ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ ਉਸ ਨੂੰ ਕਿੰਨਾ ਚਾਅ ਹੁੰਦਾ ਏ। ਅੱਖਾਂ ਦੇ ਵਿੱਚ ਰਾਹ ਹੁੰਦਾ ਏ। ਜਿੱਥੇ ਤੇਰੇ ਹੰਝੂ ਡਿੱਗੇ, ਸੂਰਜ ਵਰਗਾ ਘਾਹ ਹੁੰਦਾ ਏ। ਚੰਗੀ ਮਾੜੀ ਪਰਖ ਕਰੇਗਾ, ਜਿਸ ਨੂੰ ਜਿਸ ਨਾਲ ਵਾਹ ਹੁੰਦਾ ਏ। ਉੱਥੇ ਜਾਣਾ ਕਿਹੜਾ ਸੌਖਾ, ਏਦਾਂ...
Advertisement

ਬਲਵਿੰਦਰ ਬਾਲਮ ਗੁਰਦਾਸਪੁਰ

ਉਸ ਨੂੰ ਕਿੰਨਾ ਚਾਅ ਹੁੰਦਾ ਏ।

Advertisement

ਅੱਖਾਂ ਦੇ ਵਿੱਚ ਰਾਹ ਹੁੰਦਾ ਏ।

ਜਿੱਥੇ ਤੇਰੇ ਹੰਝੂ ਡਿੱਗੇ,

ਸੂਰਜ ਵਰਗਾ ਘਾਹ ਹੁੰਦਾ ਏ।

ਚੰਗੀ ਮਾੜੀ ਪਰਖ ਕਰੇਗਾ,

ਜਿਸ ਨੂੰ ਜਿਸ ਨਾਲ ਵਾਹ ਹੁੰਦਾ ਏ।

ਉੱਥੇ ਜਾਣਾ ਕਿਹੜਾ ਸੌਖਾ,

ਏਦਾਂ ਕਿੱਦਾਂ ਜਾ ਹੁੰਦਾ ਏ।

ਅੰਬਰੋਂ ਤਾਰੇ ਤੋੜਣ ਦੀ ਜ਼ਿੱਦ,

ਮਨ ਕਿਹੜਾ ਸਮਝਾਅ ਹੁੰਦਾ ਏ।

ਭੁੱਲ ਕੇ ਵੀ ਤਕਰਾਰ ਕਰੀਂ ਨਾ,

ਗਲ ਵਿੱਚ ਪਾਇਆ ਫਾਹ ਹੁੰਦਾ ਏ।

ਡੁੱਬ ਕੇ ਆਪਾਂ ਵੇਖ ਲਿਆ ਏ,

ਜਾ ਹੁੰਦਾ ਨਾ ਆ ਹੁੰਦਾ ਏ।

ਜੀਵਨ ਵਿੱਚ ਜੋ ਕਰਨਾ ਕਰ ਲੈ,

ਮੁੜ ਕੇ ਕਿੱਥੇ ਆ ਹੁੰਦਾ ਏ।

ਉਸ ਨੇ ਇਸ ਅੰਦਾਜ਼ ’ਚ ਚੁੰਮਿਆ,

ਗੂੰਗੇ ਤੋਂ ਵੀ ਗਾ ਹੁੰਦਾ ਏ।

ਉਸ ਦੇ ਦਰ ’ਤੇ ਜਾਣਾ ਨਈਂ ਪਰ,

ਜ਼ਹਿਰ ਹਮੇਸ਼ਾਂ ਖਾ ਹੁੰਦਾ ਏ।

ਖ਼ੁਸ਼ੀਆਂ ਦੀ ਪਰਿਭਾਸ਼ਾ ਦੱਸਾਂ,

ਜਦ ਵੀ ਘੁੰਢ ’ਚੋਂ ਚਾ ਹੁੰਦਾ ਏ।

ਬਾਲਮ ਨਜ਼ਰ ਟਿਕਾ ਕੇ ਰੱਖ ਲੈ,

ਤਾਣੀ ਨੂੰ ਉਲਝਾਅ ਹੁੰਦਾ ਏ।

ਸੰਪਰਕ: 98156-25409

* * *

ਧਰਤੀ ਧਾਹਾਂ ਮਾਰਦੀ

ਚਰਨ ਸਿੰਘ ਮਾਹੀ

ਧਰਤੀ ਧਾਹਾਂ ਮਾਰਦੀ, ਰੋਵੇ ਤੇ ਕੁਰਲਾਵੇ।

ਭਾਰ ਅਤਿ ਤੇ ਜ਼ੁਲਮ ਦਾ ਚੁੱਕਿਆ ਨਾ ਜਾਵੇ।

ਮੱਚ ਗਈ ਹਾਹਾਕਾਰ ਹੈ ਅੱਜ ਚਾਰੇ ਪਾਸੀਂ

ਗਈਆਂ ਖ਼ੁਸ਼ੀਆਂ ਮਾਰ ਉਡਾਰੀਆਂ, ਛਾ ਗਈ ਉਦਾਸੀ।

ਝੂਠ ਫਿਰੇ ਲਲਕਾਰਦਾ ਤੇ ਖਿੜ ਖਿੜ ਹੱਸੇ।

ਸੱਚ ਵਿਚਾਰਾ ਆਪਣੇ ਦੁੱਖ ਕਿਸ ਨੂੰ ਦੱਸੇ।

ਝੂਠ ਨੂੰ ਮਿਲਦੀ ਜ਼ਿੰਦਗੀ, ਇੱਥੇ ਸੱਚ ਨੂੰ ਫਾਂਸੀ।

ਗਈਆਂ ਖ਼ੁਸ਼ੀਆਂ ਮਾਰ ਉਡਾਰੀਆਂ, ਛਾ ਗਈ ਉਦਾਸੀ।

ਚਾਰ ਚੁਫ਼ੇਰੇ ਪਾਪ ਅੱਜ ਪ੍ਰਧਾਨ ਹੈ ਹੋਇਆ।

ਧਰਮ ਵਿਚਾਰਾ ਛੁਪ ਕੇ ਕਿਤੇ ਜਾ ਖਲੋਇਆ।

ਕੌਣ ਕਰੂ ਅੱਜ ਆਣ ਕੇ ਧਰਮਾਂ ਦੀ ਰਾਖੀ

ਗਈਆਂ ਖ਼ੁਸ਼ੀਆਂ ਮਾਰ ਉਡਾਰੀਆਂ, ਛਾ ਗਈ ਉਦਾਸੀ।

ਸਾਧਾਂ ਵਾਲੇ ਭੇਸ ਵਿੱਚ ਡਾਕੂ ਨੇ ਫਿਰਦੇ।

ਉੱਪਰੋਂ ਬਗਲੇ ਭਗਤ ਨੇ ਪਰ ਕਾਲੇ ਹਿਰਦੇ।

ਦਿਲ ਵਿੱਚ ਰੱਖਦੇ ਪਾਪ ਨੇ ਪਰ ਉੱਪਰੋਂ ਹਾਸੀ।

ਗਈਆਂ ਖ਼ੁਸ਼ੀਆਂ ਮਾਰ ਉਡਾਰੀਆਂ, ਛਾ ਗਈ ਉਦਾਸੀ।

ਭੇਜ ਬਲੀ ਅਵਤਾਰ ਕੋਈ ਜੋ ਰੱਬ ਕਹਾਵੇ।

ਡੁੱਬਦਾ ਬੇੜਾ ਧਰਮ ਦਾ ਜੋ ਬੰਨੇ ਲਾਵੇ।

ਮਾਹੀ ਲੰਮਿਆ ਵਾਲੇ ਨੇ ਸੱਚੀ ਗੱਲ ਆਖੀ

ਗਈਆਂ ਖ਼ੁਸ਼ੀਆਂ ਮਾਰ ਉਡਾਰੀਆਂ, ਛਾ ਗਈ ਉਦਾਸੀ।

ਸੰਪਰਕ: 99143-64728

* * *

ਗ਼ਜ਼ਲ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਮਿੱਟੀ ਚੰਗੀ ਲੱਗਦੀ ਪਿੰਡ ਦੇ ਰਾਹਵਾਂ ਦੀ।

ਖੁਸ਼ਬੂ ਵੱਸੇ ਜਿਸ ਵਿੱਚ ਮਾਂ ਦੇ ਸਾਹਵਾਂ ਦੀ।

ਚੇਤੇ ਕਰਕੇ ਬਚਪਨ ਅੱਥਰੂ ਡਿੱਗੇ ਜੋ,

ਬਣ ਗਈ ਇੱਕ ਤਸਵੀਰ ਹੈ ਭੈਣ-ਭਰਾਵਾਂ ਦੀ।

ਏਧਰ-ਓਧਰ ਦਿੰਦੇ ਰਹੇ ਸੰਦੇਸ਼ੇ ਜੋ,

ਖ਼ੁਆਬੀਂ ਉੱਡਦੀ ਡਾਰ ਉਹ ਜਾਵੇ ਕਾਵਾਂ ਦੀ।

ਥਾਂ-ਥਾਂ ਭਾਵੇਂ ਹੋਟਲ, ਕੈਫ਼ੇ ਖੁੱਲ੍ਹ ਗਏ ਨੇ,

ਲੈ ਨਹੀਂ ਸਕਦੇ ਥਾਂ ਉਹ ਕਦੇ ਸਰਾਵਾਂ ਦੀ।

ਸਾਂਝ ਤੋੜ ਕੇ ਪਿੰਡੋਂ ਮਿਲਿਆ ਚੈਨ ਨਹੀਂ,

ਸ਼ਹਿਰ ’ਚ ਆ ਕੇ ਘੁੱਟ ਗਈ ਸੰਘੀ ਚਾਵਾਂ ਦੀ।

ਸ਼ਹਿਰ ’ਚ ਹਾਸੇ-ਰੋਣੇ ਸਭ ਕੁਝ ਨਕਲੀ ਹੈ,

‘ਪਾਰਸ’ ਪਿੰਡ ਵਿੱਚ ਰੂਹ ਹੈ ਪੰਜ ਦਰਿਆਵਾਂ ਦੀ।

ਸੰਪਰਕ: 99888-11681

* * *

ਬਾਪੂ ਦੀਆਂ ਆਵਾਜ਼ਾਂ

ਬਲਜਿੰਦਰ ਮਾਨ

ਭੁੱਲ ਗਈ ਜਵਾਨੀ ਸੋਹਣੇ ਰਸਮ ਰਿਵਾਜਾਂ ਨੂੰ

ਭੁੱਲ ਕਿਵੇਂ ਸਕਦਾ ਹਾਂ ਬਾਪੂ ਦੀਆਂ ਆਵਾਜ਼ਾਂ ਨੂੰ

ਬਾਲ ਜੋ ਵਰ੍ਹੇਸ ਹੋਵੇ ਫ਼ਿਕਰ ਨਾ ਫਾਕਾ ਹੁੰਦੈ

ਰੱਬ ਦੀਆਂ ਰਹਿਮਤਾਂ ਦਾ ਵੱਸਦਾ ਛਰਾਟਾ ਹੁੰਦੈ

ਕਦੇ ਨਾ ਭੁਲਾਈਏ ਗੁਰਬਾਣੀ ਦਿਆਂ ਰਾਗਾਂ ਨੂੰ...

ਬੱਲਦਾਂ ਦੇ ਗਲ਼ ਹੁਣ ਪੈਂਦੀਆਂ ਨਾ ਟੱਲੀਆਂ

ਨਾ ਆਬੂ ਦਾਣੇ ਭੁੰਨਕੇ ਚਬਾਉਂਦਾ ਕੋਈ ਛੱਲੀਆਂ

ਨਾ ਪੁੱਛਦੀਆਂ ਨਾਰਾਂ ਹੁਣ ਸਿਰ ਦਿਆਂ ਤਾਜਾਂ ਨੂੰ...

ਪਿੰਡ ਵਾਲੀ ਬੋਹੜ ਹੇਠੋਂ ਸੱਥ ਹੁਣ ਉੱਠ ਗਈ

ਦੁੱਧ ਘਿਓ ਮੱਖਣ ਦੀ ਚੂਰੀ ਸਾਥੋਂ ਖੁੱਸ ਗਈ

ਕਿਹੜੇ ਦੇਸ਼ੋਂ ਲੱਭੀਏ ਨਖਰੇ ਤੇ ਨਾਜ਼ਾਂ ਨੂੰ...

ਤੂੰਬੀ ਅਲਗੋਜ਼ਾ ਕਿੱਥੇ ਗਈਆਂ ਨੇ ਸਰੰਗੀਆਂ

ਸੁਰਾਂ ਜੋ ਸੁਰੀਲੀਆਂ ਜਾਂਦੀਆਂ ਨਾ ਮੰਗੀਆਂ

ਕਲਾਕਾਰ ਭੁੱਲ ਬੈਠੇ ਤੰਤੀ ਹੁਣ ਸਾਜ਼ਾਂ ਨੂੰ...

ਸਿੱਠਣੀਆਂ ਸੁਹਾਗ ਤੇ ਘੋੜੀਆਂ ਕੋਈ ਗਾਵੇ ਨਾ

ਪਿੰਡ ਵਿੱਚ ਹੁਣ ਕੋਈ ਸਾਹਾ ਲੈ ਕੇ ਆਵੇ ਨਾ

ਭੁੱਲੇ ਭਾਈਚਾਰਾ ਫੜ ਨਵਿਆਂ ਰਿਵਾਜਾਂ ਨੂੰ...

ਉੱਚੇ ਤੇ ਵਿਚਾਰ ਸੁੱਚੇ ਮਾਰ ਗਏ ਉਡਾਰੀਆਂ

ਅਖਾੜਿਆਂ ’ਚ ਗੱਭਰੂ ਨਾ ਕਰਨ ਤਿਆਰੀਆਂ

ਦਿਲ ’ਚ ਵਸਾਈਏ ਸੱਚ ਦੀਆਂ ਆਵਾਜ਼ਾਂ ਨੂੰ...

ਸਾਦਾ ਜੋ ਜ਼ਮਾਨਾ ਹੁਣ ਮੁੜ ਕਦੀ ਆਉਣਾ ਨਹੀਂ

ਚਾਟੀ ’ਚ ਮਧਾਣੀ ਨੂੰ ਸੁਆਣੀ ਕਦੀ ਪਾਉਣਾ ਨਹੀਂ

ਸੁਣ ਲੈ ਤੂੰ ‘ਮਾਨਾ’ ਹੁਣ ਸਮੇਂ ਦਿਆਂ ਸਾਜ਼ਾਂ ਨੂੰ...

ਸੰਪਰਕ: 98150-18947

* * *

ਵਿਕ ਜਾਂਦੇ ਨੇ

ਬੇਅੰਤ ਕੌਰ ਗਿੱਲ

ਭੱਥਿਆਂ ’ਚ ਪਏ ਹੋਏ ਤੀਰ ਵਿਕ ਜਾਂਦੇ ਨੇ

ਪੁੱਤ ਮੋਏ ਮਾਪਿਆਂ ਦੇ ਨੀਰ ਵਿਕ ਜਾਂਦੇ ਨੇ

ਸੱਜਣਾ ਵੇ ਰਾਜੇ ਤੇ ਵਜ਼ੀਰ ਵਿਕ ਜਾਂਦੇ ਨੇ

ਕੱਚਿਆਂ ਦੇ ਕੱਚੇ ਗੁਰੂ ਪੀਰ ਵਿਕ ਜਾਂਦੇ ਨੇ...

ਲੌਕਰਾਂ ’ਚ ਪਏ ਹੋਏ ਸਬੂਤ ਵਿਕ ਜਾਂਦੇ ਨੇ

ਮੋਚੀਆਂ ਤੋਂ ਚੋਰੀ ਕਲਬੂਤ ਵਿਕ ਜਾਂਦੇ ਨੇ

ਜਾਤਾਂ ਪਾਤਾਂ ਹੱਥੋਂ ਜੀ ਮਾਸ਼ੂਕ ਵਿਕ ਜਾਂਦੇ ਨੇ

ਕਬਰਾਂ ’ਚ ਪਏ ਹੋਏ ਤਾਬੂਤ ਵਿਕ ਜਾਂਦੇ ਨੇ...

ਪੀ ਏ ਵਿਕ ਜਾਂਦੇ ਨੇ ਤੇ ਸੀ ਏ ਵਿਕ ਜਾਂਦੇ ਨੇ

ਗੀਤ ਵਿਕ ਜਾਂਦੇ ਨੇ ਗਵੱਈਏ ਵਿਕ ਜਾਂਦੇ ਨੇ

ਝਾਂਜਰਾਂ ਦੇ ਬੋਰ ਥਾ-ਥਈਆ ਵਿਕ ਜਾਂਦੇ ਨੇ

ਡਾਲਰਾਂ ਦੀ ਦੌੜ ’ਚ ਰੁਪਈਏ ਵਿਕ ਜਾਂਦੇ ਨੇ...

ਤੂੰਬੀਆਂ, ਸਿਤਾਰ ਤੇ ਰਬਾਬ ਵਿਕ ਜਾਂਦੇ ਨੇ

ਵੈਦ, ਚੌਧਰੀ, ਹਕੀਮ ਤੇ ਨਵਾਬ ਵਿਕ ਜਾਂਦੇ ਨੇ

ਕਬਰਾਂ ’ਤੇ ਜਾਣ ਲਈ ਗ਼ੁਲਾਬ ਵਿਕ ਜਾਂਦੇ ਨੇ

ਅੱਗਾ-ਪਿੱਛਾ ਵੇਖ ਕੇ ਜਨਾਬ ਵਿਕ ਜਾਂਦੇ ਨੇ...

ਚਾਚੇ ਤਾਏ ਭੂਆ ਮਾਮੇ ਭਾਈ ਵਿਕ ਜਾਂਦੇ ਨੇ

ਚੰਦ ਛਿੱਲੜਾਂ ਦੇ ਪਿੱਛੇ ਹਲਵਾਈ ਵਿਕ ਜਾਂਦੇ ਨੇ

ਚੌਂਕਾਂ ਵਿੱਚ ਖੜ੍ਹੇ ਹੋਏ ਸਿਪਾਹੀ ਵਿਕ ਜਾਂਦੇ ਨੇ

ਡਾਕਟਰ ਦੀ ਡਿਗਰੀ, ਪੜ੍ਹਾਈ ਵਿਕ ਜਾਂਦੇ ਨੇ...

ਕਲਮ-ਸਿਆਹੀ ਸਾਹਿਤਕਾਰ ਵਿਕ ਜਾਂਦੇ ਨੇ

ਕਰਤਾਰ ਦੇ ਘਰਾਂ ’ਚੋਂ ਕਰਤਾਰ ਵਿਕ ਜਾਂਦੇ ਨੇ

ਕਹਿੰਦੇ ਤੇ ਕਹਾਉਂਦੇ ਕਿਰਦਾਰ ਵਿਕ ਜਾਂਦੇ ਨੇ

ਜਵਾਲਾਮੁਖੀ ਹੋ ਕੇ ਠੰਢੇ-ਠਾਰ ਵਿਕ ਜਾਂਦੇ ਨੇ...

ਬੋਲੀ ਉੱਤੇ ਲੱਗ ਕੇ ਸੁਭਾਅ ਵਿਕ ਜਾਂਦੇ ਨੇ

ਧੁੱਪਾਂ, ਛਾਵਾਂ, ਸੂਰਜ ਤੇ ਵਾਅ ਵਿਕ ਜਾਂਦੇ ਨੇ

ਕਿਸਾਨ-ਮਜ਼ਦੂਰ ਮੰਦੇ ਭਾਅ ਵਿਕ ਜਾਂਦੇ ਨੇ

‘ਗਿੱਲ’ ਨੀਂ ਨਿਮਾਣੀਏ ਚਾਅ ਵਿਕ ਜਾਂਦੇ ਨੇ

ਏਥੇ ਹਾਏ ਨਿਮਾਣੀਏ ਚਾਅ ਵਿਕ ਜਾਂਦੇ ਨੇ...

ਸੰਪਰਕ: 94656-06210

* * *

ਮੂੰਗਫ਼ਲੀ

ਓਮਕਾਰ ਸੂਦ ਬਹੋਨਾ

ਸਦਾ ਮੂੰਗਫ਼ਲੀ ਆਵੇ ਯਾਦ।

ਗਿਰੀਆਂ ਦੇ ਵਿੱਚ ਭਰਿਆ ਸੁਆਦ।

ਤਾਕਤ ਦਾ ਭਰਪੂਰ ਖ਼ਜ਼ਾਨਾ,

ਜਾਣੇ ਇਹ ਕੁੱਲ ਜ਼ਮਾਨਾ।

ਲੋਕੀਂ ਇਸ ਨੂੰ ਤਾਂ ਹੀ ਖਾਵਣ,

ਇਸ ਵਿੱਚ ਨੇ ਭਰਪੂਰ ਵਿਟਾਮਿਨ।

ਹੁੰਦੀ ਇਹ ਸਾਦ ਮੁਰਾਦੀ,

ਬਦਾਮਾਂ ਤੋਂ ਵੀ ਵੱਧ ਸੁਆਦੀ।

ਇਸਦੀ ਬਣਦੀ ਗੱਚਕ ਪੱਟੀ,

ਗੁੜ ਪਾ ਕੇ ਹੋ ਜਾਵੇ ਮਿੱਠੀ।

ਤੇਲ ’ਚ ਤਲ ਨਮਕੀਨ ਬਣਾਉਂਦੇ,

ਭੁਜੀਏ ਵਿੱਚ ਨੇ ਫੇਰ ਮਿਲਾਉਂਦੇ।

ਜਿਹੜੇ ਸੇਕਣ ਧੂਣੀ ਬਹਿੰਦੇ,

ਇਸਨੂੰ ਟਾਈਮ ਪਾਸ ਵੀ ਕਹਿੰਦੇ।

ਦੇਵੇ ਇਹ ਕਈ ਸੁਆਦ,

ਇਹ ਮੇਵਾ ਹੈ ਲਾਜਵਾਬ।

ਮੂੰਗਫ਼ਲੀ ਤਾਂ ਮੂੰਗਫ਼ਲੀ ਹੈ,

ਭੁੰਨੀ ਭਾਵੇਂ ਇਹ ਤਲੀ ਹੈ।

ਇਸਨੂੰ ਵੰਡ ਕੇ ਖੱਟੋ ਸੇਵਾ,

ਇਹ ਸਰਦੀ ਦਾ ਉੱਤਮ ਮੇਵਾ।

ਸੰਪਰਕ: 96540-36080

* * *

ਜ਼ਿੰਦਗੀ ਦੇ ਵਰਕੇ

ਅਜੀਤ ਖੰਨਾ

ਕਦੇ ਕਦੇ ਮੇਰਾ ਚਿੱਤ ਕਰਦਾ, ਜ਼ਿੰਦਗੀ ਦੇ ਵਰਕੇ ਫੋਲਣ ਨੂੰ

ਕੀ ਖੱਟਿਆ ਕੀ ਗੁਆਇਆ ਮੈਂ, ਏਸੇ ਗੱਲ ਨੂੰ ਤੋਲਣ ਨੂੰ

ਕਦੇ ਕਦੇ ਮੇਰਾ ਚਿੱਤ ਕਰਦਾ, ਜ਼ਿੰਦਗੀ ਦੇ ਵਰਕੇ ਫੋਲਣ ਨੂੰ...

ਜਦੋਂ ਪਹਿਲਾ ਵਰਕਾ ਥੱਲਿਆ ਮੈਂ, ਹੱਸਦੀ ਦੀ ਤਸਵੀਰ ਦਿਸੀ

ਦੋ ਰੂਹਾਂ ਨੂੰ ਮੇਲਣ ਵਾਲੀ, ਉਹ ਹੱਥਾਂ ਵਾਲੀ ਲਕੀਰ ਦਿਸੀ

ਸਹੁੰ ਤੇਰੀ ਅੱਜ ਦਿਲ ਕਰਦਾ, ਗੁੱਝੇ ਭੇਤ ਦਿਲਾਂ ਦੇ ਖੋਲ੍ਹਣ ਨੂੰ...

ਕਦੇ ਕਦੇ ਮੇਰਾ ਚਿੱਤ ਕਰਦਾ, ਜ਼ਿੰਦਗੀ ਦੇ ਵਰਕੇ ਫੋਲਣ ਨੂੰ

ਜਿੱਥੇ ਜਿੱਥੇ, ਜਿਸ ਜਿਸ ਥਾਂ ਮਿਲੀ, ਉਹ ਵਰਕਾ ਵੀ ਲੱਭਿਆ ਹੈ

ਲਿਖਿਆ ਸੀ ਜੋ ਗੀਤ ਉਹਦੇ ਤੇ, ਯੂ ਟਿਊਬ ’ਚੋਂ ਕੱਢਿਆ ਹੈ

ਸੱਚ ਪੁੱਛੇ ਦਿਲ ਕਰਦਾ, ਉਸ ਨੂੰ ਹੀ ਵਾਰ ਵਾਰ ਬੋਲਣ ਨੂੰ...

ਕਦੇ ਕਦੇ ਮੇਰਾ ਚਿੱਤ ਕਰਦਾ, ਜ਼ਿੰਦਗੀ ਦੇ ਵਰਕੇ ਫੋਲਣ ਨੂੰ

ਕਰ ਸੁੰਨੀਆਂ ਜੂਹਾਂ ਸ਼ਹਿਰ ਦੀਆਂ, ਬਿਨ ਦੱਸਿਆਂ ਤੁਰਗੀ ਸੀ

ਦੱਸਿਆ ਸੀ ਜਦੋਂ ਯਾਰਾਂ ਦੋਸਤਾਂ, ਤੂੰ ਪਾ ਫੇਰਾ ਵੀ ਮੁੜਗੀ ਸੀ

ਅਜੀਤ ਰਿਹਾ ਵਿਲਕਦਾ ਖੰਨੇ ’ਚ, ਬੋਲ ਨਾ ਉਸ ਕੋਲ ਬੋਲਣ ਨੂੰ...

ਕਦੇ ਕਦੇ ਮੇਰਾ ਚਿੱਤ ਕਰਦਾ, ਜ਼ਿੰਦਗੀ ਦੇ ਵਰਕੇ ਫੋਲਣ ਨੂੰ

ਸੰਪਰਕ: 85448-54669

* * *

ਗਜ਼ਲ

ਗੋਗੀ ਜ਼ੀਰਾ

ਲੋਕੀਂ ਥੱਕੇ ਹਾਰੇ ਨੇ,

ਹਾਕਮਾਂ ਤੇਰੇ ਕਾਰੇ ਨੇ।

ਫੁੱਲਾਂ ਦੇ ਤੂੰ ਦੇ ਕੇ ਸੁਪਨੇ,

ਕੰਡੇ ਮੱਥੇ ਮਾਰੇ ਨੇ।

ਫਰਿਆਦ ਕਰਨ ਜੇ ਆਈਏ ਕੋਲ,

ਤੇਵਰ ਤੇਰੇ ਕਰਾਰੇ ਨੇ।

ਦਰ-ਦਰ ਭਟਕਣ ਲਈ ਹਾਂ ਬੇਵਸ,

ਤੇਰੇ ਖ਼ੂਬ ਨਜ਼ਾਰੇ ਨੇ।

ਚੌਕਸ ਰਹਿ ਭਸਮ ਨਾ ਹੋ ਜੇ,

ਰਹੇ ਰਾਜ ਲਈ ਬਣ ਅੰਗਿਆਰੇ ਨੇ।

ਐਨੀ ਆਕੜ ਨਹੀਂ ਚੰਗੀ ‘ਗੋਗੀ’

ਵਕਤ ਨੇ ਕਈ ਸੁਧਾਰੇ ਨੇ।

ਸੰਪਰਕ: 97811-36240

* * *

ਚੁੱਪ

ਕੁਲਵਿੰਦਰ ਸਿੰਘ ਮਲੋਟ

ਚੁੱਪ ਹੈ,

ਚੁੱਪ ਹੀ ਰਹਿਣ ਦਿਓ।

ਸਹਿਣਸ਼ੀਲਤਾ ਦੀ ਹੱਦ ਤੱਕ।

ਤੁਸੀਂ ਤਾਂ ਹਮੇਸ਼ਾ ਆਖਿਆ ਹੈ-

‘ਇੱਕ ਚੁੱਪ, ਸੌ ਸੁੱਖ’।

ਪਰ ਹਰ ਵਾਰੀ,

ਚੁੱਪ ਦਾ ਅਰਥ

‘ਚੁੱਪ’ ਹੀ ਨਹੀਂ ਹੁੰਦਾ।

ਹਾਂ! ਹਾਂ!!

ਚੁੱਪ ਸਭ ਕੁਝ ਦੇਖ ਸਕਦੀ ਹੈ।

ਚੁੱਪ ਸਭ ਕੁਝ ਸੁਣ ਸਕਦੀ ਹੈ।

ਦੇਖ ਸਕਦੀ ਹੈ-

ਨਸ਼ਿਆਂ ’ਚ ਰੁਲਦੀ ਜਵਾਨੀ ਨੂੰ।

ਖ਼ੁਦਕੁਸ਼ੀ ਕਰਦੀ ਕਿਸਾਨੀ ਨੂੰ।

ਮੁਕੱਦਸ ਗ੍ਰੰਥਾਂ ਦੀ ਬੇਅਦਬੀ ਨੂੰ।

ਫ਼ਿਰਕੂ ਦੰਗਿਆਂ ’ਚ

ਮਰਦੀ ਮਨੁੱਖਤਾ ਨੂੰ;

ਚਿੱਟੇ ਦੇ ਸੌਦਾਗਰਾਂ ਨੂੰ,

ਕਾਲਾ ਕਰਮ ਕਰਦਿਆਂ ਨੂੰ।

ਚੁੱਪ

ਸੁਣ ਸਕਦੀ ਹੈ-

ਤੁਹਾਡੇ ਚਗਲੇ ਹਾਸਿਆਂ ਨੂੰ,

ਦੂਹਰੇ ਅਰਥਾਂ ਦੇ ਬੋਲਾਂ ਨੂੰ।

ਜਬਰ-ਜਨਾਹ ਵਿੱਚੋਂ

ਉੱਠਦੀਆਂ ਚੀਕਾਂ ਨੂੰ।

ਪਰ ਚੁੱਪ ਨੇ

‘ਚੁੱਪ’ ਨਹੀਂ ਰਹਿਣਾ-

ਚੁੱਪ ਟੁੱਟੇਗੀ ਤਾਂ

ਲਾਵਾ ਬਣ ਕੇ ਫੁੱਟੇਗੀ।

ਯਾਦ ਰੱਖਿਓ,

ਆਖ਼ਰ ਚੁੱਪ ਟੁੱਟੇਗੀ।

ਸੰਪਰਕ: 98760-64576

* * *

Advertisement