ਕਦਮਾਂ ਦੇ ਨਿਸ਼ਾਨ
ਸਰਦੀਆਂ ਦੇ ਦਿਨ ਸਨ, ਧੁੱਪ ਦਾ ਨਿੱਘ ਚੰਗਾ ਲੱਗ ਰਿਹਾ ਸੀ। ਬਹੁਤ ਸਾਰੇ ਕੁੜੀਆਂ-ਮੁੰਡੇ ਧੁੱਪ ਦਾ ਆਨੰਦ ਮਾਣਦੇ ਹੋਏ ਆਪਣੀਆਂ ਗੱਲਾਂ ਵਿੱਚ ਮਗਨ ਸਨ। ਛੋਟੇ ਜਿਹੇ ਲਾਅਨ ਵਿੱਚ ਬੈਠੀਆਂ ਕੁੜੀਆਂ ਤੇ ਮੁੰਡਿਆਂ ਦੀਆਂ ਢਾਣੀਆਂ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਤੇ ਬੇਫ਼ਿਕਰ...
ਸਰਦੀਆਂ ਦੇ ਦਿਨ ਸਨ, ਧੁੱਪ ਦਾ ਨਿੱਘ ਚੰਗਾ ਲੱਗ ਰਿਹਾ ਸੀ। ਬਹੁਤ ਸਾਰੇ ਕੁੜੀਆਂ-ਮੁੰਡੇ ਧੁੱਪ ਦਾ ਆਨੰਦ ਮਾਣਦੇ ਹੋਏ ਆਪਣੀਆਂ ਗੱਲਾਂ ਵਿੱਚ ਮਗਨ ਸਨ। ਛੋਟੇ ਜਿਹੇ ਲਾਅਨ ਵਿੱਚ ਬੈਠੀਆਂ ਕੁੜੀਆਂ ਤੇ ਮੁੰਡਿਆਂ ਦੀਆਂ ਢਾਣੀਆਂ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਤੇ ਬੇਫ਼ਿਕਰ ਸਨ। ਕੋਈ ਡਰ ਨਹੀਂ, ਕੋਈ ਖੌਫ਼ ਨਹੀਂ ਸੀ ਕਿਸੇ ਦੇ ਚਿਹਰੇ ’ਤੇ। ਸਭ ਆਪਣੀ ਦੁਨੀਆ ਵਿੱਚ ਮਸਤ ਸਨ। ਇਹ ਸੀ ਸਾਡੀ ਯੂਨੀਵਰਸਿਟੀ।
ਅੱਜ ਮੈਂ ਪਹਿਲੀ ਵਾਰ ਆਪਣੀ ਭੈਣ ਤੇ ਉਸ ਦੀ ਸਹੇਲੀ ਸਿੰਮੀ ਨਾਲ ਇੱਥੇ ਆਈ ਸਾਂ। ਉਹ ਦੋਵੇਂ ਹਿਸਟਰੀ ਦੀ ਐੱਮ.ਏ. ਕਰ ਰਹੀਆਂ ਸਨ। ਇੱਥੇ ਇੰਜ ਕੁੜੀਆਂ-ਮੁੰਡਿਆਂ ਨੂੰ ਇਕੱਠਿਆਂ ਬੈਠ ਗੱਲਾਂ ਕਰਦੇ ਦੇਖਣ ਦਾ ਇਹ ਮੇਰਾ ਪਹਿਲਾ ਮੌਕਾ ਸੀ, ਜੋ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਉਨ੍ਹਾਂ ਦੇ ਹਾਸਿਆਂ ਦੀ ਮਹਿਕ ਵਿੱਚ ਮੈਂ ਵੀ ਮਹਿਕ ਰਹੀ ਸਾਂ। ਮਨ ਕਰ ਰਿਹਾ ਸੀ ਕਿ ਇਹ ਖ਼ੂਬਸੂਰਤ ਪਲ ਆਪਣੇ ਪੱਲੇ ਨਾਲ ਬੰਨ੍ਹ ਕੇ ਆਪਣੇ ਘਰ ਲੈ ਜਾਵਾਂ ਤੇ ਘਰ ਦੇ ਹਰ ਕੋਨੇ ਵਿੱਚ ਖਿਲਾਰ ਦੇਵਾਂ ਤੇ ਇਹ ਮਸਤੀ, ਇਹ ਬੇਫ਼ਿਕਰੀ ਤੇ ਹਾਸਿਆਂ ਦੀ ਮਹਿਕ ਹਰ ਰੋਜ਼ ਇਉਂ ਹੀ ਮਹਿਸੂਸ ਕਰਾਂ।
ਮੈਂ ਆਪਣੀ ਭੈਣ ਨੂੰ ਪੁੱਛਿਆ, “ਤੁਸੀਂ ਦੋਵੇਂ ਵੀ ਇਸੇ ਤਰ੍ਹਾਂ ਇੱਥੇ ਮੁੰਡਿਆਂ ਨਾਲ ਬੈਠ ਕੇ ਗੱਲਾਂ ਕਰਦੀਆਂ ਹੋ?”
ਮੇਰੀ ਭੈਣ ਦੇ ਬੋਲਣ ਤੋਂ ਪਹਿਲਾਂ ਹੀ ਸਿੰਮੀ ਬੋਲ ਪਈ, “ਤੈਨੂੰ ਕਿਹਾ ਸੀ ਨਾ ਇਸ ਨੂੰ ਨਾਲ ਨਹੀਂ ਲੈ ਕੇ ਜਾਣਾ। ਹੁਣ ਦੇ ਜਵਾਬ...”
ਮੇਰੀ ਭੈਣ ਨੇ ਕਿਹਾ, “ਨਹੀਂ, ਅਸੀਂ ਖਾਲੀ ਸਮੇਂ ਵਿੱਚ ਲਾਇਬਰੇਰੀ ਵਿੱਚ ਬੈਠ ਕੇ ਪੜ੍ਹਦੀਆਂ ਹਾਂ। ਹੁਣ ਵੀ ਅਸੀਂ ਲਾਇਬਰੇਰੀ ਵਿੱਚ ਜਾ ਰਹੀਆਂ ਹਾਂ। ਉਦੋਂ ਤੱਕ ਤੂੰ ਕਲਰਕ ਦੇ ਕਮਰੇ ਵਿੱਚ ਬੈਠਣਾ ਹੈ।’’
ਮੈਨੂੰ ਕਲਰਕ ਦੇ ਕਮਰੇ ਵਿੱਚ ਬਿਠਾ ਦੋਵੇਂ ਲਾਇਬਰੇਰੀ ਚਲੀਆਂ ਗਈਆਂ। ਇਹ ਸੀ ਜੰਮੂ ਦੀ ਪੁਰਾਣੀ ਯੂਨੀਵਰਸਿਟੀ ਜੋ ਕੈਨਾਲ ਰੋਡ ’ਤੇ ਸੀ। ਅਜਿਹਾ ਮਾਹੌਲ ਮੈਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਅੱਜ ਦੇਖਿਆ ਤੇ ਦਿਲ-ਦਿਮਾਗ਼ ’ਤੇ ਸਰੂਰ ਜਿਹਾ ਛਾਅ ਗਿਆ। ਇਹ ਪਲ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹਨ, ਮੈਂ ਸੋਚ ਰਹੀ ਸਾਂ।
ਅੱਜ ਮੇਰੀਆਂ ਸੋਚਾਂ ਨੂੰ ਸੁਨਹਿਰੀ ਖੰਭ ਮਿਲ ਗਏ ਸਨ, ਖੁੱਲ੍ਹੇ ਅਸਮਾਨ ਵਿੱਚ ਉੱਚੀ ਉਡਾਰੀ ਲਾਉਣ ਲਈ। ਹਾਲਾਂਕਿ ਇੱਥੇ ਕਿਸੇ ਦੀ ਖ਼ੁਸ਼ੀ, ਕਿਸੇ ਦੇ ਹਾਸਿਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਸੀ ਪਰ ਮੈਂ ਫਿਰ ਵੀ ਖ਼ੁਸ਼ ਸਾਂ। ਕਮਰੇ ਵਿੱਚ ਬੈਠੀ ਮੈਂ ਆਪਣੇ ਹੀ ਖ਼ਿਆਲਾਂ ਵਿੱਚ ਗੁਆਚ ਗਈ। ਅਕਸਰ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕਿੰਨਾ ਚਿਰ ਸੋਚਦੀ ਰਹਿੰਦੀ, ‘ਕਾਸ਼! ਇਹ ਧਰਤੀ ਮੇਰੀ ਹੁੰਦੀ, ਇਹ ਆਸਮਾਨ ਮੇਰਾ ਹੁੰਦਾ ਤੇ ਮੇਰੀ ਜ਼ਿੰਦਗੀ ਵੀ ਮੇਰੀ ਆਪਣੀ ਹੁੰਦੀ। ਫਿਰ ਆਸਮਾਨ ’ਤੇ ਇੱਕ ਪੀਂਘ ਚੜ੍ਹਦੀ, ਧਰਤੀ ਤੇ ਆਸਮਾਨ ਵਿੱਚ ਲਟਕਦੀ ਉਸ ਪੀਂਘ ’ਤੇ ਬੈਠ, ਧਰਤੀ ਤੋਂ ਉੱਠ ਮੈਂ ਆਸਮਾਨ ਨੂੰ ਛੂੰਹਦੀ ਤੇ ਆਪਣੇ ਹਿੱਸੇ ਦੀ ਸਾਰੀ ਜ਼ਿੰਦਗੀ ਜਿਉਂ ਲੈਂਦੀ।’ ਪਰ ਨਹੀਂ, ਇਹ ਤਾਂ ਸਿਰਫ਼ ਮੇਰੀ ਕਲਪਨਾ ਸੀ। ਸਾਡਾ ਖੁੱਲ੍ਹ ਕੇ ਹੱਸਣਾ, ਉੱਚੀ ਬੋਲਣਾ, ਮਰਜ਼ੀ ਮੁਤਾਬਿਕ ਕੁਝ ਕਰਨਾ ਤਾਂ ਗੁਨਾਹ ਸਮਝਿਆ ਜਾਂਦਾ ਸੀ। ਇਸ ਲਈ ਇਹ ਮਾਹੌਲ ਅਜੀਬ ਵੀ ਸੀ ਤੇ ਸੁਖਾਵਾਂ ਵੀ।
ਅਚਾਨਕ ਕਿਸੇ ਨੇ ਕਲਰਕ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਅੰਦਰ ਆ ਗਿਆ। ਕਲਰਕ ਨੇ ਕੁਰਸੀ ਤੋਂ ਉੱਠਦਿਆਂ “ਹੈਲੋ ਸਰ!” ਕਹਿ ਕੇ ਸੰਬੋਧਨ ਕੀਤਾ। “ਆਓ ਜੀ, ਬੈਠੋ...” ਕਹਿ, ਮੇਰੇ ਨਾਲ ਰੱਖੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਕਿਹਾ, “ਕਿੱਧਰ ਸਨ ਜਨਾਬ, ਬੜੇ ਦਿਨਾਂ ਤੋਂ ਗ਼ੈਰਹਾਜ਼ਰ ਰਹੇ ਹੋ।”
ਉਸ ਨੇ ਕਿਹਾ, “ਦਿੱਲੀ ਗਿਆ ਸੀ ਇੰਟਰਵਿਊ ਦੇਣ। ਗਿਆ ਤਾਂ ਇੱਕ ਦਿਨ ਵਾਸਤੇ ਸੀ ਪਰ ਕੁਝ ਪੰਗਾ ਪੈ ਗਿਆ ਦਿੱਲੀ ਸ਼ਹਿਰ ਨਾਲ। ਇਸ ਵਾਸਤੇ ਰੁਕਣਾ ਪੈ ਗਿਆ।”
“ਕੀ ਹੋਇਆ?” ਕਲਰਕ ਨੇ ਪੁੱਛਿਆ।
“ਹੋਣਾ ਕੀ ਸੀ...ਇੰਟਰਵਿਊ ਪਾਸ ਕਰਨ ’ਤੇ ਵੀ ਨੌਕਰੀ ਸਿਫ਼ਾਰਸ਼ੀ ਨੂੰ ਮਿਲ ਗਈ। ਮੈਂ ਵੀ ਹਾਰ ਮੰਨਣ ਵਾਲਾ ਨਹੀਂ ਸੀ, ਬਹੁਤ ਹੰਗਾਮਾ ਹੋਇਆ। ਵੱਡੇ ਵੱਡੇ ਅਖ਼ਬਾਰਾਂ ਵਾਲੇ ਬੁਲਾਏ, ਉਸ ਦੀ ਡਿਗਰੀ ’ਤੇ ਸਵਾਲ ਉਠਾਏ। ਮੇਰੇ ਨਾਲ ਇੰਟਰਵਿਊ ਦੇਣ ਵਾਲੇ ਬਾਕੀ ਸਾਥੀ ਵੀ ਨਾਲ ਰਲ ਗਏ। ਬੀ ਏ ਪਾਸ ਨੂੰ ਨੌਕਰੀ ਦਿੱਤੀ ਜਾ ਰਹੀ ਸੀ ਜਦੋਂਕਿ ਅਸੀਂ ਤਿੰਨ-ਤਿੰਨ ਡਿਗਰੀਆਂ ਲੈ ਕੇ ਬੈਠੇ ਹਾਂ। ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਏ ਤੇ ਨੌਕਰੀ ਸਾਡੇ ਇੱਕ ਸਾਥੀ ਨੂੰ ਮਿਲ ਗਈ। ਸੱਚ ਦੀ ਆਵਾਜ਼ ਬੁਲੰਦ ਕਰਕੇ ਮੈਨੂੰ ਲੱਗਿਆ ‘ਮੈਂ ਦਿੱਲੀ ਜਿੱਤ ਲਈ ਹੈ’!”
“ਵਾਹ, ਬਹੁਤ ਸਟਰੌਂਗ ਵਿੱਲ ਪਾਵਰ ਹੈ ਤੁਹਾਡੀ, ਤੁਸੀਂ ਤਾਂ ਗਰੇਟ ਪ੍ਰਸਨੈਲਿਟੀ ਹੋ!” ਮੈਂ ਕਿਹਾ।
“ਵਾਹ ਜੀ ਵਾਹ, ਅੱਜ ਤਾਂ ਕਮਾਲ ਹੋ ਗਿਆ, ਮੈਨੂੰ ‘ਯਮਲੇ ਜੱਟ’ ਨੂੰ ਪਤਾ ਹੀ ਨਹੀਂ ਸੀ, ਮੈਂ ਗਰੇਟ ਹਾਂ! ਤੁਸੀਂ ਅੱਜ ਮੇਰੀ, ਮੇਰੇ ਨਾਲ ਪਛਾਣ ਕਰਵਾ ਦਿੱਤੀ ਹੈ। ਤੁਹਾਡਾ ਸ਼ੁਕਰੀਆ ਜੀ!”
ਫੇਰ ਕਲਰਕ ਵੱਲ ਵੇਖਦੇ ਹੋਏ ਪੁੱਛਣ ਲੱਗਾ, “ਇਹ ਮੈਡਮ ਕੌਣ ਹਨ?”
ਉਸ ਨੇ ਦੱਸਿਆ, “ਅੰਜਨਾ ਦੀ ਭੈਣ ਹੈ, ਰਿਤੂ। ਅੰਜਨਾ ਤੇ ਸੀਮਾ ਲਾਇਬਰੇਰੀ ਗਈਆਂ ਹਨ।”
“ਮੈਂ ਅਜੀਤ ਸਿੰਘ ਚੌਧਰੀ, ਤੁਹਾਡੀ ਭੈਣ ਦਾ ਸਹਿਪਾਠੀ!”
ਪਤਲਾ ਜਿਹਾ, ਸਾਂਵਲਾ ਜਿਹਾ, ਬਹੁਤ ਹੱਸਮੁਖ ਚਿਹਰਾ ਸੀ ਉਸ ਦਾ। ਮੇਰੇ ਵੱਲ ਮੁੜ ਕੇ ਉਸ ਨੇ ਸਵਾਲ ਕੀਤਾ, “ਤੁਸੀਂ ਕੀ ਕਰਦੇ ਹੋ?”
ਮੇਰੇ ਤੋਂ ਪਹਿਲਾਂ ਹੀ ਕਲਰਕ ਰਮੇਸ਼ ਨੇ ਦੱਸਿਆ, “ਬੀ ਏ ਪਾਰਟ ਫਸਟ ਦੀ ਵਿਦਿਆਰਥਣ ਹੈ, ਪਰੇਡ ਕਾਲਜ ਵਿੱਚ ਪੜ੍ਹਦੀ ਹੈ।” ਕਲਰਕ ਮੇਰੇ ਮੁਹੱਲੇ ਦਾ ਸੀ ਇਸ ਲਈ ਉਹ ਸਭ ਜਾਣਦਾ ਸੀ।
ਫਿਰ ਉਸ ਨੇ ਕਿਹਾ, “ਮੈਂ ਇੰਗਲਿਸ਼ ਦੀ ਐੱਮ.ਏ. ਕੀਤੀ ਹੈ, ਪੋਲ ਸਾਇੰਸ ਦੀ ਵੀ ਤੇ ਹੁਣ ਹਿਸਟਰੀ ਦੀ ਹੋਣ ਵਾਲੀ ਹੈ।”
“ਯੂ ਆਰ ਸੋ ਇੰਟੈਲੀਜੈਂਟ, ਵੰਸ ਅਗੇਨ, ਆਈ ਐਪਰੀਸ਼ੀਏਟ ਯੂ।’’
“ਬਹੁਤ ਤਾਰੀਫ਼ ਹੋ ਚੁੱਕੀ ਹੈ, ਚਾਹ ਪਿਆਉਣੀ ਤਾਂ ਬਣਦੀ ਹੈ... ਰਮੇਸ਼, ਚਪੜਾਸੀ ਨੂੰ ਭੇਜ ਕੇ ਚਾਹ ਮੰਗਵਾ ਉਨ੍ਹਾਂ ਦੋਵਾਂ ਵਾਸਤੇ ਵੀ।” ਉਸ ਦਾ ਦੂਸਰਾ ਸਵਾਲ ਸੀ, “ਤੁਹਾਡੀ ਹੌਬੀ ਕੀ ਹੈ?
ਮੈਂ ਕਿਹਾ, “ਮੈਂ ਆਪਣੀ ਹੌਬੀ ਇੱਕ ਘੜੇ ਵਿੱਚ ਬੰਦ ਕਰ ਕੇ ਜ਼ਮੀਨ ਹੇਠ ਡੂੰਘੇ ਟੋਏ ਵਿੱਚ ਦੱਬ ਦਿੱਤੀ ਹੈ...”
ਉਸ ਨੇ ਕਿਹਾ, “ਅਜਿਹਾ ਕਿਉਂ?”
ਮੈਂ ਕਿਹਾ, “ਫਿਰ ਕਿਸੇ ਦਿਨ ਦੱਸਾਂਗੀ...”
“ਵੈਰੀ ਗੁੱਡ ਜੀ! ਤੁਹਾਡੇ ਨਾਲ ਇੱਕ ਹੋਰ ਮੁਲਾਕਾਤ ਦਾ ਮੌਕਾ ਤੈਅ ਹੋ ਗਿਆ। ਬੰਦਾ ਹਾਜ਼ਰ ਹੈ ਜੀ ਐਨੀ ਟਾਈਮ...ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਹੈ... ਇੱਕ ਹੋਰ ਮੁਲਾਕਾਤ ਤਾਂ ਬਣਦੀ ਹੈ...” ਉਹ ਹੱਸਦੇ ਹੱਸਦੇ ਕਹਿ ਗਿਆ ਸੀ ਤੇ ਮੈਂ ਉਸ ਦੇ ਹਰ ਸ਼ਬਦ ਦਾ ਆਨੰਦ ਲੈ ਰਹੀ ਸਾਂ। ਲੱਗਦਾ ਹੀ ਨਹੀਂ ਸੀ ਕਿ ਕਿਸੇ ਅਜਨਬੀ ਨਾਲ ਗੱਲ ਕਰ ਰਹੀ ਹਾਂ।
ਹੁਣ ਮੇਰੀ ਭੈਣ ਤੇ ਉਸ ਦੀ ਸਹੇਲੀ ਵੀ ਆ ਗਈਆਂ ਤੇ ਹੁਣ ਗੱਲਾਂ ਦਾ ਰੁਖ਼ ਬਦਲ ਗਿਆ ਸੀ। ਪੇਪਰਾਂ ਦੀਆਂ ਗੱਲਾਂ, ਯੂਰਪੀ ਤੇ ਅਮਰੀਕੀ ਇਤਿਹਾਸ ਦੀਆਂ ਗੱਲਾਂ ਹੋ ਰਹੀਆਂ ਸਨ। ਕਿੰਨੀ ਤਿਆਰੀ ਕੀਤੀ ਹੈ ਤੇ ਕਿੰਨੀ ਰਹਿ ਗਈ ਵਗੈਰਾ ਵਗੈਰਾ... ਦਿੱਲੀ ਵਾਲਾ ਕਿੱਸਾ ਵੀ ਮੁੜ ਤੋਂ ਬਿਆਨ ਕੀਤਾ ਗਿਆ।
ਅੰਜਨਾ ਨੇ ਕਿਹਾ, “ਤੁਸੀਂ ਬੜੀ ਲੰਬੀ ਉਡਾਣ ਭਰਨ ਜਾ ਰਹੇ ਸੀ। ਜੋ ਪੜ੍ਹਿਆ ਹੋਵੇ, ਪੜ੍ਹਾ ਦਿੱਤਾ ਜਾਵੇ ਤਾਂ ਜਾਣਕਾਰੀ ਹੋਰ ਵਧ ਜਾਂਦੀ ਹੈ, ਨਹੀਂ ਤਾਂ ਸਵਾਹ ਹੋ ਜਾਂਦੀ ਹੈ।”
“ਬਿਲਕੁਲ ਸਹੀ ਕਿਹਾ ਤੁਸੀਂ, ਅਜੀਤ! ਮੈਂ ਵੀ ਨੌਕਰੀ ਕਰਨੀ ਹੈ। ਪਰ ਇਹ ਜਾ ਰਹੀ ਹੈ ਸਹੁਰਿਆਂ ਦੇ ਘਰ ਉਨ੍ਹਾਂ ਦੀਆਂ ਰੋਟੀਆਂ ਪਕਾਉਣ ਵਾਸਤੇ... ਸਤੰਬਰ ਵਿੱਚ ਇਸ ਦਾ ਵਿਆਹ ਤੈਅ ਹੋ ਗਿਆ ਹੈ।”
“ਚੰਗਾ ਹੋਇਆ ਜੀ! ਹੁਣ ਮੇਰਾ ਰਾਹ ਸਾਫ਼ ਹੋ ਗਿਆ... ਮੈਂ ਸੋਚਦਾ ਹਾਂ ਮੈਂ ਵੀ ਵਿਆਹ ਕਰਵਾ ਲਵਾਂ... ਅੱਜ ਮੈਂ ਕਿਸੇ ਨੂੰ ਪਸੰਦ ਆ ਗਿਆ ਹਾਂ।”
ਸਿੰਮੀ ਨੇ ਕਿਹਾ, ‘‘ਤੈਨੂੰ ਕਾਲੇ ਕਲੂਟੇ ਨੂੰ ਕਿਸ ਨੇ ਪਸੰਦ ਕਰ ਲਿਆ?”
ਮੈਂ ਝੱਟ ਉਸ ਦਾ ਸਵਾਲ ਬੋਚ ਲਿਆ, “ਬਜ਼ੁਰਗਾਂ ਦਾ ਕਹਿਣਾ ਹੈ, ਮਰਦ ਦੀ ਕਾਬਲੀਅਤ... ਉਸ ਦੀ ਕਮਾਈ ਤੇ ਉਸ ਦਾ ਰੁਤਬਾ ਵੇਖਿਆ ਜਾਂਦਾ ਹੈ! ਮੂੰਹ ਮੱਥੇ ਤਾਂ ਲੋਕੀ ਔਰਤਾਂ ਦੇ ਵੇਖਦੇ ਹਨ।”
“ਨਜ਼ਰ ਪਾਰਖੂ ਹੋਵੇ ਤਾਂ ਕਿਸੇ ਦੇ ਗੁਣ ਲੱਭਦੇ ਹਨ। ਤੁਹਾਨੂੰ ਇੰਨੀ ਸਮਝ ਕਿੱਥੇ ਹੈ?” ਅਜੀਤ ਨੇ ਕਿਹਾ।
“ਇੰਨੀ ਸਮਝਦਾਰ ਹੈ ਤਾਂ ਇਸੇ ਨੂੰ ਵਿਆਹ ਕੇ ਲੈ ਜਾ!” ਸਿੰਮੀ ਬਰਾਬਰ ਦੀ ਟੱਕਰ ਦੇ ਰਹੀ ਸੀ।
ਹੁਣ ਅਜੀਤ ਬਹੁਤ ਨਰਮ ਲਹਿਜੇ ਨਾਲ ਕਹਿ ਰਿਹਾ ਸੀ, “ਮੈਂ ਤਾਂ ਇਸ਼ਾਰਾ ਦੇ ਦਿੱਤਾ ਹੈ, ਸਮਝ ਹੋਵੇ ਤਾਂ ਸਮਝੋ... ਅੰਜਨਾ, ਕਹਿ ਦੇਵੀਂ ਘਰਦਿਆਂ ਨੂੰ ਇਹ ਜੱਟ ਜਲਦੀ ਆਊ।’’
“ਬਸ ਅਜੀਤ, ਇੰਨਾ ਮਜ਼ਾਕ ਚੰਗਾ ਨਹੀਂ ਹੁੰਦਾ। ਤੂੰ ਜਾਣਦਾ ਨਹੀਂ ਮੇਰੇ ਘਰ ਦਿਆਂ ਨੂੰ...” ਮੇਰੀ ਭੈਣ ਨੇ ਕਿਹਾ।
ਕਲਰਕ ਰਮੇਸ਼, ਜੋ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਨੋਕ-ਝੋਕ ਦਾ ਮਜ਼ਾ ਲੈ ਰਿਹਾ ਸੀ, ਬੋਲਿਆ, “ਇੰਨੇ ਸੀਰੀਅਸ ਨਾ ਹੋਵੋ, ਇਹ ਤਾਂ ਬਸ ਮਜ਼ਾਕ ਹੈ।”
ਚਾਹ ਖ਼ਤਮ ਹੋ ਚੁੱਕੀ ਸੀ ਤੇ ਗੱਲਾਂ ਦਾ ਸਿਲਸਿਲਾ ਵੀ ਠੱਪ ਹੋ ਚੁੱਕਾ ਸੀ। ਇੱਕ ਦੂਜੇ ਤੋਂ ਵਿਦਾ ਲੈ, ਸਭ ਆਪਣੇ ਰਾਹ ਤੁਰ ਪਏ ਸਨ।
ਅੰਜਨਾ ਦੀਦੀ ਦਾ ਵਿਆਹ ਹੋ ਚੁੱਕਿਆ ਸੀ। ਸਿੰਮੀ ਦੀਦੀ ਦੀ ਨੌਕਰੀ ਲੱਗ ਗਈ ਸੀ। ਅਜੀਤ ਆਪਣੀ ਦੁਨੀਆ ਵਿੱਚ ਕਿਤੇ ਗਵਾਚ ਗਿਆ ਸੀ। ਸ਼ਾਇਦ ਉਸ ਲਈ ਉਹ ਮੁਲਾਕਾਤ ਮਹਿਜ਼ ਇੱਕ ਇਤਫ਼ਾਕ ਸੀ। ਜੇਕਰ ਕੋਈ ਬੇਚੈਨ ਸੀ ਤਾਂ ਮੈਂ। ਮੈਨੂੰ ਇਉਂ ਜਾਪਦਾ, ਜਿਵੇਂ ਮੇਰੇ ਮਨ-ਮਸਤਕ ਅੰਦਰ ਕਿਸੇ ਨੇ ਸਾਰੰਗੀ ਦੇ ਤਾਰ ਛੇੜ ਦਿੱਤੇ ਹਨ। ਉਸ ਦੀ ਸੁਰੀਲੀ ਆਵਾਜ਼ ਮੈਨੂੰ ਮਦਹੋਸ਼ ਕਰ ਰਹੀ ਸੀ। ਮੇਰਾ ਆਪਣਾ ਆਪ ਮੇਰੇ ਵੱਸ ਵਿੱਚ ਨਹੀਂ ਸੀ। ਇੰਜ ਲੱਗ ਰਿਹਾ ਸੀ, ਜਿਵੇਂ ਦੂਰ ਕਿਤੇ ਸਵਰਗ ਲੋਕ ਵਿੱਚ ਵਿਚਰ ਰਹੀ ਹੋਵਾਂ ਜਿੱਥੇ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਦੀਆਂ ਕਥਾਵਾਂ ਚੱਲ ਰਹੀਆਂ ਹੋਵਣ। ਮੈਂ ਖ਼ੁਦ ਨੂੰ ਆਪਣੀ ਕਹਾਣੀ ਦੀ ਨਾਇਕਾ ਵਜੋਂ ਵੇਖ ਰਹੀ ਸਾਂ ਤੇ ਉਹ ਪਤਲਾ ਜਿਹਾ... ਸਾਂਵਲਾ ਜਿਹਾ ਚਿਹਰਾ ਮੇਰਾ ਰਾਜਾ। ਉਸ ਦਾ ਮਜ਼ਬੂਤ ਇਰਾਦੇ ਵਾਲਾ ਵਿਅਕਤਿਤਵ ਮੈਨੂੰ ਉਸ ਵੱਲ ਖਿੱਚ ਕਰ ਰਿਹਾ ਸੀ। ਐਸੇ ਮਰਦ ਦੇ ਪਰਛਾਵੇਂ ਹੇਠ ਔਰਤ ਖ਼ੁਦ ਨੂੰ ਮਹਿਫੂਜ਼ ਸਮਝਦੀ ਹੈ। ਮੇਰੀਆਂ ਸੋਚਾਂ ਦੀਆਂ ਕਹਾਣੀਆਂ ਨੂੰ ਇੱਕ ਨਾਇਕ ਮਿਲ ਚੁੱਕਾ ਸੀ। ਮੈਂ ਉਸ ਦਾ ਹੱਥ ਫੜ ਦੂਰ, ਬਹੁਤ ਦੂਰ ਜਾਣਾ ਲੋਚਦੀ... ਪਿੱਛੇ ਮੁੜ ਕੇ ਵੇਖਣਾ ਨਹੀਂ ਸਾਂ ਚਾਹੁੰਦੀ।
ਮੇਰੇ ਕਦਮ ਹਰ ਰਾਤ ਬਗ਼ਾਵਤ ਕਰਦੇ ਤੇ ਹਰ ਸਵੇਰ ਮੇਰੇ ਸੰਸਕਾਰ ਪਿੱਛੇ ਖਿੱਚ ਲੈਂਦੇ। ਹਰ ਰਾਤ ਉਸ ਦੇ ਨਾਂ ਖ਼ਤ ਲਿਖਦੀ ਤੇ ਸਵੇਰੇ ਪਾੜ ਦੇਂਦੀ। ਕਈ ਮਹੀਨੇ ਬੀਤ ਗਏ। ਫਿਰ ਇੱਕ ਦਿਨ ਬਗ਼ਾਵਤ ਜਿੱਤ ਗਈ ਤੇ ਸੰਸਕਾਰ ਹਾਰ ਗਏ। ਮੈਂ ਰਾਤ ਦਾ ਲਿਖਿਆ ਖ਼ਤ ਕਲਰਕ ਰਮੇਸ਼ ਨੂੰ ਸੌਂਪ ਦਿੱਤਾ ਤੇ ਉਸ ਤੱਕ ਪਹੁੰਚਾਉਣ ਨੂੰ ਕਿਹਾ। ਉਹ ਅਖਨੂਰ ਤੋਂ ਕਾਫ਼ੀ ਦੂਰ ਕਿਸੇ ਪਿੰਡ ’ਚ ਰਹਿੰਦਾ ਸੀ। ਕੁਝ ਦਿਨਾਂ ਬਾਅਦ ਮੇਰੇ ਖ਼ਤ ਦੇ ਜਵਾਬ ਵਿੱਚ ਉਹ ਆਪਣੇ ਪਰਿਵਾਰ ਨਾਲ ਮੇਰਾ ਰਿਸ਼ਤਾ ਲੈਣ ਆ ਗਿਆ। ਰਮੇਸ਼ ਘਰ ਆਇਆ ਤਾਂ ਉਸ ਦੀ ਮਾਂ ਮੇਰੀ ਮਾਂ ਨੂੰ ਮਿਲਣ ਆਈ। ਮੇਰੀ ਮਾਂ ਨਾ ਚਾਹੁੰਦੀ ਹੋਈ ਵੀ ਉਸ ਨੂੰ ਮਿਲੀ।
ਉਹ ਪਿੰਡ ਵਿੱਚ ਰਹਿਣ ਵਾਲੇ ਸਾਦੇ ਲੋਕ ਸਨ। ਉਨ੍ਹਾਂ ਦਾ ਲਿਬਾਸ ਸਾਦਾ ਸੀ। ਉਨ੍ਹਾਂ ਦੇ ਚਿਹਰੇ ਵੇਖਦੇ ਹੀ ਮੇਰੀ ਮਾਂ ਦਾ ਚਿਹਰਾ ਲਾਲ ਹੋ ਗਿਆ। ਉਸ ਉਨ੍ਹਾਂ ਅੱਗੇ ਸਵਾਲਾਂ ਦੀ ਝੜੀ ਲਾ ਦਿੱਤੀ ਤੇ ਝੱਟ ਹੀ ਆਪਣਾ ਫ਼ੈਸਲਾ ਵੀ ਸੁਣਾ ਦਿੱਤਾ, “ਮੇਰੀ ਬੇਟੀ ਸ਼ਹਿਰੀ ਮਾਹੌਲ ਵਿੱਚ ਰਹਿੰਦੀ ਹੈ। ਪਿੰਡ ਵਿੱਚ ਨਹੀਂ ਰਹਿ ਸਕਦੀ। ਉਹ 18 ਸਾਲ ਦੀ ਹੈ, ਤੁਹਾਡਾ ਲੜਕਾ 29 ਪਾਰ ਕਰ ਚੁੱਕਾ ਹੈ। ਸੋ ਇਹ ਰਿਸ਼ਤਾ ਨਹੀਂ ਹੋ ਸਕਦਾ।” ਇਹ ਕਹਿ ਕੇ ਮੇਰੀ ਮਾਂ ਗੁੱਸੇ ਨਾਲ ਪੈਰ ਪਟਕ ਕੇ ਵਾਪਸ ਆ ਗਈ।
ਹੁਣ ਅਗਲੀ ਪੇਸ਼ੀ ਮੇਰੀ ਸੀ। “ਇਹ ਲੋਕ ਤੈਨੂੰ ਕਿਵੇਂ ਜਾਣਦੇ ਹਨ? ਮੇਰੇ ਦਰਵਾਜ਼ੇ ਤੱਕ ਕਿਸ ਦੇ ਬੁਲਾਉਣ ’ਤੇ ਆਏ ਹਨ। ਬਿਨਾਂ ਜਾਣਕਾਰੀ ਤੋਂ ਕੋਈ ਇੰਨੀ ਦੂਰੋਂ ਨਹੀਂ ਆ ਸਕਦਾ।”
ਮੇਰੀਆਂ ਲੱਤਾਂ ਕੰਬ ਰਹੀਆਂ ਸਨ, ਜ਼ੁਬਾਨ ਖ਼ਾਮੋਸ਼ ਸੀ। ਡਰ ਨਾਲ ਮੇਰਾ ਬੁਰਾ ਹਾਲ ਸੀ।
“ਬੁੱਤ ਬਣ ਕੇ ਨਾ ਖੜ੍ਹ, ਜਵਾਬ ਦੇ!” ਮੇਰੀ ਮਾਂ ਨੇ ਗੁੱਸੇ ਵਿੱਚ ਕਿਹਾ।
ਮੈਂ ਨਹੀਂ ਜਾਣਦੀ ਸੀ ਕਿ ਇਨ੍ਹਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਸੀ। ਕਿਤੇ ਮੇਰੇ ਖ਼ਤ ਦਾ ਜ਼ਿਕਰ ਤਾਂ ਨਹੀਂ ਹੋਇਆ? ਮੇਰੀ ਪਹਿਲ ਕਰਨ ਦੀ ਗੱਲ ਤਾਂ ਨਹੀਂ ਸੀ ਪਤਾ ਲੱਗੀ? ਸਵਾਲਾਂ ਦਾ ਤੂਫ਼ਾਨ ਮੇਰੇ ਅੰਦਰ ਉੱਠ ਖੜ੍ਹਾ ਹੋਇਆ।
ਅਚਾਨਕ ਸਾਡੇ ਦਰਵਾਜ਼ੇ ’ਤੇ ਟੈਕਸੀ ਆ ਕੇ ਰੁਕੀ। ਟੈਕਸੀ ਵਿੱਚੋਂ ਮੇਰੀ ਭੈਣ ਉਤਰੀ। ਮੈਂ ਦੌੜ ਕੇ ਉਸ ਦੇ ਗਲ ਲੱਗ ਗਈ ਤੇ ਰੋਣ ਲੱਗ ਪਈ। ਵਿਆਹ ਮਗਰੋਂ ਉਹ ਪਹਿਲੀ ਵਾਰ ਆਈ ਸੀ। ਹੁਣ ਮਾਹੌਲ ਐਸਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਦਿਨ ਇੱਧਰ-ਉੱਧਰ ਦੀਆਂ ਗੱਲਾਂ ਕਰਦਿਆਂ ਲੰਘ ਗਿਆ। ਰਾਤ ਪਈ ਤਾਂ ਮੈਂ ਸਾਰੀ ਗੱਲ ਆਪਣੀ ਭੈਣ ਨੂੰ ਦੱਸ ਦਿੱਤੀ। ਉਸ ਨੇ ਮਾਂ ਤੋਂ ਵੀ ਸਭ ਸੁਣਿਆ ਤੇ ਕਿਹਾ, “ਇਸ ਨੂੰ ਕਿਉਂ ਪੁੱਛਦੇ ਹੋ? ਗੱਲ ਮੇਰੇ ਸਾਹਮਣੇ ਹੋਈ ਸੀ। ਮੇਰਾ ਕਲਾਸਮੇਟ ਸੀ ਉਹ। ਮੈਂ ਉਸ ਦੀ ਗੱਲ ਨੂੰ ਮਜ਼ਾਕ ਸਮਝਿਆ ਸੀ। ਇਸ ਲਈ ਤੁਹਾਨੂੰ ਨਹੀਂ ਸੀ ਦੱਸਿਆ। ਲੜਕਾ ਤਾਂ ਬਹੁਤ ਲਾਇਕ ਹੈ, ਤੁਹਾਨੂੰ ਪਸੰਦ ਨਹੀਂ ਆਇਆ ਇਹ ਅਲੱਗ ਗੱਲ ਹੈ।”
ਮੇਰੀ ਬੇਚੈਨੀ ਪਹਿਲਾਂ ਨਾਲੋਂ ਵੀ ਵਧ ਗਈ ਸੀ, ਇੱਕ ਆਪਣੀ ਮਾਂ ਦੇ ਰੁੱਖੇ ਸੁਭਾਅ ਕਰਕੇ ਤੇ ਦੂਜਾ ਉਨ੍ਹਾਂ ਦੇ ਨਿਰਾਸ਼ ਹੋ ਕੇ ਮੁੜਨ ਕਰਕੇ। ਉਸ ਦੇ ਚਿਹਰੇ ਦੀ ਨੁਹਾਰ ਮੇਰੇ ਦਿਲ ਵਿੱਚ ਵਸ ਚੁੱਕੀ ਸੀ। ਉਸ ਦੀਆਂ ਗੱਲਾਂ ਮੇਰੇ ਦਿਮਾਗ਼ ’ਤੇ ਡੂੰਘੀ ਛਾਪ ਛੱਡ ਗਈਆਂ ਸਨ। ਉਸ ਦੀ ਕਾਬਲੀਅਤ ਦੀ ਮੈਂ ਕਾਇਲ ਹੋ ਚੁੱਕੀ ਸਾਂ। ਉਸ ਦਾ ਹੱਥ ਫੜ ਦੂਰ... ਬਹੁਤ ਦੂਰ ਚਲੀ ਜਾਣਾ ਚਾਹੁੰਦੀ ਸਾਂ... ਪਿੱਛੇ ਮੁੜ ਕੇ ਮੈਂ ਵੇਖਣਾ ਨਹੀਂ ਚਾਹੁੰਦੀ। ਉਸ ਦੀ ਦੁਨੀਆ ਵਿੱਚ ਰਚ-ਮਿਚ ਜਾਣਾ ਚਾਹੁੰਦੀ ਹਾਂ। ਉਸ ਨੂੰ ਲੈ ਕੇ ਜੋ ਅਹਿਸਾਸ ਮੇਰੇ ਅੰਦਰ ਉੱਠ ਰਹੇ ਸਨ, ਉਨ੍ਹਾਂ ਹਨੇਰੀ ਦਾ ਰੂਪ ਧਾਰਿਆ ਹੋਇਆ ਸੀ। ਕਿਸੇ ਅਜਨਬੀ ਨਾਲ ਇੱਕ ਮੁਲਾਕਾਤ ਇੰਨੀ ਅਹਿਮ ਹੋ ਗਈ ਕਿ ਮੈਂ ਆਪਣਾ ਆਪ ਵੀ ਭੁਲਾ ਰਹੀ ਹਾਂ। ਮੇਰਾ ਦਿਲ, ਦਿਮਾra, ਸੋਚ, ਸੁਫਨੇ, ਮੇਰੀ ਕਲਪਨਾ ਸਭ ’ਤੇ ਉਸ ਦਾ ਕਬਜ਼ਾ ਹੋ ਚੁੱਕਾ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨੀ ਜਲਦੀ ਕਿਸੇ ਨਾਲ ਬੇਇੰਤਹਾ ਪਿਆਰ ਹੋ ਸਕਦਾ ਹੈ... ਪਰ ਇਸ ਰਾਹ ਦੇ ਤਾਂ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹਨ... ਮੇਰੇ ਚਾਰੇ ਪਾਸੇ ਧੁੰਦ ਦੀ ਸੰਘਣੀ ਚਾਦਰ ਵਿਛਾ ਦਿੱਤੀ ਗਈ। ਦਿਲ ਬਗ਼ਾਵਤ ’ਤੇ ਉਤਾਰੂ ਹੋ ਗਿਆ ਪਰ ਸਜ਼ਾ ਦੇ ਖ਼ੌਫ਼ ਨੇ ਮੇਰੀ ਹਿੰਮਤ ਵੀ ਤੋੜ ਦਿੱਤੀ। ਮੰਜ਼ਿਲ ਗੁਆਚ ਗਈ ਹੈ ਪਰ ਮੇਰਾ ਸਫ਼ਰ ਜਾਰੀ ਹੈ, ਮੈਂ ਰਾਹ ਲੱਭ ਰਹੀ ਸਾਂ... ਰਾਹ ’ਤੇ ਭਟਕਦੀ ਹੋਈ...।
ਫਿਰ ਇੱਕ ਦਿਨ ਅਚਾਨਕ ਉਸ ਦਾ ਖ਼ਤ ਆਇਆ, ਉਸ ਦੀ ਨੌਕਰੀ ਲੱਗ ਰਹੀ ਹੈ ਤੇ ਉਹ ਬੰਗਲੂਰੂ ਜਾ ਰਿਹਾ ਹੈ ਤੇ ਜਾਣ ਤੋਂ ਪਹਿਲਾਂ ਮੈਨੂੰ ਮਿਲਣਾ ਚਾਹੁੰਦਾ ਹੈ। ਮੈਨੂੰ ਤਾਂ ਡਾਢਾ ਚਾਅ ਚੜ੍ਹ ਗਿਆ। ਮੇਰੇ ਪੈਰ ਜ਼ਮੀਨ ’ਤੇ ਨਹੀਂ ਸਨ ਲੱਗ ਰਹੇ। ਮੈਨੂੰ ਉਸ ਅੱਗੇ ਬੈਠ ਕੇ ਦਿਲ ਖੋਲ੍ਹ ਕੇ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਰਿਹਾ ਸੀ। ਇੱਕ ਕੰਮ ਉਸ ਨੇ ਸਿੰਮੀ ਦੀਦੀ ਨੂੰ ਸੌਂਪਿਆ ਸੀ। ਉਹ ਮੈਨੂੰ ਸ਼ਾਪਿੰਗ ਦਾ ਬਹਾਨਾ ਬਣਾ ਮੇਰੇ ਘਰੋਂ ਲੈ ਗਈ ਤੇ ਅਸੀਂ ਕੌਫੀ ਬਾਰ ਵਿੱਚ ਜਾ ਮਿਲੇ। ਉਸ ਨੂੰ ਵੇਖਦੇ ਹੀ ਮੇਰਾ ਰੋਣਾ ਨਿਕਲ ਗਿਆ। ਮੈਂ ਆਖਿਆ, “ਤੁਸੀਂ ਮੇਰੇ ਜਿਊਣ ਦਾ ਮਕਸਦ ਬਣ ਚੁੱਕੇ ਹੋ! ਤੁਸੀਂ ਚਾਹਤ ਹੋ ਮੇਰੀ... ਮੈਂ ਤੁਹਾਨੂੰ ਹਾਸਲ ਕਰਨਾ ਚਾਹੁੰਦੀ ਹਾਂ... ਮੈਂ ਆਪਣੀ ਹਾਲਤ ਨੂੰ ਪੂਰੀ ਤਰ੍ਹਾਂ ਲਫਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੀ... ਤੁਹਾਨੂੰ ਕੋਈ ਰਸਤਾ ਕੱਢਣਾ ਪਵੇਗਾ...।”
ਪਰ ਉਹ ਤਾਂ ਨਸੀਹਤਾਂ ਦੀ ਪੰਡ ਖੋਲ੍ਹ ਕੇ ਬੈਠ ਗਿਆ, “ਮਿਲਣਾ ਰਿਸ਼ਤੇ ਦੀ ਮੰਜ਼ਿਲ ਨਹੀਂ ਹੁੰਦਾ, ਮਿਲਣਾ ਤਾਂ ਰਿਸ਼ਤੇ ਦੀ ਮੌਤ ਹੈ। ਇਹ ਚਾਹਤ ਹਮੇਸ਼ਾ ਲਈ ਇੱਕ ਨਿੱਘੀ ਯਾਦ ਬਣ ਕੇ ਸਾਡੇ ਦਿਲਾਂ ਵਿੱਚ ਧੜਕਦੀ ਰਹੇ ਤੇ ਆਲੇ-ਦੁਆਲੇ ਇਸ ਦੀ ਮਹਿਕ ਪਸਰ ਜਾਵੇ ਤਾਂ ਸਮਝੋ ਇਹ ਚਾਹਤ ਜ਼ਿੰਦਾ ਹੈ... ਮੈਂ ਤੁਹਾਡੇ ਨਾਲ ਬਿਤਾਏ ਪਲਾਂ ਨੂੰ ਸਦਾ ਜ਼ਿੰਦਾ ਰੱਖਣਾ ਚਾਹੁੰਦਾ ਹਾਂ।” ਉਸ ਨੇ ਮੈਨੂੰ ਇਹ ਕਿਹਾ।
“ਨਹੀਂ, ਝੂਠ! ਬਿਲਕੁਲ ਝੂਠ!! ਤੁਸੀਂ ਹਾਲਾਤ ਤੋਂ ਡਰ ਰਹੇ ਹੋ... ਤੁਹਾਡੀ ਸਟਰੌਂਗ ਵਿਲ ਪਾਵਰ ਕਿਤੇ
ਗਵਾਚ ਗਈ ਹੈ... ਤੁਸੀਂ ਕਾਇਰ ਹੋ... ਮੈਨੂੰ ਛੱਡ ਕੇ
ਇੰਝ ਨਹੀਂ ਜਾ ਸਕਦੇ... ਹਾਲਾਤ ਦਾ ਸਾਹਮਣਾ
ਕਰੋ, ਸਭ ਠੀਕ ਹੋ ਜਾਵੇਗਾ,” ਮੈਂ ਸਮਝਾਉਣ ਦੀ
ਕੋਸ਼ਿਸ਼ ਕੀਤੀ।
“ਨਹੀਂ ਰਿਤੂ, ਤੁਸੀਂ ਭਾਵਨਾਵਾਂ ਦੇ ਵੇਗ ਵਿੱਚ ਵਹਿ ਰਹੇ ਹੋ, ਜ਼ਿੰਦਗੀ ਦੀ ਸਚਾਈ ਨੂੰ ਨਹੀਂ ਦੇਖ ਰਹੇ। ਸਾਡੀ ਜ਼ਿੰਦਗੀ ਸਿਰਫ਼ ਸਾਡੀ ਨਹੀਂ ਹੁੰਦੀ, ਬਹੁਤ ਸਾਰੇ ਰਿਸ਼ਤਿਆਂ ਨਾਲ ਜੁੜੀ ਹੁੰਦੀ ਹੈ। ਇੱਕ ਰਿਸ਼ਤੇ ਲਈ ਬਾਕੀ ਸਾਰੇ ਰਿਸ਼ਤਿਆਂ ਦਾ ਤਿਆਗ ਤਾਂ ਨਹੀਂ ਕੀਤਾ ਜਾ ਸਕਦਾ... ਅਸੀਂ ਸਮਾਜ ਦੇ ਪੜ੍ਹੇ-ਲਿਖੇ ਤਬਕੇ ਦੇ ਲੋਕ ਹਾਂ... ਅਸੀਂ ਖ਼ਾਸ ਮੁਕਾਮ... ਖ਼ਾਸ ਰੁਤਬਾ ਰੱਖਦੇ ਹਾਂ ਜੋ ਬਹੁਤ ਮਿਹਨਤ ਤੋਂ ਬਾਅਦ ਹਾਸਲ ਹੁੰਦਾ ਹੈ। ਸਾਡਾ ਜੀਵਨ ਇੱਕ ਮਿਸਾਲ ਹੋਣਾ ਚਾਹੀਦਾ ਹੈ ਨਾ ਕਿ ਮਜ਼ਾਕ... ਤੁਸੀਂ ਬਹੁਤ ਸਮਝਦਾਰ ਹੋ... ਮੇਰੀਆਂ ਗੱਲਾਂ ’ਤੇ ਗੌਰ ਕਰੋ, ਮੈਂ ਤਾਂ ਇਮਾਨਦਾਰੀ ਨਾਲ ਵਫ਼ਾ ਕੀਤੀ ਹੈ ਪਰ ਤਕਦੀਰ ਨੇ ਸਾਥ ਨਹੀਂ ਦਿੱਤਾ। ਤੁਹਾਡੇ
ਪਰਿਵਾਰ ਦੀ ਸੋਚ ’ਤੇ ਖ਼ਰਾ ਨਹੀਂ ਉਤਰ ਸਕਿਆ... ਇਸ ਲਈ ਮੈਨੂੰ ਦੋਸ਼ੀ ਨਾ ਸਮਝੋ...!” ਉਹ ਲਗਾਤਾਰ ਬੋਲਦਾ ਜਾ ਰਿਹਾ ਸੀ ਤੇ ਮੈਂ ਬੇਵੱਸ ਨਜ਼ਰਾਂ ਨਾਲ ਉਸ ਨੂੰ ਵੇਖ ਰਹੀ ਸਾਂ।
ਮਾਹੌਲ ਨੂੰ ਬਦਲਦੇ ਹੋਏ ਉਸ ਨੇ ਕਿਹਾ, “ਉਹ ਤੁਹਾਡੀ ਹੌਬੀ ਘੜੇ ਵਿੱਚ ਕਿਉਂ ਗਈ ਸੀ?”
ਇਹ ਸੁਣ ਕੇ ਮੈਂ ਹੱਸਦੇ ਹੋਏ ਕਿਹਾ, “ਮੇਰੀ ਮਾਂ ਨੂੰ ਮਿਲ ਕੇ ਪਤਾ ਨਹੀਂ ਲੱਗਿਆ?”
ਉਹ ਵੀ ਹੱਸ ਪਿਆ ਤੇ ਕਹਿਣ ਲੱਗਾ, “ਹੁਣ ਹੱਸਦੇ-ਹੱਸਦੇ ਮੈਨੂੰ ਵਿਦਾ ਕਰੋ...”
ਮੈਂ ਉਸ ਵਾਸਤੇ ਇੱਕ ਸਵੈਟਰ ਬੁਣ ਕੇ ਲੈ ਗਈ ਸੀ ਜੋ ਉਸ ਨੂੰ ਦਿੰਦੇ ਹੋਏ ਕਿਹਾ, “ਪਹਿਨ ਕੇ ਦੱਸੋ, ਫਿੱਟ ਹੈ ਜਾਂ ਨਹੀਂ?”
ਉਸ ਨੇ ਝੱਟ ਪਹਿਨ ਲਈ, ਬਿਲਕੁਲ ਸਹੀ ਸੀ। ਮੈਂ ਕਿਹਾ, “ਹੁਣ ਉਤਾਰ ਦਿਓ...” ਪਰ ਉਸ ਨੇ ਨਹੀਂ ਉਤਾਰੀ ਤੇ ਹੁਣ ਅਸੀਂ ਕੌਫ਼ੀ ਹਾਊਸ ਤੋਂ ਬਾਹਰ ਆ ਚੁੱਕੇ ਸੀ। ਪੈਦਲ ਚੱਲਦੇ ਹੋਏ ਡੋਗਰਾ ਹਾਲ ਦੀ ਢਲਾਣ ਤੋਂ ਉਤਰ ਕੱਚੇ ਰਾਹੇ ਪੈ ਗਏ ਜਿੱਥੇ ਦੋਵੇਂ ਪਾਸੇ ਗੋਭੀ ਦੇ ਖੇਤ ਸਨ। ਕੁਝ ਕਦਮ ਚੱਲਣ ਮਗਰੋਂ ਉਸ ਨੇ ਕਿਹਾ, “ਪਿੱਛੇ ਵੇਖੋ, ਕੁਝ ਦਿਖਾਈ ਦੇ ਰਿਹਾ ਹੈ?”
ਮੈਂ ਪਿੱਛੇ ਵੇਖਿਆ ਤੇ ਕਿਹਾ, “ਕੁਝ ਨਹੀਂ ਹੈ।”
ਉਸ ਨੇ ਕਿਹਾ, “ਉੱਪਰ ਨਹੀਂ, ਜ਼ਮੀਨ ’ਤੇ ਦੇਖੋ।”
ਮੈਂ ਫਿਰ ਵੇਖਿਆ ਤੇ ਕਿਹਾ, “ਕੁਝ ਵੀ ਨਹੀਂ ਹੈ।”
“ਪਰ ਮੈਂ ਤਾਂ ਵੇਖ ਰਿਹਾ ਹਾਂ।”
“ਤੁਸੀਂ ਕੀ ਵੇਖਿਆ ਹੈ?” ਮੈਂ ਫਿਰ ਕਿਹਾ।
ਉਸ ਨੇ ਕਿਹਾ, “ਵੇਖੋ ਜ਼ਮੀਨ ’ਤੇ ਮੇਰੇ ਅਤੇ ਤੁਹਾਡੇ ਕਦਮਾਂ ਦੇ ਨਿਸ਼ਾਨ ਕਿੰਨੀ ਖ਼ੂਬਸੂਰਤੀ ਨਾਲ ਉੱਕਰੇ ਹਨ। ਤੁਸੀਂ ਜਦ ਜਦ ਵੀ ਇਸ ਰਾਹ ’ਤੇ ਤੁਰੋਗੇ, ਮੇਰੇ ਕਦਮਾਂ ਦੇ ਨਿਸ਼ਾਨ ਹਮੇਸ਼ਾ ਦਿਖਾਈ ਦੇਣਗੇ! ਚਲੋ ਅਲਵਿਦਾ,’’ ਕਹਿ ਕੇ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਸੀਂ ਅੱਡ ਹੋ ਗਏ ਹਮੇਸ਼ਾ ਲਈ।
ਅੱਜ ਕਈ ਸਾਲਾਂ ਬਾਅਦ ਉਹ ਨਿਸ਼ਾਨ ਲੱਗਦੈ ਮੇਰੇ ਦਿਲ ’ਤੇ ਉੱਕਰ ਗਏ ਹਨ ਤੇ ਜੀਅ ਕੀਤਾ ਕੁਝ ਲਿਖ ਦਿਆਂ-
ਕਈ ਸਾਲ ਮਹੀਨੇ ਬੀਤ ਗਏ
ਰੁੱਤਾਂ ਕਈ ਬਦਲ ਗਈਆਂ
ਧਰਤੀ ਦੀ ਨੁਹਾਰ ਵੀ ਬਦਲ ਗਈ
ਉੱਥੇ ਸੜਕਾਂ ਕਈ ਵਿਛ ਗਈਆਂ
ਨਹੀਂ ਮਿਟੇ ਨਿਸ਼ਾਨ, ਤੇਰੇ ਕਦਮਾਂ ਦੇ
ਮੇਰੇ ਨਾਲ ਜਦੋਂ ਤੂੰ ਤੁਰਿਆ ਸੈਂ!
ਸੰਪਰਕ: 77809-42252

