ਸੁਨਾਮੀ ਲਹਿਰਾਂ ਅੱਗੇ ਬੇਵੱਸ ਮਨੁੱਖ
ਸੁਖਮੰਦਰ ਸਿੰਘ ਤੂਰ
ਸ਼ੁਰੂ ਤੋਂ ਹੀ ਮਨੁੱਖ ਕੁਦਰਤੀ ਵਰਤਾਰਿਆਂ ਨੂੰ ਸਮਝਦਾ ਬੁਝਦਾ ਹੀ ਵਿਗਿਆਨ ਦੇ ਖੇਤਰ ਵਿੱਚ ਤੱਥਾਂ, ਸਿਧਾਤਾਂ ਤੇ ਜੁਗਤਾਂ ਦੀ ਘਾੜਤ ਘੜਦਾ ਰਿਹਾ ਹੈ। ਇਸੇ ਕਰਕੇ ਹੀ ਉਸ ਨੇ ਇਸ ਧਰਤੀ ਦਾ ਹਰ ਕੋਨਾ ਸਮੁੰਦਰਾਂ ਦੇ ਐਨ ਕੰਢਿਆਂ ਤੱਕ ਬੇਖ਼ੌਫ਼ ਹੋ ਕੇ ਮੱਲਿਆ ਹੋਇਆ ਹੈ। ਨੀਲੇ ਪਾਣੀਆਂ ਦੀਆਂ ਸੰਗੀਤਕ ਲਹਿਰਾਂ ਨੂੰ ਮਾਣਨ ਲਈ ਉਹ ਸਮੁੰਦਰਾਂ ਦੇ ਕੰਢਿਆਂ ’ਤੇ ਵਿਛੀ ਧੁੱਪ ਵਿੱਚ ਲਿਸ਼ਕਦੀ ਰੇਤ ਉੱਪਰ ਮੌਜ ਮਸਤੀ ਕਰਦਾ ਭੁੱਲ ਜਾਂਦਾ ਹੈ ਕਿ ਮਿਹਰਬਾਨ ਕੁਦਰਤ ਕਦੇ ਕਹਿਰਵਾਨ ਵੀ ਹੋ ਸਕਦੀ ਹੈ। ਨੀਲੇ ਪਾਣੀਆਂ ਦੀਆਂ ਚਾਂਦੀ ਰੰਗੀਆਂ ਛੱਲਾਂ ਕਿਸੇ ਸਮੇਂ ਵੀ ਪਾਣੀ ਦੀ 70-80 ਫੁੱਟ ਉੱਚੀ ਕੰਧ ਬਣ ਕੇ ਸਮੁੰਦਰ ਦੇ ਕੰਢੇ ਮੌਜ ਮਸਤੀ ਦੇ ਜਸ਼ਨਾਂ ਨੂੰ ਮਾਣ ਰਹੀ ਮਨੁੱਖਤਾ ਨੂੰ ਤਾਂ ਕੀ ਦੂਰ-ਨੇੜੇ ਦਿਖਾਈ ਦਿੰਦੇ ਪੰਜ-ਪੰਜ ਮੰਜ਼ਿਲੇ ਘਰਾਂ/ਹੋਟਲਾਂ ਅਤੇ ਹੋਰ ਉੱਚੀਆਂ ਇਮਾਰਤਾਂ ਤੱਕ ਉੱਪਰੋਂ ਦੀ ਲੰਘ ਜਾਂਦੀ ਹੈ। ਇਸ ਲਹਿਰ ਵਿੱਚ ਮੋਟਰ ਗੱਡੀਆਂ ਅਤੇ ਮਨੁੱਖ ਦੀ ਬਣਾਈ ਹਰ ਸ਼ੈਅ ਰੁੜ੍ਹ ਜਾਂਦੀ ਹੈ। ਸਮੁੰਦਰੀ ਸਾਗਰ ਧੁਰ ਅੰਦਰ ਤੱਕ ਹਿੱਲ ਜਾਂਦੇ ਹਨ। ਧੁਰ ਪਤਾਲ ਤੱਕ ਹਿੱਲੇ ਇਨ੍ਹਾਂ ਸਾਗਰਾਂ ਤੋਂ ਪੈਦਾ ਹੋਈਆਂ ਲਹਿਰਾਂ ਨੂੰ ਵਿਗਿਆਨੀਆਂ ਨੇ ਸੁਨਾਮੀ ਲਹਿਰਾਂ ਦਾ ਨਾਮ ਦਿੱਤਾ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਸੁਨਾਮੀ ਸ਼ਬਦ ਜਾਪਾਨੀ ਭਾਸ਼ਾ ਦਾ ਸ਼ਬਦ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਜੋੜ ਅੰਗਰੇਜ਼ੀ ਵਰਣਮਾਲਾ ਦੇ ਵਰਣ ‘ਟੀ’ ਨਾਲ ਸ਼ੁਰੂ ਹੁੰਦੇ ਹਨ। ਮੂਲ ਸ਼ਬਦ ਦੇ ਦੋ ਟੋਟੇ ਹਨ ਤਸੁ ਅਤੇ ਨਾਮੀ। ਤਸੁ ਦਾ ਅਰਥ ਹੈ ਸਮੁੰਦਰ ਦੀ ਗੋਦ ਅਤੇ ਨਾਮੀ ਦਾ ਅਰਥ ਹੈ ਲਹਿਰ। ਇਸ ਤਰ੍ਹਾਂ ਇਸ ਦਾ ਮੂਲ ਰੂਪ ਤਸੁਨਾਮੀ ਹੈ, ਜਿਸ ਨੂੰ ਸੌਖੀ ਭਾਸ਼ਾ ਵਿੱਚ ਸੁਨਾਮੀ ਉਚਾਰਿਆ ਜਾਂਦਾ ਹੈ। ਸਮੁੰਦਰ ਵਿੱਚੋਂ ਉੱਠੀ ਹਰ ਲਹਿਰ ਸੁਨਾਮੀ ਨਹੀਂ ਹੁੰਦੀ। ਸਾਗਰਾਂ ਦੇ ਧੁਰ ਅੰਦਰ ਤੱਕ ਫੁੱਟਣ ਵਾਲੀ ਹਰ ਲਹਿਰ ਹੀ ਸੁਨਾਮੀ ਹੁੰਦੀ ਹੈ। ਇਨ੍ਹਾਂ ਸਾਗਰਾਂ ਦੇ ਧੁਰ ਅੰਦਰ ਫੁੱਟਣ ਵਾਲਾ ਕੋਈ ਭਿਅੰਕਰ ਭੁਚਾਲ ਜਾਂ ਜਵਾਲਾਮੁਖੀ ਇਨ੍ਹਾਂ ਭਿਆਨਕ ਲਹਿਰਾਂ ਦੀ ਵਜ੍ਹਾ ਬਣਦਾ ਹੈ। ਖੁੱਲ੍ਹੇ ਸਾਗਰਾਂ ਵਿੱਚ ਸੁਨਾਮੀ ਲਹਿਰਾਂ ਦੀ ਤਰੰਗ ਲੰਬਾਈ ਬਹੁਤ ਵੱਡੀ ਹੁੰਦੀ ਹੈ। ਇਹ ਉੱਚੀ ਰਫ਼ਤਾਰ ਨਾਲ ਕਿਨਾਰਿਆਂ ਵੱਲ ਵਧਦੀਆਂ ਹਨ। ਜਿਉਂ-ਜਿਉਂ ਸੁਨਾਮੀ ਲਹਿਰਾਂ ਸਮੁੰਦਰ ਦੇ ਕਿਨਾਰੇ ਵੱਲ ਵਧਦੀਆਂ ਹਨ, ਤਿਉਂ-ਤਿਉਂ ਇਨ੍ਹਾਂ ਦੀ ਤਰੰਗ ਲੰਬਾਈ ਘਟਦੀ ਹੈ ਤੇ ਇਹ ਹੋਰ ਹੀ ਹੋਰ ਵਧੇਰੇ ਉੱਚੀਆਂ ਹੋਈ ਜਾਂਦੀਆਂ ਹਨ। ਖੁੱਲ੍ਹੇ ਸਾਗਰ ਵਿੱਚ ਤੈਰ ਰਹੇ ਸਮੁੰਦਰੀ ਜਹਾਜ਼ਾਂ ਨੂੰ ਨਵ-ਜਨਮੀਆਂ ਸੁਨਾਮੀ ਤਰੰਗਾਂ ਦਾ ਪਤਾ ਹੀ ਨਹੀਂ ਲੱਗਦਾ। ਉੱਥੇ ਉਨ੍ਹਾਂ ਦੀ ਉਚਾਈ ਮਾਮੂਲੀ ਹੁੰਦੀ ਹੈ। ਇਹ ਆਰਾਮ ਨਾਲ ਜਹਾਜ਼ਾਂ ਹੇਠੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਦਾ ਇਨ੍ਹਾਂ ਜਹਾਜ਼ਾਂ ਨੂੰ ਬਹੁਤਾ ਖ਼ਤਰਾ ਨਹੀਂ ਹੁੰਦਾ। ਫਿਰ ਇਨ੍ਹਾਂ ਦੀ ਤਰੰਗ ਲੰਬਾਈ ਵੀ ਕਈ ਸੌ ਕਿਲੋਮੀਟਰ ਹੁੰਦੀ ਹੈ, ਭਾਵ ਇਹ ਹੈ ਕਿ ਇੱਕ ਵਾਰ ਇੱਕ ਮੀਟਰ ਉੱਚੀ ਲਹਿਰ ਉੱਠੀ ਤਾਂ ਉਸ ਪਿੱਛੋਂ ਸੈਂਕੜੇ ਕਿਲੋਮੀਟਰ ਬਾਅਦ ਮੁੜ ਇੱਕ ਮੀਟਰ ਲਹਿਰ ਉੱਠੇਗੀ, ਪਰ ਜਿਉਂ-ਜਿਉਂ ਸੁਨਾਮੀ ਲਹਿਰਾਂ ਕਿਨਾਰੇ ਵੱਲ ਵਧਦੀਆਂ ਹਨ ਤਿਉਂ-ਤਿਉਂ ਤਰੰਗ ਲੰਬਾਈ ਘਟਦੀ ਹੈ ਅਤੇ ਤਰੰਗ ਉਚਾਈ ਵਧਦੀ ਜਾਂਦੀ ਹੈ।
ਇਹ ਲਹਿਰਾਂ ਸਾਗਰ ਦੇ ਤਲ ’ਤੇ ਹੋਈ ਸ਼ਕਤੀਸ਼ਾਲੀ ਭੂਚਾਲੀ ਹਲਚਲ ਨਾਲ ਪੈਦਾ ਹੁੰਦੀਆਂ ਹਨ। ਇਹ ਹਲਚਲ ਸੈਂਕੜੇ ਐਟਮ ਬੰਬਾਂ ਜਿੰਨੀ ਸ਼ਕਤੀਸ਼ਾਲੀ ਹੁੰਦੀ ਹੈ। 26 ਦਸੰਬਰ 2004 ਨੂੰ ਪ੍ਰਸ਼ਾਂਤ ਮਹਾਂਸਾਗਰ ਵਿੱਚ ਉੱਠੀਆਂ ਸੁਨਾਮੀ ਲਹਿਰਾਂ ਜਿਸ ਭੂਚਾਲੀ ਹਿਲਜੁਲ ਨਾਲ ਪੈਦਾ ਹੋਈਆਂ ਉਸ ਦੀ ਸ਼ਕਤੀ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟੇ ਗਏ ਅਮਰੀਕੀ ਐਟਮ ਬੰਬ ਨਾਲੋਂ 95 ਗੁਣਾ ਸੀ ਭਾਵ ਉਹੋ ਜਿਹੇ ਸਾਢੇ ਨੌਂ ਹਜ਼ਾਰ ਐਟਮ ਬੰਬਾਂ ਦਾ ਵਿਸਫੋਟ ਇਕਦਮ ਸਮੁੰਦਰ ਦੇ ਥੱਲੇ ਹੋ ਗਿਆ। ਇਸ ਨਾਲ ਪੈਦਾ ਹੋਈਆਂ ਸੁਨਾਮੀ ਲਹਿਰਾਂ ਨੇ ਦੂਰ ਤੱਕ ਵਿਨਾਸ਼ਕਾਰੀ ਪਰਲੋ ਲਿਆਂਦੀ। ਇਸ ਮਹਾਂ-ਤਾਂਡਵ ਪਰਲੋ ਨਾਲ ਲੱਖਾਂ ਲੋਕ ਪਲਾਂ ਵਿੱਚ ਹੀ ਮੌਤ ਦੇ ਮੂੰਹ ਜਾ ਪਏ। ਭਾਰਤ, ਸ੍ਰੀਲੰਕਾ ਇੰਡੋਨੇਸ਼ੀਆ, ਮਾਲਦੀਵ, ਥਾਈਲੈਂਡ, ਸੋਮਾਲੀਆ, ਬਰਮਾ, ਤਨਜ਼ਾਨੀਆ ਆਦਿ ਕਿੰਨੇ ਹੀ ਦੇਸ਼ ਇਸ ਦੀ ਮਾਰ ਹੇਠ ਆ ਗਏ। ਸੁਨਾਮੀ ਲਹਿਰਾਂ ਨਾਲ ਹੋਣ ਵਾਲੀ ਇਹ ਬਰਬਾਦੀ ਮਨੁੱਖੀ ਇਤਿਹਾਸ ਨੇ ਪਹਿਲੀ ਵਾਰ ਨਹੀਂ ਵੇਖੀ। ਪਿਛਲੇ ਪੰਜ ਸੌ ਸਾਲਾਂ ਵਿੱਚ ਇਹ ਤਬਾਹੀ ਕਈ ਵਾਰ ਹੋਈ ਹੈ।
ਦੂਰ ਤੱਕ ਫੈਲੇ ਸਾਗਰ ’ਚੋਂ ਉੱਠੀਆਂ ਲਹਿਰਾਂ ਮਿੰਟ ਦੋ ਮਿੰਟ ਦੇ ਵਕਫ਼ੇ ਨਾਲ ਕੰਢੇ ਵੱਲ ਆਉਂਦੀਆਂ ਹਨ ਅਤੇ ਕਿਨਾਰਿਆਂ ਨੂੰ ਛੂਹ ਕੇ ਪਰਤ ਜਾਂਦੀਆਂ ਹਨ। ਇਨ੍ਹਾਂ ਲਹਿਰਾਂ ਦੇ ਸਿਲਸਿਲੇ ਵਿੱਚ ਸਮੇਂ ਦੀ ਬਹੁਤੀ ਵਿੱਥ ਨਹੀਂ ਹੁੰਦੀ ਅਤੇ ਇਨ੍ਹਾਂ ਵਿੱਚ ਪਾਣੀ ਦੇ ਉੱਚੇ ਤੇ ਨੀਵੇਂ ਤਲ ਵਿੱਚ ਬਹੁਤਾ ਫ਼ਰਕ ਵੀ ਨਹੀਂ ਹੁੰਦਾ। ਇਨ੍ਹਾਂ ਲਹਿਰਾਂ ਵਿੱਚ ਵੱਧ ਤੋਂ ਵੱਧ ਇੰਨੀ ਕੁ ਤਾਕਤ ਹੁੰਦੀ ਹੈ ਕਿ ਤੁਹਾਡੇ ਪੈਰਾਂ ਹੇਠਲੀ ਰੇਤ ਖੋਰ ਕੇ ਲੈ ਜਾਵੇ। ਇਨ੍ਹਾਂ ਦੇ ਮੁਕਾਬਲੇ ਸੁਨਾਮੀ ਲਹਿਰਾਂ ਕੰਧ ਦੀ ਕੰਧ ਹੁੰਦੀਆਂ ਹਨ ਚਾਲੀ ਫੁੱਟ ਤੋਂ ਲੈ ਕੇ ਸੌ ਫੁੱਟ ਤੱਕ ਜਾਂ ਇਸ ਤੋਂ ਵੀ ਵੱਧ ਉੱਚੀ ਪਾਣੀ ਦੀ ਤੁਰੀ ਆਉਂਦੀ ਕੰਧ, ਜੋ ਮਾੜੀ-ਮੋਟੀ ਰਫ਼ਤਾਰ ਨਾਲ ਤੁਰਨ ਵਾਲੀ ਨਹੀਂ ਸਗੋਂ ਸੈਂਕੜੇ ਕਿਲੋਮੀਟਰ ਪ੍ਰਤੀ ਘੰਟਾ ਦੇ ਵੇਗ ਨਾਲ ਚੱਲਣ ਵਾਲੀ ਤੇਜ਼ ਰਫ਼ਤਾਰ ਗੱਡੀ ਤੋਂ ਵੀ ਤੇਜ਼ ਹੁੰਦੀ ਹੈ। ਪਾਣੀ ਦੀ ਪੰਜਾਹ ਫੁੱਟ ਉੱਚੀ ਕੰਧ, ਸਾਗਰ ਦੇ ਕਿਨਾਰੇ ਟੱਪ ਦੂਰ ਤੱਕ ਮਾਰ ਕਰਦੀ ਜਾਂਦੀ ਹੈ। ਇਹ ਮਾਰ ਇਹ ਕੰਧ ਇੱਕੋ ਵਾਰ ਨਹੀਂ ਕਰਦੀ। ਹਰ 20 ਤੋਂ 25 ਮਿੰਟ ਬਾਅਦ ਦੂਰ ਤੱਕ ਮਾਰ ਕਰਨ ਵਾਲੀਆਂ ਇਨ੍ਹਾਂ ਲਹਿਰਾਂ ਦਾ ਸਿਲਸਿਲਾ ਘੰਟਿਆਂਬੱਧੀ ਚੱਲਦਾ ਹੈ, ਓਨਾ ਚਿਰ ਜਿੰਨਾ ਚਿਰ ਸਾਗਰ ਸ਼ਾਂਤ ਨਹੀਂ ਹੋ ਜਾਂਦੇ। ਸੁਨਾਮੀ ਲਹਿਰਾਂ ਨਾਲ ਬਣੀਆਂ ਇਨ੍ਹਾਂ ਕੰਧਾਂ ਦਾ ਅਥਾਹ ਬਲ ਆਪਣੇ ਅੱਗੇ ਆਈ ਹਰ ਚੀਜ਼ ਨੂੰ ਕੱਖ-ਕਾਨਿਆਂ ਵਾਂਗ ਰੋੜ੍ਹ ਕੇ ਸਾਗਰ ਦੇ ਹਵਾਲੇ ਕਰ ਦਿੰਦਾ ਹੈ। ਇਸ ਮਗਰੋਂ ਸਾਗਰ ਕਿਨਾਰੇ ਦੂਰ-ਦੂਰ ਤੱਕ ਜੀਵਨ ਦੀ ਧੜਕਣ ਦੀ ਥਾਂ ਵੀਰਾਨੀ, ਉਜਾੜ, ਤਬਾਹੀ, ਖ਼ੌਫ਼ ਅਤੇ ਚੀਕ ਚਿਹਾੜੇ ਤੋਂ ਬਿਨਾਂ ਕੁਝ ਨਹੀਂ ਬਚਦਾ।
ਉਂਝ ਤਾਂ ਸਾਗਰਾਂ ਦੇ ਕਿਸੇ ਵੀ ਕੰਢੇ ਉੱਤੇ ਸੁਨਾਮੀ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਨੂੰ ਅਸਲੋਂ ਰੱਦ ਨਹੀਂ ਕੀਤਾ ਜਾ ਸਕਦਾ, ਪਰ ਪ੍ਰਸ਼ਾਂਤ ਮਹਾਂਸਾਗਰ ਦੇ ਆਸ-ਪਾਸ ਦੇ ਖੇਤਰ ਨੂੰ ਇਸ ਪੱਖੋਂ ਵੱਧ ਖ਼ਤਰਨਾਕ ਮੰਨਿਆ ਗਿਆ ਹੈ। ਪ੍ਰਸ਼ਾਂਤ ਮਹਾਂਸਾਗਰ ਨੂੰ ਵਲਦੀ ਰੇਤ-ਪੱਟੀ ਉੱਤੇ ਹੀ ਦੁਨੀਆ ਦੀ 80 ਫ਼ੀਸਦੀ ਤੱਕ ਸੁਨਾਮੀ ਤਬਾਹੀ ਦੀ ਸੰਭਾਵਨਾ ਦਾ ਅਨੁਮਾਨ ਮਾਹਿਰਾਂ ਵੱਲੋਂ ਲਾਇਆ ਗਿਆ ਹੈ। ਮਾਹਿਰਾਂ ਵੱਲੋਂ ਸੁਨਾਮੀ ਲਹਿਰਾਂ ਨਾਲ ਹੋਣ ਵਾਲੀ ਤਬਾਹੀ ਦੀ ਕੁਝ ਘੰਟੇ ਪਹਿਲਾਂ ਅਗਾਊਂ ਚਿਤਾਵਨੀ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਸਾਗਰੀ ਤੱਟਾਂ ਉੱਤੇ ਲਹਿਰਾਂ ਨਾਲ ਹੋਣ ਵਾਲੀ ਤਬਾਹੀ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ, ਪਰ ਇਸ ਤੋਂ ਪੂਰਾ ਬਚਾਅ ਉੱਕਾ ਸੰਭਵ ਨਹੀਂ। ਫਿਰ ਵੀ ਜੋ ਸੰਭਵ ਹੈ, ਉਹ ਤਾਂ ਕਰਨਾ ਹੀ ਬਣਦਾ ਹੈ। ਇਸ ਸਿਲਸਿਲੇ ਵਿੱਚ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਸੰਗਠਿਤ ਹੋ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਹਰ ਸੰਭਵ ਕਦਮ ਪੁੱਟਣਾ ਚਾਹੀਦਾ ਹੈ।