ਰੱਬ ਨੂੰ ਚਿੱਠੀ
ਮੱਧ ਮੈਕਸੀਕੋ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਦੇ ਖੇਤਾਂ ਵਿੱਚ ਉੱਗਦੀ ਕਣਕ ਤੇ ਮੱਕੀ ਦੀ ਫ਼ਸਲ ਦੇਸ਼ ਦੀ ਸਭ ਤੋਂ ਵਧੀਆ ਫ਼ਸਲ ਸੀ ਜਿਸ ਨੂੰ ਬਾਜ਼ਾਰ ਵਿੱਚ ਵੇਚ ਕੇ ਉਸ ਨੂੰ ਚੰਗਾ ਪੈਸਾ ਮਿਲ ਜਾਂਦਾ ਸੀ। ਕੁਝ ਸਾਲਾਂ ਮਗਰੋਂ ਮੀਂਹ ਪੈਣੇ ਬੰਦ ਹੋ ਗਏ। ਜ਼ਮੀਨ ਸੁੱਕ ਗਈ। ਫ਼ਸਲਾਂ ਬਰਬਾਦ ਹੋ ਗਈਆਂ। ਕਿਸਾਨ ਗ਼ਰੀਬ ਹੋ ਗਿਆ। ਉਹ ਐਨਾ ਗ਼ਰੀਬ ਹੋ ਗਿਆ ਕਿ ਉਸ ਕੋਲ ਆਪਣੇ ਪਰਿਵਾਰ ਲਈ ਇੱਕ ਡਬਲ ਰੋਟੀ ਖਰੀਦਣ ਲਈ ਵੀ ਪੈਸੇ ਨਾ ਰਹੇ। ਦੁਖੀ ਹੋ ਕੇ ਉਹ ਆਪਣੇ ਮਿੱਤਰਾਂ ਕੋਲ ਗਿਆ ਪਰ ਉਨ੍ਹਾਂ ਦਾ ਵੀ ਇਹੋ ਹਾਲ ਸੀ। ਉਹ ਨਿਰਾਸ਼ ਤੇ ਲਾਚਾਰ ਹੋ ਗਿਆ।
ਇੱਕ ਦਿਨ ਸਵੇਰੇ ਉੱਠਿਆ ਤੇ ਖੇਤਾਂ ਵਿੱਚ ਗਿਆ। ਬੰਜਰ ਹੋਈ ਜ਼ਮੀਨ ਨੂੰ ਵੇਖ ਕੇ ਉਹ ਰੋ ਪਿਆ। ਗੋਡਿਆਂ ਭਾਰ ਬਹਿ ਗਿਆ ਤੇ ਰੱਬ ਨੂੰ ਪੁਕਾਰਨ ਲੱਗਾ- ਹੇ ਮਹਾਨ ਰੱਬਾ! ਤੂੰ ਜਾਣਦਾ ਹੈਂ ਕਿ ਮੈਂ ਇੱਕ ਚੰਗਾ ਤੇ ਮਿਹਨਤੀ ਕਿਸਾਨ ਹਾਂ। ਤੂੰ ਮੈਨੂੰ ਇਸ ਤਰ੍ਹਾਂ ਸਜ਼ਾ ਕਿਉਂ ਦੇ ਰਿਹਾ ਹੈਂ? ਜੇ ਤੂੰ ਮੇਰੀ ਥੋੜ੍ਹੀ ਜਿਹੀ ਮਦਦ ਵੀ ਕਰ ਦੇਵੇਂ, ਜੇ ਤੂੰ ਮੈਨੂੰ ਹਜ਼ਾਰ ਪੀਸੋ ਹੀ ਭੇਜ ਦੇਵੇਂ। ਮੇਰੀ ਦਸ਼ਾ ਸੁਧਰ ਜਾਵੇਗੀ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਸਖ਼ਤ ਮਿਹਨਤ ਕਰਾਂਗਾ ਤੇ ਮੁੜ ਕੇ ਅਮੀਰ ਹੋ ਜਾਵਾਂਗਾ। ਮੈਂ ਜਾਣਦਾ ਹਾਂ ਤੂੰ ਮੈਨੂੰ ਨਿਰਾਸ਼ ਨਹੀਂ ਕਰੇਂਗਾ।
ਜਦੋਂ ਉਸ ਨੂੰ ਰੋ ਰੋ ਕੀਤੀ ਫਰਿਆਦਾ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਸ ਨੇ ਰੱਬ ਨੂੰ ਆਪਣਾ ਦੁੱਖੜਾ ਦੱਸਣ ਲਈ ਤੇ ਸਹਾਇਤਾ ਲਈ ਇੱਕ ਚਿੱਠੀ ਲਿਖਣ ਦਾ ਫ਼ੈਸਲਾ ਕੀਤਾ। ਬੱਚਿਆਂ ਵਾਂਗ ਉਤਸ਼ਾਹ ਨਾਲ ਭਰੇ ਮਨ ਨਾਲ ਉਸ ਚਿੱਠੀ ਲਿਖੀ ਤੇ ਚਿੱਠੀ ਪੋਸਟ ਮਾਸਟਰ ਨੂੰ ਦੇ ਦਿੱਤੀ, ਇਸ ਯਕੀਨ ਨਾਲ ਕਿ ਰੱਬ ਉਸ ਦੀ ਮਦਦ ਕਰੇਗਾ।
ਪੋਸਟ ਮਾਸਟਰ ਨੇ ਚਿੱਠੀ ਪੜ੍ਹੀ। ਚਿੱਠੀ ਪੜ੍ਹ ਕੇ ਉਹ ਥੋੜ੍ਹਾ ਜਿਹਾ ਖੁਸ਼ ਹੋਇਆ ਪਰ ਗੱਲ ਉਸ ਦੇ ਦਿਲ ਨੂੰ ਲੱਗ ਗਈ। ਉਹ ਭਲਾ ਬੰਦਾ ਸੀ। ਉਹ ਕਿਸਾਨ ਦੀ ਮਦਦ ਕਰਨਾ ਚਾਹੁੰਦਾ ਸੀ। ਉਸ ਨੇ ਚਿੱਠੀ ਡਾਕਖਾਨੇ ਵਿੱਚ ਆਪਣੇ ਨਾਲ ਕੰਮ ਕਰਦੇ ਬੰਦਿਅਆਂ ਨੂੰ ਵਿਖਾਈ। ਉਹ ਸਾਰੇ ਵੀ ਕਿਸਾਨ ਦਾ ਰੱਬ ਵਿੱਚ ਭਰੋਸਾ ਵੇਖ ਕੇ ਪ੍ਰਭਾਵਿਤ ਹੋ ਗਏ।
ਸਾਰਿਆਂ ਨੇ ਆਪਣੇ ਆਪਣੇ ਬਟੂਏ ਕੱਢੇ ਤੇ ਮੇਜ਼ ’ਤੇ ਉਲਟਾ ਦਿੱਤੇ। ਪੋਸਟ ਮਾਸਟਰ ਨੇ ਪੈਸੇ ਗਿਣੇ ਤਾਂ ਉਹ ਅੱਠ ਸੋ ਪੀਸੋ ਬਣੇ। ਉਸ ਨੇ ਪੈਸੇ ਇੱਕ ਲਿਫ਼ਾਫੇ ਵਿੱਚ ਪਾਏ ਤੇ ਲਿਫ਼ਾਫਾ ਬੰਦ ਕਰ ਦਿੱਤਾ। ਲਿਫ਼ਾਫ਼ੇ ’ਤੇ ਲਿਖਿਆ ‘‘ਸਵਰਗ ਦੇ ਰੱਬ ਵੱਲੋਂ’ ਤੇ ਹੇਠਾਂ ਉਸ ਕਿਸਾਨ ਦਾ ਪਤਾ ਲਿਖ ਦਿੱਤਾ ਤੇ ਡਾਕੀਏ ਰਾਹੀਂ ਕਿਸਾਨ ਕੋਲ ਭੇਜ ਦਿੱਤਾ। ਅਜਿਹਾ ਕਰ ਕੇ ਉਹ ਆਪਣੇ ਆਪ ਨਾਲ ਬੜਾ ਖੁਸ਼ ਹੋ ਗਿਆ।
ਕਿਸਾਨ ਦੀ ਖੁਸ਼ੀ ਦੀ ਹੱਦ ਲਾ ਰਹੀ। ਉਸ ਦੇ ਰੱਬ ਨੇ ਉਸ ਦੀ ਫ਼ਰਿਆਦ ਸੁਣ ਲਈ। ਉਸ ਨੇ ਝੱਟ ਪੱਟ ਚਿੱਠੀ ਖੋਲ੍ਹੀ ਤੇ ਪੈਸੇ ਗਿਣੇ। ਭਾਵੇਂ 200 ਪੀਸੋ ਘੱਟ ਸਨ ਤਦ ਵੀ ਉਹ ਇਸ ਦੈਵੀ ਮਦਦ ਦਾ ਬੜਾ ਸ਼ੁਕਰਗੁਜ਼ਾਰ ਸੀ। ਉਸ ਨੇ ਝੱਟ ਹੀ ਇੱਕ ਕਾਗਜ਼ ਲਿਆ ਤੇ ਧੰਨਵਾਦ ਦੀ ਚਿੱਠੀ ਲਿਖੀ।
ਪਿਆਰੇ ਰੱਬ ਜੀ, ਤੁਹਾਡੀ ਮਦਦ ਲਈ ਬਹੁਤ ਬਹੁਤ ਧੰਨਵਾਦ। ਮੈਂ ਜਾਣਦਾ ਸੀ ਕਿ ਤੁਸੀਂ ਆਪਣੇ ਸ਼ਰਧਾਲੂ ਨੂੰ ਕਦੀਂ ਨਿਰਾਸ਼ ਨਹੀਂ ਕਰੋਗੇ। ਹੁਣ ਮੈਂ ਇਸ ਔਖੀ ਹਾਲਤ ਤੋਂ ਬਾਹਰ ਨਿਕਲ ਆਵਾਂਗਾ। ਉਮੀਦ ਕਰਦਾ ਹਾਂ ਕਿ ਮੈਨੂੰ ਦੁਬਾਰਾ ਤੁਹਾਨੂੰ ਤੰਗ ਨਹੀਂ ਕਰਨਾ ਪਵੇਗਾ। ਮੁੜ ਕੇ ਇੱਕ ਵਾਰੀ ਧੰਨਵਾਦ!
ਤੁਹਾਡਾ ਸ਼ਰਧਾਲੂ ਸੇਵਕ, ਮਰੀਉ
ਪਿਛਲੀ ਲਿਖਤ ਜੇ ਮੈਨੂੰ ਫਿਰ ਕਦੀ ਪੈਸੇ ਦੀ ਲੋੜ ਪਵੇ ਤੇ ਮੈਂ ਤੁਹਾਡੇ ਕੋਲੋਂ ਪੈਸੇ ਮੰਗਾਂ, ਮਿਹਰਬਾਨੀ ਕਰ ਕੇ ਸਿੱਧੇ ਮੈਨੂੰ ਪੈਸੇ ਭੇਜ ਦਿਆ ਜੇ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੈਨੂੰ 1000 ਪੀਸੋ ਹੀ ਭੇਜੇ ਹੋਣਗੇ, ਮੈਨੂੰ ਸ਼ੱਕ ਹੈ ਕਿ ਪੋਸਟ ਮਾਸਟਰ ਨੇ ਵਿੱਚੋਂ ਰੱਖ ਲਏ ਹੋਣਗੇ। ਇਨ੍ਹਾਂ ਲੋਕਾਂ ਦਾ ਕਦੀ ਇਤਬਾਰ ਨਾ ਕਰੋ ਕਿ ਇਹ ਇਮਾਨਦਾਰ ਹੋਣਗੇ।
- ਪੰਜਾਬੀ ਰੂਪ: ਲਵਲੀਨ ਜੌਲੀ