DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਖਰੀ ਪਛਾਣ ਦੀ ਮਾਲਕ ਗਗਨ ਗਿੱਲ

  ਡਾ. ਚੰਦਰ ਤ੍ਰਿਖਾ ਹਿੰਦੀ ਕਵਿੱਤਰੀ ਗਗਨ ਗਿੱਲ ਨੇ ‘ਮੈਂ ਜਬ ਤਕ ਆਈ ਬਾਹਰ’ ਲਈ ਸਾਲ 2024 ਦਾ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਹੈ। ਮੈਨੂੰ ਗਗਨ ਗਿੱਲ ਦੇ ਸਾਹਿਤ ਨੂੰ ਅਦਬੀ ਤੌਰ ’ਤੇ ਜਾਣਨ ਦੀ ਤਲਬ ਉਸ ਦੇ ਕਾਵਿ-ਸੰਗ੍ਰਹਿ ‘ਏਕ ਦਿਨ...
  • fb
  • twitter
  • whatsapp
  • whatsapp
Advertisement

ਡਾ. ਚੰਦਰ ਤ੍ਰਿਖਾ

Advertisement

ਹਿੰਦੀ ਕਵਿੱਤਰੀ ਗਗਨ ਗਿੱਲ ਨੇ ‘ਮੈਂ ਜਬ ਤਕ ਆਈ ਬਾਹਰ’ ਲਈ ਸਾਲ 2024 ਦਾ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਹੈ। ਮੈਨੂੰ ਗਗਨ ਗਿੱਲ ਦੇ ਸਾਹਿਤ ਨੂੰ ਅਦਬੀ ਤੌਰ ’ਤੇ ਜਾਣਨ ਦੀ ਤਲਬ ਉਸ ਦੇ ਕਾਵਿ-ਸੰਗ੍ਰਹਿ ‘ਏਕ ਦਿਨ ਲੌਟੇਗੀ ਲੜਕੀ’ ਦੇ ਪੰਨੇ ਪਰਤਣ ਤੋਂ ਬਾਅਦ ਮਹਿਸੂਸ ਹੋਈ। ਫਿਰ ‘ਯਹ ਆਕਾਂਕਸ਼ਾ-ਸਮਯ ਨਹੀਂ’ ਅਤੇ ‘ਥਪਕ ਥਪਕ ਦਿਲ ਥਪਕ ਥਪਕ’, ‘ਦੇਹ ਕੀ ਮੁੰਡੇਰ’ ਆਦਿ ਪੜ੍ਹਨ ਤੋਂ ਬਾਅਦ ਤਾਂ ਇੰਜ ਲੱਗਾ ਕਿ ਗਗਨ ਗਿੱਲ ਦੀ ਰਚਨਾ ਪੜ੍ਹੇ ਬਿਨਾਂ ਸੱਤਵੇਂ ਤੇ ਅੱਠਵੇਂ ਦਹਾਕੇ ਦੀ ਕਵਿਤਾ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਸਮਝਣਾ ਸੰਭਵ ਨਹੀਂ ਹੋਵੇਗਾ।

ਪਿਛਲੇ ਲਗਭਗ 40-45 ਵਰ੍ਹਿਆਂ ਵਿੱਚ ਉਸ ਦੀਆਂ ਦਸ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਇਨ੍ਹੀਂ ਦਿਨੀਂ ਉਸ ਦੀ 2008 ਵਿੱਚ ਲਿਖੀ ਗਈ ਰਚਨਾ ‘ਅਵਾਕ’ ਅਕਸਰ ਜ਼ਿਹਨ ’ਚ ਉੱਭਰਨ ਲੱਗਦੀ ਹੈ। ‘ਅਵਾਕ’ ਮਾਨਸਰੋਵਰ ਦੀ ਯਾਤਰਾ ਦਾ ਇੱਕ ਅਨੋਖਾ ਬਿਰਤਾਂਤ ਹੈ।

ਸੋਲ੍ਹਾਂ ਨਵੰਬਰ 1959 ਨੂੰ ਦਿੱਲੀ ਵਿੱਚ ਜਨਮੀ ਇਸ ਅਦਬੀ ਸ਼ਖ਼ਸੀਅਤ ਨੇ ਆਪਣੀ ਸ਼ੁਰੂਆਤ ਪੱਤਰਕਾਰੀ ਦੇ ਖੇਤਰ ਤੋਂ ਕੀਤੀ। ਮੈਨੂੰ 1983 ਤੋਂ 1993 ਦਰਮਿਆਨ ‘ਟਾਈਮਜ਼ ਆਫ ਇੰਡੀਆ’ ਅਤੇ ‘ਸੰਡੇ ਅਬਜ਼ਰਵਰ’ ਵਿੱਚ ਉਸ ਦੇ ਕੁਝ ਫੀਚਰ ਪੜ੍ਹਨ ਦਾ ਮੌਕਾ ਮਿਲਿਆ, ਪਰ ਉਸ ਦੀ ਖ਼ਾਸ ਪਛਾਣ ਕਵਿੱਤਰੀ ਵਜੋਂ ਹੀ ਬਣੀ।

ਕੁਝ ਆਲੋਚਕਾਂ ਨੇ ਉਸ ਨੂੰ ਮਹਾਦੇਵੀ ਵਰਮਾ ਦਾ ਨਵਾਂ ਰੂਪ ਵੀ ਕਿਹਾ, ਪਰ ਉਸ ਦਾ ਆਪਣਾ ਹੀ ਮੁਹਾਵਰਾ ਹੈ ਜਿਹੜਾ ‘ਦਿੱਲੀ ਮੇਂ ਉਨੀਂਦੇ’, ‘ਮੈਂ ਜਬ ਤਕ ਆਈ ਬਾਹਰ’, ‘ਦੇਹ ਕੀ ਮੁੰਡੇਰ ਪਰ’ ਆਦਿ ਰਚਨਾਵਾਂ ਵਿੱਚ ਇੱਕ ਅਨੋਖੀ ਸੰਵੇਦਨਸ਼ੀਲਤਾ ਦਾ ਅਹਿਸਾਸ ਕਰਾਉਂਦਾ ਹੈ। ਸਾਲ 2000 ਵਿੱਚ ਗੋਇਟੇ ਇੰਸਟੀਚਿਊਟ, ਜਰਮਨੀ ’ਚ ਉਸ ਨੇ ਆਪਣੀਆਂ ਕਵਿਤਾਵਾਂ ਨਾਲ ਅਜਿਹੀ ਛਾਪ ਛੱਡੀ, ਜਿਸ ਦੀ ਚਰਚਾ ਮੈਨੂੰ ਵੀ ਕੁਝ ਸਾਲਾਂ ਬਾਅਦ ਆਪਣੀ ਜਰਮਨ ਯਾਤਰਾ ਦੌਰਾਨ ਸੁਣਨ ਨੂੰ ਮਿਲੀ। 2024 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਤੋਂ ਪਹਿਲਾਂ 1984 ਵਿੱਚ ਉਸ ਨੂੰ ਭਾਰਤ ਭੂਸ਼ਣ ਅਗਰਵਾਲ ਪੁਰਸਕਾਰ ਅਤੇ 2004 ’ਚ ‘ਕੇਦਾਰ ਸਨਮਾਨ’ ਵੀ ਮਿਲਿਆ।

ਉਸ ਦੀ ਇੱਕ ਕਵਿਤਾ ਹੁਣ ਵੀ ਕਦੇ ਕਦੇ ‘ਹਾਂਟ’ ਕਰਦੀ ਹੈ: ‘ਕੁਛ ਲੜਕੀਉਂ ਕੇ ਪਾਸ ਘਰ ਨਹੀਂ ਹੋਤੇ/ ਖ਼ਯਾਲੋਂ ਮੇਂ ਭੀ ਨਹੀਂ/ ਭਲਾ ਖ਼ਯਾਲੋਂ ਮੇਂ ਭੀ ਕਯੋਂ ਨਹੀਂ?/ ਖ਼ਯਾਲੋਂ ਮੇਂ ਉਨਕੇ ਬਸਤੇ ਹੈਂ/ ਆਂਗਨ ਮੇਂ ਖੇਲਤੇ ਹੁਏ ਬੱਚੇ/ ਅਖ਼ਬਾਰ ਪੜ੍ਹਤਾ ਆਦਮੀ/ ‘ਲਾਅਨ’ ਕੀ ਕੁਰਸੀ ਪਰ/ ਹਰ ਪਲ ਦਿਮਾਗ਼ ਮੇਂ ਚੜ੍ਹਤੀ/ ਰਸੋਈ ਕੀ ਗੰਧ/ ਫੂਲ ਹੀ ਫੂਲ ਭਰੇ ਰਹਿਤੇ ਹੈਂ/ ਉਨਕੀ ਆਂਖੋਂ ਮੇਂ/ ਖ਼ਯਾਲੋਂ ਮੇਂ/ਖ਼ਯਾਲੋਂ ਮੇਂ ਲੜਕੀਆਂ/ ਜਾਨਤੀ ਹੈਂ,/ ਕੋਈ ਤੂਫ਼ਾਨ ਉਨਹੇਂ ਛੂ ਨਹੀਂ ਸਕਤਾ/ ਉਨਕੇ ਬੱਚੋਂ ਕੋ,/ ਉਨਕੇ ਆਦਮੀ ਕੋ/ ਖ਼ਯਾਲੋਂ ਮੇਂ ਉਨਹੇਂ ਇਤਮਿਨਾਨ ਰਹਿਤਾ ਹੈ/ ਕਿ ਕੋਈ ਬੁਰੀ ਛਾਇਆ ਨਹੀਂ ਗੁਜ਼ਰਤੀ/ ਉਨਕੇ ਖ਼ਯਾਲੋਂ ਕੇ ਘਰ ਮੇਂ...’

ਆਪਣੇ ਜੀਵਨ ਸਾਥੀ ਅਤੇ ਉੱਘੇ ਲੇਖਕ ਨਿਰਮਲ ਵਰਮਾ ਦੇ ਪਰਛਾਵੇਂ ਤੋਂ ਬਾਹਰ ਆਪਣੀ ਸੁਤੰਤਰ ਪਛਾਣ ਬਣਾਉਣਾ ਗਗਨ ਗਿੱਲ ਲਈ ਸਭ ਤੋਂ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨੂੰ ਉਸ ਨੇ ਪੂਰੀ ਕਾਮਯਾਬੀ ਨਾਲ ਸਰ ਕੀਤਾ। ਹੁਣ ਕਾਵਿ ਅਤੇ ਵਾਰਤਕ ਦੇ ਖੇਤਰ ਵਿੱਚ ਉਸ ਦੀ ਆਪਣੀ ਅਨੂਠੀ ਪਛਾਣ ਹੈ। ਉਸ ਦੀ ਆਪਣੀ ਸੋਚ, ਆਪਣਾ ਮੁਹਾਵਰਾ ਹੈ, ਭਾਸ਼ਾ ਅਤੇ ਸ਼ੈਲੀ ਵੀ ਆਪਣੀ ਮੌਲਿਕ ਹੈ। ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਵਕਤ ਵਿੱਚ ਉਸ ਦੀਆਂ ਲਿਖਤਾਂ ’ਤੇ ਕੌਮਾਂਤਰੀ ਪੱਧਰ ਉੱਤੇ ਵੀ ਚਰਚਾ ਹੋਵੇ। ਉਸ ਦੀ ਇੱਕ ਲਿਖਤ ‘ਅੰਧੇਰੇ ਮੇਂ ਬੁੱਧ’ ਵੀ ਕੋਰੀਆ ਤੇ ਕੁਝ ਹੋਰ ਮੁਲਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ। ਸਾਲ 1990 ’ਚ ਅਮਰੀਕਾ ਦੇ ‘ਆਓਵਾ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ’ ’ਚ ਉਸ ਨੇ ਭਾਰਤੀ ਲੇਖਕ ਵਜੋਂ ਪ੍ਰਸ਼ੰਸਾ ਖੱਟੀ। ਗਗਨ ਗਿੱਲ ਦਾ ਨਾਂ ਭਾਰਤੀ ਸਾਹਿਤ ਵਿੱਚ ਸੁਨਹਿਰੀ ਅੱਖਰਾਂ ’ਚ ਦਰਜ ਹੋ ਚੁੱਕਾ ਹੈ।

ਸੰਪਰਕ: 94170-04423

Advertisement
×