ਜੁਡੀਸ਼ਰੀ ਦੀਆਂ ਸੰਗਤੀਆਂ ਵਿਸੰਗਤੀਆਂ
ਨਾਵਲ ‘ਤੀਲ੍ਹਾ’ (ਲੇਖਕ: ਰਿਪੁਦਮਨ ਸਿੰਘ ਰੂਪ; ਪੰਨੇ: 130; ਕੀਮਤ: 295 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਕੋਰਟਾਂ-ਕਚਹਿਰੀਆਂ ਤੇ ਵਕੀਲਾਂ ਦੇ ਅੰਦਰੂਨੀ ਅਤੇ ਬਾਹਰੀ ਦਾਅ-ਪੇਚਾਂ, ਕਾਰਜਸ਼ੈਲੀ, ਦੋਸਤੀਆਂ ਦੁਸ਼ਮਣੀਆਂ ਦੇ ਵਿਹਾਰ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਲੇਖਕ ਖ਼ੁਦ ਵਕੀਲ ਹੈ। ਉਸ ਦਾ ਇਸ...
ਨਾਵਲ ‘ਤੀਲ੍ਹਾ’ (ਲੇਖਕ: ਰਿਪੁਦਮਨ ਸਿੰਘ ਰੂਪ; ਪੰਨੇ: 130; ਕੀਮਤ: 295 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਕੋਰਟਾਂ-ਕਚਹਿਰੀਆਂ ਤੇ ਵਕੀਲਾਂ ਦੇ ਅੰਦਰੂਨੀ ਅਤੇ ਬਾਹਰੀ ਦਾਅ-ਪੇਚਾਂ, ਕਾਰਜਸ਼ੈਲੀ, ਦੋਸਤੀਆਂ ਦੁਸ਼ਮਣੀਆਂ ਦੇ ਵਿਹਾਰ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਲੇਖਕ ਖ਼ੁਦ ਵਕੀਲ ਹੈ। ਉਸ ਦਾ ਇਸ ਅਦਾਰੇ ਬਾਰੇ ਨਿੱਜੀ ਅਨੁਭਵ ਹੈ। ਵੇਖਿਆ ਜਾਵੇ ਤਾਂ ਸਮਾਜ ਦੇ ਅਨੇਕਾਂ ਵਰਗ ਹੁੰਦੇ ਹਨ। ਹਰ ਵਰਗ ਦਾ ਆਪਣਾ ਭਾਈਚਾਰਾ ਹੁੰਦਾ ਹੈ, ਆਪਣੀ ਜਮਾਤ ਜਾਂ ਜਥੇਬੰਦੀ ਹੁੰਦੀ ਹੈ। ਜਿਵੇਂ ਅਧਿਆਪਕ ਭਾਈਚਾਰੇ ਦੀ ਆਪਣੀ ਜਮਾਤ ਹੈ; ਸਨਅਤੀ ਕਾਮਿਆਂ ਦੀ ਆਪਣੀ ਜਮਾਤ ਹੈ; ਦਫਤਰੀ-ਕਰਮੀਆਂ ਦੀ ਆਪਣੀ ਜਮਾਤ ਹੈ। ਇਉਂ ਹੀ ਕਾਨੂੰਨੀ ਵਰਗ ਦੇ ਵਕੀਲਾਂ/ਕਾਮਿਆਂ ਦੀ ਆਪਣੀ ਜਥੇਬੰਦੀ ਹੈ ਤੇ ਇਹ ਸਾਰੇ ਲੋੜ ਪੈਣ ’ਤੇ ਆਪਣੇ-ਆਪਣੇ ਹਿੱਤਾਂ ਲਈ ਲੜਦੇ ਹਨ।
ਰਿਪੁਦਮਨ ਸਿੰਘ ਨੇ ਬੜੀ ਬੇਬਾਕੀ ਨਾਲ ਵਕੀਲਾਂ ਅਤੇ ਜੱਜਾਂ ਦੇ ਕਿਰਦਾਰ ਬਾਰੇ ਬਿਆਨ ਕੀਤਾ ਹੈ। ਕਾਨੂੰਨਾਂ ਵਿਚਲੀਆਂ ਚੋਰ-ਮੋਰੀਆਂ ਬਾਰੇ ਸਿਰਫ਼ ਵਕੀਲ ਅਤੇ ਜੱਜ ਹੀ ਜਾਣਦੇ ਹਨ। ਬਹੁਤਾ ਕੁਝ ਵਕੀਲਾਂ ਉੱਪਰ ਨਿਰਭਰ ਕਰਦਾ ਹੈ ਪਰ ਇਸ ਦਾ ਅਸਰ ਆਮ ਲੋਕਾਂ ਉੱਪਰ ਪੈਂਦਾ ਹੈ। ਕੋਡ ਆਫ ਸਿਵਲ ਪ੍ਰੋਸੀਜ਼ਰ ਦੀਆਂ ਸੋਧਾਂ ਬਾਰੇ ਮੁਜ਼ਾਹਰੇ, ਜਲਸੇ ਕਰਕੇ ਵਕੀਲਾਂ ਦਾ ਡਟਣਾ ਤੇ ਦਿੱਲੀ ਤੱਕ ਜਾਣਾ ਵਕੀਲਾਂ ਦੀ ਏਕਤਾ ਦਾ ਸਬੂਤ ਹੈ।
ਨਾਵਲੀ ਕਥਾ ਵਿੱਚ ਕੁਝ ਅਜਿਹੇ ਸੁਹਿਰਦ ਤੇ ਇਮਾਨਦਾਰ ਵਕੀਲ ਹਨ, ਜਿਹੜੇ ਆਪਣੇ ਅਸੂਲਾਂ ’ਤੇ ਪਹਿਰਾ ਦਿੰਦੇ ਹਨ ਤੇ ਜੱਜਾਂ ਸਾਹਮਣੇ ਵੀ ਲੋੜ ਪੈਣ ’ਤੇ ਡਟ ਜਾਂਦੇ ਹਨ। ਇਨ੍ਹਾਂ ਹੀ ਅਦਾਲਤਾਂ ਵਿੱਚ ਅਜਿਹੇ ਵਕੀਲ ਵੀ ਹਨ, ਜਿਹੜੇ ਸੱਤਾ ਅਤੇ ਕਾਨੂੰਨ ਦੇ ਪਹਿਰੇਦਾਰਾਂ ਨਾਲ ਸਾਂਝ ਪਾ ਕੇ ਚਲਦੇ ਹਨ। ਅਜਿਹੇ ਵਕੀਲ ਵਕਤ-ਬੇਵਕਤ ਇਮਾਨਦਾਰ ਵਕੀਲਾਂ ਲਈ ਸਿਰਦਰਦੀ ਅਤੇ ਮੁਸ਼ਲਕਾਂ ਦਾ ਕਾਰਨ ਵੀ ਬਣਦੇ ਹਨ।
ਬਾਰ ਐਸੋਸੀਏਸ਼ਨ ਦੇ ਸੈਕਟਰੀ ਦੇ ਦਫ਼ਤਰ ਵਿੱਚ ਹੁੰਦੀਆਂ ਬੇਨੇਮੀਆਂ ਨੂੰ ਸੁਧਾਰਨਾ, ਮਨ-ਮਰਜ਼ੀਆਂ ਤੇ ਕਮਿਸ਼ਨ ਖਾਣ ਵਾਲੇ ਤੇ ਕਰਮਚਾਰੀਆਂ ਉੱਪਰ ਜ਼ੁਲਮ ਕਰਨ ਵਾਲਿਆਂ ਨੂੰ ਸਹੀ ਰਾਹ ਪਾਉਣਾ ਇੰਨਾ ਸੌਖਾ ਕਾਰਜ ਨਹੀਂ ਹੈ। ਸੀਨੀਅਰ ਵਕੀਲਾਂ ਤੋਂ ਕਮੇਟੀ ਰੂਮ ਖਾਲੀ ਕਰਵਾਉਣ ਲਈ ਵੀ ਜਦੋਜਹਿਦ ਕਰਨੀ ਪੈਂਦੀ ਹੈ। ਲੇਖਕ ਨੇ ਇਹ ਸਾਰਾ ਵਰਤਾਰਾ ਬੜਾ ਨੇੜਿਓਂ ਦੇਖਿਆ ਹੈ ਤਾਂ ਹੀ ਇਸ ਦੀ ਖ਼ੂਬਸੂਰਤ ਪੇਸ਼ਕਾਰੀ ਹੋਈ ਹੈ।
ਇੱਕ ਸੀਨੀਅਰ ਵਕੀਲ ਵੱਲੋਂ ਸਿਪਾਹੀ ਉਪਰ ਥੱਪੜ ਮਾਰਨ ਦਾ ਦੋਸ਼ ਲਾਉਣ ਪਿੱਛੇ ਉਸ ਦੇ ਆਪਣੇ ਹਿੱਤ ਛੁਪੇ ਹੋਏ ਸਨ ਤੇ ਇਸ ਲਈ ਉਹ ਪੂਰੀ ਬਾਰ ਐਸੋਸੀਏਸ਼ਨ ਨੂੰ ਝੋਂਕਣ ਤੋਂ ਵੀ ਗੁਰੇਜ਼ ਨਹੀਂ ਕਰਦਾ ਭਾਵੇਂ ਉਸ ਦਾ ਮਕਸਦ ਪੂਰਾ ਨਹੀਂ ਹੁੰਦਾ, ਪਰ ਇਸ ਕਾਰਨ ਹੀ ਬਾਰ ਦੋ ਧੜਿਆਂ ਵਿੱਚ ਵੰਡੀ ਗਈ।
ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਬਾਰ ਵੱਲੋਂ ‘ਲਾਅ ਕਾਨਫਰੰਸ ਪੀਸ ਥਰੂ ਲਾਅ’ ਦਾ ਜ਼ਿਕਰ ਨਾਵਲ ਵਿੱਚ ਬੇਲੋੜਾ ਹੈ। ਪਾਕਿਸਤਾਨ ਜਾਣਾ, ਉੱਥੋਂ ਦੇ ਵੇਰਵੇ, ਪਾਠਕ ਨੂੰ ਨਾਵਲ ਦੇ ਅਸਲ ਮਕਸਦ ਤੋਂ ਲਾਂਭੇ ਲੈ ਜਾਂਦੇ ਹਨ। ਨਾਵਲ ਦਾ ਅਸਲ ਬਿਰਤਾਂਤ ਤਾਂ ਵਕੀਲਾਂ ਦੇ ਵਿਹਾਰ ਦਾ ਹੈ ਜਾਂ ਆਪਸੀ ਰੰਜਿਸ਼ ਦਾ। ਉਹ ਤਾਂ ਗਲੀ ਦੇ ਗੁੰਡਿਆਂ ਵਾਂਗ ਝਗੜਦੇ ਹਨ। ਬਿਰਤਾਂਤ ਰੌਚਕ ਹੈ। ਪਾਠਕਾਂ ਲਈ ਵਕੀਲਾਂ ਦੇ ਕਿਰਦਾਰ ਬਾਰੇ ਨਵੀਆਂ ਜਾਣਕਾਰੀਆਂ ਹਨ।
ਸੰਪਰਕ: 98147-83069