ਦੀਵਾਲੀ ਗੁਰਦੁਆਰਾ ਦਾਤਾ ਬੰਦੀ ਛੋੜ ਦੀ
ਮੁਗ਼ਲ ਬਾਦਸ਼ਾਹ ਜਹਾਂਗੀਰ ਵੇਲੇ ਜਦੋਂ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਗਿਆ ਤਾਂ ਪੰਜ ਸਿੱਖ ਸੇਵਕਾਂ ਨੂੰ ਵੀ ਉਨ੍ਹਾਂ ਨਾਲ ਰਹਿਣ ਦੀ ਖੁੱਲ੍ਹ ਦਿੱਤੀ ਗਈ। ਗੁਰੂ ਸਾਹਿਬ ਤੋਂ ਪਹਿਲਾਂ ਇੱਥੇ 52 ਰਾਜੇ ਕੈਦ ਸਨ ਜਿਨ੍ਹਾਂ ਵਿੱਚੋਂ ਬਹੁਤੇ ਹਿੰਦੂ ਸਨ। ਗੁਰੂ ਜੀ ਦੀ ਮੰਗ ’ਤੇ ਉੁਨ੍ਹਾਂ ਦੀ ਖਾਧ-ਖ਼ੁਰਾਕ ਤੇ ਬਸਤਰਾਂ ਦੇ ਪ੍ਰਬੰਧ ਵਿੱਚ ਸੁਧਾਰ ਕੀਤਾ ਗਿਆ।
ਗਵਾਲੀਅਰ ਦੇ ਗੁਰਦੁਆਰਾ ਦਾਤਾ ਬੰਦੀ ਛੋੜ ਦੇ ਦੀਦਾਰ, ਮਹਾਰਾਸ਼ਟਰ ਦੇ ਸ਼ਹਿਰ ਅਮਰਾਵਤੀ ਵਿੱਚ ਇੱਕ ਮੁਸਲਿਮ ਸੱਜਣ ਦੀ ਪ੍ਰੇਰਨਾ ਸਦਕਾ ਹੋਏ। ਰੇਲ ਰਾਹੀਂ ਭੁਪਾਲ ਜਾਂ ਹੈਦਰਾਬਾਦ ਜਾਂਦਿਆਂ ਗਵਾਲੀਅਰ ਦਾ ਕਿਲ੍ਹਾ ਵੀ ਦਿਸਦਾ ਹੈ ਅਤੇ ਇਸ ਦੀ ਇੱਕ ਫ਼ਸੀਲ ਦੇ ਨੇੜੇ ਗੁਰਦੁਆਰਾ ਦਾਤਾ ਬੰਦੀ ਛੋੜ ਦੀਆਂ ਸਿਖ਼ਰਲੀਆਂ ਮੰਜ਼ਿਲਾਂ ਵੀ। ਇਤਿਹਾਸ ਨਾਲ ਮੋਹ ਹੋਣ ਕਾਰਨ ਇੱਕ-ਦੋ ਵਾਰ ਇਹ ਕਿਲ੍ਹਾ ਤੇ ਗੁਰਦੁਆਰਾ ਦੇਖਣ ਦੀ ਇੱਛਾ ਵੀ ਮਨ ਵਿੱਚ ਪੈਦਾ ਹੋਈ, ਪਰ ਸਬੱਬ ਹੀ ਨਹੀਂ ਬਣਿਆ। ਅਕਤੂਬਰ 2022 ਦੇ ਅੰਤਲੇ ਹਫ਼ਤੇ ਦੇਸ਼-ਦਰਸ਼ਨ ਦੇ ਸਿਲਸਿਲੇ ਤਹਿਤ ਮੈਂ ਅਮਰਾਵਤੀ ਜ਼ਿਲ੍ਹੇ ਦੇ ਮੇਲਘਾਟ ਟਾਈਗਰ ਰਿਜ਼ਰਵ ਵਿੱਚ ਸਾਂ ਕਿ ਮੋਬਾਈਲ ’ਤੇ ਅਗਲੇ ਦਿਨ ਵਾਲੀ ਮੇਰੀ ਫਲਾਈਟ ਮਨਸੂਖ਼ ਹੋਣ ਦਾ ਸੁਨੇਹਾ ਮਿਲਿਆ। ਇਸ ਉਡਾਣ ਨੇ ਮੈਨੂੰ ਨਾਗਪੁਰ ਤੋਂ ਦਿੱਲੀ ਪਹੁੰਚਾਉਣਾ ਸੀ। ਉਸ ਤੋਂ ਅਗਲੇ ਦਿਨ ਦੀਵਾਲੀ ਸੀ। ਦੀਵਾਲੀ ਵਾਲੇ ਦਿਨ ਵੀ ਨਾਗਪੁਰ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਕੋਈ ਫਲਾਈਟ ਨਹੀਂ ਸੀ। ਜ਼ਾਹਿਰ ਸੀ ਕਿ ਪਰਿਵਾਰ ਦੀ ਥਾਂ ਦੀਵਾਲੀ ਮੈਨੂੰ ਨਾਗਪੁਰ ਜਾਂ ਅਮਰਾਵਤੀ ਵਿੱਚ ਮਨਾਉਣੀ ਪੈਣੀ ਸੀ। ਇਹ ਦੋਵੇਂ ਵਿਧਰਭ ਖ਼ਿੱਤੇ ਦੇ ਸਭ ਤੋਂ ਵੱਡੇ ਸ਼ਹਿਰ ਹਨ। ਦੋਵੇਂ ਮੁਹਾਂਦਰੇ ਪੱਖੋਂ ਮਰਾਠੀ, ਪਰ ਤਾਸੀਰ ਪੱਖੋਂ ਮੱਧ ਭਾਰਤੀ। ਇੱਥੋਂ ਦੀ ਮਰਾਠੀ ਜ਼ੁਬਾਨ ਵੀ ਪੁਣੇ-ਮੁੰਬਈ ਦੀ ਮਰਾਠੀ ਤੋਂ ਉਚਾਰਣ ਪੱਖੋਂ ਬਿਲਕੁਲ ਅੱਡਰੀ ਹੈ।
ਖ਼ੈਰ, ਮੈਂ ਅਮਰਾਵਤੀ ਰੁਕੇ ਰਹਿਣਾ ਚੁਣਿਆ। ਨਾਗਪੁਰ ਪਹਿਲਾਂ ਦੋ ਵਾਰ ਆ ਚੁੱਕਾ ਸਾਂ, ਅਮਰਾਵਤੀ ਪਹਿਲੀ ਵਾਰ ਆਇਆ ਸਾਂ। ਦੋਵਾਂ ਦਾ ਫ਼ਾਸਲਾ ਡੇਢ ਸੌ ਕਿਲੋਮੀਟਰ ਦਾ ਹੈ। ਉੱਥੇ ਪੰਜਾਬੀ ਵਸੋਂ ਨਾਂ-ਮਾਤਰ ਹੈ; ਸਿੱਖ ਤਾਂ ਹੋਰ ਵੀ ਘੱਟ; ਪੂਰੇ ਜ਼ਿਲ੍ਹੇ ਦੀ ਵਸੋਂ ਦਾ 0.13 ਫ਼ੀਸਦੀ। ਅੰਕੜੇ ਪੱਖੋਂ ਸ਼ਾਇਦ 2200 ਦੇ ਕਰੀਬ। ਅਮਰਾਵਤੀ ਸ਼ਹਿਰ ਵਿੱਚ 1650 ਦੇ ਲਗਪਗ।
ਅਜਿਹੀ ਗਿਣਤੀ-ਮਿਣਤੀ ਦੇ ਬਾਵਜੂਦ ਸਥਾਨਕ ਅਖ਼ਬਾਰਾਂ ਤੇ ਇਲੈਕਟ੍ਰੌਨਿਕ ਮੀਡੀਆ ਵਿਚਲੀਆਂ ਖ਼ਬਰਾਂ ਤੇ ਤਸਵੀਰਾਂ ਤੋਂ ਸਿੱਖਾਂ ਦਾ ਬੋਲਬਾਲਾ ਸਪਸ਼ਟ ਨਜ਼ਰ ਆਇਆ। ਪੰਜ ਗੁਰਦੁਆਰੇ ਹਨ ਇਸ ਨਗਰ ਵਿੱਚ। ਇਨ੍ਹਾਂ ਵਿੱਚੋਂ ਗੁਰਦੁਆਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦਰਬਾਰ ਇਤਿਹਾਸਕ ਹੈ। ਜ਼ਾਹਿਰ ਪੀਰ ਜਗਤ ਗੁਰੂ ਬਾਬਾ ਦੀ ਚਰਨ ਛੋਹ ਪ੍ਰਾਪਤ। ਬਾਬਾ ਨਾਨਕ ਨੇ ਦੱਖਣ ਦੀ ਉਦਾਸੀ ਸਮੇਂ ਇਸ ਸਥਾਨ ’ਤੇ ਇੱਕ ਰਾਤ ਗੁਜ਼ਾਰੀ ਸੀ।
ਦੀਵਾਲੀ ’ਤੇ ਦਿਨ ਵੇਲੇ ਵੀ ਮੈਂ ਇਸ ਗੁਰਦੁਆਰੇ ਗਿਆ ਅਤੇ ਰਾਤ ਵੇਲੇ ਵੀ। ਰਾਤ ਦੇ ਦੀਵਾਨ ਲਈ ਦੇਹਰਾਦੂਨ ਤੋਂ ਕੀਰਤਨੀ ਜਥਾ ਉੱਥੇ ਆਇਆ ਹੋਇਆ ਸੀ। ਉਨ੍ਹਾਂ ਨੇ ਕੀਰਤਨ ਵੀ ਬੜਾ ਰਸਭਿੰਨਾ ਕੀਤਾ। ਇਹ ਵੀ ਅਜਬ ਵਰਤਾਰਾ ਹੈ ਕਿ ਪੰਜਾਬ ਦੇ ਅੰਦਰ ਰਹਿੰਦਿਆਂ ਮੇਰੇ ਵਰਗਿਆਂ ਦੇ ਸਿੱਖ ਸੰਸਕਾਰ ਸੁੱਤੇ ਰਹਿੰਦੇ ਹਨ, ਪਰ ਪੰਜਾਬੋਂ ਦੂਰ ਇਹ ਝੱਟ ਅੱਖਾਂ ਖੋਲ੍ਹ ਲੈਂਦੇ ਹਨ। ਦਿਨ ਵੇਲੇ ਮੱਥਾ ਟੇਕਣ ਮਗਰੋਂ ਜਦੋਂ ਮੈਂ ਜੋੜੇਖਾਨੇ ਦੇ ਬਾਹਰ ਬੂਟਾਂ ਦੇ ਫ਼ੀਤੇ ਕਸ ਰਿਹਾ ਸਾਂ ਤਾਂ ਮੇਰੇ ਵਾਲੇ ਬੈਂਚ ’ਤੇ ਬੈਠ ਕੇ ਫੀਤੇ ਬੰਨ੍ਹ ਰਹੇ ਇੱਕ ਸੱਜਣ ਨੇ ਅਚਾਨਕ ਪੁੱਛਿਆ: ‘‘ਆਪ ਯਹਾਂ ਕੇ ਤੋ ਨਹੀਂ ਲਗਤੇ?’’ ਉਸ ਨੇ ਸਿਰ ’ਤੇ ਸਫ਼ੇਦ ਰੁਮਾਲ ਬੰਨ੍ਹਿਆ ਹੋਇਆ ਸੀ। ਮੈਂ ਹਾਂ-ਨੁਮਾ ਸਿਰ ਹਿਲਾਇਆ। ਉਸ ਨੇ ਅਗਲਾ ਸਵਾਲ ਦਾਗ਼ ਦਿੱਤਾ, ‘‘ਪੰਜਾਬ ਸੇ ਹੈਂ?’’ ਮੈਂ ਫਿਰ ਸਿਰ ਹਾਂ ’ਚ ਹਿਲਾਇਆ। ਫਿਰ ਉਸ ਨੇ ਗੱਲਾਂ ਦਾ ਸਿਲਸਿਲਾ ਤੋਰ ਲਿਆ। ਇਸ ਤੋਂ ਪਤਾ ਲੱਗਿਆ ਕਿ ਉਸ ਦਾ ਨਾਮ ਤੁਫ਼ੈਲ ਅਹਿਮਦ ਹੈ। ਉਹ ਇੱਕ ਨੇੜਲੀ ਆਰਡਨੈਂਸ ਫੈਕਟਰੀ ਵਿੱਚ ਡਿਪਟੀ ਮੈਨੇਜਰ ਹੈ। ਮੁਸਲਿਮ ਹੋਣ ਦੇ ਬਾਵਜੂਦ ਦੀਵਾਲੀ ਤੇ ਵਿਸਾਖੀ ਮੌਕੇ ਗੁਰਦੁਆਰੇ ਅਕੀਦਤ ਭੇਟ ਕਰਨ ਆਉਣਾ ਉਸ ਦੀ ਜ਼ਿੰਦਗੀ ਦਾ ਇੱਕ ਦਸਤੂਰ ਰਿਹਾ ਹੈ। ਮੇਰੀਆਂ ਅੱਖਾਂ ਵਿੱਚ ਉੱਭਰੇ ਸਵਾਲਾਂ ਨੂੰ ਪੜ੍ਹਦਿਆਂ ਉਸ ਨੇ ਇਹ ਵੀ ਦੱਸਿਆ ਕਿ ਉਹ ਉਸ ਕੁਨਬੇ ਵਿੱਚੋਂ ਹੈ ਜਿਹੜਾ ਤਿੰਨ ਸਦੀਆਂ ਤੱਕ ਗਵਾਲੀਅਰ ਦੇ ਕਿਲ੍ਹੇ ਵਿੱਚ ਸਥਿਤ ਗੁਰਦੁਆਰਾ ਦਾਤਾ ਬੰਦੀ ਛੋੜ ਦੀ ਸੇਵਾ-ਸੰਭਾਲ ਕਰਦਾ ਰਿਹਾ। ਇਹ ਸਿਲਸਿਲਾ 1947 ਵਿੱਚ ਗਵਾਲੀਅਰ ਵਿੱਚ ਰਿਫਿਊਜੀ ਸਿੱਖਾਂ ਦੀ ਆਮਦ ਨਾਲ ਸਮਾਪਤ ਹੋਇਆ। ਉਸ ਤੋਂ ਪਹਿਲਾਂ ਤਾਂ ਉੱਥੇ ਵਿਰਲਾ-ਟਾਵਾਂ ਸਿੱਖ ਹੀ ਹੋਇਆ ਕਰਦਾ ਸੀ। ਵਿਦਾ ਹੋਣ ਸਮੇਂ ਉਹ ਤਾਕੀਦ ਕਰ ਗਿਆ: ‘‘ਏਕ ਬਾਰ ਜ਼ਰੂਰ ਜਾਈਏਗਾ ਵਹਾਂ। ਆਪ ਲੋਗੋਂ ਕਾ ਤੋ ਵੋਹ ਤੀਰਥ ਹੈ।’’
* * *
ਇਹ ਤਾਕੀਦ ਮੇਰੇ ਜ਼ਿਹਨ ਵਿੱਚ ਵਸੀ ਰਹੀ।
ਨਾਲ ਹੀ ਇਹ ਸਵਾਲ ਕਿ ਗਵਾਲੀਅਰ ਰਿਆਸਤ ਮਰਾਠਾ ਸਿੰਧੀਆ ਘਰਾਣੇ ਦਾ ਗੜ੍ਹ ਰਹਿਣ ਦੇ ਬਾਵਜੂਦ ਉੱਥੋਂ ਦੇ ਅਹਿਮ ਗੁਰ-ਅਸਥਾਨ ਦੀ ਸਾਂਭ-ਸੰਭਾਲ ਮੁਸਲਿਮ ਪਰਿਵਾਰਾਂ ਕੋਲ ਕਿਉਂ ਰਹੀ; ਖ਼ਾਸ ਤੌਰ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਜਿਨ੍ਹਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਗੁਰਦੁਆਰਾ ਨਾਨਕ ਝੀਰਾ (ਬਿਦਰ), ਗੁਰਦੁਆਰਾ ਨਾਨਕਮਤਾ (ਉੱਤਰ ਪ੍ਰਦੇਸ਼) ਸਮੇਤ ਵੱਖ ਵੱਖ ਦੂਰਲੇ ਗੁਰਧਾਮਾਂ ਲਈ ਜਗੀਰਾਂ ਸਬੰਧਿਤ ਇਲਾਕਿਆਂ ਦੇ ਹਾਕਮਾਂ ਨਾਲ ਸੰਪਰਕ ਕਰ ਕੇ ਲਵਾਈਆਂ ਅਤੇ ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਗੁਰ-ਮਰਿਆਦਾ ਅਨੁਸਾਰ ਚਲਾਉਣ ਲਈ ਸਿੱਖ ਪਰਿਵਾਰਾਂ ਨੂੰ ਵੀ ਉੱਥੇ ਭੇਜਿਆ। ਅਜਿਹੀ ਜਗਿਆਸਾਵਸ, ਅਗਲੀ ਦੀਵਾਲੀ (2023) ’ਤੇ ਮੈਂ ਗਵਾਲੀਅਰ ਪਹੁੰਚ ਗਿਆ।
ਬਹੁਤ ਲੰਮਾ-ਚੌੜਾ ਹੈ ਗਵਾਲੀਅਰ ਦਾ ਕਿਲ੍ਹਾ। ਹੈ ਵੀ 14 ਸਦੀਆਂ ਪੁਰਾਣਾ। ਉਸਾਰੀ ਛੇਵੀਂ ਸਦੀ ਈਸਵੀ ਵਿੱਚ ਸ਼ੁਰੂ ਹੋਈ। ਅੱਠਵੀਂ ਸਦੀ ਵਿੱਚ ਅਰਾਵਲੀ ਪਹਾੜੀਆਂ ’ਤੇ ਇਸ ਦੀਆਂ ਫ਼ਸੀਲਾਂ ਦਾ ਪਸਾਰ ਕੀਤਾ ਗਿਆ। ਦਰਜਨ ਦੇ ਕਰੀਬ ਰਾਜ-ਘਰਾਣਿਆਂ ਦੇ ਅਧੀਨ ਇਹ ਸਮੇਂ ਸਮੇਂ ਰਿਹਾ। ਸਭ ਤੋਂ ਪਹਿਲਾਂ ਤੋਮਰ ਰਾਜਪੂਤਾਂ, ਫਿਰ ਕੁਸ਼ਾਨਾਂ, ਫਿਰ ਹੂਨਾਂ, ਪ੍ਰਤੀਹਾਰਾਂ, ਫਿਰ ਤੋਮਰਾਂ, ਦਿੱਲੀ ਦੇ ਸੁਲਤਾਨਾਂ, ਪਠਾਣਾਂ ਅਤੇ ਮੁਗ਼ਲਾਂ ਤੋਂ ਬਾਅਦ ਜਾਟਾਂ ਤੇ ਮਰਾਠਿਆਂ ਦੇ ਅਧੀਨ। ਹਰ ਰਾਜ ਘਰਾਣੇ ਨੇ ਇਮਾਰਤ-ਉਸਾਰੀ ਪੱਖੋਂ ਇਸ ਉੱਤੇ ਆਪਣੀ ਛਾਪ ਛੱਡੀ। ਛੇ ਮਹੱਲ ਤੇ ਇੰਨੇ ਹੀ ਇਤਿਹਾਸਕ ਮੰਦਿਰ ਹਨ ਇਸ ਕਿਲ੍ਹੇ ਵਿੱਚ। ਦਿੱਖ ਪੱਖੋਂ ਨਿਹਾਇਤ ਖ਼ੂਬਸੂਰਤ, ਪਰ ਛੇਵੀਂ ਪਾਤਸ਼ਾਹੀ, ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਗੁਰਦੁਆਰਾ ਦਾਤਾ ਬੰਦੀ ਛੋੜ ਦਾ ਜਲੌਅ ਇਨ੍ਹਾਂ ਸਭਨਾਂ ਤੋਂ ਵੱਖਰਾ ਹੈ। ਛੇ ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ ਇਹ ਗੁਰੂਘਰ। ਛੇ ਮੰਜ਼ਿਲਾ ਇਮਾਰਤ ਤੇ ਸ਼ਾਨਦਾਰ ਬਗ਼ੀਚਿਆਂ ਵਾਲਾ। ਦੀਵਾਲੀ ਮੌਕੇ ਤਾਂ ਇੱਥੇ ਰੋਸ਼ਨੀਆਂ ਦਾ ਪਸਾਰਾ ਹੀ ਨਿਆਰਾ ਸੀ। ਰੋਸ਼ਨੀਆਂ ਸਿਰਫ਼ ਗੁਰਦੁਆਰੇ ਤਕ ਸੀਮਤ ਨਹੀਂ ਸਨ; ਪੂਰੇ ਕਿਲ੍ਹੇ ਵਿੱਚ ਪਸਰੀਆਂ ਹੋਈਆਂ ਸਨ। ਗੁਰਦੁਆਰਾ ਕਮੇਟੀ ਤੋਂ ਇਲਾਵਾ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਆਰਕਿਆਲੋਜੀਕਲ ਸਰਵੇ ਆਫ਼ ਇੰਡੀਆ (ਏ ਐੱਸ ਆਈ) ਦਾ ਵੀ ਯੋਗਦਾਨ ਸੀ।
ਸੰਨ 1947 ਤੋਂ ਪਹਿਲਾਂ ਗੁਰਦੁਆਰੇ ਦੀ ਇਮਾਰਤ ਬਹੁਤ ਛੋਟੀ ਜਿਹੀ ਸੀ। ਸਿੰਧੀਆ ਰਾਜ-ਘਰਾਣੇ ਨੇ ਗੁਰੂਘਰ ਲਈ ਜ਼ਮੀਨ ਤਾਂ ਦੇ ਰੱਖੀ ਸੀ। ਸਮੇਂ ਸਮੇਂ ਮਾਇਕ ਗਰਾਂਟਾਂ ਵੀ ਦਿੱਤੀਆਂ ਜਾਂਦੀਆਂ ਸਨ, ਪਰ ਇਸ ਗੁਰਧਾਮ ਦੀ ਅਹਿਮੀਅਤ ਮੁਤਾਬਿਕ ਪ੍ਰਬੰਧਕੀ ਸੁਧਾਰ ਨਹੀਂ ਸੀ ਕੀਤੇ ਗਏ। ਇਹ ਸੁਧਾਰ 1940ਵਿਆਂ ਵਿੱਚ ਕੁਝ ਪੰਜਾਬੀ ਹਿੰਦੂ ਸੱਜਣਾਂ ਦੇ ਯਤਨਾਂ ਨਾਲ ਆਰੰਭ ਹੋਏ। ਮਨੋਹਰ ਖੰਨਾ ਅਜਿਹੇ ਸੱਜਣਾਂ ਵਿੱਚ ਸ਼ਾਮਿਲ ਸੀ। ਉਹ ਗਵਾਲੀਅਰ ਰਿਆਸਤ ਦੇ ਜਲ ਪ੍ਰਬੰਧਨ ਤੇ ਸਪਲਾਈ ਵਿਭਾਗ ਵਿੱਚ ਉੱਚ ਅਫ਼ਸਰ ਸੀ।
ਗੁਰਦੁਆਰਾ ਦਾਤਾ ਬੰਦੀ ਛੋੜ ਦੀ ਮੌਜੂਦਾ ਇਮਾਰਤ ਦੀ ਉਸਾਰੀ 1962 ਵਿੱਚ ਸੰਤ ਝੰਡਾ ਸਿੰਘ ਅਤੇ ਬਾਬਾ ਉੱਤਮ ਸਿੰਘ ਮੌਨੀ ਦੇ ਯਤਨਾਂ ਨਾਲ ਸ਼ੁਰੂ ਹੋਈ। ਹੁਣ ਵੀ ਇਸ ਵਿੱਚ ਸਮੇਂ ਦੀਆਂ ਜ਼ਰੂਰਤਾਂ ਮੁਤਾਬਿਕ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਧਿਆਨ ਇਹੋ ਰੱਖਿਆ ਜਾਂਦਾ ਹੈ ਕਿ ਇਸ ਅਸਥਾਨ ਦੀ ਛੱਬ ਹੋਰ ਨਿਖਾਰੀ ਜਾਵੇ। ਪ੍ਰਬੰਧਕ ਕਮੇਟੀ ਦੇ ਤੱਤਕਾਲੀ ਮੁਖੀ ਸੰਤ ਅਮਰ ਸਿੰਘ ਦੱਸੇ ਗਏ, ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਨਾਲ ਮੁਲਾਕਾਤ ਜ਼ਰੂਰ ਹੋਈ, ਪਰ ਉਹ ਛੇਵੀਂ ਪਾਤਸ਼ਾਹੀ ਦੇ 52 ਬੰਦੀ ਰਾਜਿਆਂ ਦੀ ਰਿਹਾਈ ਵਾਲੇ ਕਰਤਾਰੀ ਕਾਰਜ ਤੋਂ ਬਾਅਦ ਦੀਆਂ ਤਿੰਨ ਸਦੀਆਂ ਬਾਰੇ ਕੁਝ ਨਹੀਂ ਦੱਸ ਸਕੇ। ਇਤਿਹਾਸ ਨੂੰ ਬਿਲਕੁਲ ਨਾ ਸਾਂਭਣ ਜਾਂ ਦੰਦ-ਕਥਾਵਾਂ ਤਕ ਸੀਮਤ ਕਰਨ ਦੀ ਵਿਧਾ ਨੇ ਹੀ ਯੂਰੋਪੀਅਨਾਂ, ਖ਼ਾਸ ਕਰ ਕੇ ਅੰਗਰੇਜ਼ਾਂ ਨੂੰ ਭਾਰਤੀ ਇਤਿਹਾਸ ਵਿੱਚ ਬੇਮੁਹਾਰੇ ਵਿਗਾੜ ਪੈਦਾ ਕਰਨ ਦੇ ਸਮਰੱਥ ਬਣਾਇਆ ਹੈ।
* * *
ਗਵਾਲੀਅਰ ਦੇ ਕਿਲ੍ਹੇ ਨੂੰ ਵੀਆਈਪੀ ਬੰਦੀਖ਼ਾਨੇ ਵਿੱਚ ਬਦਲਣ ਦੀ ਪਹਿਲ ਮੁਗ਼ਲ ਬਾਦਸ਼ਾਹ ਅਕਬਰ ਨੇ ਕੀਤੀ ਸੀ। ਸਭ ਤੋਂ ਪਹਿਲਾਂ ਇੱਥੇ ਮੇਵਾੜ ਰਿਆਸਤ ਦੇ ਕੁਝ ਸਰਦਾਰ ਕੈਦ ਕੀਤੇ ਗਏ। ਉਨ੍ਹਾਂ ਨੂੰ ਤਹਿਖ਼ਾਨਿਆਂ ਵਿੱਚ ਨਹੀਂ ਸੁੱਟਿਆ ਗਿਆ। ਰਿਹਾਇਸ਼ ਤੇ ਖ਼ੁਰਾਕ ਪੱਖੋਂ ਸੁੱਖ ਸੁਵਿਧਾਵਾਂ ਦਿੱਤੀਆਂ ਗਈਆਂ। ਅਗਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਵੇਲੇ ਜਦੋਂ ਛੇਵੀਂ ਪਾਤਸ਼ਾਹੀ ਨੂੰ ਬੰਦੀ ਬਣਾ ਕੇ ਇਸ ਕਿਲ੍ਹੇ ਵਿੱਚ ਭੇਜਿਆ ਗਿਆ ਤਾਂ ਪੰਜ ਸਿੱਖ ਸੇਵਕਾਂ ਨੂੰ ਵੀ ਉਨ੍ਹਾਂ ਨਾਲ ਰਹਿਣ ਦੀ ਖੁੱਲ੍ਹ ਦਿੱਤੀ ਗਈ। ਗੁਰੂ ਸਾਹਿਬ ਤੋਂ ਪਹਿਲਾਂ ਇੱਥੇ 52 ਰਾਜੇ ਕੈਦ ਸਨ ਜਿਨ੍ਹਾਂ ਵਿੱਚੋਂ ਬਹੁਤੇ ਹਿੰਦੂ ਸਨ। ਗੁਰੂ ਜੀ ਦੀ ਮੰਗ ’ਤੇ ਉੁਨ੍ਹਾਂ ਦੀ ਖਾਧ-ਖ਼ੁਰਾਕ ਤੇ ਬਸਤਰਾਂ ਦੇ ਪ੍ਰਬੰਧ ਵਿੱਚ ਸੁਧਾਰ ਕੀਤਾ ਗਿਆ।
ਸਿੱਖ ਇਤਿਹਾਸ ਵਿੱਚ ਬਦਾਸ਼ਾਹ ਜਹਾਂਗੀਰ ਨੂੰ ਤੁਅੱਸਬੀ ਦੱਸਿਆ ਜਾਂਦਾ ਹੈ; ਖ਼ਾਸ ਤੌਰ ’ਤੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਛੇਵੀਂ ਪਾਤਸ਼ਾਹੀ ਦੀ ਗਵਾਲੀਅਰ ਵਿੱਚ ਨਜ਼ਰਬੰਦੀ ਲਈ ਕਸੂਰਵਾਰ ਹੋਣ ਕਾਰਨ। ਪਰ ਉਹ ਤੁਅੱਸਬੀ ਨਹੀਂ ਸੀ। ਬਾਦਸ਼ਾਹ, ਅਮੂਮਨ, ਆਪਣੇ ਅਹਿਲਕਾਰਾਂ, ਖ਼ਾਸ ਕਰ ਕੇ ਸੂਬੇਦਾਰਾਂ ਜਾਂ ਫ਼ੌਜਦਾਰਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਫ਼ੈਸਲੇ ਲਿਆ ਕਰਦੇ ਸਨ। ਦੋਵਾਂ ਗੁਰੂ ਸਾਹਿਬਾਨ ਖ਼ਿਲਾਫ਼ ਫ਼ੈਸਲੇ ਪੰਚਮ ਗੁਰੂ ਦੇ ਵੱਡੇ ਭਰਾਵਾਂ, ਭਤੀਜਿਆਂ ਤੇ ਹੋਰ ਸ਼ਰੀਕਾਂ ਅਤੇ ਲਾਹੌਰ ਦੇ ਦੀਵਾਨ ਚੰਦੂ ਵਰਗੇ ਗੁਰੂਘਰ ਦੇ ਦੋਖੀਆਂ ਦੇ ਸ਼ਿਕਾਇਤੀ ਚਿੱਠਿਆਂ ਦਾ ਨਤੀਜਾ ਸਨ। ਛੇਵੇਂ ਗੁਰੂ ਸਾਹਿਬ ਦੇ ਖ਼ਿਲਾਫ਼ ਲਾਹੌਰ ਦੇ ਸੂਬੇਦਾਰ ਨਵਾਬ ਮੁਰਤਜ਼ਾ ਖ਼ਾਨ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਅਕਾਲ ਤਖ਼ਤ ਦੀ ਉਸਾਰੀ ਅਤੇ ਮੀਰੀ-ਪੀਰੀ ਦੇ ਸੰਕਲਪ ਦੀ ਪ੍ਰਤੀਪਾਲਣਾ ਨੂੰ ਮੁਗ਼ਲੀਆ ਹਕੂਮਤ ਖ਼ਿਲਾਫ਼ ਬਗ਼ਾਵਤ ਵਜੋਂ ਪੇਸ਼ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਛੇਵੇਂ ਗੁਰੂ ਦੀ ਰਿਹਾਈ ਮਗਰੋਂ ਆਗਰਾ ਵਿੱਚ ਉਨ੍ਹਾਂ ਨਾਲ ਮੁਲਾਕਾਤ ਦੇ ਆਧਾਰ ’ਤੇ ਬਾਦਸ਼ਾਹ ਜਹਾਂਗੀਰ ਨੇ ਚੰਦੂ ਸ਼ਾਹ ਅਤੇ ਪੰਜਵੇਂ ਗੁਰੂ ’ਤੇ ਤੱਤੀ ਰੇਤ ਪਾਉਣ ਵਾਲੇ ਗੁਰਦਿੱਤੇ ਭੜਭੂੰਜੇ ਨੂੰ ਢੁਕਵੀਂ ਸਜ਼ਾ ਲਈ ਸਿੱਖਾਂ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ।
ਗੁਰੂ ਹਰਗੋਬਿੰਦ ਸਾਹਿਬ ਦੇ ਨਜ਼ਰਬੰਦੀ ਦੇ ਵਰ੍ਹਿਆਂ ਬਾਰੇ ਵਿਵਾਦ ਹੈ। ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਇਹ 1612 ਤੋਂ 1614 ਤੱਕ ਦੱਸਦੀਆਂ ਹਨ। ਫਾਰਸੀ ਰਿਕਾਰਡਾਂ ਤੇ ਯੂਰੋਪੀਅਨ ਇਤਿਹਾਸਕਾਰਾਂ ਮੁਤਾਬਿਕ ਇਹ ਨਜ਼ਰਬੰਦੀ 1617 ਤੋਂ 1619 (ਅਕਤੂਬਰ) ਤੱਕ ਸੀ। ਉਂਜ ਸਾਰੇ ਸਰੋਤ ਇਸ ਤੱਥ ਨਾਲ ਸਹਿਮਤ ਹਨ ਕਿ ਨਜ਼ਰਬੰਦੀ ਦੋ ਕੁ ਵਰ੍ਹਿਆਂ ਦੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ (ਪਹਿਲਾ ਭਾਗ) ਵਿੱਚ ਸਮੁੱਚਾ ਤਜ਼ਕਰਾ ਇਸ ਤਰ੍ਹਾਂ ਹੈ:
‘‘…ਜਹਾਂਗੀਰ ਨੇ ਸੰਮਤ 1669 (ਸੰਨ 1612) ਵਜ਼ੀਰ ਖਾਂ ਤੇ ਗੁੰਚਾ ਬੇਗ਼ ਨੂੰ ਅੰਮ੍ਰਿਤਸਰ ਭੇਜਿਆ ਕਿ ਉਹ ਗੁਰੂ ਜੀ ਨੂੰ ਦਿੱਲੀ ਲਿਆਉਣ। ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਤੇ ਦਿਲ ਦਾ ਸਿੱਖ ਸੀ। ਉਸ ਨੇ ਬਾਦਸ਼ਾਹ ਪਾਸ (ਛੇਵੇਂ) ਗੁਰੂ ਜੀ ਦੀ ਉਪਮਾ ਤੇ ਵਕੀਲੀ ਕੀਤੀ ਸੀ। ਅੰਮ੍ਰਿਤਸਰ ਪਹੁੰਚ ਕੇ ਉਸ ਨੇ ਮਾਤਾ ਗੰਗਾ ਜੀ ਤੇ ਗੁਰੂ ਸਾਹਿਬ ਨੂੰ ਯਕੀਨ ਦਿਵਾਇਆ ਕਿ ਬਾਦਸ਼ਾਹ ਦੀ ਨੀਤ ਮਾੜੀ ਨਹੀਂ। ਗੁਰੂ ਜੀ ਨੇ ਮਾਤਾ ਜੀ ਤੇ ਮੁਖੀ ਸਿੱਖਾਂ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ। ਹਰਿਮੰਦਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਸੌਂਪ ਕੇ ਸਿੱਖਾਂ ਨੂੰ ਗੁਰਸਿੱਖੀ ਦੀ ਰਹਿਤ ਵਿੱਚ ਪੱਕਿਆਂ, ਇੱਕ ਜਾਨ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦਾ ਉਪਦੇਸ਼ ਦੇ ਕੇ ਤਿੰਨ ਸੌ ਸੂਰਮੇ ਨਾਲ ਲੈ ਕੇ ਆਪ 2 ਮਾਘ ਸੰਮਤ 1669 (ਸੰਨ 1612) ਨੂੰ ਦਿੱਲੀ ਨੂੰ ਤੁਰ ਪਏ।…(ਦਿੱਲੀ ਵਿੱਚ) ਆਪ ਨੇ ਜਮਨਾ ਕੰਢੇ ਮਜਨੂੰ ਦੇ ਟਿੱਲੇ ਪਾਸ ਇੱਕ ਬਗ਼ੀਚੇ ਵਿੱਚ ਉਤਾਰਾ ਕੀਤਾ।…ਕੁਝ ਚਿਰ ਇੱਥੇ ਠਹਿਰਨ ਮਗਰੋਂ ਗੁਰੂ ਜੀ ਬਾਦਸ਼ਾਹ ਨੂੰ ਜਾ ਮਿਲੇ। ਉਸ ਨੇ ਵਿਖਾਵੇ ਭਰੇ ਆਦਰ ਨਾਲ ਆਪ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਤੋਂ ਧਰਮ ਬਾਰੇ ਕਈ ਪੁੱਛਾਂ ਕੀਤੀਆਂ। ਗੁਰੂ ਜੀ ਦੇ ਉੱਤਰ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ।…ਇਸ ਤੋਂ ਮਗਰੋਂ ਬਾਦਸ਼ਾਹ ਆਗਰੇ ਗਿਆ ਅਤੇ ਗੁਰੂ ਜੀ ਨੂੰ ਨਾਲ ਲੈ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਆਦਰ-ਸਤਿਕਾਰ ਕਰਕੇ ਬਾਦਸ਼ਾਹ ਨੇ ਉਨ੍ਹਾਂ ਨੂੰ ਆਪਣਾ ਮਿੱਤਰ ਬਣਾਉਣ ਦਾ ਯਤਨ ਕੀਤਾ। ਉਸ ਨੂੰ ਯਕੀਨ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਤੇ ਉਨ੍ਹਾਂ ਦੇ ਗੁਰੂ ਨੂੰ ਭੈ-ਭੀਤ ਕਰਨ ਦੀ ਥਾਂ ਦਲੇਰ ਤੇ ਨਿਰਭੈ ਕਰ ਦਿੱਤਾ ਹੈ। ਉਸ ਨੇ ਸੋਚ ਵਿਚਾਰ ਕੇ ਫ਼ੈਸਲਾ ਕੀਤਾ ਕਿ ਇਨ੍ਹਾਂ ਨੂੰ ਦਬਾਉਣਾ ਚਾਹੀਦਾ ਹੈ, ਨਹੀਂ ਤਾਂ ਇਹ ਖ਼ਤਰਨਾਕ ਸਾਬਤ ਹੋਣਗੇ। ਇਸ ਖਿਆਲ ਨਾਲ ਉਸ ਨੇ ਗੁਰੂ ਜੀ ਨੂੰ ਬਾਰਾਂ ਸਾਲ ਦੀ ਕੈਦ ਦਾ ਹੁਕਮ ਦੇ ਕੇ ਸ਼ਾਹੀ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਪੰਜ ਸਿੱਖ ਆਪ ਦੇ ਨਾਲ ਗਏ। ਉਸ ਕਿਲ੍ਹੇ ਵਿੱਚ ਅੱਗੇ ਵੀ 52 ਰਾਜੇ ਕੈਦ ਸਨ।…ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਕਈ ਨੇਕ-ਦਿਲ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਵਜ਼ੀਰ ਖਾਂ ਗਵਾਲੀਅਰ ਪੁੱਜਾ।…ਪਰ ਗੁਰੂ ਜੀ ਨੇ ਵਜ਼ੀਰ ਖਾਂ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਨਹੀਂ ਜਾਵਾਂਗੇ, ਸਗੋਂ ਆਪਣੇ 52 ਸਾਥੀ ਕੈਦੀਆਂ ਨੂੰ ਨਾਲ ਲੈ ਕੇ ਜਾਵਾਂਗੇ। ਵਜ਼ੀਰ ਖਾਂ ਨੇ ਦਿੱਲੀ ਜਾ ਕੇ ਇਹ ਗੱਲ ਬਾਦਸ਼ਾਹ ਨੂੰ ਦੱਸੀ। ਬਾਦਸ਼ਾਹ ਨੇ ਕਿਹਾ ਕਿ ਜਿੰਨੇ ਕੈਦੀ ਰਾਜੇ ਗੁਰੂ ਜੀ ਦੇ ਹੱਥ ਜਾਂ ਪੱਲਾ ਫੜ ਕੇ ਆ ਜਾਣ, ਉਹ ਛੱਡ ਦਿੱਤੇ ਜਾਣ।…ਆਪ ਪੰਜਾਹ ਕਲੀਆਂ ਵਾਲਾ ਜਾਮਾ ਪਹਿਨਦੇ ਹੁੰਦੇ ਸਨ। ਆਪ ਨੇ ਪੰਜਾਹ ਰਾਜਿਆਂ ਨੂੰ ਆਪਣੇ ਜਾਮੇ ਦੀ ਇੱਕ ਇੱਕ ਕਲੀ ਫੜਾਈ, ਦੋਂਹ ਨੂੰ ਆਪਣੇ ਹੱਥ ਫੜਾ ਲਏ ਅਤੇ ਸਭ ਨੂੰ ਨਾਲ ਲੈ ਕੇ ਕਿਲ੍ਹੇ ਤੋਂ ਬਾਹਰ ਆ ਗਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਕੈਦੀ ਛੁਡਾਉਣ ਵਾਲਾ ਪੈ ਗਿਆ।’’ ਇਹੋ ਪ੍ਰਸੰਗ ਗੁਰਦੁਆਰਾ ਦਾਤਾ ਬੰਦੀ ਛੋੜ ਵਿੱਚ ਵੀ ਅੰਕਿਤ ਹੈ।
ਗਵਾਲੀਅਰ ਜ਼ਿਲ੍ਹੇ ਵਿੱਚ ਸਿੱਖ ਵਸੋਂ ਸੀਮਤ ਜਹੀ (1.22 ਫ਼ੀਸਦੀ) ਹੈ। ਇਸ ਜ਼ਿਲ੍ਹੇ ਤੇ ਇਸ ਦੇ ਗੁਆਂਢ ਵਿੱਚ ਪੈਂਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਿੱਖਾਂ ਦੇ ਵੱਡੇ ਵੱਡੇ ਫਾਰਮ ਹਨ, ਪਰ ਉਨ੍ਹਾਂ ਦੇ ਕਾਮੇ ਬਹੁਤੇ ਯੂਪੀ-ਬਿਹਾਰ ਤੋਂ ਹਨ। ਬੰਦੀ ਛੋੜ ਦਿਵਸ ਵਾਲੀ ਸ਼ਾਮ ਮੈਂ ਕਿਲ੍ਹੇ ਵਾਲਾ ਗੁਰੂ ਘਰ ਭਰਨ ਦੀ ਉਮੀਦ ਕਰਦਾ ਰਿਹਾ, ਪਰ ਰੌਣਕ ਓਨੀ ਨਹੀਂ ਹੋਈ ਜਿੰਨੀ ਇਸ ਅਸਥਾਨ ਦੇ ਇਤਿਹਾਸਕ ਮਹੱਤਵ ਮੁਤਾਬਿਕ ਹੋਣੀ ਚਾਹੀਦੀ ਸੀ। ਮਾਯੂਸੀ ਹੋਈ ਇਹ ਦੇਖ ਕੇ। ਉਸ ਤੋਂ ਵੱਧ ਮਾਯੂਸੀ ਸਿੰਧੀਆ ਸਰਦਾਰਾਂ ਦੇ ਰਾਜ-ਕਾਲ ਦੌਰਾਨ ਇਸ ਗੁਰ ਅਸਥਾਨ ਦੀ ਸੇਵਾ ਸੰਭਾਲ ਨਾਲ ਜੁੜੇ ਸਵਾਲਾਂ ਦਾ ਜਵਾਬ ਨਾ ਮਿਲਣ ਤੋਂ ਹੋਈ। ਖ਼ੈਰ, ਜਿਗਿਆਸਾ ਬਰਕਰਾਰ ਹੈ। ਇੱਕ ਵਾਰ ਫਿਰ ਗਵਾਲੀਅਰ ਜਾਣ ਦਾ ਇਰਾਦਾ ਹੈ। ਉਮੀਦ ਹੈ, ਗੁਰੂ ਭਲੀ ਕਰੇਗਾ।
…* * *
ਸੁਨੀਲ ਪਗਧਰੇ ਨਾਮੀ ਹਿੰਦੀ ਲੇਖਕ ਨੇ ਗਵਾਲੀਅਰ ਦਾ ਇਤਿਹਾਸ ਬੜੀ ਮਿਹਨਤ ਨਾਲ ਕਲਮਬੰਦ ਕੀਤਾ। ਉਸ ਨੂੰ ਗਵਾਲੀਅਰ ਦੇ ਸਿੰਧੀਆ ਰਾਜ ਘਰਾਣੇ, ਖ਼ਾਸ ਕਰ ਕੇ (ਮਰਹੂਮ) ਰਾਜਮਾਤਾ ਵਿਜੈ ਰਾਜੇ ਸਿੰਧੀਆ ਦੀ ਸਰਪ੍ਰਸਤੀ ਹਾਸਿਲ ਸੀ। ਉਹ 2010 ਵਿੱਚ 82 ਵਰ੍ਹਿਆਂ ਦੀ ਉਮਰ ਵਿੱਚ ਚੱਲ ਵਸਿਆ। ਉਸ ਦੇ ਭਤੀਜੇ ਤੁਸ਼ਾਰ ਨੇ ਉਸ ਦੇ ਕਾਗਜ਼ਾਤ ਵਿੱਚੋਂ ਇੱਕ ਪੁਰਾਣਾ ਮਜ਼ਮੂਨ ਪੜ੍ਹਾਇਆ ਜੋ ਛੇਵੇਂ ਗੁਰੂ ਦੀ ਨਜ਼ਰਬੰਦੀ ਦੇ ਪ੍ਰਸੰਗ ਬਾਰੇ ਨਵਾਂ ਵਿਚਾਰ ਪੇਸ਼ ਕਰਦਾ ਹੈ। ਇਹ ਵਿਚਾਰ ਹੈ ਭਾਰਤੀ ਇਤਿਹਾਸ ਵਿੱਚ ਪਹਿਲੇ ਪੁਰਅਮਨ ਸਤਿਆਗ੍ਰਹਿ ਅਤੇ ਇਸ ਸਤਿਆਗ੍ਰਹਿ ਦੀ ਕਾਮਯਾਬੀ ਦਾ। ਇਸ ਮਜ਼ਮੂਨ ਅਨੁਸਾਰ ਛੇਵੇਂ ਗੁਰੂ ਦੀ ਨਜ਼ਰਬੰਦੀ ਦੇ ਖ਼ਿਲਾਫ਼ ਸਿੱਖ ਸ਼ਰਧਾਵਾਨਾਂ ਦੇ ਜਥੇ ਵੱਖ ਵੱਖ ਥਾਵਾਂ ਤੋਂ ਗਵਾਲੀਅਰ ਆਉਣ ਲੱਗੇ। ਉਹ ਕਿਲ੍ਹੇ ਦੇ ਉਸ ਹਿੱਸੇ ਦੀ ਫ਼ਸੀਲ ’ਤੇ ਜਿੱਥੇ ਗੁਰੂ ਜੀ ਬੰਦੀ ਸਨ, ਫੁੱਲ ਚੜ੍ਹਾਉਂਦੇ, ਉਸ ਫ਼ਸੀਲ ਨੂੰ ਚੁੰਮਦੇ ਅਤੇ ਮੱਥਾ ਟੇਕ ਕੇ ਪਰਤ ਜਾਂਦੇ। ਇਹ ਸਾਰਾ ਅਮਲ ਅਮਨ-ਅਮਾਨ ਨਾਲ ਚੱਲਦਾ ਰਹਿੰਦਾ। ਸ਼ਰਧਾਲੂਆਂ ਨੂੰ ਦੇਖਣ ਲਈ ਗਵਾਲੀਅਰ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਵੀ ਜੁੜਨ ਲੱਗੇ। ਉਨ੍ਹਾਂ ਵਿੱਚੋਂ ਵੀ ਕਈ ਫ਼ਸੀਲ ’ਤੇ ਮੱਥਾ ਟੇਕਣ ਵਾਲਿਆਂ ਵਿੱਚ ਸ਼ਾਮਿਲ ਹੋਣ ਲੱਗੇ। ਕਿਲ੍ਹੇਦਾਰ ਹਰੀ ਦਾਸ ਆਪਣੇ ਰੋਜ਼ਨਾਮਚੇ ਵਿੱਚ ਹੋਰਨਾਂ ਘਟਨਾਵਾਂ ਤੋਂ ਇਲਾਵਾ ਇਸ ਵਰਤਾਰੇ ਦੀਆਂ ਰਿਪੋਰਟਾਂ ਵੀ ਬਾਦਸ਼ਾਹ ਜਹਾਂਗੀਰ ਨੂੰ ਭੇਜਿਆ ਕਰਦਾ ਸੀ। ਕਿਉਂਕਿ ਕਿਤੇ ਵੀ ਅਮਨ-ਚੈਨ ਭੰਗ ਨਹੀਂ ਸੀ ਹੋ ਰਿਹਾ, ਇਸ ਲਈ ਸ਼ਰਧਾਲੂਆਂ ਜਾਂ ਹੋਰਨਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਵੀ ਵਾਜਬ ਨਹੀਂ ਸੀ। ਸ਼ਰਧਾਲੂਆਂ ਦੇ ਇਸ ਕਿਸਮ ਦੇ ਸਤਿਆਗ੍ਰਹਿ ਨੇ ਵੀ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੀ ਨਜ਼ਰਬੰਦੀ ਘਟਾਉਣ ਅਤੇ ਉਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਉਣ ਲਈ ਮਜਬੂਰ ਕੀਤਾ। ਪਗਧਰੇ ਇਸ ਮਜ਼ਮੂਨ ਦੇ ਅਖ਼ੀਰ ਵਿੱਚ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕਰਦਾ ਹੈ ਕਿ ਸਿੱਖਾਂ ਦੇ ਉਪਰੋਕਤ ਸਤਿਆਗ੍ਰਹਿ ਨੂੰ ਭਾਰਤੀ ਇਤਿਹਾਸ ਵਿੱਚ ਜੋ ਮਾਨਤਾ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ।