ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ
ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਲਿਖਤਾਂ ਮਨੁੱਖ ਦੀ ਹੋਂਦ, ਮਨੁੱਖੀ ਕਲਿਆਣ ਅਤੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਪ੍ਰਮੁੱਖ ਮਿਸਾਲ ਹਨ। ਗੁਰੂ ਤੇਗ ਬਹਾਦਰ ਜੀ ਦਾ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਆਪਣਾ...
ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਲਿਖਤਾਂ ਮਨੁੱਖ ਦੀ ਹੋਂਦ, ਮਨੁੱਖੀ ਕਲਿਆਣ ਅਤੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਪ੍ਰਮੁੱਖ ਮਿਸਾਲ ਹਨ। ਗੁਰੂ ਤੇਗ ਬਹਾਦਰ ਜੀ ਦਾ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦੇਣਾ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੀ ਵਿਚਾਰਧਾਰਾ ਨੂੰ ਸਰਬਉੱਚ ਮੰਨਣ ਦੀ ਇੱਕ ਵਿਲੱਖਣ ਉਦਾਹਰਣ ਹੈ। ਦਰਅਸਲ, ਉਨ੍ਹਾਂ ਦੀਆਂ ਲਿਖਤਾਂ ਅਤੇ ਵਿਹਾਰਕ ਜੀਵਨ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਬੁਨਿਆਦੀ ਸਿਧਾਂਤਾਂ ’ਤੇ ਆਧਾਰਿਤ ਹਨ, ਜੋ ਕਹਿੰਦੇ ਹਨ ਕਿ ਸਰਬਉੱਚ ਸ਼ਕਤੀ ਇੱਕ (ੴ) ਹੈ, ਜੋ ਡਰ ਤੋਂ ਰਹਿਤ (ਨਿਰਭਉ) ਅਤੇ ਦੁਸ਼ਮਣੀ ਤੋਂ ਰਹਿਤ (ਨਿਰਵੈਰ) ਹੈ। ਇਸ ਲਈ ਮਨੁੱਖਾਂ ਨੂੰ ਨਾ ਤਾਂ ਦੂਜਿਆਂ ਨੂੰ ਡਰਾਉਣਾ ਚਾਹੀਦਾ ਹੈ ਅਤੇ ਨਾ ਹੀ ਦੂਜਿਆਂ ਤੋਂ ਡਰਨਾ ਚਾਹੀਦਾ ਹੈ। ਦੂਜਿਆਂ ਨੂੰ ਡਰਾਉਣ ਜਾਂ ਦੂਜਿਆਂ ਤੋਂ ਡਰਨ ਦਾ ਸੁਭਾਅ ਅਤੇ ਅਭਿਆਸ ਆਪਸੀ ਦੁਸ਼ਮਣੀ ਦੇ ਮੂਲ ਕਾਰਨਾਂ ਵਿੱਚੋਂ ਇੱਕ ਹੈ। ਡਰ ਦਾ ਹਵਾਲਾ ਦਿੰਦੇ ਹੋਏ ਗੁਰੂ ਤੇਗ ਬਹਾਦਰ ਜੀ ਲਿਖਦੇ ਹਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।
ਗੁਰੂ ਤੇਗ ਬਹਾਦਰ ਜੀ ਨੇ ਨਾ ਸਿਰਫ਼ ਦੂਜਿਆਂ ਨੂੰ ਉਪਦੇਸ਼ ਦਿੱਤਾ ਸਗੋਂ ਖ਼ੁਦ ਨਿਡਰ ਹੋ ਕੇ ਦੂਜਿਆਂ ਨੂੰ ਡਰ ਅਤੇ ਜ਼ੁਲਮ ਤੋਂ ਬਚਾਉਣ ਲਈ ਅਗਵਾਈ ਕੀਤੀ।
ਜਦੋਂ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਸਮੂਹ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਅਧਿਕਾਰੀਆਂ ਦੁਆਰਾ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਤੋਂ ਬਚਾਉਣ ਦੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਕੋਲ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਦੇ ਅਧਿਕਾਰੀਆਂ ਨੂੰ ਦੱਸਣ ਕਿ ਜੇਕਰ ਤੇਗ ਬਹਾਦਰ ਨੇ ਇਸਲਾਮ ਧਰਮ ਅਪਣਾ ਲਿਆ ਤਾਂ ਉਹ ਵੀ ਅਪਣਾ ਲੈਣਗੇ।
ਇਸ ਦੀ ਖ਼ਬਰ ਔਰੰਗਜ਼ੇਬ ਕੋਲ ਪਹੁੰਚਣ ਤੋਂ ਬਾਅਦ ਉਸ ਦੇ ਹੁਕਮ ਮੁਤਾਬਿਕ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੁਰਦਿੱਤਾ, ਭਾਈ ਦਿਆਲ ਦਾਸ ਅਤੇ ਭਾਈ ਜੈਤਾ ਜੀ ਨੂੰ ਆਗਰਾ ਰਾਹੀਂ ਦਿੱਲੀ ਲਿਆਂਦਾ ਗਿਆ। ਗੁਰੂ ਤੇਗ ਬਹਾਦਰ ਨੂੰ ਕਿਹਾ ਗਿਆ ਕਿ ਉਹ ਕੋਈ ਚਮਤਕਾਰ ਕਰ ਕੇ ਦਿਖਾਉਣ, ਨਹੀਂ ਤਾਂ ਉਨ੍ਹਾਂ ਨੂੰ ਇਸਲਾਮ ਧਰਮ ਅਪਣਾਉਣਾ ਪਵੇਗਾ। ਜਦੋਂ ਉਨ੍ਹਾਂ ਨੇ ਦੋਵਾਂ ਵਿੱਚੋਂ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਔਰੰਗਜ਼ੇਬ ਨੇ ਉਨ੍ਹਾਂ ਨੂੰ ਭੈਅਭੀਤ ਕਰਨ ਲਈ ਗੁਰੂ ਸਾਹਿਬ ਦੇ ਨਾਲ ਆਏ ਸਿੱਖ ਸ਼ਰਧਾਲੂਆਂ ਦੀ ਬੇਰਹਿਮੀ ਨਾਲ ਸ਼ਹੀਦੀ ਦਾ ਹੁਕਮ ਦਿੱਤਾ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋ ਹਿੱਸਿਆਂ ਵਿੱਚ ਕੱਟ ਦਿੱਤਾ ਗਿਆ; ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਨਾਲ ਭਰੀ ਇੱਕ ਵੱਡੀ ਦੇਗ ਵਿੱਚ ਸ਼ਹੀਦ ਕਰ ਦਿੱਤਾ ਗਿਆ; ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਇਸ ਸਭ ਦੇ ਬਾਵਜੂਦ ਜੀਵਨ ਅੰਤ (ਮੌਤ) ਨੂੰ ਸੰਸਾਰ ਦੀ ਰੀਤ ਮੰਨਦੇ ਹੋਏ ਗੁਰੂ ਤੇਗ ਬਹਾਦਰ ਜੀ ਸ਼ਾਂਤ ਚਿੱਤ ਅਤੇ ਨਿਰਭੈ ਰਹੇ। ਗੁਰੂ ਤੇਗ ਬਹਾਦਰ ਜੀ ਦੀ ਉਸ ਸਮੇਂ ਮਾਨਸਿਕ ਸਥਿਤੀ ਉਨ੍ਹਾਂ ਦੇ ਸ਼ਲੋਕ 51 ਵਿੱਚ ਪ੍ਰਗਟ ਹੁੰਦੀ ਹੈ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਉਹ ਸਮਝਦੇ ਸਨ ਕਿ ਮਨੁੱਖੀ ਸਰੀਰ ਇਸ ਸੰਸਾਰ ਵਿੱਚ ਹੀ ਸ਼ੁਰੂ ਹੁੰਦਾ ਹੈ ਅਤੇ ਖਤਮ ਹੁੰਦਾ ਹੈ:
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥
ਉਹ ਇਸ ਬ੍ਰਹਿਮੰਡ ਵਿੱਚ ਇਕਾਈਆਂ ਦੇ ਬਣਨ ਅਤੇ ਨਸ਼ਟ ਹੋਣ ਦੀ ਭੌਤਿਕ ਸਚਾਈ ਬਾਰੇ ਲਿਖਦੇ ਹਨ:
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥
ਇਹ ਲਿਖਤਾਂ ਉਸ ਸਮੇਂ ਦੇ ਸੰਕਟ ਨੂੰ ਦਲੇਰੀ ਨਾਲ ਨਜਿੱਠਣ ਵਾਲੀ ਮਨੋਦਸ਼ਾ ਅਤੇ ਪ੍ਰਤੀਬੱਧਤਾ ਦਰਸਾਉਂਦੀਆਂ ਹਨ। ਹਾਲਾਤ ਨੂੰ ਸਮਝਦੇ ਹੋਏ ਹਾਲਤ ਦਾ ਮੁਕਾਬਲਾ ਕਰਨ ਲਈ ਮਨੋਬਲ ਕਾਇਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਸ਼ਲੋਕ 53-54 ਵਿੱਚ ਕੁਝ ਅਜਿਹਾ ਹੀ ਬਿਆਨ ਕਰਦੇ ਹਨ:
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥੫੩॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
ਔਰੰਗਜ਼ੇਬ ਦੀ ਮੁਗ਼ਲ ਹਕੂਮਤ ਦੇ ਹੁਕਮ ਅਨੁਸਾਰ 11 ਨਵੰਬਰ 1675 ਨੂੰ ਦਿੱਲੀ ਵਿਖੇ ਕੋਤਵਾਲੀ ਦੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਨਾਲੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦੇ ਨਾਲ ਦਿੱਲੀ ਆਏ ਉਨ੍ਹਾਂ ਦੇ ਸ਼ਰਧਾਲੂ ਸਿੱਖ ਭਾਈ ਜੈਤਾ ਉਨ੍ਹਾਂ ਦਾ ਸੀਸ ਸੰਭਾਲ ਕੇ ਆਨੰਦਪੁਰ ਸਾਹਿਬ ਲੈ ਗਏ, ਜਿੱਥੇ ਦਸਵੇਂ ਗੁਰੂ ਸ੍ਰੀ ਗੋਬਿੰਦ ਰਾਏ ਜੀ ਨੇ ਗੁਰੂ ਪਿਤਾ ਦੇ ਸੀਸ ਦਾ ਸਸਕਾਰ ਕੀਤਾ। ਇੱਕ ਹੋਰ ਸ਼ਰਧਾਲੂ ਸਿੱਖ ਵਪਾਰੀ ਨੇ ਉਨ੍ਹਾਂ ਦੀ ਸੀਸ ਰਹਿਤ ਦੇਹ ਨੂੰ ਆਪਣੇ ਕਪਾਹ ਨਾਲ ਲੱਦੇ ਗੱਡੇ ਉੱਤੇ ਕਪਾਹ ਵਿੱਚ ਲਪੇਟਿਆ ਅਤੇ ਆਪਣੇ ਘਰ ਲੈ ਗਿਆ। ਉੱਥੇ ਉਸ ਨੇ ਆਪਣੇ ਘਰ ਅਤੇ ਕਪਾਹ ਸਮੇਤ ਗੱਡੇ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ‘ਬਿਨਾਂ ਡਰ ਜਿਊਣ ਅਤੇ ਦੂਜਿਆਂ ਨੂੰ ਬਿਨਾਂ ਡਰ ਜਿਊਣ ਦੇਣ ਵਾਲਾ’ ਉਨ੍ਹਾਂ ਦਾ ਫਲਸਫ਼ਾ ਮਨੁੱਖੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇੱਕ ਉਦਾਹਰਣ ਵਜੋਂ ਹਮੇਸ਼ਾ ਪ੍ਰਸੰਗਿਕ ਰਹੇਗਾ।
ਗੁਰੂ ਹਰਿਗੋਬਿੰਦ ਜੀ ਦੇ ਅੰਮ੍ਰਿਤਸਰ ਵਿੱਚ 1 ਅਪਰੈਲ 1621 ਨੂੰ ਜਨਮੇ ਪੁੱਤਰ ਦਾ ਨਾਂ ਤਿਆਗ ਮੱਲ ਰੱਖਿਆ ਗਿਆ। ਸੰਨ 1634 ਵਿੱਚ ਸਿੱਖਾਂ ਅਤੇ ਮੁਗ਼ਲਾਂ ਦਰਮਿਆਨ ਕਰਤਾਰਪੁਰ ਦੀ ਜੰਗ ਦੌਰਾਨ ਤਿਆਗ ਮੱਲ ਦੀ ਬਹਾਦਰੀ ਅਤੇ ਤਲਵਾਰਬਾਜ਼ੀ ਵੇਖਦਿਆਂ ਗੁਰੂ ਪਿਤਾ ਨੇ ਉਨ੍ਹਾਂ ਨੂੰ ਤੇਗ ਬਹਾਦਰ ਨਾਂ ਦਿੱਤਾ।
ਉਨ੍ਹਾਂ ਨੇ ਗਣਿਤ, ਧਰਮ ਅਤੇ ਸੰਗੀਤ ਦੀ ਪੜ੍ਹਾਈ ਲਿਖਾਈ ਅਤੇ ਸਰੀਰਕ ਕਸਰਤ, ਘੋੜਸਵਾਰੀ ਅਤੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਹਾਸਿਲ ਕੀਤੀ। ਬਚਪਨ ਤੋਂ ਹੀ ਤਿਆਗ ਮੱਲ, ਗੁਰੂ ਹਰਿਗੋਬਿੰਦ ਜੀ ਦੇ ਮੀਰੀ (ਤਾਕਤ) ਅਤੇ ਪੀਰੀ (ਅਧਿਆਤਮਿਕਤਾ) ਦੇ ਸਿਧਾਂਤਾਂ ਅਤੇ ਆਪਣੀ ਮਾਤਾ ਬੀਬੀ ਨਾਨਕੀ ਦੇ ਸ਼ਾਂਤ ਸੁਭਾਅ ਤੋਂ ਪ੍ਰਭਾਵਿਤ ਹੋਏ। ਗਿਆਰਾਂ ਸਾਲ ਦੀ ਉਮਰ ਵਿੱਚ ਤਿਆਗ ਮੱਲ ਦਾ ਵਿਆਹ ਬੀਬੀ ਗੁਜਰੀ ਨਾਲ ਹੋਇਆ। 1644 ਵਿੱਚ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਸ੍ਰੀ ਤੇਗ ਬਹਾਦਰ ਜੀ ਆਪਣੀ ਪਤਨੀ ਬੀਬੀ ਗੁਜਰੀ ਅਤੇ ਮਾਤਾ ਨਾਨਕੀ ਜੀ ਦੇ ਨਾਲ ਕਰਤਾਰਪੁਰ ਤੋਂ ਬਕਾਲਾ ਚਲੇ ਗਏ, ਜਿੱਥੋਂ ਉਨ੍ਹਾਂ ਨੇ 1656 ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 1664 ਵਿੱਚ ਦਿੱਲੀ ਹੁੰਦੇ ਹੋਏ ਬਕਾਲਾ ਵਾਪਸ ਆ ਗਏ। ਦਿੱਲੀ ਵਿੱਚ ਉਹ ਅੱਠਵੇਂ ਪਾਤਸ਼ਾਹ, ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲੇ। ਉਸੇ ਸਾਲ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ। ਜਿਉਂ ਹੀ ਇਹ ਖ਼ਬਰ ਫੈਲੀ, ਗੁਰੂ
ਹਰਿਗੋਬਿੰਦ ਜੀ ਦੇ ਪੋਤਰੇ ਧੀਰ ਮੱਲ ਸਮੇਤ 22 ਰਿਸ਼ਤੇਦਾਰ ਆਪਣੇ ਆਪ ਨੂੰ ਗੁਰੂ ਦੇ ਵਾਰਸ ਦੱਸ ਕੇ ਆਪਣਾ ਹੱਕ ਜਮਾਉਣ ਲੱਗ ਪਏ ਜਦੋਂਕਿ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਦਾਦਾ ਤੇਗ ਬਹਾਦਰ ਜੀ ਵੱਲ ਨੌਵੇਂ ਗੁਰੂ ਵਜੋਂ ਇਸ਼ਾਰਾ ਕੀਤਾ ਸੀ। ਇਸ ਵਾਦ ਵਿਵਾਦ ਵਿੱਚ ਸ੍ਰੀ ਤੇਗ ਬਹਾਦਰ ਜੀ ਅਡੋਲ ਅਤੇ ਸ਼ਾਂਤ ਰਹੇ।
ਸਾਖੀਆਂ ਦੱਸਦੀਆਂ ਹਨ ਕਿ ਇਸ ਦੌਰਾਨ ਗੁਰੂਘਰ ਦੇ ਸ਼ਰਧਾਲੂ ਮੱਖਣ ਸ਼ਾਹ ਲੁਬਾਣਾ, ਜੋ ਕਿ ਇੱਕ ਅਮੀਰ ਵਪਾਰੀ ਸੀ, ਨੇ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਗੁਰੂ ਜੀ ਨੂੰ ਅਰਦਾਸ ਕੀਤੀ ਅਤੇ ਅਰਦਾਸ ਸਵੀਕਾਰ ਹੋਣ ’ਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਨ ਦੀ ਸੁੱਖ ਸੁੱਖੀ। ਜਦੋਂ ਉਸ ਦਾ ਜਹਾਜ਼ ਸੁਰੱਖਿਅਤ ਵਾਪਸ ਆ ਗਿਆ ਤਾਂ ਉਹ ਆਪਣੀ ਸੁੱਖਣਾ ਪੂਰੀ ਕਰਨ ਲਈ ਬਕਾਲਾ ਪਹੁੰਚਿਆ ਪਰ ਉਸ ਨੇ ਦੇਖਿਆ ਕਿ ਬਕਾਲਾ ਵਿੱਚ ਤਾਂ ਬਹੁਤ ਸਾਰੇ ‘ਗੁਰੂ’ ਬੈਠੇ ਸਨ ਜਿਨ੍ਹਾਂ ਵਿੱਚੋਂ ਹਰ ਕੋਈ ਸੱਚਾ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਸੀ। ਅਜਿਹੇ ਵਿੱਚ ਉਸ ਨੇ ਉਨ੍ਹਾਂ ਸਾਰਿਆਂ ਕੋਲ ਜਾ ਕੇ ਹਰੇਕ ਨੂੰ ਦੋ ਸੋਨੇ ਦੇ ਸਿੱਕੇ ਭੇਟ ਕੀਤੇ ਅਤੇ ਉਹ ਸਾਰੇ ਚੁੱਪਚਾਪ ਦੋ ਮੋਹਰਾਂ ਸਵੀਕਾਰ ਕਰਦੇ ਗਏ। ਸਭ ਤੋਂ ਅਖੀਰ ਵਿੱਚ ਉਹ ਇੱਕ ਕੋਨੇ ਵਿੱਚ ਬੈਠੇ ਸ੍ਰੀ ਤੇਗ ਬਹਾਦਰ ਜੀ ਕੋਲ ਗਿਆ ਅਤੇ ਦੋ ਮੋਹਰਾਂ ਨਾਲ ਮੱਥਾ ਟੇਕਿਆ ਤਾਂ ਉਨ੍ਹਾਂ ਨੇ ਮੱਖਣ ਸ਼ਾਹ ਨੂੰ ਯਾਦ ਦਿਵਾਇਆ ਕਿ ਉਸ ਨੇ ਦੋ ਨਹੀਂ ਸਗੋਂ 500 ਸੋਨੇ ਦੇ ਸਿੱਕਿਆਂ ਨਾਲ ਸੁੱਖ ਸੁੱਖੀ ਸੀ।
ਇਸ ’ਤੇ ਮੱਖਣ ਸ਼ਾਹ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਇਆ ਅਤੇ ਖ਼ੁਸ਼ੀ ਤੇ ਉਤਸ਼ਾਹ ਵਿੱਚ ਪੁਕਾਰਿਆ, ‘‘ਗੁਰੂ ਲਾਧੋ ਰੇ!’’ ਇਸ ਦਾ ਅਰਥ ਹੈ ਕਿ ਉਸ ਨੂੰ ਸੱਚਾ ਗੁਰੂ ਮਿਲ ਗਿਆ ਸੀ। ਇਸ ਤਰ੍ਹਾਂ ਸ੍ਰੀ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਸਥਾਪਿਤ ਹੋ ਗਏ।
ਨਵੰਬਰ 1665 ਵਿੱਚ ਆਪਣੀ ਮਾਤਾ, ਪਤਨੀ, ਆਪਣੀ ਪਤਨੀ ਦੇ ਭਰਾ ਕਿਰਪਾਲ ਚੰਦ, ਦਿਆਲ ਦਾਸ, ਮਤੀ ਦਾਸ, ਸਤੀ ਦਾਸ ਅਤੇ ਕੁਝ ਹੋਰ ਸਮਰਪਿਤ ਪੈਰੋਕਾਰਾਂ ਦੇ ਨਾਲ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਉੱਤਰ ਅਤੇ ਪੂਰਬ ਦੀ ਯਾਤਰਾ ’ਤੇ ਨਿਕਲੇ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਦੇ ਹੋਏ ਉਹ ਨਵੰਬਰ 1666 ਵਿੱਚ ਪਟਨਾ ਪਹੁੰਚੇ, ਜਿੱਥੇ ਉਨ੍ਹਾਂ ਦੇ ਪੁੱਤਰ, ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ।
ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੱਖਣ ਅਤੇ ਅਸਾਮ ਚਲੇ ਗਏ, ਜਿੱਥੇ ਉਨ੍ਹਾਂ ਨੇ ਲਗਭਗ ਢਾਈ ਸਾਲ ਬਿਤਾਏ। ਉਹ ਅਕਤੂਬਰ 1671 ਵਿੱਚ ਪਟਨਾ ਵਾਪਸ ਆਏ ਅਤੇ ਉੱਥੋਂ ਉਹ ਕੀਰਤਪੁਰ ਸਾਹਿਬ ਪਹੁੰਚੇ। ਫਿਰ ਕੀਰਤਪੁਰ ਤੋਂ
ਅੱਠ ਕਿਲੋਮੀਟਰ ਦੂਰ ਗੁਰੂ ਜੀ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਲਹਟੀ ਵਿੱਚ ਸਤਲੁਜ ਦਰਿਆ ਦੇ ਕੰਢੇ ਕੁਝ ਜ਼ਮੀਨ ਖਰੀਦੀ ਅਤੇ ਟਿਕਾਣਾ ਕੀਤਾ। ਉਨ੍ਹਾਂ ਨੇ ਆਪਣੀ ਮਾਂ ਦੇ ਨਾਮ ’ਤੇ ਇਸ ਜਗ੍ਹਾ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਇੱਥੇ ਗੁਰੂ ਸਾਹਿਬ ਨੂੰ ਕੁਦਰਤੀ ਅਤੇ ਬ੍ਰਹਮ ਅਨੰਦ ਅਨੁਭਵ ਹੋਣ ਕਰ ਕੇ ਉਨ੍ਹਾਂ ਨੇ ਇਸ ਦਾ ਨਾਮ ਆਨੰਦਪੁਰ ਰੱਖ ਦਿੱਤਾ, ਜਿਸਦਾ ਅਰਥ ਹੈ ਸਦੀਵੀ ਖ਼ੁਸ਼ੀ ਦਾ ਸ਼ਹਿਰ।
ਇਹ ਉਹ ਦਿਨ ਸਨ ਜਦੋਂ ਪੰਜਾਬ ਵਿੱਚ ਔਰੰਗਜ਼ੇਬ ਦੇ ਅਫ਼ਸਰ ਹਿੰਦੂਆਂ ਨੂੰ ਇਸਲਾਮ ਅਪਨਾਉਣ ਲਈ ਦਬਾਅ ਪਾਉਣ ਦੀ ਨੀਤੀ ’ਤੇ ਚੱਲ ਰਹੇ ਸਨ। ਗੁਰੂ ਤੇਗ ਬਹਾਦਰ ਜੀ ਮਨੁੱਖਤਾ ’ਤੇ ਹੋ ਰਹੇ ਜ਼ੁਲਮਾਂ ਤੋਂ ਬਹੁਤ ਚਿੰਤਿਤ ਸਨ ਅਤੇ ਲੋਕਾਈ ਨੂੰ ਇਸ ਤੋਂ ਮੁਕਤ ਕਰਨ ਦੀ ਕੋਸ਼ਿਸ਼ ਵਿੱਚ ਸਨ। ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਰਮ ਸ਼ਕਤੀ ਵਿੱਚ ਵਿਸ਼ਵਾਸ ਨਾਲ, ਨਿਡਰ ਹੋ ਕੇ ਮੁਸ਼ਕਲ ਸਮਿਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਪਉੜੀਆਂ ਦੀ ਰਚਨਾ ਕੀਤੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਨ੍ਹਾਂ ਦੀਆਂ ਰਚਨਾਵਾਂ ਸੰਸਾਰਿਕ ਜੀਵਨ ਜਿਊਂਦੇ ਹੋਏ ਦੁਨਿਆਵੀ ਬੁਰਾਈਆਂ ਤੋਂ ਬਚਣ ਦਾ ਰਾਹ ਦਿਖਾਉਂਦੀਆਂ ਹਨ।
* ਸੇਵਾਮੁਕਤ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94642-25655

