DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਬਕ

ਮਨਸ਼ਾ ਰਾਮ ਮੱਕੜ ਸੱਚੋ ਸੱਚ ਆਰਥਿਕ ਤੰਗੀਆਂ ਕਰਕੇ ਆਪ ਤਾਂ ਮਸਾਂ ਦਸਵੀਂ ਤੱਕ ਹੀ ਪੜ੍ਹ ਸਕਿਆ ਸੀ। ਦਿਲ ਵਿੱਚ ਸੱਧਰ ਸੀ ਕਿ ਆਪਣੇ ਬੱਚਿਆਂ ਨੂੰ, ਜਿੱਥੋਂ ਤੱਕ ਉਹ ਪੜ੍ਹ ਸਕਣ, ਪੜ੍ਹਾਵਾਂਗਾ। ਧੀ-ਪੁੱਤਰ ਦੋਵੇਂ ਹੀ ਪੜ੍ਹਨ ਵਿੱਚ ਹੁਸ਼ਿਆਰ ਸਨ। ਧੀ ਨੇ...
  • fb
  • twitter
  • whatsapp
  • whatsapp
Advertisement

ਮਨਸ਼ਾ ਰਾਮ ਮੱਕੜ

ਸੱਚੋ ਸੱਚ

Advertisement

ਆਰਥਿਕ ਤੰਗੀਆਂ ਕਰਕੇ ਆਪ ਤਾਂ ਮਸਾਂ ਦਸਵੀਂ ਤੱਕ ਹੀ ਪੜ੍ਹ ਸਕਿਆ ਸੀ। ਦਿਲ ਵਿੱਚ ਸੱਧਰ ਸੀ ਕਿ ਆਪਣੇ ਬੱਚਿਆਂ ਨੂੰ, ਜਿੱਥੋਂ ਤੱਕ ਉਹ ਪੜ੍ਹ ਸਕਣ, ਪੜ੍ਹਾਵਾਂਗਾ। ਧੀ-ਪੁੱਤਰ ਦੋਵੇਂ ਹੀ ਪੜ੍ਹਨ ਵਿੱਚ ਹੁਸ਼ਿਆਰ ਸਨ। ਧੀ ਨੇ ਗਰੈਜੂਏਸ਼ਨ, ਐੱਮ.ਐੱਸਸੀ. ਅਤੇ ਬੀ.ਐੱਡ ਦੀਆਂ ਪ੍ਰੀਖਿਆਵਾਂ ਯੂਨੀਵਰਸਿਟੀ ’ਚ ਅੱਵਲ ਰਹਿੰਦਿਆਂ ਗੋਲਡ ਮੈਡਲ ਲੈ ਕੇ ਪਾਸ ਕੀਤੀਆਂ। ਉਹ ਦਿਨ ਵੀ ਆਇਆ ਕਿ ਧੀ ਦੀ ਪੰਜਾਬ ਸਿੱਖਿਆ ਵਿਭਾਗ ਵਿੱਚ ਸਾਇੰਸ ਮਿਸਟ੍ਰੈਸ ਵਜੋਂ ਚੋਣ ਹੋ ਗਈ। ਉਸ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹਿਲੇ ਦਿਨ ਜੌਇਨ ਕਰਵਾਉਣ ਗਿਆ। ਪ੍ਰਿੰਸੀਪਲ ਵੱਲੋਂ ਸਾਰੀ ਪ੍ਰਕਿਰਿਆ ਪੂਰੀ ਕਰਨ ’ਤੇ ਉਸ ਇਸ਼ਾਰਾ ਕੀਤਾ ਕਿ ਉਧਰ ਸਕੂਲ ਦੀਆਂ ਹੋਰ ਅਧਿਆਪਕਾਵਾਂ ਵੀ ਬੈਠੀਆਂ ਹਨ, ਉੱਥੇ ਛੱਡ ਜਾਉ। ਮੈਂ ਉਸ ਨੂੰ ਉੱਥੇ ਛੱਡ ਵਾਪਸ ਆਪਣੇ ਕੰਮ ’ਤੇ ਚਲਾ ਗਿਆ। ਸ਼ਾਮ ਨੂੰ ਘਰ ਆਇਆ ਤਾਂ ਧੀ ਵੀ ਸਕੂਲ ਤੋਂ ਆ ਗਈ ਸੀ ਤੇ ਬਹੁਤ ਖ਼ੁਸ਼ ਸੀ। ਉਸ ਦੱਸਿਆ ਕਿ ਸਕੂਲ ਦਾ ਵਾਤਾਵਰਣ ਅਤੇ ਸਟਾਫ਼ ਦਾ ਵਰਤਾਓ ਚੰਗਾ ਲਗਿਆ। ਜਦੋਂ ਉਹ ਅਧਿਆਪਕਾਵਾਂ ਕੋਲ ਗਈ ਤਾਂ ਉਹ ਉਸ ਵੱਲ ਵੇਖਣ ਲੱਗੀਆਂ। ਇੱਕ ਨੇ ਕਿਹਾ, ‘‘ਕੁੜੀਏ, ਕਿਹੜੀ ਕਲਾਸ ਵਿੱਚ ਦਾਖਲ ਹੋਈ ਹੈਂ?’’ ਧੀ ਦੇ ਦੱਸਣ ’ਤੇ ਕਿ ਉਸ ਦੀ ਇਸ ਸਕੂਲ ਵਿੱਚ ਸਾਇੰਸ ਮਿਸਟ੍ਰੈਸ ਵਜੋਂ ਨਿਯੁਕਤੀ ਹੋਈ ਹੈ ਤੇ ਉਹ ਪੜ੍ਹਨ ਨਹੀਂ, ਪੜ੍ਹਾਉਣ ਲਈ ਆਈ ਹੈ; ਉਹ ਹੈਰਾਨ ਹੋ ਕੇ ਕਹਿਣ ਲੱਗੀ, ‘‘ਅੱਛਾ, ਵੇਖਣ ’ਤੇ ਇਉਂ ਲੱਗਿਆ ਸੀ ਜਿਵੇਂ ਬਾਰ੍ਹਵੀਂ ਦੀ ਵਿਦਿਆਰਥਣ ਹੋਵੇਂ।’’ ਏਨਾ ਕਹਿ ਕੇ ਉਸ ਖਾਲੀ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਉਹ ਉਨ੍ਹਾਂ ਵਿੱਚ ਬੈਠ ਚਲੰਤ ਮਾਮਲਿਆਂ ਬਾਰੇ ਹੋ ਰਹੀਆਂ ਗੱਲਾਂ ਵਿੱਚ ਸ਼ਾਮਲ ਹੋ ਗਈ।

ਸਮਾਂ ਭੱਜਦਾ ਗਿਆ। ਯੋਗ ਵਰ ਮਿਲਿਆ ਤੇ ਧੀ ਦਾ ਵਿਆਹ ਵੀ ਸਿੱਖਿਆ ਵਿਭਾਗ ਨਾਲ ਸਬੰਧਿਤ ਲੜਕੇ ਨਾਲ ਕਰ ਦਿੱਤਾ। ਬਾਅਦ ਵਿੱਚ ਧੀ ਜਵਾਈ ਦੋਵੇਂ ਲੁਧਿਆਣੇ ਸੈਟਲ ਹੋ ਗਏ। ਸਾਡਾ ਜਵਾਈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਤੇ ਧੀ ਇਸ ਕਾਲਜ ਤੋਂ ਸੱਤ-ਅੱਠ ਕਿਲੋਮੀਟਰ ਦੂਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦੀ ਹੈ।

ਲੁਧਿਆਣੇ ਰਹਿ ਕੇ ਪੜ੍ਹਾਉਂਦਿਆਂ ਇਨ੍ਹਾਂ ਨੂੰ ਅੱਠ ਸਾਲ ਹੋ ਗਏ ਸਨ। ਇਨ੍ਹਾਂ ਕੋਲ ਹੁਣ ਦੋ ਧੀਆਂ ਹਨ। ਕੁਝ ਸਮੇਂ ਤੋਂ ਇਨ੍ਹਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਸਨ ਧੀਆਂ ਦੀ ਸੰਭਾਲ, ਸਵੇਰੇ ਸਕੂਲ ਲਈ ਆਪ ਤਿਆਰੀ ਕਰਨੀ, ਪਰਿਵਾਰ ਲਈ ਨਾਸ਼ਤਾ ਬਣਾਉਣਾ ਆਦਿ। ਥੋੜ੍ਹੇ ਸਮੇਂ ਵਿੱਚ ਕੰਮ ਜ਼ਿਆਦਾ ਕਰਨੇ ਪੈਂਦੇ, ਜੋ ਕਈ ਵਾਰ ਪੂਰੇ ਨਹੀਂ ਹੁੰਦੇ ਸਨ। ਕਈ ਵਾਰ ਸਕੂਲ ਤੋਂ ਲੇਟ ਹੋ ਜਾਣਾ। ਸਮਾਂ ਘੱਟ ਬਚਦਾ ਹੋਣ ਕਰਕੇ ਧੀਆਂ ਦੀ ਵੀ ਪੂਰੀ ਸੰਭਾਲ ਨਹੀਂ ਹੁੰਦੀ ਸੀ। ਉਸ ਨੇ ਆਪਣੀ ਸਮੱਸਿਆ ਪੇਕਿਆਂ ਸਹੁਰਿਆਂ ਅੱਗੇ ਰੱਖੀ। ਦੋਵੇਂ ਪਰਿਵਾਰਾਂ ਦੇ ਆਪੋ ਆਪਣੇ ਜ਼ਿਆਦਾ ਰੁਝੇਵੇਂ ਹੋਣ ਕਰਕੇ ਉਹ ਖ਼ੁਦ ਉਨ੍ਹਾਂ ਕੋਲ ਰਹਿ ਕੇ ਸਹਾਇਤਾ ਕਰਨ ਤੋਂ ਅਸਮਰੱਥ ਸਨ।

ਥੋੜ੍ਹੇ ਦਿਨਾਂ ਬਾਅਦ ਧੀ ਦਾ ਫੋਨ ਆਇਆ ਕਿ ਸਮੱਸਿਆ ਦਾ ਹੱਲ ਹੋ ਗਿਆ ਹੈ। ਉਸ ਦੀ ਸੱਸ-ਮਾਂ ਨੇ ਕੰਤੀ ਨਾਮ ਦੀ 12-13 ਸਾਲ ਦੀ ਕੁੜੀ ਉਨ੍ਹਾਂ ਕੋਲ ਸਹਾਇਤਾ ਲਈ ਭੇਜ ਦਿੱਤੀ। ਉਹ ਘਰ ਵਿੱਚ ਬੱਚੀਆਂ ਦੀ ਦੇਖਭਾਲ ਕਰੇਗੀ। ਉਸ ਨੇ ਇਹ ਵੀ ਦੱਸਿਆ ਕਿ ਕੰਤੀ ਦੀ ਮਾਂ ਉਨ੍ਹਾਂ ਦੇ ਸਹੁਰੇ ਘਰ ਸਫ਼ਾਈ ਵਗੈਰਾ ਕਰਦੀ ਹੈ। ਉਸ ਦੀ ਮਾਂ ਨੇ ਆਪ ਹੀ ਕਿਹਾ ਸੀ ਕਿ ਕੰਤੀ ਨੂੰ ਕਿਤੇ ਕੰਮ ਲਵਾ ਦਿਓ, ਚਾਰ ਪੈਸੇ ਇਕੱਠੇ ਹੋ ਜਾਣਗੇ। ਅਸੀਂ ਇਸ ਦਾ ਹੋਰ ਦੋ ਸਾਲਾਂ ਤੱਕ ਵਿਆਹ ਕਰਨਾ ਹੈ। ਅਸੀਂ 14-15 ਸਾਲ ਦੀ ਉਮਰ ਵਿੱਚ ਕੁੜੀਆਂ ਦਾ ਵਿਆਹ ਕਰ ਦਿੰਦੇ ਹਾਂ।

ਧੀ ਦੇ ਦੱਸਣ ਅਨੁਸਾਰ ਕੰਤੀ ਦੇ ਆਉਣ ਨਾਲ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਘਟ ਗਈਆਂ। ਕੰਤੀ ਨੂੰ ਵੀ ਉਹ ਆਪਣੀਆਂ ਧੀਆਂ ਵਾਂਗ ਹੀ ਸਮਝਦੀ ਸੀ। ਕੰਤੀ ਦੋਵਾਂ ਬੱਚੀਆਂ ਦਾ ਧਿਆਨ ਰੱਖਦੀ ਅਤੇ ਸੰਭਾਲਦੀ ਸੀ। ਧੀ-ਜਵਾਈ ਪੇਕੇ-ਸਹੁਰੇ ਆਉਂਦੇ ਤਾਂ ਕੰਤੀ ਨੂੰ ਨਾਲ ਲੈ ਆਉਂਦੇ ਅਤੇ ਉਸ ਦੇ ਮਾਪਿਆਂ ਨੂੰ ਮਿਲਾ ਲਿਜਾਂਦੇ ਸਨ। ਇਸ ਦਰਮਿਆਨ ਮੈਂ ਸਲਾਹ ਦਿੱਤੀ ਕਿ ਇਸ ਬੇਗਾਨੀ ਧੀ ਨੂੰ ਆਪਣੀਆਂ ਧੀਆਂ ਵਾਂਗ ਰੱਖਣਾ ਅਤੇ ਇਸ ਦਾ ਵੀ ਬਹੁਤ ਧਿਆਨ ਰੱਖਣਾ ਹੈ, ਇਹ ਉਮਰ ਹੀ ਇਹੋ ਜਿਹੀ ਹੁੰਦੀ ਹੈ।

ਪੰਜ ਕੁ ਮਹੀਨੇ ਦਾ ਸਮਾਂ ਲੰਘਿਆ। ਦਿਨ ਛਿਪੇ ਧੀ-ਜਵਾਈ ਦਾ ਫੋਨ ਆਇਆ ਕਿ ਕੰਤੀ ਘਰੋਂ ਗਾਇਬ ਹੈ। ਸੁਣ ਕੇ ਜਿਵੇਂ ਕਰੰਟ ਲੱਗਿਆ ਹੋਵੇ। ਪੁੱਛਿਆ ਕੀ ਗੱਲ ਹੋਈ ਹੈ। ਉਨ੍ਹਾਂ ਦੱਸਿਆ, ‘‘ਨਾਲ ਦੀ ਗਲੀ ਵਿੱਚ ਸਹਿਕਰਮੀ ਦੇ ਘਰ ਕੰਮ ਜਾਣਾ ਸੀ। ਟੈਲੀਵਿਜ਼ਨ ਲਾ ਕੇ ਬੱਚੀਆਂ ਅਤੇ ਕੰਤੀ ਨੂੰ ਉੱਥੇ ਬਿਠਾ ਦਿੱਤਾ। ਕੰਤੀ ਨੂੰ ਸਮਝਾਇਆ ਕਿ ਦਸ ਪੰਦਰਾਂ ਮਿੰਟਾਂ ਤੱਕ ਵਾਪਸ ਆਉਂਦੇ ਹਾਂ, ਇਨ੍ਹਾਂ ਦਾ ਧਿਆਨ ਰੱਖੀਂ। ਜਦੋਂ ਅਸੀਂ ਵਾਪਸ ਆਏ ਤਾਂ ਬੱਚੀਆਂ ਰੋ ਰਹੀਆਂ ਸਨ ਤੇ ਕੰਤੀ ਉੱਥੇ ਨਹੀਂ ਸੀ। ਆਸ-ਪਾਸ ਪੁੱਛਿਆ, ਕੋਈ ਪਤਾ ਨਹੀਂ ਲੱਗਿਆ।’’

ਸੁਣ ਕੇ ਬਹੁਤ ਦੁੱਖ ਅਤੇ ਪ੍ਰੇਸ਼ਾਨੀ ਹੋਈ। ਮਨ ਵਿੱਚ ਖ਼ਿਆਲ ਦੌੜਨ ਲੱਗੇ, ਕੰਤੀ ਦੇ ਮਾਪਿਆਂ ਨੂੰ ਕੀ ਜਵਾਬ ਦੇਵਾਂਗੇ, ਉਨ੍ਹਾਂ ਦਾ ਗੁੱਸਾ ਕਿਵੇਂ ਸਹਾਂਗੇ, ਪੁਲੀਸ ਵਾਲਿਆਂ ਦੀ ਪੁੱਛਗਿੱਛ, ਝਾੜਝੰਬ ਤੇ ਤਸ਼ੱਦਦ, ਨੌਕਰੀ ਤੋਂ ਹੱਥ ਧੋਣਾ, ਕਚਹਿਰੀਆਂ ਵਿੱਚ ਤਾਰੀਕਾਂ, ਵਕੀਲਾਂ ਦੇ ਚੱਕਰ, ਪੈਸੇ ਦੀ ਬਰਬਾਦੀ... ਆਦਿ। ਮੇਰੇ ਕੁੜਮ-ਕੁੜਮਣੀ ਉਸੇ ਵੇਲੇ ਲੁਧਿਆਣਾ ਨੂੰ ਤੁਰ ਪਏ। ਰਸਤੇ ਵਿੱਚੋਂ ਉਨ੍ਹਾਂ ਮੈਨੂੰ ਵੀ ਨਾਲ ਲੈ ਲਿਆ। ਸਾਡੇ ਤਿੰਨਾਂ ’ਤੇ ਇਸ ਘਟਨਾ ਦਾ ਏਨਾ ਬੋਝ ਸੀ ਕਿ ਅਸੀਂ ਸਾਰੇ ਰਾਹ ਆਪਸ ਵਿੱਚ ਕੋਈ ਗੱਲ ਨਾ ਕਰ ਸਕੇ। ਲੁਧਿਆਣੇ ਉਨ੍ਹਾਂ ਦੇ ਕੁਆਟਰ ਪਹੁੰਚ ਕੇ ਵੇਖਿਆ ਕਿ ਉਨ੍ਹਾਂ ਦਾ ਗੁਆਂਢੀ ਜੋੜਾ ਉਨ੍ਹਾਂ ਕੋਲ ਸੀ। ਗੱਲਾਂ ਤੋਂ ਪਤਾ ਲਗਿਆ ਕਿ ਉਹ ਘਰ ਵਿੱਚ ਕੰਮ ਕਰਨ ਵਾਲੀ ਬਿਹਾਰਨ ਔਰਤ ’ਤੇ ਸ਼ੱਕ ਕਰ ਰਹੇ ਸਨ ਕਿ ਸ਼ਾਇਦ ਉਹ ਕੰਤੀ ਨੂੰ ਵਰਗਲਾ ਕੇ ਲੈ ਗਈ ਹੈ। ਸਾਰੇ ਜ਼ੋਰ ਪਾਉਣ ਲੱਗੇ ਕਿ ਕੰਮ ਕਰਨ ਵਾਲੀ ਦੇ ਘਰ ਜਾ ਕੇ ਪੁੱਛਿਆ ਜਾਵੇ। ਉਸ ਵੇਲੇ ਅੱਧੀ ਰਾਤ ਦਾ ਸਮਾਂ ਹੋਵੇਗਾ। ਮੈਂ ਨਾਂਹ ਕਰ ਦਿੱਤੀ ਕਿ ਇਸ ਵੇਲੇ ਜਾਣਾ ਠੀਕ ਨਹੀਂ, ਉਹ ਪਤਾ ਨਹੀਂ ਆਪਣੇ ’ਤੇ ਕੀ ਦੋਸ਼ ਲਾ ਦੇਵੇ ਕਿ ਮੇਰੇ ਘਰ ਅੱਧੀ ਰਾਤ ਨੂੰ ਆਏ ਹਨ। ਉਹ ਆਪਣੇ ਗਲ ਵੀ ਪੈ ਸਕਦੇ ਹਨ ਕਿ ਅਸੀਂ ਉਸ ’ਤੇ ਝੂਠੇ ਦੋਸ਼ ਲਾ ਰਹੇ ਹਾਂ। ਸਮੱਸਿਆ ਦੇ ਹੱਲ ਬਾਰੇ ਗੱਲਾਂ ਕਰਦਿਆਂ ਦਿਨ ਚੜ੍ਹ ਗਿਆ।

ਫ਼ੈਸਲਾ ਹੋਇਆ ਕਿ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਸਬੰਧਿਤ ਥਾਣੇ ’ਚ ਇਸ ਘਟਨਾ ਬਾਰੇ ਅਰਜ਼ੀ ਦਿੱਤੀ। ਥਾਣੇ ਦੇ ਮੁਨਸ਼ੀ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਉਸ ਨੇ ਏਨਾ ਹੀ ਕਿਹਾ ਕਿ ਇਹ ਕੁੜੀਆਂ ਦੌੜ ਜਾਂਦੀਆਂ ਹਨ, ਦੋ ਚਾਰ ਦਿਨਾਂ ਬਾਅਦ ਆਪ ਹੀ ਮੁੜ ਆਉਂਦੀਆਂ ਹਨ। ਅਰਜ਼ੀ ਉਸ ਨੇ ਰੱਖ ਲਈ ਤੇ ਕਿਹਾ ਕਿ ਲੱਭਣ ਦੀ ਕੋਸ਼ਿਸ਼ ਕਰੋ। ਉਸ ਨੇ ਕਿਸੇ ਵੀ ਸਹਾਇਤਾ ਲਈ ਆਪਣਾ ਮੋਬਾਈਲ ਨੰਬਰ ਵੀ ਸਾਨੂੰ ਦੇ ਦਿੱਤਾ। ਅਸੀਂ ਥਾਣੇ ਤੋਂ ਵਾਪਸ ਆ ਗਏ। ਕੰਤੀ ਦੀ ਮਾਂ ਨਾਲ ਫੋਨ ’ਤੇ ਗੱਲ ਕੀਤੀ। ਉਸ ਨੂੰ ਪੁੱਛਿਆ, ‘‘ਕੀ ਕੰਤੀ ਘਰ ਪਹੁੰਚ ਗਈ?’’ ਉਸ ਕਿਹਾ, ‘‘ਨਹੀਂ।’’ ਉਸ ਨੂੰ ਦੱਸਿਆ ਕਿ ਉਹ ਘਰੋਂ ਪਰਸ ਵਿੱਚੋਂ ਚਾਰ ਸੌ ਰਪਏ ਕੱਢ ਕੇ ਕੱਲ੍ਹ ਕਿਤੇ ਚਲੀ ਗਈ ਹੈ। ਉਸ ਨੇ ਫਿਰ ਕਿਹਾ ਕਿ ਸਾਡੇ ਕੋਲ ਤਾਂ ਨਹੀਂ ਆਈ।

ਸਾਡੇ ਕੁਝ ਵੀ ਵੱਸ ਵਿੱਚ ਨਹੀਂ ਸੀ। ਅਸੀਂ ਸਾਰੇ ਪ੍ਰੇਸ਼ਾਨ ਸੀ। ਮਜਬੂਰਨ ਅਸੀਂ ਧੀ ਜਵਾਈ ਨੂੰ ਹੌਸਲਾ ਦਿੰਦੇ ਉੱਥੋਂ ਵਾਪਸ ਮਲੋਟ-ਮੁਕਤਸਰ ਨੂੰ ਚੱਲ ਪਏ। ਮੋਗੇ ਕੋਲ ਮੇਰੀ ਕੁੜਮਣੀ ਨੇ ਕੰਤੀ ਦੀ ਮਾਂ ਦਾ ਨੰਬਰ ਮੋਬਾਈਲ ਤੋਂ ਫਿਰ ਮਿਲਾਇਆ। ਉਸ ਦੇ ਚੁੱਕਣ ’ਤੇ ਉਸ ਨੂੰ ਕਿਹਾ, ‘‘ਸਾਡੇ ਨਾਲ ਪੁਲੀਸ ਦੀ ਗੱਡੀ ਤੁਹਾਡੇ ਬਿਆਨ ਲੈਣ ਆ ਰਹੀ ਹੈ। ਕੰਤੀ ਨੇ ਘਰੋਂ ਜਾਂਦੇ ਸਮੇਂ ਸਾਡੀ ਨੂੰਹ ਦੇ ਪਰਸ ਵਿੱਚੋਂ ਪੈਸੇ ਚੋਰੀ ਕੀਤੇ ਹਨ। ਕੰਤੀ ਜੇ ਘਰ ਪਹੁੰਚ ਗਈ ਹੈ ਤਾਂ ਮੈਨੂੰ ਦੱਸ ਦੇ। ਅਸੀਂ ਪੁਲੀਸ ਵਾਲਿਆਂ ਦਾ ਮਿੰਨਤ ਤਰਲਾ ਕਰਕੇ ਇਨ੍ਹਾਂ ਨੂੰ ਵਾਪਸ ਭੇਜ ਦਿੰਦੇ ਹਾਂ। ਆਵਾਜ਼ ਤੋਂ ਲਗਦਾ ਸੀ ਜਿਵੇਂ ਉਹ ਘਬਰਾ ਗਈ ਹੋਵੇ। ਉਸ ਕਿਹਾ ਕਿ ਕੰਤੀ ਘਰ ਆ ਗਈ ਹੈ। ਸਾਡੇ ਸਾਰਿਆਂ ਵਿੱਚ ਜਿਵੇਂ ਜਾਨ ਪੈ ਗਈ ਹੋਵੇ। ਸਭ ਤੋਂ ਪਹਿਲਾਂ ਅਸੀਂ ਸੰਬਧਿਤ ਥਾਣੇ ਦੇ ਮੁਨਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਕੰਤੀ ਦੀ ਮਾਂ ਨਾਲ ਗੱਲ ਹੋਈ ਹੈ, ਜਿਸ ਨੇ ਦੱਸਿਆ ਹੈ ਕਿ ਕੰਤੀ ਘਰ ਪਹੁੰਚ ਗਈ। ਮੁਨਸ਼ੀ ਨੇ ਕਿਹਾ, ‘‘ਉਸ ਦੇ ਮਾਪਿਆਂ ਨੂੰ ਇੱਥੇ ਥਾਣੇ ਲੈ ਕੇ ਆਉ। ਉਨ੍ਹਾਂ ਦੇ ਬਿਆਨ ਲਵਾਂਗੇ ਜਾਂ ਉਸ ਦੇ ਮਾਪਿਆਂ ਦਾ ਹਲਫੀਆ ਬਿਆਨ ਮੈਜਿਸਟ੍ਰੇਟ ਤੋਂ ਤਸਦੀਕ ਕਰਵਾ ਕੇ ਲਿਆਉ ਕਿ ਉਨ੍ਹਾਂ ਦੀ ਧੀ ਕੰਤੀ ਉਨ੍ਹਾਂ ਕੋਲ ਸਹੀ ਸਲਾਮਤ ਪਹੁੰਚ ਗਈ ਹੈ। ਫਿਰ ਧੀ ਜਵਾਈ ਨੂੰ ਕੰਤੀ ਦੇ ਪਿੰਡ ਪਹੁੰਚਣ ਬਾਰੇ ਦੱਸਿਆ।

ਅਸੀਂ ਕੁੜਮ-ਕੁੜਮ ਦੋਵੇਂ ਕੰਤੀ ਦੇ ਘਰ ਉਸ ਦੇ ਪਿੰਡ ਪਹੁੰਚੇ। ਉੱਥੇ ਸੱਤ-ਅੱਠ ਬੰਦੇ ਹੋਰ ਵੀ ਸਨ ਜੋ ਸ਼ਾਇਦ ਉਨ੍ਹਾਂ ਨੇ ਸਾਡੇ ’ਤੇ ਦਬਾਅ ਪਾਉਣ ਜਾਂ ਬਲੈਕਮੇਲ ਕਰਨ ਲਈ ਸੱਦੇ ਹੋਣ। ਉਹ ਸਾਡੇ ਵੱਲ ਘੂਰ ਘੂਰ ਵੇਖ ਰਹੇ ਸਨ। ਇਸ ਪਿੰਡ ਵਿੱਚ ਮੇਰਾ ਜਮਾਤੀ ਸੇਵਾਮੁਕਤ ਮੁੱਖ ਅਧਿਆਪਕ ਰਹਿੰਦਾ ਸੀ। ਮੈਂ ਮੌਕਾ ਸੰਭਾਲਦਿਆਂ ਉਨ੍ਹਾਂ ਨੂੰ ਕਿਹਾ, ‘‘ਹੈੱਡਮਾਸਟਰ ਰਤਨ ਸਿੰਘ ਦਾ ਘਰ ਕਿਹੜੇ ਪਾਸੇ ਹੈ?’’ ‘‘ਤੁਸੀਂ ਉਸ ਨੂੰ ਕਿਵੇਂ ਜਾਣਦੇ ਹੋ?’’ ਇੱਕ ਨੇ ਪੁੱਛਿਆ। ਮੈਂ ਕਿਹਾ ਕਿ ਉਹ ਮੇਰੇ ਪਿੰਡ ਦਾ ਹੈ, ਮੇਰਾ ਜਮਾਤੀ ਹੈ। ਇਹ ਸੁਣ ਕੇ ਦੂਜਾ ਬੋਲਿਆ ਕਿ ਤੇਰਾ ਪਿੰਡ ਸਾਉਂਕੇ ਹੈ? ਮੇਰੇ ਹਾਂ ਕਹਿਣ ’ਤੇ ਬੋਲਿਆ ਕਿ ਦਸ ਸਾਲ ਪਹਿਲਾਂ ਅਸੀਂ ਵੀ ਉੱਥੇ ਰਹਿੰਦੇ ਸੀ। ਇਹ ਗੱਲਾਂ ਹੋਣ ’ਤੇ ਉੱਥੇ ਖੜੋਤੇ ਸਾਰੇ ਵਿਅਕਤੀ ਉੱਥੋਂ ਖਿਸਕ ਗਏ। ਕੰਤੀ, ਉਸ ਦਾ ਭਰਾ ਤੇੇ ਮਾਂ ਬਾਪ ਰਹਿ ਗਏ। ਕੰਤੀ ਦੀ ਮਾਂ ਨੇ ਸਾਨੂੰ ਦੁੱਧ ਪਿਆਇਆ।

ਕੰਤੀ ਦੇ ਮਾਪਿਆਂ ਨੇ ਜਾਣਬੁੱਝ ਕੇ ਉਸ ਨੂੰ ਕਿਤੇ ਪਾਸੇ ਕੀਤਾ ਹੋਇਆ ਸੀ। ਥੋੜ੍ਹੇ ਚਿਰ ਬਾਅਦ ਉਸ ਨੂੰ ਵੀ ਬੁਲਾ ਲਿਆ। ਉਸ ਨੂੰ ਇਸ ਬਾਰੇ ਪੁੱਛਿਆ ਤਾਂ ਕਹਿਣ ਲੱਗੀ ਕਿ ਮੇਰਾ ਜੀ ਉਦਾਸ ਸੀ। ਮੈਂ ਕਿਹਾ ਕਿ ਘਰ ਵਿੱਚ ਦੀਦੀ ਨਾਲ ਗੱਲ ਕਰਨੀ ਸੀ। ਉਹ ਧੀ ਨੂੰ ਦੀਦੀ ਕਹਿੰਦੀ ਸੀ। ਉਸ ਕਿਹਾ ਕਿ ਗੱਲ ਕੀਤੀ ਸੀ, ਵੀਰਾ ਕਹਿਣ ਲੱਗਿਆ ਕਿ ਦੋ ਦਿਨ ਰੁਕ ਜਾ, ਐਤਵਾਰ ਤੈਨੂੰ ਤੇਰੇ ਪਿੰਡ ਮਿਲਾ ਲਿਆਵਾਂਗਾ। ਮੇਰੇ ਤੋਂ ਰੁਕਿਆ ਨਹੀਂ ਗਿਆ ਮੈਂ ਦੀਦੀ ਦੇ ਪਰਸ ’ਚੋਂ ਪੈਸੇ ਕੱਢੇ ਤੇ ਕਾਲਜ ਦੇ ਰਿਹਾਇਸ਼ੀ ਕੰਪਲੈਕਸ ਦੀ ਕੰਧ ਟੱਪ ਕੇ ਬਾਹਰ ਆ ਗਈ। ਉੱਥੋਂ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਚਲੀ ਗਈ। ਰਾਤ ਉੱਥੇ ਕੱਟੀ, ਦਿਨ ਚੜ੍ਹਨ ’ਤੇ ਬੱਸ ਫੜੀ ਤੇ ਪਿੰਡ ਆ ਗਈ। ਅਸੀਂ ਕੰਤੀ ਦੇ ਇਸ ਕਾਰਨਾਮੇ ’ਤੇ ਹੈਰਾਨ ਸੀ।

ਕੰਤੀ ਦੇ ਮਾਪਿਆਂ ਨੂੰ ਕਿਹਾ, ‘‘ਜੇ ਲੁਧਿਆਣੇ ਜਾ ਕੇ ਪੁਲੀਸ ਨੂੰ ਬਿਆਨ ਦੇਣੇ ਹਨ ਤਾਂ ਸਾਡੇ ਨਾਲ ਚਲੋ। ਜੇ ਲੁਧਿਆਣੇ ਨਹੀਂ ਜਾ ਸਕਦੇ ਤਾਂ ਇੱਥੇ ਮਲੋਟ ਕਚਹਿਰੀ ਵਿੱਚ ਤੁਹਾਡੇ ਬਿਆਨ ਤਸਦੀਕ ਕਰਵਾ ਲੈਂਦੇ ਹਾਂ ਤਾਂ ਕਿ ਪੁਲੀਸ ਆਪਣੀ ਖਾਨਾਪੂਰਤੀ ਕਰ ਸਕੇ। ਉਨ੍ਹਾਂ ਨੇ ਲੁਧਿਆਣੇ ਜਾਣ ਤੋਂ ਡਰਦਿਆਂ ਨਾਂਹ ਕਰ ਦਿੱਤੀ ਕਿਤੇ ਪੁਲੀਸ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰੇ, ਕੁੜੀ ਨੇ ਪੈਸੇ ਚੋਰੀ ਕੀਤੇ ਹਨ। ਕੰਤੀ ਦੀ ਮਾਂ ਤੇ ਬਾਪ ਨੇ ਸਾਡੇ ਨਾਲ ਮਲੋਟ ਆ ਕੇ ਆਪਣਾ ਬਿਆਨ ਹਲਫੀਆ ਟਾਈਪ ਕਰਵਾ ਕੇ ਮੈਜਿਸਟਰੇਟ ਤੋਂ ਤਸਦੀਕ ਕਰਵਾਇਆ। ਕੁੜਮ ਨੇ ਇਹ ਤਸਦੀਕਸ਼ੁਦਾ ਹਲਫ਼ੀਆ ਬਿਆਨ ਫੈਕਸ ਰਾਹੀਂ ਪੁਲੀਸ ਥਾਣੇ ਲੁਧਿਆਣਾ ਅਤੇ ਧੀ ਜਵਾਈ ਨੂੰ ਭੇਜ ਦਿੱਤਾ।

ਧੀ-ਜਵਾਈ ਨਾਲ ਜਦੋਂ ਕਦੇ ਮੇਲ ਹੁੰਦਾ ਹੈ ਤਾਂ ਇਸ ਘਟਨਾ ਦੀ ਚਰਚਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੁੰਦੀ ਹੈ। ਉਹ ਕਹਿੰਦੇ ਹਨ ਕਿ ਜਦੋਂ ਵੀ ਉਹ ਦ੍ਰਿਸ਼ ਯਾਦ ਆ ਜਾਂਦਾ ਹੈ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ। ਸਾਨੂੰ ਬਹੁਤ ਵੱਡਾ ਸਬਕ ਮਿਲਿਆ ਹੈ ਕਿ ਤੰਗੀਆਂ ਪ੍ਰੇਸ਼ਾਨੀਆਂ ਸਹਿ ਲਓ, ਪਰ ਨਾਬਾਲਗ ਕੁੜੀ ਨੂੰ ਕੰਮ ’ਤੇ ਨਾ ਲਾਓ। ਉਹ ਇਹ ਕਹਿ ਕੇ ਸਮਾਪਤੀ ਕਰਦੇ ਹਨ, ‘‘ਅਸੀਂ ਸੈਂਕੜੇ ਹੀ ਆਪਣੇ ਜਾਣ ਪਹਿਚਾਣ ਵਾਲਿਆਂ ਅਤੇ ਸਾਥੀਆਂ ਨੂੰ ਇਹ ਸਬਕ ਦੇ ਚੁੱਕੇ ਹਾਂ ਤੇ ਦਿੰਦੇ ਰਹਾਂਗੇ।’’

ਸੰਪਰਕ: 98144-39224

Advertisement
×