DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦਿ-ਮਾਨਵ ਤੋਂ ਆਧੁਨਿਕ ਮਾਨਵ ਤੱਕ ਮਨੁੱਖ ਦਾ ਵਿਕਾਸ

ਡਾ. ਵਿਦਵਾਨ ਸਿੰਘ ਸੋਨੀ ਮਨੁੱਖ ਦੇ ਵਿਕਾਸ ਸਬੰਧੀ ਖੋਜ ਦਾ ਆਰੰਭ ਇੱਕ ਡੱਚ ਸਰੀਰ-ਵਿਗਿਆਨੀ ਯੂਜੀਨ ਡੂਬਵਾ ਦੇ ਇਸ ਦ੍ਰਿੜ੍ਹ ਵਿਸ਼ਵਾਸ ਤੋਂ ਹੋਇਆ ਕਿ ਡਾਰਵਿਨ ਦਾ ਸਿਧਾਂਤ ਮੁਨੱਖੀ ਵਿਕਾਸ ’ਤੇ ਲਾਗੂ ਹੋ ਸਕਦਾ ਹੈ। ਉਸ ਨੇ ਜੀਓਲੋਜੀ ਦਾ ਅਧਿਐਨ ਵੀ ਕੀਤਾ।...
  • fb
  • twitter
  • whatsapp
  • whatsapp
Advertisement

ਡਾ. ਵਿਦਵਾਨ ਸਿੰਘ ਸੋਨੀ

ਮਨੁੱਖ ਦੇ ਵਿਕਾਸ ਸਬੰਧੀ ਖੋਜ ਦਾ ਆਰੰਭ ਇੱਕ ਡੱਚ ਸਰੀਰ-ਵਿਗਿਆਨੀ ਯੂਜੀਨ ਡੂਬਵਾ ਦੇ ਇਸ ਦ੍ਰਿੜ੍ਹ ਵਿਸ਼ਵਾਸ ਤੋਂ ਹੋਇਆ ਕਿ ਡਾਰਵਿਨ ਦਾ ਸਿਧਾਂਤ ਮੁਨੱਖੀ ਵਿਕਾਸ ’ਤੇ ਲਾਗੂ ਹੋ ਸਕਦਾ ਹੈ। ਉਸ ਨੇ ਜੀਓਲੋਜੀ ਦਾ ਅਧਿਐਨ ਵੀ ਕੀਤਾ। ਉਹ ਸਦਾ ਇਸ ਮੌਕੇ ਦੀ ਭਾਲ ’ਚ ਰਹਿੰਦਾ ਕਿ ਕਿਸੇ ਅਜਿਹੇ ਇਲਾਕੇ ਵਿੱਚ ਜਾਇਆ ਜਾਵੇ ਜਿੱਥੋਂ ਆਦਿ-ਮਾਨਵ ਦੇ ਪਥਰਾਟ ਮਿਲ ਸਕਣ। ਉਸ ਨੂੰ ਇਹ ਵੀ ਯਕੀਨ ਸੀ ਕਿ ਤਪਤ-ਖੰਡੀ ਇਲਾਕੇ ਵਿੱਚ ਮਨੁੱਖੀ ਵਿਕਾਸ ਦੇ ਸਬੂਤ ਮਿਲ ਸਕਦੇ ਹਨ। ਸੰਨ 1889 ਵਿੱਚ ਉਸ ਨੂੰ ਡੱਚ ਫ਼ੌਜ ਵਿੱਚ ਨੌਕਰੀ ਮਿਲ ਗਈ। ਉਹ ਪ੍ਰੋਫੈਸਰੀ ਛੱਡ ਕੇ ਮਿਲਟਰੀ ਸਰਜਨ ਬਣ ਗਿਆ ਤੇ ਡੱਚ ਈਸਟ ਇੰਡੀਜ਼ (ਅਜੋਕਾ ਇੰਡੋਨੇਸ਼ੀਆ) ਵਿੱਚ ਆਪਣੀ ਪਤਨੀ ਤੇ ਛੋਟੀ ਬੱਚੀ ਸਮੇਤ ਨੌਕਰੀ ’ਤੇ ਚਲਾ ਗਿਆ। ਉੱਥੇ ਉਹ ਆਪਣੀਆਂ ਛੁੱਟੀਆਂ ਫੌਸਿਲ ਲੱਭਣ ਵਿੱਚ ਹੀ ਬਿਤਾਉਂਦਾ। ਆਖ਼ਰ ਉਸ ਨੇ ਸੰਨ 1891 ਵਿੱਚ ਟ੍ਰਿਨਿਲ ਸਥਾਨ ’ਚੋਂ ਜਾਵਾ ਦੇ ਪੂਰਬੀ ਪਾਸੇ ਸੋਲੋ ਦਰਿਆ ਕੰਢਿਓਂ ਇੱਕ ਆਦਿ-ਮਾਨਵ ਦਾ ਪਥਰਾਟ ਲੱਭ ਲਿਆ, ਜਿਸ ਨੂੰ ਜਾਵਾ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ (ਤੇ ਹੁਣ ਇਸਨੂੰ ਹੋਮੋ-ਇਰੈਕਟਸ ਕਹਿੰਦੇ ਹਨ)। ਇਹ ਮਨੁੱਖ ਦੇ ਪਿੱਤਰ ‘ਹੋਮੋ-ਇਰੈਕਟਸ’ ਬਾਰੇ ਪਹਿਲੀ ਖੋਜ ਸੀ।

Advertisement

ਉਸ ਉਪਰੰਤ ਆਦਿ-ਮਾਨਵ ਦੀ ਖੋਜ ਅਫਰੀਕਾ ਵੱਲ ਤਬਦੀਲ ਹੋ ਗਈ ਕਿਉਂਕਿ ਉੱਥੋਂ ਹੋਮੋ-ਇਰੈਕਟਸ ਦੇ ਪੂਰਵਜਾਂ ਦੇ ਪਥਰਾਟ ਵੀ ਮਿਲਣ ਲੱਗੇ ਸਨ। ਲੜੀਵਾਰ ਦੇਖੀਏ ਤਾਂ ਅਜੇ ਤੱਕ ਸਭ ਤੋਂ ਪੁਰਾਣਾ ਆਦਿ-ਮਾਨਵ ਦਾ ਪਥਰਾਟ ਸੰਨ 2001-02 ਦੌਰਾਨ ਕੇਂਦਰੀ ਅਫਰੀਕਾ ਦੇ ਚਾਡ ਇਲਾਕੇ ’ਚੋਂ ਵਿਗਿਆਨੀਆਂ ਨੂੰ ਮਿਲਿਆ ਹੈ। ਇਸ ਨੂੰ ਸਹੇਲਾਂਥਰੋਪਸ ਚੈਡਿਨਿਸਜ਼ ਦਾ ਨਾਮ ਦਿੱਤਾ ਗਿਆ। ਤਕਰੀਬਨ ਸੱਠ-ਸੱਤਰ ਲੱਖ ਸਾਲ ਪੁਰਾਣਾ ਇਹ ਪਥਰਾਟ ਇੱਕ ਫਰਾਂਸੀਸੀ ਵਿਗਿਆਨੀ ਐਲਨ ਬਿਊਵੀਲੇਨ ਦੀ ਟੀਮ ਨੇ ਖੋਜਿਆ ਸੀ। ਉਸ ਪਥਰਾਟ ਨੂੰ ਤਾਊਮਾਏ ਵੀ ਕਿਹਾ ਗਿਆ, ਜਿਸ ਦਾ ਅਰਥ ਹੁੰਦਾ ਹੈ ਆਸ, ਕਿਉਂਕਿ ਇਸ ਤੋਂ ਮਾਨਵ ਜਾਤੀ ਵੱਲ ਅਗਲੇਰੀ ਵਿਕਾਸ ਲੜੀ ਦੇ ਬਣਾਉਣ ਦੀ ਆਸ ਬੱਝੀ ਸੀ। ਇਸ ਦੀ ਖੋਪੜੀ ਦਾ ਘਣਫਲ ਕਰੀਬ 350 ਮਿਲੀਲਿਟਰ ਬਣਿਆ। ਅਜੋਕੇ ਮਨੁੱਖ ਦੀ ਖੋਪੜੀ ਦਾ ਆਕਾਰ ਔਸਤਨ 1350 ਮਿਲੀਲਿਟਰ ਹੁੰਦਾ ਹੈ। ਇਸ ਦੇ ਸੂਆ ਦੰਦਾਂ ਦਾ ਅਕਾਰ ਚਿੰਪੈਂਜ਼ੀ ਦੇ ਦੰਦਾਂ ਨਾਲੋਂ ਛੋਟਾ ਹੋ ਗਿਆ ਸੀ ਤੇ ਸ਼ਾਇਦ ਇਹ ਦੋ ਲੱਤਾਂ ’ਤੇ ਹੀ ਟੁਰਦਾ ਸੀ। ਇਹ ਜਾਤੀ ਆਦਿ-ਮਾਨਵ ਅਤੇ ਚਿੰਪੈਜ਼ੀਆਂ ਦੇ ਸਾਂਝੇ ਪਿੱਤਰ ’ਚੋਂ ਆਈ ਸੀ। ਇਸ ਆਰੰਭਿਕ ਆਦਿ-ਮਾਨਵ ਤੋਂ ਬਾਅਦ ਅਜੋਕਾ ਮਨੁੱਖ 2,30,000 ਪੀੜ੍ਹੀਆਂ ਤੋਂ ਬਾਅਦ ਉਪਜਿਆ। ਜਿੱਥੋਂ ਇਹ ਪਥਰਾਟ ਮਿਲਿਆ ਸੀ, ਉੱਥੋਂ ਵੱਡੇ ਵੱਡੇ ਹਾਥੀਆਂ, ਸ਼ੇਰਾਂ ਚੀਤਿਆਂ ਆਦਿ ਦੇ ਪਥਰਾਟ ਵੀ ਮਿਲੇ। ਇਉਂ ਇਹ ਜੀਵ ਵੱਡੇ ਖ਼ਤਰਿਆਂ ਵਿੱਚ ਡਰ ਡਰ ਕੇ ਜਿਊਂਦਾ ਰਿਹਾ। ਉਸ ਵੇਲੇ ਦੇ ਅਜਿਹੇ ਹੀ ਕਿਸੇ ਜੀਵ ਵਿੱਚੋਂ ਇੱਕ ਸ਼ਾਖਾ ਅਸਟਰਾਲੋਪਿਥੀਕਸ ਵੱਲ ਟੁਰ ਪਈ ਸੀ, ਜੋ ਕਿ ਅਫਰੀਕਾ ਵਿੱਚ ਹੋਇਆ ਮਨੁੱਖ ਦਾ ਮਹਾਂ ਪਿੱਤਰ ਸੀ।

ਮਾਨਵੀ ਵਿਕਾਸ ਦੀ ਲੜੀ ਵਿੱਚ ਅਗਲਾ ਅਹਿਮ ਸਥਾਨ ਆਰਡੀਪਿਥੀਕਸ ਰਾਮੀਦਸ ਦਾ ਹੈ। ਸਾਲ 1994 ’ਚ ਇਸ ਦਾ ਪਥਰਾਟ ਇਥੋਪੀਆ ’ਚੋਂ ਅਮਰੀਕੀ ਵਿਗਿਆਨੀ ਟਿਮ ਵ੍ਹਾਈਟ ਨੇ ਲੱਭਿਆ। ਇਹ ਜੀਵ ਕੋਈ 44 ਲੱਖ ਸਾਲ ਪਹਿਲਾਂ ਹੋਣ ਦਾ ਅੰਦਾਜ਼ਾ ਲਗਾਇਆ ਗਿਆ। ਇਸ ਦਾ ਕੱਦ ਮਸਾਂ 4 ਫੁੱਟ ਦੇ ਕਰੀਬ ਸੀ। ਇਹ ਧਰਤੀ ਉੱਪਰ ਦੋ ਪੈਰਾਂ ’ਤੇ ਤੁਰਦਾ ਸੀ, ਪਰ ਅਸਟਰਾਲੋਪਿਥੀਕਸ ਵਾਂਗ ਪੂਰੀ ਤਰ੍ਹਾਂ ਨਹੀਂ (ਜੋ ਇਸ ਜੀਵ ਤੋਂ ਪਿੱਛੋਂ ਹੋਂਦ ਵਿੱਚ ਆਇਆ ਸੀ)।

ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਸਾਡੇ ਭਾਰਤ ਦੇ ਉੱਤਰ-ਪੱਛਮੀ ਇਲਾਕੇ ਵਿੱਚ ਹਿਮਾਲਿਆ ਪਰਬਤ ਅਜੇ ਨੀਵਾਂ ਹੀ ਸੀ ਤੇ ਸ਼ਿਵਾਲਿਕ ਪਹਾੜੀਆਂ ਦੇ ਅਖੀਰਲੇ ਪੂਰ ਨੇ ਅਜੇ ਧਰਤੀ ’ਚੋਂ ਉੱਪਰ ਉੱਠਣਾ ਸੀ। ਇੱਥੇ ਤਾਂ ਸਭ ਪਾਸੇ ਸੰਘਣੇ ਜੰਗਲ ਜਾਂ ਘਾਹ ਦੇ ਵਿਸ਼ਾਲ ਮੈਦਾਨ ਸਨ, ਜਿਨ੍ਹਾਂ ਵਿੱਚ ਵੱਡੇ ਵੱਡੇ ਸਟੀਗਡਾਨ ਹਾਥੀਆਂ ਦੇ ਅਨੇਕਾਂ ਝੁੰਡ ਫਿਰਦੇ ਸਨ, ਛੋਟੀ ਗਰਦਨ ਵਾਲੇ ਸਿਵਾਥਿਰੀਅਮ ਨਾਮੀ ਜਿਰਾਫ਼, ਵੱਡ-ਆਕਾਰੀ ਸੂਰ ਅਤੇ ਅਗਿਆਤ ਦਰਿਆਵਾਂ ਕਿਨਾਰੇ ਫਿਰਦੇ ਦਰਿਆਈ ਘੋੜੇ ਆਦਿ ਵੱਡੀ ਗਿਣਤੀ ਵਿੱਚ ਮੌਜੂਦ ਸਨ। ਮਨੁੱਖ ਦਾ ਪਿੱਤਰ ਤਾਂ ਅਜੇ ਅਫਰੀਕਾ ਵਿੱਚ ਉਪਜ ਕੇ ਅੱਗੋਂ ਵਿਗਸ ਰਿਹਾ ਸੀ।

ਹੋਮੀਨਿਡ (ਮਾਨਵ ਰੂਪੀ) ਵਿਕਾਸ ਲੜੀ ਵਿੱਚ ਫਿਰ ਅਸਟਰਾਲੋਪਿਥੀਕਸ ਐਨਾਮੈੈਂਸਿਜ਼ ਦਾ ਨਾਮ ਆਉਂਦਾ ਹੈ ਜਿਸ ਦੇ ਸਾਲ 1988 ਤੋਂ 1994 ਤੱਕ ਅਨੇਕਾਂ ਪਥਰਾਟ ਪ੍ਰਸਿੱਧ ਖੋਜੀ ਐੱਲ.ਐੱਸ.ਬੀ. ਲੀਕੀ ਨੇ ਅਫਰੀਕੀ ਮੁਲਕ ਕੀਨੀਆ ਵਿੱਚੋਂ ਲੱਭੇ। ਇਹ ਜੀਵ ਜਾਤੀ ਤਕਰੀਬਨ 42 ਲੱਖ ਤੋਂ 39 ਲੱਖ ਸਾਲ ਪਹਿਲਾਂ ਹੋ ਗੁਜ਼ਰੀ ਹੈ। ਇਹ ਜੀਵ ਵੀ ਦੋ ਪੈਰਾਂ ’ਤੇ ਤੁਰਦਾ ਸੀ। ਇਸ ਦਾ ਪੱਕਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪਥਰਾਟਾਂ ਤੋਂ ਮਿਲੀ ਇਸ ਦੀ ਡੌਲਾ ਹੱਡੀ ਬਿਲਕੁਲ ਮਨੁੱਖ ਨਾਲ ਮਿਲਦੀ ਹੈ, ਪਰ ਇਸ ਦੇ ਦੰਦ ਤੇ ਜਬਾੜੇ ਪਹਿਲਾਂ ਹੋ ਚੁੱਕੇ ਏਪਸ ਨਾਲ ਹੀ ਮਿਲਦੇ ਸਨ। ਉਂਜ, ਇਸ ਦੀ ਸਰੀਰਕ ਬਣਤਰ ਵਿੱਚ ਅਗਲੇਰੀਆਂ ਕਿਸਮਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ ਸਨ।

ਕੋਈ 39 ਲੱਖ ਸਾਲ ਤੋਂ 30 ਲੱਖ ਸਾਲ ਪਹਿਲਾਂ ਏਪਨੁਮਾ ਅਸਟਰਾਲੋਪਿਥੀਕਸ ਐਫਾਰੈਂਸਿਸ ਹੋ ਗੁਜ਼ਰਿਆ ਹੈ ਜਿਸ ਦਾ ਮੱਥਾ ਨੀਵਾਂ ਸੀ ਤੇ ਅੱਖਾਂ ਤੇ ਉਭਾਰ ਸਮੇਤ ਉਸ ਦਾ ਨੱਕ ਬਹੁਤ ਫੀਨਾ ਸੀ। ਉਸ ਦੀ ਖੋਪੜੀ ਚਿੰਪੈਂਜ਼ੀ ਵਰਗੀ ਅਤੇ ਦੰਦ ਅਜੋਕੇ ਮਨੁੱਖ ਵਰਗੇ ਸਨ। ਪਥਰਾਟਾਂ ਤੋਂ ਪ੍ਰਾਪਤ ਉਸ ਦੇ ਦਿਮਾਗ਼ ਦਾ ਆਕਾਰ 375 ਤੋਂ 550 ਮਿਲੀਲਿਟਰ ਤੱਕ ਮਿਣਿਆ ਗਿਆ ਹੈ। ਉਸ ਦਾ ਕੱਦ ਸਾਢੇ ਤਿੰਨ ਤੋਂ ਪੰਜ ਫੁੱਟ ਤੱਕ ਹੋਣ ਦਾ ਅੰਦਾਜ਼ਾ ਹੈ। ਇਸ ਦੇ ਪਥਰਾਟ ਪੂਰਬੀ ਅਫਰੀਕਾ ਤੋਂ ਇਲਾਵਾ ਜਰਮਨੀ ਵਿੱਚੋਂ ਵੀ ਮਿਲੇ ਹਨ। ਇਸੇ ਜਾਤੀ ਦੀ ਇੱਕ ਮਾਦਾ ਦਾ ਇੱਕ ਬਹੁਤ ਮਹੱਤਵਪੂਰਨ ਪਿੰਜਰ ਪਥਰਾਟ ਡੋਨਲਡ ਜੌਹਨਸਨ ਦੀ ਟੀਮ ਨੂੰ ਇਥੋਪੀਆ ਦੇ ਅਫਾਰ ਖੇਤਰ ’ਚੋਂ ਮਿਲਿਆ, ਜੋ ਲੂਸੀ ਦੇ ਨਾਂ ਨਾਲ ਪ੍ਰਸਿੱਧ ਹੋਇਆ।ਸਹੇਲਾਂਥਰੋਪਸ ਮਿਲਣ ਤੋਂ ਪਹਿਲਾਂ ਇਸੇ ਜਾਤੀ ਨੂੰ ਮੁੱਢਲਾ ਆਦਿ-ਮਾਨਵ ਮੰਨਿਆ ਜਾਂਦਾ ਸੀ। ਸੋ ਅਜੇ ਤੱਕ ਸਹੇਲਾਂਥਰੋਪਸ ਚੈਡਿਨਿਸਜ਼ ਤੋਂ ਹੀ ਹੋਮੀਨਿਡਾਂ ਦਾ ਆਗਾਜ਼ ਹੋਇਆ ਸਮਝਿਆ ਜਾਂਦਾ ਹੈ।

ਅਸਟਰਾਲੋਪਿਥੀਕਸ ਅਫਰੀਕਨਸ 20 ਤੋਂ 30 ਲੱਖ ਸਾਲ ਪਹਿਲਾਂ ਦੱਖਣੀ ਅਫਰੀਕਾ ਵਿੱਚ ਵਿਚਰਦਾ ਰਿਹਾ। ਪਹਿਲਾਂ ਸਾਲ 1925 ਵਿੱਚ ਜੌਹਾਨਸਬਰਗ ਦੀ ਯੂਨੀਵਰਸਿਟੀ ਵਿੱਚ ਕੰਮ ਕਰਦੇ ਆਸਟਰੇਲਿਆਈ ਮੂਲ ਦੇ ਪ੍ਰੋ. ਰੇਮੰਡ ਡਾਰਟ ਨੇ ਤਾਉਂਗ ਨੇੜਿਉਂ ਇਸ ਦੀ ਬੱਚਾ ਖੋਪੜੀ ਦਾ ਪਥਰਾਟ ਲੱਭਿਆ। ਇਸ ਨੂੰ ਤਾਉਂਗ ਬੱਚਾ ਵੀ ਕਿਹਾ ਜਾਂਦਾ ਹੈ। ਇਸ ਜਾਤੀ ਦਾ ਨਾਮ ਡਾਰਟ ਨੇ ਅਸਟਰਾਲੋਪਿਥੀਕਸ ਅਫਰੀਕਨਸ ਰੱਖਿਆ। ਇਸ ਤੋਂ ਭਾਵ ਹੈ ਅਫਰੀਕਾ ਦਾ ਦੱਖਣੀ ਏਪ। ਇਸ ਦੇ ਪ੍ਰੋਢ ਰੂਪ ਦੇ ਪਥਰਾਟ ਸਾਲ 1947 ਵਿੱਚ ਜੀ ਡਬਲਯੂ ਬੈਰਲੋ ਤੇ ਜੌਹਨ ਰੌਬਿਨਸਨ ਨੂੰ ਲੱਭੇ। ਇਹ ਵੀ ਦੋ ਪੈਰਾਂ ਨਾਲ ਚੱਲਣ ਵਾਲਾ ਆਦਿ-ਮਾਨਵ ਸੀ। ਇਸ ਦਾ ਦਿਮਾਗ਼ੀ ਆਕਾਰ 420 ਤੋਂ 500 ਮਿਲੀਲਿਟਰ ਦੇ ਵਿੱਚ ਵਿਚਾਲੇ ਸੀ, ਪਰ ਬੋਲ ਸਕਣ ਦੇ ਸਮਰੱਥ ਦਿਮਾਗ਼ੀ ਆਕਾਰ ਨਾਲੋਂ ਛੋਟਾ ਸੀ। ਇਸ ਦੇ ਸੂਆ ਦੰਦ ਐਫਾਰੈਂਸਿਸ ਦੇ ਸੂਆ ਦੰਦਾਂ ਨਾਲੋਂ ਛੋਟੇ ਹੋ ਗਏ ਸਨ। ਇਸ ਦੇ ਦੰਦ ਤੇ ਜਬਾੜੇ ਅਜੋਕੇ ਮਨੁੱਖ ਨਾਲ ਮਿਲਦੇ ਸਨ, ਪਰ ਕਾਫ਼ੀ ਵੱਡੇ ਸਨ।

ਅੱਜ ਤੋਂ 25 ਕੁ ਲੱਖ ਸਾਲ ਪਹਿਲਾਂ ਹੋਏ ਅਸਟਰਾਲੋਪਿਥੀਕਸ ਗਾਰੀ ਦੇ ਪਥਰਾਟ 1996 ਵਿੱਚ ਇਥੋਪੀਆ ਵਿੱਚੋਂ ਮਿਲੇ। ਗਾਰੀ ਸ਼ਬਦ ਦਾ ਅਰਥ ਹੈ ਹੈਰਾਨ ਕਰਨ ਵਾਲਾ ਕਿਉਂਕਿ ਉਦੋਂ ਇਸ ਖੋਜ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਦੰਦਾਂ ਦਾ ਆਕਾਰ ਬਹੁਤ ਵੱਡਾ ਸੀ।

ਅਸਟਰਾਲੋਪਿਥੀਕਸ ਸੈਦੀਬਾ ਨਾਮਕ ਆਦਿ-ਮਾਨਵ ਦਾ ਪਥਰਾਟ 2008 ’ਚ ਦੱਖਣੀ ਅਫਰੀਕਾ ਦੇ ਮਲਾਪਾ ਸਥਾਨ ਤੋਂ ਮਿਲਿਆ। ਇਹ 18 ਤੋਂ 20 ਲੱਖ ਸਾਲ ਪਹਿਲਾਂ ਹੋਈ ਮਾਦਾ ਦਾ ਪਥਰਾਟ ਸੀ। ਇਸ ਦੇ ਨਾਲ ਇੱਕ ਮੁੰਡੇ ਦੀ ਖੋਪੜੀ ਮਿਲੀ ਜਿਸ ਦਾ ਦਿਮਾਗ਼ੀ ਆਕਾਰ 430 ਮਿਲੀਲਿਟਰ ਤੇ ਕੱਦ ਲਗਭਗ 4 ਫੁੱਟ 3 ਇੰਚ ਸੀ। ਇਹ ਜੀਵ ਅਸਟਰਾਲੋਪਿਥੀਸੀਨ ਤੇ ਹੋਮੋ (ਮਾਨਵੀ) ਵਿਚਾਲੇ ਇੱਕ ਕੜੀ ਵਜੋਂ ਜਾਪਦਾ ਸੀ ਤੇ ਹੋਮੋ ਦੇ ਵਧੇਰੇ ਨੇੜੇ ਹੋਣ ਕਰਕੇ ਹੋਮੋ-ਇਰੈਕਟਸ ਦਾ ਕੋਈ ਵਡੇਰਾ ਹੋ ਸਕਦਾ ਸੀ।

ਅਸਟਰਾਲੋਪਿਥੀਕਸ ਰੋਬਸਟਸ ਨਾਮਕ ਵੱਡੇ ਜਬਾੜੇ ਵਾਲਾ ਆਦਿ-ਮਾਨਵ 12 ਤੋਂ 20 ਲੱਖ ਸਾਲ ਪਹਿਲਾਂ ਦੱਖਣੀ ਅਫਰੀਕਾ ’ਚ ਵਿਚਰਦਾ ਰਿਹਾ ਹੈ।ਪਹਿਲਾਂ 1938 ਵਿੱਚ ਇਸ ਦੇ ਪਥਰਾਟ ਮਿਲੇ ਅਤੇ ਫਿਰ ਹੋਰ ਪਥਰਾਟ ਦੱਖਣੀ ਅਫਰੀਕਾ ’ਚ ਕਈ ਥਾਵਾਂ ਤੋਂ ਮਿਲਦੇ ਰਹੇ। ਸਵਾਰਟਕਰੈਨਜ਼ ਦੀ ਇੱਕ ਗੁਫ਼ਾ ’ਚੋਂ ਕੋਈ 130 ਪਥਰਾਟ ਅੰਸ਼ ਮਿਲੇ। ਐਂਥਰੋਪੋਲੋਜਿਸਟ ਰੌਬਰਟ ਬਰੂਮ ਨੇ ਇਸ ਸਪੀਸ਼ੀ ਦਾ ਨਾਮ ਪੈਰੈਂਥਰੋਪਸ ਰੋਬਸਟਸ ਰੱਖਿਆ। ਇਉਂ ਇਹ ਕਿਸਮ ਦੋਵੇਂ ਨਾਵਾਂ ਨਾਲ ਜਾਣੀ ਜਾਂਦੀ ਹੈ। ਇਸ ਦਾ ਦਿਮਾਗ਼ੀ ਆਕਾਰ ਤਕਰੀਬਨ 540 ਮਿਲੀਲਿਟਰ ਸੀ। ਭਾਰੀ ਭਰਕਮ ਜਬਾੜੇ ਤੇ ਵੱਡੇ ਦੰਦਾਂ ਕਾਰਨ ਇਸ ਨੂੰ ਰੋਬਸਟਮ ਕਿਹਾ ਗਿਆ। ਉਦੋਂ ਹੀ ਜਿਜਾਂਥਰੋਪਸ ਬੋਇਸੀ ਵੀ ਹੋਇਆ ਜਿਸਦਾ ਰੂਪ ਰੋਬਸਟਸ ਵਰਗਾ, ਪਰ ਸਰੀਰ ਉਸ ਤੋਂ ਕੁਝ ਭਾਰਾ ਸੀ। ਫਿਰ ਪੱਥਰ ਦੇ ਸੰਦ ਵਰਤਣ ਵਾਲਾ ਆਦਿ-ਮਾਨਵ ਹੋਮੋ ਹੈਬਿਲਿਸ ਹੋਇਆ। ਇਹ 24 ਤੋਂ 15 ਲੱਖ ਵਰ੍ਹੇ ਪਹਿਲਾਂ ਤੱਕ ਅਫਰੀਕਾ ਦੇ ਜੰਗਲਾਂ ਵਿੱਚ ਰਹਿੰਦਾ ਸੀ। ਇਸ ਦਾ ਖ਼ਾਸ ਪਥਰਾਟ 1960 ਵਿੱਚ ਤਨਜ਼ਾਨੀਆ ਦੀ ਓਲਡ-ਵਾਏ ਜੌਰਜ ’ਚੋਂ ਮਿਲਿਆ। ਇਸ ਦੇ ਦਿਮਾਗ਼ ਦਾ ਆਕਾਰ 550 ਤੋਂ 800 ਮਿਲੀਲਿਟਰ ਤੱਕ ਤੇ ਕੱਦ ਲਗਭਗ 5 ਫੁੱਟ ਸੀ ਅਤੇ ਦਿਮਾਗ਼ ਦੀ ਬਣਾਵਟ ਮਨੁੱਖੀ ਦਿਮਾਗ਼ ਵਰਗੀ ਸੀ।

ਅਫਰੀਕਾ ਤੋਂ ਬਾਹਰ ਨਿਕਲ ਕੇ ਪੂਰਬੀ ਯੂਰਪ ਵਿੱਚ ਜਾਰਜੀਆ ਦੇ ਦਮਾਨਿਸੀ ਕੋਲੋਂ ਸਾਲ 2002 ਵਿੱਚ 18 ਲੱਖ ਸਾਲ ਪੁਰਾਣੀਆਂ ਤਿੰਨ ਖੋਪੜੀਆਂ ਤੇ ਏਨੇ ਹੀ ਹੇਠਲੇ ਜਬਾੜਿਆਂ ਦੇ ਅੰਸ਼ ਮਿਲੇ। ਇਨ੍ਹਾਂ ਦੇ ਦਿਮਾਗ਼ ਦਾ ਆਕਾਰ ਦਾ ਅੰਦਾਜ਼ਨ 600 ਤੋਂ 780 ਮਿਲੀਲਿਟਰ ਤੱਕ ਬਣਦਾ ਸੀ। ਪੈਰ ਦੀ ਹੱਡੀ ਤੋਂ ਅਨੁਮਾਨਿਤ ਇਸ ਹੋਮੋ ਦਾ ਕੱਦ 4 ਫੁੱਟ 11 ਇੰਚ ਤੱਕ ਦੇ ਲਗਭਗ ਬਣਦਾ ਸੀ ਤੇ ਹੋਮੋ-ਜਾਰਜੀਕਸ ਨਾਮਕ ਇਹ ਸਪੀਸ਼ੀ ਹੋਮੋ ਹੈਬਿਲਿਸ ਤੇ ਹੋਮੋ ਇਰੈਕਟਸ ਦੇ ਵਿਚਲਾ ਪੜਾਅ ਸੀ।

ਅਠਾਰਾਂ ਲੱਖ ਸਾਲ ਤੋਂ ਲੈ ਕੇ ਤਕਰੀਬਨ ਤੀਹ ਹਜ਼ਾਰ ਸਾਲ ਪਹਿਲਾਂ ਤੱਕ ਇਸ ਧਰਤੀ ’ਤੇ ਹੋਮੋ-ਇਰੈਕਟਸ ਵਿਚਰਦਾ ਰਿਹਾ ਹੈ। ਹੋਮੋ-ਇਰੈਕਟਸ ਦਾ ਅਰਥ ਹੈ ਸਿੱਧਾ ਖੜੋ ਸਕਣ ਵਾਲਾ ਮਾਨਵ। ਹੋਮੋ-ਹੈਬਿਲਿਸ ਵਾਂਗ ਇਸ ਦੇ ਜਬਾੜੇ ਵੀ ਉੱਭਰੇ ਹੁੰਦੇੇ ਸਨ ਤੇ ਇਸ ਦੇ ਭਰਵੱਟੇ ਵੀ ਰਿੱਜ ਜਾਂ ਵੱਟ ਵਾਂਗ ਉਤਾਂਹ ਉੱਠੇ ਹੋਏ ਸਨ, ਪਰ ਇਸ ਦੀ ਠੋਡੀ ਗਾਇਬ ਸੀ। ਸਮੇਂ ਨਾਲ ਇਸ ਦੇ ਦਿਮਾਗ਼ ਦਾ ਆਕਾਰ 750 ਤੋਂ 1225 ਮਿਲੀਲਿਟਰ ਤੱਕ ਪੁੱਜ ਗਿਆ।ਇਸ ਦਾ ਪਿੰਜਰ ਅਜੋਕੇ ਮਨੁੱਖ ਨਾਲੋਂ ਵਧੇਰੇ ਮਜ਼ਬੂਤ ਸੀ। ਸਾਰੇ ਅਸਟਰਾਲੋਪਿਥੀਕਸ ਤੇ ਹੋਮੋ ਹੈਬਿਲਿਸ ਦੇ ਪਥਰਾਟ ਸਿਰਫ਼ ਅਫਰੀਕਾ ਵਿੱਚੋਂ ਮਿਲੇ ਹਨ, ਪਰ ਹੋਮੋ-ਇਰੈਕਟਸ ਦੇ ਅਵਸ਼ੇਸ਼ ਅਫਰੀਕਾ ਤੋਂ ਇਲਾਵਾ ਏਸ਼ੀਆ ਤੇ ਯੂਰਪ ਦੇ ਕਈ ਹੋਰ ਸਥਾਨਾਂ ਤੋਂ ਵੀ ਮਿਲੇ ਹਨ, ਭਾਵ ਕਿ ਇਹ ਤੁਰਨ ਭੱਜਣ ਕਰਕੇ ਦੂਰ ਦੁਰਾਡੇ ਤੱਕ ਚਲਾ ਗਿਆ, ਜਿਵੇਂ ਡਾ. ਡੂਬਵਾ ਨੂੰ ਜਾਵਾ ਤੋਂ ਹੋਮੋ-ਇਰੈਕਟਸ ਦਾ ਪਥਰਾਟ ਮਿਲਿਆ ਸੀ। ਪੀਕਿੰਗ ਮੈਨ (ਹੋਮੋ-ਇਰੈਕਟਸ ਪੀਕਿਨੈਂਸਿਜ਼) ਦਾ ਪਥਰਾਟ ਪੀਕਿੰਗ ਕੋਲ 1923-27 ਦੀ ਖੁਦਾਈ ਸਮੇਂ ਮਿਲਿਆ। ਇਹ ਤਕਰੀਬਨ 7-8 ਲੱਖ ਸਾਲ ਪੁਰਾਣਾ ਸੀ। ਫਿਰ ਸਾਲ 1927 ਤੋਂ 1937 ਤੱਕ ਚੀਨ ਵਿੱਚ ਇਸ ਦੇ ਕੋਈ 26 ਪਥਰਾਟ ਨਮੂਨੇ ਮਿਲੇ ਸਨ ਜੋ 3 ਤੋਂ 5 ਲੱਖ ਸਾਲ ਤੱਕ ਪੁਰਾਣੇ ਮਾਪੇ ਗਏ। ਕੀਨੀਆ ਦੀ ਝੀਲ ਟਰਕਾਨਾ ਕੋਲੋਂ ਰਿਚਰਡ ਲੀਕੀ ਨੇ 1984 ਵਿੱਚ 11-12 ਸਾਲ ਉਮਰ ਵਾਲੇ ਹੋਮੋ-ਇਰੈਕਟਸ ਮੁੰਡੇ ਦਾ ਪਥਰਾਟ ਪਿੰਜਰ ਲੱਭਿਆ ਜਿਸ ਨੂੰ ਟਰਕਾਨਾ ਬੌਇ ਦਾ ਨਾਮ ਦਿੱਤਾ ਗਿਆ। ਇਸ ਨੂੰ ਕਈ ਵਿਗਿਆਨੀ ਹੋਮੋ-ਐਰਗੇਸਟਰ ਵੀ ਕਹਿੰਦੇ ਹਨ। ਇਸ ਦਾ ਕੱਦ ਸਵਾ ਤੋਂ ਸਾਢੇ ਪੰਜ ਫੁੱਟ ਦੇ ਵਿੱਚ ਸੀ। ਇਸ ਗੱਲ ਦੇ ਸਬੂਤ ਵੀ ਮਿਲੇ ਹਨ ਕਿ ਇਹ ਜੀਵ ਅੱਗ ਦੀ ਵਰਤੋਂ ਕਰਦਾ ਸੀ।ਇਸ ਜੀਵ ਦੁਆਰਾ ਬਣਾਏ ਗਏ ਪੱਥਰ ਦੇ ਸੰਦ ਵੀ ਹੋਮੋ-ਹੇਬਿਲਿਸ ਦੇ ਸੰਦਾਂ ਨਾਲੋਂ ਵਧੇਰੇ ਵਿਕਸਿਤ ਸਨ।

ਸਾਲ 1997 ਵਿੱਚ ਵਿਗਿਆਨੀਆਂ ਨੂੰ ਸਪੇਨ ਦੀ ਇੱਕ ਗੁਫ਼ਾ ’ਚੋਂ ਮਿਲਿਆ 7,80,000 ਸਾਲ ਪੁਰਾਣਾ ਹੋਮੋ-ਐਂਟੇਸੈਸਰ ਦਾ ਪਥਰਾਟ ਯੂਰਪ ’ਚ ਮਿਲੇ ਸਭ ਤੋਂ ਪੁਰਾਣੇ ਆਦਿ-ਮਾਨਵ ਦਾ ਪਥਰਾਟ ਸੀ। ਇਸ ਦੇ ਦੰਦ ਵਧੇਰੇ ਆਧੁਨਿਕ ਜਾਪਦੇ ਸਨ, ਪਰ ਮੱਥਾ ਅਤੇ ਭਰਵੱਟਿਆਂ ਦੀਆਂ ਵੱਟਾਂ ਪੁਰਾਣੀ ਕਿਸਮ ਦੀਆਂ ਹੀ ਸਨ।

ਜਰਮਨੀ ਦੇ ਹਾਈਡਲਬਰਗ ਨੇੜਿਓਂ 1907 ’ਚ ਮਨੁੱਖ ਵਰਗਾ ਇੱਕ ਜਬਾੜਾ ਮਿਲਿਆ। ਉਸ ਦੇ ਦੰਦ ਤਾਂ ਮਨੁੱਖ ਵਰਗੇ ਸਨ, ਪਰ ਜਬਾੜਾ ਬਹੁਤ ਭਾਰਾ ਤੇ ਵੱਡਾ ਸੀ। ਇਸ ਦਾ ਨਾਮ ਹੋਮੋ-ਹਾਈਡਲਬਰਗੈਨਸਿਜ਼ ਰੱਖਿਆ ਗਿਆ। ਇਹ 3 ਤੋਂ 6 ਲੱਖ ਸਾਲ ਪਹਿਲਾਂ ਤੱਕ ਕਾਇਮ ਰਹੀ। ਇਸ ਦੇ ਕਈ ਪਥਰਾਟ ਹੋਰਨਾਂ ਥਾਵਾਂ ਤੋਂ ਵੀ ਮਿਲੇ। ਫਰਾਂਸ ਦੀਆਂ ਅਰਾਗੋ ਗੁਫ਼ਾਵਾਂ ’ਚੋਂ ਸਾਲ 1964 ਤੋਂ ਕਈ ਖੋਪੜੀਆਂ ਤੇ ਜਬਾੜਿਆਂ ਦੇ ਟੁਕੜੇ ਮਿਲ ਚੁੱਕੇ ਹਨ ਜਿਨ੍ਹਾਂ ਦੀ ਉਮਰ ਢਾਈ ਤੋਂ ਚਾਰ ਲੱਖ ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਸਭ ਤੋਂ ਪੁਰਾਣੇ ਛੇ ਜਣਿਆਂ ਦੇ ਪਥਰਾਟ ਸਪੇਨ ਵਿੱਚੋਂ ਮਿਲੇ ਜੋ 8 ਤੋਂ 10 ਲੱਖ ਸਾਲ ਤੱਕ ਪੁਰਾਣੇ ਹਨ। ਇੰਗਲੈਂਡ ਦੇ ਸਵੈਨਸਕੋਂਬ ਤੇ ਜਰਮਨੀ ਦੇ ਸਟੀਨਹੀਮ ਤੋਂ ਇਲਾਵਾ ਭਾਰਤ ਦੀ ਨਰਮਦਾ ਘਾਟੀ ’ਚੋਂ ਵੀ ਇਸ ਦੀ ਸਕੱਲ ਕੈਪ ਮਿਲੀ ਹੈ। ਇਸੇ ਜਾਤੀ ਤੋਂ ਅਫਰੀਕਾ ਵਿੱਚ ਆਰਕਾਇਕ ਹੋਮੋ-ਸੇਪੀਅਨਜ਼ (ਜਾਂ ਪੁਰਾਤਨ ਸਿਆਣਾ ਮਨੁੱਖ) ਵਿਕਸਿਤ ਹੋਇਆ ਸੀ ਜਾਂ ਇਹ ਵੀ ਸ਼ਾਇਦ ਉਹੋ ਰੂਪ ਸੀ।

ਹੋਮੋਸੇਪੀਅਨਜ਼ ਨਿਐਂਡਰਥਲੈਂਸਿਸ’ ਜਾਂ ਨਿਐਂਡਰਥਲ ਮਾਨਵ 2,3000 ਸਾਲ ਤੋਂ ਲੈ ਕੇ ਕੋਈ 30,000 ਸਾਲ ਤੱਕ ਰਿਹਾ। ਇਸ ਦੇ ਦਿਮਾਗ਼ ਦਾ ਆਕਾਰ 1450 ਮਿਲੀਲਿਟਰ ਸੀ, ਆਧੁਨਿਕ ਮਨੁੱਖ ਨਾਲੋਂ ਕੁਝ ਵੱਡਾ ਸੀ (ਸ਼ਾਇਦ ਸਰੀਰ ਭਾਰਾ ਹੋਣ ਕਰਕੇ)। ਉਸ ਦਾ ਸਿਰ ਲੰਬਾਤਮਕ ਤੇ ਪਿੱਛੇ ਵੱਲ ਵਧਿਆ ਹੋਇਆ ਸੀ। ਭਰਵੱਟੇ ਉੱਭਰੇ ਹੋਏ ਸਨ ਤੇ ਕੱਦ ਔਸਤਨ 5 ਫੁੱਟ 6 ਇੰਚ ਸੀ। ਹੱਡੀਆਂ ਭਾਰੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਸਨ। ਪਹਿਲਾਂ ਇਸ ਦੀ ਇੱਕ ਖੋਪੜੀ ਸੰਨ 1848 ਵਿੱਚ ਸਪੇਨ ਤੋਂ ਮਿਲੀ ਸੀ। ਫਿਰ 1856 ਵਿੱਚ ਜਰਮਨੀ ਦੀ ਨਿਐਂਡਰ ਘਾਟੀ ਵਿੱਚੋਂ ਇਸ ਦੇ ਪਿੰਜਰ ਤੇ ਖੋਪੜੀ ਦੇ ਟੁਕੜੇ ਮਿਲੇ। ਇਸ ਪਰਜਾਤੀ ਦੇ ਕਈ ਪਥਰਾਟ ਬਾਅਦ ਵਿੱਚ ਹੋਰਨਾਂ ਥਾਵਾਂ ਤੋਂ ਵੀ ਮਿਲਦੇ ਰਹੇ। ਇਸ ਦਾ ਨਾਮ ਨਿਐਂਡਰਥਲ ਨਾਲ ਹੀ ਚੱਲਦਾ ਰਿਹਾ।ਨਿਐਂਡਰਥਲ ਮਾਨਵ ਸਰਦ ਮੌਸਮਾਂ ਦੌਰਾਨ ਵਿਚਰਿਆ ਤੇ ਠੰਢ ਨੂੰ ਸਹਿੰਦਾ ਰਿਹਾ ਹੈ। ਇਸ ਦੇ ਪਥਰਾਟ ਸਾਰੇ ਯੂਰਪ ਤੇ ਮੱਧ ਪੂਰਬੀ ਦੇਸ਼ਾਂ ’ਚੋਂ ਮਿਲਦੇ ਰਹੇ ਹਨ। ਇਹ ਜੀਵ ਵੀ ਪੱਥਰ ਦੇ ਸੰਦ ਘੜਦਾ ਤੇ ਵਰਤਦਾ ਸੀ।

ਸਾਲ 2003 ਵਿੱਚ ਇੰਡੋਨੇਸ਼ੀਆ ਤੋਂ ਮਨੁੱਖ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਹੋਈ। ਲਗਭਗ 3 ਫੁੱਟ 7 ਇੰਚ ਕੱਦ ਵਾਲੀ ਔਰਤ ਦਾ ਅੰਸ਼ਕ ਪਿੰਜਰ ਮਿਲਿਆ ਜਿਸ ਦੇ ਛੋਟੇ ਜਹੇ ਸਿਰ ਵਿੱਚ 416 ਮਿਲੀਲਿਟਰ ਦਾ ਦਿਮਾਗ਼ ਆਕਾਰ ਸੀ। ਬਾਅਦ ਵਿੱਚ ਕਈ ਅਜਿਹੇ ਪਥਰਾਟ ਮਿਲੇ ਤੇ ਇਸ ਪ੍ਰਜਾਤੀ ਨੂੰ ‘ਹੋਮੋ-ਫਲੋਰਿਸੈਂਸਿਜ਼’ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕੋਲੋਂ ਛੋਟੇ ਆਕਾਰ ਦੇ ‘ਪੱਥਰ ਸੰਦ’ ਵੀ ਮਿਲੇ ਤੇ ਇਸ ਪ੍ਰਜਾਤੀ ਦੀ ਉਮਰ 60,000 ਸਾਲ ਤੋਂ ਇੱਕ ਲੱਖ ਸਾਲ ਤੱਕ ਪੁਰਾਣੀ ਜਾਂਚੀ ਗਈ ਹੈ। ਉਥੋਂ ਛੋਟੇ ਆਕਾਰ ਦੇ ਹਾਥੀਆਂ ਦੇ ਪਥਰਾਟ ਵੀ ਮਿਲੇ ਹਨ। ਇਸ ਤੋਂ ਇਹ ਜਾਪਦਾ ਹੈ ਕਿ ਉਦੋਂ ਉਨ੍ਹਾਂ ਟਾਪੂਆਂ ’ਤੇ ਸਾਰੇ ਥਣਧਾਰੀ ਛੋਟੇ ਆਕਾਰ ਦੇ ਹੋ ਗਏ ਸਨ। ਇਹ ਪ੍ਰਜਾਤੀ ਹੋਮੋ-ਇਰੈਕਟਸ ਦਾ ਹੀ ਸੁਧਰਿਆ ਰੂਪ ਸੀ। ਸ਼ਾਇਦ ਛੋਟੇ ਟਾਪੂਆਂ ’ਤੇ ਅੱਗੋਂ ਵਿਕਸਿਤ ਹੋਣ ਕਰਕੇ ਥਣਧਾਰੀਆਂ ਦੇ ਆਕਾਰ ਵੀ ਨਹੀਂ ਵਧੇ।

ਸੰਨ 1997 ਵਿੱਚ ਇਥੋਪੀਆ ’ਚੋਂ ਟਿਮ ਵ੍ਹਾਈਟ ਨੂੰ ਕੁਝ ਮਨੁੱਖੀ ਪਥਰਾਟ ਮਿਲੇ ਜਿਨ੍ਹਾਂ ਦੀ ਉਮਰ ਤਕਰੀਬਨ 1,60,000 ਸਾਲ ਮਾਪੀ ਗਈ ਹੈ। ਇਸ ਨੂੰ ਹਰਟੋ ਮੈਨ ਜਾਂ ਹੋਮੋ-ਸੇਪੀਅਨਜ਼ ਇਡਾਲਟੂ ਕਿਹਾ ਗਿਆ। ਅਫਾਰ ਭਾਸ਼ਾ ਦੇ ਸ਼ਬਦ ਇਡਾਲਟੂ ਦਾ ਅਰਥ ਹੈ ਵਡੇਰਾ, ਕਿਉਂਕਿ ਇਹ ਆਧੁਨਿਕ ਮਨੁੱਖ ਦਾ ਵਡੇਰਾ ਸੀ। ਇਹ ‘ਹੋਮੋ-ਸੇਪੀਅਨਜ਼’ ਦੀ ਇੱਕ ਲੁਪਤ ਹੋ ਚੁੱਕੀ ਉਪ-ਪ੍ਰਜਾਤੀ ਹੈ ਜਿਸ ’ਚੋਂ ਅੱਗੋਂ ਅਜੋਕਾ ਮਨੁੱਖ ਨਿਕਲਿਆ ਜਾਪਦਾ ਹੈ। ਮਿਲੇ ਪਥਰਾਟਾਂ ਵਿੱਚ ਇੱਕ ਪ੍ਰੌਢ ਵਿਅਕਤੀ ਦੀ ਸਾਲਮ ਖੋਪੜੀ ਦਾ ਦਿਮਾਗ਼ੀ ਆਕਾਰ 1450 ਮਿਲੀਲਿਟਰ ਸੀ, ਜੋ ਹਰਟੋ ਬਾਉਰੀ ਦੀ ਜਵਾਲਾਮੁਖੀ ਰਾਖ ਹੇਠੋਂ ਮਿਲਿਆ ਸੀ।

ਹੋਮੋ-ਸੇਪੀਅਨਜ਼ ਸੇਪੀਅਨਜ਼ ਜਾਂ ਸਿਆਣਾ ਸਿਆਣਾ ਮਨੁੱਖ (ਆਧੁਨਿਕ ਮਾਨਵ) ਕਰੀਬ ੧ ਲੱਖ 95 ਹਜ਼ਾਰ ਸਾਲ ਪਹਿਲਾਂ ਅਫ਼ਰੀਕਾ ਵਿੱਚ ਹੀ ਹੋਂਦ ਵਿੱਚ ਆਇਆ। ਦਿਮਾਗ਼ ਦਾ ਆਕਾਰ ਲਗਭਗ 1350 ਮਿਲੀਲਿਟਰ, ਮੱਥਾ ਸਿੱਧਾ ਤੇ ਇਸ ਦੇ ਭਰਵੱਟੇ ਵੀ ਉੱਭਰੇ ਹੋਏ ਨਹੀਂ ਸਨ। ਪਹਿਲਾਂ ਪਹਿਲ ਇਹ ਸਾਦੇ ਘੜੇ ਪੱਥਰ ਦੇ ਸੰਦ ਵਰਤਦਾ ਰਿਹਾਤੇ ਫਿਰ ਹੌਲੀ ਹੌਲੀ ਸੰਦ ਬਿਹਤਰ ਹੋ ਗਏ। ਕੋਈ 40,000 ਸਾਲ ਪਹਿਲਾਂ ਕਰੋਮੈਗਨੋਨ ਵਿਗਸਿਆ ਜੋ ਪੱਥਰ ਦੇ ਬਿਹਤਰ ਸੰਦ ਘੜਨ ਲੱਗਿਆ ਸੀ। ਅਗਲੇ ਵੀਹ ਕੁ ਹਜ਼ਾਰ ਸਾਲ ਮਨੁੱਖ ਨੇ ਹੋਰ ਉੱਨਤੀ ਕੀਤੀ, ਕਲਾਕ੍ਰਿਤਾਂ ਬਣਾਉਨ ਲੱਗਾ ਤੇ ਹਾਥੀ ਦੰਦਾਂ ’ਤੇ ਉਕਰਾਈ ਤੇ ਮਿੱਟੀ ਦੀਆਂ ਮੂਰਤੀਆਂ ਵੀ ਘੜਨ ਲੱਗਿਆ।ਗੁਫ਼ਾਵਾਂ ਵਿੱਚ ਤੀਹ ਤੋਂ ਚਾਲੀ ਹਜ਼ਾਰ ਸਾਲ ਪੁਰਾਣੀਆਂ ਤਸਵੀਰਾਂ ਦੇ ਸਬੂਤ ਕਈ ਥਾਈਂ ਮਿਲੇ ਹਨ।

ਦਰਅਸਲ, ਅਫਰੀਕਾ ਹੀ ਮਨੁੱਖ ਦੇ ਮਹਾਂ ਪਿੱਤਰਾਂ ਦੀ ਜਨਮ ਭੋਇੰ ਹੈ।ਚਿੰਪੈਂਜ਼ੀ ਤੇ ਅਸਟਰਾਲੋਪਿਥੀਕਸ ਦੇ ਸਾਂਝੇ ਪਿੱਤਰ ਤੋਂ ਆਰੰਭ ਕਰ ਕੇ ਹੋਮੋ-ਇਰੈਕਟਸ ਦੀਆਂ ਲਗਭਗ ਸਾਰੀਆਂ ਕਿਸਮਾਂ ਅਫਰੀਕਾ ਵਿੱਚ ਹੀ ਵਿਗਸੀਆਂ। ਕੋਈ 20 ਲੱਖ ਸਾਲ ਪਹਿਲਾਂ ਹੋਮੋ-ਇਰੈਕਟਸ ਅਫਰੀਕਾ ਵਿੱਚੋਂ ਬਾਹਰ ਨਿਕਲਿਆ ਤੇ ਦੁਨੀਆ ਦੇ ਕਈ ਮਹਾਂਦੀਪਾਂ ਵਿੱਚ ਫੈਲ ਗਿਆ।ਫਿਰ ਇਸ ਦੀ ਕਿਸੇ ਹਰਟੋ ਮੈਨ ਵਰਗੀ ਕਿਸੇ ਉਪ-ਪ੍ਰਜਾਤੀ ’ਚੋਂ ਦੋ ਲੱਖ ਸਾਲ ਤੋਂ ਸੱਠ ਹਜ਼ਾਰ ਸਾਲ ਪੂਰਵ ਤੱਕ ਆਧੁਨਿਕ ਮਾਨਵ ਉਪਜਿਆ। ਨਿਐਂਡਰਥਲ ਮਾਨਵ ਵੀ ਹੋਮੋ-ਇਰੈਕਟੱਸ ’ਚੋਂ ਹੀ ਨਿਕਲਿਆ ਸੀ, ਜੋ ਸਾਰੇ ਯੂਰਪ ਵਿੱਚ ਫੈਲ ਗਿਆ। ਉਹ ਪ੍ਰਜਾਤੀਆਂ ਫਿਰ ਵੀ ਤੀਹ-ਚਾਲੀ ਹਜ਼ਾਰ ਸਾਲ ਪਹਿਲਾਂ ਤੱਕ ਧਰਤੀ ’ਤੇ ਜਿਊਂਦੀਆਂ ਰਹੀਆਂ। ਹੋਮੋ-ਸੇਪੀਅਨਜ਼ ਸੇਪੀਅਨਜ਼ ਦੀ ਇੱਕ ਸ਼ਾਖ ਸਵਾ ਲੱਖ ਤੋਂ 60,000 ਸਾਲ ਵਿਚਾਲੇ ਅਫ੍ਰੀਕਾ ’ਚੋਂ ਵਾਰ ਵਾਰ ਬਾਹਰ ਨਿਕਲਦੀ ਰਹੀ ਤੇ ਇਨ੍ਹਾਂ ਲੋਕਾਂ ਨੇ ਜਗ੍ਹਾ ਜਗ੍ਹਾ ਬਚੇ ਹੋਏ ਹੋਮੋ-ਇਰੈਕਟਸ ਤੇ ਨਿਐਂਡਰਥਲਾਂ ਦੀ ਥਾਂ ਲੈ ਲਈ; ਜਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ, ਤੇ ਜਾਂ ਉਹ ਕਿਸੇ ਕਾਰਨ ਧਰਤੀ ਤੋਂ ਲੋਪ ਹੋ ਗਏ। ਭਾਰਤ ਵਿੱਚ ਆਧੁਨਿਕ ਮਾਨਵ ਅਫਰੀਕਾ ’ਚੋਂ ਹੀ 50-60 ਹਜ਼ਾਰ ਸਾਲ ਪਹਿਲਾਂ ਨਿਕਲ ਕੇ ਆਇਆ ਸੀ, ਜਿਸਦੇ ਸਬੂਤ ਲੜੀਆਂ ਜੋੜ ਕੇ ਜੇਨੈਟਿਕ ਅਧਿਐਨ ਤੋਂ ਮਿਲੇ ਹਨ। ਹੁਣ ਸਭ ਪਾਸੇ ਆਧੁਨਿਕ ਮਨੁੱਖ ਦਾ ਰਾਜ ਹੈ।

* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।

ਸੰਪਰਕ: 98143-48697

Advertisement
×