DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਖਾਂ ਚੁੰਧਿਆਈ ਜਾਂਦਾ ਹੈ ‘ਰੋਸ਼ਨ ਭਵਿੱਖ’

ਭਾਰਤ ਤਰੱਕੀ ਕਰ ਰਿਹਾ ਹੈ ਅਤੇ ਨਾਲ ਦੀ ਨਾਲ ਸਾਡਾ ਪੰਜਾਬ ਵੀ। ਲੋਕਾਂ ਨੂੰ ਜਜ਼ਬਾਤੀ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਕਹਿੰਦੇ ਹਨ ਕਿ ਮੇਰੀਆਂ ਰਗਾਂ ਵਿੱਚ ਖ਼ੂਨ ਨਹੀਂ, ਸਿੰਧੂਰ ਦੌੜਦਾ ਹੈ ਤੇ ਕਦੀ...

  • fb
  • twitter
  • whatsapp
  • whatsapp
Advertisement

ਭਾਰਤ ਤਰੱਕੀ ਕਰ ਰਿਹਾ ਹੈ ਅਤੇ ਨਾਲ ਦੀ ਨਾਲ ਸਾਡਾ ਪੰਜਾਬ ਵੀ। ਲੋਕਾਂ ਨੂੰ ਜਜ਼ਬਾਤੀ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਕਹਿੰਦੇ ਹਨ ਕਿ ਮੇਰੀਆਂ ਰਗਾਂ ਵਿੱਚ ਖ਼ੂਨ ਨਹੀਂ, ਸਿੰਧੂਰ ਦੌੜਦਾ ਹੈ ਤੇ ਕਦੀ ਆਖਦੇ ਹਨ ਕਿ ਮੈਂ ‘ਬਾਇਲੋਜੀਕਲ’ ਨਹੀਂ, ਮੈਨੂੰ ਈਸ਼ਵਰ ਨੇ ਕਿਸੇ ਖ਼ਾਸ ਮਿਸ਼ਨ ਲਈ ਇਸ ਦੁਨੀਆ ਉੱਤੇ ਭੇਜਿਆ ਹੈ, ਕਹਿਣ ਦਾ ਭਾਵ ਇਹ ਹੈ ਕਿ ਉਹ ਇੱਕ ਅਵਤਾਰੀ ਪੁਰਸ਼ ਹਨ। ਇਹੋ ਨਹੀਂ, ਉਹ ਦੇਸ਼ ਦੇ ਲੋਕਾਂ ਨੂੰ ਚੰਦਰਯਾਨ ਦੀ ਝਲਕ ਵੀ ਭਾਸ਼ਣਾਂ ਰਾਹੀਂ ਵਿਖਾ ਦੇਂਦੇ ਹਨ ਤੇ ਕਹਿੰਦੇ ਹਨ ਕਿ ਇਨ੍ਹਾਂ ਕੰਮਾਂ ਨਾਲ ਸਾਡੇ ਦੇਸ਼ ਦੀ ਗੁੱਡੀ ਸੱਤਵੇਂ ਅਸਮਾਨ ਵਿੱਚ ਪਹੁੰਚ ਜਾਣੀ ਹੈ, ਪਰ ਭੁੱਖ ਦੇ ਮਾਰੇ ਲੋਕਾਂ ਨੂੰ ਪੇਟ ਦੀ ਅੱਗ ਬੁਝਾਉਣ ਵਾਸਤੇ ਕਮਾਉਣ ਜੋਗੇ ਕਰਨ ਦੀ ਗੱਲ ਉਹ ਭੁੱਲ ਜਾਂਦੇ ਅਤੇ ਆਮ ਲੋਕਾਂ ਨੂੰ ਵੀ ਭੁਲਾਈ ਜਾਂਦੇ ਹਨ। ਜਦੋਂ ਸਿਖਰ ਉੱਤੇ ਹਕੀਮ ਲੁਕਮਾਨ ਦਾ ਇਹ ਨੁਸਖਾ ਕੰਮ ਕਰਦਾ ਜਾਪਦਾ ਹੋਵੇ ਤਾਂ ਰਾਜਾਂ ਦੇ ਰਾਜ-ਕਰਤੇ ਕਿਸੇ ਹੋਰ ਹਿਕਮਤ ਬਾਰੇ ਕਿਉਂ ਸੋਚਣਗੇ! ਡਾਕਟਰ ਕਿਸੇ ਬੱਚੇ ਨੂੰ ਟੀਕਾ ਲਾਉਣ ਵੇਲੇ ਉਸ ਦਾ ਧਿਆਨ ਪੀੜ ਤੋਂ ਹਟਾਉਣ ਲਈ ਅਸਮਾਨ ਵਿੱਚ ਉੱਡਦੀ ਚਿੜੀ ਵੱਲ ਕਰਨ ਲਈ ਜਿੱਦਾਂ ਦੇ ਟੋਟਕੇ ਵਰਤਦਾ ਹੈ, ਆਮ ਲੋਕਾਂ ਦਾ ਧਿਆਨ ਚੰਦਰਯਾਨ ਵੱਲ ਲਾਉਣਾ ਵੀ ਉਹੋ ਜਿਹਾ ਵਧੀਆ ਫਾਰਮੂਲਾ ਹੈ। ਕਿਸੇ ਨੂੰ ਨੰਗੀ ਅੱਖ ਨਾਲ ਕੋਈ ਚੰਦਰਯਾਨ ਦਿਸੇ ਜਾਂ ਨਾ ਦਿਸੇ, ਓਧਰ ਧਿਆਨ ਜਾਣ ਨਾਲ ਆਪਣੇ ਦੇਸ਼ ਵਿੱਚ ਜਿਹੜਾ ਹਾਲ ਹੋਇਆ ਉਹ ਨਿੱਤ ਮਹਿਸੂਸ ਕਰਦੇ ਹਨ, ਉਸ ਤੋਂ ਉਨ੍ਹਾਂ ਦਾ ਧਿਆਨ ਕੁਝ ਵਕਤ ਲਈ ਪਾਸੇ ਚਲਾ ਜਾਂਦਾ ਹੈ। ਵਿਚਾਰੇ ਦੁਖੀ ਬਾਹਲੇ ਹਨ, ਦੁੱਖਾਂ ਦੀ ਲਗਾਤਾਰਤਾ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਵੱਡਾ ਵਿਗਾੜ ਪੈਦਾ ਨਾ ਕਰ ਦੇਵੇ, ਇਸ ਲਈ ਇਹੋ ਜਿਹੇ ਨੁਸਖੇ ਵਰਤਣਾ ਹਰ ਕਾਮਯਾਬ ਆਗੂ ਦੀ ਅਕਲਮੰਦੀ ਅਤੇ ਹੁਨਰ ਦਾ ਅਸਲ ਸਬੂਤ ਹੁੰਦਾ ਹੈ।

ਹਕੀਕਤ ਸਾਡੇ ਪੰਜਾਬ ਵਿੱਚ ਪਿਛਲੇ ਦਿਨੀਂ ਪੁਲੀਸ ਦੇ ਇੱਕ ਡੀ ਆਈ ਜੀ (ਡਿਪਟੀ ਇੰਸਪੈਕਟਰ ਜਨਰਲ) ਰੈਂਕ ਦੇ ਅਫਸਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੇ ਜਾਣ ਨਾਲ ਸਾਹਮਣੇ ਆਈ ਹੈ, ਪਰ ਇਹ ਵੀ ਪੂਰੀ ਨਹੀਂ। ਕਦੀ ਸਮੁੰਦਰ ਦੇ ਪਾਣੀ ਉੱਤੇ ਤਰਦਾ ਜਾਂਦਾ ਬਰਫ਼ ਦਾ ਤੋਦਾ ਵੇਖੋ ਤਾਂ ਜਿੰਨਾ ਮਰਜ਼ੀ ਵੱਡਾ ਹੋਵੇ, ਉਸ ਤੋਦੇ ਦਾ ਮਸਾਂ ਦਸਵਾਂ ਹਿੱਸਾ ਸਾਡੀ ਨਜ਼ਰ ਮੂਹਰੇ ਹੁੰਦਾ ਹੈ, ਨੌਂ ਹਿੱਸੇ ਜਾਂ ਨੱਬੇ ਫ਼ੀਸਦੀ ਪਾਣੀ ਵਿੱਚ ਡੁੱਬਿਆ ਹੁੰਦਾ ਹੈ। ਭ੍ਰਿਸ਼ਟਾਚਾਰ ਦੇ ਚੱਕਰ ਵਿੱਚ ਕੋਈ ਡੀ ਆਈ ਜੀ ਪੰਜ ਲੱਖ ਰੁਪਏ ਲੈਂਦਾ ਫੜਿਆ ਗਿਆ ਤਾਂ ਇਹ ਕੋਈ ਸਮੁੱਚ ਦੀ ਕਹਾਣੀ ਨਹੀਂ, ਸਮੁੱਚ ਵਾਲੇ ਬਰਫ਼ ਦੇ ਤੋਦੇ ਦਾ ਦਸਵਾਂ ਕੁ ਹਿੱਸਾ ਨੰਗਾ ਹੋਇਆ ਮੰਨਿਆ ਜਾਂਦਾ ਹੈ। ਇੱਕ ਸੱਜਣ ਨੇ ਸੋਸ਼ਲ ਮੀਡੀਆ ਉੱਤੇ ਟਿੱਪਣੀ ਕੀਤੀ ਹੈ ਕਿ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਜਿਹੜੇ ਕੇਸ ਸੀ ਬੀ ਆਈ ਨੇ ਬਣਾਉਣੇ ਹਨ, ਬਣਾਉਂਦੀ ਰਹੇ, ਇੱਕ ਹੋਰ ਕੇਸ ਉਸ ਵਿਰੁੱਧ ਸਾਥੀ ਅਫਸਰਾਂ ਦੀ ਐਸੋਸੀਏਸ਼ਨ ਨੂੰ ਕਰਨਾ ਚਾਹੀਦਾ ਹੈ ਕਿ ਜਿੰਨੇ ਪੈਸੇ ਲੈਂਦਾ ਉਹ ਫੜਿਆ ਗਿਆ ਹੈ, ਏਨੇ ਤਾਂ ਚੌਕੀ ਦਾ ਥਾਣੇਦਾਰ ਵੀ ਫੜਦਾ ਸ਼ਰਮ ਮਹਿਸੂਸ ਕਰਦਾ ਹੈ, ਇਸ ਨੇ ਪੰਜਾਬ ਦੇ ਅਫਸਰਾਂ ਦਾ ਪੱਧਰ ਡੇਗ ਦਿੱਤਾ ਹੈ। ਉਸ ਸੱਜਣ ਦੀ ਟਿੱਪਣੀ ਨੂੰ ਲਾਂਭੇ ਰੱਖ ਕੇ ਸੋਚਣ ਦੀ ਗੱਲ ਹੈ ਕਿ ਇਹ ਕੋਈ ਪਹਿਲਾ ਅਫਸਰ ਨਹੀਂ ਫੜਿਆ ਗਿਆ, ਪਹਿਲਾਂ ਵੀ ਕਈ ਫਸਦੇ ਰਹੇ ਹਨ। ਬਾਅਦ ਵਿੱਚ ਸਜ਼ਾ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਹੋਈ, ਇਹ ਪੁੱਛਣ ਦੀ ਨਹੀਂ ਸਗੋਂ ਸਮਝਣ ਦੀ ਲੋੜ ਹੈ ਕਿ ਫੜੇ ਗਏ ਅਫਸਰ ਤਰੱਕੀ ਕਰ ਕੇ ਫੜੇ ਜਾਣ ਵਾਲੇ ਮੌਕੇ ਨਾਲੋਂ ਵੱਡੀਆਂ ਹੋਰ ਕਿੰਨੀਆਂ ਅਫਸਰੀਆਂ ਮਾਣਦੇ ਅਤੇ ਨੋਟ ਛਾਣਦੇ ਰਹੇ ਸਨ!

Advertisement

ਸਾਲ ਮਸਾਂ ਸਵਾ ਤਿੰਨ ਹੋਏ ਹਨ, ਜਦੋਂ ਸਾਡੇ ਪੰਜਾਬ ਦਾ ਇੱਕ ਪੀ ਸੀ ਐੱਸ ਤੋਂ ਆਈ ਏ ਐੱਸ ਬਣਾਇਆ ਅਫਸਰ ਸੰਜੇ ਪੋਪਲੀ ਰਿਸ਼ਵਤ ਲੈਣ ਦੇ ਕੇਸ ਵਿੱਚ ਫਸਿਆ ਤਾਂ ਚੰਡੀਗੜ੍ਹ ਦੇ ਗਿਆਰਾਂ ਸੈਕਟਰ ਵਿਚਲੇ ਉਸ ਦੇ ਘਰ ਵਿੱਚ ਦਫਤਰ ਵਾਲੇ ਕਮਰੇ ਦੀਆਂ ਟਾਈਲਾਂ ਹੇਠ ਦੱਬੀਆਂ ਬਾਰਾਂ ਕਿੱਲੋ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ ਸਨ। ਨਾਲ ਮਾਇਆ ਦਾ ਜਿਹੜਾ ਅੰਬਾਰ ਲੱਗਾ ਮਿਲਿਆ ਸੀ, ਉਹ ਵੀ ਸਭ ਨੂੰ ਪਤਾ ਹੈ। ਸਾਲ 2009 ਵਿੱਚ ਇੱਕ ਆਈ ਏ ਐੱਸ ਅਫਸਰ ਰਿਸ਼ਵਤ ਲੈਣ ਵੇਲੇ ਫਸ ਗਿਆ ਸੀ, ਉਸ ਦੇ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਨਾ ਓਦੋਂ ਦੀ ਅਕਾਲੀ-ਭਾਜਪਾ ਨੇ ਸਰਕਾਰ ਨੇ ਦਿੱਤੀ ਸੀ ਤੇ ਨਾ ਕਾਂਗਰਸ ਵਾਲਿਆਂ ਨੇ ਅਤੇ ਅੱਜਕੱਲ੍ਹ ਰਾਜ ਕਰਨ ਵਾਲਿਆਂ ਨੇ ਉਸ ਨੂੰ ਰਾਜ ਪ੍ਰਸ਼ਾਸਨ ਦੀ ਸਿਖਰਲੀ ਕੁਰਸੀ ਉੱਤੇ ਬੈਠਣ ਦਾ ਮੌਕਾ ਦੇ ਦਿੱਤਾ, ਹਾਈ ਕੋਰਟ ਵਿੱਚ ਮੁੜ-ਮੁੜ ਪੇਸ਼ੀਆਂ ਦੇ ਬਾਵਜੂਦ ਫਾਈਲ ਅੱਗੇ ਨਹੀਂ ਤੁਰ ਸਕੀ। ਰਿਕਾਰਡ ਦੱਸਦਾ ਹੈ ਕਿ ਪੰਜਾਬ ਵਿੱਚ ਰਾਜ ਕਰਨ ਵਾਲੇ ਬਦਲਦੇ ਰਹੇ ਹਨ, ਪਰ ਰਾਜ ਕਰਨ ਦੀ ਰੀਤ-ਰਵਾਇਤ ਨਹੀਂ ਬਦਲਦੀ।

Advertisement

... ਤੇ ਇਹ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਾਰੇ ਭਾਰਤ ਵਿੱਚ ਹੁੰਦਾ ਹੈ, ਜਿਸ ਨੂੰ ਆਜ਼ਾਦੀ ਮਿਲਣਸਾਰ ਫ਼ੌਜ ਲਈ ਜੀਪਾਂ ਦਾ ਸਕੈਂਡਲ ਭ੍ਰਿਸ਼ਟਾਚਾਰ ਦੇ ਪਹਿਲੇ ਕੇਸ ਵਜੋਂ ਉੱਭਰ ਪਿਆ ਸੀ। ਉਸ ਵਿੱਚ ਕੇਂਦਰ ਦੇ ਇੱਕ ਮੰਤਰੀ ਦਾ ਵੀ ਨਾਂ ਆਇਆ ਸੀ, ਮੌਕੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ ਉਸ ਨੂੰ ਬਚਾਉਂਦੀ ਰਹੀ ਸੀ। ਫਿਰ ਜਵਾਹਰ ਲਾਲ ਨਹਿਰੂ ਦੇ ਦੋਹਤੇ ਰਾਜੀਵ ਗਾਂਧੀ ਦੇ ਵਕਤ ਤੋਪਾਂ ਦੀ ਖਰੀਦ ਵਿੱਚੋਂ ਦਲਾਲੀ ਦਾ ਕਿੱਸਾ ਉੱਭਰਿਆ ਤਾਂ ਲੀਡਰ ਤੇ ਅਫਸਰ ਦੋਵੇਂ ਕਿਸਮ ਦੇ ਲੋਕ ਦਾਗੀਆਂ ਦੀ ਸੂਚੀ ਵਿੱਚ ਸ਼ਾਮਲ ਸਨ ਤੇ ਲੀਡਰਾਂ ਵਿੱਚ ਰਾਜ ਕਰਦੀ ਕਾਂਗਰਸ ਦੇ ਹੀ ਨਹੀਂ, ਭਾਰਤ ਦੀ ਮੁੱਖ ਵਿਰੋਧੀ ਧਿਰ ਦੇ ਕੁਝ ਲੀਡਰਾਂ ਦਾ ਨਾਂ ਵੀ ਆਉਂਦਾ ਸੀ। ਬਾਅਦ ਵਿੱਚ ਏਦਾਂ ਦੇ ਭ੍ਰਿਸ਼ਟਾਚਾਰ ਦੇ ਕਿੱਸਿਆਂ ਦਾ ਏਨਾ ਹੜ੍ਹ ਆ ਗਿਆ ਕਿ ਲੋਕ ਨੂੰ ਇਹ ਆਮ ਜਿਹੀ ਗੱਲ ਲੱਗਣ ਲੱਗ ਪਏ। ਬਿਹਾਰ ਦੇ ਇੱਕ ਵੱਡੇ ਅਫਸਰ ਦੀ ਫੋਟੋ ਅਮਰੀਕਾ ਦੇ ‘ਟਾਈਮ’ ਮੈਗਜ਼ੀਨ ਨੇ ਕਵਰ ਪੇਜ ਉੱਤੇ ਛਾਪੀ ਤੇ ਨਾਲ ਲਿਖਿਆ ਸੀ ਕਿ ਬਹੁਤ ਇਮਾਨਦਾਰ ਹੈ, ਪਰ ਛੇ ਮਹੀਨੇ ਮਸਾਂ ਨਿਕਲੇ ਕਿ ਉਹ ‘ਇਮਾਨਦਾਰ’ ਅਫਸਰ ਹੜ੍ਹ ਰਾਹਤ ਫੰਡਾਂ ਵਿੱਚੋਂ ਕਰੀਬ ਢਾਈ ਸੌ ਕਰੋੜ ਰੁਪਏ ਦਾ ਘਪਲਾ ਕਰ ਕੇ ਭੱਜ ਗਿਆ ਅਤੇ ਉਸ ਦਾ ਫਿਰ ਖੁਰਾ ਤੱਕ ਨਹੀਂ ਲੱਭਿਆ। ਇਸ ਪਿੱਛੋਂ ਡਾਕਟਰ ਮਨਮੋਹਨ ਸਿੰਘ ਵਰਗੇ ਸਾਊ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਉਸ ਦੇ ਓਹਲੇ ਹੇਠ ਜਿੰਨਾ ਕੁ ਭ੍ਰਿਸ਼ਟਾਚਾਰ ਹੁੰਦਾ ਰਿਹਾ, ਇਸ ਦੇਸ਼ ਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਦੱਸਣ ਦੀ ਗੱਲ ਇੱਕ ਹੋਰ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਵਾਲੀਆਂ ਜਾਂਚ ਏਜੰਸੀਆਂ ਵੀ ਭ੍ਰਿਸ਼ਟਾਚਾਰ ਦਾ ਅੱਡਾ ਬਣ ਰਹੀਆਂ ਹਨ।

ਸਰਕਾਰ ਕਾਂਗਰਸ ਦੀ ਹੁੰਦੀ ਸੀ, ਆਮਦਨ ਕਰ ਵਿਨਾਗ ਦੇ ਇੱਕ ਕੇਂਦਰੀ ਅਫਸਰ ਨੇ ਇੱਕ ਵੱਡੇ ਕਾਰਪੋਰੇਟ ਘਰਾਣੇ ਨਾਲ ਸੰਬੰਧਤ ਕੰਪਨੀ ਵਿੱਚ ਛਾਪਾ ਮਾਰਿਆ, ਦੋ ਟਰੱਕ ਫਾਈਲਾਂ ਅਤੇ ਕੰਪਿਊਟਰ ਆਦਿ ਚੁਕਵਾ ਕੇ ਲੈ ਆਇਆ। ਇਸ ਤੋਂ ਬਾਅਦ ਉਸ ਘਰਾਣੇ ਅਤੇ ਉਸ ਅਫਸਰ ਦੀ ਅੱਖ ਇਸ ਤਰ੍ਹਾਂ ਮਿਲੀ ਕਿ ਅਫਸਰ ਦੀ ਪਤਨੀ ਨੂੰ ਉਸ ਘਰਾਣੇ ਨੇ ਖਰਚਾ ਕਰ ਕੇ ਲੋਕ ਸਭਾ ਦੀ ਸੀਟ ਜਿਤਾਈ, ਉਸ ਅਫਸਰ ਦੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਕੰਪਨੀਆਂ ਵਿੱਚ ਅਫਸਰੀ ਅਹੁਦੇ ਦਿੱਤੇ ਤੇ ਕੇਂਦਰ ਦਾ ਉਹ ਅਫਸਰ ਸਰਕਾਰ ਦੀ ਨੌਕਰੀ ਛੱਡ ਕੇ ਐਸ਼ ਦੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ। ਜਦੋਂ ਉਸ ਸਾਬਕਾ ਅਫਸਰ ਨੂੰ ਧੁਰ ਦਾ ਸੱਦਾ ਆ ਗਿਆ, ਉਸ ਦੇ ਪਰਿਵਾਰ ਦੀ ਪੁੱਛਗਿੱਛ ਘਟ ਗਈ, ਪਰ ਉਦੋਂ ਤੱਕ ਉਹ ਆਪਣਾ ਕਾਰੋਬਾਰ ਏਨਾ ਪੱਕੀ ਤਰ੍ਹਾਂ ਜਮਾ ਚੁੱਕੇ ਸਨ ਕਿ ਉਸ ਮ੍ਰਿਤਕ ਅਫਸਰ ਵਰਗੇ ਅਹੁਦੇ ਉੱਤੇ ਜਾਣ ਵਾਲਿਆਂ ਲਈ ਰਾਹ-ਦਿਖਾਵਾ ਬਣ ਗਏ ਕਿ ਵਕਤ ਦਾ ਕੋਈ ਪਤਾ ਨਹੀਂ ਹੁੰਦਾ, ਜਿੱਥੋਂ ਦਾਅ ਲੱਗਦਾ ਹੋਵੇ, ਲਾਉਣ ਵੇਲੇ ਸ਼ਰਮ ਜਾਂ ਦੇਰੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ।

ਸ਼ਾਇਦ ਇਸੇ ਦਾ ਅਸਰ ਹੋਵੇ ਕਿ ਜਾਂਚ ਏਜੰਸੀ ਸੀ ਬੀ ਆਈ ਦੇ ਸਿਆਸੀ ਵਿਵਾਦਾਂ ਵਿੱਚ ਫਸਣ ਪਿੱਛੋਂ ਜਿਹੜੀ ਜਾਂਚ ਏਜੰਸੀ ਈ ਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਨੇ ਉਹਦੇ ਵਾਲੀ ਜ਼ਿੰਮੇਵਾਰੀ ਸੰਭਾਲੀ ਦੱਸੀ ਜਾਂਦੀ ਸੀ, ਉਸ ਦੇ ਅਫਸਰ ਵੀ ਰਿਸ਼ਵਤ ਕੇਸਾਂ ਵਿੱਚ ਫੜੇ ਜਾਣ ਲੱਗੇ। ਇਸ ਚਲੰਤ ਸਾਲ ਵਿੱਚ ਈ ਡੀ ਦੇ ਇੱਕ ਡਿਪਟੀ ਡਾਇਰੈਕਟਰ ਨੂੰ ਸੀ ਬੀ ਆਈ ਨੇ ਫੜਿਆ, ਜਿਸ ’ਤੇ ਦੋਸ਼ ਇਹ ਸੀ ਕਿ ਉਸ ਨੇ ਇੱਕ ਕਾਰੋਬਾਰੀ ਉੱਤੇ ਚੱਲਦੇ ਕੇਸ ਵਿੱਚ ਸਾਹ ਸੌਖਾ ਕਰਨ ਬਦਲੇ ਪੰਜ ਕਰੋੜ ਰੁਪਏ ਮੰਗੇ ਸਨ। ਜਦੋਂ ਸੌਦਾ ਦੋ ਕਰੋੜ ਰੁਪਏ ਦਾ ਤੈਅ ਹੋਇਆ ਤਾਂ ਵੀਹ ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਾ ਉਹ ਆਪਣੇ ਦਲਾਲ ਸਮੇਤ ਫੜਿਆ ਗਿਆ। ਉਸ ਤੋਂ ਪਹਿਲਾਂ ਇੱਕ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਜੋਧਪੁਰ ਤੋਂ ਫੜਿਆ ਗਿਆ ਸੀ, ਜਿਸ ਦੇ ਕੇਸ ਦਾ ਫ਼ੈਸਲਾ ਏਸੇ ਸਾਲ ਹੋਇਆ ਅਤੇ ਉਸ ਨੂੰ ਚਾਰ ਸਾਲ ਦੀ ਕੈਦ ਹੋਈ ਹੈ। ਬੰਗਲੌਰ ਵਿੱਚ ਇੱਕ ਸੈਂਟਰਲ ਜੀ ਐੱਸ ਟੀ ਅਫਸਰ, ਜਿਹੜਾ ਈ ਡੀ ਵਿੱਚ ਡੈਪੂਟੇਸ਼ਨ ਉੱਤੇ ਆਇਆ ਸੀ, ਇੱਕ ਵਪਾਰੀ ਨੂੰ ਜੇਲ੍ਹ ਭੇਜਣ ਦਾ ਦਬਕਾ ਮਾਰ ਕੇ ਪੰਜ ਲੱਖ ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ। ਵਿਸ਼ੇਸ਼ ਅਦਾਲਤ ਵਿੱਚ ਉਸ ਕੇਸ ’ਚ ਉਸ ਨੂੰ ਕੈਦ ਦੀ ਸਜ਼ਾ ਹੋਈ ਹੈ, ਪਰ ਸਜ਼ਾ ਏਨੀ ਘੱਟ ਹੈ ਕਿ ਦੱਸਣ ਉੱਤੇ ਹਾਸੋਹੀਣੀ ਕਾਰਵਾਈ ਦਿਖਾਈ ਦੇਵੇਗੀ।

ਸਾਡੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੱਗੇ ਹੋਏ ਇੱਕ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਡੇ ਅਫਸਰ ਨੂੰ ਮੁੰਬਈ ਦੀ ਐਂਟੀ ਟੈਰਰਿਸਟ ਸਕੁਐਡ ਦੀ ਟੀਮ ਨੇ ਫੜਿਆ। ਜਨਵਰੀ 2009 ਵਿੱਚ ਬਾਰਾਂ ਕਿਲੋ ਹੈਰੋਇਨ ਨਾਲ ਮੁੰਬਈ ਏ ਟੀ ਐੱਸ ਦੀ ਟੀਮ ਨੇ ਉਸ ਨੂੰ ਫੜਿਆ ਸੀ ਤਾਂ ਉਸ ਵਕਤ ਉਹ ਕੇਰਲਾ ਦੇ ਕੋਚੀ ਸ਼ਹਿਰ ਵਿੱਚ ਈ ਡੀ ਦਾ ਡਿਪਟੀ ਡਾਇਰੈਕਟਰ ਹੁੰਦਾ ਸੀ। ਮਗਰੋਂ ਉਸ ਨੂੰ ਕਾਫ਼ੀ ਸਖ਼ਤ ਕੈਦ ਹੋਈ ਸੀ। ਏਥੇ ਕਈ ਕਿਸਮ ਦੇ ਵੱਡੇ ਜਾਂ ਛੋਟੇ ਅਫਸਰ, ਪੰਜਾਬ ਦੇ ਵੀ ਅਤੇ ਕੇਂਦਰੀ ਏਜੰਸੀਆਂ ਦੇ ਵੀ ਕਈ ਵਾਰੀ ਫੜੇ ਗਏ ਹਨ, ਪਰ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਰਿਸ਼ਵਤ ਦੇ ਚੱਕਰ ਨੂੰ ਕਦੀ ਨੱਥ ਨਹੀਂ ਪਈ ਸਗੋਂ ਪਹਿਲਾਂ ਨਾਲੋਂ ਵੱਧ ਤੇਜ਼ ਚੱਲ ਪੈਂਦਾ ਰਿਹਾ ਹੈ। ਇੱਕ ਵਾਰੀ ਚੰਡੀਗੜ੍ਹ ਵਿੱਚ ਰਿਸ਼ਵਤ ਦੇ ਕੇਸ ਵਿੱਚ ਕੁਝ ਨਿਆਂ ਅਫਸਰਾਂ ਨੂੰ ਇੱਕ ਦਲਾਲ ਨੇ ਫੜਵਾਇਆ ਸੀ, ਪਰ ਬਾਅਦ ਵਿੱਚ ਕੇਸ ਦਾ ਕੀ ਬਣਿਆ, ਇਸ ਦੀ ਖ਼ਬਰ ਸਾਨੂੰ ਪਤਾ ਨਹੀਂ ਲੱਗੀ। ਉਹ ਨਿਆਂ ਅਫਸਰ ਜ਼ਿਲ੍ਹਾ ਪੱਧਰ ਦੇ ਹੀ ਸਨ, ਦਿੱਲੀ ਹਾਈ ਕੋਰਟ ਦੇ ਜੱਜ ਦੇ ਘਰ ਅੱਗ ਲੱਗਣ ਅਤੇ ਕਰੋੜਾਂ ਰੁਪਏ ਦੇ ਨੋਟ ਬੋਰੀਆਂ ਵਿੱਚ ਪਏ ਸੜ ਜਾਣ ਦੀ ਕਹਾਣੀ ਤੋਂ ਬਾਅਦ ਕਹਿਣ ਲਈ ਰਹਿੰਦਾ ਕੀ ਹੈ, ਪਰ ਉਸ ਖ਼ਿਲਾਫ਼ ਕਾਰਵਾਈ ਓਨੀ ਤੇਜ਼ੀ ਨਾਲ ਨਹੀਂ ਹੋਈ, ਜਿੰਨੀ ਤੇਜ਼ੀ ਨਾਲ ਹੋਰਨਾਂ ਖ਼ਿਲਾਫ਼ ਹੁੰਦੀ ਵੇਖਦੇ ਹਾਂ। ਤੇਈ ਕੁ ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਵੀ ਸਿੱਧੂ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਤਾਂ ਉਸ ਕੇਸ ਵਿੱਚ ਕਈ ਵੱਡੇ ਸਿਵਿਲ ਅਤੇ ਪੁਲੀਸ ਅਫਸਰਾਂ ਦੇ ਨਾਂ ਆਉਂਦੇ ਰਹੇ, ਹਾਈ ਕੋਰਟ ਦੇ ਤਿੰਨ ਜੱਜ ਸਾਹਿਬਾਨ ਦਾ ਨਾਂ ਵੀ ਚਰਚਾ ਵਿੱਚ ਰਿਹਾ ਸੀ, ਪਰ ਗੱਲ ਸਿਰਫ਼ ਰਵੀ ਸਿੱਧੂ ਤੱਕ ਰਹਿ ਗਈ, ਬਾਕੀ ਲੋਕ ਬਚਣ ਦਾ ਰਾਹ ਕੱਢ ਗਏ ਸਨ।

ਪਿਛਲੇ ਹਫ਼ਤੇ ਦੀ ਗੱਲ ਹੈ, ਮਹਾਰਾਸ਼ਟਰ ਵਿੱਚ ਦੋ ਜੱਜ ਸਾਹਿਬਾਨ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਖ਼ਬਰ ਨਿਕਲੀ ਹੈ। ਇਨ੍ਹਾਂ ਵਿੱਚੋਂ ਇੱਕ ਜਣਾ ਐਡੀਸ਼ਨਲ ਸੈਸ਼ਨਜ਼ ਜੱਜ ਅਤੇ ਦੂਸਰਾ ਸੀਨੀਅਰ ਡਿਵੀਜ਼ਨ ਸਿਵਿਲ ਜੱਜ ਸੀ। ਸੈਸ਼ਨ ਜੱਜ ਉੱਤੇ ਰਿਸ਼ਵਤ ਲੈਣ ਦਾ ਦੋਸ਼ ਸੀ, ਜਦੋਂਕਿ ਸਿਵਿਲ ਜੱਜ ਨਸ਼ੀਲੇ ਪਦਾਰਥਾਂ ਦੇ ਕੇਸਾਂ ਦੀ ਸੁਣਵਾਈ ਕਰਦਾ ਸੀ ਤੇ ਫੜੇ ਗਏ ਨਸ਼ੀਲੇ ਮਾਲ ਵਿੱਚੋਂ ਇਨ੍ਹਾਂ ਪਦਾਰਥਾਂ ਦਾ ਨਸ਼ਾ ਖ਼ੁਦ ਕਰਨ ਲੱਗ ਪਿਆ ਸੀ। ਮੁੰਬਈ ਹਾਈ ਕੋਰਟ ਨੇ ਇਨ੍ਹਾਂ ਨੂੰ ਕੱਢਿਆ ਹੈ।

ਬੜੀ ਔਖੀ ਹੈ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ, ਜਿਸ ਵਿੱਚ ਜ਼ਬਾਨ ਖੋਲ੍ਹਣ ਵਾਲੇ ਨੂੰ ਜਾਨ ਦਾ ਖ਼ਤਰਾ ਵੀ ਬਹੁਤ ਹੁੰਦਾ ਹੈ। ਇਸ ਮਾਮਲੇ ਵਿੱਚ ਸਤੇਂਦਰ ਨਾਥ ਦੂਬੇ ਦਾ ਕੇਸ ਯਾਦ ਕਰਨਾ ਚਾਹੀਦਾ ਹੈ। ਉਹ ਬਿਹਾਰ ਦੇ ਗਯਾ ਇਲਾਕੇ ਵਿੱਚ ਨੈਸ਼ਨਲ ਹਾਈਵੇਜ਼ ਅਥਾਰਿਟੀ ਨਾਲ ਸੰਬੰਧਤ ਇੰਜੀਨੀਅਰ ਸੀ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਸੀ ਛੱਡਦਾ। ਆਪਣੇ ਇਲਾਕੇ ਵਿੱਚ ਘਟੀਆ ਸੜਕਾਂ ਬਣਦੀਆਂ ਰੋਕਣ ਲਈ ਉਸ ਨੇ ਹਰ ਖ਼ਤਰਾ ਸਹੇੜਿਆ ਅਤੇ ਇੱਕ ਵਕਤ ਇੱਕ ਠੇਕੇਦਾਰ ਨੂੰ ਛੇ ਕਿਲੋਮੀਟਰ ਤੋਂ ਵੱਧ ਬਣਾਈ ਜਾ ਚੁੱਕੀ ਘਟੀਆ ਸੜਕ ਤੋੜ ਕੇ ਫਿਰ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ। ਫਿਰ ਉਸ ਦਾ ਕਤਲ ਹੋ ਗਿਆ। ਕਤਲ ਮਗਰੋਂ ਜਿਹੜੀ ਕਹਾਣੀ ਨਿਕਲੀ, ਉਹ ਹੋਰ ਵੀ ਦੁਖਦਾਈ ਸੀ। ਸਾਲ 2003 ਦੀ ਗੱਲ ਹੈ, ਜਦੋਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤੇ ਭ੍ਰਿਸ਼ਟਾਚਾਰ ਰੋਕਣ ਲਈ ਲੋਕਾਂ ਦਾ ਸਾਥ ਮੰਗਦੇ ਸਨ। ਮੀਡੀਆ ’ਚ ਲਿਖਿਆ ਗਿਆ ਸੀ ਕਿ ਸਤੇਂਦਰ ਨਾਥ ਦੂਬੇ ਨੇ ਇੱਕ ਗੁਪਤ ਚਿੱਠੀ ਧੁਰ ਉੱਪਰ ਭੇਜ ਕੇ ਭ੍ਰਿਸ਼ਟਾਚਾਰ ਦਾ ਸਾਰਾ ਧੰਦਾ ਬੇਪਰਦ ਕਰ ਨੇ ਲਿਖਿਆ ਸੀ ਕਿ ਚਿੱਠੀ ਗੁਪਤ ਰੱਖੀ ਜਾਵੇ, ਵਰਨਾ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਚਿੱਠੀ ਉੱਪਰੋਂ ਜਾਂਚ ਲਈ ਉਸੇ ਰਾਜ ਦੇ ਉਨ੍ਹਾਂ ਅਫਸਰਾਂ ਕੋਲ ਆ ਗਈ ਸੀ, ਜਿਹੜੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਹਿੱਸੇਦਾਰ ਸਨ। ਨਤੀਜਾ ਇਹ ਨਿਕਲਿਆ ਕਿ 27 ਨਵੰਬਰ 1973 ਨੂੰ ਪੈਦਾ ਹੋਇਆ ਸਤੇਂਦਰ ਨਾਥ ਦੂਬੇ 27 ਨਵੰਬਰ 2003 ਨੂੰ ਆਪਣੀ ਜ਼ਿੰਦਗੀ ਦੇ ਤੀਹਵੇਂ ਸਾਲ ਦੇ ਆਖ਼ਰੀ ਦਿਨ ਦੀ ਸ਼ਾਮ ਪੈਣ ਤੋਂ ਪਹਿਲਾਂ ਮਰਵਾ ਦਿੱਤਾ ਗਿਆ ਸੀ। ਸਿਸਟਮ ਇਮਾਨਦਾਰ ਬੰਦੇ ਦੀ ਰਾਖੀ ਕਰਨ ਜੋਗਾ ਸਾਬਤ ਨਹੀਂ ਸੀ ਹੋਇਆ, ਪਰ ਇਹ ਇਕੱਲਾ ਕੇਸ ਨਹੀਂ ਸੀ, ਉਹਦੇ ਵਾਂਗ ਕਈਆਂ ਨੇ ਆਵਾਜ਼ ਉਠਾਈ ਤਾਂ ਮਾਰੇ ਗਏ। ਭਾਰਤ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹ ਏਨੀ ਮਜ਼ਬੂਤ ਹੈ ਕਿ ਇਸ ਨੂੰ ਹੱਥ ਪਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ।

ਰਿਸ਼ਵਤ ਦੇ ਕੇਸ, ਖ਼ਾਸ ਤੌਰ ਉੱਤੇ ਵੱਡੇ ਅਫਸਰਾਂ ਵਿਰੁੱਧ ਕੇਸ ਬਹੁਤੀ ਵਾਰ ਅਦਾਲਤਾਂ ਵਿੱਚ ਇਸ ਦਲੀਲ ਦੇ ਸਪੀਡ ਬਰੇਕਰ ਅੱਗੇ ਅਟਕ ਜਾਂਦੇ ਹਨ ਕਿ ਫੜੋ-ਫੜਾਈ ਦੀ ਕਾਰਵਾਈ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀ ਜਾਂ ਰਾਜ ਵਿਚਲੀ ਰਾਜਸੀ ਲੀਡਰਸ਼ਿਪ ਤੋਂ ਅਗੇਤੀ ਆਗਿਆ ਨਹੀਂ ਸੀ ਲਈ ਗਈ। ਇਹੋ ਜਿਹੀ ਆਗਿਆ ਮੰਗਣ ਤੋਂ ਇਸ ਲਈ ਪਰਹੇਜ਼ ਕਰਨਾ ਪੈਂਦਾ ਹੈ ਕਿ ਜਦੋਂ ਆਗਿਆ ਮੰਗੀ ਤਾਂ ਜਿਸ ਦਫ਼ਤਰ ਵਿੱਚੋਂ ਆਗਿਆ ਦੀ ਚਿੱਠੀ ਬਣਾਈ ਜਾਣੀ ਹੈ, ਉੱਥੋਂ ਕੋਈ ਨਾ ਕੋਈ ਬੰਦਾ ਫੜੇ ਜਾਣ ਵਾਲੇ ਅਫਸਰ ਨੂੰ ਅਗੇਤੀ ਸੂਹ ਦੇ ਕੇ ਸਾਰੀ ਕਾਰਵਾਈ ਨਾ ਸਿਰਫ਼ ਫੇਲ੍ਹ ਕਰ ਦੇਵੇਗਾ ਸਗੋਂ ਛਾਪਾ ਮਾਰਨ ਵਾਲਿਆਂ ਦੀ ਉਲਟੀ ਸ਼ਾਮਤ ਆ ਸਕਦੀ ਹੈ ਕਿ ਝੂਠਾ ਕੇਸ ਬਣਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਹਨ। ਇਸ ਤਰ੍ਹਾਂ ਦੇ ਕਈ ਕੇਸ ਜਦੋਂ ਬਣ ਚੁੱਕੇ ਹਨ ਤਾਂ ਦੋ ਰਾਹ ਰਹਿ ਜਾਂਦੇ ਹਨ, ਜਾਂ ਤਾਂ ਅੱਗੇ ਤੋਂ ਭ੍ਰਿਸ਼ਟਾਚਾਰ ਦੀ ਕਾਰਵਾਈ ਉੱਪਰਲਿਆਂ ਨੂੰ ਦੱਸੇ ਬਗੈਰ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ, ਜਾਂ ਫਿਰ ਜਿੱਦਾਂ ਚੱਲਦੇ ਰਹਿਣਾ ਇਸ ਦੇਸ਼ ਦੇ ਲੋਕਾਂ ਨੇ ਸਿੱਖ ਲਿਆ ਹੈ, ਚੱਲਣ ਦੇਈਏ। ਕੋਈ ਚਾਰ ਜਣੇ ਫੜੇ ਵੀ ਜਾਣ ਤਾਂ ਸਿਰਫ਼ ਇਹ ਰਿਕਾਰਡ ਉੱਤੇ ਲਿਖਣ ਵਾਸਤੇ ਫਾਇਦੇਮੰਦ ਹੋ ਸਕਦੇ ਹਨ, ਜਦੋਂ ਹਰ ਪਾਸੇ ਇਸੇ ਗੰਦ ਦਾ ਵਹਿਣ ਵਗਦਾ ਪਿਆ ਹੈ, ਇਸ ਨੂੰ ਡੱਕਾ ਲੱਗਣ ਦੀ ਆਸ ਕਰਨੀ ਫਜ਼ੂਲ ਹੈ। ਇਹੋ ਜਿਹੇ ਕੰਮ ਲਈ ਨੇਕ ਅਗਵਾਈ ਜਿੱਦਾਂ ਦੀ ਰਾਜਸੀ ਲੀਡਰਸ਼ਿਪ ਦੇ ਸਕਦੀ ਹੈ, ਉਹ ਇਸ ਵਕਤ ਇਸ ਦੇਸ਼ ਵਿੱਚ ਕਿਤੇ ਦਿਸਦੀ ਨਹੀਂ ਹੈ। ਇਸ ਦੇ ਬਾਵਜੂਦ ਸਾਰੇ ਆਖੀ ਜਾਂਦੇ ਹਨ ਕਿ ਦੇਸ਼ ਦਾ ਅਤੇ ਪੰਜਾਬ ਦਾ ਭਵਿੱਖ ਬੜਾ ਰੋਸ਼ਨ ਹੈ। ਅਸੀਂ ਉਨ੍ਹਾਂ ਦੀ ਗੱਲ ਕੱਟਣ ਦੀ ਗੁਸਤਾਖੀ ਕਰਨ ਵਾਲੇ ਕੌਣ ਹਾਂ, ਸਗੋਂ ਇਹ ਕਹੀਏ ਕਿ ਭਵਿੱਖ ਸਚਮੁੱਚ ਬਹੁਤ ਰੋਸ਼ਨ ਹੈ, ਏਨਾ ਰੋਸ਼ਨ ਕਿ ਅੱਖਾਂ ਚੁੰਧਿਆਈਆਂ ਜਾਂਦੀਆਂ ਹਨ, ਨਜ਼ਰ ਕੁਝ ਪੈਂਦਾ ਹੀ ਨਹੀਂ।

Advertisement
×