ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨੁਵਾਦ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ

ਕਿਸੇ ਵੀ ਭਾਸ਼ਾ ਦੇ ਅਰਥਾਂ ਦੇ ਸਹੀ ਰੂਪ ਤੇ ਆਤਮਾ ਨੂੰ ਉਸਦੇ ਆਪਣੇ ਸੱਭਿਆਚਾਰਕ ਅਤੇ ਸਮਾਜਿਕ ਪਰਿਪੇਖ ’ਚ ਹੀ ਸਮਝਿਆ ਜਾ ਸਕਦਾ ਹੈ। ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰ ਸਕਣਾ ਬੜਾ ਕਠਿਨ ਹੈ। ਹਰ ਭਾਸ਼ਾ ਦੇ ਕਈ ਸ਼ਬਦ ਹੁੰਦੇ ਹਨ,...
Advertisement

ਕਿਸੇ ਵੀ ਭਾਸ਼ਾ ਦੇ ਅਰਥਾਂ ਦੇ ਸਹੀ ਰੂਪ ਤੇ ਆਤਮਾ ਨੂੰ ਉਸਦੇ ਆਪਣੇ ਸੱਭਿਆਚਾਰਕ ਅਤੇ ਸਮਾਜਿਕ ਪਰਿਪੇਖ ’ਚ ਹੀ ਸਮਝਿਆ ਜਾ ਸਕਦਾ ਹੈ। ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰ ਸਕਣਾ ਬੜਾ ਕਠਿਨ ਹੈ। ਹਰ ਭਾਸ਼ਾ ਦੇ ਕਈ ਸ਼ਬਦ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਹੀ ਭਾਵ ਨਾਲ ਕਿਸੇ ਦੂਜੀ ਭਾਸ਼ਾ ’ਚ ਉਲਥਾ ਸਕਣਾ ਔਖਾ ਹੀ ਨਹੀਂ, ਅਸੰਭਵ ਕਾਰਜ ਹੈ। ਇਸੇ ਕਰਕੇ ਅੱਜਕੱਲ੍ਹ ਅਨੁਵਾਦ ਨੂੰ ਇੱਕ ਵਿਕਸਿਤ ਵਿਧਾਆਤਮਕ ਅਨੁਸ਼ਾਸਨ ਵਜੋਂ ਮਾਨਤਾ ਮਿਲ ਰਹੀ ਹੈ। ਭਾਰਤ ਜਿਹੇ ਬਹੁ-ਭਾਸ਼ਾਈ, ਬਹੁ-ਖੇਤਰੀ, ਬਹੁ-ਸੱਭਿਆਚਾਰਕ ਦੇਸ਼ ’ਚ ਅਨੁਵਾਦ ਦੀ ਮਹੱਤਤਾ ਅੱਜਕੱਲ੍ਹ ਵਧ ਰਹੀ ਹੈ। ਭਾਰਤੀ ਭਾਸ਼ਾਵਾਂ ਦੇ ਅਨੁਵਾਦ ਵਿਦੇਸ਼ੀ ਭਾਸ਼ਾ ’ਚ ਹੋ ਰਹੇ ਹਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਅਨੁਵਾਦ ਭਾਰਤੀ ਭਾਸ਼ਾਵਾਂ ’ਚ ਪਰ ਇਸ ਗੱਲ ਦਾ ਖ਼ਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਕੀ ਕੀਤੇ ਗਏ ਅਨੁਵਾਦਾਂ ’ਚ ਮੂਲ ਭਾਸ਼ਾ ਦਾ ਸਾਰ ਤੇ ਆਤਮਾ ਦਾ ਪ੍ਰਤੌਅ ਹੋ ਰਿਹਾ ਹੈ ਜਿਵੇਂ ਜਿੱਥੇ ਗੁਰਬਾਣੀ ਦੇ ਸ਼ਬਦ ‘ਸਹਿਜ/ਸਹਜ’ ਦਾ ਜਾਂ ‘ਹੁਕਮਿ’ ਦਾ ਅਨੁਵਾਦ ਕਰ ਸਕਣਾ ਬਹੁਤ ਮੁਸ਼ਕਿਲ ਹੈ, ਉੱਥੇ ਸ਼ਬਦ ‘ਗੁਰੂ’, ‘ਬੁੱਧ’, ‘ਬੋਧੀਸੱਤਵ’ ਦਾ ਉਲਥਾ ਵੀ ਬੜਾ ਕਠਿਨ ਹੈ। ਇਉਂ ਹੀ ਚੀਨੀ ਭਾਸ਼ਾ ਦੇ ਸ਼ਬਦ ‘ਯਿਨ’, ‘ਯਾਂਗ’, ‘ਕੁੰਗਫੂ’, ‘ਫੇਂਗਸ਼ੂਈ’ ਸ਼ਬਦਾਂ ਦਾ ਵੀ ਕਿਸੇ ਹੋਰ ਭਾਸ਼ਾ ’ਚ ਤਰਜਮਾ ਕਰ ਸਕਣਾ ਔਖਾ ਹੈ।

ਸਿਧਾਂਤਕ ਤੌਰ ’ਤੇ ਕਿਸੇ ਵੀ ਸਾਹਿਤਕ ਅਨੁਵਾਦ

Advertisement

ਨੂੰ ਮੂਲ ਰਚਨਾ ਦਾ ਪੁਨਰ-ਸਿਰਜਣ ਕਰਨ ਦੀ ਸੁਤੰਤਰਤਾ ਹੁੰਦੀ ਹੈ। ਕਿਸੇ ਇੱਕ ਵਿਸ਼ੇਸ਼ ਸੱਭਿਆਚਾਰ ’ਚ ਰਚੀ ਗਈ ਲਿਖਤ ਦਾ ਅਨੁਵਾਦ ਕਰਨ ਵੇਲੇ ਅਨੁਾਵਦਕ ਸਾਹਮਣੇ ਜਿੱਥੇ ਕਈ ਵਿਕਲਪ ਅਤੇ

ਬਦਲ ਹੁੰਦੇ ਹਨ, ਉੱਥੇ ਕਈ ਚੁਣੌਤੀਆਂ ਵੀ ਹੁੰਦੀਆਂ ਹਨ ਕਿਉਂਕਿ ਅਨੁਵਾਦ ਦਾ ਸਬੰਧ ਸਿਰਫ਼ ਭਾਸ਼ਾ ਨਾਲ ਹੀ ਨਹੀਂ ਹੁੰਦਾ ਬਲਕਿ ਇੱਕ ਪੂਰੀ ਵਿਚਾਰਕ, ਰਾਜਨੀਤਕ ਅਤੇ ਸੱਭਿਆਚਾਰਕ ਵਿਵਸਥਾ ਅਤੇ ਇਤਿਹਾਸ ਨਾਲ ਹੁੰਦਾ ਹੈ।

ਕਿਸੇ ਵੀ ਭਾਸ਼ਾ ਵਿੱਚ ਕਈ ਸ਼ਬਦਾਂ ਦਾ ਇੱਕ ਅਰਥ ਨਹੀਂ ਹੈ। ਇਨ੍ਹਾਂ ਦਾ ਮੂਲ ਭਾਸ਼ਾ ਵਿੱਚ ਅਰਥ ਕੁਝ ਹੋਰ ਹੀ ਹੈ। ਇਸ ਲਈ ਉਦੇਸ਼ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾ ਸਕਦਾ। ਇਹੋ ਕਠਿਨਾਈ ਹਰ ਭਾਸ਼ਾ ਦੀ ਸਮਰੱਥਾ ਦੀ ਅਮੀਰੀ ਤੇ ਜਿੰਦ-ਜਾਨ ਹੈ। ਇਸੇ ਕਰਕੇ ਹਰ ਭਾਸ਼ਾ ਦਾ ਆਪਣੇ ਆਪ ’ਚ ਆਪਣੀ ਵਿਸ਼ੇਸ਼ਤਾ ਕਾਰਨ ਇੱਕ ਗ਼ਲਬਾ ਹੁੰਦਾ ਹੈ, ਜਿਸ ਨੂੰ ਛੇਤੀ ਤੇ ਸਹਿਜ ਨਾਲ ਸਵੀਕਾਰ ਕਰ ਲਈਏ ਤਾਂ ਚੰਗਾ ਹੈ। ਇਸ ਵਿੱਚ ਕਿਸੇ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਆਰਥਿਕ, ਸੈਨਿਕ, ਰਾਜਨੀਤਕ ਸੱਤਾ ਜਾਂ ਕੂਟਨੀਤਕ ਹੈਂਕੜ ਕੰਮ ਨਹੀਂ ਕਰਦੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਹਰ ਭਾਸ਼ਾ ਦੀ ਆਪਣੀ ਪਰੰਪਰਾ ਤੇ ਇਤਿਹਾਸ ਹੈ। ਇਸ ਲਈ ਕੋਈ ਵੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਨੂੰ ਆਤਮਸਾਤ ਨਹੀਂ ਕਰ ਸਕਦੀ। ਇਸ ਲਈ ਇਸ ਦਾ ਹੱਲ ਇਹ ਹੋ ਸਕਦਾ ਹੈ ਕਿ ਮਹੱਤਵਪੂਰਨ ਵਿਦੇਸ਼ੀ ਸ਼ਬਦਾਂ ਦਾ ਅਨੁਵਾਦ ਨਾ ਕਰਕੇ ਉਨ੍ਹਾਂ ਨੂੰ ਹੂ-ਬ-ਹੂ ਪ੍ਰਯੋਗ ਕਰ ਲਿਆ ਜਾਵੇ। ਇਸ ਤਰ੍ਹਾਂ ਕੋਈ ਵੀ ਭਾਸ਼ਾ ਕਿਸੇ ਉਪਰ ਗ਼ਾਲਿਬ ਨਹੀਂ ਹੋਵੇਗੀ ਅਤੇ ਹਰ ਭਾਸ਼ਾ ਦਾ ਆਪਣੀ ਆਤਮਾ ਤੇ ਰੂਹਦਾਰੀ ਦਾ ਖ਼ਾਸ ਨਿੱਜ ਬਰਕਰਾਰ ਰਹੇਗਾ, ਪਰ ਅਨੁਵਾਦ ਦਾ ਕਰਮ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ।

ਅਨੁਵਾਦ ਦੌਰਾਨ ਭਾਸ਼ਾ, ਵਿਆਕਰਣ ਦੇ ਭਿੰਨ ਭਿੰਨ ਪ੍ਰਯੋਗਾਂ ਨਾਲ ਇੱਕ ਵਾਕਾਂਸ਼ ਦੇ ਅਰਥ ਦੂਜੇ ਵਿਰੋਧੀ ਅਰਥਾਂ ’ਚ ਪ੍ਰਗਟ ਹੋਣ ਲਗਦੇ ਨੇ। ਅਨੁਵਾਦ ਦੀਆਂ ਸਮੱਸਿਆਵਾਂ ਦੀ ਗੱਲ ਕਰਦਿਆਂ ਕਵਿਤਾ ਦਾ ਅਨੁਵਾਦ ਬੜੇ ਵਿਵਾਦ ਦਾ ਵਿਸ਼ਾ ਹੈ। ਇਸ ਨੂੰ ‘ਅਸੰਭਵ’ ਵੀ ਕਿਹਾ ਗਿਆ ਹੈ। ਆਈ ਏ ਰਿਚਰਡ ਆਪਣੇ ਲੇਖ ‘Towards the Theory of Translating’ ਵਿੱਚ ਲਿਖਦਾ ਹੈ ਕਿ ਅਨੁਵਾਦ ਸ਼ਾਇਦ ਹੁਣ ਤੱਕ ਦਾ ਇਸ ਬ੍ਰਹਿਮੰਡ ਦੇ ਵਿਕਾਸ ’ਚ ਸਭ ਤੋਂ ਵੱਧ ਗੁੰਝਲਦਾਰ ਵਰਤਾਰਾ ਹੈ। ਰੋਮਨ ਜੈਕੋਬਸਨ ਆਪਣੇ ਲੇਖ ‘On Linguistic Aspects of Translation’ ’ਚ ਲਿਖਦਾ ਹੈ ਕਿ ਕਵਿਤਾ ਆਪਣੀ ਪਰਿਭਾਸ਼ਾ ’ਚ ਹੀ ਅਣਅਨੁਵਾਦਿਤ ਹੈ ਭਾਵ ਇਸ ਦਾ ਅਨੁਵਾਦ ਨਹੀਂ ਹੋ ਸਕਦਾ। ਕਵਿਤਾ ਦਾ ਸਿਰਫ਼ ਜਾਂ ਤਾਂ ਇੱਕ ਕਾਵਿਕ ਰੂਪ ਤੋਂ ਦੂਜੇ ਕਾਵਿਕ ਰੂਪ ’ਚ ਜਾਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ’ਚ ਅੰਤਰ-ਭਾਸ਼ਾਈ ਸਿਰਜਣਾਤਮਕ ਅਨੁਵਾਦ ਜਾਂ ਫਿਰ ਇੱਕ ਚਿਹਨੀ ਸਿਸਟਮ ਤੋਂ ਦੂਜੇ ਚਿਹਨੀ ਸਿਸਟਮ ’ਚ ਅੰਤਰਅਰਥੀ ਸਿਰਜਣਾਤਮਕ ਅਨੁਵਾਦ ਹੀ ਹੋ ਸਕਦਾ ਹੈ ਜਿਵੇਂ ਸ਼ਾਬਦਿਕ ਕਲਾ ਤੋਂ ਸੰਗੀਤ, ਨਾਚ, ਸਿਨੇਮਾ ਜਾਂ ਪੇਟਿੰਗਜ਼ ’ਚ ਅਨੁਵਾਦ। ਇਸੇ ਤਰ੍ਹਾਂ ਥਿਓਡਰ ਸੇਵਰੀ ਨੇ ਆਪਣੀ ਕਿਤਾਬ ‘On Translation’ ਵਿੱਚ ਲਿਖਿਆ ਹੈ ਕਿ ਵਾਰਤਕ ਦੇ ਮੁਕਾਬਲੇ ਕਵਿਤਾ ਦਾ ਚਰਿੱਤਰ ਹੀ ਏਨਾ ਗੁੰਝਲਦਾਰ ਹੈ ਜਿਸ ਦਾ ਅਨੁਵਾਦ ਸੰਭਵ ਨਹੀਂ। ਇੰਝ ਹੀ ਬੀ. ਰਾਫੇਲ ਆਪਣੀ ਕਿਤਾਬ ‘The Forked Tongue’ ’ਚ ਲਿਖਦਾ ਹੈ ਕਿ ਅਨੁਵਾਦ ’ਚ ਜਾਂ ਤਾਂ ਕਵਿਤਾ ਨਵੇਂ ਰੂਪ ’ਚ ਜੰਮਦੀ ਹੈ ਜਾਂ ਉਹ ਅਨੁਵਾਦ ਕਵਿਤਾ ਹੁੰਦਾ ਹੀ ਨਹੀਂ। ਵਾਲਟਰ ਬੈਂਜਾਮਿਨ ਅਨੁਵਾਦ ਬਾਰੇ ਇੱਕ ਸੰਪੂਰਨ ਵਿਚਾਰ ਦਿੰਦਾ ਹੋਇਆ ਕਹਿੰਦਾ ਹੈ ਕਿ ਸਭ ਤੋਂ ਮਾੜਾ ਅਨੁਵਾਦ ਉਹ ਹੁੰਦਾ ਹੈ, ਜਿਸ ਬਾਰੇ ਕਿਹਾ ਜਾ ਸਕਦਾ ਹੋਵੇ ਕਿ ਇਹ ਤਾਂ ਅਸਲ ਲਿਖਤ ਜਿਹਾ ਹੀ ਲਗਦਾ ਹੈ । ਜਿਸ ਭਾਸ਼ਾ ’ਚ ਅਨੁਵਾਦ ਕੀਤਾ ਜਾਂਦਾ ਹੈ, ਜੇ ਦੂਸਰੀ ਭਾਸ਼ਾ ਦੀ ‘ਜਾਗ ਲੱਗਣ’ ਨਾਲ ਉਸ ’ਚ ‘ਅਜਨਬੀਕਰਣ’ ਪੈਦਾ ਨਹੀਂ ਹੁੰਦਾ, ਤੇ ਉਸ ਵਿੱਚ ਨਵੇਂ ਜੀਵਨ ਦੀ ਸੰਰਚਨਾ ਨਹੀਂ ਹੁੰਦੀ ਤਾਂ ਉਹ ਅਸਫ਼ਲ ਅਨੁਵਾਦ ਹੁੰਦਾ ਹੈ ।

ਅਨੁਵਾਦਕ ਅਤੇ ਅਨੁਵਾਦ ਬਾਰੇ ਬੈਂਜਾਮਿਨ ਦਾ ਵਿਚਾਰ ਹੈ ਕਿ ਅਨੁਵਾਦਕ ਦਾ ਕੰਮ ਮੂਲ ਪਾਠ ਨੂੰ ਜਿਉਂ ਦਾ ਤਿਉਂ ਪੇਸ਼ ਕਰਨਾ ਨਹੀਂ ਹੈ। ਅਨੁਵਾਦ ’ਤੇ ਸ਼ੁੱਧਤਾ ਦਾ ਪੈਮਾਨਾ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਮੂਲ ਪਾਠ ਨੂੰ ਬੰਦ ਰਚਨਾ ਸਮਝਣਾ ਭਰਮਾਊ ਹੈ। ਹਰ ਅਨੁਵਾਦ ਦਰਅਸਲ ਮੂਲ ਪਾਠ ਦਾ ਉਤਰ ਜੀਵਨ ਹੈ। ਕੋਈ ਵੀ ਮੂਲ ਪਾਠ ਆਪਣੇ ਰਚਨਾ ਕਾਲ ਤੋਂ ਬਾਅਦ ਉਵੇਂ ਦਾ ਉਵੇਂ ਨਹੀਂ ਰਹਿੰਦਾ। ਅਨੁਵਾਦ ਇੱਕ ਇਤਿਹਾਸ ਹੈ ਅਤੇ ਮੂਲ ਪਾਠ ਇਤਿਹਾਸ ਰਾਹੀਂ ਪਰੰਪਰਾ ’ਚ ਵਹਾ ਦਿੱਤਾ ਜਾਂਦਾ ਹੈ। ਕਿਸੇ ਰਚਨਾ ਦੇ ਕਾਵਿਆਤਮਕ ਤੱਤਾਂ ਦਾ ਅਨੁਵਾਦ ਹੀ ਉਸ ਦੇ ਅਰਥ ਦਾ ਪੁਨਰ ਉਤਪਾਦਨ ਹੈ। ਆਪਣੇ ਲੇਖ ‘Story Teller’ ਵਿੱਚ ਉਹ ਉਤਰ ਜੀਵਨ ਵਾਲੇ ਜ਼ਾਵੀਏ ਤੋਂ ਕਹਿੰਦਾ ਹੈ ਕਿ ਕਹਾਣੀ ਉਹੀ ਹੈ ਜੋ ਆਪਣੀ ਸਮੱਗਰੀ ’ਚ ਕਥਾ ਨੂੰ ਸੰਜੋਈ ਰੱਖਦੀ ਹੈ। ਕਹਾਣੀ ਇੱਕ ਸਰੋਤੇ ਤੋਂ ਦੂਸਰੇ ਸਰੋਤੇ ਤੱਕ ਯਾਤਰਾ ਕਰਦੀ ਹੈ। ਉਹ ਵਰਤਮਾਨ ਦੀ ਚੌਧਰ (ਹੈਜੇਮਨੀ) ਨੂੰ ਤੋੜਦੀ ਹੈ। ਸਿਮਰਤੀਆਂ ਦੇ ਰੂਪ ਹੀ ਪਰਿਵਰਤਿਤ ਰੂਪ ’ਚ ਪਾਠ ’ਚ ਗਤੀਸ਼ੀਲ ਢੰਗ ਨਾਲ ਪ੍ਰਗਟ ਹੁੰਦੇ ਰਹਿੰਦੇ ਹਨ ਅਤੇ ਇਹੋ ਕਥਾ ਦਾ ਉਤਰ ਜੀਵਨ ਹੈ। ਕਹਾਣੀ ਤੇ ਉਸ ਦਾ ਅਰਥ ਸਹਿਹੋਂਦੀ, ਸਹਿਧਰਮੀ ਅਤੇ ਸਹਿਭਾਵੀ ਹਨ। ਕਹਾਣੀ ਸਦਾ ਇੱਕ ਸਮੂਹ ਦੀ ਕਲਪਨਾ ਕਰਦੀ ਹੈ। ਸਰੋਤਾ ਬਾਅਦ ’ਚ ਆਪ ਹੀ ਕਹਾਣੀਕਾਰ ਹੋ ਜਾਂਦਾ ਹੈ। ਉਹ ਕਹਾਣੀ ਦੇ ਪਹਿਲੇ ਮੂਲ ਪਾਠ ’ਚ ਰੰਗ ਭਰ ਦਿੰਦਾ ਹੈ ਅਤੇ ਕਹਾਣੀ ਆਪਣੀ ਤੋਰੇ ਵਿਕਸਤ ਹੁੰਦੀ ਰਹਿੰਦੀ ਹੈ।

ਕਵਿਤਾ ਦਾ ਛੰਦਮੂਲਕ ਅਨੁਵਾਦ ਕਰਨਾ ਕਠਿਨ ਕਾਰਜ ਹੈ। ਇਸ ਲਈ ਅਨੁਵਾਦਕ ਕੋਲ ਸਹਿਜ ਪ੍ਰਤਿਭਾ ਤੇ ਅਭਿਆਸ ਦਰਕਾਰ ਹੈ। ਦੂਜੀ ਗੱਲ ਇਹ ਹੈ ਕਿ ਇੱਕ ਭਾਸ਼ਾ ਦੇ ਸਮਰੂਪ ਦੂਜੀ ਭਾਸ਼ਾ ’ਚ ਵੀ ਸ਼ਬਦ ਮੌਜੂਦ ਹੋਣ, ਇਹ ਜ਼ਰੂਰੀ ਨਹੀਂ। ਤੀਜਾ, ਜੇਕਰ ਮੂਲ ਛੰਦ ਨੂੰ ਉਦੇਸ਼ ਭਾਸ਼ਾ ’ਚ ਉਧਾਰ ਲੈ ਵੀ ਲਿਆ ਜਾਵੇ ਤਾਂ ਵੀ ਮੂਲ ਛੰਦ ਦਾ ਜੋ ਪ੍ਰਭਾਵ ਸਰੋਤ ਭਾਸ਼ਾ ਦਾ ਭਾਸ਼ਾਹਾਰੀ ’ਤੇ ਪੈਂਦਾ ਹੈ ਉਹ ਪ੍ਰਭਾਵ ਉਦੇਸ਼ ਭਾਸ਼ਾ ਦੇ ਪਾਠਕ ’ਤੇ ਨਹੀਂ ਪੈ ਸਕਦਾ। ਉਮਰ ਖ਼ਯਾਮ ਦੀਆਂ ਰੁਬਾਈਆਂ ਦੇ ਅਨੁਵਾਦ ਸਮੇਂ ਫਿਟਸਜੈਰਲਡ ਨੇ ਵਿਧੀ ਅਪਣਾਈ ਹੈ, ਜਿਸਦਾ ਜ਼ਿਕਰ ਕਰਨਾ ਬਣਦਾ ਹੈ। ਇਸ ’ਚ ਉਸ ਨੇ ਉਦੇਸ਼ ਭਾਸ਼ਾ ਵਿੱਚ ਪ੍ਰਾਪਤ ਛੰਦ ਦੇ ਅਨੁਵਾਦ ਦਾ ਸਹਾਰਾ ਲਿਆ ਹੈ ਪਰ ਉਸ ਦੇ ਮੂਲ ਦੇ ਪ੍ਰਭਾਵ ਨੂੰ ਉਦੇਸ਼ ਭਾਸ਼ਾ ’ਚ ਉਲਥਾ ਸਕਣਾ ਕਾਫ਼ੀ ਕਠਿਨ ਹੈ:

ਆਮਦ ਸਹੇ ਨਿਦਾ ਜ਼ੇ ਮਯਖਾਨ-ਏ-ਮਾ।

ਕੇ ਰਿੰਦ ਖ਼ਰਾਬਾਤੀ ਵ ਦੀਵਾਨ-ਏ-ਮਾ।

ਬਰਖ਼ੇਜ਼ ਕਿ ਪੁਰਕੁਨੇਮ ਪੈਮਾਨਾ ਜ਼ੇ ਮਯ,

ਜਾਂ ਪੇਸ਼ ਕਿ ਪੁਰਕੁਨੰਦ ਪੈਮਾਨ-ਏ-ਮਾ।

- ਉਮਰ ਖ਼ਯਾਮ

Dreaming when Dawn’s left hand was is the sky

I heard a voice within the tavern cry,

‘Awake, my little one, and fill the cup

Before life’s liquor in its cup be dry’.

- Fitzegarld

ਅਸਲ ’ਚ ਕਾਵਿ ਅਨੁਵਾਦ ਦੀ ਵੱਡੀ ਸਮੱਸਿਆ ਹੈ ਮੂਲ ਧੁਨੀ ਪ੍ਰਭਾਵ ਨੂੰ ਅਨੁਵਾਦਣ ਦੀ। ਧੁਨੀ ਪ੍ਰਭਾਵ ਵਰਣਾਂ ਨਾਲ ਜੁੜਿਆ ਹੈ। ਇਕਸਰੋਤੀਆਂ ਜਾਂ ਇਕਮੂਲ ਭਾਸ਼ਾਵਾਂ ਜਿਵੇਂ ਹਿੰਦੀ ਪੰਜਾਬੀ ’ਚ ਤਾਂ ਧੁਨੀ ਪ੍ਰਭਾਵ ਪੈਦਾ ਹੋ ਸਕਦਾ ਹੈ ਪਰ ਦੁਰੇਡੀਆਂ ਭਾਸ਼ਾਵਾਂ ਵਿੱਚ ਇਹ ਬਹੁਤੀ ਵਾਰ ਸੰਭਵ ਨਹੀਂ ਹੁੰਦਾ।

ਜੇਕਰ ਇਸ ਕਵਿਤਾ ਨੂੰ ਅੰਗਰੇਜ਼ੀ ’ਚ ਅਨੁਵਾਦ ਕਰਨਾ ਹੋਵੇ ਤਾਂ ਥੋੜ੍ਹਾ ਕਠਿਨ ਜ਼ਰੂਰ ਹੋਵੇਗਾ ਕਿਉਂਕਿ ਭਾਰਤੀ ਭਾਸ਼ਾਵਾਂ ਵਿੱਚ ਵਰਣਾਂ ਤੇ ਮਾਤਰਾਵਾਂ ’ਤੇ ਬਲ ਦਿੱਤਾ ਜਾਂਦਾ ਹੈ ਜਦੋਂਕਿ ਅੰਗਰੇਜ਼ੀ ਵਿੱਚ ਇੱਕ ਤੋਂ ਵੱਧ ਵਰਣ ਮਿਲ ਕੇ ਸਿਲੇਬਲਜ਼ ਬਣਾਉਂਦੇ ਹਨ ਅਤੇ ਅੰਗਰੇਜ਼ੀ ’ਚ ਸਿਲੇਬਲਜ਼ ਦੇ ਪ੍ਰਯੋਗ ’ਤੇ ਵੱਧ ਬਲ ਦਿੱਤਾ ਜਾਂਦਾ ਹੈ। ਇਸੇ ਕਾਰਨ ਅੰਗਰੇਜ਼ੀ ਉਚਾਰਣ ’ਚ ਦਬਾਅ, ਠਹਿਰਾਅ ਤੇ ਜ਼ੋਰ ਕਿੱਥੇ, ਕਦੋਂ ਤੇ ਕਿੱਦਾਂ ਦੇਣਾ ਹੈ, ਦਾ ਬਹੁਤ ਮਹੱਤਵ ਹੈ। ਵਰਣ ਤੇ ਧੁਨੀ ਤੋਂ ਬਾਅਦ ਅਗਲੀ ਸਮੱਸਿਆ ਸ਼ਬਦ ਚੋਣ ਦੀ ਆਉਂਦੀ ਹੈ। ਸ਼ਬਦਕੋਸ਼ਾਂ ’ਚ ਸ਼ਬਦਾਂ ਦੇ ਸਮਰੂਪ ਤੇ ਤੱਤਸਮ ਮਿਲ ਜਾਂਦੇ ਹਨ ਪਰ ਕਈ ਵਾਰ ਇੱਕੋ ਹੀ ਸਰੋਤ/ਮੂਲ ਦੀਆਂ ਭਾਸ਼ਾਵਾਂ ਵਿੱਚ ਵੀ ਸਹੀ ਤੇ ਸਟੀਕ ਸਮਰੂਪ ਨਹੀਂ ਮਿਲਦੇ। ਇਸ ਦਾ ਕਾਰਨ ਇਹ ਹੈ ਕਿ ਸ਼ਬਦ ਦੀਆਂ ਸੱਭਿਆਚਾਰਕ ਤੇ ਰਾਗਾਤਮਕ ਭੂਮਿਕਾਵਾਂ ਹੁੰਦੀਆਂ ਹਨ। ਆਪਣੀ ਸੱਭਿਆਚਾਰਕ, ਸਮਾਜਿਕ ਤੇ ਭੂਗੋਲਿਕ ਪਿੱਠਭੂਮੀ ਕਾਰਨ ਹਰ ਭਾਸ਼ਾ ਦੇ ਸ਼ਬਦ ਦਾ ਆਪਣਾ ਅਰਥ ਬਿੰਬ ਹੁੰਦਾ ਹੈ। ਇੰਝ ਅਸਲ ’ਚ ਸ਼ਬਦ ਚੋਣ ਕਾਰਨ ਬਿੰਬਾਂ ਦੀ ਹੀ ਚੋਣ ਹੁੰਦੀ ਹੈ ਅਤੇ ਇਸ ਚੋਣ ਦੀ ਕਸਵੱਟੀ ਹੈ ਉਚਤਿਤਾ।

ਕਵਿਤਾ ’ਚ ਸ਼ਬਦਾਂ ਦੇ ਕੇਵਲ ਅਭਿਧਾ ਅਰਥਾਂ ਨਾਲ ਹੀ ਕੰਮ ਨਹੀਂ ਚੱਲਦਾ। ਉਸ ’ਚ ਲੱਖਣਾ-ਵਿਅੰਜਨਾ ਦਾ ਵੀ ਪ੍ਰਯੋਗ ਹੁੰਦਾ ਹੈ। ਇਨ੍ਹਾਂ ਦੇ ਹੀ ਵਿਕਸਿਤ ਰੂਪ ਪ੍ਰਤੀਕ ਤੇ ਮਿੱਥਾਂ ਹਨ। ਇਹ ਹਰ ਸਮਾਜ, ਦੇਸ਼ ਤੇ ਖਿੱਤੇ ਦੇ ਇਤਿਹਾਸ ਨਾਲ ਜੁੜੇ ਹੁੰਦੇ ਹਨ। ਜਿਵੇਂ ਪੱਛਮੀ ਕਾਵਿਸ਼ਾਸਤਰ ’ਚ ‘ਵੀਨਸ’ ਸੁੰਦਰਤਾ ਦਾ, ‘ਐਚਲਿਸ’ ਸ਼ਕਤੀ ਦਾ, ‘ਜੂਡਾ’ ਧੋਖੇਬਾਜ਼ ਦਾ ਤੇ ‘ਵਾਟਰਲੂ’ ਹਾਰ ਦਾ ਪ੍ਰਤੀਕ ਹੈ। ਇਸ ਦਾ ਪੰਜਾਬੀ ਸੰਦਰਭ ਕਿਤੇ ਵੀ ਨਹੀਂ ਬਣਦਾ। ਪੰਜਾਬੀ ਦੇ ਸੱਸੀ, ਰਾਂਝਾ, ਮਿਰਜ਼ਾ ਦਾ ਸਮਰੂਪ ਅੰਗਰੇਜ਼ੀ ਕੋਲ ਨਹੀਂ। ਸਾਇਬੇਰੀਆ ਦੀ ਠੰਢ ਤੇ ਦਿੱਲੀ ਦੀ ਠੰਢ ’ਚ ਫ਼ਰਕ ਹੈ। ਪੰਜਾਬੀ ਦੇ ‘ਦਾਦਾ’ ਤੇ ਬੰਗਾਲੀ ਦੇ ‘ਦਾਦਾ’, ਪੰਜਾਬੀ ਦੇ ‘ਕਾਕਾ’ ਤੇ ਹਿੰਦੀ ਦੇ ‘ਕਾਕਾ’ ’ਚ ਢੇਰ ਅੰਤਰ ਹੈ। ਅਨੁਵਾਦ ਵੇਲੇ ਸ਼ਬਦ ਚੋਣ ਵਿੱਚ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਕਾਵਿ ਅਨੁਵਾਦ ਵਿੱਚ ਅਲੰਕਾਰਾਂ, ਰੂਪਕਾਂ ਤੇ ਬਿੰਬਾਂ ਦੇ ਅਨੁਵਾਦ ਦੀ ਵੀ ਕਠਿਨ ਸਮੱਸਿਆ ਹੈ। ਇੰਝ ਕਾਵਿ ਅਨੁਵਾਦ ਦੀਆਂ ਵਿਭਿੰਨ ਸਮੱਸਿਆਵਾਂ ਦੇ ਮੱਦੇਨਜ਼ਰ ਕੁਝ ਕੁ ਪ੍ਰਤੀਮਾਨ ਅਨੁਵਾਦਕਾਂ ਨੇ ਬਣਾਏ ਹਨ ਜਿਵੇਂ: ਕੀ ਅਨੁਵਾਦ ਪੜ੍ਹਨਯੋਗ ਹੈ ਜਾਂ ਨਹੀਂ? ਕੀ ਉਦੇਸ਼ ਭਾਸ਼ਾ ’ਚ ਮੂਲ ਲਿਖਤ ਦੀ ਮੌਲਿਕਤਾ ਕਾਇਮ ਹੈ? ਕੀ ਅਨੁਵਾਦ ਆਪਣੀ ਸੰਪੂਰਨਤਾ ’ਚ ਪ੍ਰਭਾਵੀ ਹੈ। ਕੀ ਅਨੁਵਾਦ ਦਾ ਸੰਚਾਰ ਹੋ ਰਿਹਾ ਹੈ? ਕੀ ਅਨੁਵਾਦ ਪਾਠਕ ਨੂੰ ਸੰਤੁਸ਼ਟ ਕਰਦਾ ਹੈ? ਕੀ ਅਨੁਵਾਦ ਮੂਲ ਪਾਠ ਪ੍ਰਤੀ ਵਿਸ਼ਵਾਸ ਰੱਖਦਾ ਹੈ? ਕੀ ਅਨੁਵਾਦਕ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ? ਕੀ ਅਨੁਵਾਦਕ ਉਦੇਸ਼ ਭਾਸ਼ਾ ’ਚ ਅਨੁਵਾਦ ਕਰ ਸਕਣ ਦੇ ਯੋਗ ਵੀ ਹੈ? ਅਤੇ ਕੀ ਅਨੁਵਾਦਕ ਨੇ ਭਾਸ਼ਾ ਦਾ ਪ੍ਰਯੋਗ ਸਿਰਜਣਾਤਮਕ ਰੂਪ ’ਚ ਕੀਤਾ ਹੈ?

ਕਾਵਿ ਅਨੁਵਾਦ ਦੇ ਖੇਤਰ ’ਚ ਅਕਸਰ ਬਹੁਤੇ ਪਾਠਕ ਸ਼ਾਬਦਿਕ ਅਨੁਵਾਦ ਦੀ ਬਜਾਏ ਪੁਨਰ-ਸਿਰਜਣ/ ਅਨੁ-ਸਿਰਜਣਾ/ ਟ੍ਰਾਂਸਕ੍ਰਿਏਸ਼ਨ ਨੂੰ ਮਹੱਤਵ ਦਿੰਦੇ ਹਨ। ਆਪਣੇ ਪਾਠਕਾਂ ਦੀਆਂ ਲੋੜਾਂ ਅਤੇ ਸੁਭਾਅ ਦੇ ਮੱਦੇਨਜ਼ਰ ਅਨੁਵਾਦਕ ਨੂੰ ਸਹੀ ਪ੍ਰਕਿਰਿਆ ਅਤੇ ਆਪਣੇ ਅਨੁਵਾਦ ਦੀਆਂ ਪ੍ਰਮੁੱਖਤਾਵਾਂ ਨਿਸ਼ਚਿਤ ਕਰਨੀਆਂ ਚਾਹੀਦੀਆਂ ਹਨ। ਇੰਝ ਪਾਠਕ ਪ੍ਰਤੀਕਰਮ ਕਿਸੇ ਵੀ ਅਨੁਵਾਦ ਦੀ ਸਵੀਕ੍ਰਿਤੀ ਅਤੇ ਭਰੋਸੇਯੋਗਤਾ ਲਈ ਜ਼ਰੂਰੀ ਤੱਤ ਹੈ। ਪੁਨਰ-ਸਿਰਜਣ ਅਤੇ ਅਨੁ-ਸਿਰਜਣ ਵਿੱਚ ਅਨੁਵਾਦਕ ਆਪਣੇ ਵੱਲੋਂ ਕੁਝ ਜੋੜਦਾ ਹੈ, ਕਦੇ ਮੂਲ ਭਾਵ ਦੀ ਵਿਆਖਿਆ ਵੀ ਕਰਦਾ ਹੈ ਤੇ ਕਈ ਕੁਝ ਛੱਡਦਾ ਵੀ ਹੈ। ਇਸੇ ਕਾਰਨ ਮਹਾਨ ਅਨੁਵਾਦਕ ਫਿਟਸਜੈਰਲਡ ਕਹਿੰਦਾ ਹੈ: ‘A live sparrow is better than a stuffed eagle.’

ਸੰਪਰਕ: 82839-48811

Advertisement
Show comments