ਉਕਾਬ
ਮੂਲ ਰੂਪ ਵਿੱਚ ਡੱਚ ਭਾਸ਼ਾ ਵਿੱਚ De adelaars ਸਿਰਲੇਖ ਹੇਠ ਛਪੀ ਇਹ ਕਹਾਣੀ ਇਰਾਨੀ ਮੂਲ ਦੇ ਡੱਚ ਲੇਖਕ ਕਾਦਰ ਅਬਦੁੱਲਾ (Kader Abdolah) ਦੀ ਲਿਖੀ ਹੋਈ ਹੈ, ਜਿਸ ਦਾ ਹਿੰਦੀ ਵਿੱਚ ਅਨੁਵਾਦ ਜਤਿੰਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।
ਮੇਰੇ ਦੇਸ਼ ਵਿੱਚ ਪਹਾੜਾਂ ’ਤੇ ਖੜ੍ਹਿਆਂ ਇਉਂ ਲੱਗਦਾ ਹੈ, ਜਿਵੇਂ ਕਿਸੇ ਉੱਜੜੀ ਹੋਈ ਕਬਰ ’ਤੇ ਖੜ੍ਹੇ ਹੋਈਏ। ਕਬਰ ਵਿੱਚ ਹੈ ਕੌਣ? ਕਿਸੇ ਨੂੰ ਨਹੀਂ ਪਤਾ। ਸਰਦੀਆਂ ਵਿੱਚ ਇੱਥੇ ਕੁਝ ਨਹੀਂ ਦਿਸਦਾ। ਬਸੰਤ ਰੁੱਤੇ ਬਰਫ਼ ਖੁਰਨ ਮਗਰੋਂ ਕਬਰਾਂ ਬਾਹਰ ਨਿਕਲਦੀਆਂ ਹਨ ਅਤੇ ਬਹੁਤ ਛੇਤੀ ਫੁੱਲਾਂ ਨਾਲ ਢਕੀਆਂ ਜਾਂਦੀਆਂ ਹਨ, ਜਿਵੇਂ ਕੁਦਰਤ ਨੂੰ ਡਰ ਹੋਵੇ ਮਤੇ ਉਨ੍ਹਾਂ ’ਤੇ ਕਿਸੇ ਦੀ ਨਜ਼ਰ ਨਾ ਪੈ ਜਾਵੇ।
ਪਰਬਤਾਰੋਹੀਆਂ ਨੂੰ ਜਦੋਂ ਵੀ ਕੋਈ ਅਜਿਹੀ ਕਬਰ ਮਿਲਦੀ ਹੈ ਤਾਂ ਉਹ ਤਾਨਾਸ਼ਾਹੀ ਵਿਰੁੱਧ ਗੀਤ ਗਾਉਣ ਲੱਗਦੇ ਹਨ। ਗਾਉਂਦੇ ਗਾਉਂਦੇ ਹੀ ਕਬਰ ਤੱਕ ਪਹੁੰਚਦੇ ਹਨ। ਫਿਰ ਪਿੱਠ ਤੋਂ ਆਪਣਾ ਝੋਲਾ ਉਤਾਰ ਕੁਝ ਦੇਰ ਸੁਸਤਾਉਂਦੇ ਅਤੇ ਪਾਣੀ ਪੀਂਦੇ ਹਨ।
ਉਹ ਆਪਣਾ ਬਚਿਆ ਹੋਇਆ ਖਾਣ-ਪੀਣ ਦਾ ਸਾਮਾਨ ਪੰਛੀਆਂ ਅਤੇ ਪਹਾੜਾਂ ਵਿੱਚ ਉੱਚਾ ਉੱਡਦੇ ਉਕਾਬਾਂ ਲਈ ਛੱਡ ਦਿੰਦੇ ਹਨ। ਕਬਰ ਉੱਪਰ ਮੰਡਰਾਉਂਦੇ ਉਕਾਬ ਸੈਲਾਨੀਆਂ ਦੇ ਜਾਣ ਦਾ ਇੰਤਜ਼ਾਰ ਕਰਦੇ ਹਨ ਅਤੇ ਫਿਰ ਇਕਦਮ ਭੋਜਨ ਉੱਤੇ ਆਣ ਝਪਟਦੇ ਹਨ। ਇੱਕ ਤਰ੍ਹਾਂ ਨਾਲ ਇਹ ਉਕਾਬ ਸੈਲਾਨੀਆਂ ਦੇ ਰਹਿਬਰ ਵੀ ਹਨ। ਅੱਗੇ ਅੱਗੇ ਉੱਡਦੇ ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਕਬਰਾਂ ਕਿੱਥੇ ਹਨ।
ਮੇਰੀ ਜਨਮ ਭੂਮੀ ਦੀ ਸਭ ਤੋਂ ਉੱਚੀ ਚੋਟੀ ’ਤੇ ਖਲੋ ਕੇ ਉੱਤਰ ਦੇ ਪਹਾੜਾਂ ਵੱਲ ਨਜ਼ਰ ਮਾਰੋ ਤਾਂ ਤੁਹਾਨੂੰ ਕਬਰਾਂ ’ਤੇ ਝਪਟਦੇ ਉਕਾਬਾਂ ਦੇ ਇਹ ਝੁੰਡ ਦਿਸਣਗੇ। ਨੰਗੀਆਂ ਅੱਖਾਂ ਨਾਲ ਸਿਰਫ਼ ਸਲੇਟੀ ਨੀਲੇ ਪਹਾੜ ਹੀ ਦਿਸਣਗੇ, ਪਰ ਦੂਰਬੀਨ ਨਾਲ ਇਨ੍ਹਾਂ ਦੀਆਂ ਘਾਟੀਆਂ ਵਿੱਚ ਵਸੇ ਪਿੰਡ ਵੀ ਵੇਖੇ ਜਾ ਸਕਦੇ ਹਨ। ਛੋਟੇ ਛੋਟੇ ਪਿੰਡ, ਜੋ ਇਨ੍ਹਾਂ ਕਬਰਾਂ ਵਾਂਗ ਹੀ ਸਰਦੀਆਂ ਵਿੱਚ ਬਰਫ਼ ਅਤੇ ਗਰਮੀਆਂ ਵਿੱਚ ਜੰਗਲੀ ਫੁੱਲਾਂ ਨਾਲ ਢਕੇ ਰਹਿੰਦੇ ਹਨ।
ਮੇਰੇ ਪਿਤਾ ਦਾ ਜਨਮ ਇਨ੍ਹਾਂ ਵਿੱਚੋਂ ਹੀ ਕਿਸੇ ਪਿੰਡ ਵਿੱਚ ਹੋਇਆ ਸੀ ਅਤੇ ਮੇਰਾ ਭਰਾ ਇਨ੍ਹਾਂ ਪਹਾੜਾਂ ਵਿੱਚ ਦਫ਼ਨ ਹੈ। ਮੈਨੂੰ ਪਤਾ ਨਹੀਂ ਸੀ ਕਿ ਮੇਰੇ ਭਰਾ ਨੂੰ ਕਤਲ ਕਰ ਦਿੱਤਾ ਗਿਆ। ਮੈਂ ਰਾਜਧਾਨੀ ਵਿੱਚ ਰਹਿੰਦਾ ਸੀ ਅਤੇ ਮੇਰਾ ਭਰਾ ਹਕੂਮਤ ਦੇ ਵਿਰੋਧ ਕਰਕੇ ਜੇਲ੍ਹ ਵਿੱਚ ਸੀ।
‘‘ਫੌਰੀ ਆ ਜਾ!’’ ਮੇਰੇ ਪਿਤਾ ਨੇ ਫੋਨ ’ਤੇ ਮੈਨੂੰ ਕਿਹਾ। ਦੁਪਹਿਰ ਦਾ ਇੱਕ ਵੱਜਿਆ ਸੀ। ਪਿਤਾ ਦੇ ਸੁਭਾਅ ਤੋਂ ਜਾਣੂੰ ਹੋਣ ਕਰਕੇ ਮੈਨੂੰ ਇਹ ਸੁਨੇਹਾ ਸੁਣ ਕੇ ਡਰ ਲੱਗਿਆ। ‘‘ਫੌਰੀ ਆ ਜਾ,’’ ਜਿਵੇਂ ਕਿਸੇ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੋਵੇ। ਮੈਂ ਤੁਰੰਤ ਗੱਡੀ ਲੈ ਕੇ ਤੁਰ ਪਿਆ। ਤਕਰੀਬਨ ਪੌਣੇ ਪੰਜ ਵਜੇ ਮੈਂ ਉੱਥੇ ਪਹੁੰਚ ਗਿਆ ਪਰ ਗੂੜ੍ਹਾ ਹਨੇਰਾ ਹੋਣ ਪਿੱਛੋਂ ਹੀ ਮੈਂ ਆਪਣੇ ਘਰ ਦਾ ਰੁਖ਼ ਕਰ ਸਕਦਾ ਸੀ। ਪੰਜ ਵੱਜਣ ਵਿੱਚ ਤਿੰਨ ਮਿੰਟ ’ਤੇ ਮੈਂ ਗੁਆਂਢ ਵਿੱਚ ਗੱਡੀ ਖੜ੍ਹਾਈ ਅਤੇ ਫਿਰ ਸਾਵਧਾਨੀ ਨਾਲ ਪੈਦਲ ਹੀ ਘਰ ਪਹੁੰਚ ਗਿਆ। ਮੇਰੇ ਪਿਤਾ ਨੇ ਖਿੜਕੀ ਵਿੱਚੋਂ ਮੈਨੂੰ ਦੇਖ ਲਿਆ ਸੀ। ਮੇਰੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਬਾਹਰ ਆ ਗਏ। ਰੁੱਖੇ ਅਤੇ ਸਰਸਰੀ ਜਿਹੇ ਢੰਗ ਨਾਲ ਉਨ੍ਹਾਂ ਮੈਨੂੰ ਇਉਂ ਦੇਖਿਆ ਜਿਵੇਂ ਉਨ੍ਹਾਂ ਨੇ ਮੈਨੂੰ ਟੈਲੀਫੋਨ ਕੀਤਾ ਹੀ ਨਾ ਹੋਵੇ। ਮੈਂ ਹੀ ਖ਼ਾਹ-ਮਖ਼ਾਹ 300 ਮੀਲ ਗੱਡੀ ਚਲਾ ਕੇ ਉੱਥੇ ਪਹੁੰਚ ਗਿਆ ਹੋਵਾਂ। ਪਰ ਮੈਂ ਆਪਣੇ ਪਿਤਾ ਨੂੰ ਜਾਣਦਾ ਸੀ। ਉਹ ਕਦੇ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਸੀ ਕਰਦੇ। ਉਨ੍ਹਾਂ ਨੇ ਬਸ ਮੇਰੇ ਵੱਲ ਵੇਖਿਆ ਅਤੇ ਖਿੜਕੀ ’ਚੋਂ ਆਉਂਦੀ ਧੁੰਦਲੀ ਜਿਹੀ ਰੋਸ਼ਨੀ ਵਿੱਚ ਹੀ ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਉਹ ਪੜ੍ਹ ਲਿਆ, ਜਿਸ ਦਾ ਮੈਨੂੰ ਡਰ ਸੀ। ਪੂਰਾ ਕਿੱਸਾ ਮੇਰੇ ਸਾਹਮਣੇ ਸੀ; ਇੱਕ ਲਾਸ਼, ਇੱਕ ਪਿਤਾ ਅਤੇ ਕਬਰ ਦਾ ਨਾ ਹੋਣਾ।
ਮੇਰੇ ਪਿਤਾ ਨੇ ਭਰਾ ਦੀ ਲਾਸ਼ ਦੀ ਸਪੁਰਦਗੀ ਲੈ ਲਈ ਸੀ, ਪਰ ਕਿਉਂਕਿ ਉਹ ਨਾਪਾਕ ਸੀ, ਇਸ ਲਈ ਉਸ ਨੂੰ ਕਿਸੇ ਸਰਕਾਰੀ ਕਬਰਿਸਤਾਨ ਵਿੱਚ ਦਫ਼ਨਾਇਆ ਨਹੀਂ ਸੀ ਜਾ ਸਕਦਾ। ਅਸੀਂ ਚੁੱਪਚਾਪ ਉਸ ਨੂੰ ਖ਼ੁਫ਼ੀਆ ਢੰਗ ਨਾਲ ਦਫ਼ਨਾਉਣਾ ਸੀ। ਖਿੜਕੀ ਕੋਲ ਖੜ੍ਹੀ ਮਾਂ ਚੁੱਪਚਾਪ ਮੇਰੇ ਵੱਲ ਦੇਖ ਰਹੀ ਸੀ। ਉਸ ਨੇ ਕਾਲਾ ਲਿਬਾਸ ਪਹਿਨਿਆ ਹੋਇਆ ਸੀ। ਰਸਮ ਮੁਤਾਬਿਕ ਉਸ ਨੂੰ ਚੀਖ ਚੀਖ ਕੇ ਸਿਰ ਪਿੱਟਣਾ ਅਤੇ ਆਪਣੇ ਸਫ਼ੇਦ ਹੋ ਰਹੇ ਵਾਲਾਂ ਨੂੰ ਨੋਚਣਾ ਚਾਹੀਦਾ ਸੀ। ਮੈਂ ਦੌੜ ਕੇ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸੀ ਤੇ ਉਸ ਮਗਰੋਂ ਅਸੀਂ ਇੱਕ-ਦੂਜੇ ਗਲ ਲੱਗ ਕੇ ਜ਼ਾਰੋ-ਜ਼ਾਰ ਰੋਣਾ ਸੀ, ਪਰ ਅਜਿਹਾ ਕੁਝ ਵੀ ਸੰਭਵ ਨਹੀਂ ਸੀ। ਸਾਡਾ ਦੁੱਖ ਕਿਸੇ ਨੂੰ ਦਿਸਣਾ ਨਹੀਂ ਸੀ ਚਾਹੀਦਾ। ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸੀ ਕਿ ਜੇਲ੍ਹ ਵਿੱਚ ਮੇਰੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ। ਸਾਡੇ ਘਰ ਦੇ ਸਾਹਮਣੇ ਭੂਰੇ ਲਾਲ ਰੰਗ ਦਾ ਇੱਕ ਟੈਂਪੂ ਖੜ੍ਹਾ ਸੀ। ਮੈਂ ਯਕੀਨ ਨਹੀਂ ਸੀ ਕਰਨਾ ਚਾਹੁੰਦਾ, ਪਰ ਫਿਰ ਵੀ ਮੈਂ ਝੱਟ ਸਮਝ ਗਿਆ ਕਿ ਇਸ ਵਿੱਚ ਕੌਣ ਹੈ।
‘‘ਚੱਲ!’’ ਮੇਰੇ ਪਿਤਾ ਨੇ ਟੈਂਪੂ ਦੀਆਂ ਚਾਬੀਆਂ ਮੇਰੇ ਹੱਥ ਫੜਾਉਂਦਿਆਂ ਕਿਹਾ। ਮੈਂ ਚਾਬੀਆਂ ਫੜ ਲਈਆਂ। ਹਕੀਕਤ ਮੇਰੇ ਸਾਹਮਣੇ ਸੀ, ਪਰ ਉਸ ’ਤੇ ਯਕੀਨ ਕਰਨ ਲਈ ਮੇਰਾ ਉਸ ਨੂੰ ਅੱਖੀਂ ਵੇਖਣਾ ਜ਼ਰੂਰੀ ਸੀ।
ਟੈਂਪੂ ਤੱਕ ਪਹੁੰਚ ਕੇ ਮੈਂ ਇਸ ਦਾ ਪਿਛਲਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹਿਆ। ਸਫ਼ੇਦ ਚਾਦਰ ਥੱਲੇ ਉਹ ਠੰਢ ਨਾਲ ਮੁਚੜਿਆ ਪਿਆ ਸੀ। ਉਸ ਨੂੰ ਸੱਜੇ ਪਾਸੇ ਲਿਟਾਇਆ ਗਿਆ ਸੀ ਅਤੇ ਉਸ ਦੇ ਦੋਵੇਂ ਹੱਥ ਪੱਟਾਂ ਵਿੱਚ ਦੱਬੇ ਹੋਏ ਸਨ। ਉਨ੍ਹਾਂ ਨੇ ਸ਼ਾਇਦ ਕਿਸੇ ਤਰ੍ਹਾਂ ਉਸ ਨੂੰ ਟੈਂਪੂ ਵਿੱਚ ਘੁਸੇੜ ਦਿੱਤਾ ਸੀ। ਉਸ ਨੂੰ ਪੂਰਾ ਲੰਮਾ ਲਿਟਾਉਣ ਜੋਗੀ ਥਾਂ ਵੀ ਨਹੀਂ ਸੀ।
ਮੈਂ ਉੱਪਰਲੀ ਬੱਤੀ ਜਗਾਈ। ਉਸ ਦਾ ਸਿਰ ਚਾਦਰ ਤੋਂ ਬਾਹਰ ਨਿਕਲਿਆ ਹੋਇਆ ਸੀ। ਉਸ ਦੇ ਸੀਨੇ ਵਿੱਚ ਖੱਬੇ ਪਾਸੇ ਗੋਲ਼ੀ ਦਾ ਨਿਸ਼ਾਨ ਸੀ। ਉਹ ਮੇਰਾ ਭਰਾ ਹੀ ਸੀ। ਮੇਰੀ ਮਾਂ ਹੁਣ ਵੀ ਖਿੜਕੀ ਕੋਲ ਖੜ੍ਹੀ ਸੀ। ਸ਼ੀਸ਼ੇ ਪਿੱਛੋਂ ਉਹ ਕਿਸੇ ਮ੍ਰਿਤਕ ਮਾਂ ਵਾਂਗ ਤਸਵੀਰ ਵਰਗੀ ਦਿਸ ਰਹੀ ਸੀ।
‘‘ਹੁਣ ਸਾਨੂੰ ਚੱਲਣਾ ਚਾਹੀਦਾ ਹੈ!’’ ਮੇਰੇ ਪਿਤਾ ਨੇ ਕਿਹਾ। ਮੈਂ ਪਿਛਲਾ ਦਰਵਾਜ਼ਾ ਬੰਦ ਕੀਤਾ ਅਤੇ ਸਟੀਅਰਿੰਗ ’ਤੇ ਆ ਬੈਠਾ ਤੇ ਪੁੱਛਿਆ, ‘‘ਜਾਣਾ ਕਿੱਥੇ ਹੈ?’’ ‘‘ਓਧਰ ਉਪਰ,’’ ਪਿਤਾ ਨੇ ਉੱਤਰ ਦੇ ਪਹਾੜਾਂ ਵੱਲ ਇਸ਼ਾਰਾ ਕੀਤਾ। ਉਹ ਇੰਨੇ ਪੱਥਰ ਦਿਲ ਕਿਵੇਂ ਹੋ ਸਕਦੇ ਹਨ ਜਦੋਂਕਿ ਟੈਂਪੂ ’ਚ ਪਿੱਛੇ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪਈ ਹੈ। ਮੈਨੂੰ ਸਮਝ ਨਹੀਂ ਆਈ ਕਿ ਪਿਤਾ ਜੀ ਕੀ ਕਰਨਾ ਚਾਹੁੰਦੇ ਹਨ। ਮੈਂ ਜਾਣਦਾ ਸੀ ਕਿ ਉਹ ਆਪਣੇ ਪੁੱਤਰ ਨੂੰ ਪਹਾੜਾਂ ਵਰਗੀ ਵੀਰਾਨ ਜਗ੍ਹਾ ਵਿੱਚ ਦਫ਼ਨਾਉਣਾ ਮੰਨਣ ਵਾਲਾ ਸ਼ਖ਼ਸ ਨਹੀਂ ਸੀ। ਕੁਨੱਖਾ ਜਿਹਾ ਮੈਂ ਉਨ੍ਹਾਂ ਵੱਲ ਦੇਖਣਾ ਚਾਹਿਆ ਪਰ ਹਿੰਮਤ ਨਾ ਪਈ। ਮੈਂ ਉਨ੍ਹਾਂ ਨਾਲ ਦੁੱਖ ਵੰਡਾਉਣਾ ਚਾਹੁੰਦਾ ਸੀ, ਪਰ ਉਹ ਉਸ ਕਿਸਮ ਦੇ ਆਦਮੀ ਵੀ ਨਹੀਂ ਸਨ। ਲਿਹਾਜ਼ਾ, ਮੈਂ ਚੁੱਪਚਾਪ ਉੱਤਰ ਦੇ ਪਹਾੜਾਂ ਵੱਲ ਵਧਣ ਲੱਗਾ।
ਮੇਰੇ ਪਿਤਾ ਹਮੇਸ਼ਾ ਇੱਕ ਬੰਦ ਕਿਤਾਬ ਦੀ ਤਰ੍ਹਾਂ ਰਹੇ ਸਨ। ਮੈਂ ਉਨ੍ਹਾਂ ਨੂੰ ਕਦੇ ਵੀ ਸਮਝ ਨਹੀਂ ਸਕਿਆ। ਆਪਣੇ ਖ਼ਿਆਲਾਂ ਵਿੱਚ ਉਹ ਮੈਨੂੰ ਹਮੇਸ਼ਾ ਫਾਰਸੀ ਕਾਲੀਨ ’ਤੇ ਬੈਠੇ ਕੁਰਾਨ ਪੜ੍ਹਦੇ ਦਿਸਦੇ ਸਨ। ਉਹ ਸ਼ੁਰੂ ਤੋਂ ਹੀ ਕੁਰਾਨ ਪੜ੍ਹਨ ਦੇ ਕਾਇਲ ਰਹੇ ਸਨ ਅਤੇ ਆਪਣੇ ਭਰਾ ਦੀ ਮੌਤ ਮਗਰੋਂ ਤਾਂ ਉਹ ਕਾਫ਼ੀ ਜ਼ਿਆਦਾ ਬਾਕਾਇਦਗੀ ਨਾਲ ਪੜ੍ਹਨ ਲੱਗੇ ਸਨ। ਉਹ ਇਵੇਂ ਦੇ ਹੀ ਸਨ ਅਤੇ ਮੈਂ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ, ਉਨ੍ਹਾਂ ਤੋਂ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਰ ਸਕਦਾ ਕਿ ਅੱਬੂ ਤੁਸੀਂ ਕੁੱਝ ਹੋਰ ਕਿਉਂ ਨਹੀਂ ਪੜ੍ਹਦੇ?
ਉਹ ਹਮੇਸ਼ਾ ਆਪਣੀਆਂ ਸਮੱਸਿਆਵਾਂ ਦੇ ਹੱਲ ਖ਼ੁਦ ਢੂੰਡਣ ਦੀ ਕੋਸ਼ਿਸ਼ ਕਰਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਕੋਈ ਰਾਹ ਨਾ ਦਿਸਦਾ ਤਾਂ ਕੁਰਾਨ ਪੜ੍ਹਨ ਬੈਠ ਜਾਂਦੇ। ਮੈਨੂੰ ਹੈਰਾਨੀ ਹੁੰਦੀ ਸੀ ਕਿ ਉਨ੍ਹਾਂ ਵਿੱਚ ਇੰਨੀ ਆਸਥਾ ਕਿੱਥੋਂ ਆ ਗਈ?
‘‘ਤੁਸੀਂ ਕੀ ਸੋਚਿਆ ਹੈ? ਅਸੀਂ ਕਿੱਥੇ ਜਾ ਰਹੇ ਹਾਂ?’’
‘‘ਅਸੀਂ ਮਾਰਜ਼ਏਦਜਰਾਨ ਜਾ ਰਹੇ ਹਾਂ,’’ ਉਨ੍ਹਾਂ ਕਿਹਾ।
‘‘ਮਾਰਜ਼ਏਦਜਰਾਨ?’’ ਮੈਂ ਬੇਯਕੀਨੀ ਵਿੱਚੋਂ ਉਨ੍ਹਾਂ ਵੱਲ ਵੇਖਿਆ। ਇਹ ਨਹੀਂ ਸੀ ਹੋ ਸਕਦਾ। ਮਾਰਜ਼ਏਦਜਰਾਨ ਦੇ ਬਾਸ਼ਿੰਦੇ ਬੇਹੱਦ ਧਾਰਮਿਕ ਕਿਸਮ ਦੇ ਸਨ ਅਤੇ ਉਹ ਸਾਰੇ ਤਾਨਾਸ਼ਾਹੀ ਦਾ ਸਮਰਥਨ ਕਰਦੇ ਸਨ। ਅਸੀਂ ਕਿਸੇ ਵੀ ਸੂਰਤ ਉਨ੍ਹਾਂ ਤੋਂ ਇੱਕ ਕਬਰ ਨਹੀਂ ਸਾਂ ਮੰਗ ਸਕਦੇ।
ਮੇਰੇ ਪਿਤਾ ਕੁਝ ਨਾ ਬੋਲੇ, ਪਰ ਜ਼ਾਹਿਰ ਸੀ ਕਿ ਉਨ੍ਹਾਂ ਨੇ ਇਹ ਫ਼ੈਸਲਾ ਪਵਿੱਤਰ ਕੁਰਾਨ ਤੋਂ ਅਗਵਾਈ ਲੈਣ ਮਗਰੋਂ ਹੀ ਕੀਤਾ ਸੀ। ਉਨ੍ਹਾਂ ਨਾਲ ਇਸ ’ਤੇ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਮੈਂ ਚੁੱਪਚਾਪ ਗੱਡੀ ਚਲਾਉਂਦਾ ਰਿਹਾ। ਪੂਰੀ ਸੜਕ ਬਰਫ਼ ਨਾਲ ਢਕੀ ਹੋਈ ਸੀ। ਪਿੰਡ ਦੀਆਂ ਬੱਸਾਂ ਦੇ ਟਾਇਰਾਂ ਨਾਲ ਬਰਫ਼ ’ਤੇ ਬਣੇ ਨਿਸ਼ਾਨਾਂ ਤੋਂ ਇਲਾਵਾ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਗੱਡੀ ਚਲਾਉਂਦੇ ਚਲਾਉਂਦੇ ਮੈਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਭਰਾ ਨੂੰ ਆਖ਼ਰੀ ਵਾਰ ਕਦੋਂ ਦੇਖਿਆ ਸੀ, ਪਰ ਕੁਝ ਯਾਦ ਨਾ ਆਇਆ। ਜਾਪਦਾ ਸੀ ਜਿਵੇਂ ਉਸ ਦੀਆਂ ਸਾਰੀਆਂ ਯਾਦਾਂ ਵੀ ਉਸ ਦੀ ਮੌਤ ਨਾਲ ਕਿਧਰੇ ਗੁਆਚ ਗਈਆਂ ਹੋਣ। ਉਸ ਦੀ ਥਾਂ ਸਿਰਫ਼ ਇੱਕੋ ਅਕਸ ਵਾਰ ਵਾਰ ਗੱਡੀ ਦੀਆਂ ਹੈੱਡਲਾਈਟਾਂ ਦੇ ਸਾਹਮਣੇ ਦਹਿਕਦਾ ਪਿਆ ਸੀ। ਆਦਮੀਆਂ ਦਾ ਇੱਕ ਟੋਲਾ ਉਸ ਨੂੰ ਗੋਲੀ ਮਾਰਨ ਵਾਲੇ ਫਾਇਰਿੰਗ ਸਕੁਐਡ ਵੱਲ ਲਿਜਾ ਰਿਹਾ ਸੀ। ਉਸ ਦੀਆਂ ਅੱਖਾਂ ਕਾਲੇ ਕੱਪੜੇ ਨਾਲ ਢਕ ਦਿੱਤੀਆਂ ਗਈਆਂ ਸਨ ਅਤੇ ਉਸ ਦੇ ਦੋਵੇਂ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ। ਉਸ ਦਾ ਸਿਰ ਉੱਚਾ ਸੀ ਤੇ ਉਹ ਚੀਖ ਰਿਹਾ ਸੀ। ਉਸ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ, ਪਰ ਕਿਸੇ ਮੂਕ ਫਿਲਮ ਦੇ ਦ੍ਰਿਸ਼ ਵਾਂਗ ਉਸ ਦੇ ਹਿਲਦੇ ਹੋਏ ਬੁੱਲ੍ਹ ਵੇਖੇ ਜਾ ਸਕਦੇ ਸਨ। ਉਸ ਦੇ ਜਿਸਮ ਦੀ ਤੜਪ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਨ੍ਹਾਂ ਨੇ ਉਸ ’ਤੇ ਤਿੰਨ ਵਾਰ ਗੋਲ਼ੀ ਚਲਾਈ। ਫਿਰ ਇੱਕ ਗੋਲ਼ੀ ਸੀਨੇ ਦੇ ਖੱਬੇ ਪਾਸੇ ਲੱਗੀ ਅਤੇ ਕਿਸੇ ਮ੍ਰਿਤਕ ਪੰਛੀ ਵਾਂਗ ਉਸ ਦਾ ਸਿਰ ਅੱਗੇ ਡਿੱਗ ਪਿਆ।
ਮੈਂ ਗੱਡੀ ਦੇ ਰੀਅਰ ਵਿਊ ਵਾਲੇ ਸ਼ੀਸ਼ੇ ਵਿੱਚੋਂ ਉਸ ਨੂੰ ਵੇਖਿਆ। ਪਥਰਾਈਆਂ ਅੱਖਾਂ ਨਾਲ ਉਹ ਉੱਥੇ ਹੀ ਪਿਆ ਸੀ। ਉਸ ਦੀਆਂ ਅੱਖਾਂ ਦਾ ਰੰਗ ਕਿਹੋ ਜਿਹਾ ਸੀ? ਨੀਲਾ? ਸਲੇਟੀ? ਸਲੇਟੀ-ਨੀਲਾ? ਆਪਣੇ ਦੋਵੇਂ ਹੱਥਾਂ ਨੂੰ ਪੱਟਾਂ ਵਿੱਚ ਦੱਬੀ ਉਹ ਉੱਥੇ ਹੀ ਪਿਆ ਸੀ ਅਤੇ ਮੈਂ ਉਸ ਨੂੰ ਕੋਈ ਕਿਤਾਬ ਵੀ ਨਹੀਂ ਸੀ ਦੇ ਸਕਦਾ। ਮੈਂ ਉਸ ਨੂੰ ਪੜ੍ਹਨ ਲਈ ਆਖ਼ਰੀ ਕਿਤਾਬ ਕਦੋਂ ਦਿੱਤੀ ਸੀ?
ਅਸੀਂ ਪਿੰਡ ਦੇ ਬਹੁਤ ਨੇੜੇ ਆ ਪਹੁੰਚੇ ਸਾਂ। ਮੈਂ ਹੁਣ ਮਕਾਨਾਂ ਦੇ ਧੁੰਦਲੇ ਆਕਾਰ ਦੇਖ ਰਿਹਾ ਸਾਂ। ਕਿਤੇ ਕੋਈ ਰੌਸ਼ਨੀ ਨਹੀਂ ਸੀ, ਜਿਵੇਂ ਰੌਸ਼ਨੀ ਦੀ ਅਜੇ ਕਾਢ ਹੀ ਨਾ ਨਿਕਲੀ ਹੋਵੇ। ਜਦੋਂ ਅਸੀਂ ਨੇੜੇ ਪਹੁੰਚੇ ਤਾਂ ਜ਼ਿੰਦਗੀ ਦੀ ਇੱਕੋ-ਇੱਕ ਨਿਸ਼ਾਨੀ ਦੇ ਰੂਪ ਵਿੱਚ ਕਿਸੇ ਹਮਾਮ ਵਿੱਚੋਂ ਉੱਠਦਾ ਧੂੰਆਂ ਦਿਸਿਆ।
ਅਜਿਹੇ ਪਿੰਡ ਵਿੱਚ ਲੋਕ ਹਮੇਸ਼ਾ ਇੰਤਜ਼ਾਰ ਵਿੱਚ ਰਹਿੰਦੇ ਹਨ ਕਿ ਕੋਈ ਆਵੇ, ਕੋਈ ਜਾਵੇ, ਕੋਈ ਬੱਚਾ ਪੈਦਾ ਹੋਵੇ, ਕੋਈ ਮਰ ਜਾਏ। ਅਜਿਹਾ ਉਨੀਂਦਾ ਪਿੰਡ ਹਮੇਸ਼ਾ ਕੁਝ ਵਾਪਰਨ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਅਸੀਂ ਪਿੰਡ ਵਿੱਚ ਅੰਦਰ ਤੱਕ ਦਾਖ਼ਲ ਹੁੰਦੇ ਗਏ। ਸਾਨੂੰ ਆਪਣੇ ਆਉਣ ਦੀ ਖ਼ਬਰ ਦੇਣ ਦੀ ਲੋੜ ਨਾ ਪਈ। ਅਜਿਹੀਆਂ ਥਾਵਾਂ ’ਤੇ ਹਨੇਰੇ ਵਿੱਚ ਗੱਡੀ ਦਾ ਆਉਣਾ ਹੀ ਇੱਕ ਘਟਨਾ ਵਜੋਂ ਕਾਫ਼ੀ ਹੁੰਦਾ ਹੈ। ਇੰਨੀ ਠੰਢ ਵਿੱਚ ਪਹਾੜਾਂ ਵਿੱਚ ਭਟਕਣ ਵਾਲਾ ਕੌਣ ਹੋ ਸਕਦਾ ਸੀ? ਕੋਈ ਬਾਗ਼ੀ? ਕੋਈ ਭਗੌੜਾ? ਜਾਂ ਫਿਰ ਗੱਡੀ ਪਿੱਛੇ ਲੱਦਿਆ ਹੋਇਆ ਕੋਈ ਮ੍ਰਿਤਕ। ਗੋਲ਼ੀਆਂ ਨਾਲ ਛਲਣੀ ਜਿਸਮ ਦੀ ਸ਼ਕਲ ਵਿੱਚ ਸਾਡੇ ਕੋਲ ਉਹੋ ਸੀ, ਜੋ ਉਨ੍ਹਾਂ ਲੰਮੀਆਂ ਸਰਦੀਆਂ ਦੀ ਨੀਰਸਤਾ ਵਿੱਚ ਹੋ ਸਕਦਾ ਸੀ।
ਅਚਾਨਕ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮੈਂ ਗੱਡੀ ਦੀਆਂ ਹੈੱਡਲਾਈਟਾਂ ਬੰਦ ਕਰ ਦਿੱਤੀਆਂ। ਇਸ ਦਾ ਕੋਈ ਖ਼ਾਸ ਅਸਰ ਨਾ ਹੋਇਆ। ਕੁੱਤਿਆਂ ਨੇ ਮ੍ਰਿਤਕ ਦੇਹ ਦੀ ਗੰਧ ਸੁੰਘ ਲਈ ਸੀ ਅਤੇ ਉਹ ਬਰਫ਼ ਵਿੱਚੋਂ ਦੌੜਦੇ ਸਾਡੇ ਵੱਲ ਆਏ। ਉਸੇ ਵੇਲੇ ਮੈਨੂੰ ਉਨ੍ਹਾਂ ਦੇ ਪਿੱਛੇ ਭਾਰੀ ਕੱਪੜਿਆਂ ਵਿੱਚ ਲੈਸ ਤਿੰਨ ਤਕੜੇ ਆਦਮੀ ਦਿਸੇ। ਉਨ੍ਹਾਂ ਸਾਰਿਆਂ ਦੇ ਹੱਥਾਂ ਵਿੱਚ ਸੋਟੇ ਸਨ।
‘‘ਅੱਲ੍ਹਾ!’’ ਮੇਰੇ ਪਿਤਾ ਨੇ ਚੀਖ ਕੇ ਕਿਹਾ। ਭੌਂਕਦੇ ਕੁੱਤਿਆਂ ਨੇ ਸਾਡਾ ਰਾਹ ਰੋਕ ਲਿਆ। ਉਹ ਆਦਮੀ ਸਾਡੇ ਕਰੀਬ ਆ ਪਹੁੰਚੇ।
‘‘ਤੂੰ ਗੱਡੀ ਵਿੱਚ ਹੀ ਰਹਿ!’’ ਮੇਰੇ ਪਿਤਾ ਨੇ ਉਤਰਦਿਆਂ ਕਿਹਾ। ਉਤਰ ਕੇ ਉਹ ਉਨ੍ਹਾਂ ਆਦਮੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੇ ਇਮਾਮ ਦੇ ਦੋਸਤ ਹਨ। ਉਨ੍ਹਾਂ ਨੇ ਆਪਣਾ ਹੱਥ ਉਨ੍ਹਾਂ ਵੱਲ ਵਧਾਇਆ, ਪਰ ਉਹ ਅਣਦੇਖਿਆ ਕਰ ਗੱਡੀ ਵੱਲ ਵਧੇ। ਗੁੱਸੇ ਨਾਲ ਮੇਰੇ ਵੱਲ ਵੇਖ ਕੇ ਉਹ ਪਿੱਛੇ ਦਰਵਾਜ਼ੇ ਵੱਲ ਮੁੜੇ। ਮੇਰੇ ਪਿਤਾ ਉਨ੍ਹਾਂ ਵੱਲ ਦੌੜੇ। ਕੁੱਤੇ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ੋਰ ਦੀ ਭੌਂਕਣ ਲੱਗੇ ਸਨ। ਮੈਂ ਛੇਤੀ ਛੇਤੀ ਥੱਲੇ ਉਤਰਿਆ। ਮੇਰੇ ਪਿਤਾ ਨੇ ਉਨ੍ਹਾਂ ਆਦਮੀਆਂ ਨੂੰ ਇੱਕ ਪਾਸੇ ਧੱਕਿਆ ਅਤੇ ਪਿੱਛੇ ਦਰਵਾਜ਼ੇ ਨੂੰ ਆਪਣੀ ਪਿੱਠ ਲਾ ਕੇ ਖੜ੍ਹ ਗਏ। ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਪਿਤਾ ਦੀ ਬਾਂਹ ਫੜੀ ਤੇ ਉਨ੍ਹਾਂ ਨੂੰ ਘਸੀਟ ਕੇ ਪਿੱਛੇ ਕੀਤਾ। ਬਾਕੀ ਦੇ ਦੋਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇੱਕ ਕੁੱਤਾ ਉਛਲ ਕੇ ਗੱਡੀ ਵਿੱਚ ਚੜ੍ਹ ਗਿਆ। ਮੈਂ ਫੁਰਤੀ ਨਾਲ ਨੇੜੇ ਪਿਆ ਭਾਰੀ ਜੈੱਕ ਚੁੱਕ ਕੇ ਉਸ ਕੁੱਤੇ ਦੀ ਪਿੱਠ ਉੱਤੇ ਮਾਰਿਆ। ਕੁੱਤਾ ਜ਼ੋਰ ਨਾਲ ਚੂਕਦਾ ਬਾਹਰ ਨਿਕਲਿਆ। ਗੁੱਸੇ ਨਾਲ ਮੈਂ ਦੋਵੇਂ ਆਦਮੀਆਂ ਨੂੰ ਧੱਕਾ ਦਿੱਤਾ ਅਤੇ ਜੈੱਕ ਹੱਥ ਵਿੱਚ ਲੈ ਕੇ ਮ੍ਰਿਤਕ ਦੇਹ ਦੀ ਹਿਫ਼ਾਜ਼ਤ ਲਈ ਤਣ ਗਿਆ। ਉਹ ਤਿੰਨੋਂ ਮੇਰੇ ’ਤੇ ਟੁੱਟ ਪਏ ਤੇ ਬੇਰਹਿਮੀ ਨਾਲ ਮੈਨੂੰ ਕੁੱਟਣ ਲੱਗੇ। ‘‘ਅੱਲਾਹ!’’ ਮੇਰੇ ਪਿਤਾ ਨੇ ਚੀਖ ਕੇ ਉਨ੍ਹਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਅੱਬਾ ਨੂੰ ਇੱਕ ਪਾਸੇ ਝਟਕ ਦਿੱਤਾ। ਮੈਂ ਵੇਖਿਆ ਕਿ ਹੋਰ ਲੋਕ ਵੀ ਉੱਥੇ ਪਹੁੰਚਣ ਲੱਗੇ ਸਨ। ਉਨ੍ਹਾਂ ਨੇ ਤਿੰਨਾਂ ਤੋਂ ਮੈਨੂੰ ਛੁਡਾ ਕੇ ਪਿੱਛੇ ਧੱਕਿਆ। ਮੈਂ ਘਬਰਾਹਟ ਵਿੱਚ ਚਾਰੇ ਪਾਸੇ ਵੇਖਿਆ। ਪੂਰਾ ਪਿੰਡ ਇਕੱਠਾ ਹੋ ਗਿਆ ਸੀ। ਸਾਡੇ ਚਾਰੇ ਪਾਸੇ ਘੇਰਾ ਘੱਤ ਉਹ ਚੁੱਪ-ਚਾਪ ਸਾਡੇ ਵੱਲ ਦੇਖਦੇ ਰਹੇ। ਫਿਰ ਮੇਰੇ ਪਿਤਾ ਦੀ ਰੋਣਹਾਕੀ ਆਵਾਜ਼ ਇਸ ਚੁੱਪ ਨੂੰ ਚੀਰਦੀ ਚਲੀ ਗਈ। ‘‘ਮੈਂ ਤੁਹਾਡੇ ਸਾਰਿਆਂ ਤੋਂ ਇੱਕ ਕਬਰ ਦੀ ਭੀਖ ਮੰਗਦਾ ਹਾਂ। ਗੱਡੀ ਵਿੱਚ ਮੇਰਾ ਬੇਟਾ ਹੈ,’’ ਉਹ ਗਿੜਗਿੜਾ ਰਹੇ ਸਨ।
ਉਨ੍ਹਾਂ ਲੋਕਾਂ ਨੇ ਕੋਈ ਪ੍ਰਤੀਕਿਰਿਆ ਨਾ ਦਿੱਤੀ, ਨਾ ਹੀ ਕੋਈ ਜਵਾਬ ਦਿੱਤਾ। ਪੱਥਰ ਦੇ ਬੁੱਤਾਂ ਵਾਂਗ ਉਹ ਕੁਝ ਡਰ ਅਤੇ ਕੁਝ ਅਚੰਭੇ ਨਾਲ ਸਾਡੇ ਵੱਲ ਦੇਖਦੇ ਰਹੇ। ਫਿਰ ਉਹ ਸਾਡੇ ਵੱਲ ਵਧੇ।
‘‘ਦਫ਼ਾ ਹੋ ਜਾਓ ਕਾਫ਼ਰੋ! ਤੁਹਾਡੇ ਲਈ ਇੱਥੇ ਕੋਈ ਕਬਰ ਨਹੀਂ ਹੈ,’’ ਇੱਕ ਆਦਮੀ ਚੀਕਿਆ।
‘‘ਮੈਂ ਫਿਰ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ!’’
‘‘ਜਾਓ ਇੱਥੋਂ!’’ ਉਹ ਆਦਮੀ ਪਾਗਲਾਂ ਵਾਂਗ ਚੀਖਦਾ ਮੇਰੇ ਪਿਤਾ ਵੱਲ ਦੌੜਿਆ। ਮੈਂ ਫਿਰ ਜੈੱਕ ਚੁੱਕਿਆ, ਹਵਾ ਵਿੱਚ ਉਠਾਇਆ, ਪਰ ਮੇਰੇ ਪਿਤਾ ਨੇ ਉਹ ਮੇਰੇ ਹੱਥਾਂ ਵਿੱਚੋਂ ਖੋਂਹਦਿਆਂ ਕਿਹਾ, ‘‘ਠੀਕ ਹੈ, ਅਸੀਂ ਜਾ ਰਹੇ ਹਾਂ।’’
ਮੈਂ ਚੁੱਪ-ਚਾਪ ਗੱਡੀ ਵੱਲ ਪਰਤਿਆ। ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਰਹੇ ਸਨ ਪਰ ਪਿਤਾ ਦੀ ਮੌਜੂਦਗੀ ਵਿੱਚ ਮੈਂ ਰੋ ਵੀ ਨਹੀਂ ਸੀ ਸਕਦਾ। ਜ਼ਬਤ ਰੱਖਣ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਮੈਂ ਸਿਸਕਣ ਲੱਗਿਆ। ਪਿੰਡ ਤੋਂ ਕੁਝ ਦੂਰ ਆ ਜਾਣ ਮਗਰੋਂ ਮੈਂ ਆਪਣੀ ਨਜ਼ਰ ਘੁਮਾਈ ਤਾਂ ਨੇੜੇ ਬੈਠੇ ਪਿਤਾ ਵੱਲ ਦੇਖ ਮੇਰਾ ਦਿਲ ਦਹਿਲ ਗਿਆ। ਉਹ ਪੂਰੀ ਤਰ੍ਹਾਂ ਢਹਿ ਚੁੱਕੇ ਸਨ। ਉਨ੍ਹਾਂ ਨੇ ਪਵਿੱਤਰ ਕੁਰਾਨ ਵਿੱਚੋਂ ਰਾਹ ਲੱਭਣਾ ਚਾਹਿਆ ਸੀ, ਪਰ ਉਸ ਨਾਲ ਵੀ ਕੰਮ ਨਹੀਂ ਸੀ ਬਣਿਆ। ਹੁਣ ਉਹ ਕਿਸੇ ਖੰਭ ਕੱਟੇ ਪੰਛੀ ਵਾਂਗ ਬੇਵੱਸ ਸਨ।
ਮੇਰੇ ਕੋਲੋਂ ਉਨ੍ਹਾਂ ਦੀ ਮਾਯੂਸੀ ਦੇਖੀ ਨਾ ਗਈ। ਗੱਡੀ ਨੂੰ ਪਹਾੜਾਂ ਵਿੱਚ ਬਿਨਾਂ ਕਿਸੇ ਮੰਤਵ ਦੇ ਘੁੰਮਾਉਂਦਾ ਮੈਂ ਉਨ੍ਹਾਂ ਦਾ ਮਨੋਬਲ ਪਰਤਣ ਦਾ ਇੰਤਜ਼ਾਰ ਕਰਦਾ ਰਿਹਾ। ਕਾਫ਼ੀ ਵਕਤ ਲੰਘਣ ਮਗਰੋਂ ਆਖ਼ਰ ਉਨ੍ਹਾਂ ਨੇ ਲੰਮਾ ਸਾਹ ਲੈਂਦਿਆਂ ਕਿਹਾ, ‘‘ਅੱਲ੍ਹਾ ਮੇਰਾ ਇਮਤਿਹਾਨ ਲੈ ਰਿਹਾ ਹੈ!’’
ਖ਼ਿਆਲਾਂ ਵਿੱਚ ਗੁਆਚਿਆਂ ਹੀ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਪਵਿੱਤਰ ਕਿਤਾਬ ਕੱਢ ਲਈ ਅਤੇ ਦੁਬਾਰਾ ਰਾਹ ਲੱਭਣ ਲੱਗੇ। ਘੁੱਪ ਹਨੇਰੇ ਵਿੱਚ ਪੜ੍ਹਨਾ ਨਾਮੁਮਕਿਨ ਸੀ, ਪਰ ਪਿਤਾ ਜੀ ਨੂੰ ਰੌਸ਼ਨੀ ਦੀ ਜ਼ਰੂਰਤ ਹੀ ਨਹੀਂ ਸੀ। ਉਨ੍ਹਾਂ ਨੂੰ ਪੂਰੀ ਕਿਤਾਬ ਮੂੰਹਜ਼ੁਬਾਨੀ ਯਾਦ ਸੀ। ਕਿਸੇ ਅੰਨ੍ਹੇ ਵਾਂਗ ਉਹ ਛੂਹ ਕੇ ਹੀ ਅੰਦਾਜ਼ਾ ਲਗਾਉਣ ਲੱਗੇ ਕਿ ਕਿਹੜਾ ਪਾਠ ਉਨ੍ਹਾਂ ਦੇ ਸਾਹਮਣੇ ਹੈ। ਇਸ ਵਿੱਚ ਥੋੜ੍ਹਾ ਜਿਹਾ ਵਕਤ ਲੱਗਾ। ਫਿਰ ਉਨ੍ਹਾਂ ਨੇ ਕਿਤਾਬ ਬੰਦ ਕਰਕੇ ਵਾਪਸ ਜੇਬ ਵਿੱਚ ਪਾ ਲਈ ਅਤੇ ਸਾਵੀਂ ਆਵਾਜ਼ ਵਿੱਚ ਬੋਲੇ, ‘‘ਆਪਾਂ ਸਰੋਏਗ ਜਾਵਾਂਗੇ!’’
ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ। ਜਿਸ ਪਿੰਡ ਵਿੱਚੋਂ ਅਸੀਂ ਹੁਣੇ ਜਾਨ ਬਚਾ ਕੇ ਆ ਰਹੇ ਸੀ, ਉਸ ਵਿੱਚ ਅਤੇ ਸਰੋਏਗ ਵਿੱਚ ਕੋਈ ਖਾਸ ਫ਼ਰਕ ਨਹੀਂ ਸੀ। ਅਸੀਂ ਭਾਵੇਂ ਸੌ ਪਿੰਡਾਂ ਦੀ ਖਾਕ ਛਾਣਦੇ, ਨਤੀਜਾ ਉਹੀ ਨਿਕਲਣਾ ਸੀ। ਪਰ ਮੇਰੇ ਪਿਤਾ ਲੁਕ-ਛੁਪ ਕੇ ਆਪਣੇ ਪੁੱਤਰ ਨੂੰ ਦਫ਼ਨਾਉਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੂੰ ਉਸ ਲਈ ਬਾਕਾਇਦਾ ਇੱਕ ਕਬਰ ਚਾਹੀਦੀ ਸੀ ਅਤੇ ਇਹ ਲਗਭਗ ਅਸੰਭਵ ਸੀ। ਉਨ੍ਹਾਂ ਲਈ ਇਸ ਸੱਚ ਨੂੰ ਮੰਨ ਲੈਣਾ ਜ਼ਰੂਰੀ ਸੀ। ਇਸ ਬਾਰੇ ਉਨ੍ਹਾਂ ਨੂੰ ਮੇਰੀ ਸਲਾਹ ਨਾਲ ਫ਼ੈਸਲਾ ਕਰਨਾ ਚਾਹੀਦਾ ਸੀ, ਪਰ ਉਹ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਨ ਸਕਦੇ।
ਸਰੋਏਗ ਦਾ ਕਬਰਿਸਤਾਨ ਪਿੰਡ ਤੋਂ ਸਿਰਫ਼ ਇੱਕ ਮੀਲ ਦੂਰ ਸੀ। ਇਹ ਇੱਕ ਪੱਧਰਾ ਬਰਫ਼ੀਲਾ ਇਲਾਕਾ ਸੀ।
‘‘ਤੂੰ ਇੱਥੇ ਹੀ ਰੁਕ! ਮੈਂ ਪਿੰਡ ਜਾਂਦਾ ਹਾਂ!’’ ਮੇਰੇ ਪਿਤਾ ਨੇ ਕਿਹਾ।
ਮੈਂ ਇਕੱਲਾ ਓਥੇ ਰੁਕ ਗਿਆ। ਆਕਾਸ਼ ਵਿੱਚ ਚੰਨ ਸੀ, ਪਰ ਮੇਰੇ ਲਈ ਉਸ ਦੇ ਕੋਈ ਮਾਅਨੇ ਨਹੀਂ ਸਨ। ਮੈਂ ਡੂੰਘੇ ਖ਼ਿਆਲਾਂ ਵਿੱਚ ਡੁੱਬਿਆ ਹੋਇਆ ਸੀ। ਮੇਰੇ ਪਿਤਾ ਦਾ ਸੋਚਣਾ ਠੀਕ ਸੀ। ਮੈਨੂੰ ਅਚਾਨਕ ਸਮਝ ਆਈ ਕਿ ਇੰਨੇ ਖ਼ਤਰਿਆਂ ਦੇ ਬਾਵਜੂਦ ਉਹ ਇੱਕ ਵਾਜਬ ਕਬਰ ਦੀ ਤਲਾਸ਼ ਕਿਉਂ ਕਰ ਰਹੇ ਸਨ? ਨਾਲ ਹੀ ਮੈਨੂੰ ਸ਼ਰਮ ਵੀ ਆਈ ਕਿ ਇਹ ਗੱਲ ਮੈਨੂੰ ਇੰਨੀ ਦੇਰ ਬਾਅਦ ਕਿਉਂ ਸਮਝ ਆਈ? ਅਸੀਂ ਕੁਝ ਵੀ ਗ਼ਲਤ ਨਹੀਂ ਸੀ ਕੀਤਾ। ਪਿੰਡ ਵੱਲੋਂ ਆਦਮੀਆਂ ਅਤੇ ਕੁੱਤਿਆਂ ਦੇ ਆਉਣ ਦੇ ਖ਼ਤਰੇ ਨੂੰ ਭਾਂਪਦਿਆਂ ਮੈਂ ਫਿਰ ਜੈੱਕ ਚੁੱਕ ਲਿਆ।
ਇਸ ਵਾਰ ਮੈਂ ਪੂਰੀ ਤਾਕਤ ਨਾਲ ਆਪਣੇ ਭਰਾ ਦੀ ਰੱਖਿਆ ਕਰਾਂਗਾ, ਚਾਹੇ ਇਸ ਦੀ ਮੈਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਮੈਂ ਕਿਸੇ ਨੂੰ ਉਸ ਦੀ ਮਿੱਟੀ ਦੇ ਨੇੜੇ ਨਹੀਂ ਢੁੱਕਣ ਦਿਆਂਗਾ। ਉਸ ਨੇ ਆਪਣਾ ਫ਼ਰਜ਼ ਨਿਭਾਅ ਦਿੱਤਾ ਅਤੇ ਹੁਣ ਮੇਰੀ ਵਾਰੀ ਸੀ। ਉਸ ਨੂੰ ਇੱਜ਼ਤ ਨਾਲ ਦਫ਼ਨਾਉਣਾ ਬੇਹੱਦ ਜ਼ਰੂਰੀ ਸੀ। ਇੱਕ ਦਿਨ ਜਦੋਂ ਮੇਰੇ ਬੱਚੇ ਪੁੱਛਣਗੇ ਕਿ ਤਾਨਾਸ਼ਾਹੀ ਦਾ ਵਿਰੋਧ ਕਰਨ ਲਈ ਅਸੀਂ ਕੀ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਉਸ ਦੀ ਕਬਰ ਦਿਖਾਵਾਂਗੇ, ਉਨ੍ਹਾਂ ਨੂੰ ਇਸ ਰਾਤ ਦੀ ਕਹਾਣੀ ਸੁਣਾਵਾਂਗੇ।
ਮੇਰੀ ਹਾਲਤ ਉਸ ਜ਼ਖ਼ਮੀ ਸ਼ੇਰ ਵਰਗੀ ਹੋ ਗਈ, ਜਿਸ ਦੀ ਗਰਦਨ ਵਿੱਚ ਗੋਲ਼ੀ ਵੱਜੀ ਹੋਵੇ। ਮੈਂ ਹੁਣ ਦਰਜਨਾਂ ਆਦਮੀਆਂ ਨੂੰ ਚੀਰ ਕੇ ਰੱਖ ਦੇਣ ਲਈ ਤਿਆਰ, ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਆਖ਼ਰ ਲਾਲਟੈਣਾਂ ਹੱਥਾਂ ਵਿੱਚ ਫੜੀ ਕੋਈ ਚਾਰ ਪੰਜ ਆਦਮੀ ਇਸ ਪਾਸੇ ਆਉਂਦੇ ਦਿਖੇ। ਬਦਲੇ ਦੀ ਭਾਵਨਾ ਨਾਲ ਮੇਰਾ ਜਿਸਮ ਕੰਬਣ ਲੱਗਾ। ਪਰ ਉਹ ਸਭ ਬੁੱਢੇ ਆਦਮੀ ਸਨ, ਜਿਨ੍ਹਾਂ ਦਰਮਿਆਨ ਮੇਰੇ ਪਿਤਾ ਮੋਢੇ ਝੁਕਾਈ ਤੁਰੇ ਆ ਰਹੇ ਸਨ। ਮੈਂ ਗੌਰ ਕੀਤੀ ਕਿ ਉਨ੍ਹਾਂ ਨਾਲ ਕੁੱਤੇ ਵੀ ਨਹੀਂ ਸਨ। ਮਾਜਰਾ ਕੀ ਹੈ? ਇਹ ਸਮਝਣਾ ਬਹੁਤਾ ਮੁਸ਼ਕਿਲ ਨਹੀਂ ਸੀ। ਉਨ੍ਹਾਂ ਦੀ ਚਾਲ ਤੋਂ ਸਾਫ਼ ਅੰਦਾਜ਼ਾ ਲੱਗ ਰਿਹਾ ਸੀ ਕਿ ਅਸੀਂ ਉਸ ਪਿੰਡ ਵਿੱਚ ਵੀ ਭਰਾ ਨੂੰ ਦਫ਼ਨਾ ਨਹੀਂ ਸਾਂ ਸਕਦੇ। ਉਹ ਸਾਰੇ ਮੇਰੇ ਪਿਤਾ ਦੇ ਦੋਸਤ ਸਨ ਅਤੇ ਉਨ੍ਹਾਂ ਨੂੰ ਬਾਇੱਜ਼ਤ ਇਸ ਪਿੰਡ ਦੇ ਬਾਹਰ ਤੱਕ ਸਹੀ ਸਲਾਮਤ ਛੱਡਣ ਤੋਂ ਸਿਵਾਏ ਕੁਝ ਵੀ ਕਰਨਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਸੀ। ਉਹ ਹਕੂਮਤ ਦੇ ਜਾਸੂਸਾਂ ਨੂੰ ਪਛਾਣਦੇ ਸਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਿਤਾ ਨੂੰ ਇਕੱਲਿਆਂ ਵਾਪਸ ਭੇਜਣ ਦਾ ਅੰਜਾਮ ਕੀ ਹੋ ਸਕਦਾ ਹੈ। ਉਨ੍ਹਾਂ ਵਾਂਗ ਉਹ ਵੀ ਧਾਰਮਿਕ ਵਿਚਾਰਾਂ ਦੇ ਸਨ। ਸ਼ਾਇਦ ਉਨ੍ਹਾਂ ਨੂੰ ਆਸ ਹੋਵੇ ਕਿ ਇਉਂ ਮੇਰੇ ਪਿਤਾ ਦੇ ਨਾਲ ਤੁਰਦਿਆਂ ਉਨ੍ਹਾਂ ਨੂੰ ਮਸਲੇ ਦਾ ਕੋਈ ਹੱਲ ਸੁੱਝ ਜਾਵੇ। ਮੇਰਾ ਇਸਤਕਬਾਲ ਅਤੇ ਆਪਣੀਆਂ ਸੰਵੇਦਨਾਵਾਂ ਪ੍ਰਗਟਾਉਣ ਲਈ ਉਹ ਮੇਰੇ ਵੱਲ ਵਧੇ, ਪਰ ਮੇਰੇ ਲਈ ਉਨ੍ਹਾਂ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਿਲ ਸੀ। ਦਰਵਾਜ਼ਾ ਖੋਲ੍ਹ ਕੇ ਮੈਂ ਗੱਡੀ ਵਿੱਚ ਬੈਠ ਗਿਆ। ਉਨ੍ਹਾਂ ਤੋਂ ਵਿਦਾ ਲੈ ਕੇ ਆਖ਼ਰ ਮੇਰੇ ਪਿਤਾ ਵੀ ਗੱਡੀ ਵਿੱਚ ਆ ਬੈਠੇ।
ਸਾਡੀ ਗੱਡੀ ਅਜੇ ਘੁੰਮ ਹੀ ਰਹੀ ਸੀ ਕਿ ਕਿਸੇ ਦੇ ਚੀਖਣ ਦੀ ਆਵਾਜ਼ ਸੁਣੀ।
‘‘ਠਹਿਰ, ਰੁਕ,’’ ਮੇਰੇ ਪਿਤਾ ਨੇ ਮੈਨੂੰ ਕਿਹਾ।
ਮੈਂ ਗੱਡੀ ਰੋਕੀ ਤਾਂ ਪਿਤਾ ਨੇ ਆਪਣੇ ਪਾਸੇ ਦਾ ਸ਼ੀਸ਼ਾ ਹੇਠਾਂ ਕੀਤਾ। ਉਨ੍ਹਾਂ ਬਜ਼ੁਰਗਾਂ ਵਿੱਚੋਂ ਇੱਕ ਬਦਹਵਾਸੀ ਵਿੱਚ ਦੌੜਦਾ ਸਾਡੇ ਤੱਕ ਆਇਆ ਅਤੇ ਆਪਣੀ ਚਿੱਟੀ ਦਾੜ੍ਹੀ ਵਾਲਾ ਚਿਹਰਾ ਉਸ ਨੇ ਖਿੜਕੀ ’ਚ ਅੰਦਰ ਕਰਦਿਆਂ ਕਿਹਾ,‘‘ਤੁਸੀਂ ਰਹਿਮਾਨ ਅਲੀ ਕੋਲ ਜਾਓ!’’ ਉਸ ਨੇ ਕਾਹਲੀ ਕਾਹਲੀ ਕਿਹਾ, ‘‘ਹੁਣ ਰਹਿਮਾਨ ਅਲੀ ਹੀ ਤੁਹਾਡੀ ਮਦਦ ਕਰ ਸਕਦਾ ਹੈ।’’
ਮੇਰੇ ਪਿਤਾ ਨੇ ਬਜ਼ੁਰਗ ਵੱਲ ਗੌਰ ਨਾਲ ਦੇਖਿਆ ਤੇ ਫਿਰ ਸਹਿਮਤੀ ਵਿੱਚ ਦੋ ਵਾਰ ਆਪਣੇ ਗਰਦਨ ਹਿਲਾਈ। ਉਹ ਆਦਮੀ ਫਿਰ ਮੇਰੇ ਵੱਲ ਮੁੜਿਆ, ‘‘ਜਵਾਨਾਂ, ਤੇਰੇ ਨਾਲ ਵੀ ਮੇਰੀ ਹਮਦਰਦੀ ਹੈ, ਪਰ ਆਪਣੇ ਆਪ ’ਤੇ ਜ਼ਬਤ ਰੱਖ ਅਤੇ ਖ਼ੁਦ ਨੂੰ ਉਸ ਦੇ ਹਵਾਲੇ ਕਰ ਦੇ। ਇਹੀ ਅੱਲ੍ਹਾ ਦੀ ਮਰਜ਼ੀ ਹੈ,’’ ਮੈਂ ਉਸ ਦੀਆਂ ਬੁੱਢੀਆਂ ਅੱਖਾਂ ’ਚ ਤੱਕਦਿਆਂ ਸਿਰ ਝੁਕਾ ਦਿੱਤਾ।
‘‘ਜੇਰੀਆ ਚਲ, ਜੇਰੀਆ!’’ ਮੇਰੇ ਪਿਤਾ ਨੇ ਪੱਕੇ ਇਰਾਦੇ ਨਾਲ ਕਿਹਾ, ‘‘ਅਸੀਂ ਉੱਥੇ ਰਹਿਮਾਨ ਅਲੀ ਨੂੰ ਲੱਭ ਲਵਾਂਗੇ।’’
ਮੈਂ ਚੁੱਪਚਾਪ ਗੱਡੀ ਜੇਰੀਆ ਵੱਲ ਮੋੜ ਲਈ। ਜੇਰੀਆ ਜਿੱਥੇ ਮੇਰੇ ਪਿਤਾ ਦਾ ਜਨਮ ਹੋਇਆ, ਜਿੱਥੇ ਮੇਰਾ ਦਾਦਾ ਰਹਿੰਦਾ ਸੀ ਅਤੇ ਜਿੱਥੇ ਮੇਰੇ ਪੜਦਾਦੇ ਨੂੰ ਦਫ਼ਨਾਇਆ ਗਿਆ ਸੀ। ਪਲ ਭਰ ਲਈ ਮੈਨੂੰ ਸੋਚਣਾ ਪਿਆ ਕਿ ਮੈਂ ਰਹਿਮਾਨ ਅਲੀ ਦਾ ਨਾਂ ਪਹਿਲਾਂ ਵੀ ਕਿਤੇ ਸੁਣਿਆ ਹੈ। ਫਿਰ ਯਾਦ ਆਇਆ ਕਿ ਮੈਂ ਉਸ ਨੂੰ ਮਿਲ ਚੁੱਕਾ ਹਾਂ। ਉਹ ਲੰਮੀ ਸਲੇਟੀ ਦਾੜ੍ਹੀ ਵਾਲਾ ਇੱਕ ਬੌਣਾ ਜਿਹਾ ਵਿਅਕਤੀ ਹੈ। ਕਈ ਸਾਲ ਪਹਿਲਾਂ ਜਦੋਂ ਮੈਂ ਆਪਣੀਆਂ ਜੜ੍ਹਾਂ ਦੀ ਭਾਲ ਵਿੱਚ ਜੇਰੀਆ ਵੱਲ ਗਿਆ ਸੀ ਤਾਂ ਮੇਰੀ ਉਸ ਨਾਲ ਮੁਲਾਕਾਤ ਹੋਈ ਸੀ। ਉਦੋਂ ਮੈਂ ਆਪਣੇ ਪੜਦਾਦੇ ਬਾਰੇ ਕੁਝ ਜਾਣਨਾ ਚਾਹੁੰਦਾ ਸੀ, ਜਿਸ ਨੂੰ ਜੇਰੀਆ ਦੇ ਪਹਾੜਾਂ ਵਿੱਚ ਦਫ਼ਨਾਇਆ ਗਿਆ ਸੀ। ਸੁਣਿਆ ਸੀ ਕਿ ਉਸ ਦੀ ਕਬਰ ’ਤੇ ਮਜ਼ਾਰ ਬਣ ਗਈ ਸੀ। ਉਸ ਨੂੰ ਸਭ ਲੋਕ ਸੰਤ ਦੇ ਰੂਪ ਵਿੱਚ ਜਾਣਦੇ ਸਨ, ਪਰ ਮੇਰਾ ਪਿਤਾ ਇਸ ਗੱਲ ਤੋਂ ਇਨਕਾਰੀ ਸੀ। ਸਾਡੇ ਘਰ ਵਿੱਚ ਪੜਦਾਦੇ ਦਾ ਨਾਂ ਲੈਣਾ ਵੀ ਵਰਜਿਤ ਸੀ। ਇਸੇ ਖ਼ਾਮੋਸ਼ੀ ਕਰਕੇ ਅਸੀਂ ਹੌਲੀ ਹੌਲੀ ਉਸ ਨੂੰ ਭੁੱਲ ਗਏ ਸਾਂ। ਪਰ ਮੇਰੇ ਮਨ ਵਿੱਚ ਉਸ ਨੂੰ ਲੈ ਕੇ ਹਮੇਸ਼ਾ ਜਗਿਆਸਾ ਰਹੀ ਸੀ। ਆਪਣੀ ਜਗਿਆਸਾ ਕਰਕੇ ਹੀ ਗਰਮੀਆਂ ’ਚ ਇੱਕ ਦਿਨ ਮੈਂ ਉਸ ਨੂੰ ਲੱਭਣ ਜੇਰੀਆ ਦੇ ਉੱਤਰੀ ਪਹਾੜਾਂ ਵੱਲ ਨਿਕਲ ਆਇਆ ਸਾਂ।
ਜਿਸ ਪਹਾੜ ’ਤੇ ਮਜ਼ਾਰ ਸੀ, ਉਸ ਤੱਕ ਆਉਂਦੇ ਆਉਂਦੇ ਮੈਨੂੰ ਹੈਰਾਨੀ ਹੋਈ ਕਿ ਬਹੁਤ ਸਾਰੇ ਯਾਤਰੀ, ਖੱਚਰਾਂ ’ਤੇ ਸਵਾਰ, ਉਸ ਦੀ ਕਬਰ ਵੱਲ ਜਾ ਰਹੇ ਸਨ। ਉਨ੍ਹਾਂ ਦੇ ਉੱਪਰ ਹਵਾ ਵਿੱਚ ਬਹੁਤ ਸਾਰੇ ਉਕਾਬ ਉੱਡ ਰਹੇ ਸਨ। ਮੈਂ ਵੀ ਉੱਪਰ ਵੱਲ ਜਾਂਦੇ ਉਨ੍ਹਾਂ ਯਾਤਰੀਆਂ ਦੇ ਟੋਲੇ ਵਿੱਚ ਸ਼ਾਮਿਲ ਹੋ ਗਿਆ ਸਾਂ। ਮੇਰੇ ਮਨ ਵਿੱਚ ਮਜ਼ਾਰ ਦੇਖਣ ਦੀ ਉਤਸੁਕਤਾ ਸੀ ਤੇ ਨਾਲ ਹੀ ਇਹ ਉਮੀਦ ਵੀ ਕਿ ਉੱਥੇ ਧੂਫ਼ ਦੇ ਧੂੰਏਂ ਵਿੱਚ ਜਗਦੀਆਂ ਮੋਮਬੱਤੀਆਂ ਤੇ ਰੰਗ ਬਰੰਗੀਆਂ ਚਾਦਰਾਂ ਵੀ ਵੇਖਣ ਨੂੰ ਮਿਲਣਗੀਆਂ। ਪਰ ਉਹ ਸਾਦੀ ਜਿਹੀ ਕਬਰ ਸੀ, ਜਿਸ ’ਤੇ ਕੋਈ ਪੱਥਰ ਨਹੀਂ ਸੀ ਲੱਗਿਆ। ਇੱਕ ਬਹੁਤ ਵੱਡੀ ਸਲੇਟੀ ਚੱਟਾਨ ਹੇਠਲੀ ਉਹ ਕਬਰ ਬਹੁਤ ਵੀਰਾਨ ਸੀ।
‘‘ਇਨ੍ਹਾਂ ਨੂੰ ਅਜਿਹੀ ਸੁੰਨਸਾਨ ਜਗ੍ਹਾ ’ਤੇ ਕਿਉਂ ਦਫ਼ਨਾਇਆ ਗਿਆ ਹੈ?’’ ਮੇਰੇ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਸੀ, ਪਰ ਜਿੰਨਾ ਕੁ ਲੋਕ ਜਾਣਦੇ ਸਨ, ਓਨਾ ਕੁ ਦੱਸਿਆ।
‘‘ਉਨ੍ਹਾਂ ਦੇ ਸਿਰ ’ਚ ਗੋਲ਼ੀ ਮਾਰ ਦਿੱਤੀ ਗਈ ਸੀ!’’
‘‘ਕਿਉਂ?’’
‘‘ਉਹ ਬਾਗ਼ੀਆਂ ਦੇ ਇੱਕ ਟੋਲੇ ਨਾਲ ਇਧਰ-ਉਧਰ ਲੁਕਦੇ ਫਿਰਦੇ ਸਨ। ਆਖ਼ਰ ਉਹ ਇਕੱਲੇ ਰਹਿ ਗਏ। ਪਿੱਛਾ ਕਰਨ ਵਾਲਿਆਂ ਨੇ ਇਸੇ ਪਹਾੜ ’ਤੇ ਘੇਰ ਕੇ ਉਨ੍ਹਾਂ ਨੂੰ ਮਾਰ ਸੁੱਟਿਆ।’’
‘‘ਤੇ ਫਿਰ? ਫਿਰ ਕੀ ਹੋਇਆ?’’
‘‘ਉਨ੍ਹਾਂ ਨੂੰ ਜੰਗਲੀ ਜਾਨਵਰਾਂ ਲਈ ਸੁੱਟ ਦਿੱਤਾ ਗਿਆ, ਪਰ ਖ਼ੁਫ਼ੀਆ ਤੌਰ ’ਤੇ ਉਨ੍ਹਾਂ ਨੂੰ ਇੱਥੇ ਦਫ਼ਨਾ ਦਿੱਤਾ ਗਿਆ।’’
ਹਰ ਵਿਅਕਤੀ ਕੋਲ ਆਪਣਾ ਇੱਕ ਵੱਖਰਾ ਕਿੱਸਾ ਸੀ, ਪਰ ਹਰ ਕਿੱਸੇ ਵਿੱਚ ਗੋਲ਼ੀਆਂ, ਜਾਂਬਾਜ਼ ਕਾਰਨਾਮਿਆਂ ਅਤੇ ਘੇਰਾਬੰਦੀਆਂ ਦਾ ਜ਼ਿਕਰ ਸੀ। ਇੱਕ ਜਾਣਕਾਰ ਨੇ ਮੈਨੂੰ ਕਿਹਾ, ‘‘ਜੇ ਤੁਸੀਂ ਅਸਲੀ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਰਹਿਮਾਨ ਅਲੀ ਕੋਲ ਜਾਓ। ਉਸ ਨੂੰ ਸਭ ਪਤਾ ਹੈ। ਉਹ ਉਨ੍ਹਾਂ ਨੂੰ ਜਾਣਦਾ ਸੀ। ਉਸੇ ਨੇ ਉਨ੍ਹਾਂ ਨੂੰ ਦਫ਼ਨਾਇਆ ਵੀ ਸੀ।’’
ਮੈਨੂੰ ਦੱਸਿਆ ਗਿਆ ਕਿ ਰਹਿਮਾਨ ਅਲੀ ਹਰ ਰੋਜ਼ ਪੰਜ ਵਜੇ ਨਮਾਜ਼ ਪੜ੍ਹਨ ਲਈ ਮਸਜਿਦ ਆਉਂਦਾ ਹੈ ਅਤੇ ਮੈਂ ਪਿੰਡ ਦੇ ਬਾਹਰ ਚੌਕ ਵਿੱਚ ਉਸ ਨੂੰ ਮਿਲ ਸਕਦਾ ਹਾਂ। ਚੌਕ ਨੇੜੇ ਚਾਹ ਵਾਲੀ ਦੁਕਾਨ ਦੇ ਬਾਹਰ ਬੈਠ ਕੇ ਮੈਂ ਉਸ ਦਾ ਇੰਤਜ਼ਾਰ ਕਰਨ ਲੱਗਾ। ਠੀਕ ਪੰਜ ਵਜੇ ਚਾਹ ਦੀ ਦੁਕਾਨ ਵਿੱਚ ਬੈਠੇ ਸਾਰੇ ਲੋਕ ਬਾਹਰ ਵੱਲ ਦੌੜੇ ਤਾਂ ਮੈਂ ਵੀ ਉੱਠ ਖੜ੍ਹਾ ਹੋਇਆ। ਚੌਕ ਵਿੱਚ ਲੰਮੀ ਸਲੇਟੀ ਦਾੜ੍ਹੀ ਵਾਲਾ ਇੱਕ ਬਜ਼ੁਰਗ ਮਸਜਿਦ ਵੱਲ ਜਾ ਰਿਹਾ ਸੀ। ਹੱਥ ਵਿੱਚ ਛੜੀ ਹੋਣ ਦੇ ਬਾਵਜੂਦ ਉਹ ਬਿਲਕੁਲ ਸਿੱਧਾ ਤੁਰ ਰਿਹਾ ਸੀ। ਚਾਹ ਦੀ ਦੁਕਾਨ ਵਿੱਚੋਂ ਨਿਕਲੇ ਸਾਰੇ ਲੋਕ ਉਸ ਬਜ਼ੁਰਗ ਤੱਕ ਪਹੁੰਚੇ ਅਤੇ ਝੁਕ ਕੇ ਆਦਰ ਨਾਲ ਉਸ ਦਾ ਹੱਥ ਚੁੰਮਣ ਲੱਗੇ। ਉਸ ਦੀ ਉਮਰ ਉਦੋਂ 104 ਸਾਲ ਦੱਸੀ ਜਾਂਦੀ ਸੀ ਅਤੇ ਕਿਹਾ ਜਾਂਦਾ ਸੀ ਕਿ ਉਸ ਕੋਲ ਚਮਤਕਾਰੀ ਸ਼ਫਾ ਹੈ। ਉਸ ਨੇ ਕਈ ਮਰੇ ਬੱਚਿਆਂ ਨੂੰ ਜਿਊਂਦਾ ਕੀਤਾ ਹੈ।
ਉਸ ਨੂੰ ਦੇਖਣ ਮਗਰੋਂ ਪਤਾ ਨਹੀਂ ਕਿਉਂ, ਮੇਰਾ ਉਸ ਨੂੰ ਮਿਲਣ ਦਾ ਸਾਰਾ ਉਤਸ਼ਾਹ ਖ਼ਤਮ ਹੋ ਗਿਆ ਸੀ। ਮੈਂ ਉਸ ਦੇ ਸਾਹਮਣੇ ਗੋਡੇ ਨਹੀਂ ਸੀ ਟੇਕਣਾ ਚਾਹੁੰਦਾ। ਉਸ ਦੇ ਜ਼ਰਜ਼ਰ ਸਰੀਰ ਵਿੱਚੋਂ ਮੈਨੂੰ ਬੁਢਾਪੇ, ਧਾਰਮਿਕਤਾ ਅਤੇ ਪਿੰਡ ਦੀ ਰੂੜ੍ਹੀਵਾਦੀ ਪਰੰਪਰਾ ਦੀ ਬੂਅ ਆ ਰਹੀ ਸੀ। ਮੈਂ ਵਾਪਸ ਚਾਹ ਦੀ ਦੁਕਾਨ ਦੇ ਬੈਂਚ ਉੱਤੇ ਬੈਠ ਆਪਣੀ ਚਾਹ ਮੁਕਾਉਣ ਲੱਗਾ।
ਮਸਜਿਦ ਦੇ ਅੱਧੇ ਰਸਤੇ ਤੱਕ ਜਾ ਕੇ ਉਹ ਅਚਾਨਕ ਰੁਕਿਆ ਅਤੇ ਮੁੜ ਸਿੱਧਾ ਮੇਰੇ ਵੱਲ ਆਇਆ। ਮੇਰੇ ਕੋਲ ਆ ਕੇ ਉਸ ਨੇ ਸਿੱਧਾ ਮੇਰੀਆਂ ਅੱਖਾਂ ਵਿੱਚ ਵੇਖਿਆ ਤੇ ਫਿਰ ਆਪਣਾ ਹੱਥ ਮੇਰੇ ਵੱਲ ਵਧਾ ਦਿੱਤਾ। ਮੈਂ ਆਦਰ ਨਾਲ ਉਨ੍ਹਾਂ ਦਾ ਹੱਥ ਆਪਣੇ ਹੱਥ ਵਿੱਚ ਲਿਆ, ਪਰ ਉਸ ਨੂੰ ਚੁੰਮਣ ਦਾ ਹੌਸਲਾ ਨਾ ਕਰ ਸਕਿਆ।
ਕਿਸ ਨੂੰ ਪਤਾ ਸੀ ਕਿ ਇਸ ਘਟਨਾ ਦੇ ਸਾਢੇ ਤਿੰਨ ਸਾਲ ਬਾਅਦ ਹੀ ਮੈਂ ਉਸ ਦੇ ਸਾਹਮਣੇ ਝੁਕ ਕੇ ਉਸ ਦੇ ਹੱਥ ਨੂੰ ਚੁੰਮ ਰਿਹਾ ਹੋਵਾਂਗਾ। ਕਿਸ ਨੇ ਸੋਚਿਆ ਹੋਵੇਗਾ ਕਿ ਇੱਕ ਸਰਦ ਠਰਦੀ ਰਾਤ ਵਿੱਚ ਮੈਨੂੰ ਉਸੇ ਰਹਿਮਾਨ ਅਲੀ ਦੀ ਮਦਦ ਲੈਣ ਲਈ ਪਿੰਡ ਦੀਆਂ ਗਲ਼ੀਆਂ ਵਿੱਚ ਦਰ ਦਰ ਭਟਕਣਾ ਪਵੇਗਾ।
ਆਪਣੇ ਪਿਤਾ ਦੇ ਨਾਲ ਮੈਂ ਜੇਰੀਆ ਨੇੜੇ ਪਹੁੰਚ ਚੁੱਕਾ ਸੀ।
‘‘ਆਪਣੀ ਜਨਮ ਭੂਮੀ ਛੱਡਦੇ ਵੇਲੇ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਦੋਂ ਪਰਤੇਗਾ,’’ ਮੇਰੇ ਪਿਤਾ ਨੇ ਕਿਹਾ, ‘‘ਮੈਂ ਸੋਚਿਆ ਵੀ ਨਹੀਂ ਸੀ ਕਿ ਕਦੇ ਫਿਰ ਮੇਰਾ ਵਾਸਤਾ ਜੇਰੀਆ ਨਾਲ ਪਵੇਗਾ। ਪਰ ਦੇਖ, ਆਪਣੇ ਪੁੱਤਰ ਦੀ ਮਿੱਟੀ ਕਿਉਂਟਣ ਮੈਨੂੰ ਫਿਰ ਇੱਥੇ ਹੀ ਆਉਣਾ ਪਿਆ।’’
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਰਹਿਮਾਨ ਅਲੀ ਸਾਡੇ ਲਈ ਕਬਰ ਦਾ ਇੰਤਜ਼ਾਮ ਕਿਵੇਂ ਕਰੇਗਾ? ਸਰੋਏਗ ਵਿੱਚ ਉਸ ਬੁੱਢੇ ਨੇ ਮੈਨੂੰ ਆਪਣੀ ਕਿਸਮਤ ਅੱਲ੍ਹਾ ਦੇ ਹੱਥਾਂ ਵਿੱਚ ਸੌਂਪ ਦੇਣ ਦੀ ਸਲਾਹ ਦਿੱਤੀ ਸੀ। ਅੱਲ੍ਹਾ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਮੈਂ ਹੁਣ ਕਰ ਵੀ ਕੀ ਸਕਦਾ ਸੀ। ਪਿੰਡ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੈਂ ਫਿਰ ਗੱਡੀ ਦੀਆਂ ਹੈੱਡਲਾਈਟਾਂ ਬੰਦ ਕਰ ਦਿੱਤੀਆਂ।
‘‘ਮੈਂ ਖ਼ੁਦ ਜਾ ਕੇ ਉਨ੍ਹਾਂ ਦਾ ਪਤਾ ਲਗਾਉਂਦਾ ਹਾਂ!’’
ਦਰਅਸਲ, ਮੈਂ ਇਸ ਆਖ਼ਰੀ ਮੌਕਾ ਗੁਆਉਣਾ ਨਹੀਂ ਸੀ ਚਾਹੁੰਦਾ। ਇੱਥੇ ਹਰ ਆਦਮੀ ਮੇਰੇ ਪਿਤਾ ਨੂੰ ਜਾਣਦਾ ਸੀ। ਉਨ੍ਹਾਂ ਨੂੰ ਦੇਖ ਕੇ ਹੀ ਲੋਕਾਂ ਨੂੰ ਸਮਝ ਆ ਜਾਣੀ ਸੀ ਕਿ ਕੀ ਚੱਕਰ ਹੈ। ਪਿਤਾ ਵੀ ਮੇਰੇ ਅੱਗੇ ਜਾਣ ਨਾਲ ਸਹਿਮਤ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਰਹਿਮਾਨ ਅਲੀ ਚੌਕ ਦੇ ਕੋਲ ਮਸਜਿਦ ਦੇ ਪਿੱਛੇ ਵਾਲੀ ਗਲੀ ਵਿੱਚ ਰਹਿੰਦਾ ਹੈ। ਮੈਂ ਜਾਣਦਾ ਸੀ ਕਿ ਮਸਜਿਦ ਕਿੱਥੇ ਹੈ ਅਤੇ ਉਹ ਗਲ਼ੀ ਵੀ ਮੈਨੂੰ ਯਾਦ ਸੀ, ਫਿਰ ਵੀ ਲੱਗਿਆ ਕਿ ਉੱਥੇ ਪਹੁੰਚਣ ਲਈ ਨਦੀ ਦੇ ਕੰਢੇ ਕੰਢੇ ਜਾਣਾ ਠੀਕ ਰਹੇਗਾ। ਮੈਂ ਸੋਚਿਆ ਇੰਝ ਕਰਨ ਨਾਲ ਮੈਂ ਪਿੰਡ ਵਿੱਚੋਂ ਹੋ ਕੇ ਲੰਘਣ ਦੇ ਖ਼ਤਰੇ ਤੋਂ ਵੀ ਬਚ ਜਾਵਾਂਗਾ।
‘‘ਅੱਛਾ,’’ ਮੈਂ ਕਿਹਾ ਤੇ ਨਦੀ ਵੱਲ ਤੁਰ ਪਿਆ।
‘‘ਠਹਿਰ!’’ ਪਿਤਾ ਨੇ ਪਿੱਛੋਂ ਮੈਨੂੰ ਆਵਾਜ਼ ਦਿੱਤੀ ਤੇ ਦੌੜਦੇ ਹੋਏ ਮੇਰੇ ਕੋਲ ਆਏ, ‘‘ਜੇ ਕਿਸੇ ਮੁਸ਼ਕਿਲ ਵਿੱਚ ਫਸ ਜਾਵੇਂ ਤਾਂ ਰਹਿਮਾਨ ਅਲੀ ਦਾ ਨਾਮ ਲੈ ਕੇ ਪੁਕਾਰੀਂ। ਤੇਰੀ ਆਵਾਜ਼ ਸੁਣ ਕੇ ਉਹ ਆ ਜਾਣਗੇ ਤੇ ਤੈਨੂੰ ਬਚਾ ਲੈਣਗੇ!’’
ਮੈਂ ਬਹੁਤ ਕਾਹਲੀ ਵਿੱਚ ਸਾਂ ਕਿਉਂਕਿ ਸਾਡੇ ਕੋਲ ਵਕਤ ਬਹੁਤ ਥੋੜ੍ਹਾ ਸੀ। ਜੰਮੀ ਹੋਈ ਬਰਫ਼ ਉੱਤੇ ਮੈਂ ਦੌੜਨ ਲੱਗਿਆ। ਮੈਂ ਉਮੀਦ ਕਰ ਰਿਹਾ ਸੀ ਕਿ ਇਹ ਆਵਾਜ਼ ਪਿੰਡ ਦੇ ਕੁੱਤਿਆਂ ਤੱਕ ਨਹੀਂ ਪਹੁੰਚੇਗੀ। ਗਜ਼ਬ ਦੀ ਠੰਢ ਸੀ। ਪੂਰੀ ਦੁਨੀਆ ਬਰਫ਼ ਵਿੱਚ ਜੰਮ ਗਈ ਲੱਗਦੀ ਸੀ। ਸਾਰੀ ਨਦੀ ਸਫ਼ੇਦ ਪੱਥਰ ਵਿੱਚ ਤਬਦੀਲ ਹੋ ਚੁੱਕੀ ਸੀ। ਦੌੜਦੇ ਦੌੜਦੇ ਮੇਰੇ ਕੰਨਾਂ ਵਿੱਚ ਸਿਰਫ਼ ਪਿਤਾ ਦੇ ਸ਼ਬਦ ਗੂੰਜੇ, ‘‘ਜੇ ਕਿਸੇ ਮੁਸ਼ਕਿਲ ਵਿੱਚ ਫਸ ਜਾਏਂ ਤਾਂ ਰਹਿਮਾਨ ਅਲੀ ਦਾ ਨਾਂ ਲੈ ਕੇ ਉਸ ਨੂੰ ਪੁਕਾਰੀਂ।’’
ਮੈਂ ਉਸ ਇਲਾਕੇ ਦੇ ਆਦਮੀਆਂ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਰਹਿਮਾਨ ਅਲੀ ਤੱਕ ਪਹੁੰਚ ਜਾਣਾ ਚਾਹੁੰਦਾ ਸਾਂ। ਜੇ ਉਨ੍ਹਾਂ ਨੇ ਮੈਨੂੰ ਫੜ ਲਿਆ ਤਾਂ ਮੈਂ ਰਹਿਮਾਨ ਅਲੀ ਦਾ ਨਾਮ ਲੈ ਕੇ ਇੰਨੀ ਜ਼ੋਰ ਨਾਲ ਚੀਖਾਂਗਾ ਕਿ ਉਹ ਚਾਹੇ ਕਿੰਨੀ ਵੀ ਨੀਂਦ ਵਿੱਚ ਹੋਵੇ, ਉਸ ਨੂੰ ਮੇਰੀ ਆਵਾਜ਼ ਸੁਣ ਜਾਵੇਗੀ।
ਬੇਹੱਦ ਸਾਵਧਾਨੀ ਵਰਤਦਿਆਂ ਮੈਂ ਪਿੰਡ ਵਿੱਚ ਵੜਿਆ। ਚਾਰ ਪੰਜ ਗਲ਼ੀਆਂ ਪਾਰ ਕਰਕੇ ਹੀ ਮੈਂ ਚੌਕ ਵਿੱਚ ਪੁੱਜ ਗਿਆ। ਸਰਦੀਆਂ ਦੀ ਰਾਤ ਵਿੱਚ ਕਿਸੇ ਅਜਨਬੀ ਗੰਧ ਦਾ ਮਿਲਣਾ ਹੀ ਮੁਸੀਬਤ ਦਾ ਸਬੱਬ ਸੀ। ਕੁੱਤਿਆਂ ਨੇ ਮੈਨੂੰ ਸੁੰਘ ਲਿਆ ਸੀ ਅਤੇ ਹੁਣ ਉਨ੍ਹਾਂ ਵਿੱਚੋਂ ਇੱਕ ਮੇਰੇ ਪਿੱਛੇ ਪਿੱਛੇ ਬਹੁਤ ਜ਼ੋਰ ਦੀ ਭੌਂਕਣ ਲੱਗਾ। ਬੇਸ਼ੱਕ ਹੁਣ ਕੁਝ ਹੀ ਦੇਰ ਵਿੱਚ ਪੂਰੇ ਪਿੰਡ ਨੇ ਜਾਗ ਪੈਣਾ ਸੀ। ਅਜਿਹੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ? ਮੇਰੇ ਸਾਹਮਣੇ ਦੀ ਗਲ਼ੀ ਵਿੱਚੋਂ ਲੱਕੜੀ ਦੀ ਵਾੜ ਉੱਪਰੋਂ ਇੱਕ ਕੁੱਤਾ ਬਾਹਰ ਆਇਆ। ਜੋ ਹੋਏਗਾ, ਦੇਖਿਆ ਜਾਏਗਾ। ਮੈਂ ਪੂਰਾ ਤਾਣ ਲਾ ਕੇ ਦੌੜਨ ਲੱਗਿਆ।
ਹੁਣ ਪੂਰੇ ਪਿੰਡ ਵਿੱਚ ਕੁੱਤੇ ਭੌਂਕਣ ਲੱਗੇ ਸਨ। ਇੱਕ ਵੱਡਾ ਕੁੱਤਾ ਮੇਰੇ ਪਿੱਛੇ ਦੌੜਿਆ। ਮੈਂ ਹੋਰ ਤੇਜ਼ ਭੱਜਿਆ। ਸਾਹਮਣੇ ਦੀ ਸੜਕ ’ਤੇ ਕੁਝ ਪਿੰਡ ਵਾਲੇ ਹੈਰਾਨ ਖੜ੍ਹੇ ਸਨ। ਕੁਝ ਲੋਕਾਂ ਨੇ ਹੱਥ ਵਧਾ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਨ੍ਹਾਂ ਨੂੰ ਧੱਕਾ ਦੇ ਕੇ ਪੂਰੀ ਤਾਕਤ ਨਾਲ ਚੀਖਿਆ, ‘‘ਰਹਿਮਾਨ ਅਲੀ...’’
ਇੰਨਾ ਜ਼ੋਰ ਲਾਉਣ ਨਾਲ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਪਾਗਲਾਂ ਵਾਂਗ ਮੈਂ ਚੌਕ ਤੋਂ ਦੂਜੇ ਪਾਸੇ ਦੌੜਿਆ। ਹੁਣ ਹਰ ਕਿਸੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ? ਆਪਣੇ ਅੰਦਰਲੀ ਸਾਰੀ ਤਾਕਤ ਬਟੋਰ ਕੇ ਮੈਂ ਫਿਰ ਜ਼ੋਰ ਦੀ ਚੀਖਿਆ, ‘‘ਰਹਿਮਾਨ ਅਲੀ, ਮਦਦ ਕਰੋ! ਮੈਂ ਆਪਣੇ ਭਰਾ ਖ਼ਾਤਰ ਤੁਹਾਡੇ ਦਰ ’ਤੇ ਆਇਆ ਹਾਂ।’’
ਅਚਾਨਕ ਲੰਮੀ ਸਲੇਟੀ ਦਾੜ੍ਹੀ ਵਾਲਾ ਇੱਕ ਬੁੱਢਾ ਬਾਹਰ ਨਿਕਲ ਆਇਆ। ਉਸ ਨੇ ਲੰਮਾ ਕਮੀਜ਼ਨੁਮਾ ਚੋਗਾ ਪਹਿਨਿਆ ਹੋਇਆ ਸੀ। ਮੈਂ ਛੇਤੀ ਛੇਤੀ ਉਸ ਦੇ ਸਾਹਮਣੇ ਗੋਡੇ ਟੇਕਦਿਆਂ ਉਸ ਦਾ ਝੁਰੜੀਆਂ ਭਰਿਆ ਹੱਥ ਫੜਿਆ, ਪਰ ਮੇਰੇ ਉਸ ਦਾ ਹੱਥ ਚੁੰਮਣ ਤੋਂ ਪਹਿਲਾਂ ਹੀ ਉਸ ਨੇ ਬਾਹਾਂ ਵਧਾ ਕੇ ਮੈਨੂੰ ਉਠਾ ਲਿਆ।
‘‘ਬਸ, ਬਸ, ਜ਼ਬਤ ਕਰ ਮੇਰੇ ਬੱਚੇ! ਹੁਣ ਤੂੰ ਇੱਥੇ ਮਹਿਫੂਜ਼ ਹੈਂ,’’ ਉਸ ਦੀ ਬੁੱਢੀ ਆਵਾਜ਼ ਮੈਨੂੰ ਤਸੱਲੀ ਦੇ ਰਹੀ ਸੀ। ਕੁੱਤਿਆਂ ਨੇ ਅਚਾਨਕ ਭੌਂਕਣਾ ਬੰਦ ਕਰ ਦਿੱਤਾ। ਆਪਣੇ ਸਿਰ ਝੁਕਾ ਕੇ ਉਹ ਹੁਣ ਪੂਛਾਂ ਹਿਲਾ ਰਹੇ ਸਨ। ਪਿੰਡ ਵਾਲੇ ਉਸੇ ਤਰ੍ਹਾਂ ਘਰ ਪਰਤ ਗਏ ਸਨ। ਜਦੋਂ ਕੋਈ ਰਹਿਮਾਨ ਅਲੀ ਕੋਲ ਆਉਂਦਾ ਸੀ ਤਾਂ ਬਾਕੀ ਲੋਕਾਂ ਦਾ ਉੱਥੋਂ ਹਟ ਜਾਣਾ ਹੀ ਮੁਨਾਸਿਬ ਹੁੰਦਾ ਸੀ।
ਉਹ ਮੈਨੂੰ ਆਪਣੇ ਘਰ ਲੈ ਗਿਆ। ਮੈਂ ਉਸ ਨੂੰ ਦੱਸਣਾ ਚਾਹਿਆ ਕਿ ਮੈਂ ਕੌਣ ਹਾਂ, ਪਰ ਉਸ ਨੇ ਪਹਿਲਾਂ ਹੀ ਮੈਨੂੰ ਪਛਾਣ ਲਿਆ ਸੀ। ਮੈਨੂੰ ਕੁਝ ਵੀ ਉਸ ਨੂੰ ਸਮਝਾਉਣਾ ਨਾ ਪਿਆ। ਉਸ ਨੂੰ ਬਾਖ਼ੂਬੀ ਪਤਾ ਸੀ ਕਿ ਮੈਂ ਕੀ ਚਾਹੁੰਦਾ ਹਾਂ।
ਮੈਂ ਸਿਰਫ਼ ਇੰਨਾ ਕਿਹਾ ਕਿ ਗੱਡੀ ਪਿੰਡ ਦੇ ਬਾਹਰ ਖੜ੍ਹੀ ਹੈ ਅਤੇ ਮੇਰੇ ਪਿਤਾ ਉੱਥੇ ਹੀ ਸਾਡਾ ਇੰਤਜ਼ਾਰ ਕਰ ਰਹੇ ਹਨ। ਉਹ ਆਪਣੀ ਖੱਚਰ ਲਿਆਉਣ ਲਈ ਤਬੇਲੇ ਵੱਲ ਚਲਾ ਗਿਆ। ਕੁਝ ਦੇਰ ਬਾਅਦ ਅਸੀਂ ਪਿੰਡ ਦੀਆਂ ਗਲ਼ੀਆਂ ਵਿੱਚੋਂ ਲੰਘ ਰਹੇ ਸਾਂ। ਸਾਰੀਆਂ ਬੱਤੀਆਂ ਬੁਝ ਚੁੱਕੀਆਂ ਸਨ ਅਤੇ ਸਾਰਾ ਪਿੰਡ ਸਰਦੀਆਂ ਦੀ ਰਾਤ ਦੀ ਗਹਿਰੀ ਨੀਂਦ ਵਿੱਚ ਪਰਤ ਗਿਆ ਸੀ। ਮੇਰੇ ਪਿਤਾ ਨੇ ਵੀ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸੁਣੀਆਂ ਸਨ। ਜਦੋਂ ਉਨ੍ਹਾਂ ਨੇ ਮੇਰੇ ਨਾਲ ਰਹਿਮਾਨ ਅਲੀ ਨੂੰ ਆਉਂਦੇ ਦੇਖਿਆ ਤਾਂ ਉਹ ਦੌੜ ਕੇ ਅੱਗੇ ਵਧੇ ਅਤੇ ਉਸ ਦੇ ਗਲ਼ੇ ਲੱਗ ਗਏ। ਕੁਝ ਦੇਰ ਤੱਕ ਉਹ ਦੋਵੇਂ ਇੱਕ ਦੂਜੇ ਨੂੰ ਜੱਫ਼ੀ ਪਾਈ ਖੜ੍ਹੇ ਰਹੇ।
‘‘ਹੁਣ ਚੱਲਣਾ ਚਾਹੀਦਾ ਹੈ!’’ ਰਹਿਮਾਨ ਅਲੀ ਨੇ ਆਖ਼ਰ ਕਿਹਾ, ‘‘ਦਿਨ ਚੜ੍ਹਨ ਵਾਲਾ ਹੈ।’’
ਮੈਂ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਭਰਾ ਦੀ ਲਾਸ਼ ਨੂੰ ਆਪਣੇ ਮੋਢਿਆਂ ’ਤੇ ਲੱਦ ਲਿਆ। ਪਿਤਾ ਮੇਰੀ ਮਦਦ ਲਈ ਅੱਗੇ ਵਧੇ। ਅਸੀਂ ਦੋਵਾਂ ਨੇ ਰਲ਼ ਕੇ ਉਸ ਨੂੰ ਖੱਚਰ ਦੀ ਪਿੱਠ ਉੱਤੇ ਲਿਟਾ ਦਿੱਤਾ। ਮੈਂ ਗੱਡੀ ਵਿੱਚੋਂ ਫਹੁੜਾ ਤੇ ਕਹੀ ਕੱਢ ਕੇ ਪਿਛਲਾ ਦਰਵਾਜ਼ਾ ਬੰਦ ਕਰ ਦਿੱਤਾ।
‘‘ਆਓ ਚੱਲੀਏ,’’ ਰਹਿਮਾਨ ਅਲੀ ਨੇ ਆਵਾਜ਼ ਦਿੱਤੀ। ਖੱਚਰ ਪਹਾੜ ਵੱਲ ਚੱਲ ਪਈ।
ਮੇਰੇ ਪਿਤਾ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ। ਅਸੀਂ ਕਿੱਥੇ ਜਾ ਰਹੇ ਹਾਂ? ਚੰਦ ਦੀ ਰੌਸ਼ਨੀ ਵਿੱਚ ਇਹ ਸਵਾਲ ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਲਿਖਿਆ ਦਿਸ ਰਿਹਾ ਸੀ। ਮੈਂ ਕੁਝ ਕਹਿਣ ਹੀ ਲੱਗਾ ਸੀ ਕਿ ਮੈਨੂੰ ਖੰਭਾਂ ਦੀ ਫੜਫੜਾਹਟ ਸੁਣਾਈ ਦਿੱਤੀ। ਉੱਪਰ ਨਜ਼ਰ ਉਠਾਈ ਤਾਂ ਉਕਾਬਾਂ ਦਾ ਇੱਕ ਵੱਡਾ ਸਾਰਾ ਝੁੰਡ ਉੱਡਦਾ ਸਾਡੇ ਅੱਗੇ ਅੱਗੇ ਜਾ ਰਿਹਾ ਸੀ।