ਮਨੁੱਖ ਦਾ ਸੁਰੱਖਿਆ ਕਵਚ ਲੰਮੇ ਕੇਸ
ਡਾ. ਦਰਸ਼ਨਜੋਤ ਕੌਰ
ਸਿਰ ਉੱਤੇ ਲੰਮੇ ਕੇਸ ਮਨੁੱਖਤਾ ਦੀ ਵਿਲੱਖਣਤਾ ਹੈ। ਇਹ ਇੱਕ ਵਿਗਿਆਨਕ ਤੱਥ ਹੈ ਕਿ ਮਨੁੱਖ ਦੇ ਹੀ ਸਿਰ ਦੇ ਵਾਲ ਇੰਨੀ ਜ਼ਿਆਦਾ ਲੰਬਾਈ ਤਕ ਵਧੇ ਹਨ, ਜਦੋਂਕਿ ਇਸੇ ਜਾਤੀ ਦੇ ਹੋਰ ਜੀਵਾਂ ਦੇ ਸਿਰ ਦੇ ਵਾਲ ਇਸ ਲੰਬਾਈ ਤੱਕ ਨਹੀਂ ਵਧਦੇ। ਕੁਦਰਤ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ। ਜਿਉਂ ਜਿਉਂ ਮਨੁੱਖ ਦੇ ਦਿਮਾਗ਼ ਦਾ ਵਿਕਾਸ ਹੁੰਦਾ ਗਿਆ, ਤਿਉਂ ਤਿਉਂ ਇਸ ਦੇ ਸਿਰ ਦੇ ਵਾਲ ਵੀ ਲੰਮੇ ਹੁੰਦੇ ਗਏ।ਬਾਕੀ ਬਾਂਦਰ ਅਤੇ ਅਜਿਹੇ ਹੋਰ ਥਣਧਾਰੀ ਜੀਵਾਂ ਨਾਲੋਂ ਮਨੁੱਖ ਦਾ ਦਿਮਾਗ਼ ਸੱਤ ਗੁਣਾ ਵੱਡਾ ਹੈ। ਮਨੁੱਖੀ ਦਿਮਾਗ਼ ਸਮੁੱਚੀ ਕਾਇਨਾਤ ਦਾ ਸਭ ਤੋਂ ਉਪਰਲਾ ਸਿਰਾ ਹੈ। ਦਿਮਾਗ਼ ਸਿਰ ਵਿੱਚ ਹੈ। ਸਾਰੀ ਕਾਇਨਾਤ ਵਿੱਚ ਸਿਰਫ਼ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਦੇ ਸਿਰ ਉੱਤੇ ਲੰਮੇ ਵਾਲ ਹਨ। ਵਿਗਿਆਨਕ ਪੱਖ ਤੋਂ ਕਿਸੇ ਜੀਵ ਨੂੰ ਮਨੁੱਖ ਤਾਂ ਹੀ ਕਿਹਾ ਜਾਂਦਾ ਹੈ ਜੇ ਉਸ ਦੇ ਸਿਰ ਉੱਤੇ ਲੰਬੇ ਵਾਲ ਹੋਣ।
ਕੇਸ ਕੁਦਰਤ ਵੱਲੋਂ ਨਿਰਧਾਰਿਤ ਨਿਸ਼ਚਿਤ ਲੰਬਾਈ ਤੱਕ ਹੀ ਵਧਦੇ ਹਨ।ਜੇ ਕੇਸ ਕੱਟ ਵੀ ਦਿੱਤੇ ਜਾਣ ਤਾਂ ਫਿਰ ਉਸੇ ਲੰਬਾਈ ਤੱਕ ਹੀ ਦੁਬਾਰਾ ਆ ਜਾਂਦੇ ਹਨ, ਨਾ ਵੱਧ ਤੇ ਨਾ ਹੀ ਘੱਟ।
ਕੇਸ ਮਨੁੱਖ ਦੀ ਸ਼ਖ਼ਸੀ, ਲਿੰਗਕ, ਨਸਲੀ ਅਤੇ ਭੂਗੋਲਿਕ ਪਛਾਣ ਵੀ ਹਨ। ਹਰ ਭੂਗੋਲਿਕ ਖੇਤਰ ਦੀਆਂ ਜ਼ਰੂਰਤਾਂ ਜੀਵਨ ਸ਼ੈਲੀ ਮੁਤਾਬਿਕ ਵੱਖ ਵੱਖ ਹੁੰਦੀਆਂ ਹਨ। ਜ਼ਰੂਰਤ ਅਨੁਕੂਲ ਬਣਾਉਣ ਲਈ ਸਰੀਰਕ ਬਣਤਰ ਵਿੱਚ ਸੋਧ ਹੁੰਦੀ ਰਹਿੰਦੀ ਹੈ। ਸੋਧ ਜੀਵ ਦੀ ਹੋਂਦ ਨੂੰ ਕਾਇਮ ਰੱਖਦੀ ਹੈ। ਜੀਵਨ ਸ਼ੈਲੀ ਅਨੁਸਾਰ ਵਾਲਾਂ ਦੀ ਬਣਤਰ ਵਿੱਚ ਵੀ ਯੋਜਨਾਬੱਧ ਵਿਕਾਸ ਰਾਹੀਂ ਸੋਧ ਹੁੰਦੀ ਰਹੀ ਹੈ। ਸਭ ਤੋਂ ਪਹਿਲਾ ਮਨੁੱਖ ਭੂ-ਮੱਧ ਰੇਖਾ ਦੇ ਨੇੜੇ ਰਹਿੰਦਾ ਸੀ। ਹੌਲੀ ਹੌਲੀ ਉਹ ਭੂ-ਮੱਧ ਰੇਖਾ ਤੋਂ ਦੂਰ ਜਾਣਾ ਸ਼ੁਰੂ ਹੋਇਆ। ਉੱਥੇ ਵਾਤਾਵਰਣ ਵਿੱਚ ਪਰਾਬੈਂਗਣੀ (ਯੂ.ਵੀ.) ਕਿਰਨਾਂ ਦੀ ਮਾਤਰਾ ਘੱਟ ਸੀ। ਇਹ ਕਿਰਨਾਂ ਵਿਟਾਮਿਨ ਡੀ ਬਣਾਉਣ ਲਈ ਲੋੜੀਂਦੀਆਂ ਹਨ। ਵਿਟਾਮਿਨ ਡੀ ਸਰੀਰ ਦੇ ਹਰ ਕਾਰਜ ਲਈ ਲੋੜੀਂਦਾ ਹੈ। ਪਰਾਬੈਂਗਣੀ ਕਿਰਨਾਂ ਦੀ ਲੋੜੀਂਦੀ ਮਾਤਰਾ ਨੂੰ ਜਜ਼ਬ ਕਰਨ ਲਈ ਵਾਲਾਂ ਦੀ ਬਣਤਰ ਵਿੱਚ ਤਬਦੀਲੀ ਆਈ। ਵਾਲ ਘੱਟ ਘੁੰਗਰਾਲੇ, ਸਿੱਧੇ ਅਤੇ ਸੰਘਣੇ ਹੋ ਗਏ। ਵੰਸ਼ ਅਣੂਆਂ ਅਰਥਾਤ ਜੀਨਾਂ ਵਿੱਚ ਵੀ ਤਬਦੀਲੀ ਹੋਈ। ਜੀਨ ਵਾਲਾਂ ਦੀ ਬਣਤਰ ਨੂੰ ਨਿਯੰਤਰਿਤ ਕਰਦੇ ਹਨ। ਜੈਨੇਟਿਕ ਬਣਤਰ ਉੱਤੇ ਸਰੀਰ ਦੀਆਂ ਕਿਰਿਆਵਾਂ ਨਿਰਭਰ ਕਰਦੀਆਂ ਹਨ। ਅਗਲੇਰੇ ਵੰਸ਼ਾਂ ਵਿੱਚ ਵਾਲ ਅਜਿਹੇ ਹੀ ਆਉਣੇ ਸ਼ੁਰੂ ਹੋ ਗਏ। ਗਰਮੀ ਸਿਰ ਅਤੇ ਚਿਹਰੇ ਦੇ ਵਾਲਾਂ ਰਾਹੀਂ ਜ਼ਿਆਦਾ ਆਦਾਨ ਪ੍ਰਦਾਨ ਹੁੰਦੀ ਹੈ। ਇਸ ਲਈ ਠੰਢੇ ਮੁਲਕਾਂ ਵਿੱਚ ਸਿਰ ਦੇ ਵਾਲ ਵਧੇਰੇ ਸੰਘਣੇ ਹੁੰਦੇ ਗਏ।
ਇਹ ਤਬਦੀਲੀਆਂ ਕੁਦਰਤ ਦੀ ਖ਼ਾਸ ਯੋਜਨਾ ਮੁਤਾਬਿਕ ਹਨ। ਗੁਰੂ ਨਾਨਕ ਦੇਵ ਜੀ ਨੇ ਜਪੁ ਬਾਣੀ ਵਿੱਚ ਉਚਾਰਨ ਕੀਤਾ ਹੈ: ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਮਨੁੱਖੀ ਸਰੀਰ ਦਾ ਆਕਾਰ ਹੁਕਮ ਵਿੱਚ ਹੀ ਹੋਇਆ ਹੈ। ਵਾਲਾਂ ਦੀ ਬਣਤਰ ਵੀ ਖ਼ਾਸ ਕਾਇਦੇ ਮੁਤਾਬਿਕ ਹੋਈ ਹੈ। ਸਰੀਰ ਉੱਤੇ ਕੇਸਾਂ ਦੀ ਘਾੜਤ ਗਰਭ ਦੌਰਾਨ ਹੀ ਸ਼ੁਰੂ ਹੋ ਜਾਂਦੀ ਹੈ। ਫਿਰ ਸਾਰੀ ਉਮਰ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ। ਜਨਮ ਤੋਂ ਪਹਿਲਾਂ ਦੇ ਵਾਲ, ਬਚਪਨ ਦੇ ਵਾਲ ਅਤੇ ਕਿਸ਼ੋਰ ਉਮਰ ਦੇ ਵਾਲਾਂ ਦੀ ਬਣਤਰ ਜ਼ਰੂਰਤ ਮੁਤਾਬਿਕ ਭਿੰਨ ਭਿੰਨ ਹੁੰਦੀ ਹੈ। ਸਰੀਰ ਦੇ ਹਰ ਭਾਗ ਦੇ ਵਾਲਾਂ ਦੀ ਬਣਤਰ ਵੀ ਭਿੰਨ ਭਿੰਨ ਹੁੰਦੀ ਹੈ। ਔਰਤ ਤੇ ਮਰਦ ਦੇ ਵਾਲਾਂ ਦਾ ਖਿਲਾਰ ਵੀ ਵੱਖ ਵੱਖ ਹੁੰਦਾ ਹੈ।ਵਾਲ ਸਰੀਰ ਦੇ ਅੰਗਾਂ ਦੀ ਦੇਖਭਾਲ ਲਈ ਮਹੱਤਵਪੂਰਨ ਹਨ। ਇਹ ਰੋਗਾਣੂਆਂ ਲਈ ਵਾੜ ਹਨ। ਇਹ ਸਾਡਾ ਸੁਰੱਖਿਆ ਕਵਚ ਹਨ।
ਕੇਸਾਂ ਦੀ ਜ਼ਰੂਰਤ ਕਿਸੇ ਖ਼ਾਸ ਫ਼ਿਰਕੇ ਜਾਂ ਧਰਮ ਨਾਲ ਸਬੰਧਿਤ ਲੋਕਾਂ ਨੂੰ ਨਹੀਂ ਸਗੋਂ ਇਹ ਹਰ ਮਨੁੱਖ ਲਈ ਇੱਕੋ ਜਿੰਨੀ ਮਹੱਤਤਾ ਰੱਖਦੇ ਹਨ। ਸਰੀਰ ਦੇ ਹਰ ਅੰਗ ਉੱਤੇ ਉੱਗੇ ਵਾਲਾਂ ਦਾ ਆਪਣਾ ਹੀ ਮਨੋਰਥ ਹੈ। ਅੱਖਾਂ ਦੀਆਂ ਪੁਤਲੀਆਂ ਗਰਭ ਦੌਰਾਨ ਅੱਖਾਂ ਨੂੰ ਗਰਭਕੋਸ਼ ਵਿਚਲੇ ਪਾਣੀ ਤੋਂ ਬਚਾਉਂਦੀਆਂ ਹਨ। ਅੱਖਾਂ ਨੂੰ ਭਰਵੱਟੇ ਧੁੱਪ, ਪਸੀਨੇ ਅਤੇ ਮਿੱਟੀ ਘੱਟੇ ਤੋਂ ਬਚਾਉਂਦੇ ਹਨ। ਪਲਕਾਂ ਦੇ ਵਾਲਾਂ ਦੀਆਂ ਜੜ੍ਹਾਂ ਨਸਤੰਤੂਆਂ ਕਾਰਨ ਅੱਖਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਕੀੜੇ ਆਦਿ ਤੋਂ ਖ਼ਤਰੇ ਦੀ ਇਤਲਾਹ ਝੱਟ ਮਿਲ ਜਾਂਦੀ ਹੈ। ਜਿਨ੍ਹਾਂ ਦੀਆਂ ਪਲਕਾਂ ਨਹੀਂ ਹੁੰਦੀਆਂ, ਉਨ੍ਹਾਂ ਨੂੰ ਅੱਖਾਂ ਦੀ ਇਨਫੈਕਸ਼ਨ ਵਾਰ ਵਾਰ ਹੁੰਦੀ ਰਹਿੰਦੀ ਹੈ। ਅੰਨ੍ਹਾਪਣ ਵੀ ਹੋ ਸਕਦਾ ਹੈ।
ਕੰਨਾਂ ਵਿਚਲੇ ਵਾਲ ਅਤੇ ਵਾਲਾਂ ਦੇ ਸੈੱਲ ਬਹੁਤ ਮਹੱਤਵਪੂਰਨ ਹਨ।ਬਾਹਰਲੇ ਕੰਨਾਂ ਵਿਚਲੇ ਵਾਲ ਕੰਨਾਂ ਦੀ ਟਿਉੂਬ ਨੂੰ ਸਾਫ਼ ਰੱਖਦੇ ਹਨ। ਜੇ ਟਿਊਬ ਬਲੌਕ ਹੋ ਜਾਵੇ ਤਾਂ ਸੁਣਨ ਵਿੱਚ ਵਿਘਨ ਪੈਂਦਾ ਹੈ। ਵਾਲ ਆਵਾਜ਼ਾਂ ਦੀ ਤੀਬਰਤਾ ਨੂੰ ਵੀ ਨਿਯਮਿਤ ਕਰਦੇ ਹਨ ਜਿਸ ਨਾਲ ਕੰਨ ਦਾ ਪਰਦਾ ਸੁਰੱਖਿਅਤ ਰਹਿੰਦਾ ਹੈ। ਅੰਦਰਲੇ ਕੰਨਾਂ ਵਿੱਚ ਪਰਦੇ ਦੇ ਅੰਦਰਵਾਰ ਵਾਲਾਂ ਦੇ ਸੈੱਲ ਹੁੰਦੇ ਹਨ। ਇਹ ਸੈੱਲ ਆਵਾਜ਼ਾਂ ਨੂੰ ਬਿਜਲੀ ਦੀਆਂ ਤਰੰਗਾਂ ਵਿੱਚ ਬਦਲ ਦਿੰਦੇ ਹਨ। ਇਹ ਤਰੰਗਾਂ ਦਿਮਾਗ਼ ਤੱਕ ਪਹੁੰਚਦੀਆਂ ਹਨ। ਜੇ ਵਾਲਾਂ ਦੇ ਇਹ ਸੈੱਲ ਨਾ ਹੁੰਦੇ ਤਾਂ ਮਨੁੱਖ ਬੋਲਾ ਹੀ ਹੁੰਦਾ। ਬਜ਼ੁਰਗਾਂ ਵਿੱਚ ਇਹ ਸੈੱਲ ਘੱਟ ਹੁੰਦੇ ਜਾਂਦੇ ਹਨ। ਇਸੇ ਕਾਰਨ ਬਜ਼ੁਰਗਾਂ ਵਿੱਚ ਉੱਚਾ ਸੁਣਨ ਦੀ ਸਮੱਸਿਆ ਆਮ ਹੀ ਹੁੰਦੀ ਹੈ। ਇਹ ਸੈੱਲ ਦੁਬਾਰਾ ਨਹੀਂ ਬਣਦੇ ਅਤੇ ਅਜਿਹਾ ਬੋਲਾਪਣ ਠੀਕ ਨਹੀਂ ਹੁੰਦਾ। ਅੰਦਰਲੇ ਕੰਨਾਂ ਵਿੱਚ ਤਰਲ ਪਦਾਰਥ ਨਾਲ ਭਰੀਆਂ ਹੋਈਆਂ ਟਿਊਬਾਂ ਹੁੰਦੀਆਂ ਹਨ। ਇਨ੍ਹਾਂ ਟਿਊਬਾਂ ਵਿੱਚ ਵੀ ਵਾਲ ਹੁੰਦੇ ਹਨ। ਵਾਲਾਂ ਦੀ ਹਿਲਜੁਲ ਤੋਂ ਦਿਮਾਗ਼ ਤੱਕ ਸਿਗਨਲ ਪਹੁੰਚ ਕੇ ਸਰੀਰ ਦੀ ਹਿਲਜੁਲ ਦਾ ਸੁਨੇਹਾ ਦਿਮਾਗ਼ ਨੂੰ ਦੇ ਦਿੰਦੇ ਹਨ। ਜੇ ਇਸ ਕੰਮ ਵਿੱਚ ਵਿਘਨ ਪੈ ਜਾਵੇ ਤਾਂ ਮਨੁੱਖ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ, ਚੱਕਰ ਆਉਣ ਲੱਗ ਜਾਂਦੇ ਹਨ। ਇਨ੍ਹਾਂ ਵਾਲਾਂ ਦੀ ਅਣਹੋਂਦ ਵਿੱਚ ਅਸੀਂ ਡਿੱਗਦੇ ਹੀ ਰਹਾਂਗੇ। ਸਭ ਕੁਝ ਹਿਲਦਾ ਹੀ ਲੱਗੇਗਾ, ਜਿਵੇਂ ਸਲਾਈਡ ਸ਼ੋਅ ਹੋਵੇ।
ਸੁੰਘਣ ਸ਼ਕਤੀ, ਸਾਹ ਪ੍ਰਣਾਲੀ ਦੀ ਏਅਰ ਕੰਡੀਸ਼ਨਿੰਗ, ਬਿਮਾਰੀਆਂ ਦੇ ਕਿਰਮਾਂ ਨੂੰ ਅੰਦਰ ਜਾਣ ਤੋਂ ਰੋਕਣਾ ਅਤੇ ਸਾਹ ਪ੍ਰਣਾਲੀ ਨੂੰ ਸਾਫ਼ ਰੱਖਣਾ ਨੱਕ ਵਿਚਲੇ ਵਾਲਾਂ ਉੱਤੇ ਨਿਰਭਰ ਹੈ। ਕੇਸ ਸਰੀਰ ਦੀ ਫ਼ੌਜ ਹਨ। ਇਨ੍ਹਾਂ ਨੇ ਸਮੁੱਚੇ ਸਰੀਰ ਦੀ ਕਿਲਾਬੰਦੀ ਕੀਤੀ ਹੋਈ ਹੈ। ਲੋੜ ਮੁਤਾਬਿਕ ਕਿਤੇ ਇਹ ਲੰਮੇ ਹਨ, ਕਿਤੇ ਛੋਟੀ ਛੋਟੀ ਲੂੰਈ ਦੀ ਤਰ੍ਹਾਂ। ਸਰੀਰ ਦੀ ਇਹ ਫ਼ੌਜ ਸਰੀਰ ਦੇ ਨੌਂ ਦਰਵਾਜ਼ਿਆਂ ਦੇ ਬਾਹਰ ਵਧੇਰੇ ਗਿਣਤੀ ਵਿੱਚ ਹੈ।
ਕੁਦਰਤ ਦਾ ਨਿਯਮ ਹੈ ਕਿ ਜਿਨ੍ਹਾਂ ਅੰਗਾਂ ਦੀ ਸਰੀਰ ਨੂੰ ਵਧੇਰੇ ਲੋੜ ਹੁੰਦੀ ਹੈ, ਉਨ੍ਹਾਂ ਅੰਗਾਂ ਦਾ ਵਿਕਾਸ ਹੋਰ ਅੰਗਾਂ ਨਾਲੋਂ ਤੇਜ਼ ਗਤੀ ਨਾਲ ਹੁੰਦਾ ਹੈ।ਹੱਡੀਆਂ ਦੀ ਮਿੱਝ ਤੋਂ ਬਾਅਦ ਵਾਲ ਹੀ ਅਜਿਹੇ ਅੰਗ ਹਨ, ਜਿਨ੍ਹਾਂ ਦਾ ਵਿਕਾਸ ਬਾਕੀ ਸਾਰੇ ਅੰਗਾਂ ਨਾਲੋਂ ਤੇਜ਼ ਅਤੇ ਲਗਾਤਾਰਤਾ ਨਾਲ ਹੋ ਰਿਹਾ ਹੈ। ਕੁਦਰਤ ਵਾਲਾਂ ਪ੍ਰਤੀ ਇੰਨੀ ਸੰਜੀਦਾ ਹੈ ਕਿ ਪੁਰਾਣਾ ਵਾਲ ਉਦੋਂ ਹੀ ਝੜਦਾ ਹੈ, ਜਦੋਂ ਨਵਾਂ ਉਸ ਦੀ ਥਾਂ ਉੱਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਮੁਰਦਾ ਵਾਲ ਆਪੇ ਹੀ ਜੜ੍ਹਾਂ ਤੋਂ ਉੱਖੜ ਅਤੇ ਝੜ ਜਾਂਦੇ ਹਨ। ਵਾਲਾਂ ਦੇ ਤਣੇ ਨੂੰ ਜੇ ਸਿਰਫ਼ ਸਿਰੇ ਤੋਂ ਹੀ ਕੱਟਿਆ ਜਾਵੇ ਤਾਂ ਉਹ ਫਿਰ ਉਸੇ ਸ਼ਕਲ ਵਿੱਚ ਦੁਬਾਰਾ ਆ ਜਾਂਦਾ ਹੈ। ਵਾਲ ਕੱਟਣ ਨਾਲ ਦਰਦ ਨਹੀਂ ਹੁੰਦਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਵਾਲ ਬੇਲੋੜੇ ਹਨ। ਵਾਲਾਂ ਤੋਂ ਬਿਨਾਂ ਸਰੀਰ ਦਾ ਵਾਤਾਵਰਣ ਗੰਧਲਾ ਹੋ ਜਾਵੇਗਾ ਅਤੇ ਸਰੀਰ ਦੀ ਹੋਂਦ ਨੂੰ ਹੀ ਖ਼ਤਰਾ ਹੋ ਜਾਵੇਗਾ।
ਵਾਲਾਂ ਦਾ ਵਿਕਾਸ ਸਾਰੀ ਉਮਰ ਨਿਰਵਿਘਨ ਚਲਦਾ ਰਹਿੰਦਾ ਹੈ। ਵਿਕਾਸ ਦੌਰਾਨ ਸਟੈੱਮ ਸੈੱਲ ਬਣਦੇ ਹੀ ਰਹਿੰਦੇ ਹਨ। ਵਾਲ ਸਟੈੱਮ ਸੈੱਲਾਂ ਦਾ ਭੰਡਾਰ ਹਨ। ਇਨ੍ਹਾਂ ਸੈੱਲਾਂ ਦੀ ਹੋਂਦ ਕਾਰਨ ਵਾਲਾਂ ਵਾਲੀ ਜਗ੍ਹਾ ਉੱਤੇ ਜੇ ਕੋਈ ਜ਼ਖ਼ਮ ਹੋ ਜਾਵੇ ਤਾਂ ਬਹੁਤ ਛੇਤੀ ਠੀਕ ਹੋ ਜਾਂਦਾ ਹੈ। ਮਨੁੱਖ ਦੇ ਸਾਰੇ ਸਰੀਰ ਉੱਤੇ ਵਾਲ ਹਨ। ਜਿੱਥੇ ਜ਼ਿਆਦਾ ਸੰਘਣੇ ਹਨ, ਉੱਥੇ ਜ਼ਖ਼ਮ ਜ਼ਿਆਦਾ ਛੇਤੀ ਭਰਦੇ ਹਨ। ਬਾਂਹ ਦੇ ਬਾਹਰਲੇ ਪਾਸੇ ਦੇ ਜ਼ਖ਼ਮ ਅੰਦਰਲੇ ਪਾਸੇ ਨਾਲੋਂ ਜਲਦੀ ਠੀਕ ਹੁੰਦੇ ਹਨ। ਦੰਦਾਂ ਅਤੇ ਹੱਡੀਆਂ ਦੀ ਸਿਹਤ ਵੀ ਵਾਲਾਂ ਨਾਲ ਜੁੜੀ ਹੋਈ ਹੈ। ਕੇਸ ਸਾਡੀ ਅਹਿਸਾਸ ਸ਼ਕਤੀ ਨੂੰ ਵਧਾ ਕੇੇ ਸੰਭਾਵੀ ਸੰਕਟਾਂ ਤੋਂ ਸਾਨੂੰ ਸੁਚੇਤ ਕਰਦੇ ਹਨ।
ਚਿਹਰੇ ਦੇ ਵਾਲਾਂ ਦਾ ਮਾਨਸਿਕਤਾ ਨਾਲ ਗੂੜ੍ਹਾ ਸਬੰਧ ਹੈ। ਦਾੜ੍ਹੀ ਮਰਦਾਨਗੀ ਦਾ ਪ੍ਰਤੀਕ ਹੈ। ਮਨੋਵਿਗਿਆਨੀ ਪੈਲਗਰੀਨੀ ਕਹਿੰਦਾ ਹੈ ਕਿ ਦਾੜ੍ਹੀ ਵਾਲਾ ਵਿਅਕਤੀ ਆਜ਼ਾਦ ਮਾਨਸਿਕਤਾ ਵਾਲਾ, ਤਾਕਤਵਰ, ਤਿਆਰ ਬਰ ਤਿਆਰ ਅਤੇ ਬਹਾਦਰੀ ਦੇ ਕੰਮ ਕਰਨ ਵਾਲਾ ਹੁੰਦਾ ਹੈ। ਕੇਸਾਂ ਦੀ ਅਧਿਆਤਮਿਕ ਮਹੱਤਤਾ ਤੋਂ ਤਾਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ। ਸਿਰ ਉੱਤੇ ਲੰਮੇ ਵਾਲਾਂ ਨੂੰ ਤਾਂ ਹੀ ਰਿਸ਼ੀ ਜੂੜਾ ਕਿਹਾ ਜਾਂਦਾ ਹੈ।
ਕੇਸਾਂ ਦੇ ਵਿਕਾਸ ਵਿੱਚ ਦਖਲ ਦੇਣਾ ਵਾਹਿਗੁਰੂ ਦੇ ਹੁਕਮ ਵਿੱਚ ਦਖਲ ਦੇਣਾ ਹੈ। ਗੁਰੁੂ ਨਾਨਕ ਦੇਵ ਜੀ ਦੀਆਂ ਦਸਾਂ ਜੋਤਾਂ ਨੇ ਹਰ ਵਿਅਕਤੀ ਨੂੰ ਮਨੁੱਖਤਾ ਦੇ ਸਿਖਰ ਉੱਤੇ ਪਹੁੰਚਾਉਣ ਲਈ ਕੇਸਾਂ ਦੀ ਮਹੱਤਤਾ ਨੂੰ ਦਰਸਾਇਆ ਹੈ। ਕੇਸ ਕਟਾਉਣ ਨੂੰ ਬੱਜਰ ਭੁੱਲ ਕਿਹਾ ਹੈ। ਕੇਸਾਂ ਦੀ ਬੇਅਦਬੀ ਕਰਣ ਵਾਲੇ ਨੂੰ ਪਤਿਤ ਕਿਹਾ ਹੈ। ਕੇਸਾਂ ਨੂੰ ਗੁਰੁੂ ਦੀ ਮੋਹਰ ਦੱਸ ਕੇ ਕੇਸਾਂ ਦਾ ਮਾਣ ਵਧਾਇਆ ਹੈ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਮਨੁੱਖਤਾ ਦੀ ਆਜ਼ਾਦ ਮਾਨਸਿਕਤਾ, ਵਿਲੱਖਣਤਾ ਅਤੇ ਪਛਾਣ ਨੂੰ ਬਰਕਰਾਰ ਰੱਖਣ ਲਈ ਕੇਸਾਂ ਖ਼ਾਤਰ ਬੇਅੰਤ ਕੁਰਬਾਨੀਆਂ ਕੀਤੀਆਂ ਹਨ।ਕੇਸ ਸਿਰਫ਼ ਸਿੱਖਾਂ ਦੀ ਨਹੀਂ ਸਗੋਂ ਮਨੁੱਖਤਾ ਦੀ ਪਛਾਣ ਅਤੇ ਲੋੜ ਹਨ।ਮਨੁੱਖਤਾ ਨੂੰ ਬਰਕਰਾਰ ਰੱਖਣ ਲਈ ਸਮੁੱਚੀ ਮਨੁੱਖਤਾ ਨੂੰ ਕੇਸਾਂ ਸਬੰਧੀ ਸੁਚੇਤ ਕਰਨ ਦੀ ਲੋੜ ਹੈ।