DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਹੌਰ ਦੀ ਫ਼ਿਜ਼ਾ

ਗੁਰਬਖ਼ਸ਼ ਸਿੰਘ ਭੰਡਾਲ ਕੀ ਤੁਸੀਂ ਕਦੇ ਫ਼ਿਜ਼ਾ ਦੀ ਗੁਫ਼ਤਗੂ ਸੁਣੀ ਆ? ਮੈਂ ਤਾਂ ਲਾਹੌਰ ’ਚ ਵਿਚਰਦਿਆਂ ਸੁਣੀ ਹੈ ਫ਼ਿਜ਼ਾ ਦੀ ਗੱਲਬਾਤ ਅਤੇ ਇਸ ਗੁਫ਼ਤਗੂ ਨੇ ਮੈਨੂੰ ਬੜਾ ਚਿਰ ਬੇਚੈਨ ਅਤੇ ਬੇਆਰਾਮ ਕੀਤਾ ਸ਼ਸ਼ੋਪੰਜ ’ਚ ਪਾਇਆ ਤੇ ਹੈਰਾਨ ਕੀਤਾ ਹੁਲਾਸਿਆ ਅਤੇ...
  • fb
  • twitter
  • whatsapp
  • whatsapp
Advertisement

ਗੁਰਬਖ਼ਸ਼ ਸਿੰਘ ਭੰਡਾਲ

ਕੀ ਤੁਸੀਂ ਕਦੇ ਫ਼ਿਜ਼ਾ ਦੀ ਗੁਫ਼ਤਗੂ ਸੁਣੀ ਆ?

Advertisement

ਮੈਂ ਤਾਂ ਲਾਹੌਰ ’ਚ ਵਿਚਰਦਿਆਂ

ਸੁਣੀ ਹੈ ਫ਼ਿਜ਼ਾ ਦੀ ਗੱਲਬਾਤ

ਅਤੇ ਇਸ ਗੁਫ਼ਤਗੂ ਨੇ ਮੈਨੂੰ ਬੜਾ ਚਿਰ

ਬੇਚੈਨ ਅਤੇ ਬੇਆਰਾਮ ਕੀਤਾ

ਸ਼ਸ਼ੋਪੰਜ ’ਚ ਪਾਇਆ ਤੇ ਹੈਰਾਨ ਕੀਤਾ

ਹੁਲਾਸਿਆ ਅਤੇ ਪਰੇਸ਼ਾਨ ਕੀਤਾ

ਹਲੂਣਿਆਂ ਵੀ ਅਤੇ ਇਮਤਿਹਾਨ ਵੀ ਲੀਤਾ।

ਲਾਹੌਰ ਦੀ ਫ਼ਿਜ਼ਾ ’ਚ ਧੜਕਦੀ ਹੈ

ਪੰਜਾਬੀਆਂ ਦੀ ਨਾਬਰੀ

ਬਹਾਦਰੀ

ਤੇ ਸਵੈਮਾਣ ਦਾ ਸੰਵਾਦ।

ਤੁਸੀਂ ਮਹਿਸੂਸ ਕਰ ਸਕਦੇ ਹੋ

ਸਿਕੰਦਰ ਦੀਆਂ ਫ਼ੌਜਾਂ ਦੀ ਦਗੜ-ਦਗੜ

ਅਬਦਾਲੀ ਦਾ ਮਚਾਇਆ ਕੁਹਰਾਮ

ਸੂਫ਼ੀਆ ਦਾ ਸ਼ਰੀਅਤ-ਪੈਗ਼ਾਮ

ਬਾਬੇ ਨਾਨਕ ਦਾ ਗੋਸ਼ਟਿ ਗਿਆਨ

ਤੇ ਬੁੱਲ੍ਹੇ ਦਾ ਘੁੰਗਰੂ ਬੰਨ੍ਹ ਕੇ ਨੱਚਦਿਆਂ

ਰੁੱਸੇ ਸਾਈਂ ਨੂੰ ਮਨਾਉਣਾ।

ਫ਼ਿਜ਼ਾ ’ਚ ਗੁਣਗੁਣਾਉਂਦੀ ਹੈ

ਅਨਾਥ ਬੱਚੇ ਦੀ ਚੌਥੀ ਪਾਤਸ਼ਾਹੀ ਬਣਨ ਦੀ ਤਹਿਰੀਕ

ਤੱਤੀ ਤਵੀ ਦੇ ਸੇਕ ’ਚ ਨੂਰ ਦਾ ਪ੍ਰਤਾਪ

ਤੇ ਫਿਰ ਰਾਵੀ ਦੇ ਪਾਣੀਆਂ ਵਿੱਚ ਘੁਲਣਾ

‘ਤੇਰਾ ਭਾਣਾ ਮੀਠਾ ਲਾਗੇ’ ਦਾ ਜਾਪ

ਇੱਕ ਪਾਸੇ ਜ਼ੁਲਮ ਦੀ ਇੰਤਹਾ ਦਾ ਸ਼ੋਰ

ਤੇ ਦੂਸਰੇ ਪਾਸੇ ਰੂਹੀ ਸਾਂਝ ਦੀ ਲੋਰ

ਇੱਕ ਪਾਸੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ

ਦੂਸਰੇ ਪਾਸੇ ਰੱਬੀ ਰੂਹ ਦਾ ਸ਼ਹੀਦੀ ਜਾਮ ਚੱਖਣਾ

ਤੇ ਸਾਈੰ ਮੀਆਂ ਮੀਰ ਦਾ ਰੋਹ ਨਾਲ ਤੱਕਣਾ।

ਫ਼ਿਜ਼ਾ ਨੇ ਉਹ ਸਮਾਂ ਵੀ ਆਪਣੇ ਵਿੱਚ ਸਮਾਇਆ

ਜਦ ਮਿਸਲਾਂ ਦੀ ਖਹਿਬਾਜ਼ੀ ’ਚੋਂ ਉੱਠਿਆ ਸੀ ਮਹਾਂਬਲੀ

ਜਿਸ ਦੀਆਂ ਜਿੱਤਾਂ ਦਾ ਡੰਕਾ ਸੀ ਚੁਫੇਰੇ

ਲਾਹੌਰ ਦੀ ਫ਼ਿਜ਼ਾ ਨੇ ਦੇਖਿਆ ਸੀ

ਸਿੱਖ ਰਾਜ ਦਾ ਜਾਹੋ-ਜਲਾਲ

ਸ਼ਹਿਨਸ਼ਾਹੀਅਤ ਦਾ ਕਮਾਲ

ਪੈਂਦੀ ਸੀ ਬੰਦਿਆਈ ਦੀ ਧਮਾਲ

ਖ਼ਾਲਸਾਈ ਫ਼ੌਜਾਂ ਤੇ ਜਰਨੈਲਾਂ ਦਾ ਕੇਹਾ ਜਲੌ

ਕਿ ਇਨ੍ਹਾਂ ਨੂੰ ਨਿਹਾਰਦਿਆਂ ਵਕਤ ਜਾਂਦਾ ਸੀ ਖਲੋ

ਫ਼ਿਜ਼ਾ ਵਿੱਚ ਅਜੇ ਗੂੰਜਦੀ ਹੈ

ਬੀਤੇ ਜਸ਼ਨਾਂ, ਜਜ਼ਬਿਆਂ ਤੇ ਜਜ਼ਬਾਤਾਂ ਦੀ ਤ੍ਰਿਵੇਣੀ

ਚਾਂਗਰਾਂ ਅਤੇ ਚਲਾਕੀਆਂ ਦੀ ਹਲਚਲ

ਡੋਗਰਿਆਂ ਦੀ ਬਦਨੀਤੀ

ਤੇ ਗੋਰਿਆਂ ਦੀ ਚਾਣਕਯ ਨੀਤੀ

ਰਾਣੀ ਜਿੰਦਾਂ ਦਾ ਬੇਵੱਸ ਰੋਹ

ਤੇ ਦਲੀਪ ਲੈ ਕੇ ਬੇਦਰ ਜਾਣਾ ਹੋ

ਰਾਣੀ ਦੇ ਦਿਲ ਨੂੰ ਪੈਂਦੀ ਖੋਹ

ਅਤੇ ਰੋਂਦੀਆਂ ਕੰਧਾਂ ਸੰਗ

ਸਿਸਕਦੀ ਜਿੰਦਾਂ ਦੀ ਵਾਰਤਾਲਾਪ।

ਵਿਭਿੰਨ ਬਾਦਸ਼ਾਹੀਆਂ ਦੇ ਫੁਰਮਾਨਾਂ ਨਾਲ

ਵਲੂੰਧਰੀ ਇਹ ਫ਼ਿਜ਼ਾ

ਕਦੇ ਕਿਸੇ ਫੁਰਮਾਨ ਤੋਂ ਆਕੀ

ਕਦੇ ਦੁੱਲਾ ਭੱਟੀ ਵਾਂਗ ਬਾਗ਼ੀ

ਤੇ ਕਦੇ ਗੋਰਿਆਂ ਦੀ ਹੁਕਮ ਅਦੁਲੀ।

ਬਹੁਤ ਰੁੱਤਾਂ ਦੇਖੀਆਂ ਇਸ ਫ਼ਿਜ਼ਾ ਨੇ

ਪਰ ਇਹ ਸਦਾ ਅਣਖ ਨਾਲ ਰੁਮਕੀ।

ਲਾਹੌਰ ਦੀ ਫ਼ਿਜ਼ਾ ਉਸ ਵੇਲੇ ਜ਼ਾਰ-ਜ਼ਾਰ ਰੋਈ

ਜਦ ਆਪਣਿਆਂ ਨੇ ਆਪਣਿਆਂ ਨੂੰ ਕੋਹਿਆ

ਸਾਰਾ ਲਾਹੌਰ ਭੁੱਬਾਂ ਮਾਰ ਕੇ ਰੋਇਆ

ਜਦ ਇਸ ਦੀਆਂ ਧੀਆਂ ਦੀ ਪੱਤ

ਆਪਣਿਆਂ ਨੇ ਹੀ ਪੈਰਾਂ ਹੇਠ ਰੋਲ਼ੀ

ਵਿਲਕਦੀ ਫ਼ਿਜ਼ਾ ਤਰਲੇ ਕਰਦੀ ਰਹੀ

ਪਰ ਹੈਵਾਨ ਕਦ ਪਾਉਂਦਾ ਏ

ਰਹਿਮ ਮੰਗਦੀਆਂ ਹਵਾਵਾਂ ਨੂੰ ਖ਼ੈਰ?

ਉਸ ਦੇ ਮਨ ’ਚ ਹੁੰਦੀ ਉਸੇ

ਜੋ ਵਰਤਾਉਂਦਾ ਆਲ਼ੇ ਦੁਆਲੇ ਕਹਿਰ।

ਅਬਲਾਵਾਂ ਦੀਆਂ ਲੇਰਾਂ

ਬੇ ਕਫ਼ਨੀਆਂ ਲਾਸ਼ਾਂ ਦਾ ਰੁਦਨ

ਲਹੂ ਲਿੱਬੜੇ ਨੇਜ਼ਿਆਂ ਤੇ ਤਲਵਾਰਾਂ ਦੇ ਹਊਏ ’ਚ

ਫ਼ਿਜ਼ਾ ਸਹਿਮਦੀ ਨਾ ਤਾਂ ਹੋਰ ਕੀ ਕਰਦੀ?

ਤਾਂ ਹੀ

ਲਾਸ਼ਾਂ ਦੇ ਢੇਰ ਤੇ ਮਿਲੀ ਆਜ਼ਾਦੀ ਦੇ ਜਸ਼ਨਾਂ ਨੂੰ

ਫ਼ਿਜ਼ਾ ਨੇ ਕੀਰਨਿਆਂ ਦਾ ਸ਼ਗਨ ਪਾਇਆ।

ਫ਼ਿਜ਼ਾ ਵਿੱਚ ਅੱਜ ਤੀਕ ਗੂੰਜਦੀ ਹੈ

ਅਦਬ ਅਤੇ ਅਦੀਬਾਂ ਦੀ ਰਹਿਬਰੀ

ਸਾਹਿਤ ਅਤੇ ਸੱਭਿਆਚਾਰ ਦੀ ਰਹਿਨੁਮਾਈ

ਭਾਈਚਾਰਕ ਸਾਂਝ ਦੀ ਵਡਿਆਈ

ਤੇ ਧਰਮਾਂ-ਕਰਮਾਂ ਦੀ ਰੁਸ਼ਨਾਈ।

ਲਾਹੌਰ ਵਿੱਚ ਵਿਚਰਦਿਆਂ

ਮੈਂ ਕਦੇ ਫ਼ਿਜ਼ਾ ਨੂੰ ਰੁਆਂਸੀ ਤੱਕਿਆ

ਤੇ ਕਦੇ ਇਸ ਨੂੰ ਮੁਸਕਰਾਉਂਦੇ ਦੇਖਿਆ।

ਫ਼ਿਜ਼ਾ ਨੂੰ ਇਸ ਦਾ ਰਾਜ਼ ਪੁੱਛਿਆ

ਤਾਂ ਫ਼ਿਜ਼ਾ ਬੋਲੀ

‘ਮੇਰੇ ਵਿੱਚ ਰਚੇ ਸੋਗ ਨੂੰ ਸਮਝਣ ਲਈ

ਰਾਵੀ ਦੇ ਪਾਣੀਆਂ ਵਿੱਚੋਂ ਉੱਗੀ

ਸ਼ਹਾਦਤ ਨੂੰ ਨਤਮਸਤਕ ਹੋਵੀਂ

ਮੀਨਾਰ ਏ ਪਾਕਿਸਤਾਨ ਦੀਆਂ ਨੀਂਹਾਂ ’ਚ

ਦੱਬੀਆਂ ਲਾਸ਼ਾਂ ਦੀ ਗਿਣਤੀ ਕਰੀਂ

ਸ਼ਾਹ ਅਨਾਇਤ ਦੇ ਦਰਬਾਰ ਦੀ ਤਵਾਰੀਖ ਪੜ੍ਹੀਂ

ਪੰਜਾਬ ਯੂਨੀਵਰਸਿਟੀ ਦੇ ਕਮਰਿਆਂ ਵਿੱਚ

ਆਪਣੇ ਬਜ਼ੁਰਗਾਂ ਦੀਆਂ ਛੋਹਾਂ

ਤੇ ਵਿਹੜੇ ਵਿੱਚ ਪੁਰਖਿਆਂ ਦੀਆਂ ਪੈੜਾਂ ਨਿਹਾਰੀਂ

ਅਨਾਰਕਲੀ ਬਾਜ਼ਾਰ ਦੀ ਬੇਰੌਣਕੀ ਨੂੰ ਚਿਤਾਰੀਂ

ਸ਼ਾਹੀ ਦਰਬਾਰ ਵਿੱਚ ਪਸਰੇ ਸੰਨਾਟੇ ਦੇ ਰੂਬਰੂ ਹੋਵੀਂ

ਧਾਰਮਿਕ ਅਸਥਾਨਾਂ ਵਿੱਚ ਉੱਗੀਆਂ

ਨਫ਼ਰਤੀ ਦੀਵਾਰਾਂ ਦੀ ਨਿਰਖ਼-ਪਰਖ ਕਰੀਂ

ਤੇ ਮਨਾਂ ਦੀ ਸੰਕੀਰਨਤਾ ਦੇ ਸਨਮੁੱਖ ਹੋਵੀਂ

ਤਾਂ ਤੈਨੂੰ ਖ਼ੁਦ ਪਤਾ ਲੱਗ ਜਾਵੇਗਾ

ਕਿ ਮੈਂ ਕਦੇ ਕਦੇ ਉਦਾਸ ਕਿਉਂ ਹੋ ਜਾਂਦੀ ਹਾਂ।

ਮੈਂ ਅਕਸਰ ਮੁਸਕਰਾਉਂਦੀ ਵੀ ਹਾਂ

ਕਿਉਂਕਿ ਮੇਰੇ ਵਿੱਚ ਰਚੀਆਂ ਹੋਈਆਂ ਨੇ

ਤੇਰੇ ਪਿੰਡ ਤੋਂ ਉੱਜੜ ਕੇ ਆਏ

ਤੇ ਲਾਹੌਰ ਵਿੱਚੋਂ ਲੰਘ ਕੇ ਗਏ

ਅਰਾਈਆਂ ਦੀਆਂ ਦਿਲੀ ਦੁਆਵਾਂ

ਕਿ ਸਦਾ ਵੱਸਦੇ ਰਹਿਣ

ਭੰਡਾਲਾਂ ਦੇ ਭਲੇ ਲੋਕ

ਜਿਨ੍ਹਾਂ ਨੇ ਉਜਾੜਿਆਂ ਵੇਲੇ

ਸਾਨੂੰ ਆਂਚ ਨਹੀਂ ਆਉਣ ਦਿੱਤੀ।’

ਜਦ ਮੈਂ ਫ਼ਿਜ਼ਾ ਨੂੰ ਅਲਵਿਦਾ ਕਹਿਣ ਲੱਗਾ

ਤਾਂ ਫ਼ਿਜ਼ਾ ਮੇਰਾ ਮੋਢਾ ਥੱਪ ਥਪਾਉਂਦਿਆਂ ਕਹਿਣ ਲੱਗੀ

‘ਮੇਰਾ ਸੀਨਾ ਠਾਰ ਦਿੰਦੀ ਹੈ

ਆਪਣਿਆਂ ਦੀ ਆਪਣਿਆਂ ਨਾਲ ਗਲਵੱਕੜੀ

ਮਾਂ ਜਾਇਆਂ ਦੀ ਪੰਜਾਬੀ ਵਿੱਚ ਗੁਫ਼ਤਗੂ

ਵਿਚਾਰਾਂ, ਭਾਵਾਂ ਤੇ ਇੱਛਾਵਾਂ ਦੀ ਸਾਂਝ

ਭਾਈਚਾਰਕ ਪੁਲ ਦੀ ਉਸਾਰੀ

ਸੱਭਿਆਚਾਰਕ ਸਹਿਹੋਂਦ ਦੀ ਦਿਲਦਾਰੀ

ਤੇ ਸਾਂਝੀਆਂ ਸਾਹਿਤਕ ਸਰਗਰਮੀਆਂ ਦੀ ਖ਼ੁਮਾਰੀ।

ਮੈਨੂੰ ਸਕੂਨ ਦਿੰਦਾ ਹੈ

ਸਾਂਝੇ ਚੁੱਲ੍ਹੇ ਦਾ ਬਲਣਾ

ਇੱਕ ਦੂਜੇ ਦੇ ਖ਼ਾਬਾਂ

ਤੇ ਖ਼ਿਆਲਾਂ ਦਾ ਅਦਬ ਕਰਨਾ

ਅਤੇ ਬਾਂਹ ’ਚ ਬਾਂਹ ਪਾ ਕੇ ਚੱਲਣਾ।

ਮੇਰੀ ਦੁਆ ਹੈ ਕਿ

ਹੱਦਾਂ-ਸਰਹੱਦਾਂ

ਕੰਡਿਆਲੀਆਂ ਵਾੜਾਂ

ਬੰਦਸ਼ਾਂ ਤੇ ਬੇਗਾਨਗੀਆਂ

ਰੋਸੇ ਤੇ ਰੰਜਸ਼ਾਂ

ਮਿਟ ਜਾਣ

ਤੇ ਇੱਕ ਨਵੀਂ ਸਰਘੀ ਦੀ ਲੋਅ

ਲਾਹੌਰ ਨੂੰ ਆਪਣੇ ਰੰਗ ’ਚ ਰੰਗੇ।’

ਇੰਨਾ ਕਹਿ ਕੇ ਫ਼ਿਜ਼ਾ

ਅਛੋਪਲੇ ਜਿਹੇ ਖ਼ਿਆਲਾਂ ’ਚ ਲੋਪ ਹੋ ਗਈ

ਤੇ ਮੈਂ ਖ਼ੁਦ ਨੂੰ ਲਾਹੌਰ ਵਿੱਚ ਵਿਚਰਦਿਆਂ ਦੇਖ ਰਿਹਾ ਸਾਂ।

ਸੰਪਰਕ: 216-556-2080

ਜਿਊਣਾ ਬਹੁਤ ਜ਼ਰੂਰੀ ਹੈ

ਸੱਤਪਾਲ ਸਿੰਘ ਗਿੱਲ

ਤੁਸੀਂ ਤੁਰ ਪਏ ਓ ਕਿਹੜੇ ਰਾਹ ਭਾਈ ਜੀ

ਜਾਂ ਹੈ ਕੀਤਾ ਕਿਸੇ ਗੁੰਮਰਾਹ ਭਾਈ ਜੀ

ਭੁੱਖੇ ਰਹਿਣਾ ਨਾ ਰਵਾਇਤ ਇਸ ਧਰਤੀ ਦੀ

ਫਿਰ ਤਿਲ ਤਿਲ ਮਰਨੇ ਦੀ ਕੀ ਮਜਬੂਰੀ ਏ।

ਮੰਨਿਆ ਸਮੇਂ ਤੇ ਸਥਾਨ ਦੀ ਨੀਤੀ ਹੁੰਦੀ ਏ

ਪਰ ਮਰਨਾ ਨਹੀਂ ਹੁਣ ਬਹੁਤ ਲੜਨਾ ਜ਼ਰੂਰੀ ਏ।

ਜਮਾਤੀ ਜੰਗ ਵਿੱਚ ਜਾਇਜ਼ ਨਹੀਂ ਇਹ

ਨਾ ਸਿੱਖੀ ਵਿੱਚ ਹੀ ਮਿਸਾਲ ਮਿਲੇ।

ਇਤਿਹਾਸ ਦੇ ਫੋਲਕੇ ਵਰਕੇ ਵੀ ਵੇਖੇ

ਕਿਤੋਂ ਨਾ ਮਰਨ ਵਰਤ ਦੀ ਕਾਲ ਮਿਲੇ।

’ਕੱਲੇ ਇੱਕ ਫੇਰੂਮਾਨ ਨੂੰ ਛੱਡ ਕੇ

ਹੋਰ ਕਿਧਰੇ ਨਾ ਭੁੱਖ ਹੜਤਾਲ ਮਿਲੇ।

ਕਿਸੇ ਹੋਰ ਦਾ ਹੋਣੈਂ ਲੁਕਵਾਂ ਏਜੰਡਾ

ਜਿਨ੍ਹਾਂ ਨਾਲ ਕਦੇ ਨਾ ਖ਼ਿਆਲ ਮਿਲੇ।

ਹੋਰ ਮੰਗਾਂ ਲਈ ਚੱਲ ਜਾਂਦਾ ਏ

ਇਹ ਜੰਗ ਤਾਂ ਕਿਆਸੋਂ ਵਡੇਰੀ ਏ।

ਲੰਮੇ ਦਾਅ ਤੋਂ ਹੈ ਚੱਲਣਾ ਪੈਂਦਾ

ਪੈਣੀ ਰੱਖਣੀ ਸਬਰ ਦਲੇਰੀ ਏ।

ਐੱਮਐੱਸਪੀ ਕੋਈ ਗੱਲ ਨਾ ਛੋਟੀ

ਗੱੱਲ ਕਾਲੇ ਕਾਨੂੰਨਾਂ ਤੋਂ ਉਚੇਰੀ ਏ।

ਇਸ ਵੇਲੇ ’ਕੱਲੇ ਲੜ ਨਹੀਂਓ ਹੋਣਾ

’ਕੱਠੇ ਹੋ ਲੜਨ ਦੀ ਲੋੜ ਬਥੇਰੀ ਏ।

ਕਿੰਨੇ ਬੇਵੱਸ ਮਰੇ ਭੁੱਖ ਦੇ ਮਾਰੇ

ਏਥੇ ਕੀ ਫ਼ਰਕ ਪਿਆ ਸਰਕਾਰ ਨੂੰ?

ਕਰਜ਼ੇ ’ਚ ਮਰੇ ਕਿੰਨੇ ਲੋਕ ਕਿਰਤੀ

ਦੱਸੋ ਕੀ ਅਸਰ ਪਿਆ ਦਰਬਾਰ ਨੂੰ?

ਸਦੀਆਂ ਤੋਂ ਬੜੇ ਸਿਸਟਮ ਨੇ ਮਾਰੇ

ਪੱਥਰਾਂ ਦੀ ਉਸ ਦੀਵਾਰ ਨੂੰ ਕੀ?

ਕੋਈ ਖ਼ੁਦ ਮਰੇ ਜਾਂ ਕਤਲੇਆਮ ਕਰਨ

ਇਸ ਨਾਲ ਸੋਚਾਂ ਦੇ ਬਿਮਾਰ ਨੂੰ ਕੀ?

ਜਦ ਲੜਨ ਤਰੀਕੇ ਹੋਰ ਬੜੇ ਨੇ

ਫਿਰ ਭੁੱਖਾ ਇੱਕ ਰੋਹੇਲਾ ਕਿਉਂ ਮਰੇ।

ਜੇ ਇੱਕ ਅੱਧੇ ਨਾਲ ਸਰਦਾ ਹੋਵੇ

ਤਾਂ ਸਾਰਾ ਭਰਿਆ ਮੇਲਾ ਕਿਉਂ ਮਰੇ।

ਇਹ ਹਨ ਮਸਲੇ ਸਾਰੇ ਨੀਤੀ ਦੇ

ਜਾਣ ਕੇ ਮਰਦ ਅਲਬੇਲਾ ਕਿਉਂ ਮਰੇ।

ਜਿਸ ਕੋਲ ਵੱਡੀਆਂ ਲੜਾਕੂ ਫ਼ੌਜਾਂ ਨੇ

ਤਾਂ ਉਹ ਜਰਨੈਲ ਇਕੱਲਾ ਕਿਉਂ ਮਰੇ।

ਅਸੀਂ ਜੇ ਉੱਚੇ ਆਦਰਸ਼ਾਂ ਦੀ ਖਾਤਰ

ਖਾਂਦੇ ਪੀਂਦੇ ਮਰ ਜਾਈਏ ਗੱਲ ਕੋਈ ਨਾ।

ਜ਼ਿੰਦਗੀ ਤੋਂ ਆਪਾਂ ਇੰਝ ਨਹੀਂ ਹਰਨਾ

ਲੜਦੇ ਲੜਦੇ ਹਰ ਜਾਈਏ ਗੱਲ ਕੋਈ ਨਾ।

ਸੰਘਰਸ਼ਾਂ ਨੂੰ ਪੈ ਜਾਏ ਨਾ ਪੁੱਠਾ ਮੋੜਾ

ਹੋਰ ਗ਼ਲਤੀ ਕਰ ਜਾਈਏ ਗੱਲ ਕੋਈ ਨਾ।

ਆਪਾਂ ਦੁਸ਼ਮਣ ਤੋਂ ਮਿਹਣੇ ਨਹੀਂ ਖਾਣੇ

ਆਪਸ ਵਿੱਚ ਲੜ ਜਾਈਏ ਗੱਲ ਕੋਈ ਨਾ।

ਸੰਪਰਕ: +1778-638-5007

ਗ਼ਜ਼ਲ

ਦਾਦਰ ਪੰਡੋਰਵੀ

ਵਿੱਛੜਨਾ ਪੈਣਾ ਹੈ ਆਖ਼ਿਰ, ਇਹ ਤਾਂ ਗੱਲ ਮਾਲੂਮ ਸੀ

ਵਸਲ ਦੀ ਮੁਹਲਤ ਉਹ ਦਿੰਦੇ ਵਕਤ ਪੂਰਾ ਸੂਮ ਸੀ।

ਫ਼ਾਸਲਾ ਮਿਣਨਾ ਉਨ੍ਹਾਂ ਵਿਚਕਾਰ ਸੀ ਮੁਸ਼ਕਿਲ ਬੜਾ

ਗੱਲ ਜੇ ਦੂਰੀ ਦੀ ਕਰ ਲਈਏ ਤਾਂ ਇੱਕੋ ਰੂਮ ਸੀ।

ਜਾਂ ਤਾਂ ਮੇਰੇ ਦਰਦ ਨੂੰ ਉਸ ਨੇ ਹੀ ਹੌਲੇ ਵਿੱਚ ਲਿਆ

ਜਾਂ ਮੈਂ ਜ਼ਖ਼ਮਾਂ ਨੂੰ ਜ਼ਿਆਦਾ ਕੀਤਾ ਹੋਇਆ ਜੂਮ ਸੀ।

ਉਹ ਕਟਹਿਰੇ ਵਿੱਚ ਖੜ੍ਹਾ ਸੀ ਆਪਣੇ ਹੀ ਸਾਹਮਣੇ

ਜ਼ੁਲਮ ਵੀ ਕੀਤਾ ਸੀ ਖ਼ੁਦ ’ਤੇ, ਖ਼ੁਦ ਹੀ

ਉਹ ਮਜ਼ਲੂਮ ਸੀ।

ਹੁਣ ਗੁਣਾਂ, ਤਕਸੀਮ ਇਸ ’ਤੇ ਪੈ ਗਈ ਭਾਰੀ ਬਹੁਤ

ਆਪਣਾ ਰਿਸ਼ਤਾ ਵੀ ਬੱਚਿਆਂ ਵਾਂਗਰਾਂ ਮਾਸੂਮ ਸੀ।

ਇਸ ਦਾ ਗਲ਼ੀਆਂ ਵਿੱਚ ਜਨਾਜ਼ਾ ਕੱਢੀਏ ਫਿਰ ਤੋਂ ਚਲੋ

ਇਹ ਸਿਆਸਤ ਅੱਜ ਵੀ ਤੇ ਕੱਲ੍ਹ ਵੀ ਮਰਹੂਮ ਸੀ।

ਕੌਣ ਅੱਗੇ ਆ ਕੇ ਪਰਦਾ ਝੂਠ ਉੱਤੋਂ ਚੁੱਕਦਾ

ਸਾਰਿਆਂ ਨੂੰ ਆਪੋ ਆਪਣਾ ਸੱਚ ਵੀ ਮਾਲੂਮ ਸੀ।

ਸੰਪਰਕ: 0034602153704

ਅੱਥਰੂ

ਪੋਲੀ ਬਰਾੜ

ਅੱਥਰੂਆਂ ਦਾ ਕੀ ਏ

ਇਹ ਪਲਕਾਂ ’ਤੇ ਬੈਠੇ ਹੀ ਰਹਿੰਦੇ।

ਕੋਈ ਬੁਲਾਏ ਤਾਂ ਸਹੀ

ਇੰਤਜ਼ਾਰ ਕਰਦੇ ਹੀ ਰਹਿੰਦੇ।

ਖ਼ੁਸ਼ੀ ਵਿੱਚ ਟੱਪਦੇ, ਹੱਸਦੇ ਆਉਂਦੇ

ਹਾਸੇ ਖੇੜੇ ਵੰਡਦੇ

ਕੰਮ ਮੁਕਾ, ਫਿਰ ਪਲਕਾਂ ’ਤੇ ਜਾ ਬਹਿੰਦੇ।

ਦੁੱਖ ਦੇ ਅੱਥਰੂ, ਕਰਨ ਡਾਢਾ ਵਿਰਲਾਪ

ਕਾਬੂ ਹੀ ਨ ਆਉਂਦੇ, ਵਗਦੇ ਰਹਿੰਦੇ

ਆਪ ਰੋਂਦੇ, ਹੋਰਾਂ ਨੂੰ ਰੁਆਉਂਦੇ ਰਹਿੰਦੇ।

ਸਭ ਤੋਂ ਮਾੜੇ, ਮੱਗਰਮੱਛ ਦੇ ਅੱਥਰੂ

ਨਾਟਕਬਾਜ਼, ਦਿਖਾਵੇ ਲਈ ਵਹਿੰਦੇ।

ਅੰਦਰੋਂ ਹੱਸਦੇ

ਤਰਸ ਨਾ ਕਰਿਓ, ਧੋਖਾ ਦਿੰਦੇ ਰਹਿੰਦੇ

ਬੁੱਧੂ ਬਣਾ, ਨਵਾਂ ਸ਼ਿਕਾਰ ਲੱਭਦੇ ਰਹਿੰਦੇ।

ਕੰਮ ਕਢਵਾਉਣ ਲਈ

ਐਂਵੇ ਹੀ ਅੱਖਾਂ ਗਿੱਲੀਆਂ ਕਰਦੇ ਰਹਿੰਦੇ।

Advertisement
×