DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਤ ਦੀਆਂ ਰੌਸ਼ਨੀਆਂ ਲਈ

ਜਸਬੀਰ ਭੁੱਲਰ ਮੇਰੇ ਇੱਕ ਨਾਵਲ ਦੇ ਪੰਜਵੇਂ ਸਫ਼ੇ ਦੀ ਇਬਾਰਤ ਕੁਝ ਇਸ ਤਰ੍ਹਾਂ ਹੈ; ਸੁਪਨੇ ਪੱਲੇ ਬੰਨ੍ਹ ਕੇ ਤੁਰ ਗਏ ਉਨ੍ਹਾਂ ਪੁੱਤਾਂ ਦੇ ਨਾਂ ਜਿਨ੍ਹਾਂ ਉੱਤੇ ਵਕਤ ਨੇ ਲੀਕ ਫੇਰ ਦਿੱਤੀ ਹੈ ਅਤੇ ਉਨ੍ਹਾਂ ਮਾਵਾਂ ਦੇ ਨਾਂ ਜਿਨ੍ਹਾਂ ਦੀਆਂ ਬੁੱਢੀਆਂ...
  • fb
  • twitter
  • whatsapp
  • whatsapp
Advertisement

ਜਸਬੀਰ ਭੁੱਲਰ

ਮੇਰੇ ਇੱਕ ਨਾਵਲ ਦੇ ਪੰਜਵੇਂ ਸਫ਼ੇ ਦੀ ਇਬਾਰਤ ਕੁਝ ਇਸ ਤਰ੍ਹਾਂ ਹੈ;

Advertisement

ਸੁਪਨੇ ਪੱਲੇ ਬੰਨ੍ਹ ਕੇ ਤੁਰ ਗਏ

ਉਨ੍ਹਾਂ ਪੁੱਤਾਂ ਦੇ ਨਾਂ

ਜਿਨ੍ਹਾਂ ਉੱਤੇ ਵਕਤ ਨੇ ਲੀਕ ਫੇਰ ਦਿੱਤੀ ਹੈ

ਅਤੇ

ਉਨ੍ਹਾਂ ਮਾਵਾਂ ਦੇ ਨਾਂ

ਜਿਨ੍ਹਾਂ ਦੀਆਂ ਬੁੱਢੀਆਂ ਅੱਖਾਂ ਵਿੱਚ

ਆਂਦਰਾਂ ਦੇ ਟੋਟਿਆਂ ਲਈ

ਵਾਪਸੀ ਦੀ ਉਡੀਕ ਅਜੇ ਨਹੀਂ ਹੰਭੀ।

ਕਿਤਾਬ ਦੇ ਸਮਰਪਣ ਦੀ ਇਬਾਰਤ ਇਸ ਮਜ਼ਮੂਨ ਲਈ ਨਹੀਂ ਸੀ, ਪਰ ਆਪੇ ਹੀ ਪ੍ਰਸੰਗਿਕ ਹੋ ਗਈ ਹੈ।

ਮੈਂ ਆਪਣੇ ਗਲੀ-ਮੁਹੱਲੇ ਦੇ ਉਦਾਸ ਜਿਹੇ ਘਰਾਂ ਬਾਰੇ ਸੁਚੇਤ ਨਹੀਂ ਸਾਂ ਤੇ ਹੁਣ ਅਚਾਨਕ ਮੈਨੂੰ ਉਨ੍ਹਾਂ ਘਰਾਂ ਦਾ ਸੰਨਾਟਾ ਦਿਸਣ ਲੱਗ ਪਿਆ ਹੈ।

ਮੁਹਾਲੀ ਸ਼ਹਿਰ ਦੀ ਜਿਸ ਗਲੀ ਵਿੱਚ ਮੈਂ ਰਹਿੰਦਾ ਹਾਂ, ਉਸ ਗਲੀ ਦੇ ਕੁਲ ਘਰਾਂ ਦੀ ਗਿਣਤੀ ਮਸਾਂ ਤੀਹ ਕੁ ਹੈ। ਉਨ੍ਹਾਂ ਤੀਹਾਂ ਵਿੱਚੋਂ ਬੱਸ ਤਿੰਨ ਕੁ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਭਰੇ-ਪੂਰੇ ਪਰਿਵਾਰ ਰਹਿੰਦੇ ਹਨ। ਕੁਝ ਘਰਾਂ ਦੀ ਦੇਖ-ਭਾਲ ਲਈ ਉਨ੍ਹਾਂ ਵਿੱਚ ਪਰਵਾਸੀ ਮਜ਼ਦੂਰ ਰਹਿੰਦੇ ਹਨ। ਉਹ ਉੱਥੇ ਰਹਿਣ ਦਾ ਕਿਰਾਇਆ ਨਹੀਂ ਦਿੰਦੇ, ਸਗੋਂ ਉੱਥੇ ਰਹਿਣ ਦੀ ਤਨਖ਼ਾਹ ਲੈਂਦੇ ਹਨ।

ਸੰਨਾਟੇ ਵਾਲੇ ਬਹੁਤੇ ਘਰਾਂ ਵਿੱਚ ਦੋ ਜਣੇ ਜਾਂ ਫਿਰ ਇੱਕ ਦੇ ਵਿਹਾ ਜਾਣ ਤੋਂ ਬਾਅਦ ਇੱਕੋ ਜਣਾ ਰਹਿੰਦਾ ਹੈ। ਉਹ ਰਹਿਣ ਵਾਲੇ ਬੁੱਢੇ ਹਨ, ਅੱਸੀਆਂ-ਪਚਾਸੀਆਂ ਦੀ ਉਮਰ ਨੂੰ ਪਹੁੰਚੇ ਹੋਏ।

ਉਨ੍ਹਾਂ ਦੇ ਸਿਰਾਂ ਉੱਤੇ ਹਰ ਵੇਲੇ ਸੰਸੇ ਦੀ ਤਲਵਾਰ ਵੀ ਲਟਕੀ ਹੋਈ ਹੁੰਦੀ ਹੈ। ਜੇ ਰਾਤ-ਬਰਾਤੇ ਹਸਪਤਾਲ ਜਾਣਾ ਪਵੇ ਤਾਂ ਕੌਣ ਲੈ ਕੇ ਜਾਊ? ਅਚਨਚੇਤੀ ਦੇ ਕਿਸੇ ਦੌਰ ਵੇਲੇ ਕੌਣ ਸੰਭਾਲੂ ਉਨ੍ਹਾਂ ਨੂੰ? ਬਿਮਾਰੀ ਵੇਲੇ ਕੌਣ ਕਰੂ ਤੀਮਾਰਦਾਰੀ?

ਉਹ ਸ਼ਾਇਦ ਇਹ ਵੀ ਸੋਚਦੇ ਨੇ, ਸ਼ਮਸ਼ਾਨ ਭੂਮੀ ਤੱਕ ਅਰਥੀ ਕੌਣ ਚੁੱਕੂ? ਉੱਥੇ ਲੈ ਕੇ ਜਾਣ ਲਈ ਮੁੱਢਲੇ ਪ੍ਰਬੰਧ ਅਤੇ ਬਾਅਦ ਵਾਲੇ ਪ੍ਰਬੰਧ ਕੌਣ ਕਰੂ?

ਚਿੰਤਾ ਦੀਆਂ ਲਕੀਰਾਂ ਬੜੀਆਂ ਗੂੜ੍ਹੀਆਂ ਨੇ। ਇਹੋ ਜਿਹੇ ਔਖੇ ਵੇਲੇ ਉਨ੍ਹਾਂ ਦੇ ਲਾਡਲੇ ਪੁੱਤਰ-ਧੀਆਂ ਉਨ੍ਹਾਂ ਕੋਲ ਨਹੀਂ ਹੋਣਗੇ। ਉਹ ਵਿਦੇਸ਼ਾਂ ਵਿੱਚ ਜਾਂ ਕਿਧਰੇ ਦੂਰ-ਦੁਰਾਡੇ ਆਪਣੇ ਸੁਨਹਿਰੀ ਭਵਿੱਖ ਲਈ ਗਏ ਹਨ। ਉਹ ਝੱਟ-ਪੱਟ ਨਹੀਂ ਪਹੁੰਚ ਸਕਣਗੇ।

ਸ਼ਾਇਦ ਔਲਾਦ ਦੇ ਪਹੁੰਚਣ ਤੱਕ ਕੋਈ ਮਿਹਰਬਾਨ ਮੁਰਦਾ ਦੇਹ ਕਿਸੇ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦੇਵੇਗਾ।

ਸਾਡੀ ਰਹਿਤਲ ਦਾ ਚਿਹਰਾ-ਮੁਹਰਾ ਕੁਝ ਹੋਰ ਦਾ ਹੋਰ ਹੋ ਗਿਆ ਹੈ ਤਾਂ ਸਾਨੂੰ ਵੀ ਬਦਲਣ ਦੀ ਲੋੜ ਹੈ।

ਸੋਚੋ, ਔਖ ਵੇਲੇ ਉਹ ਬੇਵੱਸ ਲੋਕ ਕੀ ਕਰਨਗੇ?

ਮੇਰੇ ਘਰ ਤੋਂ ਸੌ ਕੁ ਗਜ਼ ਦੀ ਦੂਰੀ ਉੱਤੇ ਇੱਕ ਸੇਵਾਮੁਕਤ ਅਧਿਕਾਰੀ ਦੀ ਕੋਠੀ ਹੈ। ਉਸ ਦੀ ਪਤਨੀ ਵੀ ਸੇਵਾਮੁਕਤ ਅਧਿਆਪਕਾ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ। ਉਹ ਵਿਆਹੀਆਂ ਵਰ੍ਹੀਆਂ ਹਨ। ਉਹ ਬੜਾ ਤੇਹ ਕਰਦੀਆਂ ਨੇ ਮਾਂ-ਪਿਉ ਦਾ। ਧੀਆਂ ਬਾਹਰਲੇ ਮੁਲਕਾਂ ਵਿੱਚ ਰਹਿੰਦੀਆਂ ਹਨ ਅਤੇ ਆਪੋ-ਆਪਣੇ ਘਰਾਂ ਵਿੱਚ ਖ਼ੁਸ਼ ਹਨ।

ਇਸ ਵੇਲੇ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਨਾਕਸ ਹੈ। ਅਧਿਕਾਰੀ ਦੇ ਸਿਰ ਵਿੱਚ ਟਿਊਮਰ ਹੈ। ਸਿਰ ਵਿੱਚ ਪਾਣੀ ਭਰ ਜਾਂਦਾ ਹੈ। ਅਰਧ ਬੇਹੋਸ਼ੀ ਦੀ ਹਾਲਤ ਹੈ। ਪਤਨੀ ਸਮਰੱਥਾ ਮੂਜਬ ਪਤੀ ਦੀ ਸੇਵਾ ਕਰਦੀ ਹੈ, ਪਰ ਦੋਵੇਂ ਜੀਅ ਤੁਰ ਫਿਰ ਨਹੀਂ ਸਕਦੇ।

ਪਤੀ ਲਈ ਪਛਾਣ ਵਾਲੇ ਲੋਕ ਬੇਪਛਾਣ ਹੋ ਰਹੇ ਹਨ।

ਜਿੰਨਾ ਕੁ ਇਲਾਜ ਹੋਣਾ ਸੀ, ਹੋ ਚੁੱਕਿਆ ਹੈ।

ਹੁਣੇ ਜਿਹੇ ਧੀਆਂ ਵਾਰੀ ਵਾਰੀ ਆਈਆਂ ਸਨ ਤੇ ਫਿਰ ਆਪਣੇ ਵਸੇਬੇ ਵਾਲੇ ਮੁਲਕ ਵਾਪਸ ਵੀ ਚਲੀਆਂ ਗਈਆਂ।

ਧੀਆਂ ਦੀ ਵੀ ਆਪਣੀ ਮਜਬੂਰੀ ਹੈ।

... ਤੇ ਹੁਣ ਉਸ ਤੋਂ ਬਾਅਦ।

* * *

ਇੱਕ ਰਾਤ ਮੈਂ ਗੂੜ੍ਹੀ ਨੀਂਦ ਵਿੱਚ ਸਾਂ, ਜਦੋਂ ਇਸੇ ਸਮੱਸਿਆ ਨੇ ਮੇਰਾ ਬੂਹਾ ਵੀ ਠਕੋਰਿਆ ਸੀ। ਬੀਵੀ ਨੇ ਹਲੂਣ ਕੇ ਮੈਨੂੰ ਜਗਾਇਆ ਸੀ। ਉਸ ਦਾ ਸਾਹ ਉਖੜਿਆ ਹੋਇਆ ਸੀ। ਉਸ ਨੂੰ ਤਾਬੜਤੋੜ ਹਸਪਤਾਲ ਲੈ ਕੇ ਜਾਣ ਦੀ ਲੋੜ ਸੀ।

ਰਾਤ ਦੇ ਤਿੰਨ ਵੱਜੇ ਹੋਏ ਸਨ।

ਡਾਕਟਰਾਂ ਦੀ ਤਵੱਜੋ ਦੀ ਝੱਟ-ਪੱਟ ਦੀ ਲੋੜ ਨੂੰ ਸਵੇਰ ਦੇ ਉਦੈ ਤਕ ਟਾਲ ਨਹੀਂ ਸਾਂ ਸਕਦਾ। ਬੀਵੀ ਨੂੰ ਸ਼ੂਗਰ ਦੀ ਬਿਮਾਰੀ ਹੈ, ਦਿਲ ਦਾ ਰੋਗ ਹੈ। ਇਸ ਤੋਂ ਇਲਾਵਾ ਕੁਝ ਹੋਰ ਅਲਾਮਤਾਂ ਵੀ ਹਨ।

ਉਸ ਨੂੰ ਘੁੱਪ ਹਨੇਰੇ ਵੇਲੇ ਹਸਪਤਾਲ ਕਿਸ ਤਰ੍ਹਾਂ ਲੈ ਕੇ ਜਾਵਾਂ? ਮੈਂ ਦਿਨ ਵੇਲੇ ਕਾਰ ਚਲਾ ਲੈਂਦਾ ਸਾਂ। ਰਾਤ ਵੇਲੇ ਰੌਸ਼ਨੀਆਂ ਨਜ਼ਰ ਨੂੰ ਉਲਝਾ ਦਿੰਦੀਆਂ ਸਨ। ਰਾਤ ਵੇਲੇ ਮੇਰੇ ਲਈ ਕਾਰ ਚਲਾਉਣਾ ਮਨ੍ਹਾਂ ਸੀ।

ਮੈਂ ਝਿਜਕਦੇ ਹੋਏ ਨੇ ਮੋਹਵੰਤੇ ਇੱਕ ਗੁਆਂਢੀ ਨੂੰ ਫੋਨ ਕਰ ਦਿੱਤਾ। ਮੇਰੀ ਔਕੜ ਵੇਲੇ ਉਹ ਬਹੁੜ ਪਏ।

ਮੇਰੇ ਉਹ ਮਿਹਰਬਾਨ ਮੇਰੇ ਲਈ ਹਰ ਵਾਰ ਨਹੀਂ ਆ ਸਕਣਗੇ।

ਬੁਢਾਪੇ ਦੀਆਂ ਗੁੰਝਲਾਂ ਅਤੇ ਇਹੋ ਜਿਹਾ ਔਖਾ ਵੇਲੇ ਆਪਣਾ ਪੱਕਾ ਹੱਲ ਮੰਗਦਾ ਸੀ।

* * *

ਗੱਲ ਸਿਰਫ਼ ਏਨੀ ਕੁ ਨਹੀਂ ਕਿ ਬੁੱਢੇ ਮਾਪਿਆਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਬੈਠੇ ਹੋਏ ਹਨ। ਲੋੜ ਵੇਲੇ ਉਹ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰ ਸਕਣਗੇ।

ਕੁਝ ਉਹ ਮਾਪੇ ਵੀ ਹਨ ਜੋ ਆਪਣੇ ਬੱਚਿਆਂ ਕੋਲ ਤਾਂ ਰਹਿੰਦੇ ਹਨ, ਪਰ ਲਾਡਲਿਆਂ ਦੀ ਪਨਾਹ ਵਿੱਚ ਨਰਕ ਭੋਗ ਰਹੇ ਹਨ।

ਉਨ੍ਹਾਂ ਨੂੰ ਨਰਕ ਤੋਂ ਨਜਾਤ ਕੌਣ ਦੇਵੇ?

ਮੇਰੇ ਨੇੜੇ ਹੀ ਇੱਕ ਹੋਰ ਘਰ ਹੈ। ਪੁੱਤਰ ਨੇ ਪਿਉ ਨੂੰ ਗੈਰਾਜ ਵਿੱਚ ਸਿਫ਼ਟ ਕੀਤਾ ਹੋਇਆ ਸੀ। ਹੁਣੇ ਜਿਹੇ ਹੀ ਉਸ ਪਿਉ ਦਾ ਦੇਹਾਂਤ ਹੋਇਆ ਹੈ।

ਉਸ ਵੇਲੇ ਪੁੱਤਰ ਨੇ ਕੋਠੀ ਵਿੱਚ ਨਵੀਂ ਉਸਾਰੀ ਅਤੇ ਕੁਝ ਅਹਿਮ ਤਬਦੀਲੀਆਂ ਦਾ ਕੰਮ ਵਿੱਢਿਆ ਹੋਇਆ ਸੀ।

ਉਹਨੇ ਸਸਕਾਰ ਤੋਂ ਪਿੱਛੋਂ ਸਾਰੇ ਰਿਸ਼ਤੇਦਾਰਾਂ ਤੇ ਕਰੀਬੀਆਂ ਨੂੰ ਕਹਿ ਦਿੱਤਾ ਕਿ ਕੋਈ ਵੀ ਉਹਦੇ ਘਰ ਅਫ਼ਸੋਸ ਕਰਨ ਨਾ ਆਵੇ, ਕੰਮ ਵਿੱਚ ਰੁਕਾਵਟ ਪੈਂਦੀ ਹੈ। ਅੰਤਿਮ ਅਰਦਾਸ ਬਾਰੇ ਬਾਅਦ ਵਿੱਚ ਸੂਚਨਾ ਭੇਜ ਦਿੱਤੀ ਜਾਵੇਗੀ। ਸੁਣਿਆ ਹੈ, ਭੈਣ ਸਮੇਤ ਕਈ ਰਿਸ਼ਤੇਦਾਰਾਂ ਨੂੰ ਉਸ ਪੁੱਤ ਨੇ ਬੂਹੇ ਤੋਂ ਮੋੜ ਦਿੱਤਾ ਸੀ।

ਇੱਕ ਇਹ ਖ਼ਬਰ ਤਾਂ ਸਭ ਨੇ ਅਖ਼ਬਾਰਾਂ ਵਿੱਚੋਂ ਵੀ ਪੜ੍ਹ ਲਈ ਹੋਣੀ ਏਂ। ਅਮਰੀਕਾ ਵਾਸੀ ਪੁੱਤਰ ਆਪਣੀ ਵਿਧਵਾ ਮਾਂ ਨੂੰ ਉੱਥੇ ਲੈ ਕੇ ਜਾਣ ਲਈ ਭਾਰਤ ਪਰਤਿਆ ਸੀ। ਚੰਡੀਗੜ੍ਹ ਦੀ ਕੋਠੀ ਮਾਂ ਦੇ ਨਾਂ ਸੀ। ਮਾਂ ਦੇ ਪੁੱਤ ਕੋਲ ਅਮਰੀਕਾ ਜਾ ਕੇ ਵੱਸਣ ਤੋਂ ਪਹਿਲਾਂ ਉਹ ਕੋਠੀ ਵੇਚਣਾ ਜ਼ਰੂਰੀ ਸੀ। ਉਨ੍ਹਾਂ ਵਾਰ ਵਾਰ ਤਾਂ ਚੰਡੀਗੜ੍ਹ ਆਉਣਾ ਨਹੀਂ ਸੀ।

ਆਖ਼ਰਕਾਰ ਮਾਂ ਦੇ ਦਸਤਖ਼ਤਾਂ ਨਾਲ ਕੋਠੀ ਵਿਕ ਗਈ।

ਪੁੱਤ ਮਾਂ ਨੂੰ ਏਅਰਪੋਰਟ ਤੱਕ ਵੀ ਲੈ ਗਿਆ। ਮਾਂ ਨੂੰ ਏਅਰਪੋਰਟ ਦੇ ਬਾਹਰ ਬਿਠਾ ਕੇ ਕੋਈ ਜ਼ਰੂਰੀ ਕਾਰਵਾਈ ਕਰਨ ਹਿੱਤ ਅੰਦਰ ਗਿਆ ਅਤੇ ਉੱਥੋਂ ਹੀ ਅਮਰੀਕਾ ਲਈ ਜਹਾਜ਼ੇ ਚੜ੍ਹ ਗਿਆ।

ਰਿਸ਼ਤਿਆਂ ਦਾ ਸਾਹ-ਸਤ ਮੁੱਕ ਰਿਹਾ ਹੈ। ਰਿਸ਼ਤੇ ਮਰ ਰਹੇ ਹਨ, ਮਰ ਰਹੀ ਹੈ ਸੰਵੇਦਨਾ।

ਮਰੀ ਹੋਈ ਜ਼ਮੀਰ ਅਤੇ ਮਰੀ ਹੋਈ ਮਨੁੱਖਤਾ ਦੀਆਂ ਇਹੋ ਜਿਹੀਆਂ ਮਿਸਾਲਾਂ ਦਾ ਕੋਈ ਅੰਤ ਨਹੀਂ।

ਇਹ ਵਰਤਾਰਾ ਮੇਰੇ ਗਲੀ-ਮੁਹੱਲੇ ਤੱਕ ਦਾ ਨਹੀਂ, ਪੰਜਾਬ ਦੇ ਉਨ੍ਹਾਂ ਸਾਰੇ ਘਰਾਂ ਦਾ ਹੈ ਜਿਨ੍ਹਾਂ ਦੇ ਪੁੱਤ, ਧੀਆਂ ਵਿਦੇਸ਼ਾਂ ਵਿੱਚ ਜਾ ਕੇ ਵੱਸ ਗਏ ਹਨ ਅਤੇ ਬੁੱਢਾ-ਬੁੱਢੀ ਮੁਰੰਮਤ ਉਡੀਕ ਰਹੇ ਉਦਾਸ ਘਰਾਂ ਵਿੱਚ ਬੈਠੇ ਹਨ।

ਮੈਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਰਿਹਾ। ਉਹ ਧੀਆਂ-ਪੁੱਤ ਵੀ ਨੇ ਜੋ ਮਾਂ-ਪਿਉ ਦੇ ਸਾਹੀਂ ਜਿਊਂਦੇ ਨੇ, ਪਰ ਮਜਬੂਰੀਆਂ ਪਹਾੜ ਜੇਡੀਆਂ ਨੇ। ਇਹ ਸੰਭਵ ਹੀ ਨਹੀਂ ਕਿ ਉਹ ਬਾਹਰੋਂ ਆ ਕੇ ਮਾਪਿਆਂ ਕੋਲ ਰਹਿਣ ਲੱਗ ਪੈਣ।

ਬਜ਼ੁਰਗਾਂ ਦੇ ਅੰਤਲੇ ਦਿਨਾਂ ਨੂੰ ਸੁਖਾਵਾਂ ਕਰਨ ਲਈ ਕੌਣ ਬਹੁੜੇ? ਕੌਣ ਔਖੇ ਵੇਲੇ ਦਾ ਆਸਰਾ ਬਣੇ? ਕੋਈ ਤਾਂ ਹੋਵੇ ਜਿਹੜਾ ਗਾਹੇ-ਬਗਾਹੇ ਸੁਖਸਾਂਦ ਪੁੱਛਣ ਆਵੇ।

ਬੁੱਢੀਆਂ ਅੱਖਾਂ ਦੀ ਉਡੀਕ ਦਾ ਕੋਈ ਤਾਂ ਕੁਝ ਕਰੇ।

* * *

ਮੈਂ ਆਪਣੀ ਅਗਿਆਨਤਾ ਉੱਤੇ ਖਿੱਝਿਆ ਹੋਇਆ ਹਾਂ। ਮੈਨੂੰ ਕੁਝ ਪਤਾ ਹੀ ਨਹੀਂ। ਸਾਡੀ ਸਰਕਾਰ ਵਡੇਰਿਆਂ ਦੇ ਦੁੱਖਾਂ ਬਾਰੇ ਏਨੀ ਬੇਖ਼ਬਰ ਕਿਵੇਂ ਹੋ ਸਕਦੀ ਹੈ। ਸਰਕਾਰ ਦਾ ਕੋਈ ਇਹੋ ਜਿਹਾ ਵਿਭਾਗ ਵੀ ਜ਼ਰੂਰ ਹੋਊ ਜਿਹਨੇ ਵਡੇਰਿਆਂ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਹੈ।

ਪਰ ਕਿੱਥੇ ਹੈ ਉਹ ਵਿਭਾਗ? ਸ਼ਾਇਦ ਹੁੰਦਿਆਂ ਹੋਇਆਂ ਵੀ ਨਹੀਂ ਹੈ।

ਸ਼ਾਇਦ ਸਚਮੁੱਚ ਹੀ ਨਹੀਂ ਹੈ।

ਅਲਾਹੁਣੀ ਵਰਗੀ ਇੱਕ ਕਾਵਿ ਸਤਰ ਮੇਰੇ ਜ਼ਿਹਨ ਵਿੱਚ ਅਕਸਰ ਟੱਸ ਟੱਸ ਕਰਦੀ ਹੈ;

ਰਾਜਿਆ ਰਾਜ ਕਰੇਂਦਿਆ

ਤੇਰੇ ਰਾਜ ਦੇ ਵਿੱਚ ਤਰੇੜਾਂ ਹੂ।

ਉਹ, ਜੋ ਪਿਛਲੇ 75 ਸਾਲਾਂ ਤੋਂ ਸਾਨੂੰ ਵਰਚਾਉਣ ਲਈ ਸੁਪਨਿਆਂ ਅਤੇ ਵਾਅਦਿਆਂ ਦੇ ਛਣਕਣੇ ਛਣਕਾ ਰਹੇ ਨੇ, ਰਾਜ ਦੀਆਂ ਤਰੇੜਾਂ ਪੂਰਨ ਲਈ ਉਨ੍ਹਾਂ ਦਾ ਕੁਝ ਕਰਨਾ ਤਾਂ ਬਣਦਾ ਹੀ ਹੈ।

ਜ਼ਿਆਦਾਤਰ ਵਡੇਰਿਆਂ ਦੀ ਉਮਰ ਉੱਤੇ ਰਾਤ ਉੱਤਰੀ ਹੋਈ ਹੈ। ਉਨ੍ਹਾਂ ਦੇ ਘੁੱਪ ਹਨੇਰੇ ਲਈ ਅਸੀਂ ਕੁਝ ਕੁ ਦੀਵੇ ਤਾਂ ਬਾਲ ਹੀ ਸਕਦੇ ਹਾਂ।

Advertisement
×