ਦੇ ਉਪਬੰਧਾਂ ਦੇ ਤਾਬੇ, ਸੰਸਦ ਵਿੱਚ ਕਾਰਜ ਹਿੰਦੀ ਜਾਂ ਅੰਗਰੇਜ਼ੀ ਵਿੱਚ ਕੀਤਾ ਜਾਵੇਗਾ:

ਪਰ ਰਾਜ ਸਭਾ ਦੇ ਸਭਾਪਤੀ ਜਾਂ ਲੋਕ ਸਭਾ ਦੇ ਸਪੀਕਰ, ਜਾਂ ਉਸ ਵਜੋਂ ਕਾਰਜ ਕਰਨ ਵਾਲਾ ਵਿਅਕਤੀ, ਜਿਹੀ ਕਿ ਸੂਰਤ ਹੋਵੇ, ਕਿਸੇ ਮੈਂਬਰ ਨੂੰ ਜੋ ਆਪਣਾ ਪ੍ਰਗਟਾਓ ਹਿੰਦੀ ਜਾਂ ਅੰਗਰੇਜ਼ੀ ਵਿੱਚ ਚੰਗੀ ਤਰ੍ਹਾਂ ਨਹੀਂ ਕਰ ਸਕਦਾ, ਸਦਨ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸੰਬੋਧਨ ਕਰਨ ਦੀ ਇਜਾਜ਼ਤ ਦੇ ਸਕੇਗਾ।

ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ [ਅਨੁਛੇਦ 344(1) ਅਤੇ 351] ਵਿੱਚ ਦਰਜ ਭਾਸ਼ਾਵਾਂ: 1. ਅਸਾਮੀ, 2. ਬੰਗਾਲੀ, 3. ਗੁਜਰਾਤੀ, 4. ਹਿੰਦੀ, 5. ਕੰਨੜ, 6. ਕਸ਼ਮੀਰੀ, 7. ਮਲਿਆਲਮ, 8. ਮਰਾਠੀ, 9. ਉੜੀਆ, 10. ਪੰਜਾਬੀ, 11. ਸੰਸਕ੍ਰਿਤ, 12. ਤਾਮਿਲ, 13. ਤੇਲਗੂ, 14. ਉਰਦੂ, 15. ਸਿੰਧੀ [ਸੰਵਿਧਾਨ (ਇੱਕੀਵੀਂ ਤਰਮੀਮ) ਐਕਟ 1967 ਧਾਰਾ 2 ਦੁਆਰਾ ਜੋੜਿਆ ਗਿਆ (10.04.1967 ਤੋਂ ਲਾਗੂ)] 16. ਕੋਂਕਣੀ, 17. ਮਨੀਪੁਰੀ, 18. ਨੇਪਾਲੀ [ਤਿੰਨੋ ਭਾਸ਼ਾਵਾਂ ਨੂੰ {ਸੰਵਿਧਾਨ (ਇਕੱਤਰਵੀਂ ਤਰਮੀਮ) ਐਕਟ 1992 ਦੀ ਧਾਰਾ 2 ਦੁਆਰਾ ਜੋੜਿਆ ਗਿਆ (31.08.1992 ਤੋਂ ਪ੍ਰਭਾਵੀ)}] 19. ਬੋਡੋ, 20. ਡੋਗਰੀ, 21. ਮੈਥਿਲੀ, 22. ਸੰਥਾਲੀ [ਚਾਰੋ ਭਾਸ਼ਾਵਾਂ ਨੂੰ {ਸੰਵਿਧਾਨ (ਬੰਨਵੀਂ ਤਰਮੀਮ) ਐਕਟ 2003 ਦੀ ਧਾਰਾ 2 ਦੁਆਰਾ ਜੋੜਿਆ ਗਿਆ (07.01.2004 ਤੋਂ ਪ੍ਰਭਾਵੀ)}]

ਹੁਣ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਹਨ। ਦੇਸ਼ ਦੇ ਨਾਗਰਿਕਾਂ ਵੱਲੋਂ ਹੋਰ ਭਾਸ਼ਾਵਾਂ ਨੂੰ ਵੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀਆਂ ਮੰਗਾਂ ਹੁੰਦੀਆਂ ਰਹਿੰਦੀਆਂ ਹਨ।

ਹਰ ਜੀਵ ਨੂੰ ਆਪਣੀ ਮਾਂ ਅਤੇ ਮਾਂ ਬੋਲੀ ਬਹੁਤ ਪਿਆਰੀ ਹੁੰਦੀ ਹੈ। ਭਾਸ਼ਾ ਦਾ ਕਾਰਜ ਭਾਵਾਂ ਅਤੇ ਵਿਚਾਰਾਂ ਦਾ ਸੰਚਾਰ ਕਰਨਾ ਹੈ। ਇੱਕ ਕਥਨ ਹੈ ਕਿ ਹਰ ਬਾਰਾਂ ਕੋਹਾਂ ’ਤੇ ਬੋਲੀ ਬਦਲ ਜਾਂਦੀ ਹੈ। ਹਰ ਵਿਅਕਤੀ ਆਪਣੀ ਗੱਲ ਦਾ ਪ੍ਰਗਟਾਵਾ ਆਪਣੀ ਮਾਤ ਭਾਸ਼ਾ ਵਿੱਚ ਸਭ ਤੋਂ ਵਧੀਆ ਕਰ ਸਕਦਾ ਹੈ ਅਤੇ ਆਪਣੀ ਮਾਤ ਭਾਸ਼ਾ ਵਿੱਚ ਸਮਝ ਸਕਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 120 ਵਿੱਚ ਵੀ ਆਪਣੀ ਮਾਤ ਭਾਸ਼ਾ ਵਿੱਚ ਸੰਬੋਧਨ ਦੀ ਇਜਾਜ਼ਤ ਦਿੱਤੀ ਗਈ ਹੈ। ਸੰਸਦ ਵਿੱਚ ਮੈਂਬਰਾਂ ਵੱਲੋਂ ਆਪਣੀ ਮਾਤ ਭਾਸ਼ਾ ਵਿੱਚ ਸੰਬੋਧਨ ਕਰਨ ਅਤੇ ਸੁਣਨ ਦੀਆਂ ਮੰਗਾਂ ਹੁੰਦੀਆਂ ਰਹੀਆਂ ਹਨ। ਇਸ ਕੰਮ ਲਈ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ।

ਸੰਸਦ ਵਿੱਚ ਸਮਕਾਲੀ ਵਿਆਖਿਆ ਸੇਵਾਵਾਂ ਦੇ ਵਿਭਾਗ ਵੱਲੋਂ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਸੰਬੋਧਨਾਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਬਦਲ ਕੇ ਇੱਕੋ ਸਮੇਂ (ਸਮਕਾਲੀ) ਦੂਸਰੇ ਮੈਂਬਰਾਂ ਦੀ ਮਨਪਸੰਦ ਭਾਸ਼ਾ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ।

ਸਮਕਾਲੀ ਵਿਆਖਿਆ (ਇੱਕ ਵਿਅਕਤੀ ਦੇ ਸ਼ਬਦਾਂ ਦਾ ਅਸਲ ਸਮੇਂ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ/ਵਿਆਖਿਆ ਕਰਨਾ ਹੈ) ਦਾ ਪ੍ਰਬੰਧ ਸ਼ੁਰੂ ਸ਼ੁਰੂ ਵਿੱਚ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੱਕ ਹੀ ਸੀਮਿਤ ਸੀ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸੰਬੋਧਨ ਕਰਨ ਲਈ ਸੰਸਦ ਮੈਂਬਰਾਂ ਨੂੰ ਪਹਿਲਾਂ ਲਿਖਤੀ ਸੂਚਨਾ ਦੇਣੀ ਪੈਂਦੀ ਸੀ ਤਾਂ ਕਿ ਉਸ ਭਾਸ਼ਾ ਦੇ ਦੁਭਾਸ਼ੀਏ ਦਾ ਇੰਤਜ਼ਾਮ ਕੀਤਾ ਜਾ ਸਕੇ ਅਤੇ ਉਹ ਭਾਸ਼ਾ ਬਦਲ ਕੇ ਦੂਜੇ ਮੈਂਬਰਾਂ ਤੱਕ ਪਹੁੰਚਾ ਸਕੇ। ਇਸ ਨਾਲ ਸੰਸਦ ਮੈਂਬਰਾਂ ਕੋਲ ਦੋ ਦੀ ਜਗ੍ਹਾ ਤਿੰਨ ਭਾਸ਼ਾਵਾਂ [ਮੂਲ ਸੰਬੋਧਨ ਦੀ ਭਾਸ਼ਾ (ਫਲੋਰ ਭਾਸ਼ਾ), ਹਿੰਦੀ ਅਤੇ ਅੰਗਰੇਜ਼ੀ] ਵਿੱਚ ਸੁਣਨ ਦੀ ਸਹੂਲਤ ਹੋ ਗਈ। ਜਿਹੜੇ ਸੰਸਦ ਮੈਂਬਰ ਇਹ ਤਿੰਨੋ ਭਾਸ਼ਾਵਾਂ ਨਹੀਂ ਜਾਣਦੇ ਸਨ, ਉਨ੍ਹਾਂ ਦੀ ਦਿੱਕਤ ਉਵੇਂ ਦੀ ਉਵੇਂ ਹੀ ਬਣੀ ਰਹੀ। ਸੰਸਦ ਮੈਂਬਰਾਂ ਵੱਲੋਂ ਅੱਠਵੀਂ ਅਨੁਸੂਚੀ ਦੀਆਂ ਸਾਰੀਆਂ 22 ਭਾਸ਼ਾਵਾਂ ਵਿੱਚ ਇੱਕੋ ਸਮੇਂ ਸਮਕਾਲੀ ਵਿਆਖਿਆ ਦੀ ਸਹੂਲਤ ਦੀ ਮੰਗ ਹੁੰਦੀ ਰਹੀ ਤਾਂ ਕਿ ਸੰਸਦ ਵਿੱਚ ਹੋ ਰਹੇ ਸੰਬੋਧਨ ਨੂੰ ਹਰ ਮੈਂਬਰ ਆਪਣੀ ਭਾਸ਼ਾ ਵਿੱਚ ਸੁਣ ਕੇ ਸਮਝ ਅਤੇ ਆਪਣੇ ਸੰਬੋਧਨ ਨੂੰ ਆਪਣੀ ਮਾਤ ਭਾਸ਼ਾ ਵਿੱਚ ਕਹਿ ਸਕੇ।

ਸਰਕਾਰ ਵੱਲੋਂ ਸੰਸਦ ਵਿੱਚ 22 ਭਾਸ਼ਾਵਾਂ ਦੀ ਸਮਕਾਲੀ ਵਿਆਖਿਆ ਲਈ 2019 ਵਿੱਚ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤਾਂ ਜੋ ਇੱਕੋ ਸਮੇਂ ਇੱਕ ਵਿਅਕਤੀ ਦੁਆਰਾ ਆਪਣੀ ਭਾਸ਼ਾ ਵਿੱਚ ਬੋਲਣ ਅਤੇ ਦੂਜਿਆਂ ਵੱਲੋਂ ਆਪਣੀ ਭਾਸ਼ਾ ਵਿੱਚ ਸੁਣਨ ਦੀ ਸਹੂਲਤ ਹੋ ਸਕੇ। ਇਸ ਦਾ ਕੰਮ ਆਰੰਭਿਆ ਗਿਆ, ਜਿਸ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਸੰਸਦ ਵਿੱਚ ਸਮਕਾਲੀ ਵਿਆਖਿਆ ਸੇਵਾਵਾਂ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਸੌਂਪੀ ਗਈ।

ਸਮਕਾਲੀ ਵਿਆਖਿਆ ਪ੍ਰਣਾਲੀ ਇੱਕ ਵਕਤਾ ਦੇ ਸ਼ਬਦਾਂ ਦੇ ਅਸਲੀ ਸਮਾਂ (ਰੀਅਲ-ਟਾਈਮ), ਇੱਕੋ ਸਮੇਂ ਅਨੁਵਾਦ/ਵਿਆਖਿਆ ਨੂੰ ਸਮਰੱਥ ਬਣਾਉਂਦੀ ਹੈ, ਜਿਸ ਨਾਲ ਹਰ ਸਰੋਤੇ ਨੂੰ ਵਕਤਾ ਦੇ ਪ੍ਰਵਾਹ ਵਿੱਚ ਰੁਕਾਵਟ ਬਿਨਾਂ ਆਪਣੀ ਪਸੰਦੀਦਾ ਭਾਸ਼ਾ ਵਿੱਚ ਸੰਦੇਸ਼ ਸੁਣਨ ਦੀ ਸਹੂਲਤ ਮਿਲਦੀ ਹੈ। ਸਿਸਟਮ ਵਿੱਚ ਆਮ ਤੌਰ ’ਤੇ ਵਕਤਾ ਅਤੇ ਦੁਭਾਸ਼ੀਏ ਲਈ ਮਾਈਕ੍ਰੋਫੋਨ, ਦੁਭਾਸ਼ੀਏ ਲਈ ਸਾਊਂਡਪਰੂਫ ਬੂਥ, ਅਨੁਵਾਦਿਤ ਆਡੀਓ/(ਆਵਾਜ਼) ਸੁਣਨ ਲਈ ਸਰੋਤਾ ਮੈਂਬਰਾਂ ਲਈ ਹੈੱਡਫੋਨ ਅਤੇ ਆਡੀਓ ਨੂੰ ਦੁਭਾਸ਼ੀਏ ਤੋਂ ਸਰੋਤਿਆਂ ਤੱਕ ਪਹੁੰਚਾਉਣ ਲਈ ਇੱਕ ਪ੍ਰਸਾਰਣ ਵਿਧੀ (ਜਿਵੇਂ ਇਨਫਰਾਰੈੱਡ ਜਾਂ ਵਾਈ-ਫਾਈ ਆਦਿ) ਸ਼ਾਮਲ ਹੁੰਦੇ ਹਨ। ਇਹ ਪ੍ਰਣਾਲੀਆਂ ਕੌਮਾਂਤਰੀ ਕਾਨਫਰੰਸਾਂ, ਸੰਸਦ, ਵਿਧਾਨ ਸਭਾਵਾਂ, ਬਹੁ-ਭਾਸ਼ਾਈ ਮੀਟਿੰਗਾਂ ਅਤੇ ਹੋਰ ਸਮਾਗਮਾਂ ਲਈ ਜ਼ਰੂਰੀ ਹਨ, ਜਿੱਥੇ ਸਹਿਜ, ਅੰਤਰ-ਭਾਸ਼ਾਈ ਸੰਚਾਰ ਜ਼ਰੂਰੀ ਹੈ।

ਸਮਕਾਲੀ ਵਿਆਖਿਆ ਦੀ ਸ਼ੁਰੂਆਤ ਦਾ ਇਤਿਹਾਸ:

ਸਮਕਾਲੀ ਵਿਆਖਿਆ ਦੀ ਵਿਆਪਕ ਵਰਤੋਂ ਨੂਰਮਬਰਗ ਟ੍ਰਾਇਲਸ (1945-1946) ਤੋਂ ਸ਼ੁਰੂ ਹੋਈ। ਇਸ ਦੀ ਨੀਂਹ 1930ਵਿਆਂ ਵਿੱਚ ਰੱਖੀ ਗਈ ਸੀ। ਦੂਜੀ ਆਲਮੀ ਜੰਗ ਦੀਆਂ ਸਹਿਯੋਗੀ ਫ਼ੌਜਾਂ ਦੁਆਰਾ ਫ਼ੌਜੀ ਟ੍ਰਿਬਿਊਨਲਾਂ ਦੀ ਇੱਕ ਲੜੀ ਵਿੱਚ ਇੱਕੋ ਸਮੇਂ ਵਿਆਖਿਆ ਲਈ ਮਾਡਲ ਸਥਾਪਤ ਕੀਤਾ ਗਿਆ। ਟ੍ਰਾਇਲਾਂ ਦੇ ਮੁੱਖ ਪ੍ਰਬੰਧਕ ਲੈਫਟੀਨੈਂਟ ਲਿਓਨ ਡੋਰਸਟੇਟ ਨੇ ਸਮਕਾਲੀ ਵਿਆਖਿਆ/ਦੁਭਾਸ਼ੀਏ ਦੀਆਂ ਟੀਮਾਂ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਚਾਰ ਭਾਸ਼ਾਵਾਂ (ਜਰਮਨ, ਅੰਗਰੇਜ਼ੀ, ਫਰੈਂਚ ਅਤੇ ਰੂਸੀ) ਵਿੱਚ ਸੰਚਾਰ ਪ੍ਰਦਾਨ ਕੀਤਾ।

ਇਸ ਦਾ ਸੰਕਲਪ ਅਤੇ ਸ਼ੁਰੂਆਤੀ ਉਪਕਰਣ 1920 ਵਿੱਚ ਐਡਵਰਡ ਫਾਈਲਨ ਅਤੇ ਐਲਨ ਗੋਰਡਨ ਫਿਨਲੇ ਨੇ ਵਿਕਸਤ ਕੀਤੇ ਸਨ। ਸਮਕਾਲੀ ਦੁਭਾਸ਼ੀਏ/ਵਿਆਖਿਆਕਾਰੀ ਉਪਕਰਣਾਂ ਦੇ ਪਹਿਲੇ ਸੈੱਟ ਦੀ ਖੋਜ ਐਡਵਰਡ ਫਾਈਲਨ ਨੇ ਕੀਤੀ ਗਈ ਸੀ। ਉਸ ਦਾ ਪੇਟੈਂਟ 1926 ਵਿੱਚ ਰਜਿਸਟਰਡ ਹੋਇਆ ਅਤੇ ਬਾਅਦ ਵਿੱਚ ਆਈ ਬੀ ਐੱਮ ਦੁਆਰਾ ਪ੍ਰਾਪਤ ਕੀਤਾ ਗਿਆ ਸੀ।

ਫਾਈਲਨ ਨੇ ਅਸਲ-ਸਮੇਂ ਦੀ ਵਿਆਖਿਆ ਲਈ ਵਿਚਾਰ ਦੀ ਕਲਪਨਾ ਕੀਤੀ ਅਤੇ ਫਿਨਲੇ ਨਾਲ ਮਿਲ ਕੇ ‘ਫਾਈਲਨ-ਫਿਨਲੇ ਸਮਕਾਲੀ ਅਨੁਵਾਦਕ’ ਦਾ ਵਿਕਾਸ ਕੀਤਾ। ਤਕਨਾਲੋਜੀ ਪਹਿਲਾਂ ਮੌਜੂਦ ਸੀ, ਪਰ ਨੂਰਮਬਰਗ ਟਰਾਇਲਾਂ ਨੇ ਵੱਡੀਆਂ, ਬਹੁ-ਭਾਸ਼ਾਈ ਘਟਨਾਵਾਂ ਲਈ ਇੱਕੋ ਸਮੇਂ ਦੀ ਵਿਆਖਿਆ ਦੀ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ 1947 ਵਿੱਚ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਛੇ ਸਰਕਾਰੀ ਭਾਸ਼ਾਵਾਂ (ਅਰਬੀ, ਚੀਨੀ, ਅੰਗਰੇਜ਼ੀ, ਫ੍ਰੈਂਚ, ਰੂਸੀ, ਸਪੈਨਿਸ਼) ਦੁਆਰਾ ਇਸ ਨੂੰ ਅਪਣਾਇਆ ਗਿਆ ਅਤੇ ਕੌਮਾਂਤਰੀ ਸੰਚਾਰ ਲਈ ਇੱਕ ਮਿਆਰ ਵਜੋਂ ਸਥਾਪਿਤ ਕੀਤਾ ਗਿਆ।

ਭਾਰਤੀ ਸੰਸਦ ਦੀ ਲੋਕ ਸਭਾ ਵਿੱਚ 22 ਭਾਸ਼ਾਵਾਂ ਲਈ ਸਮਕਾਲੀ ਵਿਆਖਿਆ/ਦੁਭਾਸ਼ੀਏ ਦੀ ਆਰੰਭਤਾ ਲਈ ਕੰਮ ਸ਼ੁਰੂ ਹੋ ਚੁੱਕਿਆ ਸੀ। ਹਰ ਭਾਸ਼ਾ ਵਿੱਚ ਪੰਜ-ਪੰਜ ਸਲਾਹਕਾਰ ਸਮਕਾਲੀ ਵਿਆਖਿਆਕਾਰਾਂ ਸਲਾਹਕਾਰ ਦੁਭਾਸ਼ੀਏ ਰੱਖਣ ਅਤੇ ਉਨ੍ਹਾਂ ਦੀ ਸਿਖਲਾਈ ਦਾ ਕੰਮ ਕੀਤਾ ਗਿਆ। ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨਾਲ ਸਬੰਧਤ ਕੰਮ ਪੂਰੇ ਕੀਤੇ ਗਏ।

ਭਾਰਤੀ ਸੰਸਦ ਦੇ ਸਰਦ ਰੁੱਤ ਇਜਲਾਸ 2023 ਵਿੱਚ ਲੋਕ ਸਭਾ ਵਿੱਚ ਸਮਕਾਲੀ ਵਿਆਖਿਆ ਦਾ ਕੰਮ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਸ਼ਾਵਾਂ ਵਿੱਚੋਂ 10 ਭਾਸ਼ਾਵਾਂ (ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਤੇ ਤੇਲਗੂ) ਵਿੱਚ ਸ਼ੁਰੂ ਹੋਇਆ। 31 ਜਨਵਰੀ 2025 ਨੂੰ ਛੇ ਹੋਰ ਭਾਸ਼ਾਵਾਂ (ਬੋਡੋ, ਡੋਗਰੀ, ਮੈਥਿਲੀ, ਮਨੀਪੁਰੀ, ਸੰਸਕ੍ਰਿਤ, ਉਰਦੂ) ਸ਼ਾਮਿਲ ਹੋ ਗਈਆਂ। 17 ਜੁਲਾਈ 2025 ਨੂੰ ਦੋ ਹੋਰ ਭਾਸ਼ਾਵਾਂ (ਨੇਪਾਲੀ ਤੇ ਸਿੰਧੀ) ਵੀ ਸ਼ਾਮਿਲ ਹੋ ਗਈਆਂ। 18 ਅਗਸਤ 2025 ਨੂੰ 3 ਹੋਰ ਭਾਸ਼ਾਵਾਂ (ਕਸ਼ਮੀਰੀ, ਕੋਂਕਣੀ ਤੇ ਸੰਥਾਲੀ) ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਹਿੰਦੀ ਅਤੇ ਅੰਗਰੇਜ਼ੀ ਵਿੱਚ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਸੀ।

ਇਉਂ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਿਲ ਸਾਰੀਆਂ 22 ਭਾਸ਼ਾਵਾਂ ਵਿੱਚ ਸਮਕਾਲੀ ਵਿਆਖਿਆ ਸ਼ੁਰੂ ਹੋਣ ਨਾਲ ਸੰਸਾਰ ਵਿੱਚ ਭਾਰਤ ਦੀ ਲੋਕ ਸਭਾ ਨੇ ਇਤਿਹਾਸ ਰਚ ਦਿੱਤਾ।

ਭਾਰਤੀ ਸੰਸਦ ਦੀ ਰਾਜ ਸਭਾ ਵਿੱਚ ਹਾਲੇ ਵੀ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਕਿਸੀ ਹੋਰ ਭਾਸ਼ਾ ਵਿੱਚ ਸੰਬੋਧਨ ਕਰਨ ਲਈ ਸੰਸਦ ਮੈਂਬਰਾਂ ਨੂੰ ਪਹਿਲਾਂ ਲਿਖਤੀ ਸੂਚਨਾ ਦੇਣੀ ਪੈਂਦੀ ਹੈ ਤਾਂ ਕਿ ਉਸ ਭਾਸ਼ਾ ਦੇ ਦੁਭਾਸ਼ੀਏ ਦਾ ਇੰਤਜ਼ਾਮ ਕੀਤਾ ਜਾ ਸਕੇ। ਰਾਜ ਸਭਾ ਵਿੱਚ ਤਿੰਨ ਭਾਸ਼ਾਵਾਂ (ਮੂਲ ਸੰਬੋਧਨ ਦੀ ਭਾਸ਼ਾ (ਫਲੋਰ ਭਾਸ਼ਾ), ਹਿੰਦੀ ਅਤੇ ਅੰਗਰੇਜ਼ੀ) ਵਿੱਚ ਸੁਣਨ ਦੀ ਸਹੂਲਤ ਹੈ। ਆਸ ਹੈ ਕਿ ਰਾਜ ਸਭਾ ਵਿੱਚ ਵੀ 22 ਭਾਸ਼ਾਵਾਂ ਵਿੱਚ ਸਮਕਾਲੀ ਵਿਆਖਿਆ ਸ਼ੁਰੂ ਹੋ ਜਾਵੇਗੀ।

ਸੰਪਰਕ: 99966-50048

Advertisement
×