ਵੈਸਟ ਸਰਜੀਕਲ ਵਾਰਡ ਵਾਲਾ ਦੋਸਤ
ਡਾ. ਮਨਜੀਤ ਸਿੰਘ ਬੱਲ
ਮੌਜੂਦਾ ਸਮੇਂ ਤੋਂ ਪਹਿਲਾਂ ਕਦੇ ਵੀ ਐਸੇ ਹਾਲਾਤ ਨਹੀਂ ਬਣੇ ਕਿ ਕੁੱਲ ਆਲਮ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਇੰਨੇ ਨੇੜਿਓਂ ਜੁੜੇ ਹੋਏ ਹੋਣ।ਇੰਟਰਨੈੱਟ, ਦੂਰਸੰਚਾਰ ਤੇ ਸੋਸ਼ਲ ਮੀਡੀਆ ਨੇ ਸਾਰੇ ਸੰਸਾਰ ਨੂੰ ਵਾਕਈ ਇੱਕ ਪਿੰਡ ਬਣਾ ਕੇ ਰੱਖ ਦਿੱਤਾ ਹੈ। ਫਾਸਲਿਆਂ ਵਾਲੀਆਂ ਗੱਲਾਂ ਤਾਂ ਹੁਣ ਤਕਰੀਬਨ ਖ਼ਤਮ ਹੀ ਹਨ। ਆਧੁਨਿਕ ਤਕਨੀਕਾਂ ਦੇ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਨਾਲ ਸਿਰਫ਼ ਗੱਲਾਂ ਹੀ ਨਹੀਂ ਕੀਤੀਆਂ ਜਾ ਸਕਦੀਆਂ ਸਗੋਂ ਸਕਿੰਟਾਂ ਵਿੱਚ ਸਾਕਸ਼ਾਤ ਦਰਸ਼ਨ ਵੀ ਹੋ ਜਾਂਦੇ ਹਨ। ਇਨ੍ਹਾਂ ਤਕਨੀਕਾਂ ਦੀ ਬਦੌਲਤ ਹੀ ਮੈਂ ਤਕਰੀਬਨ ਅੱਧੀ ਸਦੀ ਪਹਿਲਾਂ ਮਿਲੇ-ਵਿਛੜੇ ਆਪਣੇ ਇੱਕ ਦੋਸਤ ਨੂੰ ਲੱਭ ਸਕਿਆ ਹਾਂ। ਆਪਣੇ ਇਸ ਤਜਰਬੇ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਮੈਡੀਕਲ ਅਫਸਰ ਵਜੋਂ ਸਰਕਾਰੀ ਨੌਕਰੀ ਮੈਨੂੰ 25 ਸਾਲ ਦੀ ਉਮਰ ਵਿੱਚ ਹੀ ਮਿਲ ਗਈ ਸੀ। ਤਨਖ਼ਾਹ ਵਧੀਆ ਸੀ, ਵਿਆਹ ਅਜੇ ਹੋਇਆ ਨਹੀਂ ਸੀ ਤੇ ਪੜ੍ਹਾਈ ਦਾ ਵੀ ਕੋਈ ਤਣਾਅ ਨਹੀਂ ਸੀ। ਮੌਜ ਮੇਲੇ ਵਾਲੀ ਇਸ ਉਮਰੇ, ਮੈਂ ਆਜ਼ਾਦ ਪੰਛੀ ਸਾਂ। ਮਈ 1979 ’ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਯਾਤਰੀਆਂ ਦੇ ਜਥੇ ਨਾਲ ਮੈਨੂੰ ਪਹਿਲੀ ਵਾਰ ਲਾਹੌਰ ਜਾਣ ਦਾ ਮੌਕਾ ਮਿਲਿਆ। ਮੈਂ ’ਕੱਲਾ ਹੀ ਸਾਂ। ਲਾਹੌਰ ਵਿੱਚ ਠਹਿਰਨ ਦਾ ਪ੍ਰਬੰਧ ਗੁਰਦੁਆਰਾ ਡੇਰਾ ਸਾਹਿਬ ਵਿੱਚ ਹੀ ਸੀ। ਪਹਿਲੇ ਦਿਨ ਗੁਰਦੁਆਰਾ ਸਾਹਿਬ ਤੇ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨ ਕੀਤੇ। ਅਗਲੇ ਦਿਨ, ਲਾਹੌਰ ਦੀ ਆਬਾਦੀ ‘ਇੱਛਰਾ’ ਦੇ ਮਾਜਿਦ ਬੁਖ਼ਾਰੀ ਨਾਲ ਮੁਲਾਕਾਤ ਹੋਈ, ਉਹ ਸਾਈਕਲ ’ਤੇ ਆਇਆ ਸੀ। ਲੰਮਾ ਸਮਾਂ ਅਸੀਂ ਸ਼ਾਹੀ ਕਿਲ੍ਹੇ ’ਚ ਬੈਠੇ ਗੱਪਾਂ ਮਾਰਦੇ ਰਹੇ ਸਾਂ। ਬਾਅਦ ਵਿੱਚ ਮੇਰੀ ਕਹਾਣੀ ਤੇ ਫਿਲਮ ‘ਮੁਸੱਰਤ’ ਦਾ ਉਹ ਹੀਰੋ ਪਾਤਰ ਬਣਿਆ ਸੀ। ਅਗਲੇ ਦਿਨ ਮਿਥੇ ਪ੍ਰੋਗਰਾਮ ਮੁਤਾਬਿਕ ਮੈਨੂੰ ਲਾਹੌਰ ਵਿਖਾਉਣ ਵਾਸਤੇ ਮਾਜਿਦ ਆਪਣਾ ਮੋਟਰਸਾਈਕਲ ਲੈ ਕੇ ਆਇਆ ਸੀ।
ਸਰਕਾਰੀ ਨੌਕਰੀ ਜੌਇਨ ਕਰਨ ਤੋਂ ਪਹਿਲਾਂ ਮੈਂ ਮੈਡੀਕਲ ਕਾਲਜ ਦੇ ਵੀ.ਜੇ. (ਵਿਕਟੋਰੀਆ ਜੁਬਲੀ) ਹਸਪਤਾਲ, ਅੰਮ੍ਰਿਤਸਰ ਦੇ ਵੈਸਟ ਸਰਜੀਕਲ ਵਾਰਡ ਵਿੱਚ ਜੂਨੀਅਰ ਡਾਕਟਰ ਸਾਂ। ਸੋ, ਮੈਂ ਲਾਹੌਰ ਦੇ ਸਰਕਾਰੀ (ਕਿੰਗ ਐਡਵਰਡ) ਮੈਡੀਕਲ ਕਾਲਜ, ਮੇਓ ਹਸਪਤਾਲ ਜਾਣ ਦੀ ਇੱਛਾ ਪ੍ਰਗਟਾਈ। ਮਾਜਿਦ ਮੰਨ ਗਿਆ। ਉਸ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਕੱਢਦਿਆਂ ਸ਼ਾਮ ਛੇ ਕੁ ਵੱਜ ਗਏ ਸਨ। ਅਸੀਂ ਸਿੱਧੇ ਹੋਸਟਲ ਵਾਲੀ ਕਨਟੀਨ ’ਚ ਗਏ, ਜਿੱਥੇ ਮੇਰੀ ਉਮਰ ਦੇ ਕਾਫ਼ੀ ਜੂਨੀਅਰ ਡਾਕਟਰਜ਼ ਖਾ ਪੀ ਤੇ ਗੱਪਾਂ-ਸ਼ੱਪਾਂ ਮਾਰ ਰਹੇ ਸਨ। ਪੱਗ ਵਾਲੇ ਨੂੰ (ਮੈਨੂੰ) ਵੇਖ ਕੇ ਪਹਿਲਾਂ ਤਾਂ ਇਕਦਮ ਚੁੱਪ-ਚਾਂ ਛਾ ਗਈ ਪਰ ਜਦ ਮੈਂ ਆਪਣੀ ਜਾਣ-ਪਛਾਣ ਕਰਵਾਈ ਕਿ ਮੈਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵੀ.ਜੇ. ਹਸਪਤਾਲ ਤੋਂ ਹਾਂ ਤਾਂ ਸਭ ਨੇ ਤਾੜੀਆਂ ਨਾਲ ਖੁਸ਼ਆਮਦੀਦ ਕਿਹਾ। ਗੱਲਾਂਬਾਤਾਂ ਕਰਦਿਆਂ ਮੈਂ ਪੁੱਛਿਆ, ‘‘ਕਿਹੜੀਆਂ ਕਿਤਾਬਾਂ ਪੜ੍ਹਦੇ ਹੋ...?’’ ਉਨ੍ਹਾਂ ਦੇ ਦੱਸਣ ਮੁਤਾਬਿਕ, ਅਨਾਟਮੀ, ਫਿਜ਼ਾਲੋਜੀ, ਪੈਥਾਲੋਜੀ, ਮੈਡੀਸਨ, ਸਰਜਰੀ, ਗਾਇਨੀ, ਆਈ, ਈ.ਐੱਨ.ਟੀ. ਆਦਿ ਸਾਰੇ ਵਿਸ਼ਿਆਂ ਦੀਆਂ ਉਹ, ਉਹੀ ਕਿਤਾਬਾਂ ਪੜ੍ਹਦੇ ਸਨ ਜੋ ਅਸੀਂ ਇੰਡੀਆ ’ਚ ਪੜ੍ਹਦੇ ਸਾਂ। ਭਾਰਤੀ ਲੇਖਕ ਡਾ. ਕੇ.ਡੀ. ਚੈਟਰਜੀ ਦੀ ‘ਪੈਰਾ-ਸਾਇਟਾਲੋਜੀ ਐਂਡ ਹੈਲਮਿੰਥਾਲੋਜੀ’ ਕਿਤਾਬ ਦੀ ਸਭ ਨੇ ਬੜੀ ਤਾਰੀਫ਼ ਕੀਤੀ। ਮੈਨੂੰ ਆਪਣੇ ਭਾਰਤੀ ਲੇਖਕ ’ਤੇ ਮਾਣ ਹੋਣ ਲੱਗਾ। ਇਸ ਤੋਂ ਇਲਾਵਾ ਉਮਰ ਮੁਤਾਬਿਕ ਹੋਰ ਵੀ ਗੱਲਾਂਬਾਤਾਂ ਹੋਈਆਂ।
ਮੈਂ ਸਰਜਰੀ ਵਿੱਚ ਕੰਮ ਕਰਦਾ ਰਿਹਾ ਸਾਂ, ਇੱਥੋਂ (ਮੇਓ ਹਸਪਤਾਲ) ਦੇ ਸਰਜਰੀ ਦੇ ਇੱਕ ਜੂਨੀਅਰ ਡਾਕਟਰ ਨੇ ਮੇਰੇ ਨਾਲ ਨੇੜਤਾ ਵਿਖਾਈ। ਜਦ ਉਸ ਨੇ ਦੱਸਿਆ ਕਿ ਉਹ ਵੈਸਟ ਸਰਜੀਕਲ ਵਾਰਡ ਵਿੱਚ ਹੈ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਬਾਕੀ ਸਰਜੀਕਲ ਵਾਰਡਾਂ ਦੇ ਨਾਂ ਸਨ: ਅੰਮ੍ਰਿਤਸਰ ਵਾਰਡ ਤੇ ਈਸਟ ਸਰਜੀਕਲ ਵਾਰਡ। ਅੰਮ੍ਰਿਤਸਰ ਵਾਲੇ ਹਸਪਤਾਲ ਵਿੱਚ ਵੀ ਈਸਟ ਤੇ ਵੈਸਟ ਸਰਜੀਕਲ ਵਾਰਡ ਸਨ। ਜਦੋਂ ਅੰਗਰੇਜ਼ਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਇਹ ਹਸਪਤਾਲ ਬਣਾਏ ਹੋਣਗੇ, ਉਨ੍ਹਾਂ ਨੇ ਵਾਰਡਾਂ ਦੇ ਨਾਮ ਇਸੇ ਤਰ੍ਹਾਂ ਰੱਖੇ ਹੋਣਗੇ। ਇੱਕ ਦੂਜੇ ਬਾਰੇ ਜਾਣਕਾਰੀ ਦੌਰਾਨ ਉਸ ਡਾਕਟਰ ਨੇ ਆਪਣਾ ਨਾਂ ਇਮਰਾਨ ਖ਼ੁਰਸ਼ੀਦ ਦੱਸਿਆ। ਇਸ ਤੋਂ ਬਾਅਦ ਉਹ ਸਾਨੂੰ ਵੈਸਟ ਸਰਜੀਕਲ ਵਾਰਡ ’ਚ ਲੈ ਗਿਆ।
ਬਾਈਕ ਵਾਲੇ ਮਿੱਤਰ ਮਾਜਿਦ ਬੁਖ਼ਾਰੀ ਨੂੰ ਸਾਈਡ ਰੂਮ ਵਿੱਚ ਬਿਠਾ ਕੇ ਇਮਰਾਨ ਨੇ ਮੈਨੂੰ ਵਾਰਡ ਦਾ ਰਾਊਂਡ ਕਰਵਾਇਆ। ਹਰੇਕ ਬੈੱਡ ’ਤੇ ਜਾ ਕੇ ਡਾ. ਇਮਰਾਨ, ਮਰੀਜ਼ ਨੂੰ ਦੱਸ ਰਿਹਾ ਸੀ ਕਿ ਇਹ ਸਰਦਾਰ ਡਾਕਟਰ ਅੰਮ੍ਰਿਤਸਰ ਤੋਂ ਆਏ ਹਨ। ਅਪੈਂਡਿਕਸ, ਪ੍ਰੋਸਟੇਟ, ਪਿੱਤੇ (ਗਾਲ ਬਲੈਡਰ), ਥਾਇਰਾਇਡ ਆਦਿ ਦੇ ਮਰੀਜ਼ਾਂ ਨਾਲ ਮੇਰੀ ਗੱਲ ਕਰਵਾਈ। ਸਭ ਤੋਂ ਵੱਧ ਮੈਨੂੰ ਬੈੱਡ ਨੰਬਰ ਦਸ ਵਾਲੇ ਬਰਨਜ਼ (ਸੜੇ ਹੋਏ) ਦੇ ਮਰੀਜ਼ ਨੇ ਭਾਵੁਕ ਕੀਤਾ। ਚਿਹਰੇ, ਅੱਖਾਂ ਤੇ ਧੌਣ ਸੜਨ ਨਾਲ ਉਸ ਦੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਹ ਵੇਖ ਨਹੀਂ ਸੀ ਸਕਦਾ, ਹੱਥ ਠੀਕ ਸਨ। ਉਸ ਨੇ ਮੇਰੇ ਬਾਰੇ ਸੁਣ ਲਿਆ ਸੀ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ। ਜਦੋਂ ਅਸੀਂ ਉਸ ਦੇ ਬੈੱਡ ਕੋਲ ਪੁੱਜੇ ਤਾਂ ਉਹ ਰੋਣਹਾਕਾ ਹੋ ਕੇ ਡਾ. ਇਮਰਾਨ ਨੂੰ ਕਹਿਣ ਲੱਗਾ, ‘‘ਡਾਕਟਰ ਸਾਹਿਬ, ਤੁਸੀਂ ਦੱਸਿਐ ਕਿ ਇਹ ਡਾਕਟਰ ਅੰਮ੍ਰਿਤਸਰ ਤੋਂ ਆਏ ਨੇ,’’ ਤੇ ਡੁਸਕਦਾ ਹੋਇਆ ਆਖਣ ਲੱਗਾ, ‘‘ਮੈਂ ਇਨ੍ਹਾਂ ਨੂੰ ਵੇਖ ਤਾਂ ਨਹੀਂ ਸਕਦਾ, ਜੇ ਮੈਨੂੰ ਇਜਾਜ਼ਤ ਦੇਵੋ ਤਾਂ ਮੈਂ ਇਨ੍ਹਾਂ ਨੂੰ ਛੂਹ ਸਕਦਾਂ? ਸੰਨ ਸੰਤਾਲੀ ਤੋਂ ਪਹਿਲਾਂ ਅਸੀਂ ਅੰਮ੍ਰਿਤਸਰ ਹਾਲ ਗੇਟ ਦੇ ਕੋਲ ਰਹਿੰਦੇ ਸਾਂ। ਜਦ ਰੌਲ਼ੇ ਪਏ ਤਾਂ ਮੈਂ 23 ਸਾਲਾਂ ਦਾ ਸਾਂ। ਸਾਡਾ ਗੁਆਂਢੀ ਚਾਚਾ ਸ਼ਮਸ਼ੇਰ ਸਿੰਘ ਹੁੰਦਾ ਸੀ, ਬੜਾ ਪਿਆਰ ਕਰਦਾ ਸੀ ਸਾਨੂੰ। ਮੈਨੂੰ ਸਾਰਾ ਦ੍ਰਿਸ਼ ਯਾਦ ਹੈ, ਉਸ ਨੇ ਸਾਨੂੰ ਬਚਾ ਕੇ ਬਾਰਡਰ ਤੱਕ ਪਹੁੰਚਣ ਵਿੱਚ ਬੜੀ ਮਦਦ ਕੀਤੀ ਸੀ। ਅੰਮ੍ਰਿਤਸਰ ਦੀਆਂ ਗਲ਼ੀਆਂ-ਕੂਚੇ, ਪਤੰਗਾਂ, ਛੋਲੇ-ਕੁਲਚੇ ਮੈਨੂੰ ਅਜੇ ਤੱਕ ਨਹੀਂ ਭੁੱਲੇ।’’ ਗੱਲਾਂ ਕਰਦਿਆਂ ਕਰਦਿਆਂ ਉਹ ਰੋਣ ਹੀ ਲੱਗ ਪਿਆ ਸੀ। ਉਹ ਮੇਰੇ ਚਿਹਰੇ ਨੂੰ ਹੱਥ ਲਗਾ ਕੇ ਅੰਮ੍ਰਿਤਸਰ ਅਤੇ ਆਪਣੇ ਚਾਚਾ ਸ਼ਮਸ਼ੇਰ ਸਿੰਘ ਨੂੰ ਮਹਿਸੂਸ ਕਰ ਰਿਹਾ ਸੀ। ਮੈਂ ਵੀ ਭਾਵੁਕ ਹੋ ਗਿਆ ਸਾਂ। ਮੈਂ ਉਸ ਨੂੰ ਕਲਾਵੇ ’ਚ ਲੈ ਕੇ ਉਸ ਦੇ ਹੱਥਾਂ ਨੂੰ ਚੁੰਮ ਲਿਆ ਸੀ।
ਵਾਰਡ ’ਚੋਂ ਬਾਹਰ ਆ ਕੇ ਜਦ ਅਸੀਂ ਗੁਰਦੁਆਰਾ ਡੇਰਾ ਸਾਹਿਬ ਵਾਸਤੇ ਚੱਲਣ ਲੱਗੇ ਤਾਂ ਇਮਰਾਨ ਨੇ ਕਿਹਾ, ‘‘ਆਪਣੀ ਮੁਲਾਕਾਤ ਬਹੁਤ ਵਧੀਆ ਰਹੀ ਹੈ। ਕੋਸ਼ਿਸ਼ ਕਰਿਓ ਕੱਲ੍ਹ ਵੀ ਆ ਜਾਇਓ...। ਸਾਡੀ ਓਪਰੇਸ਼ਨ ਲਿਸਟ ਵਿੱਚ ਰੋਜ਼ ਕਾਫ਼ੀ ਕੇਸ ਸਰਕਮ-ਸੀਯਨ (ਸੁੰਨਤ ਕਰਨ ਵਾਲਾ ਛੋਟਾ ਅਪਰੇਸ਼ਨ) ਵਾਲੇ ਹੁੰਦੇ ਹਨ, ਜੇ ਚਾਹੋ ਤਾਂ ਸਰਕਮ-ਸੀਯਨ (ਅਪਰੇਸ਼ਨ) ਕਰ ਸਕਦੇ ਹੋ।’’ ਪਰ ਦੂਸਰੇ ਦੇਸ਼ ’ਚ ਆ ਕੇ ਅਪਰੇਸ਼ਨ ਕਰਨਾ ਮੈਂ ਠੀਕ ਨਾ ਸਮਝਿਆ, ਕਿਸੇ ਨੂੰ ਕੋਈ ਮਸਲਾ ਵੀ ਹੋ ਸਕਦਾ ਹੈ। ਉਸ ਦੀ ਪੇਸ਼ਕਸ਼ ਵਾਸਤੇ ਮੈਂ ਉਸ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ।
ਗੁਰਦੁਆਰਿਆਂ ਦੀ ਯਾਤਰਾ ਤੋਂ ਬਾਅਦ ਵਾਪਸ ਅੰਮ੍ਰਿਤਸਰ ਆ ਕੇ ਮੈਂ, ਡਾ. ਇਮਰਾਨ ਖੁਰਸ਼ੀਦ ਨਾਲ ਖ਼ਤੋ-ਕਿਤਾਬਤ ਕੀਤੀ। ਮੇਰੇ ਖ਼ਤਾਂ ਦੇ ਜਵਾਬ ਵਿੱਚ ਉਹਦੇ ਵੱਲੋਂ 8-8-1979, 3-3-1980 ਤੇ 20-5-1980 ਨੂੰ ਲਿਖੇ ਹੋਏ ਤਿੰਨ ਪੱਤਰ, ਲਿਫ਼ਾਫ਼ਿਆਂ ਸਮੇਤ ਹੁਣ, ਮੈਨੂੰ ਪੁਰਾਣੇ ਰਿਕਾਰਡ ’ਚੋਂ ਮਿਲ ਗਏ ਜੋ ਮੇਰੇ ਕੋਲ ਸੁਰੱਖਿਅਤ ਪਏ ਹਨ। ਅੰਗਰੇਜ਼ੀ ਲਿਖਦੇ ਸਮੇਂ ਇਮਰਾਨ ਹਮੇਸ਼ਾ ਕੈਪੀਟਲ ਆਰ ਲਿਖਦਾ ਸੀ ਭਾਵੇਂ ਉਹ ਕਿਸੇ ਸ਼ਬਦ ਦੇ ਵਿਚਕਾਰ ਹੀ ਆਵੇ। ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਸੀ ਕਿ ਬੱਸ ਐਵੇਂ ਹੀ ਆਦਤ ਬਣ ਗਈ ਹੈ, ਹੋਰ ਕੋਈ ਗੱਲ ਨਹੀਂ। ਇਮਰਾਨ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਿਆ। 2019 ’ਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵੇਲ਼ੇ ਵੀ ਮੈਂ ਇਸ ਐਡਰੈੱਸ ਦੇ ਹਵਾਲੇ ਨਾਲ ਲਾਹੌਰੀਆਂ ਕੋਲੋਂ ਉਸ ਬਾਰੇ ਪੁੱਛਿਆ ਸੀ। ਸਾਲ 2023 ਵਿੱਚ ਵਿਸਾਖੀ ਵਾਲੇ ਸਿੱਖ ਜਥੇ ਨਾਲ ਅਸੀਂ ਪਾਕਿਸਤਾਨ (ਲਾਹੌਰ) ਗਏ ਸਾਂ ਤਾਂ ਮਿੱਤਰ ਮੁਨੀਰ ਹੁਸ਼ਿਆਰਪੁਰੀਆ ਦੀ ਕਾਰ ਵਿੱਚ ਬੈਠ ਕੇ ਡਾ. ਇਮਰਾਨ ਨੂੰ ਲੱਭਣ ਵਾਸਤੇ ਅਸੀਂ, ਆਫੀਸਰਜ਼ ਕਾਲੋਨੀ, ਗ਼ਾਜ਼ੀ ਰੋਡ, ਲਾਹੌਰ ਵਾਲੇ ਐਡਰੈੱਸ ’ਤੇ ਗਏ ਸਾਂ ਪਰ ਕੋਸ਼ਿਸ਼ ਨਾਕਾਮ ਰਹੀ।
ਪਿਛਲੇ ਵਰ੍ਹੇ ਭਾਵ 11 ਅਕਤੂਬਰ 2024 ਨੂੰ ਫਾਈਲਾਂ ਵਾਲੀ ਅਲਮਾਰੀ ’ਚੋਂ ਕੋਈ ਖ਼ਾਸ ਕਾਗ਼ਜ਼ ਲੱਭਦਿਆਂ, ਇਮਰਾਨ ਦੀਆਂ ਚਿੱਠੀਆਂ ਵਾਲਾ ਫਾਈਲ-ਕਵਰ ਮੇਰੇ ਸਾਹਮਣੇ ਆ ਗਿਆ। ਉਹ ਕੱਢ ਕੇ ਮੈਂ ਆਪਣੇ ਡੈਸਕਟਾਪ ਕੰਪਿਊਟਰ ਵਾਲੇ ਮੇਜ਼ ’ਤੇ ਰੱਖ ਦਿੱਤਾ। ਸ਼ਾਮ ਦੇ ਸਾਢੇ ਕੁ ਦਸ ਵੱਜੇ ਸਨ, ਮਨ ’ਚ ਖ਼ਿਆਲ ਆਇਆ ਕਿ ਦੋਸਤ ਦੀ ਖੋਜ ਵਾਸਤੇ ਕਿਉਂ ਨਾ ਗੂਗਲ ਬਾਬੇ ਦੀ ਮਦਦ ਲਈ ਜਾਵੇ? ਇਮਰਾਨ ਖ਼ੁਰਸ਼ੀਦ ਦੀ ਖੋਜ ਕੀਤੀ ਜਾਵੇ? ਉਸੇ ਵੇਲ਼ੇ ਗੂਗਲ ਸਰਚ ਵਿੱਚ ਇਮਰਾਨ ਖੁਰਸ਼ੀਦ ਦਾ ਨਾਮ ਭਰਿਆ। ਕਿਉਂਕਿ ਇਹ ਇੱਕ ਬਹੁਤ ਹੀ ਆਮ ਨਾਂ ਹੈ, ਸੋ ਕੈਨੇਡਾ, ਅਮਰੀਕਾ, ਭਾਰਤ, ਬੰਗਲਾਦੇਸ਼, ਪਾਕਿਸਤਾਨ, ਆਸਟਰੇਲੀਆ ਤੇ ਮਿਡਲ ਈਸਟ ਦੇ, ਇਸ ਨਾਮ ਵਾਲੇ ਬਹੁਤ ਸਾਰੇ ਸ਼ਖ਼ਸ ਸਾਹਮਣੇ ਆ ਗਏ। ਮੈਂ ਹੌਸਲਾ ਨਾ ਛੱਡਿਆ ਤੇ ਇੱਕ ਹੋਰ ਯਤਨ ਕੀਤਾ। ਇਸ ਵਾਰ ‘ਡਾ. ਇਮਰਾਨ ਖ਼ੁਰਸ਼ੀਦ ਆਫ ਲਾਹੌਰ’ ਲਿਖ ਕੇ ਸਰਚ ਮਾਰੀ। ਉਹਦੇ ’ਚ ਵੀ ਕਾਫ਼ੀ ਲੋਕ ਆ ਗਏ, ਪਰ ਇੱਕ ਸਾਈਟ ਦੇ ਹੇਠਾਂ ਇੱਕ ਡਾ. ਇਮਰਾਨ ਖ਼ੁਰਸ਼ੀਦ, ਉਸ ਦੀ ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ਲਿਖਿਆ ਹੋਇਆ ਮਿਲਿਆ। ਈ-ਮੇਲ ਐਡਰੈੱਸ ਵਿੱਚ ਜਨਮ ਦਾ ਸਾਲ 1954 ਪੜ੍ਹ ਕੇ ਮੈਨੂੰ ਲੱਗਿਆ ਕਿ ਜਿਹੜੇ ਬੰਦੇ ਨੂੰ ਮੈਂ ਇੰਨੇ ਸਾਲਾਂ ਦਾ ਲੱਭ ਰਿਹਾ ਹਾਂ, ਅੱਜ ਮਿਲ ਜਾਵੇਗਾ। ਬਿਜਲੀ ਦੇ ਕਰੰਟ ਵਾਲੀ ਤੇਜ਼ੀ, ਖ਼ੁਸ਼ੀ ਤੇ ਉਤਸੁਕਤਾ ਨਾਲ ਮੈਂ ਉਸ ਦਾ ਯੂ.ਕੇ. ਦਾ ਮੋਬਾਈਲ ਨੰਬਰ, ਆਪਣੇ ਮੋਬਾਈਲ ਵਿੱਚ ਸੇਵ ਕੀਤਾ ਸੀ। 8-8-1979 ਵਾਲੀ ਚਿੱਠੀ ਦੀਆਂ ਉਪਰਲੀਆਂ ਤਿੰਨ ਲਾਈਨਾਂ ਦੀ ਫੋਟੋ ਖਿੱਚ ਕੇ, ਨਾਲ ਇਹ ਲਿਖ ਕੇ ਕਿ ‘ਬੜੇ ਸਾਲਾਂ ਤੋਂ ਮੈਂ ਇੱਕ ਡਾਕਟਰ, ਇਮਰਾਨ ਖ਼ੁਰਸ਼ੀਦ ਦੀ ਖੋਜ ਕਰ ਰਿਹਾ ਹਾਂ..., ਵੇਖਣਾ ਇਹ ਤੁਹਾਡੀ ਹੀ ਲਿਖਾਈ ਹੈ?’ ਰਾਤ ਤਕਰੀਬਨ ਸਵਾ ਗਿਆਰਾਂ ਵਜੇ ਵੱਟਸਐਪ ਕਰ ਦਿੱਤਾ। ਸੋਚਿਆ ਕਿ ਇਸ ਦਾ ‘ਹਾਂ’ ਜਾਂ ‘ਨਾਂਹ’ ਜਵਾਬ ਸਵੇਰੇ ਵੇਖਾਂਗਾ। ਉਂਜ, ਮੈਨੂੰ ਯਕੀਨ ਹੋ ਗਿਆ ਸੀ ਕਿ ਜਿਸ ਦੋਸਤ ਨੂੰ ਮੈਂ ਪਿਛਲੇ 45 ਤੋਂ ਵੱਧ ਸਾਲਾਂ ਤੋਂ ਲੱਭ ਰਿਹਾ ਹਾਂ, ਇਹ ਉਹੀ ਹੈ। ਅਗਰ ਇਹ ਨਾ ਵੀ ਹੋਇਆ ਤਾਂ ਜਵਾਬ ਆ ਜਾਏਗਾ, ‘ਸੌਰੀ ਇਹ ਮੇਰੀ ਲਿਖਾਈ ਨਹੀਂ’। ਸਾਢੇ ਕੁ ਗਿਆਰਾਂ ਵਜੇ ਮੈਂ ਸੌਣ ਵਾਸਤੇ ਕੁਰਸੀ ਤੋਂ ਉੱਠਣ ਦੀ ਤਿਆਰੀ ਕਰ ਰਿਹਾ ਸਾਂ ਕਿ ਮੋਬਾਈਲ ਦੇ ਵੱਟਸਐਪ ’ਤੇ ਉਸ ਦਾ ਹੁੰਗਾਰਾ ਦਿਸਿਆ। ਮੇਰੀ ਉਤਸੁਕਤਾ ਵਧ ਗਈ, ਦਸ ਪੰਦਰਾਂ ਮਿੰਟ ਟਾਈਪਿੰਗ ਹੀ ਆਉਂਦਾ ਰਿਹਾ ਜਿਸ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਬੰਦਾ ਸਹੀ ਲਗਦਾ ਹੈ। ਜੇ ਕੋਈ ਹੋਰ ਹੁੰਦਾ ਤਾਂ ਬਸ ਇੰਨਾ ਲਿਖਦਾ: ‘ਸੌਰੀ, ਇਹ ਮੇਰੀ ਲਿਖਾਈ ਨਹੀਂ’। ਆਖ਼ਰ 11.50 ’ਤੇ ਉਸ ਦਾ ਮੈਸੇਜ ਮੁਕੰਮਲ ਹੋ ਗਿਆ। ਮੈਂ ਇਕਦਮ ਮੋਬਾਈਲ ਚੁੱਕਿਆ।
ਅੰਗਰੇਜ਼ੀ ਵਿੱਚ ਲਿਖਿਆ ਵੱਟਸਐਪ ਮੈਸੇਜ ਬਹੁਤਾ ਲੰਮਾ ਤਾਂ ਨਹੀਂ ਸੀ ਪਰ ਸ਼ਾਇਦ ਸੋਚ ਸੋਚ ਕੇ ਲਿਖਦੇ ਨੂੰ ਉਸ ਨੂੰ ਕਾਫ਼ੀ ਸਮਾਂ ਲੱਗ ਗਿਆ ਸੀ, ‘ਪਿਆਰੇ ਦੋਸਤ ਮਨਜੀਤ, ਹਾਂ...ਹਾਂ..., ਇਹ ਮੇਰੀ ਹੀ ਲਿਖਾਈ ਹੈ, ਮੇਰਾ ਹੀ ਖ਼ਤ ਹੈ ਜੋ ਮੈਂ, ਤੇਰੇ ਲਾਹੌਰ ਦੌਰੇ ਤੋਂ ਬਾਅਦ ਤੇਰੇ ਪੱਤਰ ਦੇ ਜੁਆਬ ਵਿੱਚ ਅੱਠ ਅਗਸਤ 1979 ਨੂੰ ਲਿਖਿਆ ਸੀ। ਉਨ੍ਹੀਂ ਦਿਨੀਂ ਮੈਂ ਮੇਓ ਹਸਪਤਾਲ ਲਾਹੌਰ ਦੇ ਵੈਸਟ ਸਰਜੀਕਲ ਵਾਰਡ ਵਿੱਚ ਹਾਊਸ ਜੌਬ ਕਰ ਰਿਹਾ ਸਾਂ। ਕਿਆ ਸਰਪ੍ਰਾਈਜ਼ ਹੈ...! ਤੇਰਾ ਸਵਾਗਤ..., ਖੁਸ਼ਆਮਦੀਦ...। ਇਹ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਤੂੰ ਆਪਣੇ ਕੋਲ 45 ਸਾਲਾਂ ਤੋਂ ਵੀ ਵੱਧ ਸਮਾਂ ਪੁਰਾਣਾ, ਮੇਰਾ ਇਹ ਖ਼ਤ ਸਾਂਭਿਆ ਹੋਇਆ ਹੈ। ਤੇਰੀ ਖ਼ੈਰੀਅਤ ਦੀ ਖ਼ਬਰਸਾਰ ਜਾਣ ਕੇ ਮੈਨੂੰ ਬੇਹੱਦ ਮੁਸੱਰਤ ਹੋਈ ਹੈ..., ਅੱਜਕੱਲ੍ਹ ਤੂੰ ਕਿੱਥੇ ਹੈਂ..., ਕੀ ਕਰ ਰਿਹਾ ਹੈਂ...? ਰਿਟਾਇਰ ਤਾਂ ਹੋ ਹੀ ਗਿਆ ਹੋਵੇਂਗਾ... ਕਿ ਅਜੇ ਵੀ ਕੁਝ ਕਰ ਰਿਹੈਂ? ਨੇਕ ਖ਼ਵਾਹਸ਼ਾਤ ਤੇ ਅਦਬ ਨਾਲ - ਡਾ. ਇਮਰਾਨ ਖ਼ੁਰਸ਼ੀਦ - ਹਾਂ ਸੱਚ... ਤੂੰ ਮੈਨੂੰ ਇੰਨੇ ਸਾਲ ਬਾਅਦ ਲੱਭਿਆ ਕਿਵੇਂ...? ਮੈਂ ਬੇਹੱਦ ਸ਼ੁਕਰਗ਼ੁਜ਼ਾਰ ਹਾਂ ਕਿ ਤੂੰ ਮੈਨੂੰ ਯਾਦ ਰੱਖਿਆ।’
ਇਸ ਨੂੰ ਦੋ ਵਾਰ ਪੜ੍ਹ ਕੇ ਮੈਂ ਉਸੇ ਵੇਲੇ ਜਵਾਬ ਲਿਖਿਆ, ‘‘ਅੱਲ੍ਹਾ ਦੀ ਰਹਿਮਤ ਹੋਈ ਹੈ...। ਇੰਨੀ ਜ਼ਿਆਦਾ ਮੁਸ਼ੱਕਤ ਤੋਂ ਬਾਅਦ ਆਖ਼ਰ ਮੈਂ ਤੈਨੂੰ ਲੱਭ ਹੀ ਲਿਐ। ਆਪਾਂ ਵੱਟਸਐਪ ਚੈਟਿੰਗ ’ਤੇ ਗੱਲਬਾਤ ਕਰਦੇ ਰਹਾਂਗੇ। ਹੁਣ ਅੱਧੀ ਰਾਤ ਹੋ ਗਈ ਹੈ। ਮੈਂ ਸੌਣ ਲੱਗਾ ਹਾਂ, ਕੱਲ੍ਹ ਖੁੱਲ੍ਹ ਕੇ ਗੱਲਾਂ ਕਰਾਂਗੇ।’ ਨਾਲ ਹੀ ਮੈਂ ਆਪਣੇ ਮੋਬਾਈਲ ’ਚ ਸੇਵ ਕੀਤਾ ਹੋਇਆ ਆਪਣਾ ਇੱਕ ਬਿਜ਼ਨਸ ਕਾਰਡ ਵੀ ਭੇਜ ਦਿੱਤਾ। ਉਸ ਨੇ ਛੋਟਾ ਜੁਆਬ, ‘ਸ਼ੋਅਰ, ਸ਼ੋਅਰ, ਆਦਾਬ ਤੇ ਗੁੱਡ ਨਾਈਟ’ ਦਿੱਤਾ। ਮੈਂ ਦੋਸਤ (ਇਮਰਾਨ) ਦੀ ਖੋਜ ਬਾਰੇ ਸੋਚਦਾ ਸੋਚਦਾ ਸੌਂ ਗਿਆ। ਅਗਲੇ ਦਿਨ ਸ਼ਨਿਚਰਵਾਰ ਨੂੰ ਮੈਂ ਵੱਟਸਐਪ ’ਤੇ ਮੈਸੇਜ ’ਚ ਆਪਣੀ ਤੇ ਬੇਟੇ ਡਾ. ਮਹਿਤਾਬ ਬੱਲ ਦੀ ਫੋਟੋ ਭੇਜੀ। ਸਵੇਰੇ 11.50 ’ਤੇ ਉਸ ਦਾ ਮੈਸੇਜ ਆਇਆ, ‘ਬੇਟੇ ਦੀ ਤੇ ਤੁਹਾਡੀ ਤਸਵੀਰ ਬਹੁਤ ਖ਼ੂਬਸੂਰਤ ਹੈ’। ਉਸ ਨੇ ਲਿਖਿਆ ਕਿ ‘ਅੱਜ ਵੀਕਐਂਡ ਵਾਲਾ ਦਿਨ ਹੈ ਅਜੇ ਘਰ ਦੇ ਸਭ ਸੁੱਤੇ ਹੋਏ ਨੇ, ਨੇਕ ਖ਼ਵਾਹਸ਼ਾਤ। ਥੋੜ੍ਹੀ ਦੇਰ ਬਾਅਦ ਮੈਂ ਫੋਨ ਕਾਲ ਕਰਾਂਗਾ ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ।’ ਫਿਰ ਤਕਰੀਬਨ ਸਵਾ ਕੁ ਬਾਰਾਂ ਵਜੇ ਦੁਪਹਿਰ ਨੂੰ ਉਸ ਦੀ ਕਾਲ ਆਈ। ਬੜੀਆਂ ਖੁੱਲ੍ਹ ਕੇ ਗੱਲਾਂ ਹੋਈਆਂ। ਉਸ ਨੇ ਦੱਸਿਆ ਕਿ ਉਹ ਯੂ.ਕੇ. ਦੇ ਬ੍ਰਿਸਟਲ ਸ਼ਹਿਰ ਵਿੱਚ ਰਹਿੰਦਾ ਹੈ ਜੋ ਲੰਡਨ ਤੋਂ ਦੋ ਘੰਟੇ ਡਰਾਈਵ ਦੀ ਦੂਰੀ ’ਤੇ ਹੈ ਤੇ ਅੱਖਾਂ ਦਾ ਡਾਕਟਰ ਹੈ ਜਦੋਂਕਿ ਮੈਂ (ਲੇਖਕ) ਪੈਥਾਲੋਜਿਸਟ ਹਾਂ, ਪਟਿਆਲੇ ਦੇ ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਤੋਂ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾਮੁਕਤ ਹੋਇਆ ਹਾਂ। ਘਰ ਪਰਿਵਾਰ, ਬੱਚਿਆਂ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਲਓ ਹੁਣ ਰਸਤਾ ਖੁੱਲ੍ਹ ਗਿਆ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹਾਂ। ਹੁਣ ਵੱਟਸਐਪ ਚੈਟਿੰਗ ਦੇ ਨਾਲ ਨਾਲ ਇੱਕ ਦੂਜੇ ਦੀਆਂ ਤਸਵੀਰਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਟੈਕਨੋਲੋਜੀ ਜ਼ਿੰਦਾਬਾਦ...।
ਸੰਪਰਕ: 98728-43491