ਮਾਂ ਬੋਲੀ ਦੇ ਵਾਰਿਸੋ...
ਸਿਆਣੇ ਆਖਦੇ ਨੇ ਸਾਡੀਆਂ ਤਿੰਨ ਮਾਵਾਂ ਹਨ। ਇਨ੍ਹਾਂ ਦਾ ਆਦਰ ਮਾਣ ਤੇ ਸਤਿਕਾਰ ਕਰਨ ਵਿੱਚ ਸਾਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਜੇਕਰ ਸਾਡੀ ਹੋਂਦ ਦੇਸ਼ ਦੁਨੀਆ ਵਿੱਚ ਕਾਇਮ ਹੈ ਅਤੇ ਇਸ ਧਰਤੀ ’ਤੇ ਸਾਡਾ ਨਾਂ ਹੈ ਤਾਂ ਇਨ੍ਹਾਂ ਤਿੰਨਾਂ ਮਾਵਾਂ ਸਦਕਾ ਹੀ ਹੈ। ਪਹਿਲੀ ਹੈ ਧਰਤੀ ਮਾਂ, ਜਿਸ ਦੀ ਬਦੌਲਤ ਅਸੀਂ ਆਪਣਾ ਪਾਲਣ ਪੋਸ਼ਣ ਅਤੇ ਰਸ ਰੰਗ ਮਾਣਦੇ ਹਾਂ। ਸਾਨੂੰ ਜਨਮ ਦੇਣ ਵਾਲੀ ਮਾਂ ਦੀ ਦੇਣ ਤਾਂ ਜਨਮਾਂ ਜਨਮਾਂਤਰਾਂ ਤੱਕ ਮੋੜੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਸਾਡੀ ਮਾਤ ਭਾਸ਼ਾ ਸਾਡੀ ਹੋਂਦ ਦਾ ਬਹੁਤ ਵੱਡਾ ਚਿੰਨ੍ਹ ਹੈ। ਇਨ੍ਹਾਂ ਤਿੰਨਾਂ ਨੂੰ ਕਾਇਮ ਰੱਖਣ ਵਾਲੇ ਵਾਰਿਸ ਅੱਜ ਇਨ੍ਹਾਂ ਤੋਂ ਮੁੱਖ ਮੋੜੀ ਬੈਠੇ ਹਨ। ਪਲੀਤ ਹੋਇਆ ਵਾਤਾਵਰਣ ਦੇਖ ਕੇ ਮਨ ਦੁਖੀ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਧਰਤੀ ਮਾਂ ਨੂੰ ਸ਼ਿੰਗਾਰਨਾ ਤੇ ਸੰਵਾਰਨਾ ਸੀ ਉਨ੍ਹਾਂ ਨੇ ਹੀ ਧਰਤੀ ਦਾ ਹਾਰ ਸ਼ਿੰਗਾਰ ਲਾਹ ਕੇ ਆਪਣੇ ਭਵਿੱਖ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।
ਜਨਮ ਦੇਣ ਵਾਲੀਆਂ ਮਾਵਾਂ ਨੂੰ ਉਨ੍ਹਾਂ ਦੇ ਕਈ ਅਫਸਰ ਤੇ ਅਮੀਰ ਪੁੱਤਰਾਂ ਨੇ ਬਿਰਧ ਆਸ਼ਰਮਾਂ ਵਿੱਚ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਮਾਵਾਂ ਦੀ ਦੇਖਭਾਲ ਕਰਨ ਦਾ ਸਮਾਂ ਨਹੀਂ ਹੈ। ਇਹ ਕਿਹੋ ਜਿਹੀ ਮਾਰ ਵਗ ਗਈ ਹੈ ਕਿ ਮਾਂ ਪੁੱਤ ਦਾ ਮੋਹ ਵੀ ਟੁੱਟ ਗਿਆ ਹੈ ਤੇ ਮਾਪੇ ਬਿਰਧ ਆਸ਼ਰਮਾਂ ਵਿੱਚ ਆਪਣੇ ਪੁੱਤਰਾਂ ਧੀਆਂ ਦਾ ਮੂੰਹ ਦੇਖਣ ਲਈ ਤੜਫ਼ ਰਹੇ ਹਨ। ਪੈਸੇ ਦੀ ਅੰਨ੍ਹੀ ਦੌੜ ਨੇ ਸਾਨੂੰ ਸਾਰੇ ਰਿਸ਼ਤੇ ਨਾਤੇ ਹੀ ਭੁਲਾ ਦਿੱਤੇ ਹਨ। ਸਾਡਾ ਉਦੇਸ਼ ਸਿਰਫ਼ ਇੱਕੋ ਹੀ ਰਹਿ ਗਿਆ ਹੈ ਕਿ ਅਸੀਂ ਵੱਧ ਤੋਂ ਵੱਧ ਮਾਇਆ ਇਕੱਠੀ ਕਰਨੀ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਇਹ ਮਾਇਆ ਅੱਜ ਤੱਕ ਨਾ ਕਿਸੇ ਦੇ ਨਾਲ ਗਈ ਹੈ ਤੇ ਨਾ ਹੀ ਜਾਵੇਗੀ। ਇਸ ਦੇ ਬਾਵਜੂਦ ਅਸੀਂ ਉਸ ਅਮੁੱਕ ਦੌੜ ਵਿੱਚ ਲੱਗੇ ਹੋਏ ਹਾਂ। ਸਾਡੀਆਂ ਮਾਵਾਂ ਨੇ ਸਾਨੂੰ ਕਿਵੇਂ ਪਾਲਿਆ ? ਇਸ ਗੱਲ ਦਾ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੁੰਦਾ ਕਿਉਂਕਿ ਬਚਪਨ ਦੀਆਂ ਗੱਲਾਂ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਆਪਣੇ ਵਿੱਚੋਂ ਅਸੀਂ ਬਚਪਨ ਨੂੰ ਵੀ ਗੁਆ ਦਿੱਤਾ ਹੈ। ਬਚਪਨ ਹੀ ਜੀਵਨ ਦਾ ਮੁੱਢ ਬੰਨ੍ਹਦਾ ਹੈ ਤੇ ਇਸ ਅਵਸਥਾ ਵਿੱਚ ਮਾਤਾ ਕੋਲੋਂ ਸਭ ਗੁਰ ਗਿਆਨ ਸਿੱਖ ਕੇ ਅੱਗੇ ਵਧਦੇ ਹਾਂ। ਅਸੀਂ ਅੱਜ ਜਿਸ ਵੀ ਰੁਤਬੇ ’ਤੇ ਹਾਂ ਉਸ ਪਿੱਛੇ ਸਭ ਤੋਂ ਵੱਡਾ ਹੱਥ ਸਾਡੇ ਮਾਪਿਆਂ ਅਤੇ ਉਸ ਤੋਂ ਬਾਅਦ ਅਧਿਆਪਕਾਂ ਦਾ ਹੈ।
ਹੁਣ ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ ਦੀ। ਰੋਜ਼ ਖ਼ਬਰਾਂ ਆਉਂਦੀਆਂ ਹਨ ਕਿ ਸਾਡੇ ਵੱਡੇ ਵੱਡੇ ਅਫਸਰ ਚਿੱਠੀ ਪੱਤਰ ਅੰਗਰੇਜ਼ੀ ਵਿੱਚ ਹੀ ਕਰਦੇ ਹਨ। ਉਨ੍ਹਾਂ ਨੂੰ ਪੰਜਾਬੀ ਨਾਲ ਕੋਈ ਮੋਹ ਨਹੀਂ। ਕਾਰਨ ਸਪੱਸ਼ਟ ਹੈ ਕਿ ਉਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਮੂਲ ਦੇ ਨਹੀਂ, ਜਿਹੜੇ ਪੰਜਾਬੀ ਮੂਲ ਦੇ ਹਨ ਉਹ ਵੀ ਅੰਗਰੇਜ਼ੀ ਬੋਲਣ ਅਤੇ ਲਿਖਣ ਵਿੱਚ ਹੀ ਮਾਣ ਵਾਲੀ ਗੱਲ ਸਮਝਦੇ ਹਨ। ਦੂਰ ਦੀਆਂ ਗੱਲਾਂ ਛੱਡੋ, ਮੈਨੂੰ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ ਸੰਪਾਦਕੀ ਕਾਰਜਾਂ ਨੂੰ ਨਿਬੇੜਨ ਵਾਸਤੇ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨਾਲ ਸੰਵਾਦ ਰਚਾਉਣ ਦਾ ਮੌਕਾ ਮਿਲਦਾ ਰਹਿੰਦਾ ਹੈ। ਜਦੋਂ ਇੱਕ ਅਧਿਆਪਕ ਇਹ ਆਖ ਦੇਵੇ ਕਿ ਸਿਲੇਬਸ ਹੀ ਸਾਨੂੰ ਸਿਰ ਚੁੱਕਣ ਦੀ ਵਿਹਲ ਨਹੀਂ ਦਿੰਦਾ, ਰਸਾਲੇ ਤੇ ਬਾਲ ਪੁਸਤਕਾਂ ਕਦੋਂ ਪੜ੍ਹਾਈਏ?
ਉਸ ਵੇਲੇ ਮਨ ਨੂੰ ਦੁੱਖ ਹੁੰਦਾ ਹੈ ਕਿ ਜਿਸ ਅਧਿਆਪਕ ਨੇ ਬੱਚੇ ਦਾ ਸਰਬਪੱਖੀ ਵਿਕਾਸ ਕਰਨਾ ਹੈ ਉਹ ਸਿਰਫ਼ ਤੇ ਸਿਰਫ਼ ਬੱਚੇ ਨੂੰ ਸਿਲੇਬਸ ਤੱਕ ਸੀਮਤ ਕਰਕੇ ਆਪਣਾ ਡੰਗ ਟਪਾਉਣ ਵਿੱਚ ਲੱਗਿਆ ਹੋਇਆ ਹੈ। ਇੱਥੇ ਅਸੀਂ ਇਕੱਲਾ ਅਧਿਆਪਕ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ ਕਿਉਂਕਿ ਸਿੱਖਿਆ ਵਿਭਾਗ ਦੀਆਂ ਨੀਤੀਆਂ ਹੀ ਅਜਿਹੀਆਂ ਹਨ ਕਿ ਅਧਿਆਪਕ ਆਪਣੀ ਕਲਾ ਅਨੁਸਾਰ ਬੱਚਿਆਂ ਨੂੰ ਸਿੱਖਿਅਤ ਹੀ ਨਾ ਕਰੇ। ਰੋਜ਼ਾਨਾ ਸਕੂਲ ਸ਼ੁਰੂ ਹੁੰਦੇ ਸਾਰ ਨਿਰਦੇਸ਼ ਆਉਂਦੇ ਹਨ ਕਿ ਆਹ ਕਰਨਾ ਹੈ ਤੇ ਔਹ ਕਰਨਾ ਹੈ। ਜੇਕਰ ਵਿਭਾਗ ਨੇ ਨਿਰਦੇਸ਼ਾਂ ਦੇ ਆਸਰੇ ਹੀ ਚੱਲਣਾ ਹੈ ਤਾਂ ਅਧਿਆਪਕਾਂ ਕੋਲੋਂ ਇੰਨੀਆਂ ਡਿਗਰੀਆਂ ਕਿਉਂ ਕਰਵਾਈਆਂ ਗਈਆਂ, ਇੰਨੇ ਔਖੇ ਟੈਸਟ ਕਿਉਂ ਲਏ ਗਏ? ਅਜਿਹੇ ਨਿਰਦੇਸ਼ਾਂ ਨੇ ਅਧਿਆਪਕਾਂ ਦੀ ਆਪਣੀ ਪ੍ਰਤਿਭਾ ਨੂੰ ਮਾਰ ਦਿੱਤਾ ਹੈ। ਲੋੜ ਇਹ ਹੈ ਕਿ ਸਿਲੇਬਸ ਨੂੰ ਅਧਿਆਪਕ ਆਪਣੀ ਪੜ੍ਹੀ ਤੇ ਸਿੱਖੀ ਵਿੱਦਿਅਕ ਅਤੇ ਅਧਿਆਪਨ ਕਲਾ ਜੁਗਤ ਅਨੁਸਾਰ ਪੜ੍ਹਾਵੇ ਅਤੇ ਸਮਝਾਵੇ, ਪਰ ਇੱਥੇ ਤਾਂ ਆਲਮ ਹੀ ਨਿਰਾਲਾ ਹੈ।
ਹੁਣ ਗੱਲ ਕਰਦੇ ਹਾਂ ਪੰਜਾਬੀ ਪਿਆਰ ਅਤੇ ਬਾਲ ਸਾਹਿਤ ਦੇ ਮਹੱਤਵ ਦੀ। ਇਹ ਗੱਲ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਸਾਡੇ ਬਹੁਤੇ ਸਕੂਲ ਮੁਖੀ ਬੱਚਿਆਂ ਵਾਸਤੇ ਇੱਕ ਰੌਚਕ ਬਾਲ ਮੈਗਜ਼ੀਨ ਲਗਵਾਉਣ ਨੂੰ ਤਰਜੀਹ ਨਹੀਂ ਦਿੰਦੇ। ਹੋਰ ਵੀ ਦੁਖਦਾਈ ਕਿੱਸਾ ਇਹ ਹੈ ਕਿ ਸਾਡੇ ਬਹੁਤੇ ਅਧਿਆਪਕ ਬੱਚਿਆਂ ਲਈ ਪ੍ਰਕਾਸ਼ਿਤ ਹੁੰਦੇ ਪੰਜਾਬੀ ਰਸਾਲਿਆਂ ਦੇ ਨਾਵਾਂ ਤੋਂ ਵੀ ਵਾਕਿਫ਼ ਨਹੀਂ ਹਨ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੀ ਬਾਲ ਸਾਹਿਤ ਵਿੱਚ ਕੋਈ ਰੁਚੀ ਨਹੀਂ ਜਦੋਂਕਿ ਬਾਲ ਸਾਹਿਤ ਦਾ ਸਿੱਖਿਆ ਅਤੇ ਜੀਵਨ ਨੂੰ ਨਰੋਆ ਬਣਾਉਣ ਵਿੱਚ ਅਹਿਮ ਯੋਗਦਾਨ ਹੈ। ਜੇਕਰ ਸਾਡੇ ਬਹੁਤ ਸਾਰੇ ਅਧਿਆਪਕ ਅਤੇ ਸਕੂਲ ਮੁਖੀ ਮਾਂ ਬੋਲੀ ਪੰਜਾਬੀ ਅਤੇ ਬਾਲ ਸਾਹਿਤ ਤੋਂ ਕੋਰੇ ਹਨ, ਫਿਰ ਅਸੀਂ ਹੋਰਾਂ ਤੋਂ ਕੀ ਉਮੀਦਾਂ ਰੱਖ ਸਕਦੇ ਹਾਂ? ਇੱਕ ਅਧਿਆਪਕ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਬਾਲ ਸਾਹਿਤ ਦੀ ਕੀ ਜ਼ਰੂਰਤ ਹੈ? ਹੁਣ ਤੁਸੀਂ ਅਜਿਹੇ ਅਧਿਆਪਕ ਦੀ ਮਾਨਸਿਕਤਾ ਦਾ ਅੰਦਾਜ਼ਾ ਖ਼ੁਦ ਲਗਾ ਸਕਦੇ ਹੋ ਕਿ ਉਹ ਆਪਣੇ ਦੇਸ਼ ਲਈ ਕਿਹੋ ਜਿਹੇ ਵਾਰਿਸ ਤਿਆਰ ਕਰੇਗਾ।
ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸ਼ਿਤ ਹੁੰਦੇ ਬਾਲ ਰਸਾਲੇ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਵੀ ਨਹੀਂ ਪੁੱਜਦੇ। ਪੂਰੇ ਪੰਜਾਬ ਵਿੱਚੋਂ ਦਹਾਕਿਆਂ ਤੋਂ ਨਿਰੰਤਰ ਛਪਣ ਵਾਲੇ ਪੰਖੜੀਆਂ, ਪ੍ਰਾਇਮਰੀ ਸਿੱਖਿਆ ਅਤੇ ਨਿੱਕੀਆਂ ਕਰੂੰਬਲਾਂ ਸਿਰਫ਼ ਤਿੰਨ ਬਾਲ ਰਸਾਲੇ ਹੀ ਹਨ ਜਦੋਂਕਿ ਪੁਸਤਕ ਲੜੀ ਦੇ ਰੂਪ ਵਿੱਚ ਕਦੀ ਕਦਾਈਂ ਆੜ੍ਹੀ ਅਤੇ ਤਨੀਸ਼ਾ ਵੀ ਮਿਲ ਜਾਂਦੇ ਹਨ। ਦਿੱਲੀ ਤੋਂ ਹੰਸਤੀ ਦੁਨੀਆਂ ਅਤੇ ਪਾਕਿਸਤਾਨ ਲਾਹੌਰ ਤੋਂ ਸ਼ਾਹਮੁਖੀ ਲਿੱਪੀ ਵਿੱਚ ਅਸ਼ਰਫ ਸੁਹੇਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੁੰਦੇ ਹਨ। ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਨੂੰ ਪੁੱਜਦਾ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਪਰ ਕੁਝ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਸੋਚ ਜਾਣ ਕੇ ਨਿਰਾਸ਼ਾ ਹੁੰਦੀ ਹੈ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰੇ ਕਿ ਪੰਜਾਬੀ ਵਿੱਚ ਛਪਣ ਵਾਲੇ ਸਾਰੇ ਬਾਲ ਰਸਾਲੇ ਹਰ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲ ਵਿੱਚ ਪੁੱਜਣੇ ਲਾਜ਼ਮੀ ਕੀਤੇ ਜਾਣ।ਸਿੱਖਿਆ ਸ਼ਾਸਤਰੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜੇ ਵਿਦਿਆਰਥੀ ਬਾਲ ਸਾਹਿਤ ਦੇ ਰਸਾਲੇ ਅਤੇ ਪੁਸਤਕਾਂ ਪੜ੍ਹਦੇ ਹਨ ਉਹ ਜੀਵਨ ਵਿੱਚ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਨ। ਜੇਕਰ ਅਸੀਂ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈਏ ਤਾਂ ਸਭ ਮਸਲੇ ਹੱਲ ਹੋ ਸਕਦੇ ਹਨ। ਅਸੀਂ ਮਾਂ ਬੋਲੀ ਦੇ ਵਾਰਿਸਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਉਮਰ ਗੁੱਟ ਅਨੁਸਾਰ ਬਾਲ ਰਸਾਲੇ ਅਤੇ ਬਾਲ ਪੁਸਤਕਾਂ ਜ਼ਰੂਰ ਦੇਣ ਤਾਂ ਕਿ ਉਹ ਆਦਰਸ਼ ਨਾਗਰਿਕ ਬਣ ਸਕਣ।
ਸੰਪਰਕ: 98150-18947