ਇਲਸ਼ਿੰਗ ਸਕੂਲ ਦੀਆਂ ਕੋਰਿਆਈ ਨਾਨੀਆਂ ਦਾਦੀਆਂ
ਵੈਂਡੀ ਟਿਉ
ਸਿਓਲ ਵਿੱਚ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਲਸ਼ਿੰਗ ਦੇ ਕੁੜੀਆਂ ਦੇ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਰਾਂਡੇ ਖ਼ੁਸ਼ੀ ਅਤੇ ਉਤਸ਼ਾਹ ਭਰੀਆਂ ਆਵਾਜ਼ਾਂ ਨਾਲ ਭਰ ਜਾਂਦੇ ਹਨ। ਉਹ ਚਹਿਕਦੀਆਂ ਹੋਈਆਂ ਇੱਕ ਦੂਜੀ ਨੂੰ ਮਿਲਦੀਆਂ ਹਨ।
ਜਮਾਤਾਂ ਦੇ ਅੰਦਰ ਝੁਕੇ ਹੋਏ ਮਗਨ ਸਿਰ ਤੇ ਬਲੈਕ ਬੋਰਡ ਤੋਂ ਨੋਟਸ ਉਤਾਰਨ ਵਿੱਚ ਲੱਗੇ ਹੋਏ ਹੱਥ। ਇਹ ਇੱਕ ਆਮ ਸਕੂਲ ਵਿੱਚ ਵੇਖਣ ਵਿੱਚ ਆਉਂਦਾ ਦ੍ਰਿਸ਼ ਹੈ। ਪਰ ਇੱਥੇ ਵਿਕੋਲਿਤਰੀ ਗੱਲ ਚਾਂਦੀ ਰੰਗੇ ਵਾਲਾਂ ਵਾਲੇ ਸਿਰਾਂ ’ਤੇ ਘੁੱਟ ਕੇ ਕੀਤੇ ਜੂੜੇ ਦੱਖਣੀ ਕੋਰੀਆ ਦੀਆਂ ਅੱਧਖੜ ਉਮਰ ਦੀਆਂ ਔਰਤਾਂ ਅਤੇ ਦਾਦੀਆਂ ਨਾਨੀਆਂ ਦੀ ਪਛਾਣ ਹਨ। ਇਲਸ਼ਿੰਗ ਦੇ ਕੁੜੀਆਂ ਦੇ ਮਿਡਲ ਤੇ ਹਾਈ ਸਕੂਲ ਵਿੱਚ ਤਕਰੀਬਨ 90 ਫ਼ੀਸਦੀ ਵਿਦਿਆਰਥਣਾਂ ਸੱਤਰ ਅੱਸੀ ਸਾਲ ਦੀਆਂ ਹਨ।
ਦੱਖਣੀ ਕੋਰੀਆ ਦੇ ਦੂਜੇ ਮਿਡਲ ਤੇ ਹਾਈ ਸਕੂਲਾਂ ਦੇ ਵਿਦਿਆਰਥੀ ਆਮ ਕਰ ਕੇ 12 ਤੋਂ 18 ਸਾਲ ਦੀ ਉਮਰ ਦੇ ਹੁੰਦੇ ਹਨ। ਇਲਸ਼ਿੰਗ ਸਕੂਲ ਉਨ੍ਹਾਂ ਲਈ ਹਨ, ਜਿਨ੍ਹਾਂ ਨੂੰ ਛੋਟੇ ਹੁੰਦਿਆਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਜਾਂ ਜਿਹੜੀਆਂ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੀਆਂ।
ਸਿਓਲ ਦੇ ਮੁੱਖ ਵਿਦਿਅਕ ਕੇਂਦਰ ਅਨੁਸਾਰ ਸਿਓਲ ਵਿੱਚ ਅਜਿਹੇ ਨੌਂ ਸਕੂਲ ਹਨ, ਜੋ ਵਡੇਰੀ ਉਮਰ ਦੀਆਂ ਵਿਦਿਆਰਥਣਾਂ ਲਈ ਹਨ। ਸਾਰੇ ਦੇਸ਼ ਵਿੱਚ ਅਜਿਹੇ 42 ਸਕੂਲ ਹਨ। ਇਨ੍ਹਾਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ। ਹਰ ਸਾਲ ਸਾਰੇ ਦੇਸ਼ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 6600 ਦੇ ਕਰੀਬ ਹੁੰਦੀ ਹੈ।
ਦੱਖਣੀ ਕੋਰੀਆ ਸੰਸਾਰ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ, ਜਿੱਥੇ ਵਧੇਰੀ ਉਮਰ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 2023 ਵਿੱਚ ਇਸ ਦੀ ਆਬਾਦੀ ਦੇ 19 ਫ਼ੀਸਦੀ ਲੋਕ 65 ਸਾਲ ਤੇ ਇਸ ਤੋਂ ਵੀ ਵੱਡੀ ਉਮਰ ਦੇ ਸਨ।
ਗੁਲਾਬੀ ਭਾਹ ਮਾਰਦੀਆਂ ਗੱਲ੍ਹਾਂ ਵਾਲੀ 75 ਸਾਲਾ ਵਿਦਿਆਰਥਣ ਬਿਉਮ-ਸਿਨ-ਹੀ ਹਰ ਰੋਜ਼ ਚੜ੍ਹਾਈ ਚੜ੍ਹ ਕੇ ਹਫ਼ਦੀ ਹੋਈ ਸਕੂਲ ਜਾਂਦੀ ਹੈ।
ਉਹ ਸਵੇਰੇ 6.30 ਵਜੇ ਉੱਠਦੀ ਹੈ ਤੇ ਘਰ ਦੇ ਨੇੜੇ ਕਿੰਡਰਗਾਰਟਨ ਵਿੱਚ ਝਾੜੂ ਮਾਰਨ ਦਾ ਆਪਣਾ ਕੰਮ ਕਰ ਕੇ ਬੱਸ ਫੜਦੀ ਹੈ। ਬੱਸ ਉਸ ਨੂੰ ਅੱਧੇ ਕੁ ਘੰਟੇ ਵਿੱਚ ਸਕੂਲ ਕੋਲ ਪਹੁੰਚਾ ਦਿੰਦੀ ਹੈ ਤੇ ਫਿਰ ਉਹ ਉੱਚੀ ਥਾਂ ’ਤੇ ਬਣੇ ਸਕੂਲ ਲਈ ਚੜ੍ਹਾਈ ਚੜ੍ਹਦੀ ਹੈ। ਇਸ ਚੜ੍ਹਾਈ ਵਿੱਚ ਦਸ ਮਿੰਟ ਲੱਗਦੇ ਹਨ ਤੇ ਉਹ ਸਾਹੋ ਸਾਹ ਹੋਈ ਸਕੂਲ ਪੁੱਜਦੀ ਹੈ। ਉਸ ਨੇ ‘ਸੰਡੇ ਟਾਈਮਜ਼’ ਅਖ਼ਬਾਰ ਨੂੰ ਦੱਸਿਆ, ‘‘ਇਹ ਚੜ੍ਹਾਈ ਔਖੀ ਲੱਗਦੀ ਹੈ ਪਰ ਮੈਂ ਇਸ ਨੂੰ ਕਸਰਤ ਸਮਝ ਲੈਂਦੀ ਹਾਂ। ਮੈਂ ਨਵੀਆਂ ਗੱਲਾਂ ਸਿੱਖ ਕੇ ਬੜੀ ਖ਼ੁਸ਼ ਹਾਂ, ਖ਼ਾਸ ਕਰ ਕੇ ਜਦੋਂ ਮੈਂ ਸਟੇਸ਼ਨ ’ਤੇ ਲੱਗੇ ਬੋਰਡ ਪੜ੍ਹਨ ਜੋਗੀ ਹੋ ਗਈ ਹਾਂ।’’
1952 ਵਿੱਚ ਬਣਿਆ ਇਲਸ਼ਿੰਗ ਸਕੂਲ ਦੱਖਣੀ ਕੋਰੀਆ ਦੀਆਂ ਅੱਧਖੜ ਤੇ ਵਡੇਰੀ ਉਮਰ ਦੀਆਂ ਔਰਤਾਂ ਲਈ ਬਣਿਆ ਪਹਿਲਾ ਸਕੂਲ ਹੈ। ਜਦੋਂ 83 ਸਾਲਾਂ ਦੀ ਕਿਮ-ਜਿਉਂਗ-ਜਾ ਇਸ ਸਕੂਲ ਵਿੱਚ ਦਾਖ਼ਲਾ ਲੈਣ ਵਾਲੀ ਸਭ ਤੋਂ ਵੱਡੀ ਵਿਦਿਆਰਥਣ ਬਣੀ ਤਾਂ ਝੱਟ ਹੀ ਇਹ ਸਕੂਲ ਸੁਰਖ਼ੀਆਂ ਵਿੱਚ ਆ ਗਿਆ। ਕਿਮ ਉਨ੍ਹਾਂ 230 ਵਿਦਿਆਰਥਣਾਂ ਵਿੱਚੋਂ ਸੀ, ਜਿਨ੍ਹਾਂ ਨੇ ਫਰਵਰੀ 2024 ਵਿੱਚ ਹਾਈ ਸਕੂਲ ਪਾਸ ਕਰ ਕੇ ਸੂਕਮ-ਯੰਗ ਕੁੜੀਆਂ ਦੀ ਯੂਨੀਵਰਸਿਟੀ ਵਿੱਚ ਸੋਸ਼ਲ ਵੈਲਫੇਅਰ ਦੀ ਪੜ੍ਹਾਈ ਲਈ ਦਾਖ਼ਲਾ ਲਿਆ ਸੀ। ਇੱਥੋਂ ਉਸ ਦੀ ਪੋਤਰੀ ਨੇ ਗਰੈਜੂਏਸ਼ਨ ਕੀਤੀ ਸੀ। ਇਸ ਵੇਲੇ ਸਕੂਲ ਦੀ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ 87 ਸਾਲਾਂ ਦੀ ਹੈ, ਜੋ ਮਿਡਲ ਸਕੂਲ ਦੇ ਦੂਜੇ ਸਾਲ ਵਿੱਚ ਹੈ। ਉਸ ਦੀਆਂ ਚਾਰ ਧੀਆਂ ਤੇ ਨੌਂ ਦੋਹਤਰੇ ਦੋਹਤਰੀਆਂ ਹਨ। ਉਸ ਦਾ ਜਨਮ 1937 ਵਿੱਚ ਹੋਇਆ, ਜਦੋਂ ਕੋਰੀਆ ਜਾਪਾਨ ਦੇ ਅਧੀਨ ਸੀ। ਗ਼ਰੀਬ ਪਰਿਵਾਰ ਵਿੱਚੋਂ ਹੋਣ ਕਰ ਕੇ ਉਸ ਨੂੰ ਸਕੂਲ ਜਾਣ ਦਾ ਮੌਕਾ ਨਾ ਮਿਲਿਆ। ਉਸ ਦੇ ਮਾਂ-ਪਿਉ ਉਸ ਨੂੰ ਘਰ ਵਿੱਚ ਕੋਰੀਅਨ ਵਰਣਮਾਲਾ ਸਿਖਾਉਣ ਤੋਂ ਡਰਦੇ ਸਨ। ਜਾਪਾਨ ਦੇ ਅਧੀਨ ਹੋਣ ਕਰ ਕੇ ਉਹ ਸਿਰਫ਼ ਜਾਪਾਨੀ ਪੜ੍ਹਨੀ ਤੇ ਲਿਖਣੀ ਸਿਖਾ ਸਕਦੇ ਸਨ। ਉਹ ਵੀ ਸਕੂਲ ਜਾਣਾ ਚਾਹੁੰਦੀ ਸੀ ਪਰ ਉਸ ਦੇ ਮਾਪੇ ਨਾ ਮੰਨੇ। ਉਸ ਨੂੰ ਛੋਟੇ ਭੈਣਾਂ ਭਰਾਵਾਂ ਨੂੰ ਸੰਭਾਲਣਾ ਤੇ ਖੇਤਾਂ ਵਿੱਚ ਕੰਮ ਕਰਨਾ ਪਿਆ। ਇਸ ਕਰਕੇ ਉਹ ਛੋਟੇ ਬੱਚਿਆਂ ਵਾਂਗ ਰੋਂਦੀ ਰਹੀ। ਉਸ ਨੇ ਅਖ਼ਬਾਰ ਵਾਲਿਆਂ ਨੂੰ ਦੱਸਿਆ ਕਿ ਉਹ ਸੋਲ੍ਹਾਂ ਸਾਲਾਂ ਦੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੇ ਛੋਟੇ ਭੈਣ ਭਰਾ ਸਕੂਲ ਗਏ ਪਰ ਉਹ ਚੰਗੀ ਤਰ੍ਹਾਂ ਪੜ੍ਹੇ ਨਾ ਅਤੇ ਉਹ ਸਕੂਲ ਹੀ ਨਾ ਜਾ ਸਕੀ।
ਤੀਹ ਸਾਲਾਂ ਦੀ ਉਮਰ ਵਿੱਚ ਉਸ ਦਾ ਵਿਆਹ ਹੋਇਆ। ਇਹ ਉਮਰ ਵਿਆਹ ਲਈ ਬਹੁਤ ਵੱਡੀ ਮੰਨੀ ਜਾਂਦੀ ਸੀ। ਉਸ ਦਾ ਪਤੀ ਬਿਮਾਰ ਰਹਿੰਦਾ ਸੀ। ਵਿਆਹ ਤੋਂ ਸਤਾਰਾਂ ਸਾਲਾਂ ਬਾਅਦ ਮਰ ਗਿਆ। ਪਿੱਛੇ ਚਾਰ ਧੀਆਂ ਛੱਡ ਗਿਆ, ਜਿਨ੍ਹਾਂ ਨੂੰ ਉਹ ਬੂਟ ਵੇਚ ਕੇ ਪਾਲਦੀ ਰਹੀ।
ਹੁਣ ਉਸ ਦਾ ਸਾਰਾ ਧਿਆਨ ਕੁੜੀਆਂ ਨੂੰ ਪਾਲਣ, ਚੰਗੇ ਘਰਾਂ ਵਿੱਚ ਉਨ੍ਹਾਂ ਦਾ ਵਿਆਹ ਕਰਨ ਤੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਪੜ੍ਹਾਉਣ ਵਿੱਚ ਸੀ। ਆਪ ਨਾ ਪੜ੍ਹ ਸਕਣ ਕਰ ਕੇ ਉਹ ਹਮੇਸ਼ਾ ਦੁਖੀ ਰਹਿੰਦੀ।
ਕਈ ਦਹਾਕੇ ਆਪਣੇ ਪਰਿਵਾਰ ਨੂੰ ਸੰਭਾਲਦੀ ਰਹੀ ਕਿਮ ਨੇ ਆਪਣੇ ਵਰਗੀਆਂ ਔਰਤਾਂ ਲਈ ਇੱਕ ਸਕੂਲ ਬਾਰੇ ਸੁਣਿਆ। ਜਦੋਂ ਉਸ ਨੇ ਉਸ ਸਕੂਲ ਵਿੱਚ ਦਾਖ਼ਲਾ ਲਿਆ, ਉਹ ਸਤੱਤਰ ਸਾਲਾਂ ਦੀ ਸੀ। ਆਪਣੀ ਇੱਕ ਬਿਮਾਰ ਧੀ ਦੀ ਦੇਖਭਾਲ ਕਰਨ ਲਈ ਅਤੇ ਕਈ ਵਾਰੀ ਆਪਣੀ ਪਿੱਠ ਪੀੜ ਕਰ ਕੇ ਵੀ ਉਸ ਨੂੰ ਪੜ੍ਹਾਈ ਛੱਡਣੀ ਪੈਂਦੀ। ਉਸ ਨੇ ਪੜ੍ਹਾਈ ਜਾਰੀ ਰੱਖਣ ਦੇ ਦ੍ਰਿੜ੍ਹ ਇਰਾਦੇ ਨਾਲ ਮਾਰਚ 2024 ਵਿੱਚ ਫਿਰ ਦਾਖਲਾ ਲੈ ਲਿਆ।
ਇਲਸ਼ਿੰਗ ਸਕੂਲ ਵਿੱਚ ਆਉਣ ਤੋਂ ਪਹਿਲਾਂ ਮੈਡਮ ਕਾਂਗ ਇੱਕ ਆਮ ਸਕੂਲ ਵਿੱਚ ਪੜ੍ਹਾਉਂਦੀ ਸੀ। ਉਸ ਦੇ ਦੱਸਣ ਅਨੁਸਾਰ, ਉਸ ਦੀਆਂ ਵਡੇਰੀ ਉਮਰ ਦੀਆਂ ਵਿਦਿਆਰਥਣਾਂ ਨੂੰ ਕੋਰੀਅਨ ਭਾਸ਼ਾ ਤੇ ਕੋਰੀਅਨ ਇਤਿਹਾਸ ਵਿੱਚ ਆਪਣੇ ਜੀਵਨ ਅਨੁਭਵਾਂ ਕਰ ਕੇ ਚੰਗੀ ਮੁਹਾਰਤ ਹੋ ਜਾਂਦੀ ਪਰ ਅੰਗਰੇਜ਼ੀ ਭਾਸ਼ਾ ਅਤੇ ਇਤਿਹਾਸ ਉਨ੍ਹਾਂ ਨੂੰ ਔਖੇ ਜਾਪਦੇ। ਇਨ੍ਹਾਂ ਵਿੱਚੋਂ ਬਹੁਤੀਆਂ ਵਿਦਿਆਰਥਣਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਕੰਮ ਨਿਭਾ ਚੁੱਕੀਆਂ ਹਨ ਪਰ ਕੁਝ ਕੁ ਚੰਗਾ ਰੁਜ਼ਗਾਰ ਲੱਭਣ ਲਈ ਪੜ੍ਹਦੀਆਂ ਹਨ। ਸਕੂਲ ਦੇ ਬਾਹਰ ਲਟਕਾਏ ਮੁਬਾਰਕਾਂ ਦਿੰਦੇ ਬੈਨਰਾਂ ਅਨੁਸਾਰ ਇਲਸ਼ਿੰਗ ਦੀਆਂ ਵਧੇਰੇ ਵਿਦਿਆਰਥਣਾਂ ਕਾਲਜ ਵਿੱਚ ਸਮਾਜ ਭਲਾਈ, ਰਸੋਈ ਸਿੱਖਿਆ, ਵਪਾਰ ਤੇ ਜਾਇਦਾਦ ਸੰਭਾਲ ਸਬੰਧੀ ਪੜ੍ਹਨ ਲਈ ਯੂਨੀਵਰਸਿਟੀ ਜਾਂਦੀਆਂ ਹਨ।
1952 ਤੋਂ ਲੈ ਕੇ ਹੁਣ ਤੱਕ ਇਨ੍ਹਾਂ ਸਕੂਲਾਂ ਵਿੱਚੋਂ ਕੋਈ 60,000 ਵਿਦਿਆਰਥਣਾਂ ਪੜ੍ਹ ਕੇ ਨਿਕਲੀਆਂ। ਇਨ੍ਹਾਂ ਵਿੱਚੋਂ ਯੂਨੀਵਰਸਿਟੀ ਜਾਣ ਦੀਆਂ ਚਾਹਵਾਨ ਅਤੇ ਕਾਬਿਲ ਵਿਦਿਆਰਥਣਾਂ ਦੀ ਸਕੂਲ ਮਦਦ ਕਰਦੇ ਨੇ।
ਮੈਡਮਕਿਮ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਵੀ ਯੂਨੀਵਰਸਿਟੀ ਜਾਣਾ ਚਾਹੁੰਦੀ ਹੈ? ਇਹ ਸੁਣ ਕੇ ਉਹ ਚੁੱਪ ਕਰ ਗਈ ਤੇ ਕੁਝ ਚਿਰ ਬਾਅਦ ਬੋਲੀ, ‘‘ਮੈਂ ਜਦੋਂ ਯੂਨੀਵਰਸਿਟੀ ਵਿੱਚ ਪੁੱਜਾਂਗੀ, ਮੈਂ ਨੱਬੇ ਸਾਲ ਦੀ ਹੋ ਜਾਵਾਂਗੀ। ਮੈਨੂੰ ਸਮਝ ਨਹੀਂ ਕਿ ਮੈਂ ਯੂਨੀਵਰਸਿਟੀ ਵਿੱਚ ਕੀ ਪੜ੍ਹਾਂਗੀ। ਛੋਟੇ ਹੁੰਦਿਆਂ ਮੇਰੀ ਕੋਈ ਖ਼ਾਹਿਸ਼ ਨਹੀਂ ਸੀ। ਉਸ ਵੇਲੇ ਸਾਡੇ ਵਿੱਚੋਂ ਕਿਸੇ ਦੀ ਵੀ ਨਹੀਂ ਸੀ ਕਿਉਂਕਿ ਉਹ ਵੇਲਾ ਬੜਾ ਮੁਸ਼ਕਿਲ ਭਰਿਆ ਸੀ।
ਕੱਲ੍ਹ ਨੂੰ ਕੀ ਹੋਣੈ, ਮੈਨੂੰ ਪਤਾ ਨਹੀਂ ਪਰ ਮੈਂ ਅੱਜ ਲਈ ਖ਼ੁਸ਼ ਹਾਂ ਕਿਉਂਕਿ ਅੱਜ ਮੈਂ ਪੜ੍ਹ ਲਿਖ ਸਕਦੀ ਹਾਂ।’’
- ਪੰਜਾਬੀ ਰੂਪ: ਲਵਲੀਨ ਜੌਲੀ
ਸੰਪਰਕ: 97779-29702