ਭਾਰਤ ਲਈ ਗੁਆਂਢੀਆਂ ਦਾ ਦਿਲ ਜਿੱਤਣਾ ਜ਼ਰੂਰੀ
ਗੁਰਬਚਨ ਜਗਤ
ਬਿਨਾਂ ਲੜਿਆਂ ਦੁਸ਼ਮਣ ਨੂੰ ਚਿੱਤ ਕਰ ਦੇਣਾ ਕੁਸ਼ਲਤਾ ਦੀ ਸਿਖ਼ਰ ਹੈ- ਇਹ ਗੱਲ ਉੱਘੇ ਚੀਨੀ ਜਰਨੈਲ ਸੁਨ ਜ਼ੂ ਨੇ ਲਗਭਗ 500 ਈਸਾ ਪੂਰਬ ਆਖੀ ਸੀ ਜੋ ਕਿ ਅੱਜ ਵੀ ਸੱਚ ਹੈ। ਚੀਨੀ ਲੋਕਾਂ ਨੇ ਆਪਣੇ ਇਸ ਫ਼ੌਜੀ ਰਣਨੀਤੀਕਾਰ ਤੋਂ ਸਹੀ ਸਬਕ ਸਿੱਖਿਆ ਹੈ ਜੋ ਉਨ੍ਹਾਂ ਦੀ ਭਾਰਤੀ ਉਪ ਮਹਾਂਦੀਪ ਅਤੇ ਹਿੰਦ ਮਹਾਂਸਾਗਰ ਪ੍ਰਤੀ ਅਪਣਾਈ ਗਈ ‘ਸਟਰਿੰਗ ਆਫ ਪਰਲਜ਼’ ਦੀ ਭੂ-ਰਾਜਸੀ ਰਣਨੀਤੀ ਤੋਂ ਦੇਖਿਆ ਜਾ ਸਕਦਾ ਹੈ ਜਿੱਥੋਂ ਵੱਡੇ ਪੱਧਰ ’ਤੇ ਆਲਮੀ ਵਪਾਰ ਹੁੰਦਾ ਹੈ।
ਉਨ੍ਹਾਂ ਨੇ ਗਵਾਦੜ (ਪਾਕਿਸਤਾਨ), ਹੰਬਨਟੋਟਾ (ਸ੍ਰੀਲੰਕਾ), ਕਾਇਕਪੂ (ਮਿਆਂਮਾਰ) ਅਤੇ ਜਿਬੂਟੀ ਵਿੱਚ ਬੰਦਰਗਾਹਾਂ ਦਾ ਨਿਰਮਾਣ ਕੀਤਾ ਹੈ। ਇਹ ਜਦੋਂ ਉਨ੍ਹਾਂ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਨਾਲ ਜੁੜਦੀਆਂ ਹਨ ਤਾਂ ਖ਼ਿੱਤੇ ਅੰਦਰ ਉਨ੍ਹਾਂ ਦਾ ਦਬਦਬਾ ਅਤੇ ਚੀਨੀ ਵਪਾਰ ਅਤੇ ਫ਼ੌਜੀ ਤਾਕਤ ਪ੍ਰਤੱਖ ਹੋ ਜਾਂਦੀ ਹੈ। 1978 ਤੋਂ 2005 ਤੱਕ ਉਨ੍ਹਾਂ ਦਾ ਅਰਥਚਾਰਾ 9 ਫ਼ੀਸਦੀ ਦੀ ਦਰ ਨਾਲ ਵਧਦਾ ਰਿਹਾ ਜਿਸ ਸਦਕਾ ਉਹ ਸਭ ਤੋਂ ਗ਼ਰੀਬ ਦੇਸ਼ਾਂ ਦੀ ਸੂਚੀ ’ਚੋਂ ਨਿਕਲ ਕੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ।
ਇਸ ਦੇ ਨਾਲ ਹੀ ਇੱਕ ਦੀਰਘਕਾਲੀ ਭੂ-ਰਾਜਸੀ ਰਣਨੀਤੀ ਨੂੰ ਵੀ ਅਮਲ ਵਿੱਚ ਲਿਆਂਦਾ ਗਿਆ। ਇਨ੍ਹਾਂ ਬੰਦਰਗਾਹਾਂ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਦਹਾਕਿਆਂ ਵਿੱਚ ਹੋਇਆ ਹੈ। ਜੇ ਹੁਣ ਭਾਰਤੀ ਉਪ ਮਹਾਂਦੀਪ ਦੇ ਸਿਆਸੀ ਨਕਸ਼ੇ ’ਤੇ ਨਿਗਾਹ ਮਾਰੀ ਜਾਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਤੋਂ ਕਿਸ ਤਰ੍ਹਾਂ ਅਲੱਗ-ਥਲੱਗ ਹੋ ਚੁੱਕੇ ਹਾਂ। ਪਾਕਿਸਤਾਨ ਨਾਲ ਲੱਗਦੀ ਸਮੁੱਚੀ ਉੱਤਰ ਪੱਛਮੀ ਸਰਹੱਦ ’ਤੇ ਹਾਲਾਤ ਸੁਖਾਵੇਂ ਨਹੀਂ; ਉੱਤਰ ਪੂਰਬ ਵੱਲ ਚੀਨ ਦਾ ਦਬਦਬਾ ਹੈ, ਬੰਗਲਾਦੇਸ਼ ਨਾਲ ਵੈਰ ਪਿਆ ਹੋਇਆ ਹੈ, ਨੇਪਾਲ ਨਿਰਪੱਖ ਹੈ, ਮਿਆਂਮਾਰ ਨਾਲ ਵੀ ਮਿਲਵਰਤਣ ਨਹੀਂ ਹੈ ਅਤੇ ਭੂਟਾਨ ਨਾਲ ਸਬੰਧ ਨਾਜ਼ੁਕ ਹਨ। ਦੱਖਣ ਵੱਲ ਸ੍ਰੀਲੰਕਾ ਲਗਾਤਾਰ ਚੀਨ ਦੇ ਪ੍ਰਭਾਵ ਹੇਠ ਆਉਂਦਾ ਜਾ ਰਿਹਾ ਹੈ। ਕਈ ਸਾਲ ਚੱਲੇ ਤਾਮਿਲ-ਸਿੰਹਾਲੀ ਟਕਰਾਅ ਅਤੇ ਉਸ ਤੋਂ ਬਾਅਦ ਕੀਤੇ ਗਏ ਆਈਪੀਕੇਐੱਫ ਅਪਰੇਸ਼ਨ ਕਾਰਨ ਭਰੋਸੇ ਨੂੰ ਵੱਡਾ ਖੋਰਾ ਲੱਗਿਆ ਹੈ। ਇਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਇਸ ਰਿਸ਼ਤੇ ਨੂੰ ਸੁਧਾਰਨ ਲਈ ਕੋਈ ਖ਼ਾਸ ਯਤਨ ਨਹੀਂ ਕੀਤੇ ਗਏ। ਮਾਲਦੀਵ ਸਾਡਾ ਪੁਰਾਣਾ ਸਹਿਯੋਗੀ ਸੀ, ਪਰ ਅੱਜ ਉਹ ਵੀ ਸਾਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਦੱਖਣ ਪੂਰਬੀ ਏਸ਼ੀਆ ਨਾਲ ਸਾਡਾ ਕੋਈ ਸਾਰਥਿਕ ਵਪਾਰ ਸਮਝੌਤਾ ਨਹੀਂ ਹੈ। ਇਸ ਲਿਹਾਜ਼ ਨਾਲ ਅਸੀਂ ਕਿੱਥੇ ਖੜ੍ਹੇ ਹਾਂ?
ਦੁਨੀਆ ਅੰਤਾਂ ਦੀ ਹਿੰਸਾ ਦੀ ਘੁੰਮਣਘੇਰੀ ਵਿੱਚ ਫਸ ਗਈ ਹੈ ਅਤੇ ਪਤਾ ਨਹੀਂ ਹੋਰ ਕਿੰਨੇ ਟਕਰਾਅ ਦੇ ਕੇਂਦਰ ਸਾਨੂੰ ਹੋਰ ਜ਼ਿਆਦਾ ਹਿੰਸਾ ਵੱਲ ਲਿਜਾ ਰਹੇ ਹਨ। ਤਿੰਨ ਸਾਲ ਪਹਿਲਾਂ ਜਦੋਂ ਯੂਕਰੇਨ ਵਿੱਚ ਜੰਗ ਭੜਕੀ ਸੀ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਹਿੰਸਾ ਤਿਆਗਣ ਦਾ ਨਾਅਰਾ ਦਿੰਦੇ ਹੋਏ ਕਿਹਾ ਸੀ ‘‘ਇਹ ਜੰਗ ਦਾ ਯੁੱਗ ਨਹੀਂ ਹੈ’’ ਜਿਸ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦਿੱਤੀ ਸੀ। ਉਂਝ, ਤਦ ਤੋਂ ਹੀ ਦੁਨੀਆ ਅਣਮੁੱਕ ਮੁਸੀਬਤਾਂ ਦੀ ਘੁੰਮਣਘੇਰੀ ਵੱਲ ਖਿੱਚੀ ਜਾਂਦੀ ਪ੍ਰਤੀਤ ਹੋ ਰਹੀ ਹੈ। ਮੱਧ ਪੂਰਬ ਅਤੇ ਯੂਕਰੇਨ ਵਿੱਚ ਹੋ ਰਹੀ ਤਬਾਹੀ ਦੀ ਗੱਲ ਕਰਨ ਤੋਂ ਪਹਿਲਾਂ, ਆਓ ਦੇਖੀਏ ਕਿ ਅਜੋਕੀ ਸਥਿਤੀ ਵਿੱਚ ਅਸੀਂ ਕਿੱਥੇ ਹਾਂ।
ਇਹ ਸੱਚ ਹੈ ਕਿ ਅਸੀਂ ਲਗਭਗ ਕਦੇ ਵੀ ਜੰਗ ਨਹੀਂ ਚਾਹੀ ਪਰ ਜਦੋਂ ਇਹ ਸਾਡੀਆਂ ਬਰੂਹਾਂ ’ਤੇ ਆ ਜਾਂਦੀ ਹੈ ਤਾਂ ਅਸੀਂ ਅੱਗੇ ਵਧ ਕੇ ਆਪਣੇ ਆਪ ਦੀ ਰਾਖੀ ਕਰਦੇ ਹਾਂ। ਉਂਝ, ਅਹਿਮ ਗੱਲ ਇਹ ਹੈ ਕਿ ਅਸੀਂ ਜੰਗ ਦੀ ਬਰਬਾਦੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਸਰਹੱਦਾਂ ਤੋਂ ਹੀ ਮੋੜ ਦੇਈਏ। ਇਸ ਲਈ ਸਿਆਣਪ ਭਰਪੂਰ ਕੂਟਨੀਤੀ ਦੀ ਲੋੜ ਪੈਂਦੀ ਹੈ, ਜਿਸ ਦੀ ਪਿੱਠ ਪਿੱਛੇ ਇੱਕ ਬਹੁਤ ਮਜ਼ਬੂਤ ਰੱਖਿਆ ਬਲ ਹੁੰਦਾ ਹੈ। ਸਾਨੂੰ ਪਹਿਲਾਂ ਆਪਣੇ ਆਂਢ-ਗੁਆਂਢ ਅਤੇ ਸਾਡੇ ਆਲੇ-ਦੁਆਲੇ ਦੇ ਮਿੱਤਰਾਂ ਵਿੱਚ ਸਰਗਰਮ ਹੋਣਾ ਚਾਹੀਦਾ ਹੈ। ਅਜਿਹਾ ਜਾਪਦਾ ਹੈ ਕਿ ਆਂਢ-ਗੁਆਂਢ ਵਿੱਚ ਸ਼ਾਇਦ ਹੀ ਕੋਈ ਸਾਡਾ ਦੋਸਤ ਰਹਿ ਗਿਆ ਹੈ। ਇਹ ਵਰਤਾਰਾ ਰਾਤੋ-ਰਾਤ ਨਹੀਂ ਵਾਪਰਿਆ, ਸਗੋਂ ਚੀਨ ਦੀਆਂ ਨੀਤੀਗਤ ਪਹਿਲਕਦਮੀਆਂ ਅਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਾਰਥਿਕ ਯਤਨਾਂ ਦੀ ਅਣਹੋਂਦ ਦਾ ਸਿੱਟਾ ਹੈ। ਚੀਨ ਨੇ ਕਰੜੀ ਘਾਲਣਾ ਕਰ ਕੇ ਇਨ੍ਹਾਂ ਦੇਸ਼ਾਂ ਨੂੰ ਸਮੇਂ ਸਿਰ ਵਿੱਤੀ, ਬੁਨਿਆਦੀ ਢਾਂਚੇ ਅਤੇ ਹੋਰ ਪਦਾਰਥਕ ਮਦਦ ਮੁਹੱਈਆ ਕਰਵਾ ਕੇ ਇਨ੍ਹਾਂ ਨੂੰ ਆਪਣੇ ਪਾਲੇ ਵਿੱਚ ਕਰ ਲਿਆ ਹੈ ਜਦੋਂਕਿ ਅਸੀਂ ਇਸ ਤੋਂ ਮੁਨਕਰ ਹੁੰਦੇ ਆ ਰਹੇ ਹਾਂ। ਉੱਤਰ ਪੂਰਬ ਹੋਵੇ ਜਾਂ ਉੱਤਰ ਪੱਛਮ, ਹੁਣ ਉਨ੍ਹਾਂ ਕੋਲ ਸਾਡੀਆਂ ਸਰਹੱਦਾਂ ’ਤੇ ਅਤੇ ਸਰਹੱਦੀ ਸੂਬਿਆਂ ’ਚ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਦੀ ਸਮੱਰਥਾ ਆ ਗਈ ਹੈ। ਰਣਨੀਤਕ ਟੀਚਿਆਂ ਅਤੇ ਸਰਗਰਮ ਕੂਟਨੀਤਕ ਮਿਸ਼ਨ ਨਾਲ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ।
ਕਸ਼ਮੀਰ ’ਚ ਪਾਕਿਸਤਾਨੀ ਏਜੰਸੀਆਂ ਨੇ ਖ਼ੂਨਖਰਾਬਾ ਕਰਦਿਆਂ ਸਾਡੀ ਜ਼ਮੀਨ ਨੂੰ ਦਾਗ਼ਦਾਰ ਕੀਤਾ ਪਰ ਅਸੀਂ ਡਟੇ ਰਹੇੇੇ। ਸਾਡੀ ਰਾਜਸੀ ਲੀਡਰਸ਼ਿਪ ਅਤੇ ਹਥਿਆਰਬੰਦ ਬਲਾਂ ਦੀ ਪ੍ਰਤੀਕਿਰਿਆ ਦ੍ਰਿੜ੍ਹ ਅਤੇ ਫ਼ੈਸਲਾਕੁਨ ਸੀ। ਇਨ੍ਹਾਂ ਉਪਰਾਲਿਆਂ ਦਾ ਸਿੱਟਾ ਹੀ ਸੀ ਕਿ ਚਾਰ ਦਿਨਾਂ ਬਾਅਦ ਦੁਸ਼ਮਣ ਸ਼ਾਂਤੀ ਦੀਆਂ ਅਪੀਲਾਂ ਕਰਨ ਲੱਗ ਪਿਆ ਅਤੇ ਅਸੀਂ ਫਰਾਖ਼ਦਿਲੀ ਨਾਲ ਉਨ੍ਹਾਂ ਦੀ ਅਪੀਲ ਪਰਵਾਨ ਕਰ ਲਈ, ਹਾਲਾਂਕਿ ਹੋਰ ਸਖ਼ਤ ਕਾਰਵਾਈ ਦੇ ਹੱਕ ਵਿੱਚ ਬਹੁਤ ਜ਼ੋਰ ਪਾਇਆ ਜਾ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗਬੰਦੀ ਕਰਾਉਣ ਦਾ ਸਿਹਰਾ ਲਿਆ ਪਰ ਸਾਡੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਪੱਸ਼ਟ ਆਖ ਦਿੱਤਾ ਕਿ ਭਾਰਤ ਨੇ ਕਦੇ ਵੀ ਤੀਜੀ ਧਿਰ ਦੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਤੇ ਨਾ ਹੀ ਕਰੇਗਾ।
ਅਮਰੀਕਾ, ਇਸ ਦੇ ਰਾਸ਼ਟਰਪਤੀ ਅਤੇ ਫ਼ੌਜੀ ਲੀਡਰਸ਼ਿਪ ਨੇ ਅਤਿਵਾਦ ’ਤੇ ਕਾਬੂ ਪਾਉਣ ’ਚ ਅਖੌਤੀ ਮਦਦ ਲਈ ਪਾਕਿਸਤਾਨ ਦੀ ਸ਼ਲਾਘਾ ਕੀਤੀ ਹੈ। ਇਸ ਦੇ ਸੈਨਿਕ ਤਰਜਮਾਨ ਨੇ ਅਮਰੀਕੀ ਸੈਨੇਟ ਦੀ ਹਥਿਆਰਬੰਦ ਬਲਾਂ ਬਾਰੇ ਕਮੇਟੀ ਅੱਗੇ ਉੱਚੀ ਬੋਲ ਕੇ ਇਹ ਦੱਸਿਆ ਹੈ ਤੇ ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਪਾਕਿਸਤਾਨੀ ਸੈਨਾ ਮੁਖੀ ਆਸਿਮ ਮੁਨੀਰ ਨੂੰ ਭੋਜ ਦਿੱਤਾ ਹੈ।
ਸਰਹੱਦ ਪਾਰ ਦੇ ਹਾਲੀਆ ਟਕਰਾਅ ’ਚ ਚੀਨੀ ਬੇਸ਼ੱਕ ਪਾਕਿਸਤਾਨੀਆਂ ਦੇ ਨਾਲ ਸਨ ਪਰ ਰੂਸੀ ਸਾਡੇ ਹੱਕ ’ਚ ਪਹਿਲਾਂ ਜਿੰਨੇ ਭਾਵੁਕ ਨਜ਼ਰ ਨਹੀਂ ਆਏ ਤੇ ਅਮਰੀਕੀਆਂ ਦਾ ਲਹਿਜਾ ਅਤੇ ਰਵੱਈਆ ਨਿੰਦਣਯੋਗ ਸੀ। ਇਸ ਦੀ ਤੁਲਨਾ ਭਾਰਤ ਅਤੇ ਸੋਵੀਅਤ ਸੰਘ ਦਰਮਿਆਨ 1971 ’ਚ ਹੋਈ ਸ਼ਾਂਤੀ, ਦੋਸਤੀ ਤੇ ਸਹਿਯੋਗ ਦੀ ਸੰਧੀ ਨਾਲ ਕਰੋ। ਅਮਰੀਕਾ ਨੇ 7ਵੀਂ ਫਲੀਟ ਤਾਇਨਾਤ ਕੀਤੀ ਸੀ, ਜਦੋਂਕਿ ਬਰਤਾਨੀਆ ਨੇ ਸਾਡੇ ਵਿਰੁੱਧ ਇੱਕ ਕੈਰੀਅਰ ਗਰੁੱਪ ਭੇਜਿਆ ਸੀ। ਹਾਲਾਂਕਿ, ਸੋਵੀਅਤ ਸੰਘ ਨੇ ਪਰਮਾਣੂ ਪਣਡੁੱਬੀਆਂ ਤੇ ਵਿਨਾਸ਼ਕ ਦਸਤਿਆਂ ਦੀ ਤਾਇਨਾਤੀ ਨਾਲ ਦੋਵਾਂ ਮੁਲਕਾਂ ਦੀ ਇਸ ਚਾਲ ਦਾ ਮੁਕਾਬਲਾ ਕੀਤਾ। ਅਮਰੀਕਾ ਤੇ ਬਰਤਾਨੀਆ ਨੂੰ ਪਿੱਛੇ ਹਟਣਾ ਪਿਆ ਤੇ ਬਾਕੀ ਸਭ ਇਤਿਹਾਸ ਦੇ ਪੰਨਿਆਂ ’ਚ ਦਰਜ ਹੈ। ਕੋਈ ਇਸ ਨੂੰ ਸ਼ੀਤ ਯੁੱਧ ਦੇ ਸਮੀਕਰਣਾਂ ਨਾਲ ਜੋੜ ਕੇ ਦੇਖ ਸਕਦਾ ਹੈ, ਪਰ ਤੱਥ ਇਹ ਹੈ ਕਿ ਜਦੋਂ ਵੀ ਸਾਨੂੰ ਇੱਕ ਸਾਥੀ ਦੀ ਲੋੜ ਸੀ, ਉਹ ਸਾਡੇ ਨਾਲ ਖੜ੍ਹਾ ਸੀ।
ਲੰਮੇ ਸਮੇਂ ਤੋਂ ਭਾਰਤੀ ‘ਸੌਫਟ ਪਾਵਰ’ ਦੇਸ਼ ਨੂੰ ਇਸ ਦੀ ਸਮਰੱਥਾ ਤੋਂ ਕਿਤੇ ਵੱਧ ਅੱਗੇ ਵਧਾਉਣ ਵਿੱਚ ਸਹਾਈ ਹੋਈ ਹੈ। ਭਾਰਤ ਏਸ਼ਿਆਈ-ਅਫਰੀਕੀ ਸਹਿਯੋਗ ਬਾਰੇ ਬਾਂਡੁੰਗ ਸੰਮੇਲਨ (1955) ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ; ਭਾਰਤ ਤੇ ਬਾਕੀ ਗੁੱਟ ਨਿਰਲੇਪ ਮੁਲਕਾਂ ਨੇ ਅਫਰੀਕਾ ਨਾਲ ਕਰੀਬੀ ਰਿਸ਼ਤਿਆਂ ਨੂੰ ਹੁਲਾਰਾ ਦੇਣ ਦੀ ਪਹਿਲ ਕੀਤੀ ਸੀ, ਨਹਿਰੂ ਨੇ ਇਸ ਨੂੰ ‘ਸਿਸਟਰ’ ਮਹਾਂਦੀਪ ਆਖਿਆ। ਉਦੋਂ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਕਰੀਬੀ ਰਿਸ਼ਤਿਆਂ ਨੂੰ ਵਿਕਸਤ ਕਰਨ ਲਈ ਯਤਨ ਜਾਰੀ ਰੱਖੇ- ਕੀ ਹਾਲ ਹੀ ’ਚ ਕੁਝ ਗ਼ਲਤ ਵਾਪਰਿਆ ਹੈ ਕਿ ਕਿਸੇ ਨੇ ਵੀ ਸਾਡੀ ਖ਼ਾਤਰ ਲਾਮਬੰਦੀ ਨਹੀਂ ਕੀਤੀ? ਨੇਪਾਲ ਤੇ ਖ਼ਾਸਕਰ ਕੇ ਨੇਪਾਲੀ ਫ਼ੌਜ ਦਾ ਤਾਂ ਸਾਡੇ ਨਾਲ ਨਾੜੂਏ ਦਾ ਰਿਸ਼ਤਾ ਰਿਹਾ ਹੈ, ਉਨ੍ਹਾਂ ਦੇ ਕਈ ਫ਼ੌਜੀ ਜਰਨੈਲਾਂ ਨੇ ਐੱਨ.ਡੀ.ਏ. ’ਚ ਸਿਖਲਾਈ ਪ੍ਰਾਪਤ ਕੀਤੀ ਹੈ। ਭਾਰਤੀ ਗੋਰਖਾ ਰੈਜੀਮੈਂਟ ਨਿਯਮਿਤ ਤੌਰ ’ਤੇ ਨੇਪਾਲੀ ਨਾਗਰਿਕਾਂ ਦੀ ਭਰਤੀ ਕਰਦੀ ਸੀ- ਇਹ ਕਿਉਂ ਬੰਦ ਹੋ ਗਈ? ਬੰਗਲਾਦੇਸ਼ ਦੀ ਆਜ਼ਾਦੀ ਦੇ ਮੁੱਖ ਸਮਰਥਕ ਤੇ ਨਿਰਮਾਤਾ ਹੋਣ ਨਾਤੇ ਅਸੀਂ ਅੱਜ ਆਪਣੇ ਆਪ ਨੂੰ ਉਲਟ ਪਾਸੇ ਖੜ੍ਹਾ ਕਿਉਂ ਦੇਖ ਰਹੇ ਹਾਂ?
ਕੁਝ ਪੱਛਮੀ ਦੇਸ਼ਾਂ ਨੇ ਨਿਰਪੱਖ ਰਹਿਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਗੁਆਂਢੀਆਂ ਦੀ ਚੁੱਪ ਸਾਡੇ ਲਈ ਚਿੰਤਾਜਨਕ ਸੀ।
ਮੱਧ ਪੂਰਬ ਦਾ ਸੰਘਰਸ਼ ਪੂਰੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ ਹੈ, ਜਿਸ ’ਚ ਵਿਰੋਧੀ ਧਿਰਾਂ ਇੱਕ-ਦੂਜੇ ਨੂੰ ਮੁੱਢੋਂ ਖ਼ਤਮ ਕਰਨ ਦੀ ਕਪਟੀ ਇੱਛਾ ਪੂਰੀ ਕਰਨ ’ਤੇ ਤੁਲੀਆਂ ਹੋਈਆਂ ਹਨ। ਡਰੋਨਾਂ ਤੇ ਮਿਜ਼ਾਈਲਾਂ ਦੇ ਰੂਪ ਵਿੱਚ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਇਸ ਟਕਰਾਅ ਨੂੰ ਇੱਕ ਵਿਨਾਸ਼ਕਾਰੀ ਮੋੜ ਦੇ ਰਹੀ ਹੈ। ਅਸੀਂ ਰਾਤ ਨੂੰ ਮਿਜ਼ਾਈਲਾਂ ਵੱਲੋਂ ਛੱਡੀ ਜਾ ਰਹੀ ਅੱਗ ਨਾਲ ਚਮਕਦੇ ਆਕਾਸ਼ ਦੀਆਂ ਅਜੀਬੋ-ਗ਼ਰੀਬ ਤਸਵੀਰਾਂ ਦੇਖਦੇ ਹਾਂ ਤੇ ਹਵਾਈ ਹਮਲੇ ਦੇ ਸਾਇਰਨ ਦੀਆਂ ਭਿਆਨਕ ਆਵਾਜ਼ਾਂ ਸੁਣਦੇ ਹਾਂ। ਯੂਰਪ ’ਚ, ਰੂਸ ਤੇ ਯੂਕਰੇਨ ਵਿਚਾਲੇ ਯੁੱਧ ਜਾਰੀ ਹੈ, ਜਿਸ ’ਚ ਰੂਸ ਨੂੰ ਉਸ ਦੇ ਸਹਿਯੋਗੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਯੂਕਰੇਨ ਨੂੰ ਨਾਟੋ ਦਾ ਸਾਥ ਮਿਲ ਰਿਹਾ ਹੈ। ਕੀ ਇਨ੍ਹਾਂ ਖੇਤਰੀ ਯੁੱਧਾਂ ਦਾ ਘੇਰਾ ਵਿਆਪਕ ਹੈੈ? ਹਾਂ, ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ।
ਅਮਰੀਕੀ ਦਬਦਬੇ ਨੂੰ ਆਰਥਿਕ ਤੇ ਫ਼ੌਜੀ ਮੋਰਚੇ ਉੱਤੇ ਰੂਸ ਤੇ ਚੀਨ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ। ਨਾਟੋ ਦਾ ਪੁਰਾਣਾ ਪ੍ਰਬੰਧ ਵੀਹਵੀਂ ਸਦੀ ਵਿੱਚ ਮਜ਼ਬੂਤ ਰਿਹਾ ਸੀ, ਜਿਸ ਨੂੰ ਅਮਰੀਕਾ ਵਿੱਚ ਵਧਦਾ ਹੋਇਆ ਰਾਸ਼ਟਰਵਾਦ ਕਮਜ਼ੋਰ ਕਰ ਰਿਹਾ ਹੈ। ਸਾਨੂੰ ਆਪਣੀ ਵਿਦੇਸ਼ ਨੀਤੀ ਦੇ ਨਿਰਮਾਣ ਅਤੇ ਅਮਲ ਵਿੱਚ ਕਿਰਿਆਸ਼ੀਲ ਹੋਣ ਦੀ ਲੋੜ ਹੈ। ਸਾਨੂੰ ਸਾਂਝੇ ਕੂਟਨੀਤਕ ਅਤੇ ਆਰਥਿਕ ਉਦੇਸ਼ਾਂ ਨਾਲ ਆਪਣੇ ਗੁਆਂਢੀਆਂ (ਅਸੀਂ ਆਪਣੇ ਗੁਆਂਢੀਆਂ ਨੂੰ ਚੁਣ ਨਹੀਂ ਸਕਦੇ) ਦਾ ਮਨ ਜਿੱਤਣਾ ਚਾਹੀਦਾ ਹੈ।
ਕੌਮਾਂਤਰੀ ਮੰਚ ’ਤੇ ਚੁੱਪ ਰਹਿਣਾ ਜਾਂ ਨਿਰਪੱਖ ਨਜ਼ਰ ਆਉਣਾ ਹਮੇਸ਼ਾ ਚੰਗੇ ਬਦਲ ਨਹੀਂ ਹੁੰਦੇ। ਕਈ ਵਾਰ ਸਿਆਣਪ ਇਸੇ ’ਚ ਹੁੰਦੀ ਹੈ ਕਿ ਇੱਕ ਪੱਤਾ ਲੁਕੋਣ ਦੇ ਨਾਲ-ਨਾਲ ਆਪਣੀ ਚਾਲ ਜ਼ਾਹਿਰ ਵੀ ਕੀਤੀ ਜਾਵੇ। ਜਦੋਂ ਵੀ ਯੂਕਰੇਨ ਯੁੱਧ ਬਾਰੇ ਸੰਯੁਕਤ ਰਾਸ਼ਟਰ ਵਿੱਚ ਜੰਗਬੰਦੀ ਦਾ ਸਵਾਲ ਉੱਠਿਆ ਹੈ, ਅਸੀਂ ਗ਼ੈਰਹਾਜ਼ਰ ਰਹੇ ਹਾਂ। ਇਸੇ ਤਰ੍ਹਾਂ, ਗਾਜ਼ਾ ਦੇ ਸਬੰਧ ਵਿੱਚ ਅਸੀਂ ਗ਼ੈਰਹਾਜ਼ਰ ਰਹੇ ਹਾਂ। ਨਤੀਜਾ ਇਹ ਹੈ ਕਿ ਨਾ ਪੱਛਮ ਸਾਡੇ ਨਾਲ ਖ਼ੁਸ਼ ਹੈ ਅਤੇ ਨਾ ਹੀ ਰੂਸ। ਸੁਧਾਰਾਂ ਦਾ ਸਮਾਂ ਆ ਗਿਆ ਹੈ। ਜਿੱਥੇ ਪੱਕੀਆਂ ਦੋਸਤੀਆਂ ਗੰਢੀਆਂ ਜਾ ਰਹੀਆਂ ਹਨ, ਉੱਥੇ ਨਾਲ-ਨਾਲ ਤਕੜਾ ਡਰਾਵਾ ਹੋਣਾ ਵੀ ਜ਼ਰੂਰੀ ਹੈ।