DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖਾਣ ਅਤੇ ਪੰਜਾਬੀ ਜਨਜੀਵਨ

ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਵੀ...
  • fb
  • twitter
  • whatsapp
  • whatsapp
Advertisement

ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਵੀ ਆਖਿਆ ਜਾਂਦਾ ਹੈ। ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ- ‘‘ਸੰਜਮ ਅਤੇ ਲੈਅ ਭਰਪੂਰ ਚੁਸਤ ਵਾਕ, ਜਿਨ੍ਹਾਂ ਵਿੱਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ, ‘ਅਖਾਣ’ ਹਨ।’’ ਅਖਾਣਾਂ ਨੂੰ ਘੜਨ ਵਾਲੇ ਕੋਈ ਵਿਸ਼ੇਸ਼ ਡਿਗਰੀਆਂ ਪ੍ਰਾਪਤ ਵਿਦਵਾਨ ਨਹੀਂ ਸਨ ਸਗੋਂ ਪਿੰਡਾਂ ਵਿੱਚ ਰਹਿਣ ਵਾਲੇ ਜਨ-ਸਾਧਾਰਨ ਲੋਕਾਂ ਵਿੱਚੋਂ ਕੁਝ ਬਹੁਤ ਹੀ ਤੀਖਣ ਬੁੱਧੀ ਦੇ ਮਾਲਕ ਹੁੰਦੇ ਸਨ। ਇਨ੍ਹਾਂ ਤੀਖਣ ਬੁੱਧੀ ਵਾਲੇ ਵਿਅਕਤੀਆਂ ਵਿੱਚੋਂ ਕਿਸੇ ਇੱਕ ਦੇ ਮੂੰਹੋਂ ਸਹਿਜ ਸੁਭਾਅ ਕੋਈ ਵਾਕ ਨਿਕਲ ਜਾਂਦਾ ਸੀ। ਸਹਿਜ ਸੁਭਾਅ ਨਿਕਲਿਆ ਇਹੋ ਵਾਕ ਜਦੋਂ ਵਾਰ-ਵਾਰ ਆਮ ਲੋਕਾਂ ਵੱਲੋਂ ਵਰਤਿਆ ਜਾਂਦਾ ਸੀ ਤਾਂ ਸਮਾਂ ਪਾ ਕੇ ਉਹ ਅਖਾਣ ਦਾ ਰੂਪ ਧਾਰਨ ਕਰ ਜਾਂਦਾ ਸੀ। ਫਿਰ ਸਾਰਾ ਸਮਾਜ ਉਸ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਸੀ। ਇਸ ਤਰ੍ਹਾਂ ਅਖਾਣਾਂ ਦੀ ਸਿਰਜਣਾ ਸਹਿਜ ਸੁਭਾਅ ਹੁੰਦੀ ਰਹੀ ਹੈ। ਇਹ ਵੀ ਇੱਕ ਤੱਥ ਹੈ ਕਿ ਪੁਰਸ਼ਾਂ ਨਾਲੋਂ ਸੁਆਣੀਆਂ ਅਖਾਣ ਘੜਨ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਰਹੀਆਂ ਹਨ।

ਅਖਾਣਾਂ ਨੂੰ ਮੁੱਖ ਤੌਰ ’ਤੇ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਉਹ ਅਖਾਣ ਹਨ, ਜੋ ਸੁਤੇ ਸਿੱਧ ਹੋਂਦ ਵਿੱਚ ਆਉਂਦੇ ਹਨ। ਇਹ ਲੋਕਾਂ ਦੁਆਰਾ ਆਪਣੇ ਆਪ ਸਿਰਜੇ ਜਾਂਦੇ ਹਨ। ਕਿਸੇ ਸਿਆਣੇ ਸੁਲਝੇ ਹੋਏ ਇਨਸਾਨ ਦੇ ਮੂੰਹੋਂ ਕਿਸੇ ਖ਼ਾਸ ਪ੍ਰਸੰਗ ਜਾਂ ਪਰਿਸਥਿਤੀ ਵਿੱਚ ਆਪਮੁਹਾਰੇ ਕੋਈ ਵਾਕ ਨਿਕਲ ਜਾਂਦਾ ਹੈ, ਜੋ ਆਪਣੀ ਠੁੱਕ ਅਤੇ ਅਨੁਰੂਪਤਾ ਕਾਰਨ ਲੋਕ ਸੂਝ ਉੱਤੇ ਛਾ ਜਾਂਦਾ ਹੈ। ਇਹੋ ਲੋਕ ਮੁੱਖ ਦੀ ਟਕਸਾਲ ਦਾ ਸਿੱਕਾ ਸੁਤੇ ਸਿੱਧ ਹੋਂਦ ਵਿੱਚ ਆਉਣ ਵਾਲਾ ‘ਅਖਾਣ’ ਹੈ। ਇਸ ਦੇ ਵਿਕਾਸ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਗਈਆਂ ਹਨ- ਪਹਿਲੀ ਬੀਜ ਰੂਪ ਵਾਲੀ, ਜਦੋਂ ਕਿਸੇ ਸਿਆਣੇ ਵਿਅਕਤੀ ਦੇ ਮੂੰਹੋਂ ਅਖਾਣ ਬਣਨ ਵਾਲਾ ਵਾਕ ਨਿਕਲਦਾ ਹੈ। ਦੂਜੀ, ਜਦੋਂ ਉਹ ਵਾਕ ਜਾਂ ਕਥਨ ਉਸੇ ਵਰਗੀਆਂ ਪਰਿਸਥਿਤੀਆਂ ਵਿੱਚ ਵਰਤਿਆ ਜਾਣ ਲੱਗਦਾ ਹੈ। ਤੀਜੀ, ਉਸ ਵਿੱਚੋਂ ਕੋਈ ਵਾਧੂ ਸ਼ਬਦ ਮੁੱਖ ਸੁਖ ਸਿਧਾਂਤ ਦੇ ਸੰਦ ਦੁਆਰਾ ਛਿੱਲੇ ਤਰਾਸ਼ੇ ਜਾਣ ਉਪਰੰਤ ਆਪਣਾ ਸਿੱਕੇਬੰਦ ਰੂਪ ਧਾਰਨ ਕਰਦਾ ਹੈ। ਵੰਨਗੀ ਦੇ ਤੌਰ ’ਤੇ ਕੁਝ ਅਖਾਣ ਦੇਖੇ ਜਾ ਸਕਦੇ ਹਨ- ਸੌ ਸਿਆਣੇ ਇੱਕੋ ਮਤ, ਮੂਰਖ਼ ਆਪੋ ਆਪਣੀ; ਸੌ ਸੁਨਿਆਰ ਦੀ, ਇੱਕ ਲੁਹਾਰ ਦੀ; ਸੌ ਚਾਚਾ ਇੱਕ ਪਿਉ, ਸੌ ਦਾਰੂ ਇੱਕ ਘਿਉ; ਸੌ ਦਿਨ ਚੋਰ ਦੇ, ਇੱਕ ਦਿਨ ਸਾਧ ਦਾ; ਹੱਥ ਕਾਰ ਵੱਲ, ਚਿੱਤ ਯਾਰ ਵੱਲ; ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀਂ ਆਏ; ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਏ; ਹਮਸਾਏ ਮਾਂ ਪਿਉ ਜਾਏ; ਜੋੜੀਆਂ ਜੱਗ ਥੋੜ੍ਹੀਆਂ ਸਿਰ ਨਰੜ ਬਥੇਰੇ; ਲਾਈਏ ਤਾਂ ਤੋੜ ਨਿਭਾਈਏ; ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਆਦਿ।

Advertisement

ਦੂਜੀ ਕਿਸਮ ਦੇ ਅਖਾਣ ਚੇਤਨ ਤੌਰ ’ਤੇ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਦੀ ਸਿਰਜਣਾ ਸ੍ਰੇਸ਼ਠ ਸਾਹਿਤਕਾਰਾਂ ਦੁਆਰਾ ਕੀਤੀ ਹੁੰਦੀ ਹੈ। ਜਦੋਂ ਕੋਈ ਸਾਹਿਤਕਾਰ ਮਨੁੱਖੀ ਸੁਭਾਅ ’ਤੇ ਆਧਾਰਿਤ ਜਾਂ ਜੀਵਨ ਦੇ ਕਿਸੇ ਵੀ ਪੱਖ ਬਾਰੇ ਸਾਲਾਂਬੱਧੀ ਅਨੁਭਵ ਦੇ ਨਿਚੋੜ ਵਜੋਂ ਹਾਸਲ ਕੀਤੇ ਸੱਚ ਨੂੰ ਸੁੰਦਰ ਸ਼ਬਦ ਯੋਜਨਾ ਨਾਲ ਵਾਕ ਵਿੱਚ ਬੀੜ ਦਿੰਦਾ ਹੈ ਤਾਂ ਉਹ ਸਤਿ ਕਥਨ ਵਾਰ-ਵਾਰ ਲੋਕਾਂ ਵਿੱਚ ਵਰਤੇ ਜਾਣ ਨਾਲ ਅਖਾਣ ਬਣਨ ਦਾ ਅਧਿਕਾਰੀ ਹੋ ਜਾਂਦਾ ਹੈ। ਧਰਮ ਅਤੇ ਸਦਾਚਾਰ ਨਾਲ ਸਬੰਧਿਤ ਨੀਤੀ ਕਥਨ ਵੀ ਇਸੇ ਵਰਗ ਅਧੀਨ ਆ ਜਾਂਦੇ ਹਨ। ਲੋਕ ਅਖਾਣਾਂ ਨਾਲੋਂ ਇਨ੍ਹਾਂ ਅਖਾਣਾਂ ਦਾ ਉੱਨਾ ਹੀ ਫ਼ਰਕ ਹੁੰਦਾ ਹੈ, ਜਿੰਨਾ ਜੰਗਲ ਵਿੱਚ ਉੱਗੇ ਸਹਿਜ ਸੁਭਾਵਿਕ ਫੁੱਲ ਅਤੇ ਬਗੀਚੇ ਦੇ ਫੁੱਲ ਵਿੱਚ ਹੁੰਦਾ ਹੈ। ਪਹਿਲੇ ਦਾ ਸੁਹਜ ਕੁਦਰਤੀ ਹੁੰਦਾ ਹੈ ਅਤੇ ਦੂਜੇ ਦਾ ਕਲਾਤਮਕ। ਪਹਿਲੇ ਉੱਤੇ ਲੋਕ ਸੂਝ ਦੀ ਮੋਹਰ ਲੱਗੀ ਹੁੰਦੀ ਹੈ ਅਤੇ ਦੂਜੇ ਉੱਤੇ ਸਾਹਿਤਕਾਰ ਦੀ ਪ੍ਰਤਿਭਾ ਦੀ ਛਾਪ ਲੱਗੀ ਹੁੰਦੀ ਹੈ, ਪਰ ਵਰਤੋਂ ਦੇ ਲਿਹਾਜ਼ ਨਾਲ ਇਨ੍ਹਾਂ ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਪੰਜਾਬੀ ਸਾਹਿਤ ਵਿੱਚ ਬਾਬਾ ਸ਼ੇਖ਼ ਫ਼ਰੀਦ ਦੀ ਰਚਨਾ ਵਿੱਚ ਕਈ ਵਾਕ ਅਖਾਣਾਂ ਦਾ ਰੂਪ ਧਾਰਨ ਕਰ ਗਏ ਹਨ।

ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀਆਂ ਗੁਰਬਾਣੀ ਦੀਆਂ ਸੈਂਕੜੇ ਤੁਕਾਂ ਸੁਚੱਜੇ ਅਖਾਣਾਂ ਦਾ ਰੂਪ ਧਾਰਨ ਕਰ ਗਈਆਂ ਹਨ।

ਭਾਈ ਗੁਰਦਾਸ ਜੀ ਵੱਲੋਂ ਰਚੀਆਂ 39 ਅਧਿਆਤਮਕ ਵਾਰਾਂ ਅਖਾਣਾਂ ਨਾਲ ਭਰਪੂਰ ਹਨ। ਉਨ੍ਹਾਂ ਵੱਲੋਂ ਰਚੀ ਹਰ ਪਉੜੀ ਵਿੱਚ ਇੱਕ ਜਾਂ ਦੋ ਅਖਾਣ ਸਹਿਜ ਸੁਭਾਅ ਮਿਲ ਜਾਂਦੇ ਹਨ। ਉਨ੍ਹਾਂ ਨੇ ਕੁਝ ਕਥਾ ਪ੍ਰਸੰਗਾਂ ਦੇ ਆਧਾਰ ’ਤੇ ਵੀ ਅਖਾਣਾਂ ਦੀ ਸਿਰਜਣਾ ਕੀਤੀ ਹੈ।

ਪੰਜਾਬੀ ਕਿੱਸਾ ਸਾਹਿਤ ਵਿੱਚ ਅਨੇਕ ਸਤਿ ਕਥਨ ਅਖਾਣ ਵਜੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਵਾਰਿਸ ਸ਼ਾਹ ਦੀ ਹੀਰ ਅਤੇ ਹਾਸ਼ਮ ਸ਼ਾਹ ਦੇ ਕਿੱਸੇ ਦੀਆਂ ਅਨੇਕਾਂ ਤੁਕਾਂ ਸੁੰਦਰ ਅਖਾਣਾਂ ਵਜੋਂ ਪੰਜਾਬੀਆਂ ਦੀ ਜ਼ੁਬਾਨ ’ਤੇ ਚੜ੍ਹ ਗਈਆਂ ਹਨ- ਵਾਰਿਸਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ; ਵਾਰਿਸਸ਼ਾਹ ਛੁਪਾਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ; ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ; ਹਾਸ਼ਮ ਦੋਸ਼ ਨਹੀਂ ਕਰਵਾਨਾ, ਇਸ਼ਕ ਕਈ ਘਰ ਗਾਲੇ; ਹਾਸ਼ਮ ਖ਼ਾਕ ਰੁਲਾਵੇ ਗਲ਼ੀਆਂ ਇਹ ਕਾਫ਼ਿਰ ਇਸ਼ਕ ਮਜਾਜ਼ੀ।

ਸੂਫ਼ੀ ਕਵੀ ਬੁੱਲ੍ਹੇ ਸ਼ਾਹ ਨੂੰ ਰੱਬ ਦੀ ਪ੍ਰਾਪਤੀ ਲਈ ਸੰਸਾਰਕ ਪ੍ਰਪੰਚ ਤੋਂ ਮਨ ਨੂੰ ਹਟਾ ਕੇ ਅਧਿਆਤਮਿਕਤਾ ਵਿੱਚ ਲਗਾਉਣ ਦਾ ਕਿੰਨਾ ਸਰਲ ਅਤੇ ਸੌਖਾ ਉਪਾਅ ਉਸ ਦੇ ਮੁਰਸ਼ਿਦ ਸ਼ਾਹ ਇਨਾਇਤ ਦੁਆਰਾ ਸਮਝਾਇਆ ਗਿਆ ਹੈ- ਬੁੱਲ੍ਹਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ।

ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੋਣ ਅਤੇ ਪੇਂਡੂ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੋਣ ਕਾਰਨ ਬਹੁਤ ਸਾਰੇ ਅਖਾਣ ਪੇਂਡੂ ਜਨਜੀਵਨ ਅਤੇ ਖੇਤੀ ਨਾਲ ਸੰਬੰਧਿਤ ਹੋਂਦ ਵਿੱਚ ਆ ਗਏ ਹਨ, ਜਿਵੇਂ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਉੱਜੜੇ ਖੇਤਾਂ ਦੇ ਗਾਲ੍ਹੜ ਪਟਵਾਰੀ, ਦੱਬ ਕੇ ਵਾਹ ਤੇ ਰੱਜ ਕੇ ਖਾ, ਕਰ ਮਜੂਰੀ ਤੇ ਖਾ ਚੂਰੀ, ਖੇਤੀ ਖ਼ਸਮਾਂ ਸੇਤੀ, ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ। ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਝਲਕਾਰਾ ਮਿਲਦਾ ਹੈ।

ਭੂਗੋਲ ਅਤੇ ਇਤਿਹਾਸ ਨਾਲ ਸੰਬੰਧਿਤ ਅਖਾਣ ਵੀ ਪੰਜਾਬੀ ਸੱਭਿਆਚਾਰ ਵਿੱਚ ਉਪਲੱਬਧ ਹਨ, ਜਿਵੇਂ- ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ; ਕਾਬਲ ਦਾ ਸਰਦਾ, ਫ਼ਿਰੋਜ਼ਪੁਰ ਦਾ ਗਰਦਾ; ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਬੇਸ਼ੱਕ, ਬਹੁਤੇ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿੱਚ ਮਿਲਦੇ ਹਨ ਪਰ ਕੁਝ ਅਖਾਣਾਂ ਵਿੱਚ ਕਾਵਿਕ ਲੈੱਅ ਵੀ ਬੜੀ ਕਮਾਲ ਦੀ ਹੁੰਦੀ ਹੈ।

ਇਉਂ ਪੰਜਾਬੀ ਅਖਾਣਾਂ ਵਿੱਚ ਪੰਜਾਬੀਆਂ ਦੇ ਸਮੁੱਚੇ ਜਨਜੀਵਨ ਦਾ ਬਿੰਬ ਉਜਾਗਰ ਹੁੰਦਾ ਹੈ। ਪੰਜਾਬੀਆਂ ਦੇ ਜੀਵਨ ਦਾ ਕੋਈ ਵੀ ਪੱਖ ਅਖਾਣਾਂ ਤੋਂ ਵਾਂਝਾ ਨਹੀਂ ਰਿਹਾ ਹੈ। ਜਿੰਨੀ ਵੰਨ-ਸੁਵੰਨਤਾ ਪੰਜਾਬੀ ਅਖਾਣਾਂ ਵਿੱਚ ਹੈ, ਇੰਨੀ ਹੋਰ ਭਾਸ਼ਾਵਾਂ ਦੇ ਸਾਹਿਤ ਵਿੱਚ ਘੱਟ ਹੀ ਨਜ਼ਰੀਂ ਪੈਂਦੀ ਹੈ।

ਸੰਪਰਕ: 84276-85020

Advertisement
×