DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਪਾਲ ਗਾਂਧੀ ਤੇ ਗਣਤੰਤਰ ਦਾ ਰੋਸ਼ਨ ਸਫ਼ਰ

ਰਾਮਚੰਦਰ ਗੁਹਾ ਮੌਜੂਦਾ ਸਮਿਆਂ ਵਿੱਚ ਸਭ ਤੋਂ ਵੱਧ ਸ਼ਾਨਾਮੱਤੇ ਭਾਰਤੀਆਂ ’ਚੋਂ ਇੱਕ, ਸਰਕਾਰੀ ਅਫਸਰ, ਡਿਪਲੋਮੈਟ, ਲੇਖਕ ਅਤੇ ਵਿਦਵਾਨ ਗੋਪਾਲਕ੍ਰਿਸ਼ਨ ਗਾਂਧੀ ਦੇ 75ਵੇਂ ਜਨਮ ਦਿਨ ’ਤੇ 22 ਅਪਰੈਲ 2020 ਨੂੰ ਮੈਂ ਟਵਿੱਟਰ (ਜੋ ਉਦੋਂ ਐਕਸ ਨਹੀਂ ਬਣਿਆ ਸੀ) ਉੱਪਰ ਇੱਕ ਥ੍ਰੈੱਡ...

  • fb
  • twitter
  • whatsapp
  • whatsapp
Advertisement

ਰਾਮਚੰਦਰ ਗੁਹਾ

ਮੌਜੂਦਾ ਸਮਿਆਂ ਵਿੱਚ ਸਭ ਤੋਂ ਵੱਧ ਸ਼ਾਨਾਮੱਤੇ ਭਾਰਤੀਆਂ ’ਚੋਂ ਇੱਕ, ਸਰਕਾਰੀ ਅਫਸਰ, ਡਿਪਲੋਮੈਟ, ਲੇਖਕ ਅਤੇ ਵਿਦਵਾਨ ਗੋਪਾਲਕ੍ਰਿਸ਼ਨ ਗਾਂਧੀ ਦੇ 75ਵੇਂ ਜਨਮ ਦਿਨ ’ਤੇ 22 ਅਪਰੈਲ 2020 ਨੂੰ ਮੈਂ ਟਵਿੱਟਰ (ਜੋ ਉਦੋਂ ਐਕਸ ਨਹੀਂ ਬਣਿਆ ਸੀ) ਉੱਪਰ ਇੱਕ ਥ੍ਰੈੱਡ ਪੋਸਟ ਕੀਤਾ ਸੀ। ਉਸ ਵਿੱਚ ਉਨ੍ਹਾਂ ਵੱਲੋਂ ਦੇਸ਼ ਲਈ ਦਿੱਤੇ ਯੋਗਦਾਨ, ਉਨ੍ਹਾਂ ਦੇ ਕਿਰਦਾਰ ਦੀ ਆਨ ਬਾਨ ਅਤੇ ਅੰਤ ਵਿੱਚ ਮੇਰੇ ’ਤੇ ਉਨ੍ਹਾਂ ਦੇ ਨਿੱਜੀ ਰਿਣ ਦਾ ਜ਼ਿਕਰ ਕੀਤਾ ਸੀ। ਮੈਂ ਲਿਖਿਆ ਸੀ: ‘ਆਧੁਨਿਕ ਭਾਰਤੀ ਇਤਿਹਾਸ ਅਤੇ ਮਹਾਤਮਾ ਗਾਂਧੀ ਬਾਰੇ ਮੈਂ ਜਿੰਨਾ ਗੋਪਾਲ ਗਾਂਧੀ ਤੋਂ ਸਿੱਖਿਆ ਹੈ, ਓਨਾ ਹੋਰ ਕਿਸੇ ਤੋਂ ਨਹੀਂ ਸਿੱਖਿਆ।’

Advertisement

ਪੰਜ ਸਾਲਾਂ ਬਾਅਦ ਆਪਣੇ 80ਵੇਂ ਜਨਮਦਿਨ ਤੋਂ ਪਹਿਲਾਂ ਗੋਪਾਲ ਗਾਂਧੀ ਨੇ ਮੈਨੂੰ (ਅਤੇ ਕਈ ਹੋਰ ਭਾਰਤੀਆਂ ਨੂੰ ਵੀ) ਸਾਡੇ ਗਣਤੰਤਰ, ਜਿਸ ਦਾ ਸਫ਼ਰ ਉਨ੍ਹਾਂ ਦੇ ਜੀਵਨ ਦੇ ਸਮਾਨਾਂਤਰ ਚੱਲਦਾ ਰਿਹਾ ਹੈ, ਦੀ ਤਰੱਕੀ ਅਤੇ ਨਿਘਾਰ ਬਾਰੇ ਇੱਕ ਉਮਦਾ, ਸੁਚੱਜੀ, ਦਿਲਕਸ਼ ਅਤੇ ਬਹੁਤ ਹੀ ਸਿੱਖਿਆਦਾਇਕ ਕਿਤਾਬ ਭੇਟ ਕਰ ਕੇ ਹੋਰ ਜ਼ਿਆਦਾ ਰਿਣੀ ਕਰ ਦਿੱਤਾ ਹੈ। ਉਨ੍ਹਾਂ ਦੀਆਂ ਨਿੱਜੀ ਯਾਦਾਂ ਦਾ ਇਹ ਬਿਰਤਾਂਤ ਵਡੇਰੀਆਂ ਇਤਿਹਾਸਕ ਘਟਨਾਵਾਂ ਦੇ ਵੇਰਵਿਆਂ ਨਾਲ ਬੁਣਿਆ ਗਿਆ ਹੈ, ਜਿਸ ਦੀ ਤਾਕਤ ਉਨ੍ਹਾਂ ਦੇ ਅਧਿਐਨ ਦੀ ਜ਼ਬਰਦਸਤ ਰੇਂਜ ਅਤੇ ਭਾਰਤ ਬਾਰੇ ਉਨ੍ਹਾਂ ਦੀ ਗਹਿਰੀ ਸਮਝ ’ਚੋਂ ਉਪਜੀ ਹੈ। ਲੇਖਕ ਦੇ ਜੀਵਨ ਅਤੇ ਦੇਸ਼ ਦੇ ਉਥਲ-ਪੁਥਲ ਭਰੇ ਸਫ਼ਰ ਦੇ ਪ੍ਰਮੁੱਖ ਕਿਰਦਾਰਾਂ ਅਤੇ ਘਟਨਾਵਾਂ ਦੀਆਂ ਖ਼ੂਬਸੂਰਤ ਅਤੇ ਪਹਿਲਾਂ ਕਦੇ ਨਾ ਵੇਖੀਆਂ ਗਈਆਂ ਤਸਵੀਰਾਂ ਇਸ ਦੇ ਲੇਖਨ ਨੂੰ ਹੋਰ ਅਮੀਰੀ ਬਖ਼ਸ਼ਦੀਆਂ ਹਨ। ਇਸ ਤੋਂ ਇਲਾਵਾ ਵਿਅਕਤੀਗਤ ਫਿਲਮਾਂ (ਹਿੰਦੀ, ਅੰਗਰੇਜ਼ੀ, ਬੰਗਾਲੀ ਜਾਂ ਤਾਮਿਲ) ਦੇ ਕਈ ਹਵਾਲੇ ਦਿੱਤੇ ਗਏ ਹਨ। ਇਨ੍ਹਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿਨੇਮਾ ਨੇ ਗੋਪਾਲ ਗਾਂਧੀ ਦੇ ਜੀਵਨ ਦਾ ਓਨਾ ਹੀ ਮੁਹਾਂਦਰਾ ਘੜਿਆ ਹੈ ਜਿੰਨਾ ਸਾਹਿਤ, ਬੌਧਿਕਤਾ ਅਤੇ ਜਨਤਕ ਸੇਵਾ ਨੇ।

Advertisement

‘ਅਨਡਾਈਂਗ ਲਾਈਟ: ਏ ਪਰਸਨਲ ਹਿਸਟਰੀ ਆਫ ਇੰਡੀਪੈਂਡੈਂਟ ਇੰਡੀਆ’ (ਅਮਰ ਜੋਤ: ਆਜ਼ਾਦ ਭਾਰਤ ਦਾ ਨਿੱਜੀ ਇਤਿਹਾਸ) ਦੀ ਸ਼ੁਰੂਆਤ ਆਜ਼ਾਦੀ ਦੇ ਮੁੱਢਲੇ ਸਾਲਾਂ ਤੋਂ ਹੁੰਦੀ ਹੈ ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਦੇ ਅਖ਼ੀਰਲੇ ਵਰਤ ਅਤੇ ਉਨ੍ਹਾਂ ਦੇ ਦੇਹਾਂਤ, ਨਹਿਰੂ-ਪਟੇਲ ਦੁਫੇੜ ਤੇ ਉਨ੍ਹਾਂ ਦੀ ਸੁਲ੍ਹਾ ਦਾ ਜ਼ਿਕਰ ਆਉਂਦਾ ਹੈ। ਫਿਰ ਬਿਰਤਾਂਤ ਕ੍ਰਮਬੱਧ ਢੰਗ ਨਾਲ ਅਗਾਂਹ ਚੱਲਦਾ ਹੈ, ਹਰੇਕ ਸਾਲ ਬਾਰੇ ਇੱਕ ਸੰਖੇਪ ਤੇ ਸੁਆਦਲਾ ਅਧਿਆਏ ਦੇਣ ਦੇ ਨਾਲ ਨਾਲ ਅੰਤ ਵਿੱਚ ਡੇਢ ਦਹਾਕੇ ਬਾਰੇ ਇੱਕ ਬੱਝਵਾਂ ਅਧਿਆਏ ਦਿੱਤਾ ਗਿਆ ਹੈ।

ਆਜ਼ਾਦੀ ਅਤੇ ਵੰਡ ਤੋਂ ਕੁਝ ਸਮਾਂ ਪਹਿਲਾਂ ਜਨਮੇ ਅਤੇ ਗਣਤੰਤਰ ਦੇ ਨਾਲੋ-ਨਾਲ ਪਲੇ ਗੋਪਾਲ ਗਾਂਧੀ ਦੇ ਮਨ ਦੀ ਸਿਰਜਣਾ ਉਨ੍ਹਾਂ ਦੇ ਦੇਸ਼ਭਗਤ ਮਾਪਿਆਂ ਦੇਵਦਾਸ ਅਤੇ ਲਕਸ਼ਮੀ ਵੱਲੋਂ ਕੀਤੀ ਗਈ ਸੀ। ਗੋਪਾਲ ਅਤੇ ਉਨ੍ਹਾਂ ਦੇ ਹੋਰ ਭੈਣ ਭਰਾਵਾਂ ਤਾਰਾ, ਰਾਜਮੋਹਨ ਅਤੇ ਰਾਮਚੰਦਰ ’ਤੇ ਮਾਪਿਆਂ ਦੇ ਪ੍ਰਭਾਵ ਦਾ ਵਰਣਨ ਪਿਆਰ ਤੇ ਖਲੂਸ ਨਾਲ ਕੀਤਾ ਗਿਆ ਹੈ। ਕਿਤਾਬ ਦੇ ਪੰਨਿਆਂ ’ਤੇ ਸੈਂਕੜੇ ਹੋਰ ਦਿਲਚਸਪ ਜਾਂ ਪ੍ਰਭਾਵਸ਼ਾਲੀ ਕਿਰਦਾਰਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿੱਚ ਹਰਮਨ ਪਿਆਰੇ ਅਤੇ ਵਿਵਾਦਪੂਰਨ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਪਹਿਲਾਂ ਅਣਗੌਲੇ ਅਧਿਆਪਕ ਅਤੇ ਸਮਾਜਿਕ ਕਾਰਕੁਨ ਸ਼ਾਮਿਲ ਹਨ।

ਕਿਤਾਬ ਦੀ ਇੱਕ ਮਰਕਜ਼ੀ ਸ਼ਖ਼ਸੀਅਤ ਹੈ ਲੇਖਕ ਦੇ ਨਾਨਾ ਸੀ. ਰਾਜਗੋਪਾਲਾਚਾਰੀ (ਰਾਜਾਜੀ) ਜੋ ਆਜ਼ਾਦੀ ਘੁਲਾਟੀਏ ਸਨ ਤੇ ਆਜ਼ਾਦ ਭਾਰਤ ਵਿੱਚ ਉਨ੍ਹਾਂ ਉੱਚ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਆਪਣੀ ਚਹੇਤੀ ਪਾਰਟੀ ਕਾਂਗਰਸ ਨੂੰ ਛੱਡ ਕੇ ਸਵਤੰਤਰ ਪਾਰਟੀ ਬਣਾਈ ਸੀ ਜਿਸ ਨੇ ਅਰਥਚਾਰੇ ਨੂੰ ਰਿਆਸਤ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਦਾ ਹੋਕਾ ਦਿੱਤਾ ਸੀ। ਗੋਪਾਲ ਗਾਂਧੀ ਲਿਖਦੇ ਹਨ ਕਿ ਰਾਜਾਜੀ ਨੇ ‘ਮੇਰੇ ਜੀਵਨ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਇਆ ਸੀ’ ਜਿਸ ਕਰ ਕੇ ਉਹ ਇੱਕ ਵਾਜਬ ਅਤੇ ਨਿਆਂਪੂਰਨ ਸੰਵਿਧਾਨ ਦੇ ਵਿਚਾਰ, ਸਮਾਨਤਾ ਅਤੇ ਬੋਲਣ ਦੀ ਆਜ਼ਾਦੀ ’ਤੇ ਆਧਾਰਿਤ ਲੋਕਰਾਜੀ ਗਣਤੰਤਰ ਅਤੇ ‘ਲੋਕਾਈ ਦੀ ਸੁਤੰਤਰਤਾ’ ਨੂੰ ਸਭ ਤੋਂ ਵੱਧ ਮਹੱਤਵ ਦੇਣ ਵਾਲੇ ਇੱਕ ਰਾਜ ਦੇ ਵਿਚਾਰ ਨੂੰ ਸਮਝ ਸਕੇ ਸਨ।

ਇੱਕ ਹੋਰ ਹਸਤੀ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ, ਉਹ ਸੀ ਸ਼ਾਸਤਰੀ ਗਾਇਕਾ ਐੱਮਐੱਸ ਸੁਬੂਲਕਸ਼ਮੀ ਜੋ ਉਨ੍ਹਾਂ ਦੀ ਪਰਿਵਾਰਕ ਮਿੱਤਰ ਸੀ। ਉਸ ਨੂੰ ਗੋਪਾਲ ਗਾਂਧੀ ਬਚਪਨ ਵਿੱਚ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੇ ਸੰਗੀਤ ਤੇ ਸ਼ਖ਼ਸੀਅਤ ਦਾ ਉਨ੍ਹਾਂ ਉੱਪਰ ਚਿਰਸਥਾਈ ਅਸਰ ਪਿਆ ਸੀ। ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀ ਤੀਜੀ ਹਸਤੀ ਸਨ ਜੈਪ੍ਰਕਾਸ਼ ਨਰਾਇਣ ਜਿਨ੍ਹਾਂ ਦੀ ‘ਸੁਹਿਰਦਤਾ, ਸ਼ਾਂਤਚਿੱਤ ਸੁਭਾਅ, ਕ੍ਰਿਸ਼ਮਈ ਦਿੱਖ ਤੇ ਬਿਨਾਂ ਸ਼ੱਕ ਨਫ਼ੀਸ ਅੰਗਰੇਜ਼ੀ’ ਦੇ ਉਹ ਮੁਰੀਦ ਬਣ ਗਏ ਸਨ। ਜਦੋਂ ਭਾਰਤ ਅਤੇ ਚੀਨ ਵਿਚਕਾਰ ਟਕਰਾਅ ਸਿਖ਼ਰਾਂ ’ਤੇ ਸੀ ਤਾਂ ਆਪਣੇ ਪ੍ਰਸ਼ੰਸਕ ਦੇ ਸੱਦੇ ’ਤੇ ਜੇਪੀ ਦਿੱਲੀ ਦੇ ਸੇਂਟ ਸਟੀਫਨ’ਜ਼ ਕਾਲਜ ਵਿੱਚ ਇੱਕ ਲੈਕਚਰ ਦੇਣ ਆਏ ਸਨ। ‘ਆਪਣੀ ਮੱਠੀ ਸੁਰ ਵਿੱਚ ਉਨ੍ਹਾਂ ਸਹਿਜ ਸੁਭਾਅ ਭਾਸ਼ਣ ਦਿੱਤਾ ਜਿਸ ਦੇ ਪਹਿਲੇ ਅੱਧ ਵਿੱਚ ਉਨ੍ਹਾਂ ਇਹ ਗੱਲ ਕੀਤੀ ਕਿ ਆਜ਼ਾਦੀ ਦੇ ਸੰਘਰਸ਼ ਦੇ ਸਾਲਾਂ ਦੌਰਾਨ ਰਾਸ਼ਟਰਵਾਦ ਦਾ ਮਤਲਬ ਹੁੰਦਾ ਸੀ - ਬਸਤੀਵਾਦ ਤੋਂ ਮੁਕਤੀ। ਆਤਮ-ਸਨਮਾਨ, ਆਤਮ-ਨਿਰਭਰਤਾ, ਸਵੈ-ਭਰੋਸਾ ਤੇ ਅਹਿੰਸਕ ਨਾਫ਼ਰਮਾਨੀ ਇਸ ਦੇ ਔਜ਼ਾਰ ਹੁੰਦੇ ਹਨ। ਦੂਜੇ ਅੱਧ ਵਿੱਚ ਉਨ੍ਹਾਂ ਇਹ ਗੱਲ ਕੀਤੀ ਕਿ ਹੁਣ ਰਾਸ਼ਟਰਵਾਦ ਦੇ ਕੀ ਮਾਅਨੇ ਹਨ- ਸ਼ਕਤੀ ਪ੍ਰਦਰਸ਼ਨ, ਗੁਆਂਢੀਆਂ ਨੂੰ ਧਮਕਾਉਣਾ, ਜੰਗਵਾਦ ਤੇ ਅਸਹਿਣਸ਼ੀਲਤਾ ਇਸ ਲਈ ਈਂਧਣ ਦਾ ਕੰਮ ਕਰਦੇ ਹਨ।’

ਇਹ ਸਿਮ੍ਰਤੀਆਂ ਵਰਤਮਾਨ ਸਮਿਆਂ ਦੀ ਕਹਾਣੀ ਬਿਆਨ ਕਰਦੀਆਂ ਹਨ। ਮਿਸਾਲ ਵਜੋਂ ਇਹ ਵੇਰਵੇ ਕਿ ਕਿਵੇਂ ਭਾਰਤ ਸਰਕਾਰ ਵੱਲੋਂ 1960ਵਿਆਂ ਦੌਰਾਨ ਅੰਗਰੇਜ਼ੀ ਦੀ ਸਰਕਾਰੀ ਵਰਤੋਂ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ ਸਨ। ਗੋਪਾਲ ਗਾਂਧੀ ਲਿਖਦੇ ਹਨ: ‘ਮੇਰਾ ਅੰਦਰਲਾ ਵਲੂੰਧਰਿਆ ਪਿਆ ਹੈ, ਮੈਂ ਹਿੰਦੀ

ਨੂੰ ਪਿਆਰਦਾ ਹਾਂ ਤੇ ਇਸ ਦੇ ਸਾਮਰਾਜੀ

ਤੇਵਰਾਂ ਨੂੰ ਨਫ਼ਰਤ ਕਰਦਾ ਹਾਂ। ਇਸ ਵਿਸ਼ੇ ’ਤੇ

ਰਾਜਾਜੀ ਦੀ ਮਜ਼ਬੂਤ ਪੁਜ਼ੀਸ਼ਨ ਤੋਂ ਪ੍ਰਭਾਵਿਤ ਹੁੰਦਿਆਂ ਮੈਂ ਇਸ ਪੇਸ਼ਕਦਮੀ ਦੀ ਪੁਰਜ਼ੋਰ ਮੁਖ਼ਾਲਫ਼ਤ ਕਰਨੋਂ

ਨਾ ਰਹਿ ਸਕਿਆ।’

ਇਸ ਦੇ ਬਿਰਤਾਂਤ ਉੱਪਰ ਦੇਸ਼ ਦਾ ਸਫ਼ਰ ਭਾਰੂ ਹੈ, ਜਿਸ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਵਿਵਾਦਾਂ ਨੂੰ ਟਿੱਪਣੀਆਂ ਸਹਿਤ ਬਿਆਨ ਕੀਤਾ ਗਿਆ ਹੈ। ਇਸ ਦੇ ਪਿਛੋਕੜ ਵਿੱਚ ਲੇਖਕ ਦਾ ਆਪਣਾ ਸਫ਼ਰ ਕੁਝ ਉਵੇਂ ਦਾ ਕੰਮ ਕਰਦਾ ਹੈ ਜਿਵੇਂ ਕਰਨਾਟਕ ਸੰਗੀਤ ਸੰਮੇਲਨ ਵਿੱਚ ਕਿਸੇ ਵਾਇਲਨਵਾਦਕ ਦੀ ਭੂਮਿਕਾ ਹੁੰਦੀ ਹੈ। ਬਤੌਰ ਆਈਏਐੱਸ ਅਧਿਕਾਰੀ ਤੰਜਾਵੁਰ ਦੇ ਦਿਹਾਤੀ ਖੇਤਰ ਵਿੱਚ ਪਲੇਠੀ ਤਾਇਨਾਤੀ ਮੌਕੇ ਉਨ੍ਹਾਂ ਨੂੰ ਇੱਕ ਸੀਰਿਆਈ ਇਸਾਈ, ਇੱਕ ਤਾਮਿਲ ਜੈਨ ਤੇ ਇੱਕ ਮੁਸਲਿਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ, ਜਿਸ ਬਾਰੇ ਪੁਸਤਕ ’ਚ ਦਿਲਕਸ਼ ਲੇਖ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਈ ਉੱਚ ਅਹੁਦਿਆਂ ’ਤੇ ਸੇਵਾਵਾਂ (ਜਿਨ੍ਹਾਂ ਵਿੱਚ ਰਾਸ਼ਟਰਪਤੀ ਦੇ ਸਕੱਤਰ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਕਾਰਜਕਾਲ ਸ਼ਾਮਿਲ ਹੈ) ਅਤੇ ਦੇਸ਼ ਤੋਂ ਬਾਹਰ ਪੰਜ ਵੱਖੋ-ਵੱਖਰੀਆਂ ਤਾਇਨਾਤੀਆਂ ਬਾਬਤ ਉਨ੍ਹਾਂ ਬਹੁਤ ਖੁੱਭ ਕੇ ਲਿਖਿਆ ਹੈ। ਦੱਖਣੀ ਅਫ਼ਰੀਕਾ ਅਤੇ ਸ੍ਰੀਲੰਕਾ ਦੀ ਸਿਆਸਤ ਬਾਰੇ ਉਨ੍ਹਾਂ ਦੇ ਬਿਓਰੇ ਖ਼ਾਸ ਤੌਰ ’ਤੇ ਮੁੱਲਵਾਨ ਹਨ।

ਕਿਤਾਬ ਦੱਸਦੀ ਹੈ ਕਿ ਗੋਪਾਲ ਗਾਂਧੀ ਸਾਰੇ ਭਾਰਤ ਨੂੰ ਜਾਣਦੇ ਤੇ ਸਮਝਦੇ ਸਨ, ਹਾਲਾਂਕਿ ਸ਼ਾਇਦ ਉਹ ਤਾਮਿਲਾਂ, ਬੰਗਾਲੀਆਂ ਤੇ ਦਿੱਲੀ ਵਾਲਿਆਂ ਨੂੰ ਸਭ ਤੋਂ ਬਿਹਤਰ ਜਾਣਦੇ ਸਮਝਦੇ ਸਨ। ਜ਼ਿਕਰਯੋਗ ਢੰਗ ਨਾਲ, ਉੱਤਰ-ਪੂਰਬ ਤੇ ਕਸ਼ਮੀਰ ਦੀ ਗੜਬੜਗ੍ਰਸਤ ਸਰਹੱਦੀ ਭੂਮੀ ਨੂੰ ਵੀ ਬਿਰਤਾਂਤ ਵਿੱਚ ਬਣਦੀ ਥਾਂ ਮਿਲੀ ਹੈ। ‘ਦਿ ਅਨਡਾਈਂਗ ਲਾਈਟ’ ਵਿੱਚ ਦਿਲ ਛੂਹ ਲੈਣ ਵਾਲੀਆਂ ਕਈ ਕਹਾਣੀਆਂ ਹਨ। ਇੱਕ ਰਾਜਾਜੀ ਤੇ ਉਨ੍ਹਾਂ ਦੀ ਧੀ ਨਾਮਗਿਰੀ ਦੇ ਹੈਦਰਾਬਾਦ ਦੇ ਦੌਰੇ ਨਾਲ ਜੁੜੀ ਹੋਈ ਹੈ, ਜਦੋਂ ਇਹ ਵਿਦਰੋਹੀ ਸਾਮੰਤਵਾਦੀ ਰਿਆਸਤ ਅਖ਼ੀਰ ’ਚ ਭਾਰਤੀ ਸੰਘ ਦਾ ਹਿੱਸਾ ਬਣ ਗਈ। ਨਿਜ਼ਾਮ ਨੇ (ਆਜ਼ਾਦ ਭਾਰਤ ਦੇ ਪਹਿਲੇ ਭਾਰਤੀ) ਗਵਰਨਰ-ਜਨਰਲ ਸੀ. ਰਾਜਗੋਪਾਲਾਚਾਰੀ ਦੀ ਧੀ ਨੂੰ ਹੀਰਿਆਂ ਨਾਲ ਜੜਿਆ ਹਾਰ ਭੇਟ ਕੀਤਾ। ਰਾਜਾਜੀ ਨੇ ਇਹ ਕਹਿੰਦਿਆਂ ਹਾਰ ਮੋੜ ਦਿੱਤਾ ਕਿ ਇੱਕ ਵਿਧਵਾ ਨੂੰ ਇਸ ਤਰ੍ਹਾਂ ਦਾ ਕੀਮਤੀ ਗਹਿਣਾ ਜਚਦਾ ਨਹੀਂ, ਜਿਸ ’ਤੇ ਨਾਮਗਿਰੀ ਨੇ ਆਪਣੇ ਪਿਤਾ ਨੂੰ ਝਾੜਦਿਆਂ ਕਿਹਾ ਕਿ ਇਸ ਦੀ ਬਜਾਏ ਉਨ੍ਹਾਂ ਨੂੰ ਨਿਜ਼ਾਮ ਨੂੰ ਕਹਿਣਾ ਚਾਹੀਦਾ ਸੀ ਕਿ ‘ਅਸੀਂ ਗਾਂਧੀ ਦੇ ਚੇਲੇ ਹਾਂ ਤੇ ਕੀਮਤੀ ਚੀਜ਼ਾਂ ਨਹੀਂ ਰੱਖਦੇ।’

ਇੱਕ ਹੋਰ ਕਹਾਣੀ ਰਾਜਾਜੀ ਦੇ ਪੁਰਾਣੇ ਦੋਸਤ ਅਤੇ ਸਿਆਸੀ ਵਿਰੋਧੀ ਈ.ਵੀ. ਰਾਮਾਸਵਾਮੀ (‘ਪੇਰੀਆਰ’) ਨਾਲ ਸਬੰਧਿਤ ਹੈ ਜਿਨ੍ਹਾਂ ਰਾਜਾਜੀ ਨੂੰ ਉਨ੍ਹਾਂ ਦੇ ਦੂਜੇ ਵਿਆਹ ’ਚ ਗਵਾਹ ਬਣਨ ਲਈ ਕਿਹਾ। ਰਾਜਾਜੀ ਨੇ ਮਨ੍ਹਾਂ ਕਰ ਦਿੱਤਾ; ਗੋਪਾਲ ਕਹਿੰਦੇ ਹਨ ਕਿ ਜੇ ਉਹ ਮੰਨ ਜਾਂਦੇ ਤਾਂ ‘ਤਾਮਿਲ ਦੇਹਾਤ ’ਚ ਬ੍ਰਾਹਮਣ ਬਨਾਮ ਗ਼ੈਰ-ਬ੍ਰਾਹਮਣ ਚਰਚਾ ਵਿੱਚ ਇੱਕ ਚਮਤਕਾਰੀ ਸੁਧਾਰ ਆ ਗਿਆ ਹੁੰਦਾ।’

ਗੋਪਾਲ ਗਾਂਧੀ ਨੂੰ ਆਪਣੇ ਰੱਜੇ-ਪੁੱਜੇ ਪਰਿਵਾਰਕ ਪਿਛੋਕੜ ਦਾ ਗਹਿਰਾ ਗਿਆਨ ਸੀ ਕਿ ਕਿਵੇਂ ਇਹ ਅਕਸਰ ਮਦਦਗਾਰ ਤੇ ਕਈ ਵਾਰ ਉਨ੍ਹਾਂ ਦੇ ਰਾਹ ਦਾ ਰੋੜਾ ਬਣਿਆ। ਆਪਣੇ ਬਚਪਨ ਤੇ ਦਿੱਲੀ ਵਿਚਲੇ ਉਨ੍ਹਾਂ ਦੇ ਘਰ ਅਕਸਰ ਆਉਂਦੇ-ਜਾਂਦੇ ਖ਼ਾਸ ਬੰਦਿਆਂ ਦੇ ਚਕਾਚੌਂਧ ਕਰ ਦੇਣ ਵਾਲੇ ਘੇਰੇ ਨੂੰ ਯਾਦ ਕਰਦਿਆਂ ਗੋਪਾਲ ਲਿਖਦੇ ਹਨ ਕਿ ‘ਸਾਡਾ ਪਰਿਵਾਰ, ਜਿਸ ’ਚ ‘‘ਹਰੀਜਨ ਸੇਵਾ’’ ਦਾ ਵਿਰਾਸਤੀ ਮਾਹੌਲ ਸੀ, ਆਪਣੇ ਕਰੀਬੀ ਮਿੱਤਰਾਂ ’ਚ ਕਿਸੇ ਦਲਿਤ ਨੂੰ ਨਹੀਂ ਗਿਣਦਾ। ਇੱਕ ਨੂੰ ਵੀ ਨਹੀਂ। ਇਸ ’ਚ ਮੁਸਲਿਮ, ਇਸਾਈ ਤੇ ਸਿੱਖ ਦੋਸਤ ਸਨ। ਇਸ ਦੇ ਦੋਸਤ ਅਮਰੀਕਾ ਦੇ ਸਿਆਹਫਾਮ ਸਮਾਜ ਤੋਂ ਵੀ ਸਨ, ਪੂਰੀ ਦੁਨੀਆ ਤੋਂ ਯਹੂਦੀ ਮਿੱਤਰ ਸਨ, ਪਰ ਇੱਕ ਵੀ ਭਾਰਤੀ ਦਲਿਤ ਨਹੀਂ ਸੀ।’

ਲੇਖਕ ਦਾ ਚਿੰਤਨਸ਼ੀਲ ਵਿਵੇਕ ਖ਼ੁਦ ਨੂੰ ਕੁਝ ਵੱਡੀਆਂ ਇਤਿਹਾਸਕ ਧਾਰਨਾਵਾਂ ’ਚ ਵੀ ਪ੍ਰਗਟ ਕਰਦਾ ਹੈ। ਇਨ੍ਹਾਂ ਵਿੱਚੋਂ ਕੁਝ ਹਨ:

- ਜੇ ਇਹ ਦੇਖਣਾ ਪੈਂਦਾ ਕਿ ਅੱਜ ਦੇ ਸਮਿਆਂ ’ਚ ਨਹਿਰੂ, ਪਟੇਲ ਤੇ ਅੰਬੇਡਕਰ ਦੇ ਮਨਾਂ ਤੇ ਸੁਨੇਹਿਆਂ ਨੂੰ ਵਾਚਣ ਦੀ ਪਰਵਾਹ ਕੀਤੇ ਬਿਨਾਂ ਹੀ ਕਿਵੇਂ ਉਨ੍ਹਾਂ ਦੀ ਖੁਸ਼ਾਮਦ ਕੀਤੀ ਜਾ ਰਹੀ ਹੈ ਤਾਂ ਉਹ ਤਿੰਨੋਂ ਵਾਰੋ-ਵਾਰੀ ਲੁਤਫ਼ਅੰਗੇਜ਼, ਨਿਰਾਸ਼ ਤੇ ਭੈਅਭੀਤ ਹੁੰਦੇ।

- ਨਹਿਰੂ ਵਰਗੇ ਵਿਅਕਤੀ ਦੇ ਭਾਰਤ ਦੀ ਸੇਵਾ ’ਚ ਸਮਰਪਿਤ ਹੋਣ ਤੋਂ ਲੈ ਕੇ ਭਾਰਤ ਨੂੰ ਇੱਕ ਵਿਅਕਤੀ (ਇੰਦਰਾ) ਦੀ ਸੇਵਾ ਵਿੱਚ ਲਾਉਣ ਤੱਕ ਨਹਿਰੂ ਤੋਂ ਇੰਦਰਾ ਦੇ ਭਾਰਤ ਤੱਕ ਦਾ ਸਫ਼ਰ ਗੰਭੀਰ ਕੋਸ਼ਿਸ਼ਾਂ ਦੇ ਸਮਿਆਂ ਤੋਂ ਗ਼ੈਰ-ਗੰਭੀਰ ਕਿਰਿਆਵਾਂ ਤੱਕ ਦਾ ਇੱਕ ਬਦਲਾਅ ਸੀ।

- ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਕਾਰਜਕਾਲ ’ਤੇ ਉਹ ਟਿੱਪਣੀ ਕਰਦਾ ਹੈ: ‘ਪੁਰਾਣੀ ਕਿਸ਼ਤੀ, ਐੱਸ.ਐੱਸ. ਇੰਡੀਆ ਵਿੱਚ ਉਹ ਕੋਈ ਨਵਾਂ ਕਪਤਾਨ ਨਹੀਂ ਹੈ, ਬਲਕਿ ਇੱਕ ਨਵੀਂ ਕਿਸ਼ਤੀ, ਐੱਸ.ਐੱਸ. ਭਾਰਤ ਵਿੱਚ ਨਵਾਂ ਨਾਵਿਕ ਹੈ। ਪੁਰਾਣੇ ਜਹਾਜ਼ ਨੂੰ ਦੋ ਸਟੀਮ ਜੈੱਟ ਚਲਾ ਰਹੇ ਸਨ: ਲੋਕਰਾਜੀ ਗਣਤੰਤਰਵਾਦ ਤੇ ਧਰਮ-ਨਿਰਪੱਖਤਾ, ਨਵੇਂ ਨੂੰ ਬਹੁ-ਮਤਵਾਦੀ ਰਾਸ਼ਟਰਵਾਦ ਤੇ ਹਿੰਦੂਤਵ ਦੇ ਇੰਜਣ ਚਲਾ ਰਹੇ ਹਨ।’

ਇਹ ਪੜ੍ਹਨਾ ਮੈਨੂੰ ਬਿਰਤਾਂਤ ’ਚ ਕੁਝ ਸੈਂਕੜੇ ਸਫ਼ੇ (ਤੇ ਤੀਹ ਸਾਲ) ਪਿੱਛੇ ਲੈ ਗਿਆ, ਗੋਪਾਲ ਗਾਂਧੀ ਦੀ ਡਾਇਰੀ ਦੇ ਕੁਝ ਅੰਸ਼ਾਂ ਵੱਲ ਜਿਸ ’ਚ, ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਹੁਣ ਦੇ ਹਵਾਲੇ ਨਾਲ ਇੱਕ ਟਿੱਪਣੀ ਹੈ: ‘30 ਜਨਵਰੀ 1948 ਤੋਂ ਬਾਅਦ ਮੈਂ ਸੋਚਦਾ ਹਾਂ ਕਿ ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਸਿਆਹ ਸਮਾਂ ਹੈ’, ਤੇ ਫਿਰ ਇਹ ਸਵਾਲ: ‘ਕੀ ਅਸੀਂ ਸੱਭਿਅਤਾ ਦੇ ਵਿਨਾਸ਼ ਕੰਢੇ ਖੜ੍ਹੇ ਹਾਂ?’ ਆਪਣੇ ਆਖ਼ਰੀ ਸਫ਼ਿਆਂ ਵਿੱਚ ਲੇਖਕ ਅਜੋਕੇ ਭਾਰਤ ਅੱਗੇ ਖੜ੍ਹੀਆਂ ਕੁਝ ਵੱਡੀਆਂ ਮੁਸ਼ਕਿਲਾਂ ਦੀ ਸ਼ਨਾਖਤ ਕਰਦਾ ਹੈ ਜਿਨ੍ਹਾਂ ਵਿੱਚ ਵਾਤਾਵਰਨ ਦੀ ਵਿਆਪਕ ਬਰਬਾਦੀ, ਫ਼ਿਰਕੂ ਨਫ਼ਰਤਾਂ, ਸੰਸਥਾਵਾਂ ਦੀ ਖ਼ਤਮ ਹੁੰਦੀ ਖ਼ੁਦਮੁਖਤਾਰੀ ਤੇ ਅਤੀਤ ਦੀ ਹਥਿਆਰ ਵਜੋਂ ਵਰਤੋਂ ਸ਼ਾਮਲ ਹੈ। ਇਹ ਸਮੱਸਿਆਵਾਂ ਉਸ ਗਣਰਾਜ ਦੇ ਆਦਰਸ਼ਾਂ ਨੂੰ ਬਹੁਤ ਵੱਡੀ ਚੁਣੌਤੀ ਦੇ ਰਹੀਆਂ ਹਨ ਜਿਨ੍ਹਾਂ ਨੂੰ ਗੋਪਾਲ ਗਾਂਧੀ ਨੇ ਆਪਣੀ ਜਵਾਨੀ ’ਚ ਅਪਣਾਇਆ ਤੇ ਪੂਰੀ ਜ਼ਿੰਦਗੀ ਉਦਾਰਤਾ ਨਾਲ ਧਾਰਨ ਕਰੀ ਰੱਖਿਆ। ਫਿਰ ਵੀ, ਪੁਸਤਕ ਇਸ ਆਸ਼ਾਵਾਦੀ ਸਤਰ ਨਾਲ ਮੁੱਕਦੀ ਹੈ: ‘ਭਾਰਤ ਦੀ ਰੋਸ਼ਨੀ ਮੱਧਮ ਹੋ ਸਕਦੀ ਹੈ; ਇਹ ਮਰ ਨਹੀਂ ਸਕਦੀ ਤੇ ਨਾ ਮਰੇਗੀ।’

ਈ-ਮੇਲ: ramachandraguha@yahoo.in

Advertisement
×