ਕੈਨੇਡਾ ਫੇਰੀ ਦੇ ਅਨੁਭਵ
ਹਰਜਿੰਦਰਪਾਲ ਸਿੰਘ ਸਮਰਾਲਾ
ਪੰਜਾਬ ਵਿੱਚ ਸਾਲ 2024 ਦੇ ਜੇਠ ਹਾੜ੍ਹ ਮਹੀਨੇ ਦੀ ਗਰਮੀ ਕਾਰਨ ਘਰਾਂ ਵਿੱਚ ਪੱਖੇ, ਕੂਲਰ ਅਤੇ ਏ.ਸੀ. ਮਾਰੋ ਮਾਰ ਚੱਲ ਰਹੇ ਸਨ। ਉਸ ਸਮੇਂ ਮੈਂ ਅਤੇ ਮੇਰੀ ਪਤਨੀ ਨੇ ਸੱਤ ਸਮੁੰਦਰੋਂ ਪਾਰ ਬਰੈਂਪਟਨ (ਕੈਨੇਡਾ) ਜਾਣ ਦਾ ਪ੍ਰੋਗਰਾਮ ਬਣਾਇਆ। ਆਪਣੇ ਸ਼ਹਿਰ ਸਮਰਾਲਾ ਤੋਂ ਖੰਨਾ ਪਹੁੰਚੇ। ਖੰਨੇ ਤੋਂ ਦਿੱਲੀ ਏਅਰਪੋਰਟ ਪਹੁੰਚਣ ਲਈ ਇੰਡੋ ਕੈਨੇਡੀਅਨ ਬੱਸ ਰਾਹੀਂ ਸਫ਼ਰ ਕੀਤਾ। ਬੱਸ ਨੇ ਰਾਤ ਦੇ 9 ਵਜੇ ਸਾਨੂੰ ਦਿੱਲੀ ਏਅਰਪੋਰਟ ’ਤੇ ਪਹੁੰਚਾਇਆ। ਤਿੰਨ ਘੰਟੇ ਬਾਅਦ ਰਾਤ 12 ਵਜੇ ਗੇਟ ਤੋਂ ਐਂਟਰੀ ਰਾਹੀਂ ਆਪਣਾ ਸਾਮਾਨ ਜਮ੍ਹਾਂ ਕਰਾ ਕੇ ਟੋਰਾਂਟੋ ਏਅਰਪੋਰਟ ਲਈ ਬੋਰਡਿੰਗ ਪਾਸ ਪ੍ਰਾਪਤ ਕੀਤਾ। ਸਖ਼ਤ ਸਕਿਉਰਿਟੀ ਚੈੱਕ ਤੋਂ ਬਾਅਦ ਮੈਂ ਅਤੇ ਮੇਰੀ ਜੀਵਨ ਸਾਥਣ ਊਸ਼ਾ ਰਾਣੀ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਅੰਦਰ ਦਾਖ਼ਲ ਹੋਏ। ਅਸੀਂ ਐਮਸਟਰਡਮ (ਨੀਦਰਲੈਂਡਜ਼) ਲਈ ਉਡਾਣ ਭਰਨੀ ਸੀ। ਜਹਾਜ਼ ਨੇ ਸਵੇਰੇ 4.10 ’ਤੇ ਉਡਾਣ ਭਰੀ। ਡੱਚ ਏਅਰਲਾਈਨਜ਼ ਦਾ ਜਹਾਜ਼ ਸੀ, ਜਿਸ ਦਾ ਏਅਰਪੋਰਟ ਐਮਸਟਰਡਮ ਉਤਾਰਾ ਸੀ। ਉੱਥੋਂ ਹੋਰ ਹਵਾਈ ਜਹਾਜ਼ ਰਾਹੀਂ ਦੋ ਘੰਟੇ ਬਾਅਦ ਟੋਰਾਂਟੋ ਏਅਰਪੋਰਟ ਲਈ ਚੱਲਣਾ ਸੀ। ਉੱਥੇ ਵੀ ਸਾਰੇ ਮੁਸਾਫ਼ਰਾਂ ਦੀ ਫਿਰ ਸਖ਼ਤ ਚੈਕਿੰਗ ਕੀਤੀ ਗਈ। ਇਸ ਤਰ੍ਹਾਂ ਤਕਰੀਬਨ 7 ਘੰਟੇ ਦੀ ਉਡਾਣ ਤੋਂ ਬਾਅਦ ਜਹਾਜ਼ ਟੋਰਾਂਟੋ ਏਅਰਪੋਰਟ ਉੱਤੇ ਉਤਰਿਆ। ਜਹਾਜ਼ ਰੁਕਦੇ ਹੀ ਇਮੀਗ੍ਰੇਸ਼ਨ ਕੈਨੇਡਾ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇਣ ਤੋਂ ਬਾਅਦ ਕੈਨੇਡਾ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਏਅਰਪੋਰਟ ਤੋਂ ਆਪਣਾ ਸਾਮਾਨ ਲੈ ਕੇ ਅਸੀਂ ਬਾਹਰ ਆਏ ਤਾਂ ਧੀ ਰਾਬੀਆ ਅਤੇ ਨਵਰੋਜ਼ ਸਾਨੂੰ ਲੈਣ ਆਏ ਸਨ। ਨਵਰੋਜ਼ ਆਪਣੀ ਗੱਡੀ ਰਾਹੀਂ ਸਾਨੂੰ ਰਾਬੀਆ ਹੋਰਾਂ ਦੀ ਰਿਹਾਇਸ਼ ਵਿਖੇ ਪਹੁੰਚਾ ਕੇ ਆਪਣੇ ਕੰਮ ’ਤੇ ਚਲਾ ਗਿਆ ਕਿਉਂਕਿ ਉਸ ਦਾ ਸਮੇਂ ਸਿਰ ਪਹੁੰਚਣਾ ਜ਼ਰੂਰੀ ਸੀ। ਲੰਮੇ ਸਫ਼ਰ ਤੋਂ ਬਾਅਦ ਅਸੀਂ ਬਰੈਂਪਟਨ ਆਪਣੇ ਸਥਾਨ ’ਤੇ ਜਸਕੀਰਤ ਸਿੰਘ ਪਾਸ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਸਾਡੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਸੀ। ਇਉਂ ਕੈਨੇਡਾ ਦੀ ਧਰਤੀ ਬਰੈਂਪਟਨ ਤੋਂ ਸਾਡੀ ਫੇਰੀ ਦੀ ਸ਼ੁਰੂਆਤ ਹੋਈ।
ਕੈਨੇਡਾ ਦਾ ਬਰੈਂਪਟਨ ਸ਼ਹਿਰ ਟੋਰਾਂਟੋ ਏਅਰਪੋਰਟ ਦੇ ਨਜ਼ਦੀਕ ਹੈ। ਸੜਕ ਰਾਹੀਂ ਸੌਖਿਆਂ ਬਰੈਂਪਟਨ ਪਹੁੰਚਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਅਤੇ ਵਿਦਿਆਰਥੀ ਇੱਥੇ ਰਹਿੰਦੇ ਹਨ ਜੋ ਕਿ ਵੱਖ ਵੱਖ ਵਿਸ਼ਿਆਂ ਦੀ ਪੜ੍ਹਾਈ ਕਰਦੇ ਹਨ ਅਤੇ ਹੁਨਰਮੰਦ ਨੌਜਵਾਨ ਨੌਕਰੀ ਕਰਦੇ ਹਨ। ਹੁਨਰਮੰਦਾਂ ਨੂੰ ਰੁਜ਼ਗਾਰ ਮਿਲ ਹੀ ਜਾਂਦਾ ਹੈ, ਪਰ ਹੁਣ ਰੁਜ਼ਗਾਰ ਦੀ ਸਮੱਸਿਆ ਪੈਦਾ ਹੋ ਗਈ ਹੈ ਜੋ ਨੌਜਵਾਨਾਂ ਵਿੱਚ ਨਿਰਾਸ਼ਾ ਪੈਦਾ ਕਰ ਰਹੀ ਹੈ। ਨੌਜਵਾਨ ਮੁੰਡੇ ਕੁੜੀਆਂ ਵੱਖ ਵੱਖ ਰੈਸਤਰਾਂ, ਵੱਡੇ ਵੱਡੇ ਸ਼ਾਪਿੰਗ ਮਾਲਜ਼ ਵਿੱਚ ਕੰਮ ਕਰਦੇ ਹਨ।
ਬਰੈਂਪਟਨ ਪਾਰਕਾਂ ਦਾ ਸ਼ਹਿਰ ਹੈ। ਹਰੇ ਭਰੇ ਮੈਦਾਨ ਹਨ। ਸ਼ਹਿਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸ਼ਹਿਰ ਵਾਸੀ ਆਪਣਾ ਜੀਵਨ ਆਨੰਦਮਈ ਜੀਅ ਸਕਣ। ਪੈਦਲ ਚੱਲਣ ਵਾਲਿਆਂ ਲਈ ਪਾਰਕਾਂ ਨੂੰ ਆਪਸ ਵਿੱਚ ਜੋੜਿਆ ਗਿਆ ਹੈ। ਜੁਲਾਈ-ਅਗਸਤ ਮਹੀਨੇ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ, ਠੰਢੀਆਂ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ। ਉੱਥੇ ਕੁਦਰਤੀ ਸਰੋਤਾਂ ਨੂੰ ਉਸੇ ਰੂਪ ਵਿੱਚ ਰੱਖਿਆ ਜਾਂਦਾ ਹੈ ਜਿਸ ਸਥਿਤੀ ਵਿੱਚ ਉਹ ਹੁੰਦੇ ਹਨ। ਜੰਗਲਾਂ ਦੀ ਸੰਭਾਲ ਕੀਤੀ ਗਈ ਹੈ। ਇਸ ਕਰਕੇ ਕੁਦਰਤੀ ਜੀਵ ਜਿਵੇਂ ਖ਼ਰਗੋਸ਼ ਅਤੇ ਗਲਹਿਰੀ ਆਮ ਦੇਖਣ ਨੂੰ ਮਿਲਦੇ ਹਨ। ਪਾਰਕਾਂ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਮਸ਼ੀਨਾਂ ਰਾਹੀਂ ਘਾਹ ਦੀ ਕਟਾਈ ਅਤੇ ਸਾਫ਼ ਸਫਾਈ ਕੀਤੀ ਜਾਂਦੀ ਹੈ। ਕੁਦਰਤੀ ਤੌਰ ’ਤੇ ਨੀਵੇਂ ਇਲਾਕਿਆਂ ਵਿੱਚ ਬਣੀਆਂ ਝੀਲਾਂ ਨੂੰ ਸਾਫ਼ ਰੱਖਿਆ ਜਾਂਦਾ ਹੈ। ਸ਼ਹਿਰ ਵਾਸੀ ਉਨ੍ਹਾਂ ਥਾਵਾਂ ’ਤੇ ਸੈਰ ਕਰਦੇ ਤੰਦਰੁਸਤ ਰਹਿੰਦੇ ਹਨ।
ਬਰੈਂਪਟਨ ਦਾ ਡਾਊਨ ਟਾਊਨ ਦੇਖਣ ਯੋਗ ਹੈ। ਪੁਰਾਣੀ ਇਮਾਰਤਸਾਜ਼ੀ ਦਾ ਅਦਭੁਤ ਨਮੂਨਾ ਦੇਖਿਆ ਜਾ ਸਕਦਾ ਹੈ। ਗੋਗ ਪਾਰਕ ਅਤੇ ਸ਼ਹਿਰ ਵਿੱਚ ਬਹੁਤ ਸ਼ਾਂਤ ਮਾਹੌਲ ਹੈ। ਉੱਥੇ ਬਣੀ ਲਾਇਬ੍ਰੇਰੀ ਰਾਤ ਦੇ 9 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਜਿੱਥੇ ਦੁਨੀਆ ਦੀਆਂ ਵੱਖ ਵੱਖ ਭਾਸ਼ਾਵਾਂ ਦੀਆਂ ਕਿਤਾਬਾਂ ਮਿਲ ਜਾਂਦੀਆਂ ਹਨ।
ਬਰੈਂਪਟਨ ਸ਼ਹਿਰ ਵਿੱਚ ਸਿੱਖ ਸੰਸਥਾਵਾਂ ਦੇ ਕਈ ਗੁਰਦੁਆਰਾ ਸਾਹਿਬ ਹਨ। ਖਾਲਸਾ ਦਰਬਾਰ ਓਂਟਾਰੀਓ ਵੱਡਾ ਗੁਰਦੁਆਰਾ ਸਾਹਿਬ ਹੈ ਜਿੱਥੇ ਸੰਗਤਾਂ ਕੀਰਤਨ ਸਰਵਣ ਕਰਦੀਆਂ ਹਨ ਅਤੇ ਇੱਥੇ ਗੁਰੂ ਦੇ ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ। ਸਿੱਖ ਇਤਿਹਾਸ ਨਾਲ ਸਬੰਧਿਤ ਲਾਇਬ੍ਰੇਰੀ ਬਣਾਈ ਗਈ ਹੈ, ਜਿੱਥੇ ਕੋਈ ਵੀ ਕਿਤਾਬਾਂ ਪੜ੍ਹ ਅਤੇ ਖਰੀਦ ਸਕਦਾ ਹੈ। ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਹੋਰ ਗੁਰਦੁਆਰਿਆਂ ਵਿੱਚ ਅਸੀਂ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਰੈਕਸਡੇਲ ਨਾਨਕ ਮਿਸ਼ਨ, ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਦਰਸ਼ਨ ਕੀਤੇ, ਜਿੱਥੇ ਲੋੜਵੰਦਾਂ ਲਈ ਗੁਰੂ ਦੇ ਲੰਗਰ ਦਾ ਪ੍ਰਬੰਧ ਹੈ। ਬਰੈਂਪਟਨ ਤੋਂ ਮਾਰਖਮ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਸਕਾਰਬਰੋ ਦੇਖਿਆ। ਇੱਥੇ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪੁੱਜਦੀ ਹੈ।
ਕੈਨੇਡਾ ਖੇਤਰਫਲ ਦੇ ਪੱਖ ਤੋਂ ਵੱਡਾ ਦੇਸ਼ ਹੋਣ ਕਾਰਨ ਬਹੁਤ ਕੁਝ ਦੇਖਣ ਯੋਗ ਹੈ। ਮਨੁੱਖੀ ਸ਼ਕਤੀ ਨਾਲ ਕੈਨੇਡਾ ਨੂੰ ਇੱਕ ਸਿਸਟਮ ਤਹਿਤ ਬਣਾਇਆ ਗਿਆ ਹੈ। ਉੱਥੇ ਕੁਦਰਤੀ ਸਥਾਨ ਵੀ ਦੇਖਣਯੋਗ ਹਨ।
ਟੋਰਾਂਟੋ, ਕੈਨੇਡਾ ਦੇ ਅਤਿ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਹੈ। ਸੀ.ਐੱਨ. ਟਾਵਰ ਇੱਥੇ ਮਨੁੱਖੀ ਸ਼ਕਤੀ ਨਾਲ ਬਣਾਇਆ ਟਾਵਰ ਹੈ, ਜਿੱਥੇ ਟਿਕਟ ਲੈ ਕੇ ਲਿਫਟ ਰਾਹੀਂ ਜਾਇਆ ਜਾਂਦਾ ਹੈ। ਇਸ ਸਥਾਨ ’ਤੇ ਲਾਈਨ ਵਿੱਚ ਲੱਗ ਕੇ ਟਿਕਟ ਲੈਣੀ ਪੈਂਦੀ ਹੈ ਅਤੇ ਕਾਫ਼ੀ ਭੀੜ ਵੀ ਹੁੰਦੀ ਹੈ। ਟੋਰਾਂਟੋ ਸ਼ਹਿਰ ਵੱਡੀਆਂ ਵੱਡੀਆਂ ਇਮਾਰਤਾਂ ਨਾਲ ਘਿਰਿਆ ਹੋਇਆ ਹੈ। ਇੱਥੋਂ ਦੇ ਸੁੰਦਰ ਇਲਾਕੇ ਨੂੰ ਪੈਦਲ ਚੱਲ ਕੇ ਦੇਖਿਆ ਜਾ ਸਕਦਾ ਹੈ। ਸੜਕਾਂ ’ਤੇ ਪੈਦਲ ਚੱਲਣ ਲਈ ਰਸਤੇ ਬਣਾਏ ਗਏ ਹਨ। ਚੁਰਾਹਿਆਂ ਨੂੰ ਪਾਰ ਕਰਨ ਲਈ ਬਟਨ ਦੱਬ ਕੇ ਆਸਾਨੀ ਨਾਲ ਲੰਘਿਆ ਜਾ ਸਕਦਾ ਹੈ ਕਿਉਂਕਿ ਸਾਰਾ ਟ੍ਰੈਫਿਕ ਰੁਕ ਜਾਂਦਾ ਹੈ। ਸ਼ਾਮ ਨੂੰ ਮੇਲੇ ਜਿਹੇ ਮਾਹੌਲ ਵਿੱਚ ਕਲਾ ਦੀਆਂ ਵੱਖ ਵੱਖ ਵੰਨਗੀਆਂ ਦੇਖੀਆਂ ਜਾ ਸਕਦੀਆਂ ਹਨ। ਸਮੁੰਦਰ ਜਿਹੀ ਓਂਟਾਰੀਓ ਲੇਕ ’ਚ ਲੋਕ ਸਮੁੰਦਰੀ ਜਹਾਜ਼ ਅਤੇ ਕਿਸ਼ਤੀਆਂ ਰਾਹੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ।
ਨਿਆਗਰਾ ਫਾਲਜ਼ ਵਧੀਆ ਸੈਰ ਸਪਾਟਾ ਸਥਾਨ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਕੁਦਰਤੀ ਪਾਣੀ ਦਾ ਆਨੰਦ ਮਾਨਣ ਲਈ ਜਹਾਜ਼ ਰਾਹੀਂ ਟਿਕਟ ਲੈ ਕੇ ਅਮਰੀਕਾ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਸੈਲਾਨੀ ਆਨੰਦ ਮਾਣਦੇ ਹਨ। ਅਮਰੀਕਾ ਤੋਂ ਤੇਜ਼ ਰਫ਼ਤਾਰ ਨਾਲ ਵਗਦਾ ਪਾਣੀ ਕੈਨੇਡਾ ਵੱਲ ਜ਼ੋਰ ਨਾਲ ਡਿੱਗਦਾ ਹੈ। ਦੋਵੇਂ ਦੇਸ਼ਾਂ ਦੇ ਜਹਾਜ਼ਾਂ ਵਿੱਚ ਆਪਣੇ ਨਾਗਰਿਕਾਂ ਨੂੰ ਵੱਖ ਵੱਖ ਰੰਗਾਂ ਦੀ ਪਲਾਸਟਿਕ ਸ਼ੀਟ ਪਹਿਨਾਈ ਜਾਂਦੀ ਹੈ। ਅਮਰੀਕਾ ਦੇ ਸੈਲਾਨੀਆਂ ਨੂੰ ਨੀਲੇ ਰੰਗ ਅਤੇ ਕੈਨੇਡਾ ਦੇ ਸੈਲਾਨੀਆਂ ਨੂੰ ਲਾਲ ਰੰਗ ਦੀ ਪਲਾਸਟਿਕ ਸ਼ੀਟ ਪਹਿਨਾਉਂਦੇ ਹਨ ਤਾਂ ਜੋ ਜਹਾਜ਼ਾਂ ਦੀ ਪਛਾਣ ਹੋ ਸਕੇ। ਯਾਤਰੀ ਸਫ਼ਰ ਕਰਦੇ ਹੋਏ ਮੀਂਹ ਵਰਗੇ ਪਾਣੀ ਨਾਲ ਭਿੱਜ ਜਾਂਦੇ ਹਨ। ਖਰੀਦਦਾਰੀ ਕਰਨ ਲਈ ਬਾਜ਼ਾਰ ਹੈ। ਪੈਦਲ ਘੁੰਮ ਕੇ ਇੱਥੇ ਆਨੰਦ ਮਾਣਿਆ ਜਾ ਸਕਦਾ ਹੈ। ਰੈਸਤਰਾਂ ਵਿੱਚ ਹਰ ਤਰ੍ਹਾਂ ਦਾ ਖਾਣਾ ਮਿਲ ਜਾਂਦਾ ਹੈ। ਬਲੂ ਪਹਾੜ ਕੈਨੇਡਾ ਦਾ ਇੱਕ ਹੋਰ ਸੈਰ ਸਪਾਟਾ ਸਥਾਨ ਹੈ ਜਿੱਥੇ ਆਪਣੇ ਵਾਹਨ ਰਾਹੀਂ ਜਾਇਆ ਜਾ ਸਕਦਾ ਹੈ। ਪਹਾੜਾਂ ’ਤੇ ਚੜ੍ਹਨ ਲਈ ਲੱਕੜ ਦੀਆਂ ਪੌੜੀਆਂ ਬਣਾਈਆਂ ਗਈਆਂ ਹਨ।
ਬੈਰੀ ਬੀਚ ’ਤੇ ਪਹੁੰਚਣ ਲਈ ਬਰੈਂਪਟਨ ਤੋਂ ਦੋ ਘੰਟੇ ਲੱਗਦੇ ਹਨ। ਇੱਥੇ ਕੈਨੇਡਾ ਦੇ ਲੋਕ ਇਸ ਝੀਲ ਦਾ ਆਨੰਦ ਮਾਣਦੇ ਹਨ।
ਵਾਟਰਲੂ ਅਤੇ ਕਿਚਨਰ ਦੋ ਘੰਟੇ ਦੀ ਦੂੁਰੀ ’ਤੇ ਹਨ, ਜਿੱਥੇ ਯੂਨੀਵਰਸਿਟੀ ਆਫ ਵਾਟਰਲੂ ਅਤੇ ਲਾਇਰਲ ਯੂਨੀਵਰਸਿਟੀ ਵੱਡੀਆਂ ਯੂਨੀਵਰਸਿਟੀਆਂ ਹਨ। ਜਿਸ ਵੀ ਕਿਸਮ ਦੀ ਉੱਚੀ ਨੀਵੀਂ ਧਰਤੀ ਹੈ, ਉਸੇ ਰੂਪ ਵਿੱਚ ਪਾਰਕ ਅਤੇ ਇਮਾਰਤਾਂ ਬਣਾਈਆਂ ਗਈਆਂ ਹਨ। ਵਾਟਰਲੂ ਵਿੱਚ ਪਾਰਕ ਅਲਿਜ਼ਬੈੱਥ ਸੈਕਿੰਡ ਵੀ ਦੇਖਣ ਯੋਗ ਸਥਾਨ ਹੈ। ਇੱਥੇ ਅਸੀਂ ਫਾਰਮਰਜ਼ ਮਾਰਕੀਟ ਦੇਖੀ ਜਿੱਥੇ ਕਾਫ਼ੀ ਰੌਣਕ ਹੁੰਦੀ ਹੈ ਅਤੇ ਤਾਜ਼ੇ ਫੁੱਲ ਫਲ, ਸਬਜ਼ੀਆਂ ਅਤੇ ਦੁਨੀਆ ਦੀ ਹਰ ਚੀਜ਼ ਮਿਲ ਜਾਂਦੀ ਹੈ। ਅੰਗਰੇਜ਼ ਉੱਥੇ ਪਹੁੰਚ ਕੇ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਲੋਕ ਆਪਣੀਆਂ ਕਾਰਾਂ ਰਾਹੀਂ ਪਹੁੰਚਦੇ ਹਨ। ਉੱਥੇ ਪੁਰਾਣੇ ਟਾਂਗੇ, ਘੋੜੇ ਅਤੇ ਹੋਰ ਜਾਨਵਰਾਂ ਨੂੰ ਸਾਂਭ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਖੇਤਰ ਵਿੱਚ ਜੁਲਾਈ, ਅਗਸਤ ਮਹੀਨੇ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ। ਮੱਕੀ ਦੀ ਪੈਦਾਵਾਰ ਵੀ ਕਾਫ਼ੀ ਹੁੰਦੀ ਹੈ। ਇੱਥੇ ਵੱਡੇ ਵੱਡੇ ਖੇਤ ਦੇਖੇ ਜਾ ਸਕਦੇ ਹਨ।
ਸਕਾਰਬਰੋ ਅਤੇ ਮਾਰਖਮ ਦੇ ਜੰਗਲਾਂ ਨੂੰ ਪੈਦਲ ਘੁੰਮ ਕੇ ਦੇਖਿਆ ਜਾ ਸਕਦਾ ਹੈ। ਮਾਰਖਮ ਵਿਖੇ ਵੱਡਾ ਪਾਰਕ ਅਤੇ ਝੀਲ ਹੈ। ਕੈਨੇਡਾ ਦਾ ਕੁਦਰਤੀ ਵਾਤਾਵਰਨ ਮਨੁੱਖ ਨੂੰ ਆਪਣੇ ਵੱਲ ਖਿੱਚਦਾ ਹੈ। ਜਦੋਂ ਪੂਰੇ ਏਸ਼ੀਆ ਅਤੇ ਖ਼ਾਸਕਰ ਭਾਰਤ ਦੇ ਮੈਦਾਨੀ ਖੇਤਰਾਂ ਵਿੱਚ ਗਰਮੀ ਪੈ ਰਹੀ ਹੁੰਦੀ ਹੈ, ਉਸ ਸਮੇਂ ਕੈਨੇਡਾ ਦਾ ਮੌਸਮ ਠੰਢਾ ਅਤੇ ਸੁਹਾਵਣਾ ਹੁੰਦਾ ਹੈ। ਹਰ ਸਮੇਂ ਠੰਢੀਆਂ ਹਵਾਵਾਂ ਚਲਦੀਆਂ ਰਹਿੰਦੀਆਂ ਹਨ। ਵਿਦੇਸ਼ੀ ਲੋਕ ਮੁਸ਼ਕਿਲ ਹਾਲਾਤ ਦੇ ਬਾਵਜੂਦ ਕੰਮ ਕਰਦੇ ਰਹਿੰਦੇ ਹਨ।
ਕਾਨੂੰਨ ਦਾ ਰਾਜ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਬੱਸ ਸੇਵਾ ਦਾ ਪ੍ਰਬੰਧ ਹੈ। ਗੂਗਲ ਰਾਹੀਂ ਊਬਰ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਮੋਬਾਈਲ ਫੋਨ ’ਤੇ ਲੋਕੇਸ਼ਨ ਪਾ ਕੇ ਕੁਝ ਮਿੰਟਾਂ ਵਿੱਚ ਹੀ ਸਮੇਂ ਅਤੇ ਸਥਾਨ ’ਤੇ ਪਹੁੰਚ ਜਾਂਦੀ ਹੈ।
ਸਰਕਾਰ ਵੱਲੋਂ ਕੁਦਰਤ ਨਾਲ ਛੇੜਛਾੜ ਦੀ ਮਨਾਹੀ ਹੈ। ਧਰਤੀ ਦਾ ਮੂਲ ਰੂਪ ਬਰਕਰਾਰ ਰੱਖਿਆ ਹੋਇਆ ਹੈ। ਉਚਾਈ ਅਤੇ ਨੀਵੀਆਂ ਥਾਵਾਂ ਢਲਾਣਾਂ ਦੀ ਵਰਤੋਂ ਉਸੇ ਹਿਸਾਬ ਨਾਲ ਕਰ ਲਈ ਜਾਂਦੀ ਹੈ। ਸੜਕਾਂ ਬਣਾਉਂਦੇ ਸਮੇਂ ਵੀ ਧਰਤੀ ਪੱਧਰੀ ਨਹੀਂ ਕੀਤੀ ਗਈ।
ਟ੍ਰੈਫਿਕ ਨਿਯਮਾਂ ਮੁਤਾਬਿਕ ਸਾਰੀਆਂ ਗੱਡੀਆਂ ਸੱਜੇ ਪਾਸੇ ਚਲਦੀਆਂ ਹਨ ਜਿਵੇਂ ਦੁਬਈ, ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਵਿੱਚ। ਭਾਰਤ ਵਿੱਚ ਸਾਰਾ ਟਰੈਫਿਕ ਖੱਬੇ ਪਾਸੇ ਚਲਾਇਆ ਜਾਂਦਾ ਹੈ। ਬਿਜਲੀ ਦੀਆਂ ਸਵਿੱਚਾਂ ਨੂੰ ਉੱਪਰ ਵੱਲ ਦੱਬ ਕੇ ਚਲਾਇਆ ਜਾਂਦਾ ਹੈ। ਸੜਕ ਨੂੰ ਪੈਦਲ ਪਾਰ ਕਰਨ ਲਈ ਚੌਕਾਂ ਵਿੱਚ ਲਾਈਟਾਂ ਰਾਹੀਂ ਬਟਨ ਦਬਾ ਕੇ ਲੰਘਿਆ ਜਾ ਸਕਦਾ ਹੈ। ਪੈਦਲ ਤੁਰਨ ਵਾਲਿਆਂ ਨੂੰ ਪਹਿਲ ਦੇ ਆਧਾਰ ’ਤੇ ਲਾਂਘਾ ਦਿੱਤਾ ਜਾਂਦਾ ਹੈ। ਉਸ ਸਮੇਂ ਚਾਰੇ ਪਾਸਿਆਂ ਤੋਂ ਸਾਰਾ ਟਰੈਫਿਕ ਰੁਕ ਜਾਂਦਾ ਹੈ। ਬੱਸ ਵਿੱਚ ਦਾਖ਼ਲ ਹੋਣ ਸਮੇਂ ਡਰਾਈਵਰ ਵਾਲੇ ਦਰਵਾਜ਼ੇ ਰਾਹੀਂ ਅੰਦਰ ਜਾਇਆ ਜਾਂਦਾ ਹੈ। ਬੱਸ ਵਿੱਚ ਕੰਡਕਟਰ ਨਹੀਂ ਹੁੰਦਾ। ਪ੍ਰੈਸਟੋ ਕਾਰਡ ਰਾਹੀਂ ਟਿਕਟ ਹੋ ਜਾਂਦੀ ਹੈ ਜਾਂ ਮਸ਼ੀਨ ਵਿੱਚ ਡਾਲਰ ਪਾ ਕੇ ਵੀ ਟਿਕਟ ਮਿਲ ਜਾਂਦੀ ਹੈ। ਇਹ ਟਿਕਟ ਮਸ਼ੀਨ ਡਰਾਈਵਰ ਵਾਲੀ ਸੀਟ ਦੇ ਨਾਲ ਹੁੰਦੀ ਹੈ। ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨੇ ਦੇ ਰੂਪ ਵਿੱਚ ਵੱਡੀ ਟਿਕਟ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਆਮ ਕੈਨੇਡੀਅਨ ਨਾਗਰਿਕ ਕਾਨੂੰਨ ਦੀ ਉਲੰਘਣਾ ਘੱਟ ਕਰਦੇ ਹਨ।
ਓਂਟਾਰੀਓ ਪ੍ਰੋਵਿੰਸ ਦੀ ਰਾਜਧਾਨੀ ਟੋਰਾਂਟੋ ਹੈ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਸ਼ਹਿਰ ਹੈ ਜਿੱਥੇ ਪਾਰਲੀਮੈਂਟ ਰਾਹੀਂ ਦੇਸ਼ ਦੀਆਂ ਸਮੱਸਿਆਵਾਂ ਨੂੰ ਵਿਚਾਰਿਆ ਜਾਂਦਾ ਹੈ। ਆਮ ਲੋਕਾਂ ਅਤੇ ਵਿਦੇਸ਼ੀਆਂ ਨੂੰ ਐਤਵਾਰ ਦੇ ਦਿਨ ਅੰਦਰ ਜਾ ਕੇ ਇਸ ਨੂੰ ਦੇਖਣ ਦੀ ਇਜਾਜ਼ਤ ਹੈ। ਉੱਥੇ ਕੰਮ ਕਰਦੀਆਂ ਕੁੜੀਆਂ ਗਰੁੱਪਾਂ ਰਾਹੀਂ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿੱਚ ਪਾਰਲੀਮੈਂਟ ਸਿਸਟਮ ਦੀ ਵਿਸਥਾਰ ਸਹਿਤ ਜਾਣਕਾਰੀ ਸੈਲਾਨੀਆਂ ਨੂੰ ਦਿੰਦੀਆਂ ਹਨ। ਕੈਨੇਡਾ ਦਾ ਖੇਤਰਫਲ ਜ਼ਿਆਦਾ ਹੋਣ ਕਾਰਨ ਪ੍ਰੋਵਿੰਸਾਂ ਨੂੰ ਏਅਰਪੋਰਟਾਂ ਰਾਹੀਂ ਆਪਸ ਵਿੱਚ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਟਰੇਨ ਦੀ ਵਿਵਸਥਾ ਕੀਤੀ ਗਈ ਹੈ। ਲੇਕ ਓਂਟਾਰੀਓ ਨਾਰਥ ਅਮਰੀਕਾ ਦੀਆਂ ਪੰਜ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ ਜੋ ਕੈਨੇਡਾ ਅਤੇ ਅਮਰੀਕਾ ਦੇ ਬਾਰਡਰ ਦਾ ਕੰਮ ਕਰਦੀ ਹੈ। ਕੈਨੇਡੀਅਨ ਸ਼ਹਿਰ ਕਿੰਗਸਟਨ, ਮਿਸੀਸਾਗਾ ਅਤੇ ਟੋਰਾਂਟੋ ਵੱਡੀ ਝੀਲ ’ਤੇ ਵਸੇ ਹੋਏ ਸੁੰਦਰ ਸ਼ਹਿਰ ਹਨ।
ਦਿੱਲੀ ਤੋਂ ਟੋਰਾਂਟੋ ਤੱਕ ਸਿੱਧੀ ਉਡਾਣ ਦਾ ਸਫ਼ਰ 11,649 ਕਿਲੋਮੀਟਰ ਹੈ। ਇਉਂ 15 ਤੋਂ 16 ਘੰਟੇ ਦੀ ਉਡਾਣ ਤੋਂ ਬਾਅਦ ਵੱਖ ਵੱਖ ਦੇਸ਼ਾਂ ਦੇ ਸਮੁੰਦਰਾਂ ਉੱਪਰ ਦੀ ਹੁੰਦੇ ਹੋਏ ਕੈਨੇਡਾ ਦੀ ਧਰਤੀ ’ਤੇ ਪਹੁੰਚਿਆ ਜਾਂਦਾ ਹੈ। ਕੈਨੇਡਾ ਕੁਦਰਤੀ ਤੌਰ ’ਤੇ ਭਾਰਤੀ ਸਮੇਂ ਤੋਂ ਪਿੱਛੇ ਚਲਦਾ ਹੈ।
ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਕੈਨੇਡੀਅਨ ਡਾਲਰਾਂ ਦੀ ਦੌੜ ਨੇ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕੀਤਾ ਹੈ। ਕਿਸੇ ਵੀ ਵਿਅਕਤੀ ਪਾਸ ਵਿਹਲਾ ਸਮਾਂ ਨਹੀਂ ਹੁੰਦਾ। ਸਮਾਂ ਲੈ ਕੇ ਹੀ ਕਿਸੇ ਨੂੰ ਮਿਲਣ ਜਾਇਆ ਜਾ ਸਕਦਾ ਹੈ। ਇਉਂ ਅਸੀਂ ਉੱਥੋਂ ਦੀਆਂ ਯਾਦਾਂ ਦਿਲ ’ਚ ਵਸਾ ਲਈਆਂ ਅਤੇ ਦੇਸ਼ ਵਾਪਸ ਆ ਗਏ।
ਸੰਪਰਕ: 98141-99337