ਚਲੋ ਜਲ ਨੂੰ ਪੁੱਛੀਏ
ਪੰਜਾਬ ਆਦਿ ਸੱਚ ਹੜ੍ਹ ਸ਼ਬਦ ਕਿਸੇ ਦੀ ਬੇਸਬਰੀ ਲਈ ਵੀ ਵਰਤਿਆ ਜਾਂਦਾ ਹੈ। ਵਾਕ ਹਨ: ਉਹ ਹੜ੍ਹ ਗਿਆ। ਉਹ ਤਾਂ ਹੜ੍ਹੀ ਪਈ ਹੈ। ਇਹ ਸੰਬੰਧਤ ਧਿਰ ਦੇ ਨਾਂਹਪੱਖੀ ਚਰਿੱਤਰ ਨੂੰ ਦੱਸਦਾ ਹੈ। ਇਸ ਵਾਰ ਦੇ ਹੜ੍ਹ ਨੇ ਇਹ ਅਰਥ ਹੋਰ...
ਪੰਜਾਬ
ਆਦਿ ਸੱਚ
ਹੜ੍ਹ ਸ਼ਬਦ ਕਿਸੇ ਦੀ ਬੇਸਬਰੀ ਲਈ ਵੀ ਵਰਤਿਆ ਜਾਂਦਾ ਹੈ। ਵਾਕ ਹਨ: ਉਹ ਹੜ੍ਹ ਗਿਆ। ਉਹ ਤਾਂ ਹੜ੍ਹੀ ਪਈ ਹੈ। ਇਹ ਸੰਬੰਧਤ ਧਿਰ ਦੇ ਨਾਂਹਪੱਖੀ ਚਰਿੱਤਰ ਨੂੰ ਦੱਸਦਾ ਹੈ।
ਇਸ ਵਾਰ ਦੇ ਹੜ੍ਹ ਨੇ ਇਹ ਅਰਥ ਹੋਰ ਵੀ ਗੂੜ੍ਹੇ ਕਰ ਦਿੱਤੇ, ਦਰਿਆ ਹੜ੍ਹਿਆ ਪਿਆ ਹੈ! ਨਦੀ ਹੜ੍ਹੀ ਹੋਈ ਹੈ!
ਆਮ ਅਰਥਾਂ ਵਿੱਚ ਹੜ੍ਹਾਂ ਨੂੰ ਕੁਦਰਤੀ ਕਰੋਪੀ ਆਖਦੇ ਹਨ ਪਰ ਇਹ ਕਰੋਪੀ ਵੀ ਮਾਨਵੀ ਬੇਅਕਲੀ ਦਾ ਨਤੀਜਾ ਹੁੰਦੀ ਹੈ। ਪੰਜਾਬ ਨੇ ਇਸ ਨੂੰ ਆਫ਼ਤ ਤੋਂ ਅਲੱਗ ਰਾਜ ਪ੍ਰਬੰਧ ਦੀ ਅਣਗਹਿਲੀ ਤੇ ਸਾਜ਼ਿਸ਼ ਵੀ ਮੰਨਿਆ ਹੈ। ਹੜ੍ਹ ਪ੍ਰਤੀ ਦ੍ਰਿਸ਼ਟੀ ਅੰਦਰ ਇਹ ਮੂਲ ਪਰਿਵਰਤਨ ਹੈ ਜਿਹੜਾ ਕੁਦਰਤ ਪ੍ਰਤੀ ਵਿਕਸਤ ਹੋਈ ਨਵੀਂ ਭੂਗੋਲਿਕ ਤੇ ਵਾਤਾਵਰਣਕ ਚੇਤਨਾ ਦਾ ਸਿੱਟਾ ਹੈ।
ਇਸ ਹੜ੍ਹ ਨੇ ਕਿੰਨੇ ਹੀ ਅੰਕੜੇ ਪੈਦਾ ਕੀਤੇ ਹਨ: ਪ੍ਰਭਾਵਿਤ ਪਿੰਡ, ਆਬਾਦੀ, ਘਰ, ਵਿਦਿਅਕ ਅਦਾਰੇ, ਆਸਥਾ ਸਥਾਨ, ਫ਼ਸਲਾਂ, ਜ਼ਮੀਨਾਂ, ਖੇਤੀ ਸੰਦ-ਸਾਧਨ, ਬਿਜਲੀ ਪ੍ਰਬੰਧ, ਨੈੱਟਵਰਕ ਟਾਵਰ, ਬੋਰ, ਪਸ਼ੂ-ਪੰਛੀ ਧਨ, ਕੁੱਤੇ, ਹੱਡਾਰੋੜੀਆਂ, ਸਿਵੇ, ਮਨੁੱਖੀ ਜਾਨਾਂ, ਬਿਮਾਰੀਆਂ ਆਦਿ। ਪਿੰਡਾਂ ਦੇ ਅਵਾਰਾ ਕੁੱਤਿਆਂ, ਪਸ਼ੂ-ਪੰਛੀਆਂ ਅਤੇ ਕੀੜੇ-ਮਕੌੜਿਆਂ ਬਾਰੇ ਸਾਡੇ ਕੋਲ ਕੋਈ ਅੰਕੜਾ ਨਹੀਂ ਹੋਵੇਗਾ ਅਤੇ ਨਾ ਹੀ ਅਸੀਂ ਘਾਹ-ਫੂਸ, ਜੜੀਆਂ-ਬੂਟੀਆਂ, ਝਾੜੀਆਂ, ਜੰਗਲੀ ਰੁੱਖਾਂ ਦੀ ਗਿਣਤੀ ਕਰਾਂਗੇ। ਅਸੀਂ ਖੇਤਾਂ ’ਚ ਆਈ ਰੇਤ ਦੇ ਮਾਲਕੀ ਹੱਕ ਲਈ ਜ਼ਰੂਰ ਲੜਾਂਗੇ।
ਕਿੰਨਾ ਪਾਣੀ ਕਿਸ ਦਰਿਆ ’ਚ ਵਗਿਆ, ਡੈਮ ’ਚ ਭਰਿਆ, ਕਿੰਨੇ ਬੱਦਲ ਫਟੇ ਤੇ ਪਹਾੜ ਪਾਟੇ, ਇਸ ਦਾ ਅੰਕੜਾ ਸਾਡਾ ਸਰਕਾਰੀ ਰਿਕਾਰਡ ਹੋਵੇਗਾ।
ਰਸਤੇ, ਪੁਲਾਂ, ਫਾਟਕਾਂ ਤੇ ਬੰਨ੍ਹਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਹੋਵੇਗੀ।
ਮਰੇ ਪਸ਼ੂਆਂ ਨੂੰ ਕਿਉਂਟਣ ਲਈ ਕੁਦਰਤੀ ਮਸ਼ੀਨ, ਗਿਰਝ ਆਵੇਗੀ ਕਿ ਨਹੀਂ, ਦੱਸਿਆ ਨਹੀਂ ਜਾ ਸਕਦਾ ਪਰ ਪੁਨਰ-ਵਸੇਬੇ ਦੇ ਨਾਮ ਉੱਤੇ ਸਰਕਾਰੀ ਤੇ ਗ਼ੈਰ-ਸਰਕਾਰੀ ਧਨ ਹੜੱਪ ਜਾਣ ਵਾਲੀ ਮਨੁੱਖੀ ਗਿਰਝ ਬੇਹੱਦ ਸਰਗਰਮ ਹੋ ਜਾਵੇਗੀ।
ਨਦੀ-ਨਾਲੇ, ਖੂਹ-ਟੋਭੇ ਤੇ ਛੱਪੜ ਨਾਹਤੇ-ਧੋਤੇ ਮਹਿਸੂਸ ਕਰਨਗੇ।
ਸਰਕਾਰ, ਸੰਸਥਾਵਾਂ, ਪਾਰਟੀਆਂ, ਵਿਅਕਤੀ ਵਿਸ਼ੇਸ਼ ਆਪਣੀ ਸੇਵਾ ਦਾ ਅੰਕੜਾ ਜ਼ਰੂਰ ਸਾਂਭ ਕੇ ਪ੍ਰਚਾਰਨਗੇ।
ਇਸ ਹੜ੍ਹ ਬਾਰੇ ਪ੍ਰਿੰਟ ਮੀਡੀਆ, ਪੱਤਰਕਾਰੀ ਨੇ ਵਿਲੱਖਣ ਜਾਣਕਾਰੀ ਲਿੱਪੀਬੱਧ ਕੀਤੀ ਹੈ। ਰੇਡੀਓ ਨੇ ਆਪਣੇ ਅੰਦਾਜ਼ ਵਿੱਚ ਸਾਰੀ ਗੱਲ ਸੁਣਾਈ ਹੈ। ਵਿਜ਼ੂਅਲ ਮੀਡੀਆ ਨੂੰ ਪਹਿਲੀ ਵਾਰ ਪੰਜਾਬ ਦਾ ਹੜ੍ਹ ਫਿਲਮਾਉਣ ਤੇ ਰੀਲਾਂ ਬਣਾਉਣ ਦਾ ਚਾਅ ਵੀ ਚੜ੍ਹਿਆ ਤੇ ਮੌਕਾ ਵੀ ਮਿਲਿਆ। ਹਰ ਪੱਤਰਕਾਰ ਦੀ ਹਿੰਮਤ ਤੇ ਮਿਹਨਤ ਦਾਦ ਦੀ ਹੱਕਦਾਰ ਹੈ।
ਪ੍ਰਬੰਧਕੀ ਅਫਸਰਾਂ ਤੇ ਅਮਲੇ ਵਾਸਤੇ ਇਹ ਹਾਦਸਾ ਚੁਣੌਤੀ ਵੀ ਸੀ ਤੇ ਆਪਣੀ ਯੋਗਤਾ ਸਿੱਧ ਕਰਨ ਦਾ ਅਵਸਰ ਵੀ।
ਸਿਆਸਤਦਾਨਾਂ ਲਈ ਇਹ ਹੜ੍ਹ ਸਦਾ ਵਾਂਗ ਸੜਕੀ ਤੇ ਹਵਾਈ ਸੈਰਾਂ, ਟੂਰਿਜ਼ਮ ਗਰਦਾਨਿਆ ਗਿਆ ਹੈ, ਸਰਕਾਰੀ ਖਰਚੇ ਉੱਤੇ, ਲੋਕਾਂ ਦੀ ਬੱਚਤ-ਜਮ੍ਹਾਂ ਪੂੰਜੀ ਆਸਰੇ!
ਇਨ੍ਹਾਂ ਫੇਰੀਆਂ ਨੂੰ ਜਨ ਸਾਧਾਰਨ ਨੇ ਰਾਹਤ ਪ੍ਰਬੰਧਾਂ ਵਿੱਚ ਜੁਟੇ ਅਧਿਕਾਰੀਆਂ ਤੇ ਲੋਕ ਪ੍ਰਬੰਧਾਂ ਉੱਤੇ ਭਾਰ ਤੇ ਵਿਘਨ ਮਹਿਸੂਸ ਕੀਤਾ ਹੈ।
ਇਸ ਆਫ਼ਤ ਲਈ ਰੱਖੇ ਸਰਕਾਰੀ ਰਾਹਤ ਫੰਡਾਂ ਦੀ ਸਹੀ ਤੇ ਗ਼ਲਤ ਵਰਤੋਂ ਰਾਜਨੇਤਾਵਾਂ ਲਈ ਇੱਕ-ਦੂਜੇ ਨੂੰ ਝੂਠਾ ਤੇ ਠੱਗ ਸਾਬਤ ਕਰਨ ਦਾ ਬਹਿਸ-ਬਹਾਨਾ ਹੋਵੇਗੀ। ਲੋਕ ਇਨ੍ਹਾਂ ਦੀ ਬਿਆਨਬਾਜ਼ੀ ਤੇ ਬਹਿਸ ਨੂੰ ਸੁਣ ਸੁਣ ਹੋਰ ਸਿਆਣੇ ਹੋਣਗੇ ਅਤੇ ਲੋਕ ਪ੍ਰਬੰਧਾਂ ਨੂੰ ਦਰੁਸਤ ਕਰਨ ਵਾਸਤੇ ਆਪਣਾ ਲੋਕਤੰਤਰੀ ਬਲ ਹੰਗਾਲਣਗੇ।
ਇਸ ਹੜ੍ਹ ਦਾ ਪ੍ਰਤੀ-ਉੱਤਰ ਸਰਕਾਰੀ ਨਿਰਭਰਤਾ ਨੂੰ ਤੱਜ ਲੋਕਾਂ ਦੀ ਭਾਈਚਾਰਕ ਇਕਜੁੱਟਤਾ ਦਾ ਪੁਨੀਤ ਪਾਠ ਤੇ ਲਸਾਨੀ ਸਬਕ ਹੈ!
ਰਾਵੀ ਦੇ ਹੜ੍ਹ ਨੇ ਵੰਡ ਦੀ ਲਕੀਰ ਮੇਟ ਦਿੱਤੀ!! ਇਹ ਤੱਥ ਇਸ ਹੜ੍ਹ ਦੀ ਪ੍ਰਤੀਕ ਕਹਾਣੀ ਹੈ!!!
ਇਸ ਬਿਪਤਾ ਦੌਰਾਨ ਸੰਵੇਦਨਸ਼ੀਲ ਮਨ ਜਿੱਥੇ ਕਿਤੇ ਵੀ ਸਨ ਫ਼ਿਕਰਮੰਦ ਰਹੇ। ਉਨ੍ਹਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਦੁੱਖ ਨੂੰ ਹੰਢਾਇਆ, ਪ੍ਰਗਟ ਕੀਤਾ ਤੇ ਵੰਡਾਇਆ ਹੈ।
ਮੇਰਾ ਪਰਿਵਾਰ ਵੀ ਪ੍ਰੇਸ਼ਾਨ ਰਿਹਾ ਹੈ। ਮੇਰੀ ਕਲਮ ਨੇ ਇਸ ਨੂੰ ਆਪਣੀ ਭਾਸ਼ਾ ਵਿੱਚ ਵੱਧ ਤੋਂ ਵੱਧ ਸੰਵੇਦਨਸ਼ੀਲਤਾ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਮੈਂ ਭਾਸ਼ਾਈ ਹੜ੍ਹ ਤੋਂ ਉਲਟ ਸੰਜਮੀ ਸ਼ਬਦਾਂ ਨਾਲ ਪੰਜਾਬੀ ਭਾਸ਼ਾ ਦੀ ਸਮਰੱਥਾ ਨੂੰ ਖੋਜਿਆ, ਜੋਖਿਆ ਤੇ ਵਰਤਿਆ ਹੈ। ਇਸ ਦੀ ਵਰਤੋਂ ਵੇਲੇ ਮੈਂ ਪੀੜਿਆ ਰਿਹਾ ਹਾਂ। ਮੇਰਾ ਮਾਂ ਬੋਲੀ ਪੰਜਾਬੀ ਦੀ ਪ੍ਰਗਟਾ ਸਮਰੱਥਾ ਉੱਤੇ ਯਕੀਨ ਬੇਸ਼ੁਮਾਰ ਵਧਿਆ ਹੈ। ਪੇਸ਼ ਲਿਖਤਾਂ ਇਸ ਤੱਥ ਦੀਆਂ ਗਵਾਹ ਹਨ।
ਰਾਵੀ
ਮੈਂ ਰਾਵੀ ਹਾਂ
ਪੰਜ ਆਬਾਂ ਦੇ ਮੱਧ ਵਗਦੇ
ਇੱਕ ਆਬ ਦਾ ਨਾਮ।
ਕੌਣ ਨੇ ਇਹ ਲੋਕ
ਜਿਨ੍ਹਾਂ ਨੇ ਮੈਨੂੰ
ਵੰਡ ਦੀ ਲਕੀਰ ਬਣਾ ਧਰਿਆ ਹੈ!?
ਬਾਣੀ ਗਾਉਂਦੇ ਤੁਰਦੇ ਰਹਿੰਦੇ ਸਨ
ਮੇਰੇ ਕੰਢਿਆਂ ਉੱਤੇ ਨਾਨਕ
ਪਿੱਛੇ ਪਿੱਛੇ ਮਰਦਾਨਾ
ਰਬਾਬ ਬਣ ਵੱਜਦਾ ਸੀ।
ਕੰਢਿਆਂ ਨੂੰ ਆਬਾਂ ਨੂੰ
ਜੀਵਨ ਬਖ਼ਸ਼ਦੇ ਉਹ ਬੋਲ
ਅੱਜ ਵੀ ਮੇਰੇ ਸੀਨੇ ਦੀ ਧੜਕਣ ਹਨ।
ਕਿਤੇ ਉਹ ਪੈਰ
ਮੇਰੇ ਕੰਢਿਆਂ ਦੁਆਲੇ ਵਿਛਾਈ ਮਾਈਨਿੰਗ ਨਾਲ
ਲੂਹੇ ਨਾ ਜਾਣ
ਕੰਡਿਆਲੀਆਂ ਤਾਰਾਂ ਦੀਆਂ ਵਾੜਾਂ ’ਚ ਫਸ
ਝਰੀਟੇ ਹੀ ਨਾ ਜਾਣ!?!
ਇਨ੍ਹਾਂ ਬੇਅਕਲੀਆਂ ਨੂੰ ਮਹਿਸੂਸਦਿਆਂ
ਉੱਛਲ ਪਏ ਨੇ ਮੇਰੇ ਆਬ!!
ਇੱਥੋਂ ਮੇਰੇ ਨਾਨਕ ਲੰਘਦੇ ਸਨ
ਮਰਦਾਨਾ ਤੁਰਦਾ ਸੀ
ਸੋਚਦੀ ਹਾਂ
ਇਨ੍ਹਾਂ ਰਾਹਾਂ ਨੂੰ ਬੁਹਾਰ ਲਵਾਂ
ਹੜ੍ਹ ਬਣਕੇ।
ਮੈਂ ਰਾਵੀ ਹਾਂ
ਪੰਜ ਆਬਾਂ ਦੇ ਮੱਧ ਵਗਦੇ
ਇੱਕ ਆਬ ਦਾ ਨਾਮ।੧l
ਹਰਖ਼
ਚਲੋ ਜਲ ਨੂੰ ਪੁੱਛੀਏ
ਉਹ ਕਿਉਂ ਹਰਖ਼ੇ ਹੋਏ ਨੇ!?
ਕਿਸੇ ਨੇ ਉਸਨੂੰ
ਦਰਿਆ ਤੋਂ ਡੈਮ
ਡੈਮੋਂ ਨਹਿਰ
ਨਦੀਓਂ ਕਲੋਨੀ ਕਰ ਲਿਆ
ਦਮ ਹੈ ਉਸਦਾ ਘੁੱਟਿਆ।
ਇਸ ਧੱਕੇ ਤੋਂ ਅੱਕੇ ਪਏ ਉਹ
ਰੋਕਾਂ ਫਿਰਨ ਭੰਨਦੇ।
ਪਾਣੀ ਆਪਣਾ ਰਾਹ ਨਹੀਂ ਭੁੱਲਦਾ।
ਚਲੋ ਜਲ ਨੂੰ ਪੁੱਛੀਏ
ਉਹ ਕਿਉਂ ਹਰਖ਼ੇ ਹੋਏ ਨੇ।੨।
ਹੜ੍ਹ
ਜੇ
ਰਾਜ
ਤੇ ਪ੍ਰਬੰਧ ਇਹ ਰਹੇ
ਸਿਵਿਆਂ ਸਮੇਤ
ਪੰਜ ਆਬੀ ਪੰਜਾਬ ਤਾਂ ਕੀ
ਸਾਲਮ ਧਰਤੀ
ਜਲੋ ਜਲ ਹੋ ਜਾਏਗੀ।੩।
ਪੰਜ ਆਬ
ਅੱਖਾਂ ਮੇਰੀਆਂ ਨੂੰ
ਆਬਾਂ ਨਾਲ ਭਰਕੇ
ਹਾਏ ਸੋਹਣਾ...
ਅੱਲ੍ਹਾ ਵੀ ਆਪ ਹੰਝੂ ਹੋ ਗਿਆ
ਨੀ ਜਿੰਦੇ ਮੇਰੀਏ।੪।
ਬਉਰਾ ਟੱਬਰ
ਅਸੀਂ ਧੀ ਪੁੱਤ ਆਬਾਂ ਦੇ
ਪਿਤਾ ਸਾਡਾ ਪਾਣੀ ਹੈ
ਸਾਨੂੰ ਜੰਮਦੀ ਧਰਤੀ ਏ।
ਕੀ ਹੋਇਆ ਜੇ ਉਹ ਹਰਖ਼ ਗਏ
ਮਾਪੇ ਸਾਡੇ ਮੰਨ ਜਾਣਗੇ
ਤੈਨੂੰ ਨਹੀਂ ਮਾਫ਼ੀ ਸਰਕਾਰੇ।
ਝੜੀਆਂ ਝੜੀਆਂ ਝੜੀਆਂ
ਬਾਬਲ ਮਨਾਉਣ ਵਾਸਤੇ
ਅਸੀਂ ਜਾ ਬੰਨ੍ਹਾਂ ’ਤੇ ਖੜ੍ਹੀਆਂ।
ਫਸਲਾਂ ਫਸਲਾਂ ਫਸਲਾਂ
ਧਰਤੀ ਮਾਂ ਸਾਡੀ
ਕੱਢ ਦੇਵੇਗੀ ਸਾਰੀਆਂ ਕਸਰਾਂ।
ਵੱਛੀਆਂ ਵੱਛੀਆਂ ਵੱਛੀਆਂ
ਜਿਊਣ ਸਾਡੇ ਪਸ਼ੂ-ਪੰਛੀ
ਅਸੀਂ ਰੱਬ ’ਤੇ ਉਮੀਦਾਂ ਛੱਡੀਆਂ।੫।
ਰੱਬ
ਰੱਬ ਹੁਣ
ਬੇੜੀ ਬਣਾਉਣ ਲਈ ਨਹੀਂ ਆਖਣਗੇ
ਅਤੇ ਨਾ ਹੀ
ਅਚਿੰਤੇ ਬਾਜ ਭੇਜਣਗੇ।
ਹੁਣ ਉਹ
ਡੁੱਬਦੀ ਧਰਤੀ ਦੀ ਰੀਲ ਬਣਾ
ਸਾਡੇ ਮੈਮਰੀ ਕਾਰਡ ਉੱਤੇ ਅੱਪਲੋਡ ਕਰਕੇ
ਭਰੇ ਮਨ ਨਾਲ
ਆਪਣੀ ਰਚਨਾ ਤੋਂ ਡੀ-ਲਿੰਕ ਹੋ ਜਾਣਗੇ।
ਪੰਜ ਤੱਤ
ਮਨੁੱਖੀ ਮਲੀਨਤਾ ਤੋਂ ਪਾਕ ਹੋਣ ਵਾਸਤੇ
ਵਿਹਾਰ-ਮਗਨ ਰਹਿਣਗੇ।
ਫੇਰ ਪਤਾ ਨਹੀਂ ਇਸ ਧਰਤੀ ਨੂੰ ਕਦੇ
ਮਾਨੁਖ ਦੇਹੁਰੀਆ
ਨਸੀਬ ਹੋਵੇ ਵੀ ਕਿ ਨਾ
ਵੇਦ-ਕਤੇਬ
ਬਾਬੇ ਦੀ ਬਾਣੀ ਗਾਉਣ ਲਈ।?।
ਰੱਬ ਹੁਣ
ਬੇੜੀ ਬਣਾਉਣ ਲਈ ਨਹੀਂ ਆਖਣਗੇ।੬।
ਪਾਣੀ
ਮੈਂ ਪਾਣੀ ਹਾਂ
ਤੁਸੀਂ ਮੈਨੂੰ ਆਫ਼ਤ ਆਖ ਸਕਦੇ ਹੋ
ਮੁਸੀਬਤ ਵੀ!
ਜੀਵਨ
ਪਿਤਾ
ਐੱਚ ਓ ਟੂ
ਖਵਾਜਾ ਖਿਜ਼ਰ
ਗੰਗਾ ਜਲ
ਸਵਾਤ ਬੂੰਦ
ਅਤੇ ਰਾਮਦਾਸ ਸਰੋਵਰ ਦਾ ਅੰਮ੍ਰਿਤ ਵੀ।
ਜਦੋਂ ਮੈਂ ਹੜ੍ਹ ਹੋ ਜਾਂਦਾ ਹਾਂ
ਤਾਂ ਵੀ ਮੈਂ ਤੁਹਾਨੂੰ
ਰੋੜ੍ਹਣ ਮਾਰਨ ਉਜਾੜਣ ਲਈ ਨਹੀਂ ਸੋਚਦਾ
ਨਾ ਹੀ ਕੋਈ ਰਾਜ ਪਲਟਾ ਕਰਨ
ਅਤੇ ਨਵੀਂ ਸਰਕਾਰ ਚੁਣਨ ਵਾਸਤੇ
ਤੁਹਾਨੂੰ ਉਕਸਾਉਣਾ ਮੇਰਾ ਮੰਤਵ ਹੁੰਦਾ ਹੈ।
ਇਹੋ ਜਿਹਾ ਕੁਝ ਵੀ ਨਹੀਂ ਹੁੰਦਾ
ਮੇਰੇ ਮਨ ਅੰਦਰ।
ਡਰਿਆ ਨਾ ਕਰੋ
ਨਾ ਹੀ
ਸੇਵਾ ਲਈ ਬਿਫਰੇ ਹੋਏ ਫਿਰਿਆ ਕਰੋ।
ਮੈਨੂੰ ਸੁਣਿਆ ਕਰੋ।
ਹਾਲੇ ਪਤਾ ਨਹੀਂ ਹੋਰ ਕਿੰਨੀ ਕੁ ਵਾਰ
ਮੈਨੂੰ ਹੜ੍ਹ ਬਣਨਾ ਪੈਣਾ ਹੈ
ਤੁਹਾਡਾ ਏਕਾ ਤੇ ਅਕਲਾਂ ਪਰਖਣ ਵਾਸਤੇ।
ਮੈਂ ਤੁਹਾਨੂੰ ਸਿਆਣੀ ਮੱਤ ਦੇਂਦਾ ਹਾਂ
ਪਿਤਾ ਹਾਂ
ਫ਼ਿਕਰਾਂ ਲੱਦਾ
ਮੈਨੂੰ ਦੁਬਾਰਾ ਹੜ੍ਹ ਨਾ ਹੋਣ ਦਿਆ ਜੇ।
ਮੈਂ ਪਾਣੀ ਹਾਂ
ਤੁਸੀਂ ਮੈਨੂੰ ਆਫ਼ਤ ਆਖ ਸਕਦੇ ਹੋ
ਮੁਸੀਬਤ ਵੀ।।੭।।
ਅੰਤਿਕਾਵਾਂ
ਯਮੁਨਾ 1
ਕਵਿਤਾ
ਸੁਣ ਯਮੁਨਾ
ਬੰਦੇ ਦੀ ਕਵਿਤਾ
ਸੁਣਾਈ ਸੀ ਜਿਹੜੀ
ਗੋਦਾਵਰੀ ਕੰਢੇ
ਮੇਰੇ ਗੋਬਿੰਦ ਨੇ ਮਾਧੋ ਨੂੰ
ਤੂੰ ਇਹ ਦਿੱਲੀ ਨੂੰ ਬਖ਼ਸ਼ ਆਉਣੀ
ਬੇਅਦਬੀ ਉਸ ਦਾ ਐਬ ਹੈ
ਬੰਦਾ ਹੋ ਜਾਏਗੀ
ਸੁਣ ਯਮੁਨਾ
ਬੰਦੇ ਦੀ ਕਵਿਤਾ।
ਯਮੁਨਾ 2
ਬਾਣੀ
ਸੁਣਾ ਯਮੁਨਾ
ਬਾਬੇ ਦੀ ਬਾਣੀ
ਤੂੰ ਚੁੱਪ ਹੋ ਲੰਘਦੀ ਏਂ
ਪਾਉਂਟੇ ਕੋਲੋਂ
ਸੁਣਨ ਲਈ ਨਿੱਤ ਉਨ੍ਹਾਂ ਦੀ ਬਾਣੀ
ਦਿੱਲੀ ਨੂੰ ਵੀ ਸੁਣਾ ਆਵੀਂ
ਗਨਿਕਾ ਹੈ ਨਾ
ਸੁਣਤੇ ਪੁਨੀਤ ਕਹਤੇ ਪਵਿਤੁ ਹੋ ਜਾਏਗੀ
ਸੁਣਾ ਯਮੁਨਾ
ਬਾਬੇ ਦੀ ਬਾਣੀ।
ਯਮੁਨਾ 3
ਹੜ੍ਹ
ਆਓ ਜੀ
ਜੀ ਆਇਆਂ ਨੂੰ
ਦਿੱਲੀ ਅੰਦਰ
ਕਿੱਥੋਂ ਕਿੱਥੋਂ ਲੰਘਕੇ
ਸਾਡੇ ਘਰ ਆਏ ਹੋ
ਸੁਣਾਓ ਕੋਈ ਬੋਲ
ਪਾਉਂਟੇ ਤੋਂ
ਬਾਬੇ ਨਾਨਕ ਦਾ ਗੋਬਿੰਦ ਦਾ
ਨਦਰ ਉਨ੍ਹਾਂ ਦੀ ਵੀ
ਸਾਡੇ ਲਈ ਲਿਆਏ ਹੋ
ਹੜ੍ਹ ਲੈ ਕੇ ਆਏ ਹੋ
ਤੁਸੀਂ ਪਾਣੀ ਦੇ
ਬਾਣੀ ਦੇ
ਰੋੜ੍ਹ ਦਿਓ ਸਾਡੇ ਵੀ ਐਬ
ਆਓ ਜੀ
ਜੀ ਆਇਆਂ ਨੂੰ
ਦਿੱਲੀ ਅੰਦਰ ।੩।੭।੦।੧੧।੧।
ਸੰਪਰਕ: 98880-71992