DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ

ਚੋਅ ਦਾ ਚੜ੍ਹਿਆ ਪਾਣੀ ਤਾਂ ਕਦੋਂ ਦਾ ਉੱਤਰ ਚੁੱਕਾ ਸੀ, ਹੁਣ ਤਾਂ ਘਰ ਦੀ ਛੱਤ ’ਤੇ ਖੜ੍ਹਾ ਗੁਰਮੀਤ ਉਸ ਉੱਤਰ ਚੁੱਕੇ ਪਾਣੀ ਦੇ ਨਿਸ਼ਾਨ ਹੀ ਵੇਖ ਰਿਹਾ ਸੀ। ਸੜਕ ਦੇ ਪਾਰ ਪੈਂਦੀ ਫੁਟਬਾਲ ਗਰਾਊਂਡ ਦੀ ਲਹਿੰਦੇ ਵੱਲ ਦੀ ਕੰਧ ਤਾਂ...
  • fb
  • twitter
  • whatsapp
  • whatsapp
Advertisement

ਚੋਅ ਦਾ ਚੜ੍ਹਿਆ ਪਾਣੀ ਤਾਂ ਕਦੋਂ ਦਾ ਉੱਤਰ ਚੁੱਕਾ ਸੀ, ਹੁਣ ਤਾਂ ਘਰ ਦੀ ਛੱਤ ’ਤੇ ਖੜ੍ਹਾ ਗੁਰਮੀਤ ਉਸ ਉੱਤਰ ਚੁੱਕੇ ਪਾਣੀ ਦੇ ਨਿਸ਼ਾਨ ਹੀ ਵੇਖ ਰਿਹਾ ਸੀ। ਸੜਕ ਦੇ ਪਾਰ ਪੈਂਦੀ ਫੁਟਬਾਲ ਗਰਾਊਂਡ ਦੀ ਲਹਿੰਦੇ ਵੱਲ ਦੀ ਕੰਧ ਤਾਂ ਪੂਰੀ ਢਹਿ ਗਈ ਸੀ ਪਰ ਸੜਕ ਵੱਲ ਦੀ ਖੜ੍ਹੀ ਕੰਧ ’ਤੇ ਪਏ ਪਾਣੀ ਦੇ ਨਿਸ਼ਾਨ ਸਾਫ਼ ਦੱਸਦੇ ਸਨ ਕਿ ਕੱਲ੍ਹ ਇੱਥੋਂ ਪਾਣੀ ਢਾਈ ਤਿੰਨ ਫੁੱਟ ਤੱਕ ਵਗ ਚੁੱਕਾ ਸੀ। ਕਾਂਗੜ ਕੋਠੀ ਦੀਆਂ ਪਹਾੜੀਆਂ ’ਚੋਂ ਨਿਕਲਦਾ ਇਹ ਚੋਅ, ਹਰ ਵਰ੍ਹੇ ਹੀ ਬਰਸਾਤਾਂ ਦੌਰਾਨ ਕਾਫੀ ਮਾਰ ਕਰਦਾ। ਖੇਤਾਂ ਵਿੱਚ ਦੀ ਹੁੰਦਾ ਹੋਇਆ ਇਸ ਦਾ ਪਾਣੀ ਤਕਰੀਬਨ ਹਰ ਸਾਲ ਹੀ ਇਕ ਦੋ ਵਾਰ ਪਿੰਡ ਦੀ ਗਰਾਊਂਡ ਤੱਕ ਤਾਂ ਪੁੱਜ ਜਾਂਦਾ ਪਰ ਪਿੰਡ ਦੇ ਅੰਦਰ ਨਹੀਂ ਸੀ ਵੜਦਾ। ਬਜ਼ੁਰਗ ਦੱਸਦੇ ਸਨ ਕਿ ਇਸ ਦਾ ਪਾਣੀ ਸਿਰਫ ਦੋ ਵਾਰ ਹੀ ਪਿੰਡ ’ਚ ਵੜਿਆ ਸੀ, ਪਹਿਲੀ ਵਾਰ 1988 ਨੂੰ ਤੇ ਦੂਜੀ ਵਾਰ 2013 ਨੂੰ। ਉਹ ਦੋਵੇਂ ਵੇਲੇ ਗੁਰਮੀਤ ਨੂੰ ਵੀ ਚੰਗੀ ਤਰ੍ਹਾਂ ਯਾਦ ਸਨ। ਇਸ ਵਾਰ ਪਾਣੀ ਚਾਹੇ ਪਿਛਲੀਆਂ ਦੋਹਾਂ ਵਾਰਾਂ ਨਾਲੋਂ ਵਧ ਕੇ ਆਇਆ ਸੀ ਪਰ ਤਾਂ ਵੀ ਗੁਰਮੀਤ ਦੀ ਨਵੀਂ ਬਣੀ ਕੋਠੀ ਦਾ ਇਸ ਤੋਂ ਬਚਾਅ ਹੀ ਰਿਹਾ ਸੀ। ਰਿਟਾਇਰਮੈਂਟ ਪਿੱਛੋਂ ਜਦੋਂ ਉਸ ਨੇ ਪੁਰਾਣਾ ਮਕਾਨ ਢਾਹ ਦੁਬਾਰਾ ਬਣਾਉਣਾ ਸ਼ੁਰੂ ਕੀਤਾ ਤਾਂ ਪਿਛਲੇ ਹੜ੍ਹਾਂ ਨੂੰ ਚੇਤੇ ਕਰ ਉਸ ਨੇ ਮਕਾਨ ਦੀ ਕੁਰਸੀ ਸੜਕ ਨਾਲੋਂ ਚਾਰ ਫੁੱਟ ਉੱਚੀ ਰੱਖ ਲਈ। ਉਸ ਦੀ ਕੋਠੀ ਦੀਆਂ ਇੰਨੀਆਂ ਉੱਚੀਆਂ ਨੀਹਾਂ

ਵੇਖ ਕਈ ਉਸ ਨੂੰ ਮਖੌਲ ਕਰਨ,‘‘ਇਹਨੇ ਤਾਂ ਜਿਵੇਂ ਬਾਕੀ

Advertisement

ਪਿੰਡ ਡੋਬਣਾ ਤੱਕਿਆ ਹੋਵੇ, ਕਿਵੇਂ ਅੱਧ ਅਸਮਾਨ ਤੱਕ ਲੈ ਗਿਆ ਨੀਹਾਂ।’’

ਲੋਕਾਂ ਦੀਆਂ ਇਹ ਕੰਨੀਂ ਪੈਂਦੀਆਂ ਸੁਣ ਪਹਿਲਾਂ ਗੁਰਮੀਤ ਵੀ ਸੋਚਦਾ ਸੀ ਕਿ ਫੁੱਟ ਡੇਢ ਫੁੱਟ ਨੀਵਾਂ ਹੀ ਰੱਖ ਲੈਂਦਾ ਪਰ ਕੱਲ੍ਹ ਸਵੇਰੇ ਜਦੋਂ ਵਰ੍ਹਦੇ ਮੀਂਹ ਵਿੱਚ ਉਸ ਨੇ ਸੜਕ ’ਤੇ ਢਾਈ-ਤਿੰਨ ਫੁੱਟ ਪਾਣੀ ਚੱਲਦਾ ਵੇਖਿਆ ਤਾਂ ਉਸ ਨੂੰ ਆਪਣੇ ਫੈਸਲੇ ’ਤੇ ਮਾਣ ਮਹਿਸੂਸ ਹੋਣ ਲੱਗਾ।

ਸੜਕ ਤੋਂ ਹੁੰਦਾ ਹੋਇਆ ਇਹ ਪਾਣੀ ਪਿੰਡ ਦੀਆਂ ਗਲੀਆਂ ’ਚ ਘੁੰਮਦਾ ਤਕਰੀਬਨ ਅੱਧਿਓਂ ਵੱਧ ਘਰਾਂ ’ਚ ਜਾ ਵੜਿਆ ਸੀ। ਮੂੰਹ ਹਨੇਰੇ ਅਚਾਨਕ ਆਏ ਇਸ ਪਾਣੀ ਨੂੰ ਵੇਖ ਪਿੰਡ ਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਤਾਂ ਰੱਬ ਦਾ ਸ਼ੁਕਰ ਕਿ ਦੁਪਹਿਰ ਤੋਂ ਬਾਅਦ ਮੀਂਹ ਰੁਕ ਗਿਆ ਤੇ ਜਦੋਂ ਚੋਅ ਦਾ ਪਾਣੀ ਘਟਿਆ ਤਾਂ ਪਿੰਡ ’ਚ ਵੜਿਆ ਪਾਣੀ ਵੀ ਆਪਣੇ ਆਪ ਵਾਪਸ ਮੁੜ ਗਿਆ। ਹਲਕੀ ਹਲਕੀ ਬੱਦਲਵਾਈ ਭਾਵੇਂ ਅੱਜ ਵੀ ਛਾਈ ਹੋਈ ਸੀ ਪਰ ਮੀਂਹ ਤੋਂ ਬਚਾਅ ਸੀ। ਪਿੰਡ ਦੇ ਬਹੁਤੇ ਲੋਕ ਕੱਲ੍ਹ ਘਰਾਂ ’ਚ ਵੜੇ ਪਾਣੀ ਦੁਆਰਾ ਛੱਡੇ ਚੀਕਣੇਪਣ ਨੂੰ ਸਾਫ ਕਰਨ ਦੇ ਆਹਰ ’ਚ ਜੁਟੇ ਹੋਏ ਸਨ, ਗੁਰਮੀਤ ਦੇ

ਦੋਵੇਂ ਭਾਈਆਂ ਦੇ ਟੱਬਰ ਵੀ। ਪਰ ਗੁਰਮੀਤ ਇਸ ਗੱਲੋਂ

ਬੇਫਿਕਰ ਸੀ ਤੇ ਹੁਣ ਘਰ ਦੀ ਛੱਤ ਤੇ ਖੜ੍ਹ ਆਸਾ ਪਾਸਾ ਵੇਖ ਰਿਹਾ ਸੀ। ਤਿੰਨ ਕੁ ਸਾਲ ਪਹਿਲਾਂ ਬਣਾਈ ਆਪਣੀ ਕੋਠੀ ਦਾ ਪੇਂਟ ਉਸ ਨੂੰ ਮੀਂਹ ਦੇ ਪਾਣੀ ਨਾਲ ਸਗੋਂ ਹੋਰ ਵੀ ਨਿੱਖਰ ਗਿਆ ਲੱਗਦਾ ਸੀ।

ਇੱਧਰ ਉਧਰ ਵੇਖਦਾ ਗੁਰਮੀਤ ਹੁਣ ਛੱਤ ’ਤੇ ਬਣੀ ਰੌਂਸ ਉੱਪਰ ਜਾ ਬੈਠਿਆ। ਪਿਛਲਾ ਸਮਾਂ ਉਸ ਦੀਆਂ ਅੱਖਾਂ ਅੱਗੇ ਤੇਜ਼ੀ ਨਾਲ ਦੌੜਨ ਲੱਗਾ। ਸੰਨ ਅਠਾਸੀ ’ਚ ਤਾਂ ਉਹ ਹਾਲੇ ਕੁਆਰਾ ਹੀ ਸੀ। ਨੌਕਰੀ ਲੱਗੇ ਨੂੰ ਭਾਵੇਂ ਤਿੰਨ ਕੁ ਸਾਲ ਹੋ ਗਏ ਸਨ ਪਰ ਉਸ ਨੇ ਉਦੋਂ ਹਾਲੇ ਵਿਆਹ ਨਹੀਂ ਸੀ ਕਰਾਇਆ। ਨੌਕਰੀ ਥੋੜ੍ਹਾ ਦੂਰ ਮਿਲੀ ਸੀ ਤੇ ਆਉਣ ਜਾਣ ਦੇ ਦੁੱਖੋਂ ਉਹ ਉੱਥੇ ਹੀ ਕਮਰਾ ਕਿਰਾਏ ’ਤੇ ਲੈ ਕੇ ਰਹਿੰਦਾ ਸੀ। ਹਫਤੇ ਕੁ ਪਿੱਛੋਂ ਪਿੰਡ ਆਉਂਦਾ। ਮਾਂ ਗੁਜ਼ਰ ਚੁੱਕੀ ਸੀ ਤੇ ਲੂਣ ਵੱਧ ਘੱਟ ਨਾ ਸਹਾਰਨ ਵਾਲੇ ਗੁਰਮੀਤ ਨੂੰ ਭਰਜਾਈਆਂ ਦੀ ਦਾਲ ਸਬਜ਼ੀ ਬਹੁਤੀ ਭਾਉਂਦੀ ਵੀ ਨਹੀਂ ਸੀ। ਦੋਵੇਂ ਵੱਡੇ ਭਰਾ ਤਾਂ ਆਪਸ ਵਿੱਚ ਬੜੇ ਇਤਫਾਕ ਨਾਲ ਰਹਿੰਦੇ ਸਨ ਪਰ ਗੁਰਮੀਤ ਦੇ ਦਿਮਾਗ਼ ਵਿਚ ਇਹ ਗੱਲ ਪਤਾ ਨਹੀਂ ਕਿੱਥੋਂ ਘਰ ਕਰ ਗਈ ਸੀ ਕਿ ਵਿਆਹ ਉਦੋਂ ਹੀ ਕਰਵਾਉਣਾ ਜਦੋਂ ਆਪਣੇ ਚਾਰ ਖਾਨੇ ਵੱਖਰੇ ਪਾ ਲਏ। ਅਠਾਸੀ ’ਚ ਆਇਆ ਹੜ੍ਹ ਦਾ ਪਾਣੀ ਬਾਕੀ ਪਿੰਡ ਦੇ ਘਰਾਂ ਵਾਂਗ ਉਹਨਾਂ ਦੇ ਘਰ ਵੀ ਵੜ ਆਇਆ ਸੀ ਤੇ ਭਿੱਤ ਦੀਆਂ ਕੰਧਾਂ ਵਾਲੀ ਉਨ੍ਹਾਂ ਦੀ ਪਿਛਲੀ ਕੋਠੜੀ ਪੂਰੀ ਢਹਿ ਗਈ। ਉਸ ਦਿਨ ਗੁਰਮੀਤ ਆਪਣੀ ਨੌਕਰੀ ’ਤੇ ਹੀ ਸੀ ਤੇ ਇਹ ਮੰਜ਼ਰ ਉਸ ਨੇ ਅਗਲੇ ਦਿਨ ਪਿੰਡ ਆ ਕੇ ਵੇਖਿਆ ਸੀ। ਉਸ

ਦੇ ਘਰ ਆਏ ’ਤੇ ਜਦੋਂ ਮਕਾਨ ਨੂੰ ਦੁਬਾਰਾ ਬਣਾਉਣ ਦੀ

ਗੱਲ ਛਿੜੀ ਤਾਂ ਗੁਰਮੀਤ ਦੇ ਮਨ ਦੀ ਜਿਵੇਂ ਉਸ ਦੇ ਮੂੰਹ ’ਤੇ ਆ ਗਈ,

‘‘ਤੁਸੀਂ ਦੋਵੇਂ ਪਾ ਲਓ ਰਲ ਕੇ ਜਿਵੇਂ ਵੀ ਪਾਉਣਾ, ਮੈਂ ਤਾਂ ਚਾਰ ਖਣ ਆਪਣੇ ਵੱਖਰੇ ਹੀ ਪਾਊਂਗਾ, ਭਲਕ ਨੂੰ ਵਿਆਹ ਕਰਵਾ ਵੀ ਤਾਂ ਜੁਦਾ ਹੋਣਾ ਹੀ ਹੈ।’’

ਤੇ ਹੋਇਆ ਵੀ ਇਵੇਂ ਹੀ, ਵੱਡੇ ਦੋਵਾਂ ਭਰਾਵਾਂ ਉਸ ਪੁਰਾਣੇ ਮਕਾਨ ਦੀ ਮੁਰੰਮਤ ਕਰਾ ਛੱਤਾਂ ਦੁਬਾਰਾ ਪਾ ਲਈਆਂ ਤੇ ਗੁਰਮੀਤ ਨੇ ਚੌਂਹ ਕੁ ਮਹੀਨਿਆਂ ਪਿੱਛੋਂ ਸੜਕ ਨਾਲ ਲੱਗਦੀ ਖਾਲੀ ਥਾਂ ’ਤੇ ਆਪਣਾ ਦੋ ਕੁ ਕਮਰਿਆਂ ਵਾਲਾ ਵੱਖਰਾ ਢਾਂਚਾ ਖੜ੍ਹਾ ਕਰ ਲਿਆ। ਨੌਕਰੀ ਦੇ ਪਹਿਲੇ ਤਿੰਨ ਚਾਰ ਸਾਲਾਂ ਦੀ ਕਮਾਈ ਉਸ ਦੀ ਮਕਾਨ ਦੇ ਲੇਖੇ ਲੱਗ ਗਈ। ਤਨਖਾਹ ਵੀ ਤਾਂ ਉਦੋਂ ਥੋੜ੍ਹੀ ਹੀ ਸੀ। ਆਪਣੇ ਵੱਲੋਂ ਉਸ ਨੇ ਉਦੋਂ ਵੀ ਮਕਾਨ ਦੀ ਕੁਰਸੀ ਭਰਾਵਾਂ ਨਾਲੋਂ ਕੁਝ ਉੱਚੀ ਹੀ ਰੱਖੀ ਸੀ ਪਰ ਜਦੋਂ 2013 ਵਿੱਚ ਹੜ੍ਹ ਆਇਆ ਤਾਂ ਉਦੋਂ ਉਸ ਦੇ ਭਰਾਵਾਂ ਦੇ ਨਾਲ ਨਾਲ ਪਾਣੀ ਉਸ ਦੇ ਮਕਾਨ ਅੰਦਰ ਵੀ ਆ ਵੜਿਆ। ਅਠਾਸੀ ਵਾਂਗ ਉਦੋਂ ਕੁਝ ਢੱਠਾ ਤਾਂ ਨਹੀਂ ਸੀ ਪਰ ਗੁਰਮੀਤ ਤੇ ਉਸ ਦੇ ਭਾਈ ਦੋ ਤਿੰਨ ਦਿਨ ਆਪਣੇ ਆਪਣੇ ਮਕਾਨ ’ਚੋਂ ਜੰਮਿਆ ਪਣਾ ਹੀ ਸਾਫ ਕਰਦੇ ਰਹੇ ਸਨ। ਰੌਂਸ ‘ਤੇ ਬੈਠੇ ਬੈਠੇ ਇਹ ਸਭ ਦ੍ਰਿਸ਼ ਗੁਰਮੀਤ ਦੀਆਂ ਅੱਖਾਂ ਅੱਗੋਂ ਬੜੀ ਤੇਜ਼ੀ ਨਾਲ ਲੰਘ ਰਹੇ ਸਨ।

ਅਠਾਸੀ ’ਚ ਤਾਂ ਉਹ ਭਾਵੇਂ ਕੁਆਰਾ ਹੀ ਸੀ ਪਰ 2013 ਵਿੱਚ ਤਾਂ ਉਹ ਪੂਰੇ ਟੱਬਰ ਦਾ ਮਾਲਕ ਬਣ ਚੁੱਕਾ ਸੀ। ਮਾੜਚੂ ਜਿਹਾ ਹੋਣ ਕਾਰਨ ਤੇ ਉਪਰੋਂ ਵਿਆਹ ਵੀ ਕਾਫੀ ਪਿੱਛੋਂ ਕਰਾਉਣ ਕਾਰਨ ਭਾਵੇਂ ਉਸ ਨੂੰ ਉਸ ਦੇ ਖਿਆਲਾਂ ਅਨੁਸਾਰ ਸਾਥ ਤਾਂ ਨਹੀਂ ਸੀ ਮਿਲਿਆ ਪਰ ਖ਼ੈਰ ਘਰ ਵਸ ਗਿਆ ਸੀ। ਦੋ ਬੱਚਿਆਂ ਦੀ ਦਾਤ ਵੀ ਰੱਬ ਨੇ ਉਸ ਦੀ ਝੋਲੀ ਪਾ ਦਿੱਤੀ। ਵੱਡੀ ਕੁੜੀ ਸੀ, ਜੀਤਾਂ ਤੇ ਉਸ ਤੋਂ ਤਿੰਨ ਕੁ ਸਾਲ ਛੋਟਾ ਮੁੰਡਾ ਸੀ ਗੱਗੂ। ਤੇਰਾਂ ’ਚ ਜੀਤਾਂ ਦਸਵੀਂ ’ਚ ਪੜ੍ਹਦੀ ਸੀ ਤੇ ਗੱਗੂ ਸੱਤਵੀਂ ਵਿੱਚ। ਉਦੋਂ ਵੀ ਹੜ੍ਹ ਦਾ ਪਾਣੀ ਹੁਣ ਵਾਂਗ ਹੀ ਸਵੇਰੇ ਮੂੰਹ ਹਨੇਰੇ ਹੀ ਪਿੰਡ ਆ ਵੜਿਆ ਸੀ। ਸਵੇਰੇ ਉੱਠਦਿਆਂ ਜਦੋਂ ਗੁਰਮੀਤ ਨੇ ਮੰਜੇ ਤੋਂ ਪੈਰ ਭੁੰਜੇ ਪਾਇਆ ਤਾਂ ਠੰਢੇ ਠੰਢੇ ਪਾਣੀ ਦੀ ਛੋਹ ਲੱਗਦਿਆਂ ਹੀ ਉਹ ਰੌਲਾ ਪਾਉਣ ਲੱਗਾ,‘‘ਭਜਨੋ! ਉੱਠ ਜਾ ਛੇਤੀਂ ਛੇਤੀਂ, ਪਾਣੀ ਆ ਵੜਿਆ ਸਾਡੇ।’’ ਦਰਵਾਜ਼ਿਆਂ ਦੀਆਂ ਝੀਥਾਂ ਵਿੱਚ ਉਹ ਤੇ ਉਸ ਦੀ ਘਰ ਵਾਲੀ ਪੁਰਾਣੀਆਂ ਚਾਦਰਾਂ ਅਤੇ ਬੋਰੀਆਂ ਤੁੰਨਦੇ ਰਹੇ, ਪਾਣੀ ਨੂੰ ਰੋਕਣ ਦੇ ਲਈ। ਪਰ ਫਿਰ ਵੀ ਗੋਡੇ ਗੋਡੇ ਪਾਣੀ ਉਨ੍ਹਾਂ ਦੇ ਕਮਰਿਆਂ ਅੰਦਰ ਆ ਹੀ ਵੜਿਆ ਸੀ। ਦੋਵੇਂ ਨਿਆਣੇ ਉੱਠੇ ਤਾਂ ਉਹ ਉਨ੍ਹਾਂ ਨਾਲ ਕੁਝ ਕਰਾਉਣ ਦੀ ਥਾਂ ਵਿਹੜੇ ਅਤੇ ਕਮਰਿਆਂ ਵਿੱਚ ਇੰਨਾ ਪਾਣੀ ਵੇਖ ਸਗੋਂ ਖੁਸ਼ੀ ’ਚ ਨੱਚਣ ਲੱਗੇ, ‘‘ਵਾਹ ਬਈ ਵਾਹ! ਮੌਜਾਂ ਹੀ ਲੱਗ ਗਈਆਂ, ਕਿਸ਼ਤੀਆਂ ਬਣਾ ਕੇ ਤਾਰਦੇ ਆਂ।’’ ਗੱਗੂ ਕੋਲੋਂ ਇਹ ਸੁਣ ਗੁਰਮੀਤ ਉਨ੍ਹਾਂ ਨੂੰ ਟੁੱਟ ਕੇ ਪੈ ਗਿਆ ਸੀ, ‘‘ਕੰਜਰ ਨਾ ਹੋਣ ਕਿਸੇ ਥਾਂ ਦੇ, ਇੱਥੇ ਬਿਪਤਾ ਪਈ ਆ ਤੇ ਇਨ੍ਹਾਂ ਨੂੰ ਕਿਸ਼ਤੀਆਂ ਸੁੱਝਦੀਆਂ।’’

ਪਿਓ ਤੋਂ ਝਿੜਕਾਂ ਸੁਣ ਦੋਵੇਂ ਭੈਣ ਭਰਾ ਭੱਜ ਕੇ ਤਾਏ ਦੇ ਘਰ ਜਾ ਵੜੇ ਸਨ। ਦਫ਼ਤਰੋਂ ਉਦੋਂ ਗੁਰਮੀਤ ਨੂੰ ਦੋ ਦਿਨ ਛੁੱਟੀ ਕਰਨੀ ਪਈ ਸੀ, ਆਪਣੀ ਘਰ ਵਾਲੀ ਨਾਲ ਅੰਦਰ ਜੰਮਿਆ ਪਣਾ ਸਾਫ ਕਰਵਾਉਣ ਲਈ । ਬੈਠੇ ਬੈਠੇ ਗੁਰਮੀਤ ਨੇ ਆਪਣਾ ਸੱਜਾ ਹੱਥ ਖੱਬੇ ਹੱਥ ਉੱਤੇ ਇੰਜ ਫੇਰਿਆ ਜਿਵੇਂ 2013 ਵਾਲਾ ਪਣਾ ਉਹ ਹੁਣ ਵੀ ਸਾਫ ਕਰ ਰਿਹਾ ਹੋਵੇ। ਪਰ ਹੁਣ ਤਾਂ ਉਸ ਦੇ ਹੱਥ ਬਿਲਕੁਲ ਸਾਫ ਸਨ, ਜਿਵੇਂ ਪਣਾ ਤਾਂ ਕੀ ਪਾਣੀ ਦੀ ਛੋਹ ਵੀ ਉਨ੍ਹਾਂ ਨੂੰ ਨਾ ਲੱਗੀ ਹੋਵੇ। ਫਿਰ ਉਹ ਆਪਣੀ ਕੋਠੀ ਨੂੰ ਨਿਹਾਰਨ ਲੱਗਾ, ਮਾਰਬਲ ਟਾਈਲਾਂ ਵਾਲੀ, ਖੁੱਲ੍ਹੇ ਡੁੱਲ੍ਹੇ ਕਮਰੇ, ਅੰਦਰ ਲਾਬੀ ’ਚੋਂ ਹੀ ਉੱਪਰ ਛੱਤ ਵੱਲ ਆਉਂਦੀ ਪੌੜੀ, ਚੁਫੇਰੇ ਤੋਂ ਉੱਚੀ। ਪਰ ਪਤਾ ਨਹੀਂ ਅੱਜ ਕਿਹੜੀ ਚੀਜ਼ ਉਸ ਨੂੰ ਇੱਥੇ ਘੱਟ ਘੱਟ ਲੱਗ ਰਹੀ ਸੀ। ਥੋੜ੍ਹਾ ਕੁ ਚਿਰ ਪਹਿਲਾਂ ਜਿਹੜੀ ਖੁਸ਼ੀ ਉਸ ਨੂੰ ਆਪਣੀ ਕੋਠੀ ਨੂੰ ਵੇਖ ਕੇ ਹੋ ਰਹੀ ਸੀ ਉਹ ਹੁਣ ਕਿਸੇ ਉਦਰੇਵੇਂ ਵਿੱਚ ਬਦਲ ਗਈ। ਉਹ ਮੋਬਾਈਲ ਫੋਨ ਨੂੰ ਚੁੱਕ ਦੋ ਤਿੰਨ ਵਾਰ ਟਾਈਮ ਵੇਖ ਚੁੱਕਾ ਸੀ, ‘ਦਸ ਵੱਜ ਚੁੱਕੇ ਸਨ, ਹੁਣ ਤੱਕ ਤਾਂ ਫੋਨ ਆ ਜਾਣਾ ਚਾਹੀਦਾ ਸੀ, ਆਪ ਕਰ ਲਵਾਂ, ਨਹੀਂ! ਨਹੀਂ!! ਉਹ ਕਹਿੰਦੀ ਸੀ ਮੈਂ ਆਪੇ ਆਪਣਾ ਸਮਾਂ ਵੇਖ ਕਰਿਆ ਕਰੂੰ। ਹਾਲੇ ਸ਼ਾਇਦ ਕੰਮ ਤੋਂ ਨਾ ਆਈ ਹੋਵੇ, ਲੇਟ ਹੋ ਜਾਂਦੀ ਹੁੰਦੀ। ਮੁੰਡੇ ਨੂੰ ਕਰਾਂ, ਨਹੀਂ, ਉਹਨੇ ਤਾਂ ਫੋਨ ਸਵੇਰੇ ਹੀ ਕਰ ਲਿਆ ਸੀ , ਉਹ ਵਿਚਾਰਾ ਤਾਂ ਹੁਣ ਸੌਂ ਵੀ ਗਿਆ ਹੋਣਾ, ਉਸ ਦੀ ਨੀਂਦ ਕਿਉਂ ਖਰਾਬ ਕਰਾਂ।’

ਆਪਣੇ ਆਪ ਨਾਲ ਇਹ ਸਭ ਗੱਲਾਂ ਕਰਦਾ ਗੁਰਮੀਤ ਹੁਣ ਪਰੇਸ਼ਾਨ ਹੋ ਗਿਆ ਸੀ। ‘ਗੱਗੂ ਨੂੰ ਭੇਜ ਦਿੰਦਾ, ਪਤਾ ਨਹੀਂ ਕਿਉਂ ਭੇਜ ਦਿੱਤੀ ਇਹ ਪਹਿਲਾਂ।’ ਗੁਰਮੀਤ ਦੇ ਅੰਦਰੋਂ ਪਛਤਾਵੇ ਦਾ ਇੱਕ ਹਉਕਾ ਨਿਕਲਿਆ।

ਚਿੰਤਾ ’ਚ ਪਏ ਗੁਰਮੀਤ ਦੇ ਦੋਵੇਂ ਬੱਚੇ ਇਸ ਵੇਲੇ ਕੈਨੇਡਾ ’ਚ ਸਨ। ਕੁੜੀ ਨੂੰ ਗਿਆਂ ਨੌਂ ਸਾਲ ਹੋ ਗਏ ਸਨ ਤੇ ਮੁੰਡੇ ਨੂੰ ਛੇ। ਦੋਵਾਂ ਨੂੰ ਪੀ ਆਰ ਵੀ ਮਿਲ ਚੁੱਕੀ ਸੀ। ਦੋਵੇਂ ਭਾਵੇਂ ਕੈਨੇਡਾ ’ਚ ਹੀ ਸਨ ਪਰ ਰਹਿੰਦੇ ਦੂਰ ਦੂਰ ਸਨ। ਕੁੜੀ ਪੀ ਆਰ ਲੈਣ ਪਿੱਛੋਂ ਐਡਮੰਟਨ ਮੂਵ ਕਰ ਗਈ ਸੀ ਤੇ ਮੁੰਡਾ ਟੋਰਾਂਟੋ ਦੇ ਲਾਗੇ ਕਿਚਨਰ ਵਿਖੇ ਰਹਿੰਦਾ ਸੀ। ਗੁਰਮੀਤ ਨੇ ਬਹੁਤ ਕਿਹਾ ਸੀ ਕਿ ਇੱਕ ਥਾਂ ਸੈੱਟ ਹੋ ਜਾਵੋ ਪਰ ਦੋਵਾਂ ਦੇ ਆਪੋ ਆਪਣੇ ਮਸਲੇ,‘ਮੈਨੂੰ ਇਹ ਲਾਈਕ ਨਹੀਂ, ਮੈਂ ਇਹ ਲਾਈਕ ਕਰਦਾ’, ਵਗੈਰਾ ਵਗੈਰਾ।

ਦੋਵਾਂ ਨੂੰ ਕੈਨੇਡਾ ਭੇਜਣ ਦਾ ਫ਼ੈਸਲਾ ਵੀ ਤਾਂ ਗੁਰਮੀਤ ਦਾ ਹੀ ਸੀ। 2013 ਪਿੱਛੋਂ ਹੁਣ ਉਸ ਦੀਆਂ ਅੱਖਾਂ ਅੱਗੇ 2015 ਘੁੰਮਣ ਲੱਗਾ। ਜੀਤਾਂ ਉਦੋਂ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਰਹੀ ਸੀ। ਪੜ੍ਹਨ ਨੂੰ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਤੇ ਹਮੇਸ਼ਾ ਕਲਾਸ ਵਿੱਚੋਂ ਅੱਵਲ ਆਉਂਦੀ। ਇੱਕ ਸਾਥੀ ਕੁਲੀਗ ਦੀ ਭਾਣਜੀ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਡਾਕਟਰੀ ਕਰ ਰਹੀ ਸੀ। ਉਸ ਦੀ ਸਲਾਹ ’ਤੇ ਗੁਰਮੀਤ ਨੇ ਜੀਤਾਂ ਨੂੰ ਵੀ ਮੈਡੀਕਲ ਰਖਵਾਇਆ ਹੋਇਆ ਸੀ। ਸਾਲਾਨਾ ਪੇਪਰਾਂ ਦੇ ਨਾਲ ਨਾਲ ਉਹ ਨੀਟ ਦੇ ਪੇਪਰ ਦੀ ਵੀ ਤਿਆਰੀ ਕਰ ਰਹੀ ਸੀ ਕਿ ਇੱਕ ਹੋਰ ਕੁਲੀਗ ਨੇ ਗੁਰਮੀਤ ਨੂੰ ਸਲਾਹ ਦਿੱਤੀ, ‘‘ਸਰਕਾਰੀ ਮੈਡੀਕਲ ਕਾਲਜਾਂ ਦੀਆਂ ਤਾਂ ਸੀਟਾਂ ਹੀ ਬਹੁਤ ਥੋੜ੍ਹੀਆਂ, ਮੇਰੀ ਬੇਟੀ ਨੇ ਵੀ ਦੋ ਵਾਰ ਟੈਸਟ ਦਿੱਤਾ ਸੀ ਪਰ ਗੱਲ ਨਹੀਂ ਬਣੀ, ਪ੍ਰਾਈਵੇਟ ਕਾਲਜਾਂ ਦੀ ਤਾਂ ਫੀਸ ਹੀ ਬਹੁਤ ਹੈ, 40-45 ਲੱਖ ਉੱਥੇ ਲਾਉਣ ਨਾਲੋਂ ਤਾਂ 15 -16 ਲੱਖ ਲਾ ਨਿਆਣਾ ਪੱਕੇ ਪੈਰੀਂ ਕੈਨੇਡਾ ਪੁੱਜ ਜਾਂਦੈ।’’

ਇਹ ਗੱਲ ਗੁਰਮੀਤ ਨੂੰ ਕੁਝ ਜ਼ਿਆਦਾ ਹੀ ਭਾਅ ਗਈ ਤੇ ਬਾਰ੍ਹਵੀਂ ਦੇ ਪੇਪਰਾਂ ਦੌਰਾਨ ਹੀ ਜਿਸ ਦਿਨ ਜੀਤਾਂ 18 ਵਰ੍ਹਿਆਂ ਦੀ ਹੋਈ ਤਾਂ ਗੁਰਮੀਤ ਉਸ ਤੋਂ ਅਗਲੇ ਦਿਨ ਹੀ ਉਸ ਦੀ ਪਾਸਪੋਰਟ ਦੀ ਅਪਾਇੰਟਮੈਂਟ ਬੁੱਕ ਕਰਾ ਆਇਆ। ਪੇਪਰਾਂ ਦੇ ਖਤਮ ਹੁੰਦਿਆਂ ਉਸ ਨੇ ਨਾਲ ਹੀ ਉਸ ਨੂੰ ਇੱਕ ਆਈਲੈਟਸ ਸੈਂਟਰ ਤੋਂ ਕੋਚਿੰਗ ਲੈਣ ਲਵਾ ਦਿੱਤਾ। ਫੀਸ ਪਹਿਲਾਂ ਹੀ ਭਰੀ ਹੋਣ ਕਰਕੇ ਨੀਟ ਦਾ ਪੇਪਰ ਦਿਵਾਇਆ ਤਾਂ ਸੀ ਪਰ ਜੀਤਾਂ ਦਾ ਧਿਆਨ ਵੀ ਉਧਰੋਂ ਹਟ ਚੁੱਕਾ ਸੀ। ਨੀਟ ਦਾ ਰੈਂਕ ਆਸ ਅਨੁਸਾਰ ਵਧੀਆ ਨਹੀਂ ਸੀ ਪਰ ਆਈਲੈਟਸ ’ਚੋਂ ਉਸਦੇ ਸੱਤ ਬੈਂਡ ਆ ਗਏ ਸਨ। ਗੁਰਮੀਤ ਨੇ ਝੱਟ ਉਸ ਦੀ ਫਾਈਲ ਇੱਕ ਏਜੰਟ ਰਾਹੀਂ ਲਗਵਾਈ ਤਾਂ ਉਸ ਦਾ ਨਾਲ ਹੀ ਸਤੰਬਰ ਇਨਟੇਕ ਦਾ ਵੀਜ਼ਾ ਵੀ ਆ ਗਿਆ।

ਜੀਤਾਂ ਜੋ ਕਦੀ ਇੱਕ ਰਾਤ ਆਪਣੇ ਨਾਨਕੇ ਵੀ ਨਹੀਂ ਰਹੀ ਸੀ ਹੁਣ ਕੈਨੇਡਾ ਜਾ ਰਹੀ ਸੀ। ਗੁਰਮੀਤ ਦੀ ਕੋਈ ਸਿੱਧੀ ਰਿਸ਼ਤੇਦਾਰੀ ਤਾਂ ਕੈਨੇਡਾ ਵਿੱਚ ਨਹੀਂ ਸੀ ਪਰ ਉਸ ਦੀ ਸਾਲੇਹਾਰ ਦੀ ਭੂਆ ਦੀ ਇੱਕ ਕੁੜੀ ਕੈਨੇਡਾ ’ਚ ਰਹਿੰਦੀ ਸੀ। ਜੀਤਾਂ ਦੇ ਕਾਲਜ ਤੋਂ ਭਾਵੇਂ ਚਾਰ ਕੁ ਘੰਟੇ ਦੀ ਵਾਟ ’ਤੇ ਸੀ ਪਰ ਉਸ ਨੇ ਜੀਤਾਂ ਨੂੰ ਜਹਾਜ਼ੋਂ ਲਿਆਉਣ ਅਤੇ ਕਾਲਜ ਦੀਆਂ ਕਲਾਸਾਂ ਤੱਕ ਰੱਖਣ ਦੀ ਜ਼ਿੰਮੇਵਾਰੀ ਲੈ ਲਈ। ਏਜੰਟ ਦੇ ਦਫ਼ਤਰ ਤੋਂ ਹੀ ਦੋ ਹੋਰ ਕੁੜੀਆਂ ਨਾਲ ਸੰਪਰਕ ਹੋ ਗਿਆ, ਉਨ੍ਹਾਂ ਨੇ ਵੀ ਉਸੇ ਕਾਲਜ ਜਾਣਾ ਸੀ। ਕਲਾਸਾਂ ਸ਼ੁਰੂ ਹੋਣ ’ਤੇ ਇਨ੍ਹਾਂ ਤਿੰਨਾਂ ਨੇ ਹੀ ਕਾਲਜ ਦੇ ਲਾਗੇ ਇਕ ਬੇਸਮੈਂਟ ਕਿਰਾਏ ’ਤੇ ਲੈ ਲਈ। ਜੀਤਾਂ ਭਾਵੇਂ ਹਰ ਰੋਜ਼, ਦੋ ਵੇਲੇ ਗੁਰਮੀਤ ਨੂੰ ਫੋਨ ਕਰਦੀ ਪਰ ਫਿਰ ਵੀ ਪਤਾ ਨਹੀਂ ਕਿਉਂ ਇੱਕ ਧੁੜਕੂ ਗਰਮੀਤ ਨੂੰ ਲੱਗਾ ਹੀ ਰਹਿੰਦਾ। ਪਹਿਲੀਆਂ ਕੁੜੀਆਂ ਦਾ ਸਾਥ ਛੱਡ ਜਦੋਂ ਉਹ ਇਕ ਹੋਰ ਕੁੜੀ ਦੇ ਨਾਲ ਕਿਸੇ ਹੋਰ ਥਾਂ ਰਹਿਣ ਲੱਗੀ ਤਾਂ ਗੁਰਮੀਤ ਵਾਰ-ਵਾਰ ਉਸ ਨੂੰ ਇਹੀ ਪੁੱਛਦਾ ਰਹਿੰਦਾ, ‘ਉਹ ਕੌਣ ਆ, ਕਿੱਥੋਂ ਦੀ ਆ?’ ਗਰਮੀਤ ਦੀਆਂ ਇਹੋ ਜਿਹੀਆਂ ਘੋਖੀ ਗੱਲਾਂ ਸੁਣ ਜੀਤਾਂ ਛੇਤੀਂ ਹੀ ਫੋਨ ਬੰਦ ਕਰ ਦਿੰਦੀ।

ਜੀਤਾਂ ਤੋਂ ਛੋਟਾ ਗੱਗੂ ਭਾਵੇਂ ਉਸ ਜਿੰਨਾ ਤਾਂ ਹੁਸ਼ਿਆਰ ਨਹੀਂ ਸੀ ਪਰ ਪਾਸ ਹੁੰਦਾ ਰਹਿੰਦਾ ਸੀ। ਬਾਰ੍ਹਵੀਂ ਪਿੱਛੋਂ ਗੁਰਮੀਤ ਨੇ ਉਸ ਨੂੰ ਵੀ ਉਸੇ ਆਈਲੈਟਸ ਸੈਂਟਰ ਵਿੱਚ ਕੋਚਿੰਗ ਲੈਣ ਲਾ ਦਿੱਤਾ ਜਿੱਥੇ ਜੀਤਾਂ ਜਾਂਦੀ ਹੁੰਦੀ ਸੀ। ਪਰ ਗੱਗੂ ਦੇ ਬੈਂਡ ਸਾਢੇ ਪੰਜਾਂ ਤੋਂ ਨਾ ਵਧ ਸਕੇ। ਏਜੰਟ ਨੇ ਉਸ ਦੀ ਫਾਈਲ ਕੁਝ ਹਟਵੇਂ ਕਾਲਜ ਲਈ ਲਾਈ ਤਾਂ ਵੀਜ਼ਾ ਉਸ ਦਾ ਵੀ ਆ ਗਿਆ । ਗੁਰਮੀਤ ਨੂੰ ਇੰਨੀ ਹੀ ਤਸੱਲੀ ਸੀ ਕਿ ਚਲੋ ਕੁਝ ਦੂਰ ਹੀ ਸਹੀ ਹੁਣ ਟੱਬਰ ’ਚੋਂ ਕੋਈ ਤਾਂ ਚਲਾ ਗਿਆ ਜੀਤਾਂ ਦੇ ਕੋਲ। ਗੱਗੂ ਪੜ੍ਹਾਈ ’ਚ ਭਾਵੇਂ ਜੀਤਾਂ ਤੋਂ ਪਿੱਛੇ ਸੀ ਪਰ ਚੁਸਤੀ ਚਲਾਕੀ ’ਚ ਉਹ ਜੀਤਾਂ ਤੋਂ ਕਿਤੇ ਤੇਜ਼ ਸੀ। ਬਾਰ੍ਹਵੀਂ ’ਚ ਹੁੰਦਿਆਂ ਹੀ ਉਸ ਦੇ ਗਲੀ ਗੁਆਂਢ ਤੋਂ ਉਲ੍ਹਾਮੇ ਆਉਣ ਲੱਗੇ ਸਨ। ਗੁਰਮੀਤ ਨੂੰ ਉਦੋਂ ਉਸ ਦੀ ਕਾਫੀ ਰਾਖੀ ਰੱਖਣੀ ਪਈ ਸੀ। ਤੇਜ਼ ਤਰਾਰ ਗੱਗੂ ਜਦੋਂ ਕੈਨੇਡਾ ਨੂੰ ਜਹਾਜ਼ ਚੜ੍ਹਿਆ ਤਾਂ ਉਸ ਦੇ ਨਾਲ ਹੀ ਉਸੇ ਕਾਲਜ ਜਾ ਰਹੀ, ਮੋਗੇ ਵੱਲ ਦੀ ਇੱਕ ਕੁੜੀ ਨਾਲ ਉਸ ਨੇ ਦੋਸਤੀ ਪਾ ਲਈ। ਚੰਗੇ ਖਾਂਦੇ ਪੀਂਦੇ ਪਰਿਵਾਰ ਦੀ ਧੀ ਸੀ, ਉਹ ਕੁੜੀ। ਪੈਸੇ ਧੇਲੇ ਵੱਲੋਂ ਵੀ ਉਹ ਉਸ ਦੀ ਮਦਦ ਕਰਦੀ ਰਹਿੰਦੀ। ਥੋੜ੍ਹੇ ਸਮੇਂ ਪਿੱਛੋਂ ਜਦੋਂ ਇੱਕ ਦਿਨ ਗੁਰਮੀਤ ਨਾਲ ਵੀਡੀਓ ਕਾਲ ਕਰਦਿਆਂ ਗੱਗੂ ਨੇ ਗੁਰਮੀਤ ਨੂੰ ਉਹ ਕੁੜੀ ਵਿਖਾਈ ਤਾਂ ਉਹ ਬੜਾ ਹੈਰਾਨ ਹੋਇਆ। ਉਂਝ ਕੁੜੀ ਉਸਨੂੰ ਠੀਕ ਲੱਗੀ ਸੀ ਤੇ ਉਸ ਦੇ ਘਰ ਪਰਿਵਾਰ ਬਾਰੇ ਸੁਣ ਉਸ ਨੇ ਗੱਗੂ ਨੂੰ ਇਸ ਦੀ ਥੋੜ੍ਹੀ ਸਹਿਮਤੀ ਵੀ ਦੇ ਦਿੱਤੀ ਸੀ।

ਹਰ ਰੋਜ਼ ਧੀ-ਪੁੱਤ ਨਾਲ ਫੋਨ ’ਤੇ ਗੱਲ ਕਰਦਾ ਗੁਰਮੀਤ ਅਕਸਰ ਪਰੇਸ਼ਾਨ ਹੋ ਜਾਂਦਾ। ਉਨ੍ਹਾਂ ਦੋਵਾਂ ਦੀ ਗੱਲਬਾਤ ਦਾ ਸਲੀਕਾ ਕਾਫੀ ਬਦਲ ਚੁੱਕਾ ਸੀ। ਹਮੇਸ਼ਾ ਉਨ੍ਹਾਂ ਦੋਵਾਂ ਨੂੰ ਮੱਤਾਂ ਦੇਣ ਵਾਲਾ ਗੁਰਮੀਤ ਜਦੋਂ ਉਨ੍ਹਾਂ ਕੋਲੋਂ ਮੱਤਾਂ ਸੁਣਦਾ ਤਾਂ ਉਹ ਛਿੱਥਾ ਜਿਹਾ ਪੈ ਜਾਂਦਾ। ਰਿਟਾਇਰਮੈਂਟ ਤੋਂ ਪਹਿਲਾਂ ਉਸ ਨੇ ਵਿਜ਼ਟਰ ਵੀਜ਼ੇ ਦੀ ਫਾਈਲ ਭਰ ਦਿੱਤੀ, ਕਿਉਂਕਿ ਸਰਕਾਰੀ ਨੌਕਰੀ ਵਾਲੇ ਨੂੰ ਕੈਨੇਡਾ ਦਾ ਵੀਜ਼ਾ ਸੌਖਾ ਹੀ ਮਿਲ ਜਾਂਦੈ। ਵੀਜ਼ਾ ਆ ਵੀ ਗਿਆ ਪਰ ਉਦੋਂ ਹੀ ਕਰੋਨਾ ਦਾ ਭਿਆਨਕ ਸਮਾਂ ਸ਼ੁਰੂ ਹੋ ਗਿਆ। ਜਦੋਂ ਕਰੋਨਾ ਦਾ ਡਰ ਕੁਝ ਘਟਿਆ ਤਾਂ ਗੁਰਮੀਤ ਦੀ ਰਿਟਾਇਰਮੈਂਟ ਨੇੜੇ ਆ ਗਈ। ਰਿਟਾਇਰਮੈਂਟ ਪਿੱਛੋਂ ਵੀ ਉਸ ਦੇ ਵੀਜ਼ੇ ਦੀ ਮਿਆਦ ਤਾਂ ਹਾਲੇ ਰਹਿੰਦੀ ਸੀ ਪਰ ਗੁਰਮੀਤ ਦੀ ਸਿਹਤ ਅਤੇ ਉਸ ਦੇ ਸਫ਼ਰ ਦੇ ਮਾੜੇ ਤਜਰਬੇ ਨੂੰ ਯਾਦ ਕਰ ਜੀਤਾਂ ਤੇ ਗੱਗੂ ਉਸ ਨੂੰ ਇਕੱਲਿਆਂ ਨਾ ਆਉਣ ਦੀ ਸਲਾਹ ਦੇਣ ਲੱਗੇ। ਜੀਤਾਂ ਨੂੰ ਦਿੱਲੀ ਚੜ੍ਹਾਉਣ ਵਾਰੀ ਜਦੋਂ ਉਹ ਹਾਲੇ ਰੋਪੜ ਹੀ ਟੱਪੇ ਸਨ ਤਾਂ ਗੁਰਮੀਤ ਨੂੰ ਅਜਿਹੀਆਂ ਉਲਟੀਆਂ ਲੱਗੀਆਂ ਕਿ ਸਾਰੀ ਵਾਟ ਨਾ ਹਟੀਆਂ। ਮਸਾਂ ਰੱਬ ਰੱਬ ਕਰਦੇ ਉਹ ਏਅਰਪੋਰਟ ਤੱਕ ਪੁੱਜੇ ਸਨ। ਹੁਣ ਤਾਂ ਉਸ ਨੂੰ ਸ਼ੂਗਰ ਅਤੇ ਬੀਪੀ ਨੇ ਵੀ ਘੇਰਾ ਪਾ ਲਿਆ ਸੀ। ਇਸੇ ਗੱਲੋਂ ਫਿਕਰ ਕਰਦਿਆਂ ਉਸ ਦੇ ਧੀ ਪੁੱਤ ਨੇ ਉਸ ਨੂੰ ਇਕੱਲਿਆਂ ਨਾ ਆਉਣ ਦੀ ਤਾਕੀਦ ਕੀਤੀ ਸੀ। ਇਸੇ ਗੱਲ ਨੂੰ ਵਿਚਾਰਦਿਆਂ ਗੁਰਮੀਤ ਨੇ ਆਪਣੀ ਘਰਵਾਲੀ ਦਾ ਵੀਜ਼ਾ ਅਪਲਾਈ ਕਰ ਦਿੱਤਾ, ਪਰ ਉਹ ਰਫਿਊਜ਼ ਹੋ ਗਿਆ। ਆਖਰ ਕੈਨੇਡਾ ਦਾ ਧਿਆਨ ਛੱਡ ਗੁਰਮੀਤ ਨੇ ਮਕਾਨ ਨਵੇਂ ਸਿਰੇ ਤੋਂ ਪਾਉਣ ਦੀ ਸੋਚ ਲਈ। ਰਿਟਾਇਰਮੈਂਟ ਵੇਲੇ ਉਸ ਨੂੰ ਸੁਖ ਨਾਲ ਫੰਡ ਵੀ ਵਾਹਵਾ ਮਿਲ ਗਏ ਸਨ ਤੇ ਇਨ੍ਹਾਂ ਦੇ ਸਹਾਰੇ ਹੀ ਉਸ ਨੇ ਨਕਸ਼ੇ ਅਨੁਸਾਰ ਉੱਚੀ ਰੱਖ ਕੇ ਕੋਠੀ ਪਾਉਣੀ ਸ਼ੁਰੂ ਕਰ ਦਿੱਤੀ। ਜਦੋਂ 1988 ’ਚ ਉਸ ਨੇ ਮਕਾਨ ਬਣਾਇਆ ਸੀ ਉਦੋਂ ਤਾਂ ਉਹ ਜਵਾਨ-ਜਹਾਨ ਸੀ ਤੇ ਕੰਮ ਵੀ ਨੱਠ-ਭੱਜ ਕੇ ਕਰਾ ਲੈਂਦਾ ਸੀ, ਪਰ ਰਿਟਾਇਰਮੈਂਟ ਪਿੱਛੋਂ ਕਮਜ਼ੋਰ ਸਿਹਤ ਅਤੇ ਵਧਦੀ ਉਮਰ ਦੇ ਕਾਰਨ ਕੋਠੀ ਦਾ ਇਹ ਕੰਮ ਕਰਾਉਂਦਿਆਂ ਉਸ ਦੀ ਬੱਸ ਹੋ ਗਈ। ਪੂਰਾ ਇੱਕ ਸਾਲ ਜਦੋਂ ਤੱਕ ਕੋਠੀ ਦਾ ਕੰਮ ਪੂਰਾ ਨਾ ਹੋਇਆ ਉਹ ਬਹੁਤ ਖਪਿਆ ਸੀ।

ਰੰਗ ਰੋਗਨ ਪਿੱਛੋਂ ਜਦੋਂ ਕੋਠੀ ਪੂਰੀ ਤਰ੍ਹਾਂ ਤਿਆਰ ਹੋ ਗਈ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਉਸ ਨੇ ਨਵੀਂ ਕੋਠੀ ’ਚ ਸੁਖਮਨੀ ਸਾਹਿਬ ਦਾ ਪਾਠ ਕਰਾ ਇਸ ਦੀ ਚੱਠ ਕਰਨ ਦੀ ਸੋਚੀ। ਦੋਵਾਂ ਧੀ ਪੁੱਤ ਨੂੰ ਵੀ ਇਸ ਬਾਰੇ ਦੱਸਦਿਆਂ ਇਸੇ ਬਹਾਨੇ ਇੱਕ ਵਾਰ ਇੰਡੀਆ ਦਾ ਗੇੜਾ ਲਾਉਣ ਲਈ ਵੀ ਜ਼ੋਰ ਪਾਇਆ। ਗੱਗੂ ਤਾਂ ਜਿਵੇਂ ਪਹਿਲਾਂ ਹੀ ਤਿਆਰ ਸੀ ਕਿਉਂਕਿ ਉਸ ਦੇ ਨਾਲ ਰਹਿੰਦੀ ਕੁੜੀ ਨੇ ਵੀ ਆਪਣੇ ਮਾਪਿਆਂ ਨੂੰ ਮਿਲਣ ਆਉਣਾ ਸੀ,ਪਰ ਜੀਤਾਂ ਟਾਲ ਮਟੋਲ ਕਰ ਰਹੀ ਸੀ, ‘‘ਪਾਪਾ! ਮਈ ਮਹੀਨਾ ਹੁਣ ਤਾਂ, ਇੰਡੀਆ ਗਰਮੀ ਬਹੁਤ ਹੋਣੀ ਆ, ਅਕਤੂਬਰ ਨਵੰਬਰ ’ਚ ਰੱਖ ਲੈਂਦੇ।’’

‘‘ਨਾ, ਇੱਥੋਂ ਹੀ ਗਈ ਆ ਤੂੰ, ਹੁਣ ਤਾਂ ਸੁਖ ਨਾਲ ਦੋ ਦੋ ਏ ਸੀ ਵੀ ਲੱਗੇ, ਹੁਣ ਕਾਹਦੀ ਗਰਮੀ।’’ ਇਹ ਆਖ ਗੁਰਮੀਤ ਨੇ ਜੀਤਾਂ ਨੂੰ ਵੀ ਮਈ ਮਹੀਨੇ ਹੀ ਆਉਣ ਲਈ ਮਨਾ ਲਿਆ । ਦੋਵੇਂ ਭੈਣ ਭਰਾ ਆਏ ਤਾਂ ਭਾਵੇਂ ਇੱਕੋ ਦਿਨ ਪਰ ਦੋਵਾਂ ਦੀ ਫਲਾਈਟ ਅਲੱਗ ਅਲੱਗ ਸੀ। ਜੀਤਾਂ ਦੀ ਵੈਨਕੂਵਰ ਤੋਂ ਤੇ ਗੱਗੂ ਦੀ ਟੋਰਾਂਟੋ ਤੋਂ।

‘ਛੋਟੇ ਤਾਏ ਨੂੰ ਭੇਜ ਦਿਓ ਟੈਕਸੀ ਵਾਲੇ ਨਾਲ, ਆਪ ਨਾ ਆਇਓ, ਤੁਹਾਨੂੰ ਸਫਰ ਨਹੀਂ ਸੁਖਾਂਦਾ।’ ਦੋਵਾਂ ਨੇ ਗੁਰਮੀਤ ਨੂੰ ਆਖਿਆ ਸੀ।

ਅੱਠਾਂ ਸਾਲਾ ਬਾਅਦ ਮੁੜ ਮਸਾਂ ਸਾਰਾ ਪਰਿਵਾਰ ਇਕੱਠਾ ਹੋਇਆ ਸੀ। ਭਜਨੋ ਅਤੇ ਗੁਰਮੀਤ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ ਹੋਵੇ। ਭਾਵੇਂ ਵੀਡੀਓ ਕਾਲ ਰਾਹੀਂ ਉਹਨਾਂ ‘ਕੱਲਾ ‘ਕੱਲਾ ਕਮਰਾ ਪਹਿਲਾਂ ਵੀ ਵਿਖਾਇਆ ਹੋਇਆ ਸੀ ਪਰ ਧੀ ਪੁੱਤ ਦੇ ਆਇਆਂ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ‘ਕੱਲੀ ‘ਕੱਲੀ ਚੀਜ਼ ਵਿਖਾਉਣ ਲੱਗੇ,

‘ਕਿਵੇਂ ਦਾ ਲੱਗਾ, ਆਪਣਾ ਨਵਾਂ ਘਰ?’ ਗੁਰਮੀਤ ਨੇ ਮੂੰਹ ਅੱਡਦਿਆਂ ਜਦੋਂ ਪੁੱਛਿਆ ਸੀ ਤਾਂ ਉਨ੍ਹਾਂ ਨੇ ਬੱਸ ਇੰਨਾ ਹੀ ਆਖਿਆ, ‘ਨਾਈਸ ਆ।’ ਉਨ੍ਹਾਂ ਦਾ ਇਹ ਸੀਮਤ ਜਿਹਾ ਉੱਤਰ ਸੁਣ ਕੇ ਗੁਰਮੀਤ ਨੂੰ ਬਹੁਤਾ ਚੰਗਾ ਨਹੀਂ ਸੀ ਲੱਗਾ। ਉਹ ਸੋਚਦਾ ਸੀ ਕਿ ਬੱਚਿਆਂ ਦੇ ਆਇਆ ’ਤੇ ਢੇਰ ਗੱਲਾਂ ਕਰਾਂਗੇ। ਪਹਿਲਾ ਸਮਾਂ ਤਾਂ ਨੱਠ ਭੱਜ ’ਚ ਬੀਤ ਗਿਆ, ਹੁਣ ਰਲ ਮਿਲ ਬੈਠ ਅਗਲੀਆਂ ਪਿਛਲੀਆਂ ਸੁਣਾ ਖਿੜ ਖਿੜ ਹੱਸਾਂਗੇ। ਪਰ ਜਿੰਨੇ ਕੁ ਦਿਨ ਉਹ ਦੋਵੇਂ ਪਿੰਡ ਰਹੇ, ਜਦੋਂ ਇਕੱਠੇ ਬੈਠਦੇ ਤਾਂ ਗੱਲ ਸੀਮਤ ਜਿਹੀ ਹੀ ਹੁੰਦੀ। ਗੁਰਮੀਤ ਛੇਤੀਂ ਹੀ ਕਿਸੇ ਗੱਲੋਂ ਜਦੋਂ ਭਜਨੋ ਨੂੰ ਜਾਂ ਗੱਗੂ ਨੂੰ ਟੋਕਦਾ ਤਾਂ ਜੀਤਾਂ ਇਹ ਆਖਦੀ ਝੱਟ ਆਪਣੇ ਕਮਰੇ ’ਚ ਜਾ ਵੜਦੀ, ‘‘ਤੁਸੀਂ ਸਾਨੂੰ ਕੈਨੇਡਾ ਜਿਹੀ ਕੰਟਰੀ ਭੇਜ ਕੇ ਵੀ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ, ਉੱਥੇ ਕੋਈ ਕਿਸੇ ਨੂੰ ਫੋਰਸ ਨਹੀਂ ਕਰਦਾ ਤੇ ਇਥੇ ਤੁਸੀਂ ਹਾਲੇ ਵੀ ਧੱਕਾ ਹੀ ਚਲਾਈ ਜਾਂਦੇ, ਮੈਂ ਤਾਂ ਫੈੱਡ ਅਪ ਆਂ ਇਸ ਸਭ ਤੋਂ।’’

ਜੀਤਾਂ ਹੁਣ ਖੁਦ ਕਮਾਉਂਦੀ ਸੀ, ਖੁਦ ਖਰਚਦੀ ਸੀ, ਗੁਰਮੀਤ ਦੀ ਹਰ ਗੱਲ ’ਤੇ ਸਲਾਹ ਉਹ ਮੰਨੇ ਵੀ ਕਿਉਂ। ਰਿਸ਼ਤੇ ਬਾਰੇ ਤਾਂ ਉਹ ਫੋਨ ’ਤੇ ਵੀ ਗੱਲ ਛੇੜਦਿਆਂ ਝੱਟ ਹੀ ਆਖ ਦਿੰਦੀ ਸੀ,‘ਇਹ ਇੰਡੀਆ ’ਚ ਹੀ ਰਿਵਾਜ ਆ ਝੱਟ ਕੁੜੀ ਨੂੰ ਵਿਆਹ ਕੇ ਤੋਰ ਦਿੰਦੇ, ਮੈਂ ਹਾਲੇ ਚੰਗੀ ਤਰਾਂ ਸੈਟਲ ਹੋਣਾ, ਫਿਰ ਸੋਚਾਂਗੇ।’ ਗੁਰਮੀਤ ਇਧਰ ਆਪਣੀ ਜਾਣ-ਪਛਾਣ ’ਚੋਂ ਇੱਕ ਦੋ ਰਿਸ਼ਤੇ ਟੋਲੀ ਬੈਠਾ ਸੀ ਪਰ ਜੀਤਾਂ ਨੇ ਇਥੇ ਆਇਆਂ ਵੀ ਆਪਣਾ ਉਹੀ ਫੈਸਲਾ ਦੁਹਰਾਇਆ ਸੀ। ਜਦੋਂ ਜੀਤਾਂ ਨੇ ਗੁਰਮੀਤ ਨੂੰ ਭਜਨੋ ਨੂੰ ਇਹ ਕਹਿੰਦਿਆਂ ਸੁਣਿਆ,‘ਤੂੰ ਪੁੱਛ ਤਾਂ ਇਹਨੂੰ ਪਿਆਰ ਨਾਲ, ਸਤਾਈਵਾਂ ਲੱਗ ਜਾਣਾ ਇਹਨੂੰ ਅਗਲੇ ਸਾਲ, ਹੋਰ ਵਿਆਹ ਬੁੜ੍ਹੀ ਹੋ ਕੇ ਕਰਾਉਣਾ ਇਨ੍ਹੇ।’

ਇਹ ਸੁਣ ਜੀਤਾਂ ਗੁੱਸੇ ਨਾਲ ਭਰ ਉੱਠੀ ਸੀ,‘ਜੇ ਇਹੋ ਜਿਹੀਆਂ ਹੀ ਗੱਲਾਂ ਕਰਨੀਆਂ ਸੀ ਤਾਂ ਮੈਂ ਹਾਲੇ ਦੋ ਸਾਲ ਹੋਰ ਨਹੀਂ ਸੀ ਆਉਣਾ, ਸਵੇਰ ਤੋਂ ਹੀ ਕਿਚ ਕਿਚ ਸ਼ੁਰੂ ਹੋ ਜਾਂਦੀ ਇੱਥੇ, ਕਿੰਨਾ ਪੀਸਫੁੱਲ ਹੁੰਦਾ ਉੱਥੇ, ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਦਾ।’ ਉਨ੍ਹਾਂ ਦਾ ਇਹ ਰੌਲਾ ਸੁਣ ਗੁਰਮੀਤ ਦਾ ਵੱਡਾ ਭਰਾ ਆਇਆ ਤਾਂ ਜੀਤਾਂ ਹਿਰਖ ਲਾਉਂਦਿਆਂ ਉਸ ਨੂੰ ਵੀ ਕਹਿਣ ਲੱਗੀ,

‘‘ਤਾਇਆ ਜੀ! ਸਮਝਾਓ ਕੁਝ ਪਾਪਾ ਨੂੰ, ਕੋਠੀ ਭਾਵੇਂ ਮਾਡਰਨ ਬਣਾ ਲਈ ਪਰ ਆਪਣੀਆਂ ਆਦਤਾਂ ਨਹੀਂ ਛੱਡੀਆਂ, ਉਹੀ ਪੁਰਾਣੀਆਂ।’’

ਰੌਂਸ ’ਤੇ ਬੈਠੇ ਗੁਰਮੀਤ ਨੂੰ ਇਹ ਸਭ ਚੇਤੇ ਆਇਆ ਤਾਂ ਨਵੀਂ ਕੋਠੀ ਦੇ ਚਮਕਦੇ ਰੰਗ ਜਿਵੇਂ ਉਸ ਦੀਆਂ ਅੱਖਾਂ ਵਿੱਚ ਚੁੱਭਣ ਲੱਗੇ ਹੋਣ,‘ਜਿਨ੍ਹਾਂ ਲਈ ਬਣਾਇਆ ਉਨ੍ਹਾਂ ਨੂੰ ਹੀ ਪਸੰਦ ਨਹੀਂ ਤਾਂ ਮੈਂ ਐਵੇਂ ਆਪਣੀ ਜਾਨ ਤੋੜਦਾ ਰਿਹਾ?’ ਉਹ ਮਨੋ ਮਨੀ ਸਵਾਲ ਜਵਾਬ ਕਰਨ ਲੱਗਾ।

ਪਿੱਤੇ ਦੇ ਅਪਰੇਸ਼ਨ ਪਿੱਛੋਂ ਤਾਂ ਉਸ ਦਾ ਖਾਣ ਪੀਣ ਹੋਰ ਵੀ ਘਟ ਗਿਆ ਸੀ ਤੇ ਸਿਹਤ ਪਹਿਲਾਂ ਤੋਂ ਵੀ ਕਮਜ਼ੋਰ ਹੋ ਗਈ ਸੀ। ਚਿੜਚਿੜੇ ਸੁਭਾਅ ਦਾ ਹੋ ਕੇ ਉਹ ਸਾਰਾ ਗੁੱਸਾ ਭਜਨੋ ’ਤੇ ਹੀ ਕੱਢਦਾ ਰਹਿੰਦਾ, ‘ਇਹਦੇ ਹੀ ਨਾਨਕੇ ਇੰਗਲੈਂਡ ਗਏ ਹੋਏ ਸੀ, ਪਹਿਲਾਂ ਦੇ, ਕਿਵੇਂ ਵਲੈਤੀ ਸੂਟਾਂ ਦੇ ਲਾਲਚ ’ਚ ਉਨ੍ਹਾਂ ਦਾ ਅੱਗਾ ਤੱਗਾ ਕਰਦੀ ਰਹਿੰਦੀ ਸੀ। ਹੁਣ ਉਨ੍ਹਾਂ ਦੇ ਪਿੱਛੇ ਕੀ ਆ, ਮਕਾਨ ਖੰਡਰ ਹੋਏ ਪਏ, ਭੰਗ ਭੁੱਜਦੀ।’

ਭਜਨੋ ਦੇ ਮਾਮਿਆਂ ਦੇ ਪੁੱਤ ਤਾਂ ਪਹਿਲੀਆਂ ਵਿਚ ਬਥੇਰਾ ਆਉਂਦੇ ਰਹੇ ਸਨ ਪਰ ਉਨ੍ਹਾਂ ਦੀ ਔਲਾਦ ਉਧਰ ਗੋਰਿਆਂ ਦੇ ਸੱਭਿਆਚਾਰ ਚ ਹੀ ਰਚਮਿਚ ਗਈ ਸੀ। ਜਿੰਨਾ ਕੁ ਚਿਰ ਉਨ੍ਹਾਂ ਦੋਵਾਂ ਭਰਾਵਾਂ ਦੀਆਂ ਚੱਲਦੀਆਂ ਰਹੀਆਂ, ਉਹ ਆਉਂਦੇ ਰਹੇ। ਹੁਣ ਵੱਡੇ ਦੀ ਰੀੜ੍ਹ ਦਾ ਮਣਕਾ ਹਿੱਲ ਜਾਣ ਕਾਰਨ ਉਹ ਸਫਰ ਕਰਨ ਜੋਗਾ ਨਹੀਂ ਸੀ ਰਿਹਾ ਤੇ ਛੋਟਾ ਦਾਰੂ ਨੇ ਲੈ ਲਿਆ ਸੀ।

‘ਲੈ ਲੈਣ ਨਜ਼ਾਰੇ ਵਲੈਤ ਦੇ।’ ਗੁਰਮੀਤ ਨੇ ਮਨੋ ਮਨੀ ਭੜਾਸ ਕੱਢੀ। ਦੋ ਚਾਰ ਦਿਨ ਇਧਰ ਟੌਹਰ ਨਾਲ ਰਹਿ ਕੇ ਬਾਕੀਆਂ ਨੂੰ ਵੀ ਖਰਾਬ ਕਰਦੇ ਸੀ। ਹੁਣ ਉਸ ਦਾ ਧਿਆਨ ਆਪਣੇ ਭਤੀਜਿਆਂ ’ਤੇ ਚਲਾ ਗਿਆ। ਉਸ ਦੇ ਦੋਵਾਂ ਭਰਾਵਾਂ ਨੇ ਵੀ ਤਾਂ ਆਪੋ ਆਪਣਾ ਪੁੱਤ ਜਾਨ ਜੋਖ਼ਮ ’ਚ ਪਾ ਅਮਰੀਕਾ ਨੂੰ ਤੋਰ ਦਿੱਤਾ ਸੀ। ਮਸਾਂ ਪੁੱਜੇ ਸਨ ਉਹ ਦੋਵੇਂ ਤੇ ਹਾਲੇ ਵੀ ਉੱਥੇ ਚੋਰੀ ਹੀ ਰਹਿੰਦੇ, ਨਾ ਆਪ ਇੱਧਰ ਆ ਸਕਦੇ ਨਾ ਇਨ੍ਹਾਂ ਨੂੰ ਉਧਰ ਬੁਲਾ ਸਕਦੇ। ਪਿੱਛੇ ਇੱਕ ਦਿਨ ਰਾਤ ਵੇਲੇ ਜਦੋਂ ਗੁਰਮੀਤ ਦੀ ਅਚਾਨਕ ਸਿਹਤ ਵਿਗੜੀ ਤਾਂ ਤਿੰਨਾਂ ਹੀ ਘਰਾਂ ’ਚ ਕੋਈ ਜਵਾਨ ਨਹੀਂ ਸੀ, ਉਸ ਨੂੰ ਕਿਤੇ ਲੈ ਕੇ ਜਾਣ ਲਈ। ਜਿਨ੍ਹਾਂ ਨੂੰ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਸੀ ਉਨ੍ਹਾਂ ਦਾ ਮੁੰਡਾ ਲੈ ਕੇ ਗਿਆ, ਆਪਣੀ ਗਰਜ ਖਾਤਰ।

ਗੁਰਮੀਤ ਦਾ ਧਿਆਨ ਹੁਣ ਪਿੰਡ ਦੇ ਆਸੇ ਪਾਸੇ ਵਸਦੇ ਹੋਰ ਘਰਾਂ ’ਤੇ ਜਾਣ ਲੱਗਾ। ਬਹੁਤਿਆਂ ਦੇ ਧੀ-ਪੁੱਤ ਪਿਛਲੇ ਅੱਠਾਂ ਦਸਾਂ ਸਾਲਾਂ ’ਚ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦਾ ਰੁਖ਼ ਕਰ ਗਏ ਸਨ। ਗੁਰਮੀਤ ਨੂੰ ਹੁਣ ਭਜਨੋ ਦੇ ਨਾਨਕਿਆਂ ਵਾਂਗ ਇਹ ਘਰ ਵੀ ਖੰਡਰ ਬਣਦੇ ਨਜ਼ਰ ਆ ਰਹੇ ਸਨ। ਹੁਣ ਉਹ ਆਪਣੀ ਕੋਠੀ ਵੱਲ ਵੇਖਣ ਲੱਗਾ, ‘ਕਿੰਨਾ ਕੁ ਚਿਰ ਰਹੂਗੀ ਇਹ ਵੀ ਇੰਜ ਹੀ ਚਮਕਦੀ?’ ਇਹ ਸੋਚਦਿਆਂ ਉਸ ਦੀਆਂ ਅੱਖਾਂ ਵਹਿ ਤੁਰੀਆਂ ।ਧੁੰਦਲਾਈਆਂ ਨਜ਼ਰਾਂ ਨਾਲ ਹੁਣ ਉਸ ਨੂੰ ਇਹ

ਵੀ ਆਸੇ ਪਾਸੇ ਦੇ ਬਾਕੀ ਮਕਾਨਾਂ ਜਿਹੀ ਹੀ ਲੱਗਣ ਲੱਗੀ

ਜੋ ਭਾਵੇਂ ਚੋਅ ਦੇ ਹੜ੍ਹ ਦੀ ਮਾਰ ਤੋਂ ਤਾਂ ਬਚ ਗਈ ਸੀ ਪਰ ਪਰਵਾਸ ਦਾ ਹੜ੍ਹ ਤਾਂ ਇਸ ਦੀਆਂ ਨੀਹਾਂ ਨੂੰ ਵੀ ਕਦੋਂ ਦਾ ਖੋਰਾ ਲਾ ਚੁੱਕਾ ਸੀ।

ਸੰਪਰਕ: 98550-24495

Advertisement
×