ਸੁਪਨੇ ਉਹ, ਜੋ ਸੌਣ ਨਹੀਂ ਦਿੰਦੇ
ਪੁਸਤਕ ‘ਹੱਕ ਸੱਚ ਦਾ ਸੰਗਰਾਮ’ (ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਲੋਕ ਸੰਗਰਾਮੀ ਲਾਲ ਸਿੰਘ ਢਿੱਲੋਂ ਦੀ ਸਵੈ-ਜੀਵਨੀ ਹੈ। ਇਸ ਸਵੈ-ਜੀਵਨੀ ਨੂੰ ਉਨ੍ਹਾਂ ਦੀ ਧੀ ਡਾ. ਕਮਲਜੀਤ ਕੌਰ ਢਿੱਲੋਂ ਨੇ ਸੰਪਾਦਿਤ ਕੀਤਾ ਹੈ, ਜੋ ਖ਼ੁਦ ਪ੍ਰਤੀਬੱਧ ਪ੍ਰਗਤੀਸ਼ੀਲ ਲੇਖਿਕਾ ਅਤੇ ਨਾਮਵਰ ਰੰਗਕਰਮੀ ਹੈ। ਸੰਪਾਦਿਕਾ ਨੇ ਇਸ ਸਵੈ-ਜੀਵਨੀ ਨੂੰ ‘ਜਿਉਂਦੇ ਹੋਣ ਦੀ ਗਵਾਹੀ: ਸੰਘਰਸ਼ਾਂ ਭਰੀ ਵਿਰਾਸਤ’ ਕਿਹਾ ਹੈ। ਪੁਸਤਕ ਦੇ ਆਰੰਭ ਵਿੱਚ ਪ੍ਰਿੰਸੀਪਲ ਸਰਵਣ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਗੁਰਨਾਮ ਕੰਵਰ, ਗੁਰਮੀਤ ਕੜਿਆਲਵੀ, ਕਿਰਪਾਲ ਸਿੰਘ ਪੰਨੂ ਦੀਆਂ ਰਚਨਾ ਬਾਰੇ ਭਾਵਪੂਰਤ ਰਾਵਾਂ ਦਰਜ ਹਨ। ਲੇਖਕ ਨੇ ‘ਇਉਂ ਹੋਂਦ ਵਿੱਚ ਆਈ ਪੁਸਤਕ’ ਸਿਰਲੇਖ ਹੇਠ ਆਪਣੀ ਕਥਾ ਲਿਖਣ ਵਿੱਚ ਹੋਈ ਦੇਰੀ ਤੇ ਮਿਲੀ ਪ੍ਰੇਰਣਾ ਦਾ ਜ਼ਿਕਰ ਕੀਤਾ ਹੈ। ਪੁਸਤਕ ਦੇ ਅੰਤ ਉੱਤੇ ਪਰਿਵਾਰ ਦੀਆਂ ਖ਼ੂਬਸੂਰਤ ਤਸਵੀਰਾਂ ਹਨ। ਉਨ੍ਹਾਂ ਤੋਂ ਪਹਿਲਾਂ ਲੇਖਕ ਦੇ ਸਮਕਾਲੀ ਸੱਤ ਸਰਗਰਮ ਸਾਥੀਆਂ ਦੁਆਰਾ ਉਸ ਦੀ ਸ਼ਖ਼ਸੀਅਤ ਅਤੇ ਸੰਗਰਾਮਾਂ ਬਾਰੇ ਵਿਚਾਰ ਦਰਜ ਹਨ। ਇਹ ਸਵੈ-ਜੀਵਨੀ ਆਪਣੇ ਸਮਕਾਲੀ ਸਮਿਆਂ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਸੁਚੱਜੀ ਜੀਵਨ ਸ਼ੈਲੀ, ਉੱਚ ਅਸੂਲਾਂ, ਨਰੋਈਆਂ ਕਦਰਾਂ-ਕੀਮਤਾਂ ਅਤੇ ਔਖੀਆਂ ਸਰਗਰਮੀਆਂ ਦੀ ਦਾਸਤਾਨ ਹੈ। ‘‘ਮੈਂ ਉਨ੍ਹਾਂ ਘਟਨਾਵਾਂ ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਮੈਂ ਹੱਡੀਂ ਹੰਢਾਇਆ ਹੈ।’’ ਇਹ ਲੋਕਪੱਖੀ ਸਿਆਸਤ ਦੇ ਲੜ ਲੱਗੇ ਇੱਕ ਪ੍ਰਤੀਬੱਧ ਅਗਾਂਹਵਧੂ ਅਧਿਆਪਕ ਦੇ ਜੀਵਨ ਦਾ ਹਕੀਕੀ ਬਿਰਤਾਂਤ ਹੈ, ਜੋ ਤਤਕਾਲੀ ਸਿਆਸੀ ਸਮਾਜਿਕ ਆਰਥਿਕ ਗ਼ਲਤ ਵਿਵਸਥਾ ਅਤੇ ਜਰਵਾਣੇ ਅਨਸਰਾਂ ਵਿਰੁੱਧ ਨਿਰੰਤਰ ਸੰਘਰਸ਼ਸ਼ੀਲ ਰਿਹਾ। ਇਸ ਸਵੈ-ਜੀਵਨੀ ਵਿੱਚ ਲਾਲ ਸਿੰਘ ਢਿੱਲੋਂ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਲੈ ਕੇ 2004 ਵਿੱਚ ਕੈਨੇਡਾ ਜਾਣ ਤੱਕ ਦਾ ਜੀਵਨ ਸਫ਼ਰ ਬਿਆਨਦਾ ਹੈ। ਇਸ ਸਵੈ-ਜੀਵਨੀ ਨੂੰ ਪੜ੍ਹਦਿਆਂ ਬਹੁਤ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਢਿੱਲੋਂ ਦਾ ਹੀ ਨਹੀਂ, ਉਸ ਦੇ ਹੋਰ ਖ਼ਰੇ ਸਾਥੀਆਂ ਦਾ ਇਹ ਉਸਾਰੂ ਪਰਿਵਰਤਨ ਲਿਆਉਣ ਵਾਲਾ ਪੈਂਡਾ ਭੈੜੀਆਂ ਰੁਕਾਵਟਾਂ, ਪੈਰ-ਪੈਰ ’ਤੇ ਮੁਸੀਬਤਾਂ-ਦੁਸ਼ਵਾਰੀਆਂ ਭਰਿਆ ਹੈ। ਲੇਖਕ ਇਹ ਵੀ ਤਸਦੀਕ ਕਰਦਾ ਹੈ ਕਿ ਨਾਲ ਦੇ ਕਾਫ਼ੀ ਸਾਰੇ ਥਿੜਕੇ ਵੀ, ਕਈ ਸਾਰੇ ਨਿੱਜੀ ਹਉਮੈਂ ਅਤੇ ਸਵਾਰਥਾਂ ਦੀ ਦਲਦਲ ਵਿੱਚ ਫਸਦੇ ਰਹੇ, ਪਰ ਲਾਲ ਸਿੰਘ ਢਿੱਲੋਂ ਵਰਗੇ ਥੋੜ੍ਹੇ ਸੰਗਰਾਮ ਨੂੰ ਜਾਰੀ ਰੱਖ ਸਕੇ। ਇਹ ਉਨ੍ਹਾਂ ਦੀ ਦਾਸਤਾਨ ਹੈ। ਸਵੈ-ਜੀਵਨੀ ਵਿੱਚੋਂ ਉੱਭਰਦੇ ਉਸ ਦੇ ਚਰਿੱਤਰ ਦੀ ਖ਼ੂਬੀ ਇਹ ਹੈ ਕਿ ਉਸ ਨੂੰ ਨਾ ਸਿਰਫ਼ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਸਾਜ਼ਿਸ਼ਾਂ, ਚਾਲਾਂ, ਬਦਲਾਖੋਰੀਆਂ ਹੀ ਝੱਲਣੀਆਂ ਪਈਆਂ, ਨਾਲ ਹੀ ਕਮਿਊਨਿਸਟ ਪਾਰਟੀ ਦੇ ਅੰਦਰਲੇ ਮਾੜੇ ਅਨਸਰਾਂ, ਗੁੱਟਬੰਦੀਆਂ, ਸਵਾਰਥੀ ਹਿਤਾਂ ਨੂੰ ਪਰਣਾਏ ਲੀਡਰਾਂ ਹੱਥੋਂ ਵੀ ਖੱਜਲ-ਖੁਆਰ ਹੋਣਾ ਪਿਆ। ਉਸ ਨੂੰ ਹੋਰਨਾਂ 24 ਅਧਿਆਪਕਾਂ ਵਾਂਗ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸਮੇਂ ਸਿਆਸੀ ਕਾਰਨ ਕਰਕੇ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ। ਚੌਦਾਂ ਸਾਲ ਤੋਂ ਵੱਧ ਸਮਾਂ ਮੁਕੱਦਮੇ ਲੜੇ ਤੇ ਬਹਾਲ ਹੋਇਆ। ਫਿਰ ਤਨਖ਼ਾਹ, ਪੈਨਸ਼ਨ ਤੇ ਬਕਾਇਆਂ ਦੇ ਕੇਸ ਲੜੇ ਜਿੱਤੇ। ਉਸ ਦਾ ਬਾਪ ਪਿੰਡ ਵਿੱਚ ਕਾਮਰੇਡ ਲਾਲ ਸਿੰਘ ਅਕਾਲੀ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਉਸ ਦੌਰ ਵਿੱਚ ਸਿੱਖ ਧਰਮ ਦੀ ਮੂਲ ਲੋਕਪੱਖੀ ਪ੍ਰਗਤੀਸ਼ੀਲ ਸੋਚਣੀ ਦਾ ਲਖਾਇਕ ਹੈ। ਉਸ ਵੇਲੇ ਢਿੱਲੋਂ ਹੋਰਾਂ ਦਾ ਪਰਿਵਾਰ ਕਰਜ਼ੇ ਹੇਠ ਸੀ, ਜਿਸ ਨੂੰ ਉਸਨੇ ਪੜ੍ਹ ਕੇ, ਅਧਿਆਪਕ ਲੱਗ ਤੇ ਖੇਤੀ ਵਿੱਚ ਸਖ਼ਤ ਮਿਹਨਤ ਕਰ, ਅਧਿਆਪਕਾ ਪਤਨੀ ਨਸੀਬ ਕੌਰ ਦੀ ਹਿੰਮਤ ਤੇ ਮਦਦ ਨਾਲ ਲਾਹਿਆ। ਉਨ੍ਹਾਂ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ। ਬਲਕਰਨਜੀਤ, ਡਾਕਟਰ ਕਮਲਜੀਤ ਤੇ ਡਾਕਟਰ ਨਰਪਾਲਜੀਤ। ਤਿੰਨਾਂ ਨੂੰ ਉੱਚੀ ਵਿੱਦਿਆ ਦਿਵਾਈ। ਉਦੋਂ ਵੀ ਮੁਲਕ ਵਾਂਗ ਪੰਜਾਬ ਦੇ ਸਾਰੇ ਸਰਕਾਰੀ ਅਦਾਰੇ ਆਮ ਲੋਕਾਂ ਦਾ ਕੋਈ ਵੀ ਦਫ਼ਤਰੀ ਕੰਮ ਵੱਢੀ ਲੈਣ ਤੋਂ ਬਿਨਾਂ ਕਰਨ ਨੂੰ ਤਿਆਰ ਨਹੀਂ ਸਨ ਹੁੰਦੇ। ਉਸ ਨੇ ਸਿੱਖਿਆ ਮਹਿਕਮੇ, ਕੋਆਪਰੇਟਿਵ ਸੁਸਾਇਟੀਆਂ ਤੇ ਮਹਿਕਮੇ, ਬਿਜਲੀ ਮਹਿਕਮੇ ਬਾਰੇ ਕਾਫ਼ੀ ਦਿਲਚਸਪ ਵੇਰਵੇ ਪੇਸ਼ ਕੀਤੇ ਹਨ। ਲਾਲ ਸਿੰਘ ਢਿੱਲੋਂ ਅਜਿਹਾ ਸ਼ਖ਼ਸ ਸੀ, ਜੋ ਅਸੂਲਾਂ ਨੂੰ ਪ੍ਰਣਾਇਆ ਹੋਇਆ ਸੀ ਤੇ ਅਸੂਲਾਂ ਮੁਤਾਬਿਕ ਵੱਢੀ ਦੇਣ ਤੋਂ ਇਨਕਾਰੀ ਸੀ। ਰਿਸ਼ਵਤ ਦੇਣ ਤੇ ਲੈਣ ਨੂੰ ਵੱਡਾ ਪਾਪ ਤੇ ਜੁਰਮ ਮੰਨਦਾ ਸੀ। ਉਹ ਲਿਖਦਾ ਹੈ, ‘‘ਮੇਰੀ ਕਿਸੇ ਨੂੰ ਵੱਢੀ ਨਾ ਦੇਣ ਦੀ ਜ਼ਿੱਦ ਨੇ ਮੈਨੂੰ ਅਦਾਲਤੀ ਝਮੇਲਿਆਂ ਵਿੱਚ ਪਾਈ ਰੱਖਿਆ।’’
ਇਹ ਰਚਨਾ ਆਮ ਪੰਜਾਬੀ ਸਵੈ-ਜੀਵਨੀਆਂ ਤੋਂ ਹਟ ਕੇ ਹੈ। ਇਸ ਦਾ ਇੱਕ ਮੁੱਖ ਪਹਿਲੂ ਲਾਲ ਸਿੰਘ ਢਿੱਲੋਂ ਦਾ ਪ੍ਰਤੀਬੱਧ ਲੋਕਪੱਖੀ ਅਗਾਂਹਵਧੂ ਸਰਗਰਮ ਇਨਸਾਨ ਹੋਣਾ ਵੀ ਹੈ। ਉਸ ਦੇ ਅਸੂਲੀ ਸੁਦ੍ਰਿੜ੍ਹ ਸੁਭਾਅ ਬਾਰੇ ਲੰਮਾ ਸਮਾਂ ਇਨ੍ਹਾਂ ਸੰਗਰਾਮਾਂ ਵਿੱਚ ਸਾਥੀ ਰਿਹਾ ਤੇਜਾ ਸਿੰਘ ਲਿਖਦਾ ਹੈ, ‘‘ਉਨ੍ਹਾਂ ਦਾ ਸੁਭਾਅ ਨਿੱਘਾ ਹੈ, ਬੇਲੋੜੀ ਗੱਲ ਨਹੀਂ ਕਰਦੇ, ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਦੇ। ਅਹੁਦੇ ਦਾ ਲਾਲਚ ਨਹੀਂ। ਉਹ ਇਰਾਦੇ ਦੇ ਪੱਕੇ ਅਤੇ ਦਲੇਰ ਹਨ। ਜ਼ਿੰਦਗੀ ਦੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸਫਲ ਰਹੇ।’’
ਇਹ ਰਚਨਾ ਉੱਦਮ, ਹੌਸਲੇ ਅਤੇ ਉਸਾਰੂ ਜੀਵਨ ਦ੍ਰਿਸ਼ਟੀ ਅਤੇ ਸਰਗਰਮੀ ਦੀ ਪ੍ਰੇਰਕ ਹੈ। ਇਸੇ ਕਰਕੇ ਇਸ ਦਾ ਨਾਮ ‘ਹੱਕ-ਸੱਚ ਦਾ ਸੰਗਰਾਮ’ ਢੁਕਵਾਂ ਹੈ। ਨਿਸ਼ਚੇ ਹੀ ਇਹ ਪੰਜਾਬੀ ਦੇ ਪਾਠਕਾਂ ਲਈ ਬਹੁਤ ਪ੍ਰੇਰਨਾਦਾਇਕ ਸਾਬਤ ਹੋਵੇਗੀ।
ਸੰਪਰਕ: 98728-60245