ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੰਗਰੀ ਦੀ ਉਦਾਸੀ ਤੇ ਪੰਜਾਬ ਦੀ ਆਸ

ਪੰਜ-ਛੇ ਵਰ੍ਹੇ ਪਹਿਲਾਂ ਮੇਰਾ ਮੱਧ-ਪੂਰਬੀ ਯੂਰੋਪ ਵਿੱਚ ਜਾਣਾ-ਆਉਣਾ ਵਧਿਆ ਤਾਂ ਮੈਂ ਓਧਰਲੇ ਸਾਹਿਤ ਨੂੰ ਲਾਗਿਉਂ ਵੇਖਣ-ਪਰਖਣ ਲੱਗਿਆ ਸਾਂ। ਕਦੇ ਨੋਬੇਲ ਪੁਰਸਕਾਰ ਨਾਲ ਨਿਵਾਜੇ ਲੇਖਕਾਂ ਵਲਾਦੀਸਲਾਵ ਰੇਮੌਂਤ (ਪੋਲਿਸ਼ ਨਾਵਲਕਾਰ), ਵਿਸਵਾਵਾ ਸ਼ਿੰਬੋਰਸਕਾ (ਪੋਲਿਸ਼ ਕਵਿੱਤਰੀ), ਇਮਰੇ ਕੈਰਤੇਜ਼ (ਹੰਗੇਰੀਅਨ ਨਾਵਲਕਾਰ), ਈਵੋ ਐਂਡਰਿਚ (ਯੂਗੋਸਲਾਵੀਅਨ ਕਹਾਣੀਕਾਰ),...
Advertisement

ਪੰਜ-ਛੇ ਵਰ੍ਹੇ ਪਹਿਲਾਂ ਮੇਰਾ ਮੱਧ-ਪੂਰਬੀ ਯੂਰੋਪ ਵਿੱਚ ਜਾਣਾ-ਆਉਣਾ ਵਧਿਆ ਤਾਂ ਮੈਂ ਓਧਰਲੇ ਸਾਹਿਤ ਨੂੰ ਲਾਗਿਉਂ ਵੇਖਣ-ਪਰਖਣ ਲੱਗਿਆ ਸਾਂ। ਕਦੇ ਨੋਬੇਲ ਪੁਰਸਕਾਰ ਨਾਲ ਨਿਵਾਜੇ ਲੇਖਕਾਂ ਵਲਾਦੀਸਲਾਵ ਰੇਮੌਂਤ (ਪੋਲਿਸ਼ ਨਾਵਲਕਾਰ), ਵਿਸਵਾਵਾ ਸ਼ਿੰਬੋਰਸਕਾ (ਪੋਲਿਸ਼ ਕਵਿੱਤਰੀ), ਇਮਰੇ ਕੈਰਤੇਜ਼ (ਹੰਗੇਰੀਅਨ ਨਾਵਲਕਾਰ), ਈਵੋ ਐਂਡਰਿਚ (ਯੂਗੋਸਲਾਵੀਅਨ ਕਹਾਣੀਕਾਰ), ਚੈਸਲਾਫ ਮੀਵੌਸ਼ (ਪੋਲਿਸ਼ ਬਹੁ-ਵਿਧਾਵੀ ਲੇਖਕ), ਯਾਰੋਸਲਾਵ ਸਾਈਫਰਤ (ਚੈੱਕ ਕਵੀ), ਐਲਫਰੀਡ ਯੇਲੀਨੈਕ (ਆਸਟ੍ਰੀਅਨ ਨਾਵਲਕਾਰ), ਓਲਗਾ ਤੁਕਾਰਚੁਕ (ਪੋਲਿਸ਼ ਬਹੁ-ਵਿਧਾਵੀ ਲੇਖਕ), ਪੀਟਰ ਹੈਂਡਕ (ਆਸਟ੍ਰੀਅਨ ਕਹਾਣੀਕਾਰ) ਆਦਿ ਦੀ ਦ੍ਰਿਸ਼ਟੀ ਤੋਂ ਆਪਣੇ ਸਾਹਵੇਂ ਵਾਪਰਦੇ ਮੱਧ-ਪੂਰਬੀ ਯੂਰੋਪ ਨੂੰ ਸਮਝਣ ਦਾ ਯਤਨ ਕਰਦੇ ਰਹਿਣਾ ਤੇ ਕਦੇ ਉਨ੍ਹਾਂ ਵੱਲੋਂ ਪੇਸ਼ ਕੀਤੇ ਮੱਧ-ਪੂਰਬੀ ਯੂਰੋਪ ਨੂੰ ਆਪਣੀ ਦ੍ਰਿਸ਼ਟੀ ਤੋਂ ਪਰਖਦੇ-ਪੜਚੋਲਦੇ ਰਹਿਣਾ।

ਇਸ ਵਾਰ ਹੰਗਰੀ ਦੀ ਨੈਸ਼ਨਲ ਯੂਨੀਵਰਸਿਟੀ ਆਫ ਪਬਲਿਕ ਸਰਵਿਸ ਨੇ ਡਿਸਟਿੰਗੁਇਸ਼ਡ ਫੈਲੋਸ਼ਿਪ ਦਿੱਤੀ ਤਾਂ ਸਤੰਬਰ 2025 ਵਿੱਚ ਦੋ ਕੁ ਹਫ਼ਤੇ ਲਈ ਬੁਡਾਪੈਸਟ ਜਾਣ ਦਾ ਸਬੱਬ ਬਣਿਆ। ਮੇਰਾ ਅਕਾਦਮਿਕ ਵਿਸ਼ਾ ਅਰਥ-ਵਿਗਿਆਨ ਹੈ ਪਰ ਹਰ ਵਿਸ਼ੇ ਦਾ ਮੂਲ ਮਾਨਵੀ ਸਰੋਕਾਰਾਂ ਵਿੱਚ ਹੀ ਪਿਆ ਹੁੰਦਾ ਹੈ ਅਤੇ ਕਿਸੇ ਖਿੱਤੇ ਦੇ ਮਾਨਵੀ ਸਰੋਕਾਰਾਂ ਨੂੰ ਸਮਝਣ ਲਈ ਸਾਹਿਤ ਤੋਂ ਵਧ ਕੇ ਹੋਰ ਕੋਈ ਸੋਮਾ ਨਹੀਂ ਹੋ ਸਕਦਾ। ਇਮਰੇ ਕੈਰਤੇਜ਼ ਦੀਆਂ ਰਚਨਾਵਾਂ ਮੈਂ ਪਹਿਲਾਂ ਪੜ੍ਹੀਆਂ ਹੋਈਆਂ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਦੋ ਹੰਗੇਰੀਅਨ ਕਵੀਆਂ ਅਤੇ ਨਾਵਲਕਾਰ ਲਾਸਲੋ ਕ੍ਰਾਜ਼ਨੋਹੋਰਕਾਈ ਦੀਆਂ ਲਿਖਤਾਂ ਦੇ ਅੰਗ-ਸੰਗ ਵਿਚਰ ਰਿਹਾ ਸਾਂ। ਇਮਰੇ ਕੈਰਤੇਜ਼ ਦੀ ਆਵਾਜ਼ ਇਤਿਹਾਸ ਦੇ ਕਾਲੇ ਸਮਿਆਂ ਵਿੱਚੋਂ ਲੰਘ ਕੇ ਆਈ ਸੀ। ਚੌਦਾਂ ਸਾਲ ਦੀ ਉਮਰ ਵਿੱਚ ਉਸ ਨੂੰ ਔਸ਼ਿਵਟਜ਼ ਦੇ ਕੈਂਪ ਵਿੱਚ ਭੇਜਿਆ ਗਿਆ ਸੀ, ਫਿਰ ਬੁਹੇਨਵਾਲਡ ਵਿੱਚ ਕੈਦ ਰਿਹਾ। ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਸਹਿੰਦਿਆਂ ਕਲਮ ਉਸ ਦੇ ਨਾਲ ਸੀ। ਉਸੇ ਕਲਮ ਨੇ ‘ਫੇਟਲੈੱਸਨੈੱਸ’ ਰਚੀ, ਜੋ ਹੋਲੋਕਾਸਟ ਦੀ ਨਹੀਂ ਸਗੋਂ ਮਨੁੱਖੀ ਆਤਮਾ ਦੀ ਕਹਾਣੀ ਹੈ। ਸਾਲ 2002 ਵਿੱਚ ਉਸ ਨੂੰ ਨੋਬੇਲ ਪੁਰਸਕਾਰ ਨਾਲ ਨਿਵਾਜਦਿਆਂ ਨੋਬੇਲ ਕਮੇਟੀ ਨੇ ਕਿਹਾ ਸੀ ਕਿ ‘ਉਸ ਦੀ ਲੇਖਣੀ ਇਤਿਹਾਸ ਦੇ ਜ਼ੁਲਮਾਂ ਦੇ ਸਾਹਮਣੇ ਵਿਅਕਤੀ ਦੀ ਨਾਜ਼ੁਕ ਪਰ ਅਟੱਲ ਮਰਿਆਦਾ ਦਾ ਗੀਤ ਹੈ।’ ਕੈਰਤੇਜ਼ ਦੀ ਲਿਖਤ ਇਤਿਹਾਸ ਦੀ ਡੂੰਘੀ ਚੁੱਪ ਨਾਲ ਸੰਵਾਦ ਰਚਾਉਂਦੀ ਹੈ, ਜਿਵੇਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ’। ਕੈਰਤੇਜ਼ ਇਉਂ ਹੀ ਕੁਰਲਾਉਂਦਾ ਹੈ ਕਿ ਮਨੁੱਖੀ ਦਰਦ ਨੂੰ ਦਫ਼ਨ ਨਹੀਂ ਕੀਤਾ ਜਾ ਸਕਦਾ, ਉਹ ਹਮੇਸ਼ਾ ਕਿਸੇ ਭਾਸ਼ਾ, ਕਿਸੇ ਰੂਪ ਵਿੱਚ ਸਾਹ ਲੈਂਦਾ ਰਹਿੰਦਾ ਹੈ।

Advertisement

ਬੁਡਾਪੈਸਟ ਦੀ ਉਹ ਇੱਕ ਸਹਿਜ ਜਿਹੀ ਸ਼ਾਮ ਸੀ। ਉੱਥੋਂ ਦੀਆਂ ਆਮ ਸ਼ਾਮਾਂ ਵਰਗੀ। ਹਰ ਰੋਜ਼ ਕੰਮਾਂ-ਕਾਰਾਂ ਤੇ ਮਿੱਤਰਾਂ-ਦੋਸਤਾਂ ਤੋਂ ਵਿਹਲਾ ਹੋ ਕੇ ਕੁਝ ਚਿਰ ਡੈਨਿਊਬ ਦਰਿਆ ਦੇ ਕੰਢੇ ਧੀਮੀ ਤੋਰ ’ਚ ਇਕੱਲਿਆਂ ਸੈਰ ਕਰਨਾ ਮੇਰਾ ਨਿੱਤ ਨੇਮ ਸੀ, ਜੋ ਆਦਤ ਵੀ ਬਣ ਗਿਆ ਸੀ ਤੇ ਲੋੜ ਵੀ। ਡੈਨਿਊਬ ਦਰਿਆ ਦਾ ਪਾਣੀ ਮੈਨੂੰ ਮੇਰੇ ਪਿੰਡ ਰਾਮਪੁਰ ਨੂੰ ਛੋਹ ਕੇ ਲੰਘਦੀ ਸਰਹਿੰਦ ਨਹਿਰ ਦੇ ਪਾਣੀ ਨਾਲ ਜੋੜ ਦਿੰਦਾ। ਮੈਂ ਉਸ ਮਿੱਟੀ ਦੀ ਖ਼ੁਸ਼ਬੋ ਮਾਣਦਾ। ਉੱਥੋਂ ਦੀ ਚਕਾਚੌਂਧ ਵਿੱਚੋਂ ਚੁੱਪ ਨੂੰ ਖੋਜਣ ਅਤੇ ਕਿਸੇ ਲਿਖਤ ਜ਼ਰੀਏ ਕਿਸੇ ਵੱਡੇ ਲੇਖਕ ਨੂੰ ਮਿਲਣ-ਸਮਝਣ ਦਾ ਆਨੰਦ ਮੇਰੇ ਲਈ ਕਿਸੇ ਵੀ ਹੋਰ ਸ਼ੈਅ ਤੋਂ ਵਧ ਕੇ ਸੀ। ਮੇਰੇ ਮੋਬਾਈਲ ਵਿੱਚ ਲਾਸਲੋ ਕ੍ਰਾਜ਼ਨੋਹੋਰਕਾਈ ਦੇ ਨਾਵਲ ‘ਹਰਸ਼ਟ’ ਦਾ ਅੰਗਰੇਜ਼ੀ ਅਨੁਵਾਦ ਸੀ। ਚਾਰ ਸੌ ਪੰਨਿਆਂ ਦਾ ਇਹ ਨਾਵਲ ਅਸਲੋਂ ਨਿਵੇਕਲਾ ਹੈ। ਅਜਿਹੀ ਲਿਖਤ ਪੜ੍ਹਨ ਲਈ ਜਾਗਦੇ ਵੀ ਰਹਿਣਾ ਪੈਂਦਾ ਹੈ ਤੇ ਜਾਗ੍ਰਿਤ ਵੀ ਹੋਣਾ ਪੈਂਦਾ ਹੈ। ਮੇਰੇ ਸਾਹਮਣੇ ਪਾਣੀ ਵਿੱਚੋਂ ਰੋਸ਼ਨੀ ਝਾਕਦੀ ਸੀ, ਜੋ ਸ਼ਹਿਰ ਦੀਆਂ ਗਲੀਆਂ ਵਿਚਲੀ ਧੁੰਦ ਨੂੰ ਚੀਰ ਕੇ ਤੇ ਪੁਲਾਂ ਉੱਤੇ ਚਲਦੀ ਹਵਾ ’ਚੋਂ ਸਾਹ ਭਰ ਕੇ ਡੈਨਿਊਬ ਨੂੰ ਮਿਲਣ ਆਈ ਸੀ ਤੇ ਮੇਰੇ ਮਨ ਅੰਦਰ ਉਸ ਦੀ ਰਚਨਾ ਦੇ ਕੁਝ ਹਿੱਸੇ ਸਨ। ਇਉਂ ਜਾਪਦਾ ਸੀ ਜਿਵੇਂ ਕਵਿਤਾ ਦੇ ਕਿਸੇ ਵਿਸ਼ਰਾਮ ਚਿੰਨ੍ਹ ’ਤੇ ਠਹਿਰਿਆ ਹੋਵਾਂ। ਮੈਨੂੰ ਸਮਝ ਨਹੀਂ ਸੀ ਪੈ ਰਹੀ ਕਿ ਰੋਸ਼ਨੀ ਜ਼ਿਆਦਾ ਸਹਿਜ ਹੈ ਜਾਂ ਇਸ ਖਿੱਤੇ ਦੀਆਂ ਗਲੀਆਂ ਜਾਂ ਡੂੰਘੇ ਅਹਿਸਾਸ ਨਾਲ ਭਰੀ ਹੌਲੀ ਜਿਹੀ ’ਵਾ ਜਾਂ ਫਿਰ ਲਾਸਲੋ ਦੀ ਨਾਵਲਕਾਰੀ। ਸ਼ਹਿਰ ਦੀ ਖ਼ਾਮੋਸ਼ੀ ਵਿੱਚ ਉਸ ਦੇ ਸ਼ਬਦਾਂ ਦੀ ਗੂੰਜ ਕੋਈ ਸੁਰ ਛੇੜ ਰਹੀ ਸੀ।

ਦਿੱਲੀ ਪਰਤਣ ਤੋਂ ਕੁਝ ਦਿਨ ਮਗਰੋਂ ਸਾਹਿਤ ਦੇ ਨੋਬੇਲ ਪੁਰਸਕਾਰ ਦਾ ਐਲਾਨ ਹੋਇਆ ਤਾਂ ਇਹ ਨਾਮਣਾ ਲਾਸਲੋ ਕ੍ਰਾਜ਼ਨੋਹੋਰਕਾਈ ਦੇ ਹਿੱਸੇ ਆਇਆ। ਮੈਨੂੰ ਲੱਗਿਆ ਜਿਵੇਂ ਮੇਰੇ ਨਾਲ ਬਹਿਣ-ਉੱਠਣ ਵਾਲੇ ਕਿਸੇ ਸਾਥੀ ਨੂੰ ਨੋਬੇਲ ਮਿਲ ਗਿਆ ਹੋਵੇ; ਜਿਵੇਂ ਮੈਂ ਤੇ ਲਾਸਲੋ ਮਿੱਤਰ ਹੋਈਏ, ਨੇੜੇ-ਨੇੜੇ ਵਿਚਰਨ ਵਾਲੇ ਸੰਗੀ-ਸਾਥੀ। ਜਿਵੇਂ ਹੰਗੇਰੀਅਨ ਸਾਹਿਤ, ਪੰਜਾਬੀ ਸਾਹਿਤ ਦੇ ਬਹੁਤਾ ਹੀ ਨੇੜੇ ਹੋਵੇ। ਉਂਝ ਹੈ ਵੀ ਕੁਝ-ਕੁਝ ਇਉਂ ਹੀ...।

ਕ੍ਰਾਜ਼ਨੋਹੋਰਕਾਈ ਨੂੰ ਪੜ੍ਹਦਿਆਂ ਤੁਹਾਨੂੰ ਲਗਦਾ ਹੈ ਜਿਵੇਂ ਤੁਸੀਂ ਕਿਸੇ ਵਿਦੇਸ਼ੀ ਲੇਖਕ ਨੂੰ ਨਹੀਂ, ਆਪਣੇ ਹੀ ਅੰਦਰ ਦੀ ਕਿਸੇ ਪੁਰਾਣੀ ਆਵਾਜ਼ ਨੂੰ ਸੁਣ ਰਹੇ ਹੋਵੋ। ਉਸ ਦੇ ਹਰ ਸ਼ਬਦ ਵਿੱਚ ਇੱਕ ਤਾਲ ਹੈ, ਸਾਹ ਹੈ। ਉਸ ਦੀ ਲਿਖਤ ਸਾਹਾਂ ਦੇ ਸੰਗੀਤ ਵਾਂਗ ਹੈ- ਬਿਨਾਂ ਬਿੰਦੀਆਂ, ਬਿਨਾਂ ਠਹਿਰਾਅ। ਉਸ ਦਾ ਵਾਕ ਲੰਘਦਾ ਨਹੀਂ, ਵਗਦਾ ਹੈ। ਹਰ ਵਾਕ ਵਿੱਚ ਇੱਕ ਦਰਿਆ ਹੈ, ਜਿਸ ਨੂੰ ਰੁਕਣਾ ਨਹੀਂ ਆਉਂਦਾ, ਜਿਸਨੂੰ ਰੁਕਣਾ ਨਹੀਂ ਭਾਉਂਦਾ ਤੇ ਜੋ ਰੁਕਣਾ ਨਹੀਂ ਚਾਹੁੰਦਾ। ਉਸ ਦੀ ਕਿਤਾਬ ‘ਸ਼ਾਤਾਂਤਾਂਗੋ’ ਦਾ ਪਹਿਲਾ ਵਾਕ ਹੀ ਤੁਹਾਨੂੰ ਮੋਹ ਲੈਂਦਾ ਹੈ। ਉੱਥੇ ਵਰ੍ਹਦਾ ਮੀਂਹ ਹੈ, ਛੁੱਟਦਾ ਹੋਇਆ ਪਿੰਡ ਹੈ, ਤੇ ਉਹ ਲੋਕ ਹਨ ਜਿਨ੍ਹਾਂ ਨੂੰ ਕੋਈ ਖ਼ਬਰ ਨਹੀਂ ਕਿ ਉਹ ਕਿੱਥੇ ਜਾ ਰਹੇ ਹਨ। ਇਨ੍ਹਾਂ ਦ੍ਰਿਸ਼ਾਂ ਵਿੱਚ ਪੰਜਾਬ ਨਜ਼ਰ ਆਉਂਦਾ ਹੈ - ਮੀਂਹ ਤੋਂ ਬਾਅਦ ਸਾਡੇ ਪਿੰਡਾਂ ਦੇ ਖੇਤਾਂ ਦੀ ਖੁਸ਼ਬੋ, ਪਰਵਾਜ਼ ਭਰਦੇ ਮੁੰਡੇ-ਕੁੜੀਆਂ, ਉਡੀਕਦੀਆਂ ਅੱਖਾਂ ਅਤੇ ਅਜਿਹੀ ਚੁੱਪ ਜੋ ਸ਼ਬਦਾਂ ਤੋਂ ਵਧ ਕੇ ਬੋਲਦੀ ਹੈ। ਕ੍ਰਾਜ਼ਨੋਹੋਰਕਾਈ ਤੇ ਇਮਰੇ ਕੈਰਤੇਜ਼ ਦਾ ਰਚਨਾ ਸੰਸਾਰ ਇੱਕ-ਦੂਜੇ ਦੀ ਸ਼ਾਹਦੀ ਭਰਦਾ ਹੈ। ਦੋਵਾਂ ਦੇ ਨਾਵਲ ਪੜ੍ਹਦਿਆਂ ਇਉਂ ਜਾਪਦਾ ਹੈ ਜਿਵੇਂ ਦੋਵੇਂ ਕੋਈ ਸੰਵਾਦ ਕਰ ਰਹੇ ਹੋਣ- ਇੱਕ ਚੁੱਪ ਨਾਲ, ਦੂਜਾ ਅਰਦਾਸ ਨਾਲ। ਕੈਰਤੇਜ਼ ਮਨੁੱਖੀ ਅਪਮਾਨ ਦੇ ਹਨੇਰੇ ’ਚੋਂ ਰੋਸ਼ਨੀ ਲੱਭਦਾ ਹੈ; ਕ੍ਰਾਜ਼ਨੋਹੋਰਕਾਈ ਉਸ ਰੋਸ਼ਨੀ ਦੇ ਮੁੱਕਣ ਤੋਂ ਬਾਅਦ ਦੀ ਚੁੱਪ ਵਿੱਚ ਸ਼ਬਦ ਭਾਲਦਾ ਹੈ। ਕੈਰਤੇਜ਼ ਦੀ ਲਿਖਤ ਵਿੱਚ ਇੱਕ ਆਸ ਹੈ। ਉਹ ਜ਼ਿੰਦਗੀ ਦੀਆਂ ਤਬਾਹੀਆਂ ਵਿੱਚੋਂ ਅਰਥ ਲੱਭਦਾ ਹੈ ਤੇ ਕ੍ਰਾਜ਼ਨੋਹੋਰਕਾਈ ਉਸ ਅਰਥ ਨੂੰ ਐਬਸਰਡ ਤੇ ਰੂਹਾਨੀ ਬਣਾ ਦਿੰਦਾ ਹੈ। ਦੋਵੇਂ ਹੰਗਰੀ ਦੇ ਪੁੱਤ ਹਨ, ਇੱਕ ਅਤੀਤ ਨਾਲ ਮੁਕਾਬਲਾ ਕਰਦਾ ਹੈ ਤੇ ਦੂਜਾ ਭਵਿੱਖ ਨਾਲ ਸੰਵਾਦ।

ਇੱਕ ਸ਼ਾਮ ਭੂਰ ਜਿਹੀ ਪੈ ਰਹੀ ਸੀ। ਮੈਂ ਡੈਨਿਊਬ ਦੇ ਪੁਲ ਉੱਤੇ ਖੜ੍ਹਾ ਪਾਣੀ ਵਿੱਚ ਰੋਸ਼ਨੀਆਂ ਦੀਆਂ ਲਕੀਰਾਂ ਟੁੱਟਦੀਆਂ ਤੇ ਬਣਦੀਆਂ ਵੇਖ ਰਿਹਾ ਸਾਂ। ਮੈਨੂੰ ਕ੍ਰਾਜ਼ਨੋਹੋਰਕਾਈ ਦੇ ਸ਼ਬਦ ਯਾਦ ਆਏ, ‘‘ਦੁਨੀਆ ਖ਼ਤਮ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਦੁਬਾਰਾ ਲਿਖਦੀ ਹੈ, ਸਹਿਜ-ਸੁਭਾਅ, ਆਪਮੁਹਾਰੇ।’’ ਕਿਸੇ ਦੂਜੇ ਪਲ ਕ੍ਰਾਜ਼ਨੋਹੋਰਕਾਈ ਦੇ ਵਾਕ ਸਾਡੇ ਲੋਕਗੀਤਾਂ ਵਾਂਗ ਪ੍ਰਤੀਤ ਹੁੰਦੇ ਹਨ, ਜਿਹੜੇ ਖ਼ਤਮ ਨਹੀਂ ਹੁੰਦੇ। ਉਸ ਦੀ ਲਿਖਤ ਸ਼ਬਦਾਂ ਦੇ ਸਾਹਮਣੇ ਝੁਕਣ ਦੀ ਨਿਮਰਤਾ ਦਾ ਬਿੰਬ ਹੈ। ਪਿਆਰ ਤੇ ਵਿਘਟਨ ਉਸ ਦੇ ਸਾਹਿਤ ਵਿੱਚ ਇਕਸਾਰ ਹੋ ਜਾਂਦੇ ਹਨ।

ਕ੍ਰਾਜ਼ਨੋਹੋਰਕਾਈ ਦੇ ਨਾਵਲ ‘ਵਾਰ ਐਂਡ ਵਾਰ’ ਦੇ ਨਾਇਕ ਗਿਓਰਗੀ ਕੋਰਿਮ ਵਿੱਚ ਅਜੋਕੇ ਮਨੁੱਖ ਦਾ ਪਰਛਾਵਾਂ ਦਿਸਦਾ ਹੈ। ਗਿਓਰਗੀ ਇੱਕ ਪੁਰਾਣੀ ਪਾਂਡੂਲਿਪੀ ਨੂੰ ਸੰਸਾਰ ਦੇ ਅੰਤ ਤੋਂ ਪਹਿਲਾਂ ਇੰਟਰਨੈੱਟ ’ਤੇ ਅਮਰ ਕਰਨ ਦੀ ਕੋਸ਼ਿਸ਼ ਵਿੱਚ ਹੈ। ਅਸੀਂ ਸਾਰੇ ਵੀ ਕੁਝ-ਕੁਝ ਅਜਿਹਾ ਹੀ ਕਰ ਰਹੇ ਹਾਂ। ਹਰ ਲੇਖਕ, ਹਰ ਕਵੀ, ਆਪਣਾ ਅਰਥ ਬਚਾਉਣ ਲਈ ਸ਼ਬਦਾਂ ਵਿੱਚ ਅਮਰਤਾ ਲੱਭਦਾ ਹੈ। ਭਾਸ਼ਾ ਆਪਣੀ ਸਦੀਵੀ ਆਵਾਜ਼ ਨਾਲ ਜੂਝਦੀ ਹੈ- ਬਦਲਾਅ ਦੇ ਤੂਫ਼ਾਨ ਵਿੱਚ ਆਪਣੀ ਜੜ੍ਹ ਬਚਾਉਣ ਲਈ ਸੰਘਰਸ਼ ਕਰਦੀ ਹੈ। ਕ੍ਰਾਜ਼ਨੋਹੋਰਕਾਈ ਦੀ ਕਹਾਣੀ ਇਸੇ ਮਨੁੱਖੀ ਸੰਘਰਸ਼ ਦੀ ਆਲਮੀ ਗੂੰਜ ਹੈ।

‘ਸੇਇਓਬੋ ਥੇਅਰ ਬਿਲੋ’ ਵਿੱਚ ਹਰ ਸ਼ਬਦ ਅਰਦਾਸ ਬਣ ਜਾਂਦਾ ਹੈ। ਇਹ ਪੁਸਤਕ ਕਲਾ ਦਾ ਸੂਤਰ ਹੈ, ਜਿੱਥੇ ਰਚਨਾ, ਭਗਤੀ ਤੇ ਸਾਧਨਾ ਇੱਕੋ ਪੰਕਤੀ ਵਿੱਚ ਖੜ੍ਹੇ ਹਨ। ਇੱਥੇ ਕ੍ਰਾਜ਼ਨੋਹੋਰਕਾਈ ਇਹ ਦ੍ਰਿੜਾਉਂਦਾ ਹੈ ਕਿ ਕਲਾ ਸਿਰਫ਼ ਰੂਪਕਲਾ ਨਹੀਂ, ਆਤਮਿਕ ਪ੍ਰਕਿਰਿਆ ਹੈ। ਕੁਝ-ਕੁਝ ਉਸੇ ਤਰ੍ਹਾਂ ਜਿਵੇਂ ਪੰਜਾਬੀ ਲੋਕਧਾਰਾ ਵਿੱਚ ਹਰ ਗੀਤ ਧਿਆਨ ਦਾ ਰੂਪ ਧਾਰ ਲੈਂਦਾ ਹੈ।

ਡੈਨਿਊਬ ਹੋਵੇ ਜਾਂ ਸਤਿਲੁਜ, ਬੁਡਾਪੈਸਟ ਜਾਂ ਰਾਮਪੁਰ, ਪਾਣੀ ਦੀਆਂ ਲਹਿਰਾਂ ਦੱਸ ਦਿੰਦੀਆਂ ਹਨ ਕਿ ਦੁੱਖ ਦੀ ਕੋਈ ਭਾਸ਼ਾ ਨਹੀਂ ਹੁੰਦੀ, ਉਸ ਦਾ ਰਾਗ ਹਰ ਜਗ੍ਹਾ ਇੱਕੋ ਜਿਹਾ ਹੁੰਦਾ ਹੈ। ਕੈਰਤੇਜ਼ ਉਸ ਰਾਗ ਨੂੰ ਇਤਿਹਾਸ ਦੇ ਜ਼ਖ਼ਮਾਂ ਵਿੱਚੋਂ ਲੱਭਦਾ ਹੈ ਤੇ ਕ੍ਰਾਜ਼ਨੋਹੋਰਕਾਈ ਉਸ ਨੂੰ ਆਤਮਾ ਦੀ ਅਥਾਹ ਖੋਜ ਵਿੱਚ ਬਦਲ ਦਿੰਦਾ ਹੈ। ਦੋਵੇਂ ਮੇਰੇ ਲਈ ਇੱਕ ਸੰਗੀਤਕ ਜੋੜੇ ਵਾਂਗ ਹਨ- ਇੱਕ ਤਣਾਅ ਦਾ ਰਾਗ, ਦੂਜਾ ਸ਼ਾਂਤੀ ਦਾ ਅਲਾਪ।

ਵਤਨ ਪਰਤ ਕੇ ਰੋਜ਼-ਦਿਹਾੜੀ ਵਾਲੀ ਦੌੜ-ਭੱਜ ਵਿੱਚ ਵੀ ਮੈਨੂੰ ਅਕਸਰ ਉਹ ਚੁੱਪ ਚੇਤੇ ਆਉਂਦੀ ਹੈ ਜਿੱਥੇ ਕ੍ਰਾਜ਼ਨੋਹੋਰਕਾਈ ਦੇ ਵਾਕ ਅਜੇ ਵੀ ਤੈਰਦੇ ਹਨ। ਸਾਹਿਤ ਭਾਸ਼ਾ ਦੀ ਹੱਦ ਨਹੀਂ ਜਾਣਦਾ। ਹੰਗਰੀ ਦੀ ਉਦਾਸੀ ਤੇ ਪੰਜਾਬ ਦੀ ਆਸ ਇੱਕੋ ਮਿੱਟੀ ਦੇ ਰੰਗ ਹਨ। ਜਿਵੇਂ ਦੋਵੇਂ ਜ਼ਮੀਨਾਂ ’ਤੇ ਕਿਸਾਨ ਮੌਸਮ ਦੇ ਭਰੋਸੇ ਜਿਊਂਦੇ ਹਨ, ਦੋਵੇਂ ਖਿੱਤਿਆਂ ਦਾ ਸਾਹਿਤ ਵੀ ਯਾਦ ਤੇ ਆਸ ਦੇ ਭਰੋਸੇ ਪੁੰਗਰਦਾ ਹੈ। ਹੰਗਰੀ ਤੇ ਪੰਜਾਬੀ ਸਾਹਿਤ ਨੂੰ ਵਾਚਦਿਆਂ ਜਾਪਦਾ ਹੈ ਜਿਵੇਂ ਸਾਡੇ ਆਪਣੇ ਲੇਖਕ, ਉੱਥੋਂ ਵਾਲਿਆਂ ਨਾਲ ਗੱਲੀਂ ਲੱਗੇ ਹੋਣ - ਬੁੱਲ੍ਹੇ ਸ਼ਾਹ ਕਹਿ ਰਿਹਾ ਹੋਵੇ, ‘‘ਮੈਂ ਵਿਛੁੰਨਿਆਂ ਦਾ ਕਿੱਸਾਕਾਰ ਹਾਂ,’’ ਤੇ ਕੈਰਤੇਜ਼ ਸਿਰ ਹਿਲਾ ਕੇ ਕਹਿੰਦਾ ਹੋਵੇ, ‘‘ਅਤੇ ਮੈਂ ਉਨ੍ਹਾਂ ਦਾ ਗਵਾਹ’’, ਕ੍ਰਾਜ਼ਨੋਹੋਰਕਾਈ ਦੋਵਾਂ ਦੇ ਵਿਚਕਾਰ ਖੜ੍ਹਾ ਆਖ ਰਿਹਾ ਹੋਵੇ, ‘‘ਪਰ ਕਹਾਣੀ ਅਜੇ ਮੁੱਕੀ ਨਹੀਂ, ਇਸ ਵਾਕ ਨੇ ਬ੍ਰਹਿਮੰਡ ਬਣਨਾ ਹੈ ਅਜੇ...।’’

* ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟੱਡੀਜ਼, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ।

ਸੰਪਰਕ: 85274-00113

Advertisement
Show comments