ਰੂਹ ਦੀ ਖ਼ੁਰਾਕ: ਸਮਾਜਵਾਦ ਤੇ ਪਿਆਰ ਦਾ ਅਲੋਕਾਰ ਸੁਮੇਲ
ਡਾਇਰੀਆਂ ਤੇ ਚਿੱਠੀਆਂ ਨੇ ਪੰਜਾਬੀ ਵਾਰਤਕ ਵਿਚ ਚਿਰਾਂ ਤੋਂ ਇਕ ਉਪ-ਵਿਧਾ ਵਜੋੋਂ ਆਪਣੀ ਚੰਗੀ ਖਾਸੀ ਥਾਂ ਬਣਾਈ ਹੋਈ ਹੈ। ਕਿਸੇ ਜਾਣੇ-ਪਛਾਣੇ ਨਾਂ ਦੇ ਨਿੱਜ ਬਾਰੇ ਜਾਣਨ ਦੀ ਪਾਠਕਾਂ ਦੀ ਜਗਿਆਸਾ ਅਜਿਹੀਆਂ ਪੁਸਤਕਾਂ ਦੀ ਕਦਰ-ਕੀਮਤ ਵਧਾ ਦਿੰਦੀ ਹੈ। ਗੁਰਦੇਵ ਪਾਲ ਦੀ ਪੁਸਤਕ ‘ਰੂਹ ਦੀ ਖ਼ੁਰਾਕ: ਧੜਕਣ ਦਾ ਰੋਜ਼ਨਾਮਚਾ’ ਇਸ ਜਗਿਆਸਾ ਦਾ ਭਰਪੂਰ ਹੁੰਗਾਰਾ ਹੈ। ਇਹ ਡਾਇਰੀ ਤੇ ਚਿੱਠੀਆਂ, ਦੋਵਾਂ ਦਾ ਸੁਮੇਲ ਹੈ। ਪੁਸਤਕ ਦੇ ਸ਼ੁਰੂ ਤੋਂ ਅੰਤ ਤੱਕ ਚਲਦੀ 11 ਅਪਰੈਲ 1976 ਤੋਂ 12 ਫਰਵਰੀ 1980 ਤੱਕ ਦੀ ਡਾਇਰੀ ਵਿਚ ਅਛੋਪਲੇ ਜਿਹੇ ਚਿੱਠੀਆਂ ਆ ਸ਼ਾਮਲ ਹੁੰਦੀਆਂ ਹਨ। ਇਹ ਚਿੱਠੀ-ਪੱਤਰ ਨਾਇਕਾ ਤੇ ਨਾਇਕ ਵਿਚਕਾਰ ਵੀ ਹੈ, ਉਹਨਾਂ ਵਿਚੋਂ ਕਿਸੇ ਦਾ ਆਪਣੇ ਜਾਂ ਦੂਜੇ ਦੇ ਪਰਿਵਾਰ ਨਾਲ ਵੀ ਹੈ ਤੇ ਪ੍ਰਸੰਗਿਕ ਹੋਣ ਸਦਕਾ ਕਿਸੇ ਹੋਰ ਦਾ ਹੋਰ ਨਾਲ ਵੀ ਹੈ। ਇੱਥੇ ਨਾਇਕ ਤੇ ਨਾਇਕਾ ਦੇ ਪੱਖੋਂ ਇਸ ਪੁਸਤਕ ਦੀ ਅਲੋਕਾਰਤਾ ਵੱਲ ਧਿਆਨ ਦਿਵਾਉਣਾ ਵੀ ਠੀਕ ਰਹੇਗਾ। ਸਾਹਿਤ ਵਿਚ ਪੁਰਸ਼ ਨੂੰ ਪ੍ਰੇਮੀ ਤੇ ਨਾਇਕ ਅਤੇ ਇਸਤਰੀ ਨੂੰ ਪ੍ਰੇਮਿਕਾ ਤੇ ਨਾਇਕਾ ਕਿਹਾ ਜਾਂਦਾ ਹੈ। ਸ਼ਾਇਦ ਇਹ ਗੱਲ ਪੁਰਸ਼-ਕੇਂਦ੍ਰਿਤ ਸਮਾਜ ਦੀਆਂ ਕਦਰਾਂ-ਕੀਮਤਾਂ ਵਿਚੋਂ ਢਲ਼ੇ ਇਸਤਰੀ ਦੇ ਸੰਕੋਚਵੇਂ ਸੁਭਾਅ ਕਾਰਨ ਹੈ। ਜੀਵਨ ਤੇ ਸਾਹਿਤ ਵਿਚ ਪਿਆਰ ਦੀ ਪਹਿਲ ਪੁਰਸ਼ ਕਰਦਾ ਹੈ ਤੇ ਇਸਤਰੀ ਅਬੋਲ ਸਹਿਮਤੀ ਦਿੰਦੀ ਹੈ। ਵਾਰਸ ਸ਼ਾਹ ਇਸ ਵਰਤਾਰੇ ਦਾ ਸਾਰ ਇਕ ਸਤਰ ਵਿਚ ਹੀ ਪੇਸ਼ ਕਰ ਦਿੰਦਾ ਹੈ: ਰਾਂਝੇ ਉੱਠ ਕੇ ਆਖਿਆ ‘ਵਾਹ ਸੱਜਨ’, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਇੱਥੇ ਪਿਆਰ ਦਾ ਬਾਗ਼ ਗੁਰਦੇਵ ਲਾਉਂਦੀ-ਖਿੜਾਉਂਦੀ ਹੋਣ ਸਦਕਾ ਗੁਰਦੇਵ ਨਾਇਕ ਤੇ ਪ੍ਰੇਮੀ ਬਣ ਕੇ ਉਭਰਦੀ ਹੈ।
ਚਿੱਠੀਆਂ ਤੇ ਡਾਇਰੀ ਦੀਆਂ ਲਿਖਤਾਂ ਅਕਸਰ ਉਹਨਾਂ ਨੂੰ ਲਿਖੇ ਜਾਣ ਦੇ ਸੀਮਤ ਸਮੇਂ ਦੀ ਗੱਲ ਕਰਦੀਆਂ ਹੁੰਦੀਆਂ ਹਨ। ਇਸੇ ਕਰਕੇ ਉਹ ਪੁਸਤਕ ਦਾ ਰੂਪ ਦਿੱਤਿਆਂ ਵੀ ਟੁੱਟਵਾਂ-ਬਿੱਖਰਵਾਂ ਪ੍ਰਭਾਵ ਦਿੰਦੀਆਂ ਹਨ। ਇਹ ਪੁਸਤਕ ਪੜ੍ਹਦਿਆਂ ਲਗਾਤਾਰਤਾ ਦਾ ਅਹਿਸਾਸ ਹੁੰਦਾ ਹੈ। ਵਕਤੀ ਗੱਲਾਂ ਦੇ ਵਿਚਕਾਰ ਇਸ ਪੁਸਤਕ ਵਿਚ ਦੋ ਕਹਾਣੀਆਂ ਅੱਗੇ ਵਧਦੀਆਂ ਹਨ, ਇਕ ਪਿਆਰ ਦੀ ਤੇ ਦੂਜੀ ਇਨਕਲਾਬ ਦੀ। ਤਦੇ ਹੀ ਤਾਂ ਇਹਦਾ ਪਾਠ ਕਰਦਿਆਂ ਮੈਨੂੰ ਡਾਇਰੀਆਂ ਤੇ ਚਿੱਠੀਆਂ ਦੀਆਂ ਪੁਸਤਕਾਂ ਨਾਲੋਂ ਇਕ ਨਾਵਲ ਤੇ ਇਕ ਫ਼ਿਲਮ ਦਾ ਚੇਤਾ ਵਧੇਰੇ ਆਉਂਦਾ ਰਿਹਾ। ਨਾਵਲ ਸੀ ਨਾਨਕ ਸਿੰਘ ਜੀ ਦਾ ‘ਸੁਮਨ-ਕਾਂਤਾ’ ਜੋ ਇਸੇ ਨਾਂ ਦੀਆਂ ਦੋ ਸਹੇਲੀਆਂ ਦੀਆਂ ਇਕ ਦੂਜੀ ਨੂੰ ਲਿਖੀਆਂ ਚਿੱਠੀਆਂ ਦੇ ਰੂਪ ਵਿਚ ਹੀ ਅੱਗੇ ਵਧਦਾ ਹੈ। ਫ਼ਿਲਮ ਸੀ ਨਿਰਦੇਸ਼ਕ ਖਵਾਜਾ ਅਹਿਮਦ ਅੱਬਾਸ ਦੀ 1959 ਦੀ ਚਰਚਿਤ ‘ਚਾਰ ਦਿਲ, ਚਾਰ ਰਾਹੇਂ’। ਉਸ ਵਿਚ ਪੱਕੇ ਰੰਗ ਦੀ ਅਛੂਤ ਨਾਇਕਾ ਚਾਵਲੀ (ਮੀਨਾ ਕੁਮਾਰੀ) ਤੇ ਸ਼ਹਿਰੋਂ ਪੜ੍ਹ ਕੇ ਆਏ ਉੱਚੀ ਜਾਤ ਦੇ ਗੋਵਿੰਦਾ (ਰਾਜ ਕਪੂਰ) ਦੀ ਬਚਪਨ ਦੀ ਜਾਣਕਾਰੀ ਸਮਾਜਿਕ ਅੜਿੱਕਿਆਂ ਦੇ ਬਾਵਜੂਦ ਪਿਆਰ ਦਾ ਰੂਪ ਧਾਰ ਲੈਂਦੀ ਹੈ। ਗੋਵਿੰਦਾ ਸ਼ਹਿਰੋਂ ਸਕੂਲੀ ਜਮਾਤਾਂ ਦੀਆਂ ਪੁਸਤਕਾਂ ਪੜ੍ਹਨ ਦੇ ਨਾਲ-ਨਾਲ ਸਮਾਜਿਕ-ਆਰਥਿਕ ਜਮਾਤਾਂ ਦਾ ਸਿਧਾਂਤ ਸਮਾਜਵਾਦ ਵੀ ਪੜ੍ਹ ਆਇਆ ਹੈ। ਜਦੋਂ ਉਹ ਚਾਵਲੀ ਨੂੰ ਭਵਿੱਖੀ ਸਮਾਜਵਾਦ ਦੀਆਂ ਗੱਲਾਂ ਸੁਣਾਉਂਦਾ ਹੈ, ਉਹ ਮਾਸੂਮ ਪੁੱਛਦੀ ਹੈ, ਤੇਰੇ ਸਮਾਜਵਾਦ ਵਿਚ ਪਿਆਰ ਦੀ ਕਿੰਨੀ ਕੁ ਥਾਂ ਹੋਵੇਗੀ? ਖਵਾਜਾ ਨੇ ਤਾਂ ਆਪਣੀ ਫ਼ਿਲਮ ਵਿਚ ਚਾਵਲੀ ਦੇ ਸਵਾਲ ਦਾ ਜੋ ਜਵਾਬ ਦੇਣਾ ਸੀ, ਦੇ ਦਿੱਤਾ, ਪਰ ਗੁਰਦੇਵ ਦੀ ਇਹ ਪੁਸਤਕ ਸਾਰੀ ਦੀ ਸਾਰੀ ਚਾਵਲੀ ਦੇ ਸਵਾਲ ਦਾ ਜਵਾਬ ਹੀ ਹੈ। ਇਸ ਵਿਚ ਸਮਾਜ, ਇਨਕਲਾਬ ਤੇ ਪਿਆਰ, ਤਿੰਨੇ ਮੁਟਿਆਰ ਦੀ ਗੁੱਤ ਵਾਂਗ ਇਕ ਦੂਜੇ ਨਾਲ ਗੁੰਦੇ ਹੋਏ ਹਨ।
ਆਪਣੀ ਇਕ ਮਖੌਲੀਆ ਕਹਾਵਤ ਹੈ, ‘‘ਵਿਆਹ-ਮੁਕਲਾਵੇ ਬਥੇਰੇ ਦੇਖੇ, ਇਹੋ ਜਿਹਾ ਰਾਮ-ਰੌਲ਼ਾ ਕਦੇ ਨਹੀਂ ਦੇਖਿਆ!’’ ਪਿਆਰ ਬਥੇਰੇ ਦੇਖੇ, ਪਰ ਇਹ ਪਿਆਰ... ਤੋਬਾ... ਤੋਬਾ! ਆਜ ਫਿਰ ਜੀਨੇ ਕੀ ਤਮੰਨਾ ਹੈ, ਆਜ ਫਿਰ ਮਰਨੇ ਕਾ ਇਰਾਦਾ ਹੈ। ਪਿਆਰ, ਜੋ ਜ਼ਿੰਦਗੀ ਤੇ ਮੌਤ ਜਿਹੇ ਸੰਕਲਪਾਂ ਤੋਂ ਵੀ ਉੱਚਾ ਉੱਠ ਖਲੋਂਦਾ ਹੈ। 23 ਮਾਰਚ 1978 ਦੀ ਡਾਇਰੀ ਵਿਚ ਗੁਰਦੇਵ ਲਿਖਦੀ ਹੈ, ‘‘ਅੱਜ ਹੀ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਏ। ਇਸ ਯੋਧੇ ਨੂੰ ਸਜਦਾ ਕਰਦੀ ਹਾਂ। ਮੈਨੂੰ ਤੇਰੇ ਵਿਚੋਂ ਬਹੁਤਾ ਕੁਝ ਭਗਤ ਸਿੰਘ ਵਰਗਾ ਲਗਦਾ ਏ। ... ਮੈਂ ਤੈਨੂੰ ਉਸ ਵਰਗਾ ਨਹੀਂ, ਪਰ ਉਸ ਤਰ੍ਹਾਂ ਬਣਨ ਵਾਲਾ ਬਾਂਕਾ ਜ਼ਰੂਰ ਸਮਝਦੀ ਹਾਂ ਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਤੇਰੀ ਹਾਂ। ਜੇ ਤੂੰ ਉਸ ਤਰ੍ਹਾਂ ਕੁਰਬਾਨ ਵੀ ਹੋ ਜਾਵੇਂ ਤਾਂ ਤੇਰੀ ਵਿਧਵਾ ਬਣ ਕੇ ਜਿਉਣਾ ਵੀ ਮੇਰਾ ਉੱਚਾ ਫ਼ਖ਼ਰ ਹੋਵੇਗਾ। ਮੈਂ ਤੇਰੇ ਲਈ, ਤੇਰੇ ਕਾਜ਼ ਲਈ ਜਿਉਣਾ ਚਾਹਾਂਗੀ।’’ ਜਿੰਨਾ ਭਰੋਸਾ ਗੁਰਦੇਵ ਨੂੰ ਸਾਥੀ ਲਈ ਆਪਣੇ ਪਿਆਰ ਦਾ ਹੈ, ਓਨਾ ਹੀ ਆਪਣੇ ਲਈ ਸਾਥੀ ਦੇ ਪਿਆਰ ਦਾ ਹੈ। ਉਹ ਆਖਦੀ ਹੈ, ‘‘ਮੈਂ ਉਹ ਹਾਂ ਤੇ ਉਹ ਮੈਂ ਹੈ।’’ ਇਕ ਹੋਰ ਥਾਂ ਉਹਦਾ ਕਹਿਣਾ ਹੈ, ‘‘ਘਰ ਸਭ ਲਈ ਕੁਝ ਨਾ ਕੁਝ ਗਿਫ਼ਟ ਲਿਆਂਦੇ ਨੇ, ਤੇਰੇ ਲਈ ਮੈਂ ਕੁਝ ਨਹੀਂ ਲਿਆਈ, ਤੇਰੇ ਲਈ ਮੈਂ ਆਪ ਆ ਗਈ ਹਾਂ।’’
ਇਨਕਲਾਬ ਲਈ ਸੰਗਰਾਮ ਦੇ ਲੇਖੇ ਜ਼ਿੰਦਗੀ ਲਾ ਦੇਣ ਵਾਲੇ ਜਿਨ੍ਹਾਂ ਸੂਬਾਈ ਤੇ ਕੌਮੀ ਕਮਿਊਨਿਸਟ ਆਗੂਆਂ ਦਾ ਗੁਰਦੇਵ ਨੇ ਅਪਣੱਤ ਤੇ ਸਤਿਕਾਰ ਨਾਲ ਜ਼ਿਕਰ ਕੀਤਾ ਹੈ, ਉਹਨਾਂ ਵਿਚੋਂ ਕਈਆਂ ਨਾਲ ਮੇਰਾ ਵੀ ਨੇੜਲਾ ਵਾਹ ਰਿਹਾ। ਉਹਨਾਂ ਦੀਆਂ ਹਿੱਕਾਂ ਵਿਚ ਮਘਦੀ ਇਨਕਲਾਬ ਦੀ ਧੂਣੀ ਦਾ ਸੇਕ ਮੈਂ ਵੀ ਮਹਿਸੂਸ ਕੀਤਾ ਹੋਇਆ ਹੈ। ਪਰ ਇਹਨਾਂ ਦੋਵਾਂ ਦੀਆਂ ਆਪਣੀਆਂ ਧੜਕਣਾਂ ਵਿਚ ਇਨਕਲਾਬ ਦੀ ਜੋ ਜੁਆਲਾ ਲਟਲਟ ਬਲਦੀ ਹੈ, ਉਹ... ਤੋਬਾ... ਤੋਬਾ! ਚੰਗੇ ਪਾਸੇ ਵੱਲ ਚੁੱਕਿਆ ਦੇਸ ਦਾ ਇਕ ਕਦਮ ਵੀ ਗੁਰਦੇਵ ਨੂੰ ਉਤਸ਼ਾਹਿਤ ਕਰ ਦਿੰਦਾ ਹੈ। 26 ਜਨਵਰੀ 1977 ਨੂੰ ਉਹ ਕਹਿੰਦੀ ਹੈ, ‘‘ਅੱਜ ਸਾਡਾ ਗਣਰਾਜ ਦਿਨ... ਪਹਿਲੀ ਵਾਰ ‘ਸਮਾਜਵਾਦੀ ਧਰਮ ਨਿਰਪੇਖ’ ਸ਼ਬਦਾਂ ਦੇ ਸਾਡੇ ਸੰਵਿਧਾਨ ਵਿਚ ਜੋੜਨ ਤੋਂ ਬਾਅਦ ਮਨਾਇਆ ਜਾ ਰਿਹਾ ਹੈ। ਸਾਡੀ ਪਹੁੰਚ ਸਮਾਜਵਾਦੀ ਹੋਵੇਗੀ ਤੇ ਇੱਥੇ ਧਰਮ ਕਰਕੇ ਕੋਈ ਭੇਦ-ਭਾਵ ਨਹੀਂ ਹੋਵੇਗਾ।’’ 23 ਨਵੰਬਰ 1977 ਦੀ ਉਹਦੀ ਲਿਖਤ ਵਿਚ ਆਪਣੇ ਦੋਸਤ ਦਾ ਤੇ ਆਪਣੇ ਦੇਸ ਦੇ ਭਵਿੱਖੀ ਇਨਕਲਾਬ ਦਾ ਜਨਮ-ਦਿਨ ਇਕ ਹੋ ਜਾਂਦੇ ਹਨ, ‘‘ਅੱਜ ਤੇਰਾ ਜਨਮ ਦਿਨ ਏ।... ਤੈਨੂੰ ਲੱਖ-ਲੱਖ ਵਧਾਈ ਹੋਵੇ ਇਸ ਦਿਨ ਦੀ। ਸਾਡੀ ਜ਼ਿੰਦਗੀ ਵਿਚ ਹੀ ਨਹੀਂ, ਸਾਡੇ ਦੇਸ਼ ਵਿਚ ਵੀ ਸਾਡੀਆਂ ਇੱਛਾਵਾਂ ਮੁਤਾਬਕ ਰੈਵੋਲਿਊਸ਼ਨ ਆਵੇ ਤੇ ਫਿਰ ਅਸੀਂ ਰੈਵੋਲਿਊਸ਼ਨ ਦਾ ਬਰਥਡੇ ਮਨਾ ਸਕੀਏ ਤੇ ਜ਼ਿੰਦਗੀ ਨੂੰ ਸਕਾਰਥ ਕਰ ਸਕੀਏ।’’ ਇਕ ਹੋਰ ਥਾਂ ਉਹ ਲੋਕਾਂ ਨਾਲ ਦੋਵਾਂ ਦੀ ਇਕਮਿਕਤਾ ਇਉਂ ਦਸਦੀ ਹੈ, ‘‘ਮੇਰੇ ਰਾਹਾਂ ਦੇ ਚਾਨਣ, ਮੇਰੇ ਦੋਸਤ, ਆਪਾਂ ਰਲ ਕੇ ਇਸ ਚਾਨਣ ਨਾਲ ਆਪਣੀਆਂ ਹੀ ਨਹੀਂ, ਲੋਕਾਂ ਦੀਆਂ, ਆਲੇ-ਦੁਆਲੇ ਦੀਆਂ ਰਾਹਾਂ ਨੂੰ ਭਖਾਣਾ ਤੇ ਰੁਸ਼ਨਾਉਣਾ ਏ ਤੇ ਇਸ ਲਈ ਮੈਨੂੰ ਤੇਰੀ ਅਥਾਹ ਜ਼ਰੂਰਤ ਏ।’’ ਇਸੇ ਤਰ੍ਹਾਂ ਦੋਸਤ ਲਈ ਵੀ ਸਾਰੀ ਦੁਨੀਆ ਆਪਣਾ ਘਰ ਤੇ ਸਾਰੀ ਲੋਕਾਈ ਆਪਣਾ ਪਰਿਵਾਰ ਹੈ, ‘‘ਹੋਰ ਤੂੰ ਘਰਦਿਆਂ ਬਾਰੇ ਲਿਖਿਆ ਹੈ, ਦੋਸਤਾ ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਰਾ ਹਿੰਦੁਸਤਾਨ, ਸਾਰੀ ਦੁਨੀਆ ਮੇਰਾ ਘਰ ਹੈ। ਮਿਸਾਲ ਦੇ ਤੌਰ ’ਤੇ ਮੈਂ ਘਰਦਿਆਂ ਬਾਰੇ ਇੰਨਾ ਫ਼ਿਕਰਮੰਦ ਨਹੀਂ ਸਾਂ ਜਿੰਨਾ ਕਿ ਲਾਲ ਸਾਗਰ ਤੋਂ ਆਈਆਂ ਖ਼ਬਰਾਂ ਬਾਰੇ (ਇਥੋਪੀਆ), ਫ਼ਲਸਤੀਨੀਆਂ ਉੱਤੇ ਹੋਏ ਹਮਲੇ ਤੇ ਸਾਡੇ ਆਪਣੇ ਦੇਸ਼ ਵਿਚ ਨਿੱਤ-ਦਿਹਾੜੇ ਦਲਿਤਾਂ ’ਤੇ ਹਮਲੇ ਤੇ ਉਹ ਖ਼ਬਰਾਂ ਕਿ ਲੁਧਿਆਣੇ ਜ਼ਿਲ੍ਹੇ ਦੇ ਇਕ ਦਲਿਤ ਨੌਜਵਾਨ ਨੂੰ ਸੰਗਲੀਆਂ ਮਾਰ ਕੇ ਪਿੰਡ ਵਿਚ ਜਲੂਸ ਕੱਢਿਆ ਗਿਆ।’’
ਗੁਰਦੇਵ ਨੂੰ ਜਿਵੇਂ ਇਨਕਲਾਬ ਤੋਂ ਉਰ੍ਹੇ ਊਣਾ ਸਮਾਜ ਮਨਜ਼ੂਰ ਨਹੀਂ, ਉਹ ਆਪ ਵੀ ਸੰਪੂਰਨ ਇਸਤਰੀ ਬਣ ਕੇ ਸਾਹਮਣੇ ਆਉਂਦੀ ਹੈ ਤੇ ਆਪਣੇ ਦੋਸਤ ਨੂੰ ਵੀ ਅਸਾਧਾਰਨ ਮਨੁੱਖ ਦੇ ਰੂਪ ਵਿਚ ਹੀ ਚਿਤਵਦੀ ਹੈ। ਉਹ ਦੱਸਦੀ ਹੈ, ‘‘ਤੇਰੇ ਲਈ ਮੇਰੇ ਅੰਦਰ ਅਜਿਹੀਆਂ ਫੀਲਿੰਗਜ਼ ਆ ਜਾਂਦੀਆਂ ਨੇ ਤੇ ਲਗਦਾ ਏ ਮੈਂ ਤੇਰੀ ਮਾਂ ਹੋਵਾਂ, ਤੈਨੂੰ ਬੇਗ਼ਰਜ਼ ਮੋਹ ਪਿਆਰ ਦੇਵਾਂ, ਤੇਰੀ ਭੈਣ ਹੋਵਾਂ, ਤੇਰਾ ਹੱਥ ਸਿਰ ’ਤੇ ਮਹਿਸੂਸ ਕਰਾਂ, ਤੇਰੀ ਦੋਸਤ ਹੋਵਾਂ, ਤੇਰੇ ਹੱਥ ਦੀ ਪਕੜ ਪੀਡੀ ਕਰਾਂ, ਤੇਰੀ ਬੇਟੀ ਹੋਵਾਂ, ਤੇਰੀ ਗੋਦ ਵਿਚ ਸਿਰ ਰੱਖ ਕੇ ਹਰ ਗ਼ਮ ਭੁੱਲ ਜਾਵਾਂ, ਇਕ ਬਚਪਨ ਦਾ ਸਾਥੀ ਹੋਵਾਂ, ਬੇਲੀ ਹੋਵਾਂ, ਤੇਰੇ ਨਾਲ ਘੁਲ਼ਾਂ, ਟੱਪਾਂ, ਨੱਚਾਂ ਤੇ ਤੇਰੀ ਹਮਕਰਮ, ਹਮਖ਼ਿਆਲ, ਹਮਤੋਰ ਹੋਵਾਂ ਤੇ ਹਰ ਔਖੇ-ਸੌਖੇ ਰਾਹ ਤੇ ਤੇਰੇ ਨਾਲ ਤੇਰੇ ਪ੍ਰਛਾਵੇਂ ਦੀ ਤਰ੍ਹਾਂ ਰਹਾਂ।’’ ਉਹ ਸਾਥੀ ਦੀ ਸ਼ਖ਼ਸੀਅਤ ਬਾਰੇ ਆਪਣੀ ਰੀਝ ਇਹਨਾਂ ਸ਼ਬਦਾਂ ਵਿਚ ਦੱਸਦੀ ਹੈ, ‘‘ਤੇਰੀ ਦੋਸਤ, ਪੂਰੀ ਸ਼ਿੱਦਤ ਨਾਲ, ਉਸ ਦਿਨ ਦੀ ਉਡੀਕ ਕਰ ਰਹੀ ਏ, ਜਦੋਂ ਤੂੰ ਲੋਕਾਂ ਦਾ ਪੁੱਤਰ ਬਣ ਕੇ, ਲੋਕਾਂ ਲਈ, ਇਸ ਲੋਕ ਹੱਕਾਂ ਦੇ ਯੁੱਧ ਵਿਚ ਨਿੱਤਰ ਪਵੇਂਗਾ, ਤਾਂ ਇਨ੍ਹਾਂ ਲੋਕਾਂ ਵਿਚੋਂ ਹੀ, ਲੋਕਾਂ ਵਿਚ ਖੜ੍ਹੀ ਹੋਈ ਤੇਰੀ ਸਾਥਣ, ਤੈਨੂੰ ਵੱਡੇ ਉਲਾਰ ਨਾਲ ਸਿਰ ਮੱਥੇ ’ਤੇ ਚੁੱਕ ਲਵੇਗੀ। ਤੇ ਮੈਂ ਚਾਹੁੰਦੀ ਹਾਂ ਕਿ ਜਿਸ ਦਿਨ ਤੂੰ ਆਵੇਂ, ਇੰਜ ਆਵੇਂ ਕਿ ਮੈਂ ਤੇਰਾ ਫ਼ਖ਼ਰ ਮਹਿਸੂਸ ਕਰ ਸਕਾਂ। ਦੇਖ, ਮੈਂ ਤੇਰੇ ਕੋਲੋਂ ਕਦੀ ਕੁਝ ਨਹੀਂ ਮੰਗਿਆ ਤੇ ਹੁਣ ਸਿਰਫ਼ ਇਕ ਚੀਜ਼ ਮੰਗਦੀ ਹਾਂ ਕਿ ਤੂੰ ਕੁਝ ਬਣ ਕੇ ਆਵੀਂ। ਮੈਂ ਤੈਨੂੰ ਆਮ ਮਨੁੱਖ ਨਹੀਂ ਕਬੂਲ ਸਕਦੀ ਤੇ ਤੂੰ ਆਮ ਹੈ ਵੀ ਨਹੀਂ।’’
ਇਸ ਪੁਸਤਕ ਵਿਚੋਂ ਦੇਹਵਾਦੀ ਨਾਰੀਵਾਦ ਦੇ ਮੁਕਾਬਲੇ ਖਰੇ ਨਾਰੀਵਾਦ ਦੇ ਦੀਦਾਰ ਹੁੰਦੇ ਹਨ। ਆਪਣੇ ਇਸਤਰੀ ਹੋਣ ਦਾ ਮਾਣ, ਮੁਟਿਆਰ ਹੋਣ ਦਾ ਚਾਅ, ਸਵੈਮਾਨੀ ਹੋਣ ਦਾ ਫ਼ਖ਼ਰ, ਪਿਆਰ ਕਰਨ ਦਾ ਅਧਿਕਾਰ, ਮਾਂ, ਭੈਣ, ਦੋਸਤ, ਬੇਟੀ, ਹਮਕਰਮ, ਹਮਖ਼ਿਆਲ, ਹਮਤੋਰ ਸਾਥੀ-ਬੇਲੀ ਆਦਿ ਆਪਣੇ ਹਰ ਰੂਪ ਦਾ ਜਜ਼ਬਾ, ਪੁਰਸ਼ ਦੇ ਪਿੱਛੇ-ਪਿੱਛੇ ਜਾਂ ਉਹਦੀ ਉਂਗਲ ਫੜ ਕੇ ਤੁਰਨ ਦੀ ਥਾਂ ਮੋਢੇ ਨਾਲ ਮੋਢਾ ਜੋੜ ਕੇ ਤੇ ਲੋੜ ਵੇਲ਼ੇ ਅਗਵਾਈ ਕਰਦਿਆਂ ਅੱਗੇ ਵਧਣ ਦਾ ਹੌਸਲਾ, ਆਪਣੇ ਲਈ ਚੰਗੇਰੇ ਜੀਵਨ ਦੀ ਕੋਸ਼ਿਸ਼ ਦੇ ਨਾਲ-ਨਾਲ ਹਰ ਮਨੁੱਖ ਲਈ ਰੋਟੀ, ਕੱਪੜੇ ਤੇ ਮਕਾਨ ਨੂੰ ਫ਼ਰਜ਼ ਸਮਝਣ ਵਾਲੇ ਚੰਗੇਰੇ ਸਮਾਜ ਦੀ ਸਿਰਜਣਾ ਨੂੰ ਆਪਣਾ ਟੀਚਾ ਮਿਥਣਾ।
ਭਾਸ਼ਾ ਦੀ ਸਹਿਜਤਾ ਤੇ ਸੰਖੇਪਤਾ ਵੀ ਦੇਖਣ ਵਾਲੀ ਹੈ। ਇਕ ਮਿਸਾਲ ਵਜੋਂ, ਕਈ ਪੰਨੇ ਲੋੜਦਾ ਪਰਿਵਾਰ ਦਾ ਹਿਸਾਬ-ਅਲਜਬਰਾ ਉਹ ਕੁਛ ਸਤਰਾਂ ਵਿਚ ਸਮੇਟ ਦਿੰਦੀ ਹੈ, ‘‘ਘਰ ਦੇ ਵੀ ਬਹੁਤਾ ਲਿਖਦੇ ਨਹੀਂ। ਬਾਪੂ ਜੀ ਮਟੀਰੀਅਲਿਸਟਿਕ ਹੋ ਗਏ ਹਨ। ਮਾਂ ਸ਼ਰਧਾਯੋਗ ਹੁੰਦੀ ਜਾ ਰਹੀ ਹੈ। ਭੈਣਾਂ ਸੈਲਫ਼ ਸੈਂਟਰਡ ਨੇ। ਭਰਾ ਚੁਸਤੀਆਂ ਕਰਦਾ ਏ। ਭਾਬੀ ਇਰੀਟੇਟ ਕਰਦੀ ਏ। ਮੈਂ ਡਲਿਵਰੀ ਕਿੱਥੇ ਕਰਵਾਵਾਂਗੀ, ਅਜੇ ਸਮਝ ਨਹੀਂ ਆਉਂਦੀ। ਕਿੰਨਾ ਚੰਗਾ ਹੋਵੇ ਜੇ ਤੂੰ ਮੈਨੂੰ ਆਪਣੇ ਕੋਲ ਬੁਲਾ ਲਵੇਂ।’’ ਪਿਆਰ ਦੇ ਜ਼ਿਕਰ ਵੇਲੇ, ਕਿਸੇ ਨਵੀਂ ਦੇਖੀ ਥਾਂ ਦਾ, ਖਾਸ ਕਰ ਕੇ ਕਸ਼ਮੀਰ ਦਾ ਦ੍ਰਿਸ਼ ਲਿਖਣ ਵੇਲੇ ਤਾਂ ਉਹਦੀ ਵਾਰਤਕ ਕਵਿਤਾ ਵਿਚ ਪਲਟ ਜਾਂਦੀ ਹੈ। ਪਾਠਕ ਸੋਚਦਾ ਹੈ, ਗੁਰਦੇਵ ਸਾਹਿਤਕ ਰਚਨਾ ਦੇ ਮਾਰਗ ਦੀ ਪਾਂਧੀ ਕਿਉਂ ਨਾ ਬਣੀ!
ਇਹਦੇ ਨਾਲ ਹੀ ਸਭੇ ਗੁਣਾਂ ਦੇ ਹੁੰਦਿਆਂ ਭਾਸ਼ਾ ਦੀ ਇਕ ਲਾਪਰਵਾਹੀ ਵੀ ਵਰਤੀ ਗਈ ਹੈ। ਉਹ ਹੈ ਚਲਦੇ ਵਾਕਾਂ ਦੇ ਰੋਮਨ ਲਿਪੀ ਵਿਚ ਲਿਖੇ ਹੋਏ ਸ਼ਬਦ। ਸਾਡੇ ਭਾਸ਼ਾਈ ਸਮਝ ਤੋਂ ਕੋਰੇ ਤੇ ਅਵੇਸਲੇ ਕਈ ਆਲੋਚਕ, ਵਿਦਵਾਨ, ਚਿੰਤਕ ਕਹਾਉਣ ਵਾਲੇ ਸੱਜਨ ਪਰਦੇਸੀ ਨਾਂ-ਥਾਂ ਇਉਂ ਲਿਖਦੇ ਹਨ। ਗੁਰਦੇਵ ਹੈਰਾਨ ਕਰ ਦਿੰਦੀ ਹੈ ਜਦੋਂ ਪੰਜਾਬੀ ਨਾਂ, ਜਿਵੇਂ ਮਿਸਟਰ ਤੇ ਮਿਸਜ਼ ਡਾਂਗ, ਵੀ ਰੋਮਨ ਅੱਖਰਾਂ ਵਿਚ ਲਿਖਦੀ ਹੈ। ਪੁਸਤਕ ਵਿਚ ਇਹਨਾਂ ਨੂੰ ਉਸੇ ਤਰ੍ਹਾਂ ਛਾਪ ਦਿੱਤੇ ਜਾਣਾ ਇਹ ਤਾਂ ਦੱਸਦਾ ਹੈ ਕਿ ਨਿੱਜੀ ਡਾਇਰੀ ਤੇ ਚਿੱਠੀਆਂ ਲੋਕਾਂ ਸਾਹਮਣੇ ਪੇਸ਼ ਕਰਦਿਆਂ ਉਹਨਾਂ ਵਿਚ ਕੋਈ ਘਾਟਾ-ਵਾਧਾ ਨਹੀਂ ਕੀਤਾ ਗਿਆ, ਪਰ ਰੜਕਦਾ ਬਹੁਤ ਹੈ। ਮੇਰਾ ਮੰਨਣਾ ਹੈ ਕਿ ਪੁਸਤਕ ਵਿਚ ਇਹਨਾਂ ਸ਼ਬਦਾਂ ਨੂੰ ਅਨੁਵਾਦ ਹੋ ਸਕਣ ਵਾਲੇ ਸ਼ਬਦਾਂ ਸਮੇਤ ਉਸੇ ਤਰ੍ਹਾਂ ਰੱਖਦਿਆਂ ਰੋਮਨ ਦੀ ਥਾਂ ਗੁਰਮੁਖੀ ਵਿਚ ਕਰ ਦੇਣਾ ਚਾਹੀਦਾ ਸੀ। ਇਸ ਲੇਖ ਵਿਚ ਪੁਸਤਕ ਵਿਚੋਂ ਟੂਕਾਂ ਵਰਤਦਿਆਂ ਮੈਂ ਅਜਿਹਾ ਹੀ ਕੀਤਾ ਹੈ। ਮੇਰਾ ਸੁਝਾਅ ਹੈ, ਅਗਲੀ ਸੈਂਚੀ ਵਿਚ ਅਜਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ।
ਹੋਸ਼ਮੰਦ ਪਾਠਕ ਜਦੋਂ ਆਖ਼ਰੀ ਪੰਨਾ ਪੜ੍ਹ ਕੇ ਪੁਸਤਕ ਨੂੰ ਸੰਤੋਖਦਾ ਹੈ, ਇਹ ਉਹਦੇ ਮਨ ਵਿਚ ਇਕ ਡੂੰਘੀ ਰਾਜਨੀਤਕ ਚੀਸ ਵੀ ਛੱਡ ਜਾਂਦੀ ਹੈ। ਕਮਿਊਨਿਸਟ ਪਾਰਟੀ ਦੇ ਵੱਡੀ ਗਿਣਤੀ ਆਗੂ ਇਮਾਨਦਾਰੀ, ਸੁਹਿਰਦਤਾ, ਨਿਸ਼ਕਾਮਤਾ, ਲੋਕ-ਸੇਵਾ, ਕਿਰਤੀ ਸੰਘਰਸ਼ ਤੇ ਕੁਰਬਾਨੀ ਜਿਹੀਆਂ ਸਿਫ਼ਤਾਂ ਦੀ ਮਿਸਾਲ ਸਨ। ਆਗੂਆਂ ਦਾ ਹੀ ਨਹੀਂ, ਹੇਠਲੀਆਂ ਪਰਤਾਂ ਦੇ ਸਾਥੀਆਂ ਦਾ ਜਜ਼ਬਾ ਤੇ ਸਮਰਪਣ ਵੀ ਆਪਣੀ ਮਿਸਾਲ ਆਪ ਸੀ। ਗੁਰਦੇਵ ਆਪਣੇ ਪਿਆਰੇ ਨੂੰ ਲਿਖਦੀ ਹੈ, ‘‘ਮੈਂ ਯਕੀਨ ਨਾਲ ਕਹਿੰਦੀ ਹਾਂ ਕਿ ਅਗਲੀ ਪਾਰਟੀ ਕਾਂਗਰਸ ਵਿਚ ਆਪਾਂ ਦੋਵੇਂ ਹੋਵਾਂਗੇ ਤੇ ਦੋਵੇਂ ਵਾਲੰਟੀਅਰਜ਼ ਦਾ ਕੰਮ ਕਰਾਂਗੇ। ਹਰ ਛੋਟਾ ਕੰਮ ਵੀ ਕਰਾਂਗੇ, ਆਪਣੀ ਪਾਰਟੀ ਕਾਂਗਰਸ ਨੂੰ ਵੱਡੀ ਸਫਲ ਬਣਾਉਣ ਲਈ।’’ ਆਜ਼ਾਦੀ ਮਗਰੋਂ ਲੰਮੇ ਸਮੇਂ ਤੱਕ ਇਹ ਪਾਰਟੀ ਮੁੱਖ ਵਿਰੋਧੀ ਧਿਰ ਰਹੀ ਤੇ ਇਹਨੇ ਹੀ ਪਹਿਲੀ ਗੈਰ-ਕਾਂਗਰਸੀ ਸਰਕਾਰ ਕੇਰਲਾ ਵਿਚ ਬਣਾਈ। ਫੇਰ ਲੋਕਾਂ ਦੀ ਹੁੰਦਿਆਂ ਇਹ ਲੋਕਾਂ ਨਾਲੋਂ, ਇਥੋਂ ਤੱਕ ਕਿ ਮਜ਼ਦੂਰਾਂ ਤੇ ਕਿਸਾਨਾਂ ਨਾਲੋਂ ਵੀ ਟੁੱਟ ਕੇ ਭਲੇ ਵੇਲ਼ਿਆਂ ਵਿਚ ਬਣਾਏ ਦਫ਼ਤਰਾਂ ਤੱਕ ਸੀਮਤ ਕਿਉਂ ਹੋ ਗਈ?
ਸੰਪਰਕ: 80763-63058