DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜ ਮਿੰਟ ਬਾਕੀ...

ਇਹ ਕਹਾਣੀ ਤੁਰਕੀ ਦੀ ਜਾਣੀ-ਪਛਾਣੀ ਲੇਖਿਕਾ ਅਤੇ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕਾਰਜਸ਼ੀਲ ਰਹਿਣ ਵਾਲੀ ਸਮਾਜਿਕ ਆਗੂ ਜ਼ੇਨੈਪ ਓਰਾਲ ਦੀ ਲਿਖੀ ਹੋਈ ਹੈ। ਨਾਰੀ ਮਨ ਦਾ ਸਾਰ ਅਤੇ ਭਾਰ ਬਣੀ ਪਿਤਰਕੀ ਨੂੰ ਬਿਹਤਰੀਨ ਢੰਗ ਨਾਲ ਪ੍ਰਗਟਾਉਣ ਵਾਲੀ ਇਸ ਲੇਖਿਕਾ...
  • fb
  • twitter
  • whatsapp
  • whatsapp
Advertisement

ਇਹ ਕਹਾਣੀ ਤੁਰਕੀ ਦੀ ਜਾਣੀ-ਪਛਾਣੀ ਲੇਖਿਕਾ ਅਤੇ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕਾਰਜਸ਼ੀਲ ਰਹਿਣ ਵਾਲੀ ਸਮਾਜਿਕ ਆਗੂ ਜ਼ੇਨੈਪ ਓਰਾਲ ਦੀ ਲਿਖੀ ਹੋਈ ਹੈ। ਨਾਰੀ ਮਨ ਦਾ ਸਾਰ ਅਤੇ ਭਾਰ ਬਣੀ ਪਿਤਰਕੀ ਨੂੰ ਬਿਹਤਰੀਨ ਢੰਗ ਨਾਲ ਪ੍ਰਗਟਾਉਣ ਵਾਲੀ ਇਸ ਲੇਖਿਕਾ ਨੂੰ ਤੁਰਕੀ ਦੇ ਸਰਵਉੱਚ ਸਾਹਿਤਕ ਸਨਮਾਨ ਦੇ ਨਾਲ ਨਾਲ ਯੂਨੇਸਕੋ ਦਾ ਮਦਰਜ਼ ਫਾਰ ਪੀਸ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਹਿੰਦੀ ਵਿੱਚ ਸ੍ਰੀ ਯਾਦਵੇਂਦਰ ਵੱਲੋਂ ਅਨੁਵਾਦਿਤ ਇਸ ਕਹਾਣੀ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।

ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ।

Advertisement

ਉਹ ਲੰਮੇ ਸੰਭਲੇ ਕਦਮਾਂ ਨਾਲ ਕਾਹਲੀ ਕਾਹਲੀ ਤੁਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਰ ਕਦਮ ’ਤੇ ਜਿਹੜੀ ਆਵਾਜ਼ ਉਸ ਦੇ ਕੰਨੀਂ ਪੈ ਰਹੀ ਸੀ ਅਤੇ ਹਰ ਪਲ ਉੱਚੀ ਹੁੰਦੀ ਜਾ ਰਹੀ ਸੀ ਉਹ ਸੀ, ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਸਾਰੀ ਦੁਨੀਆ ਇਸ ਬਾਰੇ ਇੱਕ ਮਤ ਹੋਵੇ ਅਤੇ ਉਸ ਨੂੰ ਸੁਣਾ ਸੁਣਾ ਕੇ ਇਹੋ ਗੱਲ ਵਾਰ ਵਾਰ ਆਖ ਰਹੀ ਹੋਵੇ। ਉਸ ਨੇ ਘੜੀ ’ਤੇ ਨਜ਼ਰ ਮਾਰੀ। ਸਵੇਰ ਦੇ ਚਾਰ ਵੱਜ ਰਹੇ ਸਨ। ਮੈਨੂੰ ਹੋਰ ਤੇਜ਼ ਤੁਰਨਾ ਪਵੇਗਾ। ਜੇ ਇਸ ਮੋੜ ’ਤੇ ਟੈਕਸੀ ਨਾ ਮਿਲੀ ਤਾਂ ਮਾਰੀ ਜਾਵਾਂਗੀ। ਇੱਥੇ ਹਮੇਸ਼ਾ ਇੱਕ-ਦੋ ਨਹੀਂ, ਕਈ ਕਈ ਟੈਕਸੀਆਂ ਖੜ੍ਹੀਆਂ ਹੁੰਦੀਆਂ ਨੇ। ਪਰ ਅੱਜ???

ਤੂੰ ਕੀ ਕਹਿ ਰਹੀ ਹੈਂ... ਹਮੇਸ਼ਾ? ਜਿਵੇਂ ਤੂੰ ਹਮੇਸ਼ਾ ਇਸ ਵੇਲੇ... 4 ਵਜੇ ਸਵੇਰੇ... ਇਸ ਸੜਕ ਤੋਂ ਲੰਘਦੀ ਹੈਂ!

ਹਾਂ ਬਾਬਾ, ਮੈਂ ਸਮਝ ਗਈ... ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰ ਤੋਂ ਬਾਹਰ ਨਹੀਂ ਰਹਿੰਦੀ। ਪਰ ਇਸ ਸਮੇਂ ਮੈਂ ਹਾਂ ਤਾਂ ਘਰ ਤੋਂ ਬਾਹਰ... ਇਹ ਵੀ ਸੱਚ ਹੈ ਕਿ ਰਾਤ ਮੈਂ ਘਰ ਤੋਂ ਬਾਹਰ ਕਿਸੇ ਹੋਰ ਨਾਲ, ਕਿਸੇ ਹੋਰ ਥਾਂ ਅਤੇ ਘਰ ਵਿੱਚ ਜਿਵੇਂ ਰਹਿੰਦੀ ਹਾਂ ਉਸ ਤੋਂ ਵੱਖਰੀ ਤਰ੍ਹਾਂ ਬਿਤਾਈ ਹੈ... ਅਤੇ ਹੁਣ ਜਦੋਂ ਸਵੇਰ ਦੇ ਚਾਰ ਵੱਜ ਰਹੇ ਹਨ ਮੈਂ ਆਪਣੇ ਘਰ ਵਾਪਸ ਪਰਤ ਰਹੀ ਹਾਂ।

ਸੜਕ ’ਤੇ ਉਸ ਦੇ ਤੁਰਨ ਨਾਲ ਆ ਰਹੀ ਆਵਾਜ਼ ਵਧਦੀ ਜਾ ਰਹੀ ਸੀ ...ਸਾਫ਼ ਸੁਣਾਈ ਦੇ ਰਹੀ ਸੀ। ਸੁੰਨੀ ਅਤੇ ਬਰਸਾਤ ਨਾਲ ਗਿੱਲੀ ਹੋ ਗਈ ਸੜਕ ’ਤੇ ਉਸ ਦੀ ਜੁੱਤੀ ਦੀਆਂ ਅੱਡੀਆਂ ਖੱਟ ਖੱਟ ਵੱਜ ਰਹੀਆਂ ਸਨ। ਮਾਹੌਲ ਨੂੰ ਆਪਣੇ ਸ਼ੋਰ ਨਾਲ ਭਰ ਦੇਣ ਵਾਲੀ ਇਹ ਉੱਚੀ ਆਵਾਜ਼ ਵੀ ਮਨ ਵਿੱਚ ਬੈਠੀ ਉਸ ਆਵਾਜ਼ ਨੂੰ ਦਬਾ ਨਹੀਂ ਸੀ ਪਾ ਰਹੀ।

ਇਸ ਅਣਹੋਣੀ ਘਟਨਾ ਤੋਂ ਫ਼ਿਕਰਮੰਦ ਹੋਏ ਉਸ ਦੇ ਪਿਤਾ ਹਤਾਸ਼ ਹੋ ਕੇ ਕਹਿੰਦੇ: ‘‘ਮੇਰੀਏ ਸਿਆਣੀਏ ਧੀਏ, ਹੁਣ ਤੂੰ ਸਮਝਦਾਰ ਹੋ ਗਈ ਹੈਂ। ਤੈਨੂੰ ਹੁਣ ਤੱਕ ਵੀ ਪਤਾ ਕਿਉਂ ਨਹੀਂ ਲੱਗਿਆ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ।’’

ਉਸ ਦੀ ਮਾਂ ਕੁੜ੍ਹ ਰਹੀ ਹੈ: ‘‘ਯਾ ਰੱਬਾ! ਇਹ ਸਾਡੇ ਨਾਲ ਕੀ ਹੋ ਰਿਹਾ ਹੈ?’’

ਉਸ ਦੀ ਅਧਿਆਪਕਾ ਨੇ ਪੂਰੀ ਕਲਾਸ ਸਾਹਮਣੇ, ਬਲੈਕ ਬੋਰਡ ਕੋਲ, ਉਸ ਨੂੰ ਖੜ੍ਹੀ ਕਰ ਲਿਆ ਤੇ ਬੋਲੀ, ‘‘ਚਲੋ ਮੈਂ ਇੱਕ ਵਾਕ ਬੋਲਦੀ ਹਾਂ, ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ। ਤੁਸੀਂ ਦੱਸੋ ਇਸ ਵਿੱਚ ਕਿਹੜਾ ਸ਼ਬਦ ਨਾਂਵ ਹੈ? ਕਿਹੜਾ ਵਿਸ਼ੇਸ਼ਣ? ਕਿਹੜਾ ਕਿਰਿਆ? ਤੇ ਕਿਹੜਾ ਕਿਰਿਆ ਵਿਸ਼ੇਸ਼ਣ?’’

ਇਹ ਗੱਲ ਚੱਲ ਹੀ ਰਹੀ ਸੀ ਕਿ ਕਲਾਸ ਵਿੱਚ ਹੈੱਡਮਾਸਟਰ ਆ ਪਹੁੰਚੇ, ‘‘ਕਿਰਿਆ ਵਿਸ਼ੇਸ਼ਣ?’’ ਫਿਰ ਉਸ ਵੱਲ ਦੇਖ ਕੇ ਚੀਖੇ, ‘‘ਧਿਆਨ ਦੇ ਕੁੜੀਏ... ਫਿਰ ਸਮਝ ਆਵੇਗਾ ਕਿਰਿਆ ਵਿਸ਼ੇਸ਼ਣ।’’

ਮੈਨੂੰ ਇਹ ਵਿਆਕਰਣ ਕਦੇ ਵੀ ਸਹੀ ਢੰਗ ਨਾਲ ਸਮਝ ਨਹੀਂ ਆਈ। ਸੋਚਦੀ ਰਹੀ ਕਿ ਇਸ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਕਿਹੜਾ ਹੈ? ਰਾਤ... ਲੱਗਦਾ ਹੈ ਰਾਤ ਹੀ ਹੋਵੇਗਾ ਇਸ ਦਾ ਉੱਤਰ... ਸਾਰੀ ਉਮਰ ਮੈਂ ਆਪਣੀਆਂ ਰਾਤਾਂ ਨੂੰ ਲੈ ਕੇ ਮੁਸ਼ਕਿਲ ਵਿੱਚ ਪੈਂਦੀ ਰਹੀ ਹਾਂ... ਅਰੇ ਰਾਤਾਂ ਨੂੰ ਲੈ ਕੇ ਨਹੀਂ ਕਿਰਿਆ ਵਿਸ਼ੇਸ਼ਣ ਨੂੰ ਲੈ ਕੇ।

‘‘ਮੈਂ ਤੇਰੇ ਤੋਂ ਇਹ ਸਫ਼ਾਈ ਤਾਂ ਮੰਗੀ ਹੀ ਨਹੀਂ ਕਿ ਰਾਤ ਭਰ ਕਿੱਥੇ ਰਹੀ ਤੇ ਕੀ ਕਰਦੀ ਰਹੀ...?’’ ਉਸ ਦੇ ਪਤੀ ਦੀ ਪ੍ਰਤੀਕਿਰਿਆ ਹੋਵੇਗੀ, ‘‘ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ।’’

‘‘ਇਹ ਤਾਂ ਹੱਦ ਹੀ ਹੋ ਗਈ...’’ ਉਸ ਦੇ ਦੋਸਤ ਸੁਣਨਗੇ ਤਾਂ ਆਖਣਗੇ, ‘‘ਕੋਈ ਵਿਆਹੁਤਾ ਔਰਤ ਰਾਤ ਭਰ ਘਰ ਤੋਂ ਬਾਹਰ ਨਹੀਂ ਰਹਿੰਦੀ। ਇਹ ਵੀ ਕੀ ਗੱਲ ਹੋਈ... ਅਜੇ ਸਵੇਰ ਤਾਂ ਹੋਈ ਨਹੀਂ, ਕੋਈ ਕਿਵੇਂ ਕਹਿ ਸਕਦਾ ਹੈ ਕਿ ਮੈਂ ਜਦੋਂ ਘਰ ਪਰਤੀ ਉਦੋਂ ਰਾਤ ਬੀਤ ਚੁੱਕੀ ਸੀ ਅਤੇ ਜਦੋਂ ਮੈਂ ਘਰ ਪਹੁੰਚੀ ਸਵੇਰ ਹੋ ਗਈ ਸੀ। ਹਨੇਰਾ ਤਾਂ ਅਜੇ ਵੀ ਹੈ। ਮੈਂ ਘਰ ਸਮੇਂ ਸਿਰ ਨਹੀਂ ਪਹੁੰਚ ਸਕੀ... ਬਸ ਥੋੜ੍ਹੀ ਦੇਰ ਹੋ ਗਈ... ਇਸ ਵਿੱਚ ਐਸੀ ਕਿਹੜੀ ਖ਼ਾਸ ਗੱਲ ਹੈ ਅਤੇ ਇਸ ਨਾਲ ਫ਼ਰਕ ਵੀ ਕੀ ਪਿਆ: ਬਾਰਾਂ ਨਹੀਂ ਤਾਂ ਦੋ... ਹੁਣ ਦੋ ਦੇ ਚਾਰ ਵੱਜ ਗਏ ਤਾਂ ਕਿਹੜਾ ਅਣਹੋਣੀ ਹੋ ਗਈ... ਦੋ ਘੰਟੇ ਇਧਰ ਉਧਰ ਹੋਣ ਨਾਲ ਆਖ਼ਰ ਕਿਹੜਾ ਪਹਾੜ ਟੁੱਟ ਪਿਆ...? ਕੁੱਲ ਮਿਲਾ ਕੇ ਬਸ ਏਨੀ ਹੀ ਤਾਂ ਗੱਲ ਹੈ ਕਿ ਰਾਤ ਘਰ ਪਹੁੰਚਣ ਵਿੱਚ ਦੇਰ ਹੋ ਗਈ। ਹੁਣ ਮਾਰੋ ਗੋਲੀ ਇਸ ਗੱਲ ਨੂੰ ... ਪਰ ਤੂੰ ਆਪਣੀਆਂ ਅੱਖਾਂ ਵਿੱਚ ਹੀ ਘੱਟਾ ਪਾ ਰਹੀ ਹੈਂ ਝੱਲੀਏ? ਸੱਚ ਤਾਂ ਇਹ ਹੈ ਕਿ ਹੁਣ ਸਵੇਰ ਦੇ ਚਾਰ ਵੱਜੇ ਹਨ ਅਤੇ ਤੂੰ ਇਸ ਤੋਂ ਪਹਿਲਾਂ ਦਾ ਸਾਰਾ ਸਮਾਂ ਘਰ ਤੋਂ ਬਾਹਰ ਬਿਤਾਇਆ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ।

ਹੁਣ ਗੱਲ ਚੱਲ ਹੀ ਰਹੀ ਹੈ ਤਾਂ ਮੈਂ ਦੱਸ ਦਿਆਂ ਕਿ ਮੈਂ ਰਾਤ ਨੂੰ ਸੜਕਾਂ ’ਤੇ ਅਵਾਰਾਗਰਦੀ ਨਹੀਂ ਸੀ ਕਰ ਰਹੀ। ਮੈਂ ਇੱਕ ਮੀਟਿੰਗ ਵਿੱਚ ਸ਼ਾਮਿਲ ਸਾਂ। ਉਹ ਮੀਟਿੰਗ ਗ਼ੈਰ-ਕਾਨੂੰਨੀ ਸੀ... ਤੌਬਾ ਤੌਬਾ, ਇਹ ਚੰਦਰੀ ਜ਼ੁਬਾਨ ਵੀ ਕੀ ਕਹਿ ਗਈ... ਉਸ ਵਿੱਚ ਗ਼ੈਰ-ਕਾਨੂੰਨੀ ਕੁਝ ਨਹੀਂ ਸੀ... ਨਹੀਂ ਨਹੀਂ, ਕਾਨੂੰਨਨ ਸੀ ਸਭ ਕੁਝ... ਮੇਰਾ ਮਤਲਬ ਹੈ ਪੂਰੀ ਤਰਾਂ ਜਾਇਜ਼... ਪਰ ਕੁਝ ਕੁਝ ਨਾਜਾਇਜ਼ ਵੀ... ਨਹੀਂ ਨਹੀਂ, ਹੁਣ ਮੈਂ ਆਪਣੀ ਜ਼ੁਬਾਨ ਬੰਦ ਰੱਖਾਂਗੀ... ਕੁਝ ਨਹੀਂ ਬੋਲਾਂਗੀ... ਕਿਸੇ ਕੋਲ ਇਹ ਰਾਜ਼ ਕਿਉਂ ਜ਼ਾਹਰ ਕਰਾਂ ਕਿ ਮੈਂ ਕਿੱਥੇ ਸੀ... ਮੇਰੇ ਨਾਲ ਕੌਣ ਕੌਣ ਸੀ ਅਤੇ ਉਸ ਸਮੇਂ ਮੈਂ ਕੀ ਕਰ ਰਹੀ ਸੀ?

ਉਸ ਨੇ ਆਪਣੀ ਘੜੀ ’ਤੇ ਨਜ਼ਰ ਮਾਰੀ- ਚਾਰ ਵੱਜ ਕੇ 12 ਮਿੰਟ ਹੋਏ ਸਨ। ਸੁੰਨੀ ਸੜਕ ਉੱਤੇ ਉਸ ਤੋਂ ਇਲਾਵਾ ਦੂਰ ਦੂਰ ਤੱਕ ਕਿਸੇ ਦਾ ਕੋਈ ਅਤਾ ਪਤਾ ਨਹੀਂ ਸੀ। ਸਭ ਕੁਝ... ਇਨਸਾਨ... ਕਾਰਾਂ... ਸਭ ਕੁਝ ਸੜਕ ਤੋਂ ਇੰਜ ਗਾਇਬ ਸੀ ਜਿਵੇਂ ਕਿਸੇ ਨੇ ਜਾਦੂ ਦੀ ਛੜੀ ਫੇਰ ਕੇ ਸਭ ਨੂੰ ਚੁੱਕ ਲਿਆ ਹੋਵੇ। ਗਲੀਆਂ ਦੀਆਂ ਕਾਲੀਆਂ ਦੀਵਾਰਾਂ ਏਨੀਆਂ ਉੱਚੀਆਂ ਲੱਗ ਰਹੀਆਂ ਸਨ ਕਿ ਉਨ੍ਹਾਂ ਵਿਚਕਾਰ ਕਲੱਤਣ ਦਾ ਸਾਮਰਾਜ ਹੋਰ ਸੰਘਣਾ ਅਤੇ ਡਰਾਉਣਾ ਲੱਗ ਰਿਹਾ ਸੀ। ਕੀ ਇਹ ਕੋਈ ਭੂਤਾਂ ਦੀ ਭੁੱਲ ਭਲੱਈਆ ਹੈ? ਜਾਂ ਭਰਮਾ ਕੇ ਗ੍ਰਿਫ਼ਤ ਵਿੱਚ ਲੈਣ ਵਾਲਾ ਕੋਈ ਜਾਲ? ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਘਰ ਤੱਕ ਜਾਣ ਦਾ ਰਸਤਾ ਏਨਾ ਲੰਮਾ, ਏਨਾ ਔਖਾ ਹੋਵੇਗਾ।

ਪੰਜ ਬਲਾਕ... ਸਿਰਫ਼ ਪੰਜ ਬਲਾਕ ਹੀ ਤਾਂ ਹੋਰ ਹਨ ਜਿਨ੍ਹਾਂ ਨੂੰ ਪਾਰ ਕਰਦਿਆਂ ਹੀ ਮੈਂ ਚੌਰਾਹੇ ਤੱਕ ਪਹੁੰਚ ਜਾਵਾਂਗੀ। ਬਸ ਘਰ ਆ ਗਿਆ ਸਮਝੋ। ਮੁਸ਼ਕਲ ਨਾਲ ਦਸ ਮਿੰਟ ਹੋਰ। ਮੈਨੂੰ ਉੱਚੀ ਅੱਡੀ ਪਾਉਣੀ ਹੀ ਨਹੀਂ ਸੀ ਚਾਹੀਦੀ। ਇਹ ਨਹੀਂ ਕਿ ਉੱਚੀ ਅੱਡੀ ਨਾਲ ਮੈਨੂੰ ਚੱਲਣ ਵਿੱਚ ਕੋਈ ਦਿੱਕਤ ਆਉਂਦੀ ਹੈ ਪਰ ਇਸ ਨਾਲ ਆਉਂਦੀ ਖਟ ਖਟ ਦੀ ਆਵਾਜ਼ ਨਾਲ ਘਬਰਾਹਟ ਹੋਣ ਲੱਗੀ ਹੈ। ਮੈਂ ਇਨ੍ਹਾਂ ਨੂੰ ਲਾਹ ਕੇ ਹੱਥ ਵਿੱਚ ਨਾ ਫੜ ਲਵਾਂ...! ਮੈਨੂੰ ਲੱਗਦਾ ਹੈ ਇੰਜ ਕਰਨਾ ਠੀਕ ਰਹੇਗਾ। ਪਰ ਕਿਸੇ ਵਿਆਹੁਤਾ ਔਰਤ ਨੂੰ ਰਾਤ ਵੇਲੇ ਸੜਕਾਂ ’ਤੇ ਨੰਗੇ ਪੈਰ ਵੀ ਤਾਂ ਨਹੀਂ ਤੁਰਨਾ ਚਾਹੀਦਾ। ਫਿਰ ਇਉਂ ਹੋਵੇਗਾ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ ਵਾਲੇ ਜੁਮਲੇ ਨਾਲ ਨੰਗੇ ਪੈਰਾਂ ਵਾਲਾ ਇਹ ਜੁਮਲਾ ਵੀ ਪੂਛ ਵਾਂਗ ਲੱਗ ਜਾਵੇਗਾ... ਅਤੇ ਜਦੋਂ ਸਵੇਰ ਦੇ ਚਾਰ ਵੱਜ ਰਹੇ ਹੋਣ ਉਦੋਂ ਤਾਂ ਪੱਕਾ ਹੀ।

ਨਹੀਂ... ਨਹੀਂ, ਮੇਰੀ ਮਾਂ ਨੂੰ ਤਾਂ ਇਹ ਬਿਲਕੁਲ ਹੀ ਮਨਜ਼ੂਰ ਨਹੀਂ ਹੋਵੇਗਾ... ਸੱਚ ਤਾਂ ਇਹੋ ਹੈ ਕਿ ਮੈਂ ਵਿਆਹੁਤਾ ਹਾਂ... ਸਾਰੀ ਰਾਤ ਘਰ ਤੋਂ ਬਾਹਰ ਰਹੀ ਅਤੇ ਹੁਣ ਚਾਰ ਵਜੇ ਘਰ ਪਰਤ ਰਹੀ ਹਾਂ। ਚਾਰ ਕਿੱਥੇ ਸਵਾ ਚਾਰ... ਉਹ ਵੀ ਨੰਗੇ ਪੈਰ! ਇਹ ਤਾਂ ਇੰਤਹਾ ਹੈ... ਬਰਦਾਸ਼ਤ ਤੋਂ ਬਾਹਰ। ਮਾਂ ਤਾਂ ਇਹ ਬਿਲਕੁਲ ਸਵੀਕਾਰ ਨਹੀਂ ਕਰੇਗੀ... ‘‘ਧੀਏ, ਚਲ ਮੰਨ ਲਿਆ ਕਿ ਤੈਨੂੰ ਆਪਣੀ ਚਿੰਤਾ ਨਹੀਂ... ਨਾ ਹੀ ਸਾਡੀ ਇੱਜ਼ਤ ਦੀ ਪਰਵਾਹ ਹੈ... ਪਰ ਆਪਣੇ ਬੱਚਿਆਂ ਬਾਰੇ ਤਾਂ ਸੋਚ, ਉਨ੍ਹਾਂ ਉੱਤੇ ਕੀ ਬੀਤਦੀ ਹੋਵੇਗੀ?’’

ਮੇਰੇ ਬੱਚੇ! ਯਾ ਖ਼ੁਦਾ! ਮੇਰੇ ਬੱਚੇ! ਕੀ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰ ਤੋਂ ਬਾਹਰ ਨਹੀਂ ਰਹਿੰਦੀ। ਪਰ ਅਜੇ ਉਨ੍ਹਾਂ ਦੀ ਉਮਰ ਹੀ ਕਿੰਨੀ ਹੈ। ਇੱਕ ਤਾਂ ਅਜੇ ਤਿੰਨ ਸਾਲ ਦਾ ਹੈ ਅਤੇ ਦੂਜੇ ਦੀ ਉਮਰ ਵੀ ਮਸਾਂ ਪੰਜ ਸਾਲ ਹੋਵੇਗੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ। ਇੰਜ ਹੋ ਨਹੀਂ ਸਕਦਾ ਕਿ ਕਿਸੇ ਨਾ ਕਿਸੇ ਨੇ ਉਨ੍ਹਾਂ ਨੂੰ ਇਹ ਪਾਠ ਪੜ੍ਹਾਇਆ ਨਾ ਹੋਵੇ।

ਤੂੰ ਸਾਡੀ ਮਾਂ ਏਂ, ਪਰ ਕੀ ਸਾਰੀ ਸ਼ਰਮ ਹਯਾ ਘੋਲ ਕੇ ਪੀ ਲਈ ਹੈ ਤੂੰ? ਕੀ ਤੈਨੂੰ ਨਹੀਂ ਪਤਾ ਕਿ ਕਿਸੇ ਵਿਆਹੁਤਾ... ਲਾਹਨਤ ਹੈ ਮਾਂ... ਅਜਿਹੀ ਕਾਰਸਤਾਨੀ ’ਤੇ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ।

ਨਹੀਂ... ਬਿਲਕੁਲ ਨਹੀਂ... ਤੇ ਸ਼ਰਮ ਵੀ ਕਾਹਦੀ? ਇਸ ਵੇਲੇ ਉਹ ਘਰ ਵਿੱਚ ਗੂੜ੍ਹੀ ਨੀਂਦ ਸੌਂ ਰਹੇ ਹੋਣਗੇ। ਇਹ ਬੱਚਿਆਂ ਦੇ ਸੌਣ ਦਾ ਸਮਾਂ ਹੈ।

ਕੀ ਫਾਲਤੂ ਗੱਲ ਕਰਦੀ ਏਂ? ਜਿਸ ਪਰਿਵਾਰ ਦੀ ਇੱਕ ਔਰਤ ਏਨੀ ਰਾਤ ਤੱਕ ਘਰ ਨਾ ਪਰਤੀ ਹੋਵੇ ਉੱਥੇ ਭਲਾ ਕੌਣ ਸੁੱਤਾ ਹੋਵੇਗਾ? ਸਾਰੇ ਬੈਠੇ ਦਰਵਾਜ਼ੇ ’ਤੇ ਹੋਣ ਵਾਲੀ ਆਹਟ ਦਾ ਇੰਤਜ਼ਾਰ ਕਰ ਰਹੇ ਹੋਣਗੇ। ਬਾਲ ਬੱਚਿਆਂ ਵਾਲੀ ਇੱਕ ਨਾਪਾਕ ਔਰਤ ਦਾ ਘਰ ਪਰਤਣਾ... ਉਹ ਵੀ ਵਿਆਹੁਤਾ... ਸਵੇਰ ਦੇ ਚਾਰ ਵਜੇ...

ਉਸ ਨੇ ਆਪਣੀ ਘੜੀ ਵੇਖੀ। ਚਾਰ ਵੱਜ ਕੇ ਵੀਹ ਮਿੰਟ ਹੋ ਰਹੇ ਸਨ। ਉਸ ਦੀਆਂ ਜੁੱਤੀਆਂ ਦੀ ਆਵਾਜ਼ ਏਨੀ ਉੱਚੀ ਕਿਉਂ ਸੁਣਾ ਰਹੀ ਸੀ? ਜਿਉਂ ਜਿਉਂ ਇਹ ਆਵਾਜ਼ ਵਧ ਰਹੀ ਸੀ ਉਸ ਦੇ ਮਨ ਵਿੱਚ ਬੈਠੀ ਆਵਾਜ਼ ਹੋਰ ਖੌਰੂ ਪਾ ਰਹੀ ਸੀ। ਉਸ ਤੋਂ ਬਚਣ ਲਈ ਉਹ ਪੰਜਿਆਂ ਭਾਰ ਤੁਰਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਕੋਈ ਫ਼ਾਇਦਾ ਨਾ ਹੋਇਆ। ਹੋਇਆ ਉਲਟ ਕਿ ਉਸ ਦੀ ਚਾਲ ਹੋਰ ਹੌਲੀ ਹੋ ਗਈ ਅਤੇ ਮਨ ਵਿੱਚ ਬੈਠਾ ਡਰ, ਘਬਰਾਹਟ ਅਤੇ ਬੇਚੈਨੀ ਹੋਰ ਪ੍ਰਬਲ ਹੋ ਗਈ। ਆਖ਼ਰ ਇੱਥੇ ਆ ਕੇ ਦੁਨੀਆ ਖ਼ਤਮ ਥੋੜ੍ਹਾ ਹੋ ਜਾਂਦੀ ਹੈ... ਉਸ ਨੇ ਆਪਣੇ ਮਨ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਨਾ ਤਸੱਲੀ ਮਿਲੀ, ਨਾ ਸਾਹਸ ਪਰਤਿਆ। ਹਜ਼ਾਰਾਂ ਆਵਾਜ਼ਾਂ ਮਿਲ ਕੇ ਉਸ ਦੇ ਅੰਦਰ ਇੱਕੋ ਸੁਰ ਵਿੱਚ ਗੂੰਜਣ ਲੱਗੀਆਂ, ‘‘ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ’’ ...ਵਾਰ-ਵਾਰ ਇੱਕੋ ਜੁਮਲਾ ਸਾਰਿਆਂ ਦੀ ਜ਼ੁਬਾਨ ’ਤੇ।

ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੁੱਤਾ ਕੋਈ ਨਹੀਂ... ਸਾਰੇ ਬੈਠੇ ਮੇਰੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ। ਸਿਰਫ਼ ਮੇਰਾ ਪਰਿਵਾਰ ਨਹੀਂ... ਆਂਢੀ-ਗੁਆਂਢੀ ਵੀ... ਇੱਥੋਂ ਤੱਕ ਕਿ ਸਾਰਾ ਮੁਹੱਲਾ ਹੀ... ਸੜਕ ਦੇ ਦੂਜੇ ਕਿਨਾਰੇ ਜਿਸ ਦੀ ਦੁਕਾਨ ਹੈ ਉਹ ਪੰਸਾਰੀ ਵੀ... ਸਾਡੀ ਕਤਾਰ ਵਿੱਚ ਦੂਸਰੇ ਘਰ ਨੂੰ ਛੱਡ ਕੇ ਜੋ ਕਸਾਈ ਹੈ... ਉਸ ਦੇ ਸਾਹਮਣੇ ਉਹ ਦਵਾਈਆਂ ਵੇਚਣ ਵਾਲਾ ਲਾਲਾ... ਇਨ੍ਹਾਂ ਵਿੱਚੋਂ ਕੋਈ ਵੀ ਸੁੱਤਾ ਨਹੀਂ ਹੋਣਾ। ਸਾਰੇ ਮੇਰੇ ਪਰਤਣ ਦਾ ਦ੍ਰਿਸ਼ ਦੇਖਣ ਲਈ ਦਰਵਾਜ਼ੇ ਵੱਲ ਟਿਕਟਿਕੀ ਲਾਈ ਬੈਠੇ ਹੋਣਗੇ। ਉਹ ਦੇਖਣਾ ਚਾਹੁੰਦੇ ਹੋਣਗੇ ਕਿ ਇੱਕ ਵਿਆਹੁਤਾ ਔਰਤ ਸਾਰੀ ਰਾਤ ਘਰ ਤੋਂ ਬਾਹਰ ਗੁਜ਼ਾਰ ਕੇ ਘਰ ਕਿਵੇਂ ਪਰਤਦੀ ਹੈ... ਕੋਈ ਬਾਲਕੋਨੀ ਵਿੱਚ ਬੈਠ ਕੇ ਦੇਖੇਗਾ... ਕੋਈ ਖਿੜਕੀ ਵਿੱਚੋਂ ਝਾਕ ਕੇ ਵੇਖੇਗਾ ਅਤੇ ਕਈ ਏਨੇ ਕਮਲੇ ਵੀ ਹੋਣਗੇ ਕਿ ਬਾਹਰ ਸੜਕ ’ਤੇ ਨਿਕਲ ਕੇ ਨਜ਼ਾਰਾ ਵੇਖਣਗੇ। ਇੰਤਜ਼ਾਰ ਕਰਦੇ ਕੁਝ ਲੋਕਾਂ ਦੇ ਹੱਥ ਵਿੱਚ ਮੁਗਦਰ ਵਰਗਾ ਕੋਈ ਹਥਿਆਰ ਹੋਵੇਗਾ... ਗੁਆਂਢ ਵਿੱਚ ਰਹਿਣ ਵਾਲਾ ਕਸਾਈ ਤਾਂ ਹਲਾਲ ਕਰਨ ਵਾਲਾ ਛੁਰਾ ਲੈ ਕੇ ਸ਼ਿਕਾਰ ਦੇ ਇੰਤਜ਼ਾਰ ਵਿੱਚ ਤਿਆਰ ਹੋਵੇਗਾ... ਪੰਸਾਰੀ ਸੜੇ ਹੋਏ ਟਮਾਟਰ ਅਤੇ ਅੰਡੇ ਇਕੱਠੇ ਕਰਕੇ ਮੇਰੇ ’ਤੇ ਹਮਲਾ ਕਰਨ ਲਈ ਤਿਆਰ ਬੈਠਾ ਹੋਵੇਗਾ। ਸਭ ਦੇ ਮੂੰਹੋਂ ਬਸ ਇੱਕ ਗੱਲ ਨਿਕਲ ਰਹੀ ਹੋਵੇਗੀ: ਕੋਈ ਵਿਆਹੁਤਾ ਔਰਤ ਸਾਰੀ ਰਾਤ ਘਰ ਤੋਂ ਬਾਹਰ ਨਹੀਂ ਰਹਿੰਦੀ।

ਸਬਰ ਕਰੋ... ਬਸ ਇੱਕ ਮਿੰਟ... ਮੈਨੂੰ ਸਮਝਾਉਣ ਦਿਓ...

ਪਰ ਸਮਝਾਉਣ ਨੂੰ ਮੇਰੇ ਕੋਲ ਹੈ ਹੀ ਕੀ? ‘‘... ਖ਼ਾਮੋਸ਼, ਤੈਨੂੰ ਜ਼ੁਬਾਨ ਖੋਲ੍ਹਣ ਦਾ ਕੋਈ ਹੱਕ ਨਹੀਂ। ਸਾਨੂੰ ਪਤਾ ਹੈ ਕਿ ਉਹ ਚੰਗੀ ਪਾਕ ਔਰਤ ਨਹੀਂ। ਉਸ ਦੇ ਮਾਪੇ ਇੱਜ਼ਤਦਾਰ ਲੋਕ ਹਨ... ਮੈਂ ਉਨ੍ਹਾਂ ਨੂੰ ਪਹਿਲਾਂ ਹੀ ਖ਼ਬਰਦਾਰ ਕੀਤਾ ਸੀ ਕਿ ਧੀ ਦੇ ਚਾਲ-ਚਲਣ ’ਤੇ ਨਜ਼ਰ ਰੱਖੋ... ਪਰ ਸੁਣਦਾ ਕੌਣ ਹੈ? ਮੈਂ ਤਾਂ ਉਸ ਦੇ ਪਤੀ ਨੂੰ ਵੀ ਕਿਹਾ ਸੀ ਕਿ ਆਪਣੀ ਬੀਵੀ ਨੂੰ ਏਨੀ ਆਜ਼ਾਦੀ ਦੇ ਕੇ ਖੁੱਲ੍ਹਾ ਨਾ ਛੱਡ... ਜੇ ਮੈਂ ਤੁਹਾਨੂੰ ਉਸ ਬਾਰੇ ਦੱਸਣ ਲੱਗਾਂ ਤਾਂ...।’’ ਇਹ ਆਖ਼ਰੀ ਜੁਮਲਾ ਭਾਰ ਢੋਣ ਵਾਲੇ ਕੁਲੀ ਦਾ ਸੀ ਜਿਸ ਦੀਆਂ ਘੂਰਦੀਆਂ ਰਹਿੰਦੀਆਂ ਨਜ਼ਰਾਂ ਮੈਨੂੰ ਕਦੇ ਨਹੀਂ ਸੁਖਾਈਆਂ।

ਮੈਨੂੰ ਇੱਕ ਮੌਕਾ ਦਿਓ... ਸਿਰਫ਼ ਇੱਕ ਮੌਕਾ... ਤਾਂ ਕਿ ਮੈਂ ਸਾਰੀਆਂ ਗੱਲਾਂ ਦਾ ਵਿਸਤਾਰ ਵਿੱਚ ਖੁਲਾਸਾ ਕਰ ਸਕਾਂ। ਤੁਸੀਂ ਥੋੜ੍ਹੀ ਦੇਰ ਲਈ ਜ਼ੁਬਾਨ ਬੰਦ ਰੱਖੋਗੇ ਅਤੇ ਸੁਣੋਗੇ ਜੋ ਮੈਂ ਕਹਿ ਰਹੀ ਹਾਂ... ਤਾਂ ਤੁਸੀਂ ਫੌਰਨ ਸਮਝ ਜਾਵੋਗੇ ਕਿ...

ਪਰ ਮੇਰੀ ਇਹ ਗੁਜ਼ਾਰਿਸ਼ ਮੱਝ ਅੱਗੇ ਬੀਨ ਵਜਾਉਣ ਵਰਗੀ ਹੈ... ਗੱਲ ਸੁਣਨ ਨੂੰ ਕੋਈ ਤਿਆਰ ਨਹੀਂ... ਉਹ ਗੁੱਸੇ ਦੀ ਅੱਗ ਵਿੱਚ ਸੁਲਗ਼ ਰਹੇ ਹਨ... ਇਸ ਵੇਲੇ ਕੁਝ ਵੀ ਸੁਣਨਾ ਉਨ੍ਹਾਂ ਨੂੰ ਆਪਣੀ ਸ਼ਾਨ ਦੇ ਵਿਰੁੱਧ ਲੱਗ ਰਿਹਾ ਹੈ।

ਉਨ੍ਹਾਂ ਇਕੱਠੇ ਹੋਏ ਲੋਕਾਂ ਵਿੱਚੋਂ ਇੱਕ ਉੱਚੀ ਸਾਰੀ ਦਹਾੜਿਆ, ‘‘ਹੁਣ ਤੈਨੂੰ ਸਾਡੇ ਸਾਹਮਣੇ ਨਹੀਂ ਜੱਜ ਦੇ ਸਾਹਮਣੇ ਸਫ਼ਾਈ ਦੇਣੀ ਪਏਗੀ... ਸਾਡੇ ਹੱਥੋਂ ਗੱਲ ਨਿਕਲ ਚੁੱਕੀ ਹੈ... ਹੁਣ ਤਾਂ ਅਦਾਲਤ ਹੀ ਫ਼ੈਸਲਾ ਕਰੇਗੀ।’’

‘‘ਕੀ ਕਿਹਾ... ਇਸ ਮਾਮਲੇ ਵਿੱਚ ਅਦਾਲਤ ਕਿੱਥੋਂ ਆ ਟਪਕੀ? ਤੇ ਜੱਜ... ਆਖ਼ਰ ਕਿਉਂ? ਮੈਂ ਮੁਜਰਿਮ ਨਹੀਂ... ਇਹੋ ਜਿਹਾ ਵੀ ਕਿਹੜਾ ਗੁਨਾਹ ਕਰ ਦਿੱਤਾ ਮੈਂ?’’

ਮੇਰੇ ਆਸੇ-ਪਾਸੇ ਚੀਕਦੇ ਚਿਲਾਉਂਦੇ ਲੋਕਾਂ ਦਾ ਘੇਰਾ ਵਧਦਾ ਜਾ ਰਿਹਾ ਹੈ। ਆਸੇ-ਪਾਸੇ ਦੇ ਹੋਰ ਬਹੁਤ ਸਾਰੇ ਲੋਕ ਮੁਗਦਰ, ਛੁਰੇ ਤੇ ਹੋਰ ਹਥਿਆਰ ਚੁੱਕੀ ਪਹਿਲਾਂ ਵਾਲਿਆਂ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ। ਪੂਰਾ ਸ਼ਹਿਰ ਹੀ ਹਥਿਆਰਬੰਦ ਹੋ ਕੇ ਇਕੱਠਾ ਹੋ ਗਿਆ ਹੈ...

ਮੈਨੂੰ ਜਾਨ ਬਚਾ ਕੇ ਇੱਥੋਂ ਭੱਜਣਾ ਪਵੇਗਾ... ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲ ਹੀ ਜਾਣਾ ਚਾਹੀਦਾ ਹੈ। ਜੇ ਇੰਜ ਨਾ ਕੀਤਾ ਤਾਂ ਇਹ ਵਹਿਸ਼ੀ ਲੋਕ ਮੈਨੂੰ ਨੋਚ ਨੋਚ ਕੇ ਮਾਰ ਦੇਣਗੇ। ਨਹੀਂ, ਬਿਲਕੁਲ ਨਹੀਂ... ਮੈਂ ਅਜਿਹੀ ਮੌਤ ਨਹੀਂ ਮਰਨਾ ਚਾਹੁੰਦੀ। ਮੈਂ ਕੋਈ ਗੁਨਾਹ ਨਹੀਂ ਕੀਤਾ। ਮੈਨੂੰ ਭੱਜਣਾ ਹੀ ਪਵੇਗਾ... ਦੂਰ ਬਹੁਤ ਦੂਰ... ਤੇਜ਼ ਹੋਰ ਤੇਜ਼... ਕਮਲੀਏ, ਇੰਜ ਨਹੀਂ, ਹਵਾ ਦੀ ਰਫ਼ਤਾਰ ਨਾਲ ਭੱਜ...

‘‘ਰੁਕ! ਜਿੱਥੇ ਹੈਂ ਉੱਥੇ ਹੀ ਖੜ੍ਹੀ ਰਹਿ... ਇੱਕ ਕਦਮ ਵੀ ਅੱਗੇ ਨਹੀਂ...’’

ਇਸ ਕੜਕਦੀ ਆਵਾਜ਼ ਨਾਲ ਸਵੇਰ ਥਰਥਰਾ ਗਈ... ਔਰਤ ਵੀ ਕੰਬੀ ਅਤੇ ਉਸ ਦੇ ਮਨ ਵਿੱਚ ਬੈਠਾ ਹੋਇਆ ਡਰ ਵੀ। ਚੌਂਕ ਕੇ ਉਹ ਰੁਕ ਗਈ। ਬਦਹਵਾਸੀ ਵਿੱਚ ਉਸ ਨੂੰ ਅਹਿਸਾਸ ਹੀ ਨਾ ਰਿਹਾ ਕਿ ਕਿੰਨੀ ਦੇਰ ਤੋਂ ਉਹ ਦੌੜਦੀ ਜਾ ਰਹੀ ਸੀ। ਰੁਕ ਕੇ ਉਸ ਨੇ ਆਸਾ-ਪਾਸਾ ਵੇਖਿਆ। ਉਹ ਆਪਣੇ ਘਰ ਦੇ ਬਿਲਕੁਲ ਨੇੜਲੇ ਚੌਰਾਹੇ ’ਤੇ ਖੜ੍ਹੀ ਸੀ। ਦੋ ਫ਼ੌਜੀ ਬੰਦੂਕਾਂ ਤਾਣੀ ਬਿਲਕੁਲ ਤਿਆਰ ਖੜ੍ਹੇ ਸਨ ਜਿਵੇਂ ਹੁਣ ਚਲਾ ਦੇਣਗੇ।

ਉਹ ਖੜ੍ਹ ਗਈ। ਚਾਰੇ ਪਾਸੇ ਉਸ ਨੇ ਨਜ਼ਰ ਘੁਮਾਈ। ਮੰਜ਼ਰ ਦੇਖ ਕੇ ਇਕਦਮ ਸਕਤੇ ਵਿੱਚ ਆ ਗਈ। ਇਹ ਹਥਿਆਰਬੰਦ ਫ਼ੌਜੀ ਇੱਥੇ ਕੀ ਕਰ ਰਹੇ ਹਨ? ਕਿਸੇ ਵਿਆਹੁਤਾ ਔਰਤ ਦੀ ਨੈਤਿਕਤਾ ਦਾ ਹਿਸਾਬ ਕਿਤਾਬ ਰੱਖਣਾ ਹੀ ਹੈ ਤਾਂ ਇਹ ਪੁਲੀਸ ਦਾ ਕੰਮ ਹੈ। ਫ਼ੌਜ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਕਿਤੇ ਇੰਜ ਤਾਂ ਨਹੀਂ ਕਿ ਪੁਲੀਸ ਦੇ ਸਾਰੇ ਕੰਮਕਾਜ ਫ਼ੌਜ ਦੇ ਸਪੁਰਦ ਕਰ ਦਿੱਤੇ ਗਏ ਹੋਣ। ਹੁਣ ਉਸ ਨੂੰ ਕਿਵੇਂ ਪਤਾ ਲੱਗੇ ਕਿ ਘਰ ਤੋਂ ਬਾਹਰ ਰਹਿਣ ਦੀ ਸਫ਼ਾਈ ਕਿਸ ਨੂੰ ਦੇਣੀ ਪਵੇਗੀ? ਪੁਲੀਸ ਨੂੰ ਜਾਂ ਫ਼ੌਜੀਆਂ ਨੂੰ... ਹੁਣੇ ਹੁਣੇ ਤਾਂ ਕੋਈ ਭੀੜ ਵਿੱਚੋਂ ਚੀਕ ਰਿਹਾ ਸੀ ਜੱਜ... ਅਦਾਲਤ... ਇਹ ਫ਼ੌਜੀ ਜੇ ਮੈਨੂੰ ਫੜ ਲੈਣਗੇ ਤਾਂ ਮੇਰਾ ਮੁਕੱਦਮਾ ਕਿੱਥੇ ਚਲਾਉਣਗੇ? ਇੱਥੇ ਇਸੇ ਚੌਰਾਹੇ ਵਿੱਚ ਜਾਂ ਮਿਲਟਰੀ ਜੀਪ ਦੇ ਅੰਦਰ? ...ਨਹੀਂ ਨਹੀਂ, ਜੀਪ ਦੇ ਅੰਦਰ ਕਿਉਂ? ਮੁਕੱਦਮਾ ਤਾਂ ਸਭ ਦੀਆਂ ਨਜ਼ਰਾਂ ਦੇ ਸਾਹਮਣੇ ਚੱਲੇਗਾ... ਇੱਥੇ ਇਸੇ ਚੌਰਾਹੇ ਵਿੱਚ... ਇਸੇ ਵਕਤ...

ਮੈਂ ਤੈਅ ਕਰ ਲਿਆ ਹੈ, ਮੈਂ ਕੁਝ ਨਹੀਂ ਬੋਲਾਂਗੀ। ਮੂੰਹ ਵਿੱਚੋਂ ਇੱਕ ਸ਼ਬਦ ਵੀ ਨਹੀਂ ਕੱਢਾਂਗੀ। ਜਦੋਂ ਤੱਕ ਮੇਰਾ ਬਚਾਅ ਕਰਨ ਲਈ ਕੋਈ ਵਕੀਲ ਨਹੀਂ ਆ ਜਾਂਦਾ... ਮੈਨੂੰ ਕਾਨੂੰਨਨ ਇਹ ਅਧਿਕਾਰ ਮਿਲਿਆ ਹੋਇਆ ਹੈ। ਪਰ ਸਭ ਬਕਵਾਸ ਹੈ... ਮਹਿਜ਼ ਲਫ਼ਾਜ਼ੀ... ਜ਼ਮੀਨੀ ਹਕੀਕਤ ਇਹ ਹੈ ਕਿ ਕਾਨੂੰਨੀ ਅਧਿਕਾਰ ਵਰਗੇ ਜੁਮਲੇ ਸਿਰਫ਼ ਟੀਵੀ ਵਿੱਚ ਦਿਖਾਏ ਜਾਣ ਵਾਲੇ ਅਮਰੀਕੀ ਸੀਰੀਅਲਾਂ ਵਿੱਚ ਸੁਣਾਈ ਦਿੰਦੇ ਹਨ। ਅਸਲ ਵਿੱਚ ਇਨ੍ਹਾਂ ਦਾ ਕੋਈ ਵਜੂਦ ਨਹੀਂ। ਇਹ ਕਿਉਂ ਨਹੀਂ ਹੋ ਸਕਦਾ ਕਿ ਇੱਥੇ ਖੜ੍ਹੀ ਫ਼ੌਜੀ ਜੀਪ, ਇਹ ਫ਼ੌਜੀ ਮੇਰੀ ਹਿਫ਼ਾਜ਼ਤ ਲਈ ਖੜ੍ਹੇ ਹੋਣ ਤਾਂ ਕਿ ਕਿਤੇ ਮੈਨੂੰ ਘੇਰੀ ਖੜ੍ਹੇ ਗੁੱਸੇ ਵਿੱਚ ਆਏ ਲੋਕ ਮੈਨੂੰ ਨੋਚ ਨੋਚ ਕੇ ਨਾ ਮਾਰ ਸੁੱਟਣ। ਫ਼ੌਜ ਅਕਸਰ ਦੇਸ਼ ਨੂੰ ਗ਼ਲਤ ਹੱਥਾਂ ਵਿੱਚ ਜਾਣ ਤੋਂ ਬਚਾਉਣ ਦੀ ਗੱਲ ਕਰਦੀ ਹੈ। ਦੇਸ਼ ਨੂੰ ਬਚਾਉਣਾ ਆਪਣੀ ਜਗ੍ਹਾ... ਮੈਂ ਵੀ ਤਾਂ ਦੇਸ਼ ਦੀ ਇੱਕ ਨਾਗਰਿਕ ਹਾਂ... ਮੈਨੂੰ ਬਚਾਉਣ ਲਈ ਵੀ ਤਾਂ ਉਹ ਸਾਹਮਣੇ ਆ ਸਕਦੇ ਹਨ।

ਫਿਰ ਇਕਦਮ ਉਸ ਨੂੰ ਲੱਗਿਆ ਕਿ ਹੁਣ ਕੋਈ ਚੀਕ ਨਹੀਂ ਰਿਹਾ ਕਿ ‘ਕੋਈ ਵਿਆਹੁਤਾ ਔਰਤ ਰਾਤ ਭਰ ਘਰੋਂ ਬਾਹਰ ਨਹੀਂ ਰਹਿੰਦੀ’। ਉਸ ਨੇ ਸਾਹ ਲਿਆ, ਥੋੜ੍ਹਾ ਇਤਮਿਨਾਨ ਆਇਆ। ਫਿਰ ਅਚਾਨਕ ਹੱਸਣ ਨੂੰ ਮਨ ਕੀਤਾ ਪਰ ਹੱਸ ਨਾ ਸਕੀ।

ਕੜਕ ਆਵਾਜ਼ ਵਿੱਚ ਹੁਕਮ ਦੁਹਰਾਇਆ ਗਿਆ: ‘‘ਜਿੱਥੇ ਹੈਂ ਉੱਥੇ ਰੁਕ ਜਾ, ਇੱਕ ਕਦਮ ਵੀ ਹੋਰ ਅੱਗੇ ਨਹੀਂ... ਆਪਣਾ ਸ਼ਨਾਖਤੀ ਕਾਰਡ ਦਿਖਾ।’’ ਉਸ ਨੇ ਫੌਰਨ ਆਪਣਾ ਸ਼ਨਾਖ਼ਤੀ ਕਾਰਡ ਕੱਢ ਕੇ ਵਿਖਾਇਆ। ਪਰ ਬਦਹਵਾਸੀ ਵਿੱਚ ਉਸ ਨੂੰ ਯਾਦ ਨਹੀਂ ਸੀ ਆ ਰਿਹਾ ਕਿ ਕਾਰਡ ਉੱਤੇ ਉਸ ਦੇ ਵਿਆਹ ਬਾਰੇ, ਉਸ ਦੇ ਵਿਆਹੀ ਵਰੀ ਹੋਣ ਬਾਰੇ ਕੁਝ ਦਰਜ ਹੈ? ਉਸ ਨੇ ਕਦੇ ਗੌਰ ਵੀ ਨਹੀਂ ਸੀ ਕੀਤਾ ਕਿ ਕੁਝ ਲਿਖਿਆ ਵੀ ਹੈ ਜਾਂ ਨਹੀਂ। ਫ਼ੌਜੀਆਂ ਨੇ ਉਸ ਨੂੰ ਉਲਟਾ ਪਲਟਾ ਕੇ ਵੇਖਿਆ ਅਤੇ ਤੁਰੰਤ ਵਾਪਸ ਕਰਦਿਆਂ ਪੁੱਛਿਆ, ‘‘ਤੂੰ ਕਿੱਥੇ ਜਾ ਰਹੀ ਹੈਂ?’’

‘‘ਘਰ... ਆਪਣੇ ਘਰ ਜਾ ਰਹੀ ਹਾਂ।’’ ਉਸ ਨੇ ਆਪਣੇ ਵਿਆਹੁਤਾ ਹੋਣ ਬਾਰੇ ਕੁਝ ਨਹੀਂ ਕਿਹਾ। ਨਾ ਉਨ੍ਹਾਂ ਨੇ ਕੁਝ ਪੁੱਛਿਆ ਤੇ ਨਾ ਉਸ ਨੇ ਦੱਸਿਆ।

‘‘ਕਿੱਥੇ ਹੈ ਤੇਰਾ ਘਰ?’’

‘‘ਇੱਥੇ ਹੀ... ਬਿਲਕੁਲ ਸਾਹਮਣੇ...,’’ ਜਵਾਬ ਦਿੰਦਿਆਂ ਉਸ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਬਿਨਾਂ ਪੁੱਛਿਆ ਹੀ ਜੋੜ ਦਿੱਤਾ ਕਿ ਮੈਂ ਵਿਆਹੁਤਾ ਔਰਤ ਹਾਂ... ਮੇਰੇ ਦੋ ਬੱਚੇ ਵੀ ਹਨ।

‘‘ਚੰਗਾ, ਫਿਰ ਠੀਕ ਹੈ... ਤੂੰ ਜਾ...,’’ ਉਨ੍ਹਾਂ ਨੇ ਕਿਹਾ।

ਇਸ ਘਟਨਾ ਤੋਂ ਬਾਅਦ ਉਹ ਧੀਮੀ ਤੋਰ ਤੁਰ ਪਈ। ਉਸ ਦੇ ਗੋਡੇ ਕੰਬ ਰਹੇ ਸਨ... ਪਤਾ ਨਹੀਂ ਡਰ ਨਾਲ, ਪਤਾ ਨਹੀਂ ਇੰਨੀ ਦੇਰ ਦੌੜਨ ਕਰਕੇ। ਉਸ ਨੂੰ ਖ਼ੁਦ ਵੀ ਪਤਾ ਨਹੀਂ ਸੀ ਚੱਲ ਰਿਹਾ। ਪਰ ਉਸ ਨੂੰ ਏਨਾ ਸਮਝ ਆ ਗਿਆ ਕਿ ਹੁਣ ਉਸ ਨੂੰ ਕਦਮਾਂ ਦੀ ਆਹਟ ਨਹੀਂ ਸੀ ਸੁਣ ਰਹੀ। ਉਸ ਨੂੰ ਇਹ ਵੀ ਲੱਗਾ ਕਿ ਜੋ ਲੋਕ ਹੁਣ ਤੱਕ ਉਸ ਉੱਤੇ ਨਜ਼ਰਾਂ ਗੱਡੀ ਬੈਠੇ ਸਨ, ਉਹ ਆਪੋ ਆਪਣੇ ਟਿਕਾਣਿਆਂ ’ਤੇ ਪਰਤ ਗਏ ਸਨ। ਉਸ ਨੇ ਆਪਣੇ ਆਪ ਨੂੰ ਕਿਹਾ, ‘‘ਆਪਣਾ ਧਿਆਨ ਕੰਬਦੇ ਪੈਰਾਂ ਤੋਂ ਹਟਾ ਅਤੇ ਸਿਰ ਉਠਾ ਕੇ ਅੱਗੇ ਵਧ।’’

ਉਦੋਂ ਹੀ ਉਸ ਦੀਆਂ ਨਜ਼ਰਾਂ ਖਿੜਕੀਆਂ ਵੱਲ ਗਈਆਂ... ਜਾਪਿਆ ਕਿ ਇਹ ਨਜ਼ਾਰਾ ਵੇਖਣ ਲਈ ਸਭ ਜਾਗ ਰਹੇ ਸਨ।

ਉਹ ਸਾਰੇ ਮੈਨੂੰ ਹੀ ਦੇਖ ਰਹੇ ਹੋਣਗੇ ਅਤੇ ਖਿੜਕੀਆਂ ਦੇ ਓਹਲੇ ਘੁਸਰ-ਮੁਸਰ ਵੀ ਕਰ ਰਹੇ ਹੋਣਗੇ: ‘‘ਇੱਥੇ ਇਕੱਲੇ ਇਕੱਲੇ ਨੂੰ ਪਤਾ ਹੈ ਕਿ ਤੂੰ ਸਾਰੀ ਰਾਤ ਘਰੋਂ ਬਾਹਰ ਰਹੀ ਹੈਂ... ਅਸੀਂ ਏਨੇ ਨਾਦਾਨ ਥੋੜ੍ਹਾ ਹਾਂ ਕਿ ਆਸ-ਪਾਸ ਕੀ ਹੋ ਰਿਹਾ ਹੈ ਸਾਨੂੰ ਪਤਾ ਹੀ ਨਾ ਚੱਲੇ... ਸਾਨੂੰ ਸਭ ਕੁਝ ਪਤਾ ਹੈ।’’ ਹੁਣ ਉਹ ਸਾਰੇ ਮਿਲ ਕੇ ਆਸਮਾਨ ਵੱਲ ਮੁੱਕੇ ਤਾਣਨਗੇ ਅਤੇ ਜ਼ੋਰ ਜ਼ੋਰ ਦੀ ਚੀਕਣਾ ਚਿਲਾਉਣਾ ਸ਼ੁਰੂ ਕਰ ਦੇਣਗੇ। ਆਪਣਾ ਗੁੱਸਾ ਉਹ ਇਸ ਤਰ੍ਹਾਂ ਖਿੜਕੀਆਂ ਤੋਂ ਬਾਹਰ ਉਛਾਲਣਗੇ ਕਿ ਉਸ ਨੂੰ ਅੱਛਾ ਖਾਸਾ ਸਬਕ ਮਿਲ ਜਾਵੇਗਾ... ਆਖ਼ਰ ਉਹ ਸਮਝਦੀ ਕੀ ਹੈ ਆਪਣੇ ਆਪ ਨੂੰ!

ਉਹ ਆਪਣੇ ਘਰ ਵੱਲ ਕਦਮ ਵਧਾ ਰਹੀ ਸੀ। ਏਨੀ ਤੇਜ਼ ਵੀ ਨਹੀਂ ਸੀ ਚੱਲ ਰਹੀ, ਪਰ ਫਿਰ ਵੀ ਉਸ ਦੇ ਪੈਰ ਲੜਖੜਾ ਰਹੇ ਸਨ। ਤੁਸੀਂ ਖਾਹਮਖਾਹ ਗੁੱਸੇ ਹੋ ਰਹੇ ਹੋ, ਮੈਨੂੰ ਹੁਣ ਤੱਕ ਤਾਂ ਕਿਸੇ ਅਦਾਲਤ ਨੇ ਗੁਨਾਹਗਾਰ ਨਹੀਂ ਠਹਿਰਾਇਆ। ਹੁਣੇ ਹੁਣੇ ਦੀ ਤਾਂ ਗੱਲ ਹੈ... ਇੱਥੇ ਚੌਰਾਹੇ ’ਤੇ ਦੋ ਪੁਲੀਸ ਵਾਲੇ... ਨਹੀਂ ਨਹੀਂ, ਵਰਦੀ ਵਾਲੇ ਫ਼ੌਜੀ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਮੇਰੀ ਗੱਲ ਇਕਦਮ ਸਮਝ ਆ ਗਈ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਮੈਂ ਵਿਆਹੁਤਾ ਔਰਤ ਹਾਂ ਅਤੇ ਮੇਰੇ ਦੋ ਬੱਚੇ ਹਨ ਤਾਂ ਉਨ੍ਹਾਂ ਨੇ ਮੇਰੀ ਗੱਲ ਸੁਣ ਕੇ ਮੈਨੂੰ ਜਾਣ ਦਿੱਤਾ।

ਉਹ ਆਪਣੇ ਘਰ ਦੇ ਦਰਵਾਜ਼ੇ ਤੱਕ ਪਹੁੰਚਣ ਹੀ ਵਾਲੀ ਸੀ ਕਿ ਪਹਿਲੀ ਮੰਜ਼ਿਲ ’ਤੇ ਰਹਿਣ ਵਾਲੇ ਗੁਆਂਢੀਆਂ ਨੇ ਉਸ ਨੂੰ ਵੇਖ ਕੇ ਹੱਥ ਹਿਲਾਇਆ। ਆਸ-ਪਾਸ ਦੇ ਜਿੰਨੇ ਵੀ ਘਰ ਸਨ, ਸਭ ਦੀਆਂ ਖਿੜਕੀਆਂ ਵਿੱਚ ਬੈਠੇ ਲੋਕ ਬਾਹਰ ਦੇਖ ਰਹੇ ਸਨ। ਇੱਕ-ਦੂਜੇ ਨਾਲ ਨਜ਼ਰ ਮਿਲ ਜਾਂਦੀ ਤਾਂ ਆਪਸ ਵਿੱਚ ਹੱਥ ਹਿਲਾ ਕੇ ਇੱਕ-ਦੂਜੇ ਨੂੰ ਸਲਾਮ ਵੀ ਕਰਦੇ। ਜਿੰਨੇ ਵੀ ਚਿਹਰੇ ਉਸ ਨੂੰ ਦਿਖਾਈ ਦੇ ਰਹੇ ਸਨ ਚਿੰਤਾ ਅਤੇ ਘਬਰਾਹਟ ਦੇ ਭਾਵ ਸਾਰੇ ਚਿਹਰਿਆਂ ’ਤੇ ਇੱਕੋ ਜਿਹੇ ਸਨ, ਪਰ ਉਸ ਪ੍ਰਤੀ ਕੋਈ ਹਮਲਾਵਰ ਦਿਖਾਈ ਨਹੀਂ ਸੀ ਦੇ ਰਿਹਾ। ਇੰਝ ਬਿਲਕੁਲ ਨਹੀਂ ਸੀ ਲੱਗ ਰਿਹਾ ਕਿ ਮੌਕਾ ਮਿਲੇ ਤਾਂ ਉਹ ਉਸ ਨੂੰ ਨੋਚ ਨੋਚ ਕੇ ਮਾਰ ਸੁੱਟਣਗੇ। ਹੁਣ ਉਹ ਆਪਣੇ ਘਰ ਦੇ ਦਰਵਾਜ਼ੇ ’ਤੇ ਪਹੁੰਚ ਗਈ ਸੀ। ਸਾਮਾਨ ਢੋਣ ਵਾਲਾ ਉਹ ਕੁਲੀ ਉਸ ਨੂੰ ਉੱਥੇ ਹੀ ਮਿਲ ਗਿਆ। ਚਿਹਰੇ ’ਤੇ ਮੁਸਕਰਾਹਟ ਲਿਆ ਕੇ ਉਸ ਨੇ ਕਿਹਾ, ‘‘ਬੀਬੀ, ਇੱਕ ਚੰਗੀ ਖ਼ਬਰ ਹੈ।’’ ਉਹ ਇਸ ਗੱਲ ਦਾ ਜਵਾਬ ਦਿੱਤੇ ਬਿਨਾਂ ਪੌੜੀਆਂ ਚੜ੍ਹਨ ਲੱਗੀ।

ਪਿੱਛੇ ਪਿੱਛੇ ਮਜ਼ਦੂਰ ਵੀ ਆ ਰਿਹਾ ਸੀ। ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਉਂਦੇ ਜੀ ਉਸ ਨੇ ਇਹ ਦਿਨ ਵਿਖਾਇਆ... ਉਹ ਕਹਿੰਦਾ ਆ ਰਿਹਾ ਸੀ । ਉਸ ਨੂੰ ਕੋਈ ਇਲਮ ਨਹੀਂ ਸੀ ਕਿ ਉਹ ਮਜ਼ਦੂਰ ਜਿਸ ਦੀਆਂ ਨਿਗਾਹਾਂ ਉਸ ਨੂੰ ਕਦੇ ਨਹੀਂ ਸੀ ਸੁਖਾਈਆਂ,ਕਿਸ ਗੱਲ ਤੋਂ ਖ਼ੁਸ਼ ਹੋ ਰਿਹਾ ਸੀ। ਉਹ ਸੋਚ ਰਹੀ ਸੀ ਕਿ ਉਹ ਬਦਤਮੀਜ਼ ਇਸ ਵੇਲੇ ਵੀ ਉਸ ਦੇ ਪਿੱਛੇ ਲੱਗ ਗਿਆ ਹੈ।

ਘਰ ਦੇ ਦਰਵਾਜ਼ੇ ’ਤੇ ਪਹੁੰਚ ਕੇ ਉਸ ਨੂੰ ਆਪਣੇ ਪਰਸ ਵਿੱਚੋਂ ਚਾਬੀ ਕੱਢਣ ਦੀ ਜ਼ਰੂਰਤ ਨਹੀਂ ਪਈ... ਨਾ ਹੀ ਘੰਟੀ ਵਜਾਉਣੀ ਪਈ। ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਉਸ ਦੀ ਮੰਜ਼ਿਲ ’ਤੇ ਜਿੰਨੇ ਵੀ ਘਰ ਸਨ ਸਭ ਦੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਕੋਈ ਘਰ ਅਜਿਹਾ ਨਹੀਂ ਸੀ ਜਿੱਥੇ ਗਹਿਮਾ ਗਹਿਮੀ ਨਹੀਂ ਸੀ।

ਅੰਦਰ ਪਹੁੰਚ ਕੇ ਉਹ ਸਿੱਧੀ ਆਪਣੇ ਕਮਰੇ ਵਿੱਚ ਗਈ। ਪਤੀ ਜਾਗਦਾ ਸੀ। ਉਸ ਨੇ ਨਜ਼ਰ ਉਠਾ ਕੇ ਉਸ ਵੱਲ ਵੇਖਿਆ ਤੇ ਆਪਣੀ ਥਾਂ ਤੋਂ ਇੰਚ ਭਰ ਵੀ ਨਾ ਹਿੱਲਿਆ। ਬੜੇ ਧਿਆਨ ਨਾਲ ਰੇਡੀਓ ਸੁਣ ਰਿਹਾ ਸੀ। ‘‘ਅੱਛਾ, ਤੁਸੀਂ ਇਸ ਵੇਲੇ ਤੱਕ ਜਾਗਦੇ ਹੋ...?’’ ਪਤੀ ਨੂੰ ਵੇਖ ਕੇ ਉਹ ਬੋਲੀ, ‘‘...ਦੇਖੋ ਮੈਨੂੰ ਪਤਾ ਹੈ ਕਿ ਕੋਈ ਵਿਆਹੁਤਾ ਔਰਤ ਰਾਤ ਭਰ ਘਰ ਤੋਂ ਬਾਹਰ ਨਹੀਂ ਰਹਿੰਦੀ ,ਪਰ ਕੱਲ੍ਹ ਸ਼ਾਮ...।’’

ਪਤੀ ਨੇ ਉਸ ਦੀ ਗੱਲ ਸੁਣੀ ਅਤੇ ਆਪਣੇ ਹੋਂਠਾਂ ’ਤੇ ਉਂਗਲੀ ਰੱਖ ਕੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਹੱਥ ਫੜ ਕੇ ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਆਪਣੀ ਗੋਦੀ ਵਿੱਚ ਬਿਠਾ ਲਿਆ... ਪੂਰੇ ਪਿਆਰ ਨਾਲ ਉਸਨੂੰ ਆਪਣੀ ਜੱਫੀ ਵਿੱਚ ਲੈ ਲਿਆ। ਰੇਡੀਓ ’ਤੇ ਭਾਰੀ ਆਵਾਜ਼ ਵਿੱਚ ਕੋਈ ਬੋਲ ਰਿਹਾ ਸੀ: ‘‘ਮੈਂ ਪਿਆਰੇ ਤੁਰਕੀ ਵਾਸੀਆਂ ਨੂੰ ਮੁਖਾਤਬ ਹੋ ਰਿਹਾ ਹਾਂ... ਇਸ ਵੇਲੇ ਦੇਸ਼ ਦੇ ਜੋ ਹਾਲਾਤ ਹਨ ,ਉਨ੍ਹਾਂ ਵਿੱਚ ਹਥਿਆਰਬੰਦ ਫ਼ੌਜ ਨੇ ਇਹ ਫ਼ੌਸਲਾ ਲਿਆ ਹੈ ਕਿ ਮਹਾਨ ਤੁਰਕੀ ਜਨਤੰਤਰ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਉਸ ਨੂੰ ਆਪਣੇ ਮੋਢਿਆਂ ’ਤੇ ਉਠਾਉਣੀ ਚਾਹੀਦੀ ਹੈ ਅਤੇ ਫ਼ੌਜ ਦੇ ਕਾਇਦੇ ਅਨੁਸਾਰ ਦੇਸ਼ ਦੀ ਮੁਕੰਮਲ ਸੱਤਾ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਦੇਸ਼ ਦੀ ਸੰਸਦ ਅਤੇ ਕੈਬਿਨਟ ਨੂੰ ਭੰਗ ਕਰ ਦਿੱਤਾ ਗਿਆ ਹੈ। ਹੁਣ ਸੰਸਦ ਮੈਂਬਰਾਂ ਦੇ ਕੋਈ ਵਿਸ਼ੇਸ਼ ਅਧਿਕਾਰ ਲਾਗੂ ਨਹੀਂ ਹੋਣਗੇ। ਸਾਰੀਆਂ ਰਾਜਨੀਤਿਕ ਪਾਰਟੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਪੂਰੇ ਦੇਸ਼ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਕੋਈ ਵੀ ਤੁਰਕੀ ਨਾਗਰਿਕ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ। ਤੁਰਕੀ ਦੇ ਤਮਾਮ ਨਾਗਰਿਕਾਂ ਦੀ ਹਿਫ਼ਾਜ਼ਤ ਲਈ ਪੂਰੇ ਦੇਸ਼ ਵਿੱਚ ਕਰਫਿਊ ਲਗਾਇਆ ਜਾ ਰਿਹਾ ਹੈ। ਘੜੀ ਵੇਖ ਕੇ ਸਵੇਰ ਦੇ ਪੰਜ ਵਜੇ ਤੋਂ ਕਰਫਿਊ ਲਾਗੂ ਹੋ ਜਾਏਗਾ। ਸਵੇਰੇ 5 ਵਜੇ ਤੋਂ ਬਾਅਦ ਇੱਕ ਵੀ ਇਨਸਾਨ ਸੜਕ ’ਤੇ ਦਿਖਾਈ ਨਹੀਂ ਦੇਣਾ ਚਾਹੀਦਾ...

ਉਸ ਨੇ ਆਪਣੀ ਘੜੀ ਵੇਖੀ। ਪੰਜ ਵੱਜਣ ਵਿੱਚ ਅਜੇ ਪੰਜ ਮਿੰਟ ਬਾਕੀ ਸਨ।

Advertisement
×