DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਹੌਰ ਵਾਲੀ ਜੱਗ ਮਾਈ

ਡਾ. ਚੰਦਰ ਤ੍ਰਿਖਾ ਲਾਹੌਰ ਦੀ ਕ੍ਰਿਸ਼ਨਾ ਗਲੀ ਵਾਲੀ ਜੱਗ ਮਾਈ ਦਾ ਅਸਲੀ ਨਾਮ ਜਮਨਾ ਦੇਵੀ ਸੀ। ਜਦੋਂ 14 ਅਗਸਤ 1947 ਦੀ ਸਵੇਰ ਉਹ ਉੱਠੀ ਤਾਂ ਸਾਰੀ ਗਲੀ ’ਚ ਰੌਲਾ ਪਿਆ ਹੋਇਆ ਸੀ। ਉਹ ਰੌਲਾ ਸਿਰਫ਼ ਗਲੀ ’ਚ ਹੀ ਨਹੀਂ ਸੀ,...
  • fb
  • twitter
  • whatsapp
  • whatsapp

ਡਾ. ਚੰਦਰ ਤ੍ਰਿਖਾ

ਲਾਹੌਰ ਦੀ ਕ੍ਰਿਸ਼ਨਾ ਗਲੀ ਵਾਲੀ ਜੱਗ ਮਾਈ ਦਾ ਅਸਲੀ ਨਾਮ ਜਮਨਾ ਦੇਵੀ ਸੀ। ਜਦੋਂ 14 ਅਗਸਤ 1947 ਦੀ ਸਵੇਰ ਉਹ ਉੱਠੀ ਤਾਂ ਸਾਰੀ ਗਲੀ ’ਚ ਰੌਲਾ ਪਿਆ ਹੋਇਆ ਸੀ। ਉਹ ਰੌਲਾ ਸਿਰਫ਼ ਗਲੀ ’ਚ ਹੀ ਨਹੀਂ ਸੀ, ਘਰ ਦੇ ਅੰਦਰ ਵੀ ਪਿਆ ਹੋਇਆ ਸੀ। ਉਸ ਦੇ ਦੋਵੇਂ ਪੁੱਤਰ ਮਾਂ ਦੇ ਕਮਰੇ ਵਿੱਚ ਆਏ। ਪਰੇਸ਼ਾਨ ਜਿਹੇ ਲੱਗਦੇ ਸਨ। ਆਵਾਜ਼ ਵੀ ਕੰਬਦੀ ਸੀ। ਜਮਨਾ ਦੇਵੀ ਨੇ ਦੋਵਾਂ ਤੋਂ ਇੱਕੋ ਸਾਹੇ ਪੁੱਛਿਆ, “ਵੇ ਕੀ ਹੋਇਆ? ਸੁੱਖ ਤਾਂ ਹੈ? ਐਨੇ ਘਬਰਾਏ ਹੋਏ ਕਿਉਂ ਹੋ? ਹੋਇਆ ਕੀ ਏ, ਦੱਸੋ ਤਾਂ ਸਹੀ!”

ਵੱਡਾ ਪੁੱਤਰ ਰਾਮ ਲਾਲ ਬੋਲਿਆ, “ਬੇਬੇ, ਇਹ ਸਭ ਕਈ ਦਿਨਾਂ ਤੋਂ ਚੱਲ ਰਿਹਾ ਸੀ। ਬਸ ਹੁਣ ਸਾਨੂੰ ਇੱਥੋਂ ਨਿਕਲਣਾ ਹੀ ਪਵੇਗਾ।”

“ਪਰ ਜਾਣਾ ਕਿੱਥੇ ਹੈ?”

ਛੋਟਾ ਰਾਮ ਲਾਲ ਬੋਲਿਆ, “ਬੇਬੇ, ਇਹ ਤਾਂ ਸਾਨੂੰ ਵੀ ਅਜੇ ਪਤਾ ਨਹੀਂ, ਪਰ ਹੁਣ ਇਹ ਘਰ ਛੱਡ ਕੇ ਨਿਕਲਣਾ ਹੀ ਪੈਣਾ ਏ। ਬੇਬੇ, ਹੁਣ ਬਹੁਤੀਆਂ ਗੱਲਾਂ ਕਰਨ ਦਾ ਵਕਤ ਨਹੀਂ। ਬਸ ਤੂੰ ਇੱਕ ਅੱਧਾ ਕੱਪੜਾ ਤੇ ਆਪਣੀ ਪੂਜਾ ਪਾਠ ਵਾਲੀ ਥਾਲੀ ਚੁੱਕ ਲੈ। ਜ਼ਿਆਦਾ ਸਾਮਾਨ ਤਾਂ ਲੈ ਹੀ ਨਹੀਂ ਸਕਾਂਗੇ।”

ਜਮਨਾ ਦੇਵੀ ਮੰਜੇ ਤੋਂ ਨਾ ਉੱਠੀ। ਪੁੱਤਰਾਂ ਨੂੰ ਕੋਲ ਬਿਠਾ ਲਿਆ, “ਘਬਰਾਉ ਨਾ ਪੁੱਤਰੋ! ਬਸ ਐਨਾ ਦੱਸ ਦਿਉ ਕਿ ਹੋਇਆ ਕੀ ਏ?”

“ਬੇਬੇ! ਇਹ ਮੁਲਕ ਹੁਣ ਹਿੰਦੋਸਤਾਨ ਨਹੀਂ ਰਿਹਾ। ਹੁਣ ਇੱਥੇ ਪਾਕਿਸਤਾਨ ਬਣ ਚੁੱਕਾ ਏ। ਬਾਹਰ ਹਰ ਪਾਸੇ ਵੱਢ-ਟੁੱਕ ਹੋ ਰਹੀ ਏ। ਗੁਆਂਢੀ ਲਾਲਾ ਆਇਆ ਸੀ। ਕਹਿੰਦਾ, ਜੇ ਛੇਤੀ ਨਿਕਲ ਗਏ ਤਾਂ ਸ਼ਾਇਦ ਜਾਨ ਬਚ ਜਾਏ। ਅਗਲੇ ਮੋੜ ’ਤੇ ਕਾਫ਼ਲਾ ਵੀ ਮਿਲ ਜਾਊ। ਉਹਦੇ ਨਾਲ ਡੋਗਰਾ ਫ਼ੌਜੀਆਂ ਦਾ ਇੱਕ ਟਰੱਕ ਵੀ ਹੋਵੇਗਾ। ਉਹ ਸਾਨੂੰ ਬਾਰਡਰ ਪਾਰ ਕਰਵਾ ਦੇਣਗੇ। ਬੇਬੇ, ਹੁਣ ਛੇਤੀ ਕਰ। ਬੱਚੇ ਵੀ ਤਿਆਰ ਹੋ ਚੁੱਕੇ ਨੇ। ਥੋੜ੍ਹਾ ਲੂਣ, ਆਟਾ ਅਤੇ ਅਚਾਰ ਵੀ ਲੈ ਲਿਆ ਏ। ਰੋਟੀਆਂ ਵੀ ਚੁੱਕ ਲਈਆਂ ਨੇ। ਬੇਬੇ, ਬਸ ਹੁਣ ਜ਼ਿਆਦਾ ਵਕਤ ਨਹੀਂ।”

ਜਮਨਾ ਦੇਵੀ ਇਕਦਮ ਮੰਜੀ ’ਤੇ ਪੱਸਰ ਗਈ। ਆਪਣੀ ਸੋਟੀ ਦੀ ਮੁੱਠ ’ਤੇ ਦੋਵੇਂ ਹੱਥ ਰੱਖ ਲਏ। ਫ਼ੈਸਲਾ ਸੁਣਾਉਂਦਿਆਂ ਬੋਲੀ, “ਵੇਖੋ ਪੁੱਤਰੋ! ਨਾ ਤਾਂ ਮੈਂ ਅੱਜ ਜਾਵਾਂ, ਨਾ ਕੱਲ੍ਹ। ਮੇਰੇ ਲਈ ਤਾਂ ਇਹੋ ਹਿੰਦੋਸਤਾਨ ਏ ਤੇ ਇਹੋ ਹੀ ਪਾਕਿਸਤਾਨ। ਇਹ ਮਕਾਨ ਤੁਹਾਡੇ ਬਾਪੂ ਜੀ ਨੇ ਬਣਵਾਇਆ ਸੀ ਤੇ ਰਜਿਸਟਰੀ ਮੇਰੇ ਨਾਮ ਕਰ ਦਿੱਤੀ ਸੀ। ਮੈਂ ਤਾਂ ਇੱਥੇ ਹੀ ਰਹਿਣਾ ਏ। ਤੁਸੀਂ ਜਾਉ। ਇਸ ਮਕਾਨ ’ਤੇ ਕੋਈ ਹੋਰ ਕਬਜ਼ਾ ਨਹੀਂ ਕਰ ਸਕਦਾ। ਜਦੋਂ ਹਾਲਾਤ ਥੋੜ੍ਹੇ ਠੀਕ ਹੋਏ ਤਾਂ ਤੁਸੀਂ ਵੀ ਵਾਪਸ ਇੱਥੇ ਹੀ ਆ ਜਾਣਾ। ਆਪਣਾ ਘਰ, ਆਪਣਾ ਠੀਹਾ ਵੀ ਕੋਈ ਛੱਡਦਾ ਏ ਭਲਾ?”

ਲੰਮੀ ਬਹਿਸ ਦਾ ਵਕਤ ਨਹੀਂ ਸੀ। ਕੁਝ ਸਮਾਂ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਆਖ਼ਰ ਫ਼ੈਸਲਾ ਹੋਇਆ ਕਿ ਬੇਬੇ ਨੂੰ ਰੱਬ ਆਸਰੇ ਛੱਡਿਆ ਜਾਵੇ ਅਤੇ ਬੱਚਿਆਂ ਤੇ ਔਰਤਾਂ ਨੂੰ ਨਾਲ ਲੈ ਕੇ ਤੁਰੰਤ ਨਿਕਲਿਆ ਜਾਵੇ। ਰੋਂਦੇ-ਕੁਰਲਾਉਂਦੇ ਸਭ ਨੇ ਬੇਬੇ ਨੂੰ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ ਤੇ ਕਿਹਾ, “ਬੇਬੇ, ਅੰਦਰੋਂ ਜਿੰਦਰਾ ਜ਼ਰੂਰ ਮਾਰ ਲੈਣਾ।” ਤੇ ਇਹ ਕਹਿੰਦੇ ਹੋਏ ਉੱਥੋਂ ਕਦਮਾਂ ਦੇ ਭਾਰੀ ਖੜਾਕ ਨਾਲ ਨਿਕਲ ਗਏ।

ਜਮਨਾ ਦੇਵੀ ਨੂੰ ਥੋੜ੍ਹੀ ਬੇਚੈਨੀ ਤਾਂ ਹੋਈ, ਪਰ ਉਸ ਨੇ ਮਨ ਬਣਾ ਲਿਆ ਸੀ ਕਿ ਹੁਣ ਤਾਂ ਉਹ ਉੱਥੇ ਹੀ ਰਹੇਗੀ। ਕੁਝ ਦਿਨ ਉਸ ਨੇ ਚੁੱਲ੍ਹਾ ਵੀ ਨਹੀਂ ਬਾਲਿਆ। ਬਿਸਕੁਟਾਂ ਤੇ ਪਾਣੀ ਨਾਲ ਹੀ ਤਿੰਨ ਦਿਨ ਕੱਟ ਲਏ। ਚੌਥੇ ਦਿਨ ਸ਼ੌਕਤ ਮਿਰਜ਼ਾ ਨਾਂ ਦਾ ਇੱਕ ਸ਼ਖ਼ਸ ਅੰਦਰ ਆਇਆ। ਬੰਦਾ ਤਮੀਜ਼ਦਾਰ ਸੀ। ਉਹ ਵੀ ਤਿੰਨ ਦਿਨ ਪਹਿਲਾਂ ਹੀ ਦਿੱਲੀ ਤੋਂ ਉੱਜੜ ਕੇ ਲਾਹੌਰ ਆਇਆ ਸੀ। ਇੱਥੇ ਉਸ ਨੂੰ ਮੁਹਾਜਿਰ ਹੋਣ ਨਾਤੇ ਇੱਕ ਮਕਾਨ ਅਲਾਟ ਕਰ ਦਿੱਤਾ ਗਿਆ ਸੀ, ਜਿਸ ਵਿੱਚ ਜਮਨਾ ਦੇਵੀ ਇਕੱਲੀ ਰਹਿੰਦੀ ਸੀ। ਸ਼ੌਕਤ ਮਿਰਜ਼ਾ ਨੇ ਹੱਥ ਵਿੱਚ ਅਲਾਟਮੈਂਟ ਵਾਲਾ ਕਾਗਜ਼ ਫੜਿਆ ਹੋਇਆ ਸੀ। ਉਸ ਨੇ ਦਰਵਾਜ਼ੇ ਦੀ ਕੁੰਡੀ ਖੜਕਾਈ। ਅੰਦਰੋਂ ਕੰਬਦੀ ਆਵਾਜ਼ ਆਈ, “ਵੇ ਭਾਈ, ਮੈਂ ਤਾਂ ਬੁੱਢੀ ਔਰਤ ਹਾਂ। ਕਿਸੇ ਕੰਮ ਦੀ ਨਹੀਂ। ਮੇਰੇ ਕੋਲ ਕੁਝ ਵੀ ਨਹੀਂ। ਕਿਤੇ ਹੋਰ ਜਾ ਕੇ ਲੁੱਟ-ਖਸੁੱਟ ਕਰ ਲੈ। ਇੱਥੇ ਤਾਂ ਵਕਤ ਹੀ ਬਰਬਾਦ ਹੋਣਾ ਏ।”

ਸ਼ੌਕਤ ਮਿਰਜ਼ਾ ਬਾਹਰੋਂ ਬੋਲਿਆ, “ਬੇਬੇ, ਦਰਵਾਜ਼ਾ ਖੋਲ੍ਹ ਦਿਉ। ਇਹ ਘਰ ਹੁਣ ਮੇਰੇ ਨਾਮ ’ਤੇ ਅਲਾਟ ਹੋ ਚੁੱਕਿਆ ਏ। ਇੱਥੇ ਤਾਂ ਹੁਣ ਮੈਂ ਹੀ ਰਹਿਣਾ ਏ। ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪੁਲੀਸ ਬੁਲਾਉਣੀ ਪਵੇਗੀ। ਮੈਂ ਵੀ ਦਿੱਲੀਓਂ ਉੱਜੜ ਕੇ ਇੱਥੇ ਆਇਆ ਹਾਂ। ਮੇਰੇ ਨਾਲ ਮੇਰੇ ਬੱਚੇ ਹਨ। ਬੁੱਢੇ ਮਾਂ-ਬਾਪ ਨੇ। ਤੁਸੀਂ ਚਾਹੋ ਤਾਂ ਇੱਕ ਕੋਨੇ ’ਚ ਤੁਸੀਂ ਵੀ ਰਹਿ ਲੈਣਾ।’’

ਜਮਨਾ ਦੇਵੀ ਦੀ ਆਵਾਜ਼ ਅਚਾਨਕ ਸਖ਼ਤ ਹੋਣ ਲੱਗੀ, “ਓ ਜਾ ਜਾ...। ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਜ਼ਿਆਦਾ ਤੰਗ ਕਰੇਂਗਾ ਤਾਂ ਸਾਰੇ ਮਕਾਨ ਨੂੰ ਅੱਗ ਲਾ ਦਿਆਂਗੀ, ਵਿੱਚ ਹੀ ਮੈਂ ਸੜ ਜਾਵਾਂਗੀ। ਇਹ ਘਰ ਮੇਰੇ ਘਰਵਾਲੇ ਦਾ ਏ। ਉਹਨੇ ਬਣਵਾਇਆ ਸੀ। ਇਹ ਹੁਣ ਮੇਰਾ ਰਹਿਣ ਦਾ ਟਿਕਾਣਾ ਏ। ਮੈਂ ਦਰਵਾਜ਼ਾ ਨਹੀਂ ਖੋਲ੍ਹਣਾ।’’

... ... ...

ਸ਼ੌਕਤ ਮਿਰਜ਼ਾ ਨੇ ਨਾਲ ਵਾਲੇ ਖਾਲੀ ਮਕਾਨ ਵਿੱਚ ਸਾਮਾਨ ਰੱਖਿਆ। ਪਰਿਵਾਰ ਵਾਲਿਆਂ ਨੂੰ ਵੀ ਉੱਥੇ ਲੈ ਆਂਦਾ ਤੇ ਆਪ ਥਾਣੇ ਵੱਲ ਚੱਲ ਪਿਆ ਜਮਨਾ ਦੇਵੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ। ਥੋੜ੍ਹੀ ਦੇਰ ਬਾਅਦ ਉਹ ਦੋ ਸਿਪਾਹੀਆਂ ਨਾਲ ਪਰਤ ਆਇਆ। ਸਿਪਾਹੀਆਂ ਨੇ ਪਹਿਲਾਂ ਤਾਂ ਬਾਹਰੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜਨ ਦੀ ਮੁਸ਼ੱਕਤ ਸ਼ੁਰੂ ਕਰ ਦਿੱਤੀ।

ਅੰਦਰੋਂ ਜਮਨਾ ਦੇਵੀ ਨੇ ਚੀਕਦੀ ਆਵਾਜ਼ ਵਿੱਚ ਧਮਕੀ ਦਿੱਤੀ, “ਓਏ ਮੇਰੀ ਗੱਲ ਸੁਣ ਲਵੋ। ਮੈਂ ਪੂਰੇ ਘਰ ਨੂੰ ਅੱਗ ਦੇ ਹਵਾਲੇ ਕਰਨ ਦੀ ਤਿਆਰੀ ਕਰ ਲਈ ਏ। ਮਿੱਟੀ ਦੇ ਤੇਲ ਦਾ ਪੀਪਾ ਮੇਰੇ ਇੱਕ ਹੱਥ ਵਿੱਚ ਏ ਤੇ ਦੂਜੇ ਹੱਥ ਵਿੱਚ ਮਾਚਿਸ ਏ। ਪੂਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਹੁਣ ਜੇ ਤੁਸੀਂ ਇਸ ਦਰਵਾਜ਼ੇ ਨੂੰ ਧੱਕਾ ਮਾਰਿਆ ਤਾਂ ਉਸੇ ਵੇਲੇ ਮੈਂ ਮਾਚਿਸ ਦੀ ਤੀਲ੍ਹੀ ਬਾਲ ਦਿਆਂਗੀ।” ਧਮਕੀ ਦਾ ਪੂਰਾ ਅਸਰ ਹੋਇਆ। ਪੁਲੀਸ ਵਾਲੇ ਵਾਪਸ ਚਲੇ ਗਏ। ਤੈਅ ਹੋਇਆ ਕਿ ਕੁਝ ਦਿਨ ਇਸ ਬੁੱਢੀ ਮਾਈ ਨੂੰ ਨਾ ਛੇੜਿਆ ਜਾਵੇ। ਜਾਂ ਤਾਂ ਆਪਣੇ ਆਪ ਕਿਸੇ ਪਾਸੇ ਮੂੰਹ ਕਰ ਜਾਵੇਗੀ ਜਾਂ ਫਿਰ ਕੋਈ ਰਿਸ਼ਤੇਦਾਰ ਆ ਕੇ ਇਸ ਨੂੰ ਲੈ ਜਾਵੇਗਾ। ਸ਼ੌਕਤ ਮਿਰਜ਼ਾ ਨੂੰ ਵੀ ਪੁਲੀਸ ਵਾਲਿਆਂ ਨੇ ਕੁਝ ਸਮੇਂ ਲਈ ਗੁਆਂਢ ਵਾਲੇ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਮਿਰਜ਼ਾ ਖ਼ੁਦ ਵੀ ਤਾਂ ਰਫ਼ਿਊਜੀ ਸੀ। ਮਜ਼ਹਬ ਜਾਂ ਮੁਲਕ ਦੀ ਗੱਲ ਤਾਂ ਬਾਅਦ ’ਚ। ਪਰ ਉਹ ਵੀ ਇੱਕ ਰਫ਼ਿਊਜੀ ਦੇ ਦਰਦ ਤੇ ਪੀੜ ਨੂੰ ਸਮਝ ਚੁੱਕਾ ਸੀ। ਦੋ ਕੁ ਦਿਨ ਬਾਅਦ ਉਸ ਨੇ ਆਟੇ ਦੀ ਇੱਕ ਗੱਠੜੀ, ਨਮਕ ਦੀ ਇੱਕ ਛੋਟੀ ਗੱਠੜੀ ਅਤੇ ਅਚਾਰ ਦੀ ਇੱਕ ਡੱਬੀ ਸਾਂਝੀ ਕੰਧ ਦੇ ‘ਜੱਗ ਮਾਈ’ ਵਾਲੇ ਪਾਸੇ ਰੱਖ ਦਿੱਤੀ। ਦਿਲ ’ਚ ਆਇਆ ਕਿ ਮਾਈ ਕੋਲ ਆਟਾ, ਲੂਣ, ਆਚਾਰ, ਪਿਆਜ਼ ਵੀ ਨਹੀਂ ਹੋਵੇਗਾ ਤਾਂ ਕੀ ਪਕਾਏਗੀ, ਕੀ ਖਾਏਗੀ। ਅਗਲੇ ਦਿਨ ਉਸ ਨੇ ਆਵਾਜ਼ ਮਾਰੀ, ‘‘ਬੇਬੇ ਜੀ, ਜੇਕਰ ਦਰਵਾਜ਼ਾ ਖੋਲ੍ਹ ਦੇਵੋਗੇ ਤਾਂ ਅੱਲ੍ਹਾ ਦੀ ਕਸਮ ਅਸੀਂ ਵੀ ਤੁਹਾਡੀ ਤਦ ਤੱਕ ਦੇਖਭਾਲ ਕਰ ਸਕਾਂਗੇ, ਜਦ ਤਕ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਜਾਂ ਪੁੱਤਰ ਤੁਹਾਨੂੰ ਆ ਕੇ ਸੰਭਾਲਦਾ ਨਹੀਂ। ਬੇਬੇ, ਤੂੰ ਇੱਕ ਨੇਕਦਿਲ ਬਜ਼ੁਰਗ ਔਰਤ ਏਂ। ਯਕੀਨਨ ਬੱਚੇ ਛੱਡ ਕੇ ਚਲੇ ਗਏ ਹੋਣਗੇ। ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਹਾਲਾਤ ਬਹੁਤ ਸਾਰੇ ਬਜ਼ੁਰਗਾਂ ਨਾਲ ਵਾਪਰੇ ਨੇ। ਜੇਕਰ ਮੇਰੀਆਂ ਗੱਲਾਂ ’ਤੇ ਯਕੀਨ ਆ ਜਾਵੇ ਤਾਂ ਇੱਕ ਦਿਨ ਬਾਅਦ ਦਰਵਾਜ਼ਾ ਖੋਲ੍ਹ ਦੇਣਾ, ਜਾਂ ਫਿਰ ਘਰ ਨੂੰ ਤਾਲਾ ਲਗਾ ਕੇ ਇੱਧਰ ਸਾਡੇ ਘਰ ਥੋੜ੍ਹਾ ਵਕਤ ਬਿਤਾ ਲਿਆ ਜੇ। ਤੁਹਾਡਾ ਮਨ ਸ਼ਾਂਤ ਹੋ ਜਾਵੇਗਾ।’’

ਜਮਨਾ ਦੇਵੀ ਨੇ ਉਸ ਵੇਲੇ ਤਾਂ ਕੋਈ ਜਵਾਬ ਨਹੀਂ ਦਿੱਤਾ, ਪਰ ਅਗਲੇ ਦਿਨ ਥੋੜ੍ਹੀਆਂ ਸੇਵੀਆਂ ਬਣਾ ਕੇ ਮਿਰਜ਼ੇ ਦੇ ਘਰ ਵੱਲ ਦਹਿਲੀਜ਼ ਪਾਰ ਕਰਕੇ ਆ ਗਈ। ਮਿਰਜ਼ਾ ਅਤੇ ਉਸ ਦਾ ਪਰਿਵਾਰ ਪਹਿਲਾਂ ਤਾਂ ਹੈਰਾਨ ਰਹਿ ਗਿਆ, ਫਿਰ ਸਾਰੇ ਜਮਨਾ ਦੇਵੀ ਕੋਲ ਆ ਕੇ ਖੜ੍ਹ ਗਏ। ਕਿਸੇ ਨੇ ਪਹਿਲਾਂ ਕਦੇ ਵੀ ਜਮਨਾ ਦੇਵੀ ਦੀ ਸ਼ਕਲ ਨਹੀਂ ਸੀ ਵੇਖੀ। ਬੇਬੇ ਨੇ ਬੱਚਿਆਂ ਦਾ ਸਿਰ ਪਲੋਸਿਆ ਤੇ ਬੋਲੀ, “ਮੈਂ ਤੁਹਾਡੀ ਗੁਆਂਢਣ ਜਮਨਾ ਦੇਵੀ।” ਮਿਰਜ਼ਾ ਤੇ ਉਹਦੀ ਬੇਗ਼ਮ ਨੇ ਅੱਗੇ ਵਧ ਕੇ ਉਸ ਦੇ ਪੈਰਾਂ ਨੂੰ ਹੱਥ ਲਾਇਆ ਤੇ ਮੱਥਾ ਟੇਕਿਆ। ਬੱਚੇ ਵੀ ‘ਅੰਮਾ ਜੀ,ਸਲਾਮ-ਵਾਲੇ-ਕੁਮ’ ਕਹਿੰਦੇ ਹੋਏ ਉਸ ਦੇ ਪੈਰਾਂ ਵੱਲ ਝੁਕ ਗਏ। ਜਮਨਾ ਦੇਵੀ ਨੇ ਚੁੰਨੀ ਨਾਲ ਆਪਣੀਆਂ ਗਿੱਲੀਆਂ ਅੱਖਾਂ ਪੂੰਝੀਆਂ ਤੇ ਬੋਲੀ, “ਸੁਖੀ ਰਹੋ ਸਾਰੇ! ਈਸ਼ਵਰ ਅੱਲ੍ਹਾ ਤੁਹਾਡੇ ’ਤੇ ਮਿਹਰ ਦੀ ਨਜ਼ਰ ਬਣਾਈ ਰੱਖੇ।”

ਸ਼ੌਕਤ ਨੇ ਵਿਹੜੇ ’ਚੋਂ ਇੱਕ ਮੰਜੀ ਖਿੱਚੀ। ਉਸ ’ਤੇ ਇੱਕ ਖੇਸ ਵਿਛਾਇਆ ਤੇ ਜਮਨਾ ਦੇਵੀ ਨੂੰ ਹੱਥ ਜੋੜ ਕੇ ਉੱਥੇ ਦੋ ਪਲ ਬੈਠਣ ਦੀ ਅਰਜ਼ ਕੀਤੀ। ਪਹਿਲਾਂ ਤਾਂ ਜਮਨਾ ਦੇਵੀ ਸੇਵੀਆਂ ਦੇ ਕੇ ਵਾਪਸ ਜਾਣ ਲੱਗੀ ਸੀ, ਪਰ ਸ਼ੌਕਤ ਦੇ ਇਸਰਾਰ (ਜ਼ੋਰ ਦੇਣ) ’ਤੇ ਉੱਥੇ ਹੀ ਬੈਠ ਗਈ। ਬੱਚਿਆਂ ਨੂੰ ਕੋਲ ਬੁਲਾਇਆ। ਮੱਥੇ ਚੁੰਮੇ, ਸਿਰਾਂ ’ਤੇ ਹੱਥ ਫੇਰਿਆ ਤੇ ਫਿਰ ਬੋਲੀ, ‘‘ਚੰਗਾ ਪੁੱਤਰੋ! ਹੁਣ ਵਾਪਸ ਜਾਵਾਂਗੀ... ਹੁਣ ਤਾਂ ਤੁਸੀਂ ਹੀ ਮੇਰਾ ਸਹਾਰਾ ਹੋ।’’ ਕਹਿੰਦੀ ਕਹਿੰਦੀ ਘਰ ਪਰਤ ਗਈ। ਬੇਗ਼ਮ ਨੇ ਰੋਕਿਆ ਤੇ ਬੋਲੀ, ‘‘ਬੇਬੇ ਜੀ, ਸਾਡੇ ਘਰੋਂ ਕੋਈ ਬਜ਼ੁਰਗ ਖਾਲੀ ਨਹੀਂ ਗਿਆ। ਇਹ ਥੋੜ੍ਹੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ। ਇਨ੍ਹਾਂ ਨੂੰ ਕਬੂਲ ਕਰ ਲੈਣਾ। ਨਾਂਹ ਨਾ ਕਹਿਣਾ। ਬਸ ਦੁਆ ਕਰਦੇ ਰਹਿਣਾ, ਇਹੋ ਜਿਹੇ ਦਿਹਾੜੇ ਕਿਸੇ ਨੂੰ ਵੀ ਨਾ ਦੇਖਣੇ ਪੈਣ।”

ਜਮਨਾ ਦੇਵੀ ਦੀ ਆਵਾਜ਼ ਭਾਰੀ ਹੋਣ ਲੱਗੀ। ਉਸ ਨੇ ਸਾਰਾ ਸਾਮਾਨ ਮੱਥੇ ਨਾਲ ਲਗਾਇਆ, ਫਿਰ ਆਪਣੀ ਚੁੰਨੀ ਦੀ ਇੱਕ ਗੰਢ ਖੋਲ੍ਹ ਕੇ ਵਿੱਚੋਂ ਕੁਝ ਸਿੱਕੇ ਕੱਢੇ ਤੇ ਬੱਚਿਆਂ ਦੇ ਹੱਥ ’ਤੇ ਰੱਖ ਕੇ ਬਿਨਾਂ ਕੁਝ ਬੋਲੇ ਪਰਤ ਗਈ। ਉਸ ਤੋਂ ਬਾਅਦ ਜਮਨਾ ਦੇਵੀ ਕਦੇ ਖੀਰ ਅਤੇ ਕਦੇ ਦੋ ਚਾਰ ਮਿੱਠੀਆਂ ਰੋਟੀਆਂ ਬਣਾ ਕੇ ਸ਼ੌਕਤ ਦੇ ਘਰ ਦੇ ਆਉਂਦੀ। ਉਸ ਦੀ ਬੀਵੀ ਨੂੰ ਕਹਿ ਦਿੰਦੀ, “ਜੇ ਠੀਕ ਲੱਗਣ ਤਾਂ ਆਪਣੇ ਗੁਆਂਢ ਵਾਲਿਆਂ ਨੂੰ ਵੀ ਦੇ ਦੇਣਾ।”

ਹੌਲੀ-ਹੌਲੀ ਸਿਲਸਿਲਾ ਵਧਣ ਲੱਗਿਆ। ਸ਼ੌਕਤ ਵੀ ਜਦੋਂ ਕਦੇ ਬਾਜ਼ਾਰ ਜਾਂਦਾ ਤਾਂ ਕੋਈ ਸਬਜ਼ੀ, ਫਲ ਆਦਿ ਜਮਨਾ ਦੇਵੀ ਲਈ ਲੈ ਆਉਂਦਾ। ਹੁਣ ਤਾਂ ਗੁਆਂਢ ਵਿੱਚ ਕਿਸੇ ਦਾ ਬੱਚਾ ਬਿਮਾਰ ਹੁੰਦਾ ਤਾਂ ਜਮਨਾ ਦੇਵੀ ਕੋਈ ਕਾਹੜਾ ਜਾਂ ਦੇਸੀ ਟੋਟਕਾ ਪੀਸ ਕੇ ਦੇ ਜਾਂਦੀ। ਹੌਲੀ-ਹੌਲੀ ਆਸ-ਪਾਸ ਦੇ ਲੋਕ ਜਮਨਾ ਦੋਵੀ ਨੂੰ ‘ਜੱਗ ਮਾਈ’ ਦੇ ਨਾਮ ਨਾਲ ਬੁਲਾਉਣ ਲੱਗੇ।

ਇਸ ਦੌਰਾਨ ਖ਼ਬਰ ਆਈ ਕਿ ਦੋਵਾਂ ਹਕੂਮਤਾਂ ਨੇ ਇੱਕ ਵਾਰ ਪੁਰਾਣੇ ਬਾਸ਼ਿੰਦਿਆਂ (ਵਸਨੀਕਾਂ) ਨੂੰ ਆਪਣੇ ਪੁਰਾਣੇ ਘਰਾਂ ’ਚੋਂ ਉਨ੍ਹਾਂ ਦਾ ਕੁਝ ਦੱਬਿਆ, ਰਹਿ ਗਿਆ ਜ਼ਰੂਰੀ ਸਾਮਾਨ (ਅਸਬਾਬ) ਲੈਣ ਦੀ ਇਜਾਜ਼ਤ ਦੇ ਦਿੱਤੀ। ਆਪਣੇ ਘਰਾਂ ’ਚੋਂ ਅਚਾਨਕ ਨਿਕਲਣ ਵੇਲੇ ਕੁਝ ਲੋਕ ਆਪਣੇ ਕੁਝ ਕਾਗਜ਼ਾਤ ਜਾਂ ਕੀਮਤੀ ਗਹਿਣੇ ਕੰਧਾਂ ਵਿੱਚ ਦੱਬ ਗਏ ਸਨ, ਜੋ ਲੈਣ ਲਈ ਆ ਪਹੁੰਚੇ। ਉਦੋਂ ਲੋਕ ਇਹ ਵੀ ਸਮਝਦੇ ਸਨ ਕਿ ਸ਼ਾਇਦ ਉਹ ਸਿਲਸਿਲਾ ਥੋੜ੍ਹੇ ਦਿਨ ਬਾਅਦ ਠੰਢਾ ਪੈ ਜਾਏਗਾ ਤੇ ਉਹ ਫਿਰ ਵਾਪਸ ਆ ਜਾਣਗੇ। ਪਰ ਹੌਲੀ-ਹੌਲੀ ਲੋਕਾਂ ਨੂੰ ਇਹ ਵੀ ਸਮਝ ਆ ਗਿਆ ਕਿ ਹੁਣ ਤਾਂ ਨਵੀਂ ਜਗ੍ਹਾ ਹੀ ਜੜ੍ਹਾਂ ਜਮਾਉਣੀਆਂ ਪੈਣਗੀਆਂ।

ਜਮਨਾ ਦੇਵੀ ਨੂੰ ਲੱਗਿਆ ਸ਼ਾਇਦ ਉਸ ਦੇ ਪੁੱਤਰਾਂ ਵਿੱਚੋਂ ਵੀ ਕੋਈ ਦੱਬਿਆ ਸਾਮਾਨ ਲੈਣ ਜਾਂ ਉਸ ਨੂੰ ਮਿਲਣ ਸਮਝਾਉਣ ਲਈ ਆਵੇਗਾ। ਉਸ ਨੇ ਦੋ ਦਿਨ ਬੂਹੇ ਬੰਦ ਨਹੀਂ ਕੀਤੇ। ਪੂਰੀ ਗਲੀ ਵਿੱਚ ਦਰਜਨਾਂ ਘਰਾਂ ’ਚ ਲੋਕ ਆਏ। ਚਾਰ-ਪੰਜ ਘਰ ਛੱਡ ਕੇ ਰਹਿਣ ਵਾਲਾ ਸ਼ਾਮ ਸੁੰਦਰ ਵੀ ਆਇਆ। ਜਮਨਾ ਦੇਵੀ ਨੂੰ ਮਿਲਿਆ ਤੇ ਗਲ ਲੱਗ ਕੇ ਰੋਇਆ ਵੀ। ਜਮਨਾ ਦੇਵੀ ਵੀ ਬੜਾ ਖੁੱਲ੍ਹ ਕੇ ਰੋਈ। ਸਭ ਦਾ ਹਾਲ-ਚਾਲ ਪੁੱਛਿਆ। ਕੋਈ ਪਾਣੀਪਤ ਜਾ ਕੇ ਵਸ ਗਿਆ ਸੀ ਤੇ ਕੋਈ ਯੂ.ਪੀ. ਵੱਲ ਮੂੰਹ ਕਰ ਗਿਆ ਸੀ। ਜਮਨਾ ਦੇਵੀ ਨੇ ਸ਼ਾਮ ਸੁੰਦਰ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ, ‘‘ਸ਼ਾਇਦ ਜਾਂਦੀ ਵਾਰ ਰਾਮ ਲਾਲ ਵੀ ਕੁਝ ਸਾਮਾਨ ਦੱਬ ਕੇ ਰੱਖ ਗਿਆ ਹੋਵੇ। ਹੋ ਸਕਦੈ ਇੱਕ ਅੱਧੇ ਦਿਨ ਵਿੱਚ ਉਹ ਵੀ ਆ ਜਾਵੇ। ਹੋ ਸਕਦੈ ਨਾ ਵੀ ਆਵੇ। ਕੀ ਪਤਾ ਉਹ ਡਰ ਗਿਆ ਹੋਵੇ ਕਿ ਬੇਬੇ ਫੜ ਕੇ ਨਾ ਬਿਠਾ ਲਵੇ।’’ ਸ਼ਾਮ ਸੁੰਦਰ ਬੋਲਿਆ, “ਬੇਬੇ ਜੀ, ਆਖੋ ਤਾਂ ਮੈਂ ਕੁਝ ਮਦਦ ਕਰਾਂ, ਦੱਬਿਆ ਸਾਮਾਨ ਲੱਭਣ ਵਿੱਚ?’’ ਜਮਨਾ ਦੇਵੀ ਨੇ ਕੁਝ ਦੇਰ ਸੋਚਿਆ ਤੇ ਫਿਰ ਉਸ ਕੰਧ ਵੱਲ ਇਸ਼ਾਰਾ ਕੀਤਾ, ‘‘ਸ਼ਾਇਦ ਇੱਥੇ ਹੀ ਉਸ ਨੇ ਕੁਝ ਦੱਬਿਆ ਸੀ ਤੇ ਬਾਅਦ ਵਿੱਚ ਲਿਪਾਈ ਕਰਕੇ ਢਕ ਦਿੱਤਾ ਸੀ।’’ ਸ਼ਾਮ ਸੁੰਦਰ ਨੇ ਹੌਲੀ-ਹੌਲੀ ਉੱਥੇ ਥੋੜ੍ਹਾ ਪੁੱਟ ਕੇ ਵੇਖਿਆ ਤਾਂ ਇੱਕ ਛੋਟੀ ਜਿਹੀ ਗੱਠੜੀ ਉੱਥੋਂ ਕੱਢ ਕੇ ਜਮਨਾ ਦੇਵੀ ਅੱਗੇ ਰੱਖ ਦਿੱਤੀ।

“ਬੇਬੇ ਜੀ, ਇਸ ਨੂੰ ਤੁਸੀਂ ਆਪਣੇ ਸੰਦੂਕ ਵਿੱਚ ਰੱਖ ਲਵੋ। ਕਦੇ ਔਖੇ ਵੇਲੇ ਚਾਰ ਦਿਨ ਚੰਗੇ ਕੱਟ ਜਾਣਗੇ। ਜਦੋਂ ਵੀ ਰਾਮ ਲਾਲ ਆਵੇਗਾ ਤਾਂ ਉਨ੍ਹਾਂ ਨੂੰ ਦੇ ਦਿਉ।’’

ਜਮਨਾ ਦੇਵੀ ਨੇ ਭਰੇ ਮਨ ਨਾਲ ਸਾਮਾਨ ਆਪਣੇ ਸੰਦੂਕ ਵਿੱਚ ਰੱਖ ਲਿਆ।

ਦੋ-ਚਾਰ ਦਿਨ ਉਡੀਕਣ ਮਗਰੋਂ ਉਸ ਦੀ ਜ਼ਿੰਦਗੀ ਉਹੀ ਕਾਹੜੇ, ਟੋਟਕੇ ਵੰਡਣ ਲੱਗ ਗਈ। ਹੁਣ ਤਾਂ ਕਈ ਔਰਤਾਂ, ਮਰਦ ਵੀ ਆਉਣ ਲੱਗ ਪਏ। ਫਿਰ ਇੱਕ ਦਿਨ ਉਹ ਆਪ ਵੀ ਬਿਮਾਰ ਪੈ ਗਈ। ਉਸ ਨੇ ਸ਼ੌਕਤ ਅਤੇ ਉਸ ਦੀ ਬੇਗ਼ਮ ਨੂੰ ਬੁਲਾਇਆ। ਸੰਦੂਕ ਖੋਲ੍ਹਿਆ। ਸਾਰਾ ਸਾਮਾਨ ਬੇਗ਼ਮ ਅਤੇ ਸ਼ੌਕਤ ਨੂੰ ਗੱਠੜੀ ਸਮੇਤ ਦੇ ਦਿੱਤਾ ਅਤੇ ਕੰਬਦੀ ਆਵਾਜ਼ ’ਚ ਬੋਲੀ, “ਸ਼ਾਇਦ ਵੇਲਾ ਆ ਗਿਆ ਏ, ਬੁਲਾਵਾ ਈ ਏ। ਇਸ ਗੱਠੜੀ ਦੇ ਦੋ ਹਿੱਸੇ ਕਰ ਲੈਣਾ। ਅੱਧਾ ਹਿੱਸਾ ਤੁਹਾਡੇ ਬੱਚਿਆਂ ਲਈ ਤੇ ਅੱਧਾ ਰੱਖ ਲੈਣਾ। ਹੋ ਸਕਦੈ ਕਿ ਮੇਰਾ ਪੁੱਤਰ ਭੁੱਲਿਆ-ਭਟਕਿਆ ਆ ਜਾਵੇ ਤਾਂ ਉਸ ਨੂੰ ਬਾਕੀ ਅੱਧਾ ਹਿੱਸਾ ਦੇ ਦੇਣਾ। ਕਹਿ ਦੇਣਾ ਤੁਹਾਡੀ ਬੇਬੇ ਕੋਲ ਐਨਾ ਹੀ ਬਚਿਆ ਸੀ। ਜੇ ਸਾਲ ਤੱਕ ਨਾ ਆਵੇ ਤਾਂ ਬਾਕੀ ਹਿੱਸਾ ਲੋੜਵੰਦਾਂ ਨੂੰ ਦੇ ਦੇਣਾ। ਲੋੜਵੰਦਾਂ ਕੋਲੋਂ ਉਨ੍ਹਾਂ ਦੀ ਜ਼ਾਤ ਨਾ ਪੁੱਛਣਾ। ਮੇਰੀ ਭੁੱਲ-ਚੁੱਕ ਮੁਆਫ਼ ਕਰ ਦੇਣਾ।”

ਕੁਝ ਦਿਨਾਂ ਬਾਅਦ ‘ਜੱਗ ਮਾਈ’ ਨੇ ਇੱਕ ਦਿਨ ਸ਼ੌਕਤ ਨੂੰ ਆਵਾਜ਼ ਦਿੱਤੀ। ਉਹ ਭੱਜਿਆ ਭੱਜਿਆ ਆਇਆ। ਉਸ ਨੂੰ ਇਸ਼ਾਰੇ ਨਾਲ ਕੋਲ ਬੁਲਾ ਕੇ ਇਸ਼ਾਰੇ ਨਾਲ ਹੀ ਸਮਝਾਇਆ ਕਿ ਉਸ ਨੂੰ ਮੰਜੀ ਤੋਂ ਲਾਹ ਕੇ ਜ਼ਮੀਨ ’ਤੇ ਲਿਟਾ ਦੇਵੇ ਅਤੇ ਉਸ ਦਾ ਸਿਰ ਆਪਣੀ ਝੋਲੀ ਵਿੱਚ ਰੱਖੇ ਤਾਂ ਕਿ ਉਸ ਨੂੰ ਆਪਣੇ ‘ਪੁੱਤਰ ਦਾ ਗੋਡਾ ਆਖ਼ਰੀ ਸਾਹ ਲਈ ਮਿਲ ਜਾਵੇ।’

ਦੋ ਚਾਰ ਸਾਹ ਲੈਣ ਮਗਰੋਂ ਬੇਬੇ ਅਕਾਲ ਚਲਾਣਾ ਕਰ ਗਈ। ਸ਼ੌਕਤ ਦੀ ਬੇਗ਼ਮ ਅਤੇ ਬੱਚੇ ਵੀ ਰੋਣ ਲੱਗੇ। ਬੇਗ਼ਮ ਨੇ ਮੋੜ ਵਾਲੇ ਮੰਦਰ ਤੋਂ ਪੰਡਿਤ ਨੂੰ ਬੁਲਾਇਆ। ਸਾਰੀਆਂ ਰਸਮਾਂ ਨਿਭਾਅ ਦਿੱਤੀਆਂ।

ਉਸ ਵੇਲੇ ਤਕ ਕਬਰਿਸਤਾਨ ਵਿੱਚ ਹੀ ਇੱਕ ਕੋਨੇ ’ਚ ਸ਼ਮਸ਼ਾਨ ਹੁੰਦੇ ਸਨ। ਬੇਬੇ ਦੀ ਅਰਥੀ ਨੂੰ ਮੋਢਾ ਦੇਣ ਦੀ ਪਹਿਲ ਸ਼ੌਕਤ ਨੇ ਕੀਤੀ। ਸ਼ਮਸ਼ਾਨ ਵਿੱਚ ਜਾ ਕੇ ਪੂਰੇ ਆਦਰ ਸਤਿਕਾਰ ਨਾਲ ਬੇਬੇ ਦੀ ਦੇਹ ਨੂੰ ਅਗਨ ਦਿੱਤੀ ਗਈ। ਪੰਡਿਤ ਜੀ ਮੰਤਰ ਪੜ੍ਹਦੇ ਰਹੇ। ਸ਼ੌਕਤ ਸਾਰੀਆਂ ਰਸਮਾਂ ਨਿਭਾਉਂਦਾ ਰਿਹਾ।

ਆਖ਼ਰ ਚੌਥੇ ਦਿਨ ਫੁੱਲ ਚੁਗਣ ਸਾਰੇ ਆਏ ਤਾਂ ਬੇਬੇ ਦੀ ਰਾਖ ਨੂੰ ਮੁਹੱਲੇ ਦੇ ਇੱਕ ਕੋਨੇ ਵਿੱਚ ਮੜ੍ਹੀ ਬਣਾ ਕੇ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਪੀਰਾਂ ਵਾਲੇ ਦਿਨ ਅਤੇ ਮੰਗਲਵਾਰ ਉੱਥੇ ਸ਼ੌਕਤ ਤੇ ਉਸ ਦੀ ਬੇਗ਼ਮ ਲੰਗਰ ਵੀ ਕਰਨ ਲੱਗੇ। ਲੋਕ ਵੀ ਆਪਣਾ ਹਿੱਸਾ ਪਾਉਣ ਲੱਗੇ। ਲੋਕ ਫਿਰ ਕਿਸੇ ਬਿਮਾਰੀ ਲਈ ਬੇਬੇ ਦੀ ਮੜ੍ਹੀ ਤੋਂ ਸਵਾਹ ਦੀ ਚੂੰਢੀ ਲਿਆਉਣ ਲੱਗੇ। ਮੜ੍ਹੀ ’ਤੇ ਚਿਰਾਗ਼ ਵੀ ਹਰ ਸ਼ਾਮ ਬਲਦੇ। ਇਹ ਰਸਮ ਕੁਝ ਸਾਲ ਪਹਿਲਾਂ ਤੱਕ ਜਾਰੀ ਸੀ।

ਸੰਪਰਕ: 94170-04423