ਡੋਪਾਮਾਈਨ
ਘਬਰਾਹਟ ਦਾ ਸਿਖਰ ਸੀ। ਮੂੰਹ ਸੁੱਕ ਰਿਹਾ ਸੀ ਤੇ ਜਾਨ ਲੱਤਾਂ ’ਚ ਆ ਗਈ ਸੀ। ਇੰਝ ਜਾਪ ਰਿਹਾ ਸੀ ਕੋਈ ਬੁਰਕ ਭਰ ਰਿਹਾ ਹੈ। ਰਹਿ ਰਹਿ ਕੇ ਖਿਝ ਆ ਰਹੀ ਸੀ। ਕੋਈ ਵੱਸ ਵੀ ਨਹੀਂ ਸੀ। ਬੈੱਡ ’ਤੇ ਲੇਟਿਆ ਕਦੇ ਏਧਰ ਪਾਸਾ ਮਾਰ ਛੱਡਦਾ ਕਦੇ ਉਧਰ। ਉੱਠਣ ਦੀ ਸੱਤਿਆ ਖ਼ਤਮ ਸੀ। ਤਲਬ ਲੱਗੀ ਪਈ ਸੀ। ਮਨ ਕਰਦਾ ਸੀ ਕਿ ਫੋਨ ਦੀ ਸਕਰੀਨ ਭੰਨ ਦੇਵਾਂ ਪਰ ਕਿਉਂ? ਏਹਦਾ ਕੀ ਕਸੂਰ... ਲੱਖ ਰੁਪਏ ਐਵੇਂ ਤਾਂ ਨਹੀਂ ਲਾਏ ਸੀ। ਗੈਲਰੀ ਖੋਲ੍ਹ ਫੋਟੋਆਂ ਵੇਖਣ ਦੀ ਕੋਸ਼ਿਸ਼ ਕੀਤੀ ਪਰ ਮੱਚਦੀ ਕਾਹਲ਼ ਨੇ ਕੁਝ ਨਾ ਕਰਨ ਦਿੱਤਾ। ਪੋਰਟਰੇਟ ਮੋਡ ’ਚ ਖਿੱਚੀਆਂ ਫੋਟੋਆਂ ਵੀ ਚੁਭਦੀਆਂ ਲੱਗੀਆਂ। ਇਹਦਾ ਵੀ ਕੀ ਫ਼ਾਇਦਾ? ਨੈੱਟ ਬਿਨਾਂ ਤਾਂ ਡੱਬਾ ਈ ਆ।
ਸਿਮਰ ਖਿਝਿਆ ਪਿਆ ਸੀ। ਉਹਨੂੰ ਲੱਗਾ ਉਹਦੀ ਜਾਨ ਨਿਕਲ ਜਾਣੀ ਆ। ਜਾਨ ਹਲ਼ਕ ’ਚ ਸੀ। ਕਲੇਜਾ ਮੂੰਹ ਨੂੰ ਆ ਰਿਹਾ ਸੀ।
‘‘ਰੋਟੀ ਲੈ ਕੇ ਆਵਾਂ?’’ ਮੰਮੀ ਨੇ ਪੁੱਛਿਆ।
“ਨਹੀਂ ਮੈਂ ਨਹੀਂ ਖਾਣੀ...’’ ਉਹਨੇ ਤਲਖ਼ੀ ਨਾਲ ਜਵਾਬ ਦਿੱਤਾ।
‘‘ਕਿਉਂ ਕੀ ਹੋਇਆ?’’ ਮੰਮੀ ਨੇ ਦੁਬਾਰਾ ਪੁੱਛਿਆ ਤਾਂ ਹੋਰ ਖਿਝ ਗਿਆ ਤੇ ਬੋਲਿਆ, ‘‘ਜਦੋਂ ਕਹਿ-ਤਾ ਨਹੀਂ ਖਾਣੀ... ਆਪੇ ਖਾ ਲੂੰ ਜਦੋਂ ਮਨ ਹੋਇਆ।’’
ਘਰਦਿਆਂ ਨੂੰ ਕਿੰਨੀ ਵਾਰ ਕਿਹਾ, ਵਾਈ ਫਾਈ ਲਵਾ ਲਈਏ...। ਪਰ ਨਹੀਂ ਅਖੇ: ‘ਕਿਹੜਾ ਘਰ ਰਹਿਣਾ ਹੁੰਦਾ ਆ? ਹੋਰ ਖ਼ਰਚਾ ਵਧਾਉਣਾ... ਵਰਤਣਾ ਤਾਂ ਹੈ ਨਹੀਂ। ਜਦੋਂ ਲੋੜ ਈ ਹੈ ਨਹੀਂ ਕੀ ਕਰਨੈ।’ ਮੰਨਦੇ ਕਿਹੜਾ ਹੈਗੇ ਨੇ।
ਲੰਮਾ ਸਾਹ ਲੈ ਕੇ ਸਿਮਰ ਨੇ ਫੇਰ ਸਹਿਜ ਹੋਣ ਦੀ ਕੋਸ਼ਿਸ ਕੀਤੀ। ਪਾਣੀ ਪੀਣ ਲੱਗਾ ਤਾਂ ਹਲਕ ਤੋਂ ਥੱਲੇ ਨਹੀਂ ਗਿਆ। ਬੱਸ ਭੱਜ ਜਾਣਾ ਚਾਹੁੰਦਾ ਸੀ।
ਸਰਕਾਰ ਵੀ ... ਜਦੋਂ ਜੀਅ ਕਰਦਾ ਨੈੱਟ ਬੰਦ ਕਰ ਦਿੰਦੀ ਆ... ਇਹ ... ਕੀ ਗੱਲ...।
ਇੰਸਟਾਗ੍ਰਾਮ ਖੋਲ੍ਹਦਾ ਤਾਂ ਇੱਕੋ ਰੀਲ ਵਾਰ ਵਾਰ ਘੁੰਮ ਰਹੀ ਸੀ ਕਿ ਇੰਟਰਨੈੱਟ ਸੇਵਾਵਾਂ ਅਗਲੇ 24 ਘੰਟਿਆਂ ਲਈ ਮੁਲਤਵੀ।
ਟਾਈਮ ਵੇਖਿਆ ਤਾਂ 4 ਵੱਜਣ ਵਾਲੇ ਸੀ।
ਢਾਈ ਕੁ ਵਜੇ ਖ਼ਬਰ ਪੜ੍ਹੀ ਸੀ ਕਿ ਸਰਕਾਰ ਨੇ ਇਲਾਕੇ ਦੀਆਂ ਇੰਟਰਨੈੱਟ ਸੇਵਾਵਾਂ ਅਗਾਊਂ ਡਰ ਦੇ ਮੱਦੇਨਜ਼ਰ ਠੱਪ ਕਰ ਦਿੱਤੀਆਂ ਹਨ।
ਐਂਕਰ ਉੱਚੀ ਉੱਚੀ ਚੀਕ ਰਿਹਾ ਸੀ ਕਿ ਸਰਕਾਰ ਨੇ ਸੰਭਾਵੀ ਖ਼ਤਰੇ ਨੂੰ ਭਾਂਪਦਿਆਂ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਨੇ... ਪੁਲੀਸ ਮੁਸਤੈਦ ਆ ਤੇ ਹਜ਼ਾਰ ਜਵਾਨ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਨੇ। ਲੋਕਾਂ ਨੂੰ ਬਾਹਰ ਨਾ ਨਿਕਲਣ ਤੇ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ।
ਮੰਮੀ ਹੋਰਾਂ ਦੇ ਫੋਨ ’ਤੇ ਤਾਂ ਉਦੋਂ ਹੀ ਨੈੱਟ ਬੰਦ ਹੋ ਗਿਆ ਸੀ ਪਰ ਉਹ ਖ਼ੁਸ਼ ਸੀ ਕਿ ਉਹਦਾ ਚੱਲ ਰਿਹਾ ਹਾਲੇ।
ਤਿੰਨ ਕੁ ਵਜੇ ਸਿਮਰ ਦਾ ਫੋਨ ਵੀ ਡੱਬਾ ਹੋ ਗਿਆ। ਕੁਝ ਵੀ ਖੋਲ੍ਹਦਾ ਤਾਂ ਲੋਡਿੰਗ ਆਉਣ ਲੱਗਦੀ... ਦਸ ਪੰਦਰਾਂ ਮਿੰਟ ਟੱਕਰਾਂ ਮਾਰੀਆਂ। ਫੋਨ ਏਅਰੋਪਲੇਨ ਮੋਡ ’ਤੇ ਲਾਇਆ, ਬੰਦ ਕਰ ਕੇ ਵੀ ਚਲਾਇਆ ਪਰ ਉਹਦੇ ਫੋਨ ’ਤੇ ਵੀ ਨੈੱਟ ਬੰਦ ਹੋ ਚੁੱਕਾ ਸੀ। ਇਕੇਰਾਂ ਤਾਂ ਖ਼ੁਸ਼ ਹੋਣ ਦੀ ਕੋਸ਼ਿਸ਼ ਕੀਤੀ ਕਿ ਚਲੋ ਖਹਿੜਾ ਛੁੱਟੂ ਪਰ ਇਹ ਨਿਰਾ ਵਹਿਮ ਹੀ ਸੀ... ਥੋੜ੍ਹੇ ਸਮੇਂ ਬਾਅਦ ਅੰਦਰ ਖੋਹ ਪੈਣ ਲੱਗੀ। ਭੱਜ ਕੇ ਕੋਠੇ ਚੜ੍ਹਿਆ ਪਰ ਹਵਾ ਫੰਦੇ ਵਾਂਗ ਜਾਪੀ। ਉਸ ਨੂੰ ਲੱਗਾ ਖੁੱਲ੍ਹੇ ਆਸਮਾਨ ’ਚ ਵੀ ਦਮ ਘੁੱਟਿਆ ਜਾਣਾ ਆ...।
ਉਹਨੂੰ ਲੱਗਾ ਕਿ ਸਭ ਝੂਠ ਆ ਤੇ ਹੁਣੇ ਨੈੱਟ ਚਲ ਪੈਣਾ ਆ... ਫੇਰ ਸਕਰੀਨ ਵੇਖੀ ਲੋਡਿੰਗ ਆ ਰਹੀ ਸੀ। ਉਹ ਖਿਝਿਆ।
ਸਿਰ ਉੱਤੋਂ ਦੀ ਪੰਛੀਆਂ ਦੀ ਡਾਰ ਲੰਘੀ ਤੇ ਜਾਪਿਆ ਜਿਵੇਂ ਚਿੜਾ ਰਹੀ ਹੋਵੇ।
ਇਕਦਮ ਘੁੰਮਣਘੇਰੀ ਆਈ ਤੇ ਉਹਦਾ ਸਿਰ ਚਕਰਾਉਣ ਲੱਗਾ। ਸਿਮਰ ਨੂੰ ਫੇਰ ਲੱਗਾ ਕਿ ਵੱਤ ਆ ਜਾਣਗੇ।
ਉਹ ਥੱਲੇ ਉਤਰਨ ਲੱਗਾ ਤੇ ਪੈਰ ਗੱਡੇ ਤੋਂ ਵੀ ਭਾਰੇ ਲੱਗੇ। ਜਾਪਦਾ ਸੀ ਗਿੱਟਿਆਂ ਨਾਲ ਜਿਵੇਂ ਵੱਟੇ ਬੰਨ੍ਹ ਦਿੱਤੇ ਹੋਣ। ਉਹ ਮਸੀਂ ਥੱਲੇ ਉਤਰਿਆ... ਆ ਕੇ ਬੈੱਡ ’ਤੇ ਪਿਆ... ਕੁਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਖਿਝ ਹੀ ਚੜ੍ਹ ਰਹੀ ਸੀ।
ਉਹਨੂੰ ਆਪਣੀ ਹਾਲਤ ਰੁਲਦੂ ਕੇ ਗੋਲੇ ਵਰਗੀ ਲੱਗੀ ਜੋ ਨਸ਼ੇ ਬਿਨਾਂ ਸੜਕ ’ਤੇ ਗਿੱਟੇ ਰਗੜ ਰਿਹਾ ਸੀ ਤੇ ਉੱਥੇ ਆਪਣੀ ਮਾਂ ਨੂੰ ਉੱਚੀ ਉੱਚੀ ਗਾਲ੍ਹਾਂ ਦੇ ਰਿਹਾ ਸੀ... ਮਾਂ ਚੁੰਨੀ ਹੱਥਾਂ ’ਚ ਫੜੀ ਕਦੇ ਗੋਲੇ ਦੇ ਪੈਰਾਂ ’ਚ ਰੱਖਦੀ ਤੇ ਕਦੇ ਲੋਕਾਂ ਦੇ।
‘‘ਮੇਰਾ ਪੁੱਤ ਬਚਾਲੋ... ਵੇ ਲੋਕੋ! ਬਚਾਲੋ ਵੇ... ਇਹਨੂੰ ਕੀ ਹੋਈ ਜਾਂਦਾ।’’
ਲੋਕ ਦੇਖਦੇ ਤੇ ਅੱਗੇ ਤੁਰਦੇ ਬਣਦੇ। ਕਈ ਦੰਦੀਆਂ ਕੱਢਦੇ ਤੇ ਕਈ ਮਾਂ ਦੀ ਹਾਲਤ ’ਤੇ ਤਰਸ ਕਰਦੇ।
ਸਿਮਰ ਟੋਲ਼ ਤੋਂ ਉੱਤਰ ਕੇ ਘਰ ਵੱਲ ਨੂੰ ਆ ਰਿਹਾ ਸੀ ਜਦੋਂ ਉਹਨੇ ਗੋਲਾ ਲਿਟਦਾ ਵੇਖਿਆ ਸੀ। ਇਕੇਰਾਂ ਤਾਂ ਗਾਲ੍ਹ ਜਿਹੀ ਦੇ ਕੇ ਉਹ ਵੀ ਅੱਗੇ ਜਾਣ ਲੱਗਾ ਪਰ ਫਿਰ ਪਤਾ ਨਹੀਂ ਉਹਦੇ ਮਨ ’ਚ ਕੀ ਆਇਆ। ਉਹਨੇ ਬਾਬੇ ਕੇ ਮਣੇ ਨੂੰ ਆਵਾਜ਼ ਮਾਰ ਕੇ ਗੋਲੇ ਨੂੰ ਘਰ ਛੱਡਣ ਦਾ ਫ਼ੈਸਲਾ ਕੀਤਾ।
“... ਮੈਨੂੰ ਨਸ਼ਾ ਲਿਆ ਦੇ... ਮੈਂ ਮਾਰ ਦੂੰ ਤੈਨੂੰ...’’ ਗੋਲਾ ਆਪਣੀ ਮਾਂ ਨੂੰ ਲਗਾਤਾਰ ਗਾਲ੍ਹਾਂ ਦੇ ਰਿਹਾ ਸੀ।
ਸਿਮਰ ਨੂੰ ਪਤਾ ਨ੍ਹੀਂ ਕੀ ਹੋਇਆ ਉਹਨੇ ਦੋ ਚਪੇੜਾਂ ਗੋਲੇ ਦੇ ਧਰ ਦਿੱਤੀਆਂ ਪਰ ਉਦੋਂ ਹੀ ਗੋਲੇ ਦੀ ਮਾਂ ਟੁੱਟ ਕੇ ਪੈ ਗਈ, ‘‘ਵੇ ਮਾਰਦਾ ਕਿਉਂ ਐਂ? ਮਾਰ ਨਾ ਇਹਨੂੰ। ਇਹ ਤਾਂ ਪਹਿਲਾਂ ਈ ਮਰਿਆ ਪਿਆ ਆ...’’ ਗੋਲੇ ਦੀ ਮਾਂ ਟੁੱਟ ਕੇ ਪਈ ਤਾਂ ਸਿਮਰ ਨੂੰ ਲੱਗਾ ਜਿਵੇਂ ਉਸ ਨੇ ਬੱਜਰ ਗੁਨਾਹ ਕਰ ਦਿੱਤਾ ਹੋਵੇ।
ਉਹ ਨਿੰਮੋਝੂਣਾ ਜਿਹਾ ਹੋ ਕੇ ਕਰ-ਕਰਾ ਕੇ ਮਣੇ ਨੂੰ ਨਾਲ ਲੈ ਕੇ ਗੋਲੇ ਨੂੰ ਘਰੇ ਛੱਡ ਆਇਆ ਸੀ।
ਗੋਲੇ ਦੀ ਸੂਰਤ ਅੱਖਾਂ ਮੂਹਰੇ ਘੁੰਮੀ ਤਾਂ ਉਹਨੂੰ ਆਵਦੇ ਤੇ ਗੋਲੇ ’ਚ ਫ਼ਰਕ ਨਾ ਲੱਗਾ... ਇਕੇਰਾਂ ਤਾਂ ਲੱਗਾ ਕਿ ਗਾਲ੍ਹਾਂ ਦੇਵੇ ਸਭ ਨੂੰ; ਪਰ ਉਸ ਨੂੰ ਪਤਾ ਸੀ ਕਿ ਘਰਦਿਆਂ ਨੇ ਚਪੇੜਾਂ ਦਾ ਮੀਂਹ ਵਰ੍ਹਾ ਦੇਣਾ ਹੈ।
ਫਿਰ ਪਤਾ ਨ੍ਹੀਂ ਮਨ ’ਚ ਕੀ ਆਇਆ... ਗੱਡੀ ਦੀ ਚਾਬੀ ਚੁੱਕੀ ਤੇ ‘‘ਮੈਂ ਆਇਆ ਮੰਮੀ’’ ਕਹਿ ਕੇ ਚੌਕ ਨੂੰ ਤੁਰ ਪਿਆ।
ਫੋਨ ਵੱਲ ਵੇਖਦਾ ਤਾਂ ਰਹਿ ਰਹਿ ਕੇ ਖਿਝ ਆਉਂਦੀ...ਦੋ ਤਿੰਨ ਕਾਲਾਂ ਤਾਂ ਆਈਆਂ ਪਰ ਚੁੱਕਣਾ ਜ਼ਰੂਰੀ ਨਾ ਸਮਝਿਆ।
ਸਨੈਕਰਜ ਵਾਲਿਆਂ ਦੇ ਗਿਆ ਤਾਂ ਆਵਦਾ ਫੇਵਰਟ ਚਿਕਨ ਬਰਗਰ ਆਰਡਰ ਕਰ ਦਿੱਤਾ... ਦੇਖਿਆ ਤਾਂ ਵਾਈ ਫਾਈ ਦਾ ਸਿਗਨਲ ਸ਼ੋਅ ਹੋ ਰਿਹਾ ਸੀ। ਉਹਨੇ ਝੱਟ ਰਿਸੈਪਸ਼ਨ ਤੋਂ ਪਾਸਵਰਡ ਮੰਗ ਲਿਆ ਤੇ ਉਨ੍ਹਾਂ ਨੇ ਵੀ ਦੇਣ ’ਚ ਦੇਰ ਨਾ ਲਾਈ। ਉਹ ਪਲਾਂ ’ਚ ਹੀ ਲਹਿਰਾਂ ਬਹਿਰਾਂ ’ਚ ਹੋ ਗਿਆ। ਸਰੀਰ ਹੌਲਾ ਫੁੱਲ ਵਰਗਾ ਹੋ ਗਿਆ ਤੇ ਗੱਲ੍ਹਾਂ ’ਤੇ ਲਾਲੀ ਉਮੜ ਪਈ। ਪਾਸਵਰਡ ਭਰਿਆ ਤਾਂ ਇਉਂ ਜਾਪਿਆ ਜਿਵੇਂ ਉਹ ਜੰਗਲ ਤੋਂ ਬਾਹਰ ਆ ਕੇ ਦੁਨੀਆ ਨਾਲ ਜੁੜ ਗਿਆ ਹੋਵੇ ਪਰ ਵਾਈ ਫਾਈ ਚੱਲ ਬਹੁਤ ਸਲੋਅ ਰਿਹਾ ਸੀ।
ਸਿਮਰ ਨੂੰ ਭੁੱਖ ਨਾਲ ਖੋਹ ਪੈਣ ਲੱਗੀ ਪਰ ਵੱਧ ਚਾਅ ਫੋਨ ’ਤੇ ਨੈੱਟ ਚੱਲਣ ਦਾ ਸੀ ਪਰ ਨਾਲ ਹੀ ਆਵਾਜ਼ ਕੰਨੀਂ ਪਈ ਕਿ ‘ਸਰ ਖਾਣੈ ਕਿ ਪੈਕ ਕਰਨੈ?’
‘‘ਡਾਈਨਿੰਗ ਹੀ ਆ,’’ ਉਹਨੇ ਫੋਨ ’ਚ ਮਸਤ ਹੋਏ ਨੇ ਜਵਾਬ ਦਿੱਤਾ।
‘‘ਸਰ, ਜਲਦੀ ਖਾ ਲਉ ਰਸ਼ ਬਹੁਤ ਆ... ਉਹ ਫੈਮਿਲੀ ਖੜ੍ਹੀ ਐ... ਉਨ੍ਹਾਂ ਨੇ ਵੀ ਖਾਣਾ...’’ ਰਿਸ਼ੈਪਸ਼ਨ ਵਾਲੇ ਨੇ ਐਵੇਂ ਕਾਹਲ਼ ਮਚਾਈ।
ਸਿਮਰ ਨੇ ਨਿਗ੍ਹਾ ਘੁਮਾਈ ਤਾਂ ਖਾਲੀ ਰਹਿਣ ਵਾਲਾ ਸਨੈਕਰਜ ਅੱਜ ਪੂਰਾ ਭਰਿਆ ਸੀ... ਗਾਹਕ ਬਹੁਤ ਸੀ ਤੇ ਸਭ ਦੀ ਨਿਗ੍ਹਾ ਖਾਣ ਨਾਲੋਂ ਜ਼ਿਆਦਾ ਫੋਨ ’ਤੇ ਸੀ।
ਸ਼ਾਇਦ ਮਾਲਿਕ ਵੀ ਨਬਜ਼ ਪਛਾਣ ਗਿਆ ਸੀ ਤੇ ਉਹ ਹਰੇਕ ਆਉਣ ਵਾਲੇ ਨੂੰ ਧੜਾਧੜ ਪਾਸਵਰਡ ਦੇ ਰਿਹਾ ਸੀ ਬਿਲਕੁਲ ਉਵੇਂ ਜਿਵੇਂ ਲੁਹਾਰੇ ਚੌਕ ਕੋਲ ਨਸ਼ਾ ਛੁਡਾਊ ਕੇਂਦਰ ’ਤੇ ਜੀਭ ਦੀਆਂ ਗੋਲੀਆਂ ਵਾਲਿਆਂ ਦੀ ਲਾਈਨ ਲੱਗਦੀ ਹੈ। ਸਿਮਰ ਦਾ ਪੂਰਾ ਚਿੱਤ ਲੱਗਿਆ ਤੇ ਟਹਿਕਰੇ ’ਚ ਹੋ ਗਿਆ ਸੀ ਜਿਵੇਂ ਗੋਲੀਆਂ ਲੈਣ ਮਗਰੋਂ ਅਮਲੀ ਉੱਡੇ ਜਾਂਦੇ ਹੁੰਦੇ ਨੇ। ਇਕੇਰਾਂ ਤਾਂ ਲੱਗਾ ਕਿ ਮੰਜਾ ਡਾਹ ਕੇ ਇੱਥੇ ਹੀ ਪੈ ਜਾਵੇ ਪਰ ਰੈਸਤਰਾਂ ਦਾ ਮਾਲਿਕ ਵੀ ਚਲਾਕ ਸੀ। ਉਹ ਦਸ ਪੰਦਰਾਂ ਮਿੰਟ ਤੋਂ ਵੱਧ ਬੈਠਣ ਨਹੀਂ ਸੀ ਦੇ ਰਿਹਾ। ਕਾਰ ਤੱਕ ਆ ਕੇ ਵਾਈ ਫਾਈ ਨੈੱਟਵਰਕ ਛੱਡ ਗਿਆ।
ਉਹ ਫੇਰ ਉਦਾਸ ਹੋ ਗਿਆ। ਹੁਣੇ ਖ਼ਬਰ ਆ ਰਹੀ ਸੀ ਕਿ ਸ਼ਾਇਦ ਦੋ ਤਿੰਨ ਦਿਨ ਹੋਰ ਨੈੱਟ ਬੰਦ ਰਹੇ... ਪੱਕਾ ਨਹੀਂ ਸੀ... ਸਰਕਾਰ ਕੋਈ ਵੀ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਤੇ ਹਾਲਾਤ ਦੇ ਹਿਸਾਬ ਨਾਲ ਫ਼ੈਸਲਾ ਲਿਆ ਜਾਣਾ ਸੀ ਤੇ ਹਰੇਕ ਕਦਮ ਫੂਕ ਫੂਕ ਕੇ ਧਰਿਆ ਜਾਣਾ ਸੀ।
“ਜਾਂ ਰੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫ਼ਵਾਹ ਹੋਵੇ...” ਪਿੱਛੇ ਮੱਠੀ ਮੱਠੀ ਆਵਾਜ਼ ’ਚ ਚੱਲਦਾ ਅਮਰਿੰਦਰ ਗਿੱਲ ਦਾ ਗਾਣਾ ਕੰਨੀਂ ਪਿਆ। ‘ਰੱਬਾ! ਸੱਚੀ ਅਫ਼ਵਾਹ ਹੀ ਹੋਵੇ...,’ ਸਿਮਰ ਨੇ ਮਨ ਹੀ ਮਨ ਅਰਦਾਸ ਕੀਤੀ।
‘‘ਓ ਹੋ ਅੱਜ ਤਾਂ ਮਿੱਠੀ ਨਾਲ ਵੀ ਗੱਲ ਨਹੀਂ ਹੋਣੀ... ਸਰਨਾ ਔਖਾ ਹੋ ਜਾਣੈ...’’ ਸਿਮਰ ਨੂੰ ਸਹੇਲੀ ਦੀ ਯਾਦ ਆਈ ਤਾਂ ਕਾਰ ਲੌਕ ਕਰਕੇ ਵਾਸ਼ਰੂਮ ਵੱਲ ਨੂੰ ਭੱਜਿਆ... ਏਥੇ ਨੈੱਟਵਰਕ ਸੀ ਵਾਈ ਫਾਈ ਦਾ... ਕਾਲ ਤਾਂ ਉਹਨੇ ਇਸ ਵੇਲੇ ਚੁੱਕਣੀ ਨਹੀਂ... ਵੱਟਸਐਪ ਖੋਲ੍ਹਿਆ ਤਾਂ ਲਾਸਟ ਸੀਨ ਦੋ ਵਜੇ ਦਾ ਸੀ... ਮੈਸੇਜ ਕੀਤੇ ਇੱਕ ਟਿੱਕ ਆ ਰਹੀ ਸੀ।
‘‘ਹੁਣ ਕੀ ਹੋਊ...’’ ਟੈਕਸਟ ਕਰਨ ਲੱਗਾ ਤਾਂ ਫੇਲਡ ਆ ਰਿਹਾ ਸੀ। ‘‘ਯਾਰ ਇਹ ਤਾਂ ਹੋਰ ਵੀ ਔਖੈ। ਵੀਡਿਉ ਕਾਲ ਬਿਨਾਂ ਤਾਂ ਨੀਂਦ ਵੀ ਨਹੀਂ ਆਉਂਦੀ ਯਾਰ!’’
ਮਿੱਠੀ ਦਾ ਅਸਲ ਨਾਮ ਤਾਂ ਸਵੀਟੀ ਸੀ ਤੇ ਸਿਮਰ ਪਿਆਰ ਨਾਲ ‘ਮਿੱਠੀ’ ਕਹਿੰਦਾ ਸੀ। ਪੰਡਿਤਾਂ ਦੀ ਕੁੜੀ ਪੂਰੀ ਬਣਦੀ ਠਣਦੀ ਸੀ। ਪਹਿਲੀ ਵਾਰ ਦੇਖਣ ਸਾਰ ਹੀ ਲੱਟੂ ਹੋ ਗਿਆ ਸੀ। ਮਰ ਮਰ ਕੇ ਆਈਡੀ ਲੱਭੀ ਸੀ ਤੇ ਫੇਰ ਮਨਾਈ... ਹੁਣ ਸਾਲ ਤੋਂ ਉੱਤੇ ਹੋ ਚੱਲਿਆ ਸੀ ਗੱਲ ਬਣੀ ਨੂੰ ਤੇ ਸਿਮਰ ਉਹਦੇ ਸਾਹੀਂ ਸਾਹ ਲੈਂਦਾ ਸੀ। ਰੋਜ਼ ਗੱਲਾਂ ਕਰਕੇ ਸੌਣ ਦੀ ਆਦਤ ਸੀ। ਮੋਗੇ ਬੁੱਘੀਪੁਰੇ ਚੌਕ ਕੋਲ ਬਣੇ ਥਾਪਰ ਕਾਲਜ ’ਚ ਨਰਸਿੰਗ ਕਰਦੀ ਸੀ ਤੇ ਤੀਸਰੇ ਸਾਲ ’ਚ ਸੀ।
ਹਾਲੇ ਕੱਲ੍ਹ ਹੀ ਗੱਲ ਕਰਦੀ ਸੀ, ‘‘ਘਰ ਦੇ ਰਿਸ਼ਤੇ ਦੇਖਦੇ ਫਿਰਦੇ ਆ ਮੰਗਣੀ ਕਰਨ ਨੂੰ ਫਿਰਦੇ ਆ... ਵਿਆਹ ਕਹਿੰਦੇ ਸੀ ਫੇਰ ਪੜ੍ਹਾਈ ਤੋਂ ਬਾਅਦ ਕਰ ਦੇਵਾਂਗੇ।’’
ਇਕੇਰਾਂ ਡਰਿਆ ਕਿ ਕਿਤੇ ਮੈਂ ਨੈੱਟ ਬੰਦ ’ਚ ਰਹਿ ਗਿਆ ਹੋਵਾਂ ਤੇ ਵੇਖਣ ਵਾਲੇ ਨਾਲ ਹੀ ਨਾ ਲੈ ਗਏ ਹੋਣ। ਫਿਰ ਸੋਚਿਆ, ‘ਪਰ ਯਾਰ ਏਦਾਂ ਤਾਂ ਨਹੀਂ ਹੋਣਾ। ਰਿਸ਼ਤੇ ਤਾਂ ਘਰ ਦੇ ਵੇਖਦੇ ਈ ਹੁੰਦੇ ਆ। ਮੈਨੂੰ ਕਿਹੜਾ ਨਹੀਂ ਕਹਿੰਦੇ... ਨਾਲੇ ਮੇਰੀ ਸ਼ੀਂਹਣੀ ਤਾਂ ਮੇਰੇ ਨਾਲ ਆ, ਏਦਾਂ ਨਹੀਂ ਵਿਆਹ ਕਰਵਾਉਂਦੀ ਉਹ।’
ਉਹ ਤੁਰਦਾ ਤੁਰਦਾ ਕਾਰ ਕੋਲ ਆਇਆ ਤਾਂ ਫਿਰ ਪੈਰ ਭਾਰੇ ਲੱਗੇ। ਗੱਡੀ ’ਚ ਬੈਠਣ ਦਾ ਮਨ ਨਹੀਂ ਸੀ। ਟਾਈਮ ਦੇਖਿਆ ਤਾਂ ਅੱਠ ਵੱਜਣ ਨੂੰ ਆਏ ਸੀ।
ਅੱਗੇ ਅੱਠ ਨੌਂ ਵਜੇ ਦਾ ਕਮਰੇ ’ਚ ਵੜਿਆ ਸਿਮਰ ਛੇਤੀ ਬਾਹਰ ਨਹੀਂ ਸੀ ਨਿਕਲਦਾ ਤੇ ਛੁੱਟੀ ਵਾਲੇ ਦਿਨ ਤਾਂ ਬਾਰ੍ਹਾਂ ਵੱਜ ਜਾਂਦੇ।
ਉਹਦੇ ਸਿਰ ਦੀ ਪੀੜ ਫਿਰ ਵਧਣ ਲੱਗੀ ਤੇ ਸਿਰ ਭਾਰਾ ਹੋਣ ਲੱਗਾ। ਪਲ ਦੀ ਖ਼ੁਸ਼ੀ ਫਿਰ ਗ਼ਮੀ ’ਚ ਬਦਲਣ ਲੱਗੀ।
‘ਐਡੀ ਰਾਤ ਕੱਢਣੀ ਕਿੱਦਾਂ ਆ? ਹਾਏ ਰੱਬਾ!’ ਸੋਚਾਂ ਦੇ ਘੋੜੇ ਫੇਰ ਭੱਜਣ ਲੱਗੇ।
ਇਸ ਵਾਰ ਤਾਂ ਮਾਹੌਲ ਹੋਰ ਹੀ ਵੇਖਿਆ। ਉਹਨੂੰ ਸਭ ਬਦਲਿਆ ਬਦਲਿਆ ਲੱਗਾ। ਟੋਲ਼ ਤੋਂ ਟੱਪਿਆ ਤਾਂ ਲੋਕ ਸੈਰ ਕਰਨ ਨਿਕਲੇ ਹੋਏ ਸੀ। ਇਉਂ ਲੱਗਦਾ ਸੀ ਹਾਈਵੇਅ ਨਹੀਂ ਪਾਰਕ ਐ... ਵਿਆਹੇ-ਅੱਧਖੜ ਜੋੜੇ ਫਿਰਦੇ ਸੀ। ਗੋਲਗੱਪਿਆਂ ਵਾਲੇ ਕੋਲ ਕਿੰਨੀ ਭੀੜ ਸੀ। ਲੱਗਦਾ ਸਾਲ ਦਾ ਉਹਨੇ ਅੱਜ ਹੀ ਕਮਾ ਲੈਣਾ...।
ਪੁਰਾਣੇ ਘਰ ਕੋਲ ਜਿੱਥੋ ਸਬ-ਵੇਅ ਸ਼ੁਰੂ ਹੁੰਦਾ ਉੱਥੇ ਘਰਾਂ ਦੇ ਬਾਬੇ ਦੁਕਾਨ ਕੋਲ ਬੈਠੇ ਗੱਲਾਂ ਮਾਰ ਰਹੇ ਸੀ, ਨਹੀਂ ਤਾਂ ਦੁਕਾਨ ’ਤੇ ਕੰਮ ਦਾ ਗਾਹਕ ਹੀ ਹੁੰਦਾ ਸੀ।
ਸਾਹਮਣੇ ਥੜ੍ਹੇ ’ਤੇ ਨੌਜਵਾਨ ਮੁੰਡੇ ਗੱਲਾਂ ਮਾਰੀ ਜਾਂਦੇ ਸੀ। ਪਰ੍ਹੇ ਆਂਟੀ ਮਨਦੀਪ ਦੋ ਤਿੰਨ ਬੁੜ੍ਹੀਆਂ ਨਾਲ ਗੱਲਾਂ ਮਾਰ ਰਹੀ ਸੀ।
ਮੀਂਹ ਤੋਂ ਬਾਅਦ ਜਿਵੇਂ ਕੀੜੇ ਬਾਹਰ ਨਿਕਲਦੇ ਐ... ਸਿਮਰ ਨੂੰ ਬਾਹਰ ਨਿਕਲੇ ਲੋਕ ਇਵੇਂ ਦਿਸੇ... ਕਿਵੇਂ ਭਿਣ ਭੁਣ ਕਰਕੇ ਫਿਰਦੇ।
ਉਸ ਲਈ ਸਭ ਅਲੋਕਾਰ ਸੀ। ਉਹਨੇ ਸੋਚਿਆ ਕਿਉਂ ਨਾ ਫਿਰਨੀ ’ਤੇ ਚੱਕਰ ਲਾਇਆ ਜਾਵੇ।
‘ਮੈਂ ਤਾਂ ਲੋਕ ਅੱਠ ਵਜੇ ਤੋਂ ਬਾਅਦ ਘਰਾਂ ’ਚ ਵੜੇ ਵੇਖੇ ਐ... ਸੁੰਨ ਸਰਾਂ ਪਈ ਹੁੰਦੀ ਐ ਪਰ ਅੱਜ ਤਾਂ ਗਲੀਆਂ ’ਚ ਰੂਹਾਂ ਧੜਕਦੀਆਂ ਲੱਗਦੀਆਂ ਨੇ।’ ਪਰ ਉਹਦੀ ਕਾਹਲ਼ ਟਿਕਣ ਨਹੀਂ ਸੀ ਦੇ ਰਹੀ। ਸਾਰੇ ਲੋਕਾਂ ’ਚ ਇੱਕ ਗੱਲ ਸਾਂਝੀ ਦਿਸੀ। ਬਹੁਤੇ ਲੋਕ ਫੋਨ ਇਉਂ ਚੈੱਕ ਕਰ ਰਹੇ ਸੀ ਜਿਵੇਂ ਨਵਜੰਮੇ ਦਾ ਪੋਤੜਾ ਚੈੱਕ ਕਰੀਦਾ ਹੈ।
ਫਿਰਨੀ ’ਤੇ ਕਿੰਨੇ ਹੀ ਚਿਹਰੇ ਵੇਖੇ ਜੋ ਸਾਲਾਂ ਬਾਅਦ ਨਜ਼ਰੀਂ ਪਏ ਸੀ।
‘ਆਹ ਕੌਣ ਆ...’ ਗਹੁ ਨਾਲ ਵੇਖਿਆ ਤਾਂ ਲੰਮਿਆਂ ਦਾ ਚਰੜਾਂ ਸੀ... ‘ਹੈਂਅ! ਇਹ ਤਾਂ ਬਾਬਾ ਜਿਹਾ ਬਣਿਆ ਫਿਰਦਾ। ਪਛਾਣ ’ਚ ਹੀ ਨਹੀਂ ਆਉਂਦਾ।’ ਉਹਨੂੰ ਹੱਥ ਹਿਲਾ ਕੇ ਫੇਰ ਘਰ ਵੱਲ ਨੂੰ ਆ ਗਿਆ ।
ਗੱਡੀ ਘਰੇ ਲਿਆ ਖੜ੍ਹਾਈ ਤਾਂ ਇਉਂ ਜਾਪਿਆ ਕਿ ਸਿਮਰ ਮਿੱਟੀ ਵਾਂਗ ਕਿਰ ਕੇ ਬਾਹਰ ਆ ਰਿਹਾ ਹੋਵੇ।
“ਕਿੱਥੇ ਗਿਆ ਸੀ?’’ ਮੰਮੀ ਨੇ ਪੁੱਛਿਆ।
“ਬੱਸ ਏਥੇ ਈ ਸੀ,’’ ਅਣਮੰਨੇ ਮਨ ਨਾਲ ਜਵਾਬ ਦਿੱਤਾ।
“ਚੱਲ ਠੀਕ ਐ ਕੁਝ ਖਾ ਪੀ ਲੈ...’’ ਮੰਮੀ ਨੇ ਫਿਰ ਕਿਹਾ।
“ਨਹੀਂ ਮੇਰਾ ਮਨ... ਬੁਲਾਉ ਨਾ ਮੈਨੂੰ।’’ ਸਿਮਰ ਨੂੰ ਲੱਗਿਆ ਗੋਲੇ ਦੀ ਰੂਹ ਪ੍ਰਵੇਸ਼ ਕਰ ਰਹੀ ਹੈ ਤੇ ਉਹ ਹੁਣੇ ਸਭ ’ਤੇ ਗਾਲ੍ਹਾਂ ਵਰ੍ਹਾ ਦੇਵੇਗਾ।
“ਮੰਮੀ, ਵਾਈ-ਫਾਈ ਲਵਾ ਲਈਏ ਹੁਣ?” ਸਿਮਰ ਨੇ ਰੋਣੀ ਆਵਾਜ਼ ’ਚ ਪੁੱਛਿਆ।
“ਕੋਈ ਨਹੀਂ ਜਾਨ ਨਿਕਲਦੀ ਇੱਕ ਦਿਨ ਨਾਲ, ਚੱਲ ਈ ਪੈਣੈ, ਟਿਕਿਆ ਰਹਿ ਤੂੰ। ਘਰੇ ਟਿਕਣਾ ਨਹੀਂ। ਲਵਾ ਲੋ ਵਾਈ-ਫਾਈ,’’ ਮੰਮੀ ਗਲ ਪੈ ਗਈ।
ਸਿਮਰ ਹੂੰ... ਕਰਕੇ ਅੰਦਰ ਵੜ ਗਿਆ।
‘ਕੁਝ ਹੋ ਜੇ ਕੱਲ੍ਹ ਵਾਈ ਫਾਈ ਲਵਾ ਈ ਲੈਣੈ... ਘਰਦੇ ਕੁਝ ਨਹੀਂ ਮੰਨਦੇ। ਯਾਰ ਮਿੱਠੀ ਨੂੰ ਚੁੰਨੀ ਚੜ੍ਹਾ ਕੇ ਨਾ ਲੈ ਗਏ ਹੋਣ ਕਿਤੇ... ਫੋਨ ਤਾਂ ਕਰ ਸਕਦੀ ਸੀ... ਕਾਲ ਤਾਂ ਲੱਗਦੀ ਈ ਐ... ਕਿਸੇ ਹੋਰ ਦੇ ਫੋਨ ਤੋਂ ਕਰ ਲੈਂਦੀ।
ਮਿੱਠੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਆਊਟ ਆਫ ਰੇਂਜ ਸੀ।
ਮੇਰੀ ਤਾਂ ਸਟਰੀਕ ਟੁੱਟ ਜਾਣੀ ਐ ਸਨੈਪਚੈਟ ਤੋਂ। ਕਿੱਡੀ ਕਿੱਡੀ ਲੰਮੀ ਸਟਰੀਕ ਚੱਲਦੀ ਐ ਪੰਦਰਾਂ ਸੌ ਤੋਂ ਉੱਤੇ... ਡੇਢ ਸੌ ਜਣਿਆਂ ਨਾਲ ਸਟਰੀਕ ਚੱਲਦੀ ਐ। ਹੁਣ ਤਾਂ ਰੀਸਟੋਰ ਵੀ ਪੰਜ ਜਣਿਆਂ ਨਾਲ ਹੁੰਦੀ ਐ, ਨਹੀਂ ਇਹ ਵੀ ਪੈਸੇ ਭਾਲਦੇ ਐ।’
ਸਿਮਰ ਨੂੰ ਯਾਦ ਆਇਆ ਕਿ ਅੱਜ ਤਾਂ ਟਾਈਮ ਨਾਲ ਖੇਤਾਂ ਦੀ ਸਟਰੀਕ ਪਾ ਦਿੱਤੀ ਸੀ। ਸਟਰੀਕ ਤਾਂ ਉਹਨੇ ਉਦੋਂ ਨਹੀਂ ਸੀ ਟੁੱਟਣ ਦਿੱਤੀ ਜਦੋਂ ਦਾਦੇ ਦੀ ਮੌਤ ਹੋ ਗਈ ਸੀ। ਰਾਤ ਨੂੰ ਦਾਦੇ ਦੀ ਮੌਤ ਹੋ ਗਈ ਸੀ ਤੇ ਇਕੇਰਾਂ ਉਹਨੂੰ ਧੁੜਕੂ ਲੱਗ ਗਿਆ ਸੀ ਤੇ ਫਿਰ ਸੁਬਹ ਉੱਠਣ ਸਾਰ ਉਹਨੇ ਡਾਰਕ ਕਰ ਕੇ ਸਟਰੀਕ ਪਾ ਦਿੱਤੀ ਸੀ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ।
ਦਸ ਦਿਨ ਸੁਬਹ ਉੱਠ ਕੇ ਡਾਰਕ ਸਟਰੀਕ ਪਾਈ ਰੱਖਦਾ ਪਰ ਸਟਰੀਕ ਟੁੱਟਣ ਨਾ ਦਿੱਤੀ। ਰੋਟੀ ਖਾਣੀ ਤਾਂ ਛੱਡ ਸਕਦਾ ਸੀ ਪਰ ਸਟਰੀਕ ਨਾ ਛੱਡਦਾ। ਇਕੇਰਾਂ ਚਿੱਤ ਕਰਿਆ ਕਿ ਸੋਨੀ ਦਾ ਬਾਹਰੋਂ ਫੋਨ ਆ ਜਾਵੇ ਤਾਂ ਉਹਨੂੰ ਪਾਸਵਰਡ ਦੇ ਦੇਊ, ਪਤਾ ਨਹੀਂ ਕਿੰਨੇ ਦਿਨ ਨੈੱਟ ਬੰਦ ਰਹਿਣਾ ਆ... ਉਹ ਆਪੇ ਸਟਰੀਕ ਪਾਈ ਜਾਊ। ਪਰ ਉਹ ਵੀ ਤਾਂ ਵੱਟਸਐਪ ਕਾਲ ਹੀ ਕਰਦੈ। ਪਤੰਦਰ ਨੇ ਅੱਜ ਫੋਨ ਵੀ ਨਹੀਂ ਕਰਿਆ... ਅੱਗੇ ਤਾਂ ਟਰੱਕ ’ਤੇ ਹੁੰਦਾ ਫੋਨ ਕਰ ਲੈਂਦਾ। ਅੱਜ ਫੋਨ ਵੀ ਨਹੀਂ ਆਇਆ। ਖ਼ਬਰ ਤਾਂ ਉੱਥੇ ਵੀ ਪਹੁੰਚ ਗਈ ਹੋਣੀ ਐ। ਉਹਨੇ ਖ਼ਬਰ ਸਾਰ ਲੈਣ ਲਈ ਹੀ ਫੋਨ ਕਰ ਲੈਣਾ ਸੀ ਪਤਾ ਨਹੀਂ ਕਿੱਥੇ ਬਿਜ਼ੀ ਆ?’
ਫੋਨ ਚੁੱਕਦਾ ਤੇ ਫੇਰ ਲੌਕ ਕਰਕੇ ਰੱਖ ਦਿੰਦਾ। ਫਿਰ ਅਚਾਨਕ ਸਾਰੇ ਕੰਟੈਕਟ ਨੰਬਰ ਫਰੋਲਣ ਲੱਗਾ ਸੋਚੇ, ‘ਕਿੰਨੇ ਨੰਬਰ ਆ ਯਾਰ... ਕਦੇ ਕਿਸੇ ਨਾਲ ਗੱਲ ਹੀ ਨਹੀਂ ਹੋਈ, ਬੱਸ ਸਟੇਟਸ ਵੇਖ ਲਈਦੇ ਐ।’
ਵੈਰੋਕੇ ਫੋਨ ਕੀਤਾ। ਡੈਡੀ ਦਾ ਮਾਸੜ ਕਾਫ਼ੀ ਬਿਮਾਰ ਸੀ। ਕਹਿੰਦੇ ਸੀ, ਸਾਹਾਂ ’ਤੇ ਹੀ ਐ, ਸੋਚਿਆ ਬੀਬੀ ਨੂੰ ਫੋਨ ਕਰਕੇ ਪਤਾ ਹੀ ਲੈ ਲਵਾਂ।
ਫੋਨ ਲਾ ਤਾਂ ਲਿਆ ਪਰ ਸਿਮਰ ਹਾਲ ਜਾਣ ਕੇ ਬੱਸ ਕੱਟਣ ਦੀ ਕਾਹਲ ਕਰ ਰਿਹਾ ਸੀ। ਬੀਬੀ ਗੱਲ ਲੰਮੀ ਲੈ ਕੇ ਜਾ ਰਹੀ ਸੀ ਤੇ ਅਕੇਵਾਂ ਅੰਦਰ ਕੁਰੇਦ ਰਿਹਾ ਸੀ। ਕੋਈ ਗੱਲ ਪੱਲੇ ਨਾ ਪਈ, ਬੱਸ ਹਾਂ ਹੂੰ ਕਰੀ ਗਿਆ। ਪਾਣੀ ਦੀ ਘੁੱਟ ਭਰੀ ਤੇ ਸਤਿ ਸ੍ਰੀ ਅਕਾਲ ਕਹਿ ਕੇ ਫੋਨ ਕੱਟਣ ਦੀ ਤੇਜ਼ੀ ਕੀਤੀ।
ਫਿਰ ਜੀਜੇ ਨੂੰ ਫੋਨ ਲਾਇਆ ਪਰ ਕੋਈ ਗੱਲ ਹੀ ਨ੍ਹੀਂ ਆਈ। ਉਹ ਅੱਡ ਨੈੱਟ ਬੰਦ ਹੋਣ ਕਰਕੇ ਦੁਖੀ ਸੀ। ਉਹ ਵੀ ਕੱਲ੍ਹ ਵਾਈ ਫਾਈ ਲਵਾਉਣ ਦੀਆਂ ਗੱਲਾਂ ਕਰ ਰਿਹਾ ਸੀ। ਜਵਾਕਾਂ ਦਾ ਅੱਡ ਚੀਕ ਚਿਹਾੜਾ ਸੁਣ ਰਿਹਾ ਸੀ। ਨਹੀਂ ਤਾਂ ਅੱਗੇ ਫੋਨ ਕਰੀਦਾ ਤਾਂ ਚੁੱਪ ਪਸਰੀ ਹੁੰਦੀ ਐ। ਕੁੜੀ ਕੋਲ ਟੈਬ ਹੁੰਦਾ ਤਾਂ ਮੁੰਡੇ ਕੋਲ ਭੈਣ ਵਾਲਾ ਫੋਨ। ਗੱਲ ਕਰੀਏ ਤਾਂ ਚੱਜ ਨਾਲ ਗੱਲ ਹੀ ਨਹੀਂ ਕਰਦੇ ਹੁੰਦੇ।
ਪਿੱਛੇ ਚਾਰ ਸਾਲਾਂ ਦੇ ਸਹਿਜਬੀਰ ਦਾ ਰੌਲਾ ਚੁੱਕਿਆ ਸੀ। ਉਹਨੂੰ ਕਿਤੇ ਉਹਦੀ ਭੂਆ ਨੇ ਫੋਨ ’ਤੇ ਕਹਿ ਦਿੱਤਾ ਸੀ ਕਿ ਸਾਡੇ ਨੈੱਟ ਚੱਲ ਰਿਹਾ ਤਾਂ ਉਹ ਆਪਣੇ ਮੰਮੀ ਡੈਡੀ ਕੋਲ ਜ਼ਿੱਦ ਫੜੀ ਬੈਠਾ ਸੀ ਕਿ ਮੈਨੂੰ ਲੈ ਕੇ ਚੱਲੋ ਉੱਥੇ ਕੋਕੋਮਿਲਨ ਚੱਲ ਰਹੇ ਐ।
ਉਹਨੇ ਅੱਡ ਰੋ ਰੋ ਕੇ ਬੁਰਾ ਹਾਲ ਕੀਤਾ ਸੀ। ਕੁੜੀ ਨੇ ਰੌਲਾ ਪਾ ਰੱਖਿਆ ਸੀ ਕਿ ਵਾਈ ਫਾਈ ਲਵਾਉ ਮੇਰਾ ਹੋਮਵਰਕ ਰਹਿ ਜਾਣੈ।
ਅੱਖਾਂ ਬੰਦ ਕੀਤੀਆਂ ਤਾਂ ਹੋਰ ਹੀ ਘੁੰਮਣਘੇਰੀਆਂ ਚੱਲਣ ਲੱਗੀਆਂ। ਨਸ਼ਿਆਂ ਦੇ ਛੇਵੇਂ ਦਰਿਆ ਦੀ ਗੱਲ ਹੁੱਬ ਕੇ ਹੁੰਦੀ ਐ ਤਾਂ ਪਰ ਆਹ ਨਸ਼ਾ ਤਾਂ ਕੋਕੀਨ ਤੋਂ ਵੀ ਭੈੜਾ ਐ। ਸਰਕਾਰਾਂ ਨੇ ਆਪ ਪਰੋਸ ਕੇ ਦਿੱਤਾ। ਆਟਾ ਭਾਵੇਂ ਦਿਨੋ ਦਿਨ ਮਹਿੰਗਾ ਹੋ ਰਿਹਾ ਹੈ ਪਰ ਨੈੱਟ ਪੈਕ ਸਸਤੇ ਐ।
ਫੇਰ ਸੋਚਣ ਲੱਗਾ, ‘ਗਲਤ ਵੀ ਕੀ ਐ? ਜੇ ਹਰੇਕ ਦੇ ਹੱਥ ’ਚ ਫੋਨ ਹੈ ਤਾਂ ਜਾਣਕਾਰੀ ਵੀ ਤਾਂ ਹੈ... ਜਿਹੜੀ ਨੌਲਿਜ ਪੀਐਚ.ਡੀ. ਵਾਲਿਆਂ ਕੋਲ ਐ ਉਹ ਕਿਸੇ ਅਨਪੜ੍ਹ ਕੋਲ ਵੀ ਹੈ। ਜਾਣਕਾਰੀ ਦਾ ਭੰਡਾਰ ਐ, ਸਭ ਕੁਝ ਤਾਂ ਫੋਨ ’ਚ ਹੈ। ਛਿੱਤਰਾਂ ਵਰਗੇ ਸਮਾਰਟ ਫੋਨਾਂ ਨੇ ਦਿਮਾਗ਼ੀ ਵਿਕਾਸ ਰੋਕ ਰੱਖਿਐ।’
ਉਹਨੂੰ ਲੱਗਿਆ ਕਿ ਅੰਦਰ ਦੋ ਸਿਮਰ ਟਕਰਾਅ ਰਹੇ ਹਨ, ਦੋਵੇਂ ਆਪੋ ਆਪਣੀ ਗੱਲ ਰੱਖ ਰਹੇ ਤੇ ਦੋਵੇਂ ਸਹੀ ਲੱਗ ਰਹੇ ਹਨ।
‘‘ਗੱਲ ਤਾਂ ਇਹ ਐ ਕਿ ਫੋਨ ਐ ਤਾਂ ਨਾ ਤਾਂ ਘੜੀ ਦੀ ਲੋੜ ਐ ਨਾ ਕੈਲਕੁਲੇਟਰ ਦੀ, ਪੈਸਿਆਂ ਦਾ ਆਦਾਨ ਪ੍ਰਦਾਨ ਫੋਨ ’ਤੇ, ਵੀਡਿਉ ਕਾਲ, ਨੋਟਬੁੱਕ, ਕੈਮਰਾ, ਗਾਣੇ, ਗੇਮਾਂ, ਸ਼ੋਸਲ ਐਪਸ... ਕੀ ਐ ਜੋ ਫੋਨ ’ਚ ਹੈ ਨਹੀਂ? ਮਿੰਟ ’ਚ ਬੰਦਾ ਦੁਨੀਆ ਜਹਾਨ ਨਾਲ ਜੁੜ ਜਾਂਦੈ,’’ ਪਹਿਲਾ ਸਿਮਰ ਬੋਲਿਆ।
‘‘ਵੱਡਿਆ ਸਿਆਣਿਆਂ ਸਿਰਫ਼ ਇਹੀ ਨਹੀਂ, ਰਿਸ਼ਤੇ ਵੀ ਖ਼ਤਮ ਕਰ ਦਿੱਤੇ ਆ। ਘਰ ’ਚ ਚਾਰ ਜੀਅ ਤਾਂ ਚਾਰਾਂ ਕੋਲ ਫੋਨ ਹੁੰਦੇ ਐ। ਗੱਲ ਕਿਸੇ ਨਾਲ ਕਰਦੇ ਨਹੀਂ। ਸਮਾਜਿਕ ਰਿਸ਼ਤੇ ਖ਼ਤਮ ਕਰ ਦਿੱਤੇ,’’ ਦੂਜਾ ਸਿਮਰ ਤਲਖ਼ੀ ਨਾਲ ਬੋਲਿਆ।
ਅੰਦਰ ਦੇ ਰੌਲੇ ਨੂੰ ਦਬਾਉਂਦਾ ਉਹ ਉੱਠ ਕੇ ਬਹਿ ਗਿਆ। ਫਿਰ ਘਬਰਾਹਟ ਛਿੜ ਗਈ।
‘ਆਹ ਫੋਨ ਨੇ ਤਾਂ ਬਥੇਰੇ ਨਾਜਾਇਜ਼ ਰਿਸ਼ਤਿਆਂ ਨੂੰ ਵੀ ਜਨਮ ਦਿੱਤਾ।ਜਿਹੜਾ ਕੰਮ ਲੋਕ ਲੁਕ ਕੇ ਕਰਨ ਤੋਂ ਡਰਦੇ ਸੀ ਉਹ ਹੁਣ ਫੋਨ ਆਉਣ ’ਤੇ ਖੁੱਲ੍ਹ ਕੇ ਕਰਦੇ ਆ। ਸਭ ਤੋਂ ਵੱਧ ਖਿਝ ਉਦੋਂ ਆਉਂਦੀ ਐ ਜਦੋਂ ਸਿਆਣੀ ਬਿਆਣੀ ਮੂੰਹ ਦੇ ਮੂਹਰੇ ਫੋਨ ਕਰਕੇ ਗੱਲ ਕਰਦੀ ਐ। ...ਬੰਦੇ ਵੀ ਕਿੰਨੇ ਅਜੀਬ ਲੱਗਦੇ ਨੇ। ਚਾਚੇ ਨੂੰ ਵੀ ਭੈੜੀ ਆਦਤ ਐ।’
ਫਿਰ ਉਹਨੂੰ ਝੋਟਿਆਂ ਦੀ ਵਹੁਟੀ ਦਾ ਖ਼ਿਆਲ ਆ ਗਿਆ ਜੋ ਤਿੰਨ ਜਵਾਕ ਹੁੰਦੇ ਹੋਏ ਵੀ ਵੀਹ ਬਾਈ ਸਾਲ ਦੇ ਮੁੰਡੇ ਨਾਲ ਭੱਜ ਗਈ ਸੀ। ਸੁਣਿਆ ਨੈੱਟ ’ਤੇ ਹੀ ਮਿਲਿਆ ਸੀ। ਪਿਆਰ ਪੈ ਗਿਆ। ਚੋਰੀ ਚੋਰੀ ਮਿਲਣ ਲੱਗ ਪਈ ਤੇ ਇੱਕ ਦਿਨ ਮੌਕਾ ਵੇਖ ਕੇ ਸਾਰਾ ਗਹਿਣਾ ਗੱਟਾ ਲੈ ਪੱਤਰਾ ਵਾਚ ਗਈ। ਸੱਸ ਦੀ ਲੱਖ ਰੁਪਈਏ ਵਾਲੀ ਕਮੇਟੀ ਵੀ ਲੈ ਗਈ ਸੀ ਜਿਹੜੀ ਉਹਨੇ ’ਕੱਠੀ ਕਰਕੇ ਬੂੰਗੜੀ ਕਿਆਂ ਨੂੰ ਦੇਣੀ ਸੀ।
‘ਇਕੱਲੀ ਝੋਟਿਆਂ ਦੀ ਵਹੁਟੀ ਥੋੜ੍ਹਾ, ਝੁਰਲੂ ਦੀ ਵਹੁਟੀ ਵੀ ਤਾਂ ਨੈੱਟ ਨੇ ਹੀ ਪੱਟੀ ਐ। ਨਵੀਂ ਵਿਆਹੀ ਆਈ ਅੱਖ ਨਹੀਂ ਸੀ ਚੁੱਕਦੀ ਤੇ ਹੁਣ ਸਕੂਟੀ ਲੈ ਕੇ ਹਰਲ ਹਰਲ ਕਰਦੀ ਫਿਰਦੀ ਹੁੰਦੀ ਤੇ ਫੋਨ ਚੌਵੀ ਘੰਟੇ ਕੰਨ ਨਾਲ ਲੱਗਾ ਰਹਿੰਦਾ ਹੈ। ਸੱਚ ਆਹੋ! ਸ਼ਹਿਰ ਵਾਲਾ ਬੂਟਾ ਲਾਲਾ ਵੀ ਐਂ ਈ ਮੰਜੀ ਠੁਕਾ ਕੇ ਬੈਠਾ। ਇਕੇਰਾਂ ਫੇਸਬੁੱਕ ’ਤੇ ਵੀਡਿਉ ਕਾਲ ਆਈ ਤੇ ਚੁੱਕ ਲਈ। ਅੱਗੋਂ ਕੁੜੀ... ਲਾਲੇ ਦੇ ਮੂੰਹ ’ਚ ਪਾਣੀ... ਲਾਲੇ ਨੇ ਆਪ ਲੀੜੇ ਲਾਹ ਲਏ। ਉਹਨੇ ਸਕਰੀਨ ਰਿਕਾਰਡਿੰਗ ਕਰ ਲਈ ਤੇ ਪੰਜ ਕੁ ਮਿੰਟ ਬਾਅਦ ਲਾਲੇ ਨੂੰ ਮੈਸਜ ਕਿ ਇੰਨੇ ਪੈਸੇ ਭੇਜ, ਨਹੀਂ ਤਾਂ ਤੇਰੇ ਘਰਦਿਆਂ ਤੇ ਰਿਸ਼ਤੇਦਾਰਾਂ ਨੂੰ ਭੇਜਾਂਗੇ। ਮਰਦਾ ਕੀ ਨਾ ਕਰਦਾ... ਚਾਰ ਪੰਜ ਵਾਰੀ ਤਾਂ ਪੈਸੇ ਦਿੱਤੇ ਤੇ ਫਿਰ ਮੁੰਡਿਆਂ ਨੂੰ ਸ਼ੱਕ ਹੋਇਆ ਤਾਂ ਸੱਚ ਪਤਾ ਕੀਤਾ। ਪੁਲੀਸ ਰਿਪੋਰਟ ਕੀਤੀ ਪਰ ਉਦੋਂ ਤੱਕ ਵੀਡਿਉ ਸਭ ਮਿੱਤਰਾਂ ਰਿਸ਼ਤੇਦਾਰਾਂ ਕੋਲ ਪਹੁੰਚ ਗਈ ਸੀ। ਪੁਲੀਸ ਨੇ ਕੀ ਕਰਨਾ ਸੀ! ਮੈਂ ਵੀ ਵੇਖੀ ਸੀ ਉਹ ਵੀਡੀਓ...’
ਉਸ ਨੂੰ ਹੈਰਾਨੀ ਹੋਈ ਕਿ ਖ਼ੁਦ ’ਤੇ ਮੈਂ ਕਿੰਨਾ ਸੋਚ ਰਿਹਾ ਹਾਂ, ਪਹਿਲਾਂ ਕਦੇ ਵਿਹਲ ਹੀ ਨਹੀਂ ਸੀ ਮਿਲੀ। ਇੰਸਟਾਗ੍ਰਾਮ ’ਤੇ ਨੱਚਣ ਵਾਲੀਆਂ ਬੀਬੀਆਂ ਕਿੱਥੇ ਸੋਚਣ ਦਿੰਦੀਆਂ ਨੇ। ਸਾਰਾ ਦਿਨ ਲਿਸ਼ਕੀਆਂ ਪੁਸ਼ਕੀਆਂ ਹੀ ਰਹਿੰਦੀਆਂ ਨੇ। ਯਾਰ, ਇਨ੍ਹਾਂ ਦਾ ਕੰਮ ਤਾਂ ਔਖਾ ਹੋ ਗਿਆ ਹੋਣੈ। ਅੱਗੇ ਤਾਂ ਦਿਨ ’ਚ ਤਿੰਨ ਚਾਰ ਗੰਦੀਆਂ ਵੀਡਿਓ ਪੋਸਟ ਕਰਨ ਵਾਲੀਆਂ ਦਾ ਕਿਵੇਂ ਸਰਿਆ ਹੋਣਾ। ਨਾ ਤਾਂ ਇਨ੍ਹਾਂ ਨੂੰ ਲਾਈਕ ਆਉਣੇ ਨਾ ਕੁਮੈਂਟ, ਇਨ੍ਹਾਂ ਦੇ ਕਿਹੜਾ ਰੋਟੀ ਹਲ਼ਕ ’ਚੋਂ ਲੰਘੀ ਹੋਊ! ਉਸ ਤੋਂ ਵੱਧ ਔਖਾ ਆਹ ਵਲੌਗਰਾਂ ਦਾ ਹੋਣਾ ਆ... ਜਿਹੜੇ ਹੈਲੋ ਫਰੈਂਡਜ਼, ਹੈਲੋ ਫਰੈਂਡਜ਼ ਕਰਦੇ ਨਹੀਂ ਲੋਟ ਆਉਂਦੇ। ਸੁਣਿਆ ਸੀ ਇੱਕ ਨੇ ਤਾਂ ਮਸ਼ਹੂਰ ਹੋਣ ਲਈ ਆਵਦੀ ਘਰਵਾਲੀ ਨਾਲ ਹੀ ਗੰਦੀ ਫਿਲਮ ਬਣਾ ਕੇ ਨੈੱਟ ’ਤੇ ਚਾੜ੍ਹ ਦਿੱਤੀ ਸੀ।
ਵੈਸੇ ਫੋਨ ਸਭ ਤੋਂ ਵੱਡਾ ਰਾਜ਼ਦਾਰ ਐ... ਬੰਦਾ ਮਰਨੋਂ ਮਰਜੇ ਪਰ ਪਾਸਵਰਡ ਨਾ ਦੱਸ ਕੇ ਮਰੇ। ਕੀ ਵਿਆਹੇ ਕੀ ਕੁਆਰੇ, ਕੀ ਬੁੱਢਾ ਕੀ ਜਵਾਨ। ਸਾਰਾ ਦਿਨ ਲੱਕ ਹਿਲਾਉਂਦੀਆਂ ਬੀਬੀਆਂ ਵੇਖ ਕੇ... ਉੱਤੋਂ ਇਹ ਵੀ ਇਉਂ ਤੁਰਦੀਆਂ ਨੇ ਜਿਵੇਂ ਗਿੱਲੀਆਂ ਪਾਥੀਆਂ ’ਤੇ ਕਾਂ ਤੁਰਦਾ ਹੋਵੇ। ਬਾਹਰ ਭਾਵੇਂ ਕੋਈ ਲੱਖ ਸੁਥਰਾ ਬਣ ਜਾਵੇ ਪਰ ਇਨਬਾਕਸ ’ਚ ਅਸਲ ਚਰਿੱਤਰ ਸਾਹਮਣੇ ਪਏ ਹੁੰਦੇ ਐ। ਜੇ ਕੋਈ ਰੋਕਣ ਦੀ ਕੋਸ਼ਿਸ ਕਰੇ ਤਾਂ ਅਖੇ ਟੈਂਲੇਟ ਦਾ ਨਹੀਂ ਪਤਾ... ... ਦਾ ਟੈਂਲੇਟ।’
ਸਿਮਰ ਆਪ ਹੀ ਜ਼ੋਰ ਦੀ ਹੱਸਿਆ। ਸੋਚਿਆ, ‘ਮੈਂ ਕੁੜੀ ਹੁੰਦਾ ਫੋਲੋਅਰ ਮਿਲੀਅਨ ’ਚ ਹੁੰਦੇ। ਯਾਰ! ਸਰਕਾਰ ਨੂੰ ਕਾਨੂੰਨ ਬਣਾ ਦੇਣਾ ਚਾਹੀਦੈ ਕਿ ਫੋਨ ਬੰਦੇ ਦੇ ਮਰਨ ਨਾਲ ਹੀ ਸਿਵੇ ਦੀ ਅੱਗ ’ਚ ਸੁੱਟਿਆ ਜਾਵੇ।’
ਅਚਾਨਕ ਹੀ ਸਾਰੇ ਵਲੌਗਰ, ਇਨਫਲੂਐਂਸਰ, ਪੌਡਕਾਸਟਰ, ਰੀਲ੍ਹਾ ਵਾਲੇ... ਇਕੱਠੇ ਹੋ ਕੇ ਸਿਮਰ ਦਾ ਗੱਲ ਦੱਬਣ ਨੂੰ ਪੈ ਗਏ ਜਾਪੇ...। ਉਸ ਨੂੰ ਇਕਦਮ ਘਬਰਾਹਟ ਮਹਿਸੂਸ ਹੋਈ ਤੇ ਉਹ ਫਿਰ ਉੱਠ ਕੇ ਬਹਿ ਗਿਆ।
ਮੁੜ੍ਹਕੇ ਦੀਆਂ ਬੂੰਦਾਂ ਪੁੜਪੜੀ ਤੋਂ ਤੁਰ ਗੱਲ੍ਹ ਤੱਕ ਆ ਗਈਆਂ... ਉਹਨੂੰ ਲੱਗਿਆ ਸਾਰੇ ਸੁਨੇਹਾ ਦੇ ਕੇ ਗਏ ਐ ਬਈ ਤੂੰ ਵੀ ਤਾਂ ਆਹ ਸਵਾਦ ਖੁਣੋਂ ਵਿਲਕੀ ਜਾਨੈਂ, ਜੇ ਅਸੀਂ ਨਾ ਹੋਈਏ ਤਾਂ ਤੇਰੇ ਵਰਗੇ ਦਾ ਕੀ ਬਣੇ।
ਫਿਰ ਅੱਖਾਂ ਬੰਦ ਕਰੀਆਂ ਤਾਂ ਗੁਰਿੰਦਰ ਅੱਖਾਂ ਮੂਹਰੇ ਆ ਗਿਆ। ਉਹਦਾ ਮਿੱਤਰ। ਜ਼ਹੀਨ ਬੰਦਾ। ਯਾਦ ਐ ਬੜਾ ਖਿਝਿਆ ਰਿਹਾ ਕਰੇ। ਫੋਨ ’ਤੇ ਕੁਝ ਵੀ ਵੇਖ ਕੇ ਗਾਲ੍ਹਾਂ ਦੇਵੇ। ਇੱਕ ਦਿਨ ਆਪ ਹੀ ਕਹਿੰਦਾ, ‘ਯਾਰ, ਮਨ ਠੀਕ ਨਹੀਂ ਕੀ ਕਰਾਂ? ਖਿਝ ਬਹੁਤ ਆਉਂਦੀ ਐ। ਸਿਮਰ ਕਹਿੰਦਾ, ‘ਫੋਨ ਕਰਕੇ ਤਾਂ ਨਹੀਂ?’ ਅਖੇ, ‘ਆਹੋ ਯਾਰ, ਲੱਗਦਾ ਫੋਨ ਜਾਣਕਾਰੀ ਲੋੜੋਂ ਵੱਧ ਦੇ ਰਿਹਾ ਐ ਜੀਹਦੀ ਜ਼ਰੂਰਤ ਵੀ ਨਹੀਂ। ਹਰੇਕ ਗੱਲ ਨੂੰ ਆਵਦੇ ਹਿਸਾਬ ਨਾਲ ਆਂਕਦੇ ਹਾਂ ਤੇ ਜਦੋਂ ਨਤੀਜਾ ਹੋਰ ਹੁੰਦੈ ਤਾਂ ਖਿਝਦੇ ਆਂ।’ ਇਹ ਗੱਲਾਂ ਕਰਕੇ ਕਹਿੰਦਾ ਕਿ ਮੈਂ ਸੋਸ਼ਲ ਅਕਾਊਂਟ ਡਿਲੀਟ ਕਰ ਦੇਣੇ ਐ। ਡਿਲੀਟ ਵੀ ਕੀਤੇ ਪਰ ਇੱਕ ਦਿਨ ਕਰਕੇ ਅਗਲੇ ਦਿਨ ਫੇਰ ਤੜਕੇ ਹੀ ਔਨਲਾਈਨ ਸੀ। ਹੁਣ ਵਾਰਿਸ ਸ਼ਾਹ ਥੋੜ੍ਹੀ ਝੂਠਾ ਪੈਣ ਦੇਣਾ?
ਸਿਮਰ ਨੂੰ ਸਮਝ ਨਾ ਆਵੇ ਕਿਸੇ ਨੂੰ ਕੀ ਕਹਾਂ, ਹੁਣ ਤਾਂ ਆਵਦੀ ਹਾਲਤ ਉਵੇਂ ਬਣੀ ਹੋਈ ਐ। ਸਾਰੀ ਰਾਤ ਉੱਸਲਵੱਟੇ ਲਏ। ਕਦੇ ਫੋਨ ਚੋਰੀ ਹੋ ਜਾਂਦਾ ਤੇ ਕਦੇ ਨੈੱਟ ਪੱਕਾ ਬੰਦ ਕਰਨ ਦਾ ਐਲਾਨ। ਕਦੇ ਵਾਈ ਫਾਈ ਦਾ ਮਹੀਨੇ ਦਾ ਬਿੱਲ ਲੱਖ ਰੁਪਏ। ਕਦੇ ਉਹ ਜੰਗਲਾਂ ’ਚ ਗੁਆਚ ਜਾਂਦਾ। ਇੰਨੇ ਅਜੀਬੋ ਗਰੀਬ ਸੁਪਨੇ ਪਹਿਲੀ ਵਾਰ ਆਏ ਸੀ।
ਸਵੇਰੇ ਛੇ ਵਜੇ ਜਾਗ ਖੁੱਲ੍ਹੀ ਤਾਂ ਛਾਲ ਮਾਰ ਕੇ ਉੱਠਿਆ। ਭੱਜ ਕੇ ਪੁਰਾਣੇ ਘਰ ਕੋਲ ਗਿਆ। ਉੱਥੇ ਵਾਈ ਫਾਈ ਵਾਲਿਆਂ ਦਾ ਨੰਬਰ ਕੰਧ ’ਤੇ ਲਿਖਿਆ ਹੋਇਆ ਸੀ। ਫੋਨ ਕੀਤਾ ਤਾਂ ਕਹਿੰਦੇ, “ਬਾਈ ਜੀ, ਦਫ਼ਤਰ ਆ ਜੋ। ਸ਼ੈਭੀਆਂ ਦੀ ਨਾਲ ਵਾਲੀ ਗਲੀ ’ਚ ਦਫ਼ਤਰ ਐ।’’
ਗੋਲਾ ਫੇਰ ਸਾਹਮਣੇ ਆ ਗਿਆ। ਜਿਸ ਦਿਨ ਪੈਸੇ ਮਿਲ ਜਾਂਦੇ ਐ ਤਾਂ ਉੱਡਿਆ ਨਾਲ ਦੇ ਪਿੰਡ ਪੁੜੀ ਲੈਣ ਚਲਾ ਜਾਂਦਾ ਸੀ ਤੇ ਚਾਅ ’ਚ ਹੀ ਉੱਥੋਂ ਤੁਰ ਕੇ ਵਾਪਸ ਵੀ ਆ ਜਾਂਦਾ ਸੀ... ਜਾਂਦਾ ਹੋਇਆ ਸਭ ਨੂੰ ਹੱਥ ਹਿਲਾ ਕੇ ਜਾਂਦਾ ਤੇ ਵਾਪਸੀ ’ਤੇ ਪੈਲਾਂ ਪਾਉਂਦਾ ਆਉਂਦਾ।
ਸਿਮਰ ਵੀ ਉੱਡਿਆ ਕੇਬਲ ਵਾਲਿਆਂ ਦੇ ਆਫਿਸ ਗਿਆ ਤਾਂ ਫਿਰ ਨਸ਼ਾ ਛੁਡਾਊ ਕੇਂਦਰ ਵਾਲੀ ਲਾਈਨ ਦਿਸੀ। ਉੱਥੇ ਵੀ ਸੱਤ ਵੱਜਦੇ ਨੂੰ ਇਉਂ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਐ। ਮੂਹਰੇ ਗਿਆ ਤਾਂ ਬਰਾੜਾਂ ਦਾ ਛਿੰਦਾ ਮਿੰਨਤਾਂ ਕਰੀ ਜਾਵੇ, ਅਖੇ, ‘‘ਯਾਰ ਸਾਡੇ ਲਾ ਦਵੋ ਜਵਾਕਾਂ ਦਾ ਬਾਹਰੋਂ ਫੋਨ ਆਉਣਾ ਹੁੰਦੈ, ਬੁੱਧਵਾਰ ਹੀ ਲੰਮੀ ਗੱਲ ਕਰਦੇ ਐ।’’ ਜਿਵੇਂ ਬਾਪੂ ਹੀਰਾ ਨਸ਼ਾ ਛੁਡਾਊ ਕੇਂਦਰ ਵਾਲਿਆਂ ਨੂੰ ਕਹਿੰਦਾ ਸੀ ਕਿ ਯਾਰ, ਪੱਤਾ ਵੱਧ ਦੇ ਦਵੋ ਮੁੰਡੇ ਨਾਲ ਨਹੀਂ ਆਉਂਦੇ... ਆਉਣਾ ਔਖੈ।
ਬਾਪੂ ਹੀਰਾ ਹੈ ਤਾਂ ਸੱਤਰਾਂ ਦਾ ਸੀ ਪਰ ਨਸ਼ੇ ਦੀ ਭਾਲ ’ਚ ਸਾਈਕਲ ’ਤੇ ਝੰਡੇਆਣੇ ਤੋਂ ਫ਼ਰੀਦਕੋਟ ਪਹੁੰਚ ਜਾਂਦਾ ਸੀ। ਨਹੀਂ ਤਾਂ ਮੈਂ ਗੋਡੇ ਫੜ ਕੇ ਬੈਠਾ ਹੀ ਵੇਖਿਆ। ਦੁਨੀਆ ਦੀ ਕਿਹੜੀ ਬਿਮਾਰੀ ਸੀ ਜੋ ਬਾਪੂ ਹੀਰੇ ਨੇ ਨਹੀਂ ਸੀ ਗਿਣਾਈ ਪਰ ਨਸ਼ਾ ਲੈਣਾ ਹੋਵੇ ਤਾਂ ‘ਉਸੇਨ ਬੋਲਟ’ ਦਾ ਮਾਸੜ ਬਣ ਜਾਂਦਾ ਸੀ।
ਵਾਈ ਫਾਈ ਵਾਲਾ ਅੱਜ ਧਰਤੀ ’ਤੇ ਰੱਬ ਸੀ। ਦੋ ਦਿਨ ਦੀ ਵੇਟਿੰਗ ਸੀ ਤੇ ਮਕੈਨਿਕ ਮਰਜ਼ੀ ਨਾਲ ਆਉਣੇ ਸੀ।
“ਪਹਿਲਾਂ ਜਦੋਂ ਅਸੀਂ ਲਾਉਂਦੇ ਸੀ ਉਦੋਂ ਕੋਈ ਸੁਣਦਾ ਨਹੀਂ ਸੀ, ਹੁਣ ਮਗਰ ਮਗਰ ਫਿਰਦੇ ਐ... ਟਾਈਮ ਹੋਇਆ ਤਾਂ ਵੇਖਾਂਗੇ,’’ ਵਾਈ ਫਾਈ ਲਾਉਣ ਵਾਲਾ ਗ਼ਰੂਰ ’ਚ ਮਾਂਹ ਦੇ ਆਟੇ ਵਾਂਗ ਆਕੜਿਆ ਬੈਠਾ ਸੀ।
ਕਿਸੇ ਦਾ ਜਵਾਕ ਰੋਟੀ ਨਹੀਂ ਸੀ ਖਾ ਰਿਹਾ ਤੇ ਕਿਸੇ ਦਾ ਸਕੂਲ ਵਰਕ ਨਹੀਂ ਸੀ ਕਰ ਰਿਹਾ, ਕੋਈ ਬਾਹਰ ਗੱਲ ਖੁਣੋਂ ਔਖਾ ਸੀ ਤੇ ਕੋਈ ਸਹੇਲੀ ਨਾਲ... ਜਿੰਨੇ ਲੋਕ ਸੀ ਉਹਤੋਂ ਵੱਧ ਤਕਲੀਫ਼ਾਂ।
ਸਿਮਰ ਨੇ ਬਥੇਰੀਆਂ ਮਿੰਨਤਾਂ ਕਰੀਆਂ, ਪਰ ਉਹ ਸਾਫ਼ ਮਨ੍ਹਾ ਕਰ ਰਹੇ ਸੀ।
ਉਹਨੂੰ ਲੱਗਾ ਹੁਣ ਉਹ ਮਧਰਿਆਂ ਦੇ ਬੰਸ ਵਾਂਗ ਨਾ ਡਿੱਗ ਪਵੇ ਤੇ ਪ੍ਰਾਣ ਮੌਕੇ ’ਤੇ ਹੀ ਨਾ ਛੁੱਟ ਜਾਣ।
ਮਧਰਿਆਂ ਦਾ ਬੰਸਾ ਚੰਗਾ ਭਲਾ ਪਰਿਵਾਰ ਵਾਲਾ ਕਿਰਤੀ ਬੰਦਾ। ਪੰਜ ਸੱਤ ਵਾਹਣ ਵੀ ਆਉਂਦੇ ਸੀ। ਕੰਮ ਦੀ ਧੁਨ ਕਰਕੇ ਪੋਸਤ ਖਾਣ ਲੱਗਾ ਤੇ ਆਦਤ ਪੈ ਗਈ। ਫਿਰ ਪੋਸਤ ਛੱਡਦਾ ਗੋਲੀਆਂ ’ਤੇ ਆ ਗਿਆ ਤੇ ਫਿਰ ਗੋਲੀਆਂ ਦੀ ਘਾਟ ਵਾਧ ਜਾਨ ਲੈ ਗਈ ਤੇ ਖੇਤ ’ਚ ਹੀ ਪੂਰਾ ਹੋ ਗਿਆ ਸੀ। ਹੁਣ ਦੋ ਜਵਾਕ ਵਿਲਕਦੇ ਫਿਰਦੇ ਐ।
‘ਯਾਰ, ਮੈਂ ਵੀ ਲੱਗਦਾ ਅਮਲੀ ਬਣ ਗਿਆ ਹਾਂ। ਲੋਕ ਨਸ਼ੇ ਦੇ ਅਮਲੀ ਬਣਦੇ ਤੇ ਮੈਂ ਨੈੱਟ ਦਾ ਅਮਲੀ।’’ ਕਾਹਲ਼ ਭਾਂਬੜ ਬਣਦੀ ਜਾ ਰਹੀ ਸੀ।
ਸਾਹਮਣੇ ਦਫ਼ਤਰ ’ਚ ਕਿੰਨੀਆਂ ਹੀ ਤਾਂਬੇ ਦੀਆਂ ਤਾਰਾਂ ਦੇ ਗੁੱਛੇ ਸੀ ਤੇ ਸਿਮਰ ਦਾ ਜੀਅ ਕਰਿਆ ਕਿ ਆਹ ਤਾਰਾਂ ਸਾਰੇ ਦਫ਼ਤਰ ਵਾਲਿਆਂ ਦੇ ਗਲੇ ਥਾਣੀਂ ਲੰਘਾ ਦੇਵਾਂ... ਸੁਣਦੇ ਹੀ ਨਹੀਂ।
ਸਿਮਰ ਦਾ ਫੋਨ ਵੱਜਿਆ। ਉਹਨੇ ਵੇਖਿਆ ਮਿੱਠੀ ਦਾ ਫੋਨ ਸੀ। ਉਹਨੂੰ ਬਿਲਕੁਲ ਚਾਅ ਨਾ ਹੋਇਆ।
‘‘ਹੈਲੋ... ਕੀ ਹਾਲ ਐ? ਕਿਵੇਂ ਓ?’’ ਪਿਆਰ ਭਰੀ ਆਵਾਜ਼ ਨਾਲ ਪੁੱਛਿਆ।
“ਠੀਕ ਈ ਐ...’’ ਬਹੁਤ ਸਤੇ ਸਤਾਏ ਨੇ ਜਵਾਬ ਦਿੱਤਾ।
ਮਿੱਠੀ ਨੇ ਆਵਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹਦੀ ਸੁਰਤ ਮੋਟਰ ਸਾਈਕਲ ’ਤੇ ਸਾਮਾਨ ਲੱਦ ਰਹੇ ਮਕੈਨਿਕਾਂ ਵੱਲ ਸੀ। ਉਹ ਕਿਸੇ ਦੇ ਸੈੱਟਅੱਪ ਬਾਕਸ ਲਾਉਣ ਚੱਲੇ ਸੀ।
‘ਹੈਅ! ... ... ਸਾਡੇ ਲਾ ਦਿਉ ਕੀ ਮੌਤ ਪੈਂਦੀ ਐ?’ ਉਹਨੇ ਅੰਦਰੋਂ ਕਚੀਚੀ ਵੱਟੀ।
ਮਿੱਠੀ ਦੀ ਆਵਾਜ਼ ਸੁਣੀ ਨਾ ਗਈ ਤੇ ਮੈਂ ‘‘ਫੇਰ ਕਰਦਾਂ’’ ਕਹਿ ਕੇ ਫੋਨ ਹੀ ਕੱਟ ਗਿਆ। ਇਹ ਪਹਿਲੀ ਵਾਰ ਸੀ ਜਦੋਂ ਮਿੱਠੀ ਦਾ ਏਦਾਂ ਅੱਕ ਕੇ ਫੋਨ ਕੱਟਿਆ ਹੋਊ।
ਸਿਮਰ ਦਾ ਮਨ ਕਰੇ ਕਿ ਉੱਥੇ ਭੱਜ ਜਾਵੇ ਜਿੱਥੇ ਚੌਵੀ ਘੰਟੇ ਨੈੱਟ ਹੋਵੇ।
ਉਦੋਂ ਹੀ ਧਿਆਨ ਦਫ਼ਤਰ ਦੇ ਸਾਹਮਣੇ ਲੱਗੀ ਸਕਰੀਨ ’ਤੇ ਗਿਆ। ਚਿੱਟੇ ਦਾ ਪ੍ਰਕੋਪ ਜਾਰੀ... ਚਿੱਟੇ ਕਾਰਨ ਪੰਜ ਨੌਜਵਾਨਾਂ ਦੀ ਹੋਈ ਮੌਤ...।
‘ਹੁਣ ਨੈੱਟ ਬਿਨਾ ਮੌਤਾਂ ਹੋਣਗੀਆਂ’ ਸਿਮਰ ਤੜਫ਼ਿਆ।
ਬਾਰ੍ਹਾਂ ਵਜੇ ਤੱਕ ਵਾਈ ਫਾਈ ਵਾਲਿਆਂ ਨੇ ਕੋਈ ਪੱਲਾ ਨਾ ਫੜਾਇਆ ਤੇ ਟੈਮ ਨਾਲ ਰੋਟੀ ਮੰਗਣ ਵਾਲਾ ਖਾਣਾ ਭੁੱਲੀ ਫਿਰਦਾ ਸੀ।
ਉਹਨੂੰ ਸਭ ਕੁਝ ਚੰਗਾ ਲੱਗਣੋਂ ਹਟ ਗਿਆ ਸੀ। ਉਹ ਗੱਡੀ ’ਚ ਆ ਕੇ ਬੈਠਾ ਤਾਂ ਸਾਹਮਣੇ ਸੜਕੋਂ ਪਾਰ ਨਸ਼ਾ ਵਿਰੋਧੀ ਸਮਾਗਮ ਚੱਲ ਰਿਹਾ ਸੀ। ਜਿਸਦੀ ਆਵਾਜ਼ ਦੂਰੋਂ, ਪਰ ਕੰਨੀਂ ਸਾਫ਼ ਪੈ ਰਹੀ ਸੀ। ਕਾਫ਼ੀ ਪੁਲੀਸ ਵਾਲੇ ਤੇ ਲੋਕ ਮੌਜੂਦ ਸਨ। ਬੁਲਾਰਾ ਬੋਲ ਰਿਹਾ ਸੀ ਕਿ ਚਿੱਟੇ ਦਾ ਸੇਵਨ ‘ਡੋਪਾਮਾਈਨ’ ਦੇ ਪੱਧਰ ਨੂੰ ਵਧਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਸਰੀਰ ਵਿੱਚ ਹੈਪੀ ਹਾਰਮੋਨ ਰਿਲੀਜ਼ ਹੁੰਦੇ ਹਨ ਤੇ ਨਸ਼ੇੜੀ ਆਪਣੇ ਆਪ ਨੂੰ ਉਤਲੀ ਅਵਸਥਾ ’ਚ ਮਹਿਸੂਸ ਕਰਦਾ ਹੈ ਤੇ ਜਦੋਂ ਨਸ਼ੇ ਦੀ ਤੋਟ ਹੁੰਦੀ ਹੈ ਤਾਂ ਉਹ ਡੋਪਾਮਾਈਨ ਆਪਣੇ ਪੱਧਰ ’ਤੇ ਆਉਣ ਲਈ ਨਸ਼ੇ ਦੀ ਜ਼ਰੂਰਤ ਪੈਂਦੀ ਹੈ ਜਿਸ ਦੇ ਸਿੱਟੇ ਵਜੋਂ ਤੋੜ ਲੱਗਦੀ ਹੈ। ਇਸ ਦਾ ਇਲਾਜ ਚੰਗੀ ਖੁਰਾਕ, ਕਸਰਤ... ਤੇ ਅੱਗੋਂ ਉਹਨੇ ਸੁਣਨ ’ਚ ਕੋਈ ਇੱਛਾ ਨਹੀਂ ਵਿਖਾਈ ਤੇ ਉਹਨੂੰ ਸਪੀਕਰ ’ਤੇ ਲੰਮੀ ਚੀਕ ਹੀ ਸੁਣੀ।
‘‘ਇਹ ਵੀ ਗੱਲਾਂ ਹੀ ਮਾਰਦੇ ਨੇ। ਸਮਾਗਮਾਂ ਨਾਲ ਨਸ਼ੇ ਛੁੱਟਦੇ ਨੇ? ਬੰਦੇ ਤਾਂ ਫੜਦੇ ਨਹੀਂ ਤੇ ਜਿਹੜੇ ਫੜਦੇ ਆ ਉਹ ਆਪ ਦੋ ਚਾਰ ਸੌ ਦਾ ਕਰਨ ਵਾਲੇ ਹੁੰਦੇ ਆ। ਵੱਡੇ ਮਗਰਮੱਛਾਂ ਨੂੰ ਹੱਥ ਪਾਉ। ਸਮਾਗਮ ਕਰਨ ਵਾਲੇ ਵੀ ਸਰਕਾਰੀ ਬੰਦੇ ਤੇ ਹਾਜ਼ਰੀ ਭਰਨ ਵਾਲੇ ਵੀ ਸਰਕਾਰੀ। ਆਮ ਲੋਕਾਂ ਤੱਕ ਵੀ ਤਾਂ ਪਹੁੰਚੋ,” ਉਹ ਸੋਚ ਕੇ ਬੁੜਬੁੜਾਇਆ ਤੇ ਫਿਰ ਸੋਚਣ ਲੱਗਾ ਕਿ ਲੱਗਦਾ ਮੋਬਾਈਲ ਛੁਡਾਉਣ ਲਈ ਵੀ ਸੈਮੀਨਾਰ ਲੱਗਿਆ ਕਰਨਗੇ, ਉਹ ਦਿਨ ਵੀ ਕੋਈ ਬਹੁਤੀ ਦੂਰ ਨਹੀਂ... ਚਿੱਟਾ ਤਾਂ ਸ਼ਾਇਦ ਛੁੱਟ ਜਾਵੇ ਆਹ ਤਾਂ ਬਾਹਲ਼ਾ ਔਖੈ।
ਉਹਨੇ ਗੱਡੀ ਦੇ ਸ਼ੀਸ਼ੇ ਖੋਲ੍ਹ ਕੇ ਤਾਜ਼ੀ ਹਵਾ ਨੱਕ ਰਾਹੀਂ ਅੰਦਰ ਖਿੱਚੀ ਤੇ ਮਨ ਥਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ।
ਕੋਈ ਚਾਰਾ ਨਾ ਚੱਲਦਾ ਵੇਖ ਕੇ ਘਰ ਆ ਕੇ ਆਪਣੇ ਆਪ ਨੂੰ ਹਨੇਰੇ ’ਚ ਕਰ ਲਿਆ। ‘ਡੋਪਾਮਾਈਨ’ ਸ਼ਬਦ ਸੋਚ ’ਚ ਅੜਿਆ ਲੱਗਿਆ।
ਮਿੱਠੀ ਦਾ ਵਾਰ ਵਾਰ ਆਉਂਦਾ ਫੋਨ ਵੀ ਡਿਸਕੁਨੈਕਟ ਕਰ ਰਿਹਾ ਸੀ। ਮੰਮੀ ਦਰਵਾਜ਼ਾ ਭੰਨ ਰਹੀ ਸੀ। ਘਬਰਾਹਟ ਦਾ ਸਿਖਰ ਸੀ। ਲੱਗਦਾ ਸਟਰੀਕਾਂ ਟੁੱਟ ਜਾਣਗੀਆਂ। ਫੇਸਬੁੱਕ ਦੇ ਗਰੁੱਪ ਵਾਲੇ ਮਿੱਤਰਾਂ ਦਾ ਕੀ ਬਣੂ। ਵੱਟਸਪ ਦਾ ਸਟੇਟਸ... ਲੱਗਦਾ ਮੈਂ ਪਿੱਛੇ ਨਾ ਰਹਿ ਜਾਵਾਂ... ਕਮਰਾ ਘੁੰਮਣ ਲੱਗਦਾ ਹੈ । ਸਿਮਰ ਨੇ ਕਚੀਚੀ ਵੱਟਦਿਆਂ ਚਾਦਰ ਘੁੱਟ ਲਈ ਹੈ... ਚੀਕ ਮਾਰਨ ਲੱਗਦਾ ਹੈ...। ਉਹਨੂੰ ਗੋਲੇ ਦੀ ਯਾਦ ਫੇਰ ਆਉਣ ਲੱਗਦੀ ਹੈ। ਚਿਹਰਾ ਵਾਰ ਵਾਰ ਅੱਖਾਂ ਅੱਗੇ ਘੁੰਮ ਰਿਹਾ ਹੈ। ਆਪਣੀ ਛਟਪਟਾਹਟ ਗੋਲੇ ਵਰਗੀ ਲੱਗ ਰਹੀ ਹੈ। ਗੋਲੇ ਨਾਲ ਟੀਕਾ ਲਵਾਉਣ ਗਿਆ ਟੀਟੂ ਦੱਸਦਾ ਸੀ ਕਿ ਅੰਤਲੇ ਸਮੇਂ ਉਹ ਏਵੇਂ ਤੜਫਿਆ ਸੀ... ਜਾਨ ਤਿਲ਼ ਤਿਲ ਕਰਕੇ ਨਿਕਲੀ ਸੀ... ਹੱਡੀਆਂ ਦੀ ਮੁੱਠ ਗੋਲਾ ਰਿੜਕ ਰਿੜਕ ਕੇ ਪ੍ਰਲੋਕ ਸਿਧਾਰਿਆ ਸੀ... ਉਹਦਾ ਮੂੰਹ ਲੁੜਕ ਗਿਆ ਸੀ... ਹਾਲ ਬੁਰਾ ਸੀ... ਟੀਟੂ ਡਰਦਾ ਭੱਜ ਗਿਆ ਸੀ... ਪਰ ਨਸ਼ੇ ਦੀ ਓਵਰਡੋਜ਼ ਗੋਲੇ ਦੀ ਜਾਨ ਲੈ ਗਈ ਸੀ। ਉਹਨੂੰ ਆਪਣਾ ਹਾਲ ਗੋਲੇ ਵਰਗਾ ਲੱਗ ਰਿਹਾ ਸੀ। ਅੱਜ ਦੀ ਰਾਤ ਜ਼ਿੰਦਗੀ ਦੀ ਆਖ਼ਰੀ ਰਾਤ ਹੋਣ ਵਾਲੀ ਸੀ।
ਅਚਾਨਕ ਨੋਟੀਫਕੇਸ਼ਨ ਵਾਲੀ ਰਿੰਗ ਵੱਜਦੀ ਹੈ। ਦਿਮਾਗ਼ ’ਚ ਅੜਿਆ ‘ਡੋਪਾਮਾਈਨ’ ਨਿਕਲ ਚੱਲਿਆ ਹੈ... ਸਿਮਰ ਦੇ ਮੂੰਹ ’ਤੇ ਮੁਸਕਰਾਹਟ ਹੈ।
ਸੰਪਰਕ: 98884-08383