ਸੇਬਾਂ ਦਾ ਘਰ ਕਿੰਨੌਰ
ਹਿਮਾਚਲ ਪ੍ਰਦੇਸ਼ ਦਾ ਨਾਮ ਮਨ ਵਿੱਚ ਆਉਂਦਿਆਂ ਹੀ ਠੰਢਾ ਮੌਸਮ, ਸਾਫ਼ ਸੁਥਰਾ ਵਾਤਾਵਰਨ, ਝਰਨੇ, ਸੀਤਲ ਦਰਿਆ, ਹਰੇ ਭਰੇ ਪਹਾੜ, ਬਰਫ਼ ਨਾਲ ਢਕੀਆਂ ਪਹਾੜੀ ਚੋਟੀਆਂ ਆਦਿ ਅਨੇਕਾਂ ਮਨਮੋਹਕ ਦ੍ਰਿਸ਼ ਉੱਭਰ ਆਉਂਦੇ ਹਨ। ਇਸ ਸਭ ਕੁਝ ਦੇ ਨਾਲ-ਨਾਲ ਹਿਮਾਚਲ ਦੇ ਸੇਬਾਂ ਦੇ ਬਾਗ਼ਾਂ ਦੀ ਖ਼ੂਬਸੂਰਤੀ ਵੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਸੇਬਾਂ ਦੀ ਕਾਸ਼ਤ ਇਸ ਪਹਾੜੀ ਰਾਜ ਦੀ ਮੁੱਖ ਫ਼ਸਲ ਹੈ। ਉਂਜ ਤਾਂ ਸੇਬ ਹਿਮਾਚਲ ਦੇ ਬਹੁਤ ਵੱਡੇ ਖੇਤਰ ਸ਼ਿਮਲਾ, ਸੋਲਨ, ਕੁੱਲੂ, ਮਨਾਲੀ, ਨਾਰਕੰਡਾ, ਰਾਮਪੁਰ, ਸਿਰਮੌਰ ਆਦਿ ਵਿੱਚ ਵੀ ਪੈਦਾ ਹੁੰਦੇ ਹਨ ਪਰ ਸੇਬਾਂ ਦੀ ਗੁਣਵੱਤਾ ਪੱਖੋਂ ਜੋ ਵੰਨਗੀ ਕਿੰਨੌਰ ਖੇਤਰ ਵਿੱਚ ਪੈਦਾ ਹੁੰਦੀ ਹੈ ਉਸ ਦੀ ਬਰਾਬਰੀ ਸਮੁੱਚੇ ਹਿਮਾਚਲ ਵਿੱਚ ਕਿਤੇ ਵੀ ਨਹੀਂ ਮਿਲਦੀ। ਕਿੰਨੌਰ ਨੂੰ ਸੇਬਾਂ ਦਾ ਘਰ ਮੰਨਿਆ ਜਾਂਦਾ ਹੈ। ਇੱਥੋਂ ਦੀ ਆਬੋ ਹਵਾ ਸੇਬਾਂ ਦੀ ਪੈਦਾਵਾਰ ਲਈ ਸਮੁੱਚੇ ਹਿਮਾਚਲ ਵਿੱਚੋਂ ਵਧੇਰੇ ਢੁੱਕਵੀਂ ਹੈ।
ਜੂਨ 2018 ਦੀ ਹਿਮਾਚਲ ਯਾਤਰਾ ਦੇ ਪ੍ਰੋਗਰਾਮ ਵਿੱਚ ਅਸੀਂ ਆਪਣੀ ਪਹਿਲੀ ਠਹਿਰ ਨਾਰਕੰਡਾ ਤੋਂ ਰਾਮਪੁਰ ਬਸ਼ਹਿਰ ਸੜਕ ਤੋਂ ਥੋੜ੍ਹਾ ਹਟਵੇ ਪੇਂਡੂ ਖੇਤਰ ਵਿੱਚ ਕਾਠਗੜ੍ਹ ਨੇੜੇ ਬਹੇੜੀ ਪਿੰਡ ਵਿੱਚ ਰੱਖੀ ਸੀ। ਇੱਥੇ ਸਾਨੂੰ ਸਾਡੇ ਇੱਕ ਮਿੱਤਰ ਨੇ ਆਪਣੇ ਸੇਬਾਂ ਦੇ ਬਾਗ਼ ਵਿੱਚ ਬਣੇ ਫਾਰਮ ਹਾਊਸ ਵਿੱਚ ਠਹਿਰਨ ਦਾ ਸੱਦਾ ਦਿੱਤਾ ਸੀ। ਅਸੀਂ ਉਸ ਖੁਸ਼ਗਵਾਰ ਪੇਸ਼ਕਸ਼ ਨੂੰ ਸਵੀਕਾਰਦਿਆਂ ਆਪਣੀ ਯਾਤਰਾ ਦੇ ਪਹਿਲੇ ਦਿਨ ਇੱਥੇ ਠਹਿਰੇ। ਸ਼ਾਮ ਦਾ ਸਮਾਂ, ਉੱਪਰੋਂ ਪਹਾੜੀ ਖੇਤਰ ਤੇ ਉਹ ਵੀ ਦਿਹਾਤੀ। ਆਪਣੀ ਮੰਜ਼ਿਲ ਦਾ ਪਤਾ ਪੁੱਛਦੇ ਹੋਏ ਪਹਾੜੀ ਲੋਕਾਂ ਨਾਲ ਹੋਏ ਅਨੁਭਵ ਵੀ ਬਹੁਤ ਕੁਝ ਸਿਖਾਉਣ ਵਾਲੇ ਸਨ। ਉਨ੍ਹਾਂ ਦੁਆਰਾ ਕਹੇ ਸ਼ਬਦ ‘ਬਸ ਥੋੜਾ ਆਗੇ, ਸਾਥ ਮੇਂ ਹੀ ਹੈ’ ਆਪਣੇ ਆਪ ਵਿੱਚ ਹੀ ਉਨ੍ਹਾਂ ਦੀ ਸਾਦਗੀ, ਠਹਿਰਾਉ ਅਤੇ ਸਹਿਜ ਨੂੰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਦੇ ਦੱਸੇ ‘ਬਸ ਸਾਥ ਮੇਂ ਹੀ ਹੈ’ ਤੱਕ ਪਹੁੰਚਣ ਲਈ ਸਾਨੂੰ ਕਾਰ ਉੱਤੇ ਇੱਕ ਘੰਟਾ ਲੱਗ ਗਿਆ। ਇੱਥੇ ਪਹੁੰਚਦਿਆਂ ਸਾਨੂੰ ਕਾਫ਼ੀ ਦੇਰ ਹੋ ਚੁੱਕੀ ਸੀ। ਆਲੇ-ਦੁਆਲੇ ਦੀ ਸੰਘਣੀ ਹਰਿਆਲੀ ਕਾਰਨ ਰਾਤ ਦਾ ਹਨੇਰਾ ਹੋਰ ਵੀ ਗੂੜ੍ਹਾ ਹੋ ਗਿਆ ਸੀ। ਸਵੇਰੇ ਉੱਠੇ ਤਾਂ ਬਾਹਰ ਠੰਢ ਕਾਫ਼ੀ ਜ਼ਿਆਦਾ ਸੀ। ਕਮਰੇ ਵਿੱਚੋਂ ਬਾਹਰ ਨਿਕਲਦਿਆਂ ਹੀ ਚਾਰੇ ਪਾਸੇ ਹਰੇ ਭਰੇ ਅਤੇ ਫਲਾਂ ਨਾਲ ਲੱਦੇ ਹੋਏ ਸੇਬਾਂ ਦੇ ਦਰੱਖਤਾਂ ’ਤੇ ਨਜ਼ਰ ਪਈ ਤਾਂ ਇਸ ਖ਼ੂਬਸੂਰਤ ਦ੍ਰਿਸ਼ ਨੇ ਠੰਢ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ਸਗੋਂ ਸੈਰ ਲਈ ਉਤੇਜਿਤ ਕਰ ਦਿੱਤਾ। ਅਸੀਂ ਪੂਰੇ ਗਰੁੱਪ ਨੇ ਇਸ ਪ੍ਰਕਿਰਤਕ ਤਾਜ਼ਗੀ ਅਤੇ ਖ਼ੂਬਸੂਰਤੀ ਦਾ ਭਰਪੂਰ ਆਨੰਦ ਮਾਣਦਿਆਂ ਇਨ੍ਹਾਂ ਬਾਗ਼ਾਂ ਵਿੱਚ ਰੱਜਵੀਂ ਸੈਰ ਕੀਤੀ। ਮਨ ਨੂੰ ਮੋਹ ਲੈਣ ਵਾਲੀ ਸੁਗੰਧੀ ਸਾਰੇ ਚੌਗਿਰਦੇ ਵਿੱਚ ਫੈਲੀ ਹੋਈ ਸੀ।
ਨਾਰਕੰਡੇ ਦੇ ਆਲੇ-ਦੁਆਲੇ ਦੇ ਰਾਹਾਂ ਉੱਪਰੋਂ ਲੰਘਦਿਆਂ ਕਈ ਥਾਵਾਂ ’ਤੇ ਪਹਾੜਾਂ ਉੱਪਰ ਸਫ਼ੈਦ ਪਰਤ ਨਜ਼ਰ ਆਈ। ਇਸ ਮੌਸਮ ਵਿੱਚ ਇੰਨੇ ਨੇੜੇ ਦੇ ਪਹਾੜਾਂ ਉੱਪਰ ਬਰਫ਼ ਦੀ ਚਾਦਰ ਫੈਲੀ ਹੋਈ ਦੇਖ ਕੇ ਮਨ ਵਿੱਚ ਸ਼ੰਕਾ ਤਾਂ ਉਪਜ ਰਹੀ ਸੀ ਪਰ ਸਪੱਸ਼ਟ ਕੁਝ ਨਹੀਂ ਸੀ ਹੋ ਰਿਹਾ। ਸਵੇਰੇ ਇਸ ਫਾਰਮ ਹਾਊਸ ਵਿੱਚ ਕੀਤੀ ਸੈਰ ਨੇ ਸ਼ਾਮ ਤੋਂ ਮਨ ਵਿੱਚ ਬਣੇ ਇਸ ਭਰਮ ਤੇ ਸ਼ੰਕਾ ਦੀ ਇਕਦਮ ਨਵਿਰਤੀ ਕਰ ਦਿੱਤੀ। ਇਹ ਬਰਫ਼ ਨਹੀਂ ਸੀ ਸਗੋਂ ਸੇਬਾਂ ਦੇ ਦਰੱਖਤਾਂ ਉੱਪਰ ਤਾਣੀ ਹੋਈ ਸਫ਼ੈਦ ਜਾਲੀ ਸੀ, ਜੋ ਸੇਬਾਂ ਦੀ ਸੁਰੱਖਿਆ ਲਈ ਲਾਈ ਗਈ ਸੀ। ਜਿੱਥੇ ਜਿੱਥੇ ਵੀ ਸੇਬਾਂ ਦੀ ਕਾਸ਼ਤ ਹੁੰਦੀ ਹੈ, ਉੱਥੇ ਫਲ ਲੱਗਣ ਤੋਂ ਬਾਅਦ ਬਾਗ਼ਾਂ ਨੂੰ ਸਫ਼ੈਦ ਜਾਲੀ ਨਾਲ ਢਕ ਦਿੱਤਾ ਜਾਂਦਾ ਹੈ ਤਾਂ ਕਿ ਬਾਂਦਰ ਅਤੇ ਪੰਛੀ ਸੇਬਾਂ ਦਾ ਨੁਕਸਾਨ ਨਾ ਕਰ ਸਕਣ। ਇਹ ਸਫ਼ੈਦ ਜਾਲੀ ਦੂਰੋਂ ਦੇਖਿਆਂ ਪਹਾੜਾਂ ਉੱਪਰ ਪਈ ਬਰਫ਼ ਲੱਗ ਰਹੀ ਸੀ।
ਸ਼ਿਮਲਾ ਜ਼ਿਲ੍ਹੇ ਦੀ ਹੱਦ ਵਿੱਚੋਂ ਬਾਹਰ ਨਿਕਲ ਕੇ ਕਿੰਨੌਰ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰ ਅਸੀਂ ਜਿਉਂ ਜਿਉਂ ਅੱਗੇ ਨੂੰ ਜਾ ਰਹੇ ਸੀ, ਤਿਉਂ ਤਿਉਂ ਹੀ ਆਲੇ-ਦੁਆਲੇ ਸੇਬਾਂ ਦੇ ਸੰਘਣੇ ਬਾਗ਼ ਨਜ਼ਰ ਆਉਣ ਲੱਗੇ। ਸਾਂਗਲਾ, ਕਲਪਾ, ਰਿਕਾਂਗ ਪੀਓ (ਕਿੰਨੌਰ ਜ਼ਿਲ੍ਹੇ ਦਾ ਸਦਰ ਮੁਕਾਮ) ਅਸਲ ਵਿੱਚ ਸੇਬਾਂ ਦੇ ਘਰ ਹਨ। ਜਿਸ ਤਰ੍ਹਾਂ ਦੀ ਭਰਪੂਰ ਹਰਿਆਲੀ ਇਸ ਖੇਤਰ ਵਿੱਚ ਨਜ਼ਰ ਆਉਂਦੀ ਹੈ, ਉਹ ਪੂਰੇ ਹਿਮਾਚਲ ਵਿੱਚ ਹੋਰ ਕਿਧਰੇ ਨਹੀਂ ਹੈ। ਇਸ ਖੇਤਰ ਵਿੱਚ ਵਿਚਰਦਿਆਂ ਅਸੀਂ ਜਿਸ ਪਾਸੇ ਵੀ ਗਏ ਭਰਪੂਰ ਫਲਾਂ ਨਾਲ ਲੱਦੇ ਸੇਬਾਂ ਦੇ ਦਰੱਖ਼ਤ ਵੇਖਣ ਨੂੰ ਮਿਲੇ। ਸੇਬਾਂ ਦੇ ਨਾਲ ਨਾਲ ਇਸ ਖੇਤਰ ਵਿੱਚ ਅਖਰੋਟ ਤੇ ਬਦਾਮਾਂ ਦੀ ਪੈਦਾਵਾਰ ਵੀ ਕਾਫ਼ੀ ਹੁੰਦੀ ਹੈ। ਕਿਸਾਨੀ ਪਿਛੋਕੜ ਨਾਲ ਜੁੜੇ ਹੋਣ ਕਾਰਨ ਇਨ੍ਹਾਂ ਬਾਗ਼ਾਂ ਦੇ ਮਾਲਕ ਕਿਸਾਨਾਂ ਨੂੰ ਮਿਲਣ ਅਤੇ ਉਨ੍ਹਾਂ ਬਾਰੇ ਕੁਝ ਜਾਣਨ ਦੀ ਇੱਛਾ ਜਾਗੀ। ਬਾਗ਼ਾਂ ਵਿੱਚ ਬੂਟਿਆਂ ਉੱਪਰ ਭਰਪੂਰ ਫਲ ਤੇ ਬਹਾਰ ਦੇਖ ਕੇ ਮਨ ਵਿੱਚ ਇਨ੍ਹਾਂ ਦੇ ਮਾਲਕ ਕਿਸਾਨਾਂ ਦੀ ਖੁਸ਼ਹਾਲ ਤਸਵੀਰ ਪੈਦਾ ਹੋਣੀ ਸੁਭਾਵਿਕ ਸੀ ਪਰ ਅਸਲੀਅਤ ਵੱਖਰੀ ਸੀ। ਇੱਥੋਂ ਦੇ ਕਿਸਾਨਾਂ ਦੀ ਹਾਲਤ ਵੀ ਦੇਸ਼ ਦੇ ਬਾਕੀ ਕਿਸਾਨਾਂ ਵਰਗੀ ਸੀ। ਉਨ੍ਹਾਂ ਦਾ ਜੀਵਨ ਵੀ ਤੰਗੀਆਂ ਤੁਰਸ਼ੀਆਂ ਭਰਿਆ ਨਜ਼ਰ ਆਇਆ।ਫ਼ਸਲ ਦੀ ਕੀਮਤ ਇੱਥੇ ਵੀ ਵੱਡੇ ਧਨਾਢ ਠੇਕੇਦਾਰ ਹੀ ਤੈਅ ਕਰਦੇ ਹਨ, ਜੋ ਅੱਗੋਂ ਆਪਣੇ ਤੋਂ ਵੱਡੀਆਂ ਧਿਰਾਂ ਤੱਕ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਕੌਡੀਆਂ ਦੇ ਭਾਅ ਖਰੀਦ ਕੇ ਪਹੁੰਚਾਉਂਦੇ ਹਨ। ਇਹ ਢਾਂਚਾ ਸਰਮਾਏਦਾਰੀ ਦਾ ਹਥਿਆਰ ਬਣ ਮਿਹਨਤੀ ਕਿਸਾਨਾਂ ਦੀ ਖ਼ੂਨ ਪਸੀਨੇ ਦੀ ਮਿਹਨਤ ਦਾ ਸ਼ੋਸ਼ਣ ਕਰਨ ਦਾ ਜ਼ਰੀਆ ਬਣਦਾ ਹੈ। ਮੰਡੀ ਉੱਪਰ ਫਲਾਂ ਦੇ ਵੱਡੇ ਵਪਾਰੀਆਂ ਦਾ ਕਬਜ਼ਾ ਹੈ। ਕਿਸਾਨਾਂ ਤੋਂ ਖੜ੍ਹੀ ਫ਼ਸਲ ਖਰੀਦ ਲਈ ਜਾਂਦੀ ਹੈ। ਛੋਟੇ ਕਿਸਾਨ ਆਪਣੀ ਫ਼ਸਲ ਇਨ੍ਹਾਂ ਠੇਕੇਦਾਰਾਂ ਨੂੰ ਦੇਣ ਲਈ ਮਜਬੂਰ ਹਨ ਕਿਉਂਕਿ ਸਾਧਨਾਂ ਦੀ ਘਾਟ ਤੇ ਗ਼ਰੀਬੀ ਕਾਰਨ ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਇਨ੍ਹਾਂ ਤੋਂ ਪੇਸ਼ਗੀ ਰਕਮ ਲੈਣੀ ਪੈਂਦੀ ਹੈ। ਛੋਟੇ ਕਾਸ਼ਤਕਾਰਾਂ ਨੂੰ ਮੰਡੀਕਰਨ ਵਿੱਚੋਂ ਪੂਰੀ ਤਰਾਂ ਬਾਹਰ ਧੱਕ ਦਿੱਤਾ ਗਿਆ ਹੈ। ਵੱਡੇ ਵਪਾਰੀ ਛੋਟੇ ਅਤੇ ਸੀਮਾਂਤ ਕਾਸ਼ਤਕਾਰਾਂ ਤੋਂ ਉਨ੍ਹਾਂ ਨੂੰ ਸਵੈ-ਨਿਰਧਾਰਤ ਕੀਮਤ ਦੇ ਕੇ ਬਾਗ਼ ਠੇਕੇ ’ਤੇ ਲੈ ਲੈਂਦੇ ਹਨ ਅਤੇ ਕਿਸਾਨਾਂ ਨੂੰ ਆਪਣੇ ਬਾਗ਼ ਵਿੱਚ ਹੀ ਕਰਿੰਦਾ ਬਣ ਕੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਖੇਤਰਾਂ ਦੇ ਬਾਗ਼ਾਂ ਵਿੱਚੋਂ ਪੈਦਾ ਹੋਏ ਉੱਤਮ ਕਿਸਮ ਦੇ ਸੇਬ ਖਪਤਕਾਰਾਂ ਨੂੰ 120 ਤੋਂ 150 ਰੁਪਏ ਕਿੱਲੋ ਤੱਕ ਮਿਲਦੇ ਹਨ ਪਰ ਇੰਨੀ ਮਹਿੰਗੀ ਫ਼ਸਲ ਪੈਦਾ ਕਰਨ ਵਾਲੇ ਖੇਤਾਂ ਦੇ ਇਨ੍ਹਾਂ ਕਾਮਿਆਂ ਨੂੰ ਕਿੱਲੋ ਮਗਰ 50 ਰੁਪਏ ਮਸਾਂ ਹੀ ਨਸੀਬ ਹੁੰਦੇ ਹਨ।
ਬਰੇੜੀ ਪਿੰਡ ਤੋਂ ਚੱਲ ਕੇ ਅਸੀਂ ਸ਼ਿਮਲਾ ਸਾਂਗਲਾ ਮੁੱਖ ਮਾਰਗ ’ਤੇ ਪਹੁੰਚਣ ਲਈ ਜਿਹੜੇ ਰਾਹ ਵਿੱਚੋਂ ਲੰਘੇ ਉਹ ਹਿਮਾਚਲ ਦਾ ਨਿਰੋਲ ਦਿਹਾਤੀ ਖੇਤਰ ਸੀ। ਰਸਤੇ ਵਿੱਚ ਕਈ ਛੋਟੇ ਛੋਟੇ ਪਿੰਡ ਆਏ। ਇਸ ਪੇਂਡੂ ਖੇਤਰ ਨੂੰ ਬਾਕੀ ਹਿਮਾਚਲ ਨਾਲ ਜੋੜਨ ਵਾਲੀ ਇੱਕੋ ਇੱਕ ਤੰਗ ਜਿਹੀ ਸੜਕ ਸੀ, ਜੋ ਕਾਠਗੜ੍ਹ ਤੋਂ ਰਾਮਪੁਰ ਬਸ਼ਹਿਰ ਨੂੰ ਜਾਂਦੀ ਹੈ। ਇਸ ਰਸਤੇ ਅਸੀਂ ਬਿਠਲ ਪਿੰਡ ਤੋਂ ਮੁੱਖ ਸੜਕ ’ਤੇ ਪਹੁੰਚੇ। ਇਸ ਪਿੰਡ ਵਿੱਚ ਸਾਨੂੰ ਬਹੁਤ ਵੱਡੇ ਵੱਡੇ ਕੋਲਡ ਸਟੋਰ ਨਜ਼ਰ ਆਏ। ਸੁੰਨਸਾਨ ਦਿਹਾਤੀ ਖੇਤਰ ਵਿੱਚ ਸਥਾਪਤ ਇਨ੍ਹਾਂ ਵਿਸ਼ਾਲ ਕੋਲਡ ਸਟੋਰਾਂ ਨੂੰ ਦੇਖ ਇਨ੍ਹਾਂ ਦੀ ਵਾਸਤਵਿਕਤਾ ਜਾਣਨ ਦਾ ਯਤਨ ਕੀਤਾ। ਇਸ ਪੇਂਡੂ ਖੇਤਰ ਵਿੱਚ ਇਹ ਕੋਲਡ ਸਟੋਰ ਦੇਸ਼ ਦੇ ਚੋਟੀ ਦੇ ਵਪਾਰਕ ਘਰਾਣੇ ਅਡਾਨੀ ਗਰੁੱਪ ਦੇ ਹਨ। ਸੇਬਾਂ ਦੀ ਭਰਪੂਰ ਫ਼ਸਲ ਅਤੇ ਖ਼ੂਬਸੂਰਤ ਬਾਗ਼ਾਂ ਦੇ ਸੁਹਾਵਣੇ ਦ੍ਰਿਸ਼ ਨੇ ਮਨ ਨੂੰ ਜੋ ਖ਼ੁਸ਼ੀ ਅਤੇ ਆਨੰਦ ਦਿੱਤਾ ਸੀ, ਇੱਥੇ ਪਹੁੰਚ ਕੇ ਕਿਰਤ ਦੀ ਹੁੰਦੀ ਲੁੱਟ ਅਤੇ ਮੁਨਾਫ਼ੇ ਦੇ ਵਪਾਰ ਦੇ ਨਾਮ ’ਤੇ ਇਨ੍ਹਾਂ ਪਹਾੜੀ ਕਿਸਾਨਾਂ ਦਾ ਸ਼ੋਸ਼ਣ ਮਨ ਨੂੰ ਉਦਾਸ ਰੰਗਾਂ ਵਿੱਚ ਰੰਗ ਗਿਆ।
ਸੰਪਰਕ: 94173-75266