ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁੱਢੇ ਸੱਪ ਦੀ ਮੌਤ

ਕਥਾ ਪ੍ਰਵਾਹ ਦੇਖਦੇ ਦੇਖਦੇ ਦਿਨ ਰਾਤ ਚੱਕਰ ਕੱਢਦੇ ਅੱਗੇ ਤੁਰਦੇ ਜਾ ਰਹੇ ਸਨ। ਉਹ ਹੈਰਾਨ ਸੀ ਕਿ ਇਹ ਥੱਕਦੇ ਕਿਉਂ ਨਹੀਂ। ਉਹਦੇ ਬਾਪੂ ਨੇ ਇੱਕ ਵਾਰ ਕਿਹਾ ਸੀ- ‘‘ਪੁੱਤ ਜਿਸ ਦਿਨ ਨਾਗ ਦੇਵ ਨੇ ਵਲੇਵਾਂ ਲਾਹ ਕੇ ਦਿਨ ਰਾਤ ਨੂੰ...
Advertisement

ਕਥਾ ਪ੍ਰਵਾਹ

ਦੇਖਦੇ ਦੇਖਦੇ ਦਿਨ ਰਾਤ ਚੱਕਰ ਕੱਢਦੇ ਅੱਗੇ ਤੁਰਦੇ ਜਾ ਰਹੇ ਸਨ। ਉਹ ਹੈਰਾਨ ਸੀ ਕਿ ਇਹ ਥੱਕਦੇ ਕਿਉਂ ਨਹੀਂ। ਉਹਦੇ ਬਾਪੂ ਨੇ ਇੱਕ ਵਾਰ ਕਿਹਾ ਸੀ- ‘‘ਪੁੱਤ ਜਿਸ ਦਿਨ ਨਾਗ ਦੇਵ ਨੇ ਵਲੇਵਾਂ ਲਾਹ ਕੇ ਦਿਨ ਰਾਤ ਨੂੰ ਅਜ਼ਾਦ ਕਰ ਦਿੱਤਾ ਸੀ, ਓਦੋਂ ਦੇ ਉਹ ਭੱਜੇ ਜਾ ਰਹੇ ਹਨ। ਜਿਸ ਦਿਨ ਨਾਗ ਦੇਵ ਨੇ ਇਨ੍ਹਾਂ ਨੂੰ ਵਲੇਟਾ ਮਾਰ ਲਿਆ, ਸਮਝੀਂ ਭਾਈ ਪਰਲੋ ਆ ਗਈ।’’

Advertisement

ਹਰੀ ਸੋਚਣ ਲੱਗਾ ਜਿਸ ਦਿਨ ਪਰਲੋ ਆਏਗੀ ਓਦੋਂ ਤੱਕ ਤਾਂ ਮੈਂ ਜ਼ਿੰਦਾ ਨਹੀਂ ਰਹਾਂਗਾ। ਦਿਨ ਰਾਤ ਵਿੱਚ ਹੀ ਉਹ ਵੱਡਾ ਹੋਣ ਲੱਗਾ।

ਸਪੇਰਿਆਂ ਦੀ ਬਸਤੀ ਵਿੱਚ ਹਰ ਕਿਸੇ ਕੋਲ ਸੱਪ ਸਨ ਪਰ ਕੀਲੇ ਹੋਏ। ਉਹਦਾ ਪਿਓ ਸਪੇਰਿਆਂ ਦਾ ਸਰਦਾਰ ਸੀ। ਧਰਮੂ ਸੱਪਾਂ ਵਾਲੇ ਦਾ ਨਾਂ ਬਸਤੀ ਵਿੱਚ ਹੀ ਨਹੀਂ ਸਗੋਂ ਪੂਰੀ ਤਸੀਲ ਵਿੱਚ ਗੂੰਜਦਾ ਸੀ। ਤਸੀਲ ਚੌਕ ਵਿੱਚ ਵੱਡੇ ਪਿੱਪਲ ਹੇਠ ਉਹਦੀ ਛੱਪਰੀ ਸੀ, ਜਿਸ ਦੀ ਬਾਹਰਲੀ ਕੰਧ ’ਤੇ ਫਨ ਖਿਲਾਰੀ ਫੁੰਕਾਰਾ ਮਾਰਦੇ ਸੱਪ ਦੀ ਵੱਡੀ ਸਾਰੀ ਤਸਵੀਰ ਸੀ। ਉਹਦੇ ਹੇਠਾਂ ਲਿਖਿਆ ਹੋਇਆ ਸੀ ‘ਸੱਪਾਂ ਦਾ ਰਾਜਾ-ਸ਼ੀਂਹ ਸਰਦਾਰ’।

ਉਹਦਾ ਪਿਓ ਮੀਂਹਾਂ ਦੇ ਦਿਨਾਂ ਵਿੱਚ ਰੋਹੀਆਂ ਵਿੱਚ ਫਿਰ ਕੇ ਮਨਪਸੰਦ ਸੱਪ ਲੱਭਦਾ। ਉਹਨੂੰ ਵਰਮੀਆਂ ਦੀ ਜਿਵੇਂ ਖੁਸ਼ਬੋ ਆ ਜਾਂਦੀ। ਉਹ ਓਥੇ ਬੈਠਾ ਸੱਪ ਦੇ ਬਾਹਰ ਆਉਣ ਦੀ ਉਡੀਕ ਕਰਦਾ। ਉਹਨੂੰ ਪਤਾ ਸੀ ਸੱਪ ਸ਼ਿਕਾਰ ਕਰਨ ਲਈ ਅਕਸਰ ਦਿਨ ਢਲੇ ਬਾਹਰ ਆਉਂਦੇ ਹਨ। ਜੇ ਕੋਈ ਸੱਪ ਨਾ ਆਉਂਦਾ ਤਾਂ ਉਹ ਕਿੰਨਾ ਕਿੰਨਾ ਚਿਰ ਮਸਤਾਂ ਵਾਂਗ ਬੀਨ ਛੇੜੀ ਰੱਖਦਾ। ਹਾਲਾਂਕਿ ਉਹ ਆਪ ਹੀ ਕਹਿੰਦਾ ਹੁੰਦਾ ਸੀ ਕਿ ਸੱਪ ਦੇ ਕੰਨ ਨਹੀਂ ਹੁੰਦੇ ਪਰ ਬੀਨ ਦੀ ਥਰਥਰਾਹਟ ਸੱਪ ਨੂੰ ਮਸਤ ਕਰ ਦੇਂਦੀ ਹੈ। ਇਸ ਥਰਥਰਾਹਟ ਨੂੰ ਲੱਭਣ ਲਈ ਹੀ ਉਹ ਵਰਮੀ ਵਿੱਚੋਂ ਬਾਹਰ ਭੱਜਦਾ ਹੈ।

ਜਦੋਂ ਕਿਤੇ ਮਨਮਰਜ਼ੀ ਦਾ ਸੱਪ ਕਾਬੂ ਆ ਜਾਂਦਾ ਤਾਂ ਧਰਮੂ ਦੇ ਪੈਰ ਭੁੰਜੇ ਨਾ ਲੱਗਦੇ। ਉਹ ਅਕਾਸ਼ ਵਿੱਚ ਉੱਡਦਾ ਮਹਿਸੂਸ ਕਰਦਾ। ਉਹਨੂੰ ਸੱਪ ਕੀਲਣ ਤੇ ਉਹਨੂੰ ਆਪਣੀ ਬੋਲੀ ਸਿਖਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ। ਉਹ ਉਹਨੂੰ ਕਈ ਕਈ ਦਿਨ ਭੁੱਖਾ ਰੱਖਦਾ। ਫਿਰ ਕਈ ਕਈ ਘੰਟੇ ਉਹਦੀ ਪਿਟਾਰੀ ਕੋਲ ਬੀਨ ਵਜਾਉਂਦਾ, ਸੱਪ ਵਾਂਗੂ ਮੇਲ੍ਹਦਾ ਉਹ ਆਪ ਉਹਦਾ ਰੂਪ ਹੋ ਜਾਂਦਾ। ਅੱਖਾਂ ਲਾਲ ਹੋ ਜਾਂਦੀਆਂ, ਸਾਹ ਫੁਲ ਜਾਂਦਾ ਤੇ ਸਰੀਰ ਵਿੱਚ ਲੋਹੜੇ ਦੀ ਊਰਜਾ ਆ ਜਾਂਦੀ ਜਿਵੇਂ ਉਹ ਸੱਚਮੁੱਚ ਸੱਪਾਂ ਦਾ ਸਰਦਾਰ ਬਣ ਗਿਆ ਹੋਵੇ। ਹਰੀ ਨੇ ਬਚਪਨ ਵਿੱਚ ਪਿਓ ਦਾ ਇਹ ਕੌਤਕ ਕਈ ਵਾਰ ਦੇਖਿਆ ਸੀ।

ਧਰਮੂ ਨੂੰ ਮੰਤਰ ਵੀ ਆਉਂਦੇ ਸਨ ਪਰ ਉਹਨੇ ਕਿਸੇ ਨੂੰ ਕਦੇ ਦੱਸੇ ਨਹੀਂ ਸਨ। ਕਈ ਵਾਰ ਸੱਪ ਲੜੇ ਦੇ ਇਲਾਜ ਵੇਲੇ ਉਹ ਮੂੰਹ ਵਿੱਚ ਮੰਤਰ ਪੜ੍ਹਦਾ ਸੀ ਤੇ ਮਰੀਜ਼ ਠੀਕ ਹੋ ਜਾਂਦਾ। ਉਹਦੇ ਕੋਲ ਕਈ ਜੜ੍ਹੀ ਬੂਟੀਆਂ ਵੀ ਸਨ, ਜੋ ਜ਼ਹਿਰ ਚੂਸ ਲੈਂਦੀਆਂ ਸਨ।

ਤਸੀਲ ਚੌਕ ਵਿੱਚ ਉਹ ਸਵੇਰੇ ਸਵੇਰੇ ਜਾ ਬਹਿੰਦਾ। ਉਹਦਾ ਸ਼ਾਗਿਰਦ ਝੰਡੂ ਆ ਕੇ ਬੁਹਾਰੀ ਦੇ ਕੇ ਪਾਣੀ ਤਰੌਂਕ ਦੇਂਦਾ। ਕਲੀ ਨਾਲ ਗੋਲ ਪਿੜ ਬਣਾ ਕੇ ਵਿਚਕਾਰ ਪਟਾਰੀ ਰੱਖ ਕੇ ਕੋਲ ਉਸਤਾਦ ਲਈ ਕੁਰਸੀ ਰੱਖ ਦੇਂਦਾ। ਨੌਂ ਵਾਲੀ ਖੇਮਕਰਨ-ਅੰਮ੍ਰਿਤਸਰ ਪੈਸੰਜਰ ਗੱਡੀ ਦੇ ਆਉਣ ਨਾਲ ਧਰਮੂ ਕੁਰਸੀ ’ਤੇ ਬਹਿ ਕੇ ਝੁਰਲੂ ਨੂੰ ਹੱਥ ’ਤੇ ਏਧਰ ਓਧਰ ਮਾਰਦਾ ਜਾਂ ਉਂਗਲਾਂ ਦੇ ਪਟਾਕੇ ਕੱਢਦਾ ਪਿੜ ਦਾ ਮੁਆਇਨਾ ਕਰਦਾ। ਤਸੀਲ ਖੁੱਲ੍ਹਣ ਵਿੱਚ ਅਜੇ ਸਮਾਂ ਹੁੰਦਾ। ਪੇਂਡੂ ਲੋਕ ਤਮਾਸ਼ਾ ਦੇਖਣ ਲਈ ਚਾਦਰੇ ਇਕੱਠੇ ਕਰਕੇ ਜੁੱਤੀਆਂ ਲਾਹ ਕੇ ਪਿੜ ਵਿੱਚ ਪੈਰਾਂ ਭਾਰ ਬਹਿ ਜਾਂਦੇ। ਉਨ੍ਹਾਂ ਨੂੰ ਪਤਾ ਸੀ ਜਦੋਂ ਦੋ ਚਾਰ ਬੰਦੇ ਬਹਿ ਗਏ ਤਾਂ ਧਰਮੂ ਨੇ ਆਪਣੀਆਂ ਭਲਵਾਨੀ ਮੁੱਛਾਂ ਨੂੰ ਵੱਟ ਦੇ ਕੇ ਬੋਲਣਾ ਸ਼ੁਰੂ ਹੋ ਜਾਣਾ। ਮੰਡੀ ਵਾਲੇ ਸਕੂਲ ਦੇ ਬੱਚੇ ਵੀ ਹੁੱਝਾਂ ਮਾਰਦੇ ਆ ਜਾਂਦੇ ਪਰ ਉਹ ਸਾਰਿਆਂ ਨੂੰ ਭਜਾ ਦੇਂਦਾ, ‘‘ਠਹਿਰ ਜੋ ਓਏ... ਭੱਜੋ ਸਕੂਲੇ ਮਾਸ਼ਟਰ ਪਿੱਛਾ ਲਾਲ ਕਰਦੇ ਗਾ... ਕੁੱਤਿਓ, ਜਾਓ ਕਤਾਬਾਂ ਪੜ੍ਹੋ...।’’

ਪਾੜ੍ਹੇ ਉਹਦੀ ਫਿਟਕਾਰ ਸੁਣ ਕੇ ਭੱਜ ਜਾਂਦੇ ਪਰ ਜਿਨ੍ਹਾਂ ਸਕੂਲੋਂ ਫਰਲੋ ਮਾਰਨੀ ਹੁੰਦੀ, ਉਹ ਮੁੜ ਘਿੜ ਕੇ ਪਿੜ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗ ਜਾਂਦੇ।

‘‘ਐ ਕਦਰਦਾਨੋ... ਮਿਹਰਬਾਨੋ... ਮੇਰੇ ਸਾਈਂ ਲੋਕੋ ਦਾਤਾ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇ... ਯਾਦ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ... ਜੱਗ ਦੇ ਤਾਰਨਹਾਰੇ... ਕੁਲ ਜਹਾਨ ਦੇ ਮਾਲਕ... ਪਰਵਰਦਗਾਰ... ਰਿਜ਼ਕ ਦਾਤੇ... ਨੌ ਨਿਧਾਂ ਦੇ ਰਾਖੇ... ਖੇਵਣਹਾਰ... ਬਾਦਸ਼ਾਹ... ਸਭ ਦੀ ਬੇੜੀ ਬੰਨੇ ਲਾਈਂ... ਦੋ ਜਹਾਨ ਦੇ ਵਾਲੀ... ਜੀਵ ਜੰਤੂ ਦੇ ਪਾਲਣਹਾਰੇ... ਗੋਸਾਈ ਤੇਰਾ ਵਾਰ ਨਾ ਜਾਏ ਖਾਲ੍ਹੀ... ਹਰ ਇੱਕ ਦੀਆਂ ਮੁਰਾਦਾਂ ਨਾਲ ਭਰੀਂ ਝੋਲੀਆਂ... ਕਦੇ ਨਾ ਰਹੇ ਸੁੱਕਾ ਮਲਾਹ ਦਾ ਹੁੱਕਾ... ਤੇ ਕਦੇ ਨਾ ਖਾਲੀ ਹੋਵੇ ਬਾਵੇ ਦੀ ਪਟਾਰੀ... ਓਮ ਬਾਵਾ... ਓਮ ਬਾਵਾ... ਨਮਸਕਾਰ... ਉਹ ਜੁੜੇ ਹੱਥ ਉੱਪਰ ਕਰਕੇ ਹਵਾ ਵਿੱਚ ਘੁੰਮਦਾ।

ਆਸੇ-ਪਾਸੇ ਬੈਠੇ ਲੋਕ ਜਿਵੇਂ ਕੀਲੇ ਜਾਂਦੇ। ਓਮ ਬਾਵਾ ਉਹਦਾ ਪਿਓ ਸੀ, ਜਿਹੜਾ ਵੰਡ ਵੇਲੇ ਉੱਜੜ ਕੇ ਆਇਆ ਸੀ। ਉਹਨੂੰ ਸੱਪਾਂ ਦਾ ਏਨਾ ਤਜਰਬਾ ਸੀ ਕਿ ਉਹ ਕੱਲਰੀ ਸੱਪਾਂ ਨੂੰ ਵੀ ਬੀਨ ਤੇ ਅੱਖਾਂ ਦੀ ਅੱਗ ਨਾਲ ਕੀਲ ਲੈਂਦਾ ਸੀ। ਇੱਕ ਵਾਰ ਇੱਕ ਕੱਲਰੀ ਸੱਪ ਨੇ ਉਹਦੇ ’ਤੇ ਪੱਕਾ ਵਾਰ ਕਰ ਦਿੱਤਾ। ਉਹਦਾ ਬਚਣਾ ਮੁਸ਼ਕਲ ਸੀ ਪਰ ਉਹਨੇ ਲੰਮਾ ਚੀਰਾ ਲਾ ਕੇ ਲੱਤ ਵਿੱਚ ਜ਼ਹਿਰ ਨਹੀਂ ਸੀ ਫੈਲਣ ਦਿੱਤਾ। ਉਹ ਹਰ ਸ਼ਾਗਿਰਦ ਨੂੰ ਪਹਿਲਾ ਸਬਕ ਇਹੀ ਦੇਂਦਾ ਸੀ ਕਿ ਕੱਲਰੀ ਸੱਪ ਨਾਲ ਕਦੇ ਪੰਗਾ ਨਹੀਂ ਲੈਣਾ। ਜੰਗਲੀ ਸੱਪ ਘੱਟ ਜ਼ਹਿਰੀਲੇ ਹੁੰਦੇ ਨੇ ਤੇ ਉਨ੍ਹਾਂ ਨੂੰ ਜਲਦੀ ਕੀਲਿਆ ਜਾ ਸਕਦੈ, ਪਰ ਕੱਲਰੀ ਹਰ ਵੇਲੇ ਕੌੜਿਆ ਰਹਿੰਦਾ। ਇਹ ਪਿਟਾਰੀ ਵਿੱਚ ਕੈਦ ਹੋ ਕੇ ਨਹੀਂ ਰਹਿ ਸਕਦਾ।

ਧਰਮਪਾਲ ਪਿੜ ਭਖਾਉਣ ਤੋਂ ਬਾਅਦ ਇੱਕ ਵਾਰ ਅੰਦਰ ਜਾਂਦਾ ਤੇ ਗੁਰੂ ਨੂੰ ਨਮਸਕਾਰ ਕਰਕੇ ਦੋ ਵਾਰੀ ਅੰਦਰ ਚੱਕਰੀ ਵਿੱਚ ਘੁੰਮ ਕੇ ਅੱਖਾਂ ਲਾਲ ਕਰਕੇ ਬਾਹਰ ਆਉਂਦਾ ਤੇ ਆਉਂਦਿਆਂ ਕਹਿੰਦਾ-

ਹਾਂ ਬਈ ਜਮੂਰੇ... ਹਾਂ ਜੀ ਉਸਤਾਦ... ਦੇਖ ਵੱਡੇ ਵੱਡੇ ਸਰਦਾਰ ਆਏ ਨੇ... ਜੀ ਉਸਤਾਦ... ਇਨ੍ਹਾਂ ਨੂੰ ਕਰਤੱਵ ਦਿਖਾਏਂਗਾ... ਜੋ ਬੋਲਾਂ ਸੱਚ ਕਰਕੇ ਦਿਖਾਏਂਗਾ... ਜੀ ਉਸਤਾਦ ਹੁਕਮ ਮੇਰੇ ਆਕਾ... ਚਲ ਜਮੂਰੇ ਲੇਟ ਜਾ।

ਜਮੂਰਾ ਲੇਟ ਜਾਂਦਾ ਤੇ ਉਹਦੇ ’ਤੇ ਚਿੱਟਾ ਕੱਪੜਾ ਪਾ ਕੇ ਤੇ ਝੁਰਲੂ ਫੇਰਦਾ। ਸੁਆਲ ਪੁੱਛਦਾ, ਉਹ ਰਟੇ ਰਟਾਏ ਜੁਆਬ ਦੇਂਦਾ -

ਬੋਲ ਜਮੂਰੇ ਸਰਦਾਰ ਦੀ ਮੱਝ ਸੂਣ ਵਾਲੀ ਏ... ਕੱਟਾ ਦਏਗੀ ਜਾਂ ਕੱਟੀ... ਉਸਤਾਦ ਕੱਟੀ...

ਪਿੜ ਵਾਲੇ ਖ਼ੁਸ਼ ਹੋ ਜਾਂਦੇ।

ਧਰਮੂ ਨਾਲ ਨਾਲ ਉਨ੍ਹਾਂ ਨੂੰ ਚੋਭਾਂ ਲਾਈ ਜਾਂਦਾ-

ਜਮੂਰੇ ਦਿਸਿਆ ਕੁਝ... ਜੀ ਉਸਤਾਦ... ਕੀ ਦੇਖਿਆ... ਮੁਰਾਦਪੁਰੇ ਵਾਲੇ ਸਰਦਾਰ ਦੇ ਘਰ ਕਾਕਾ... ਦ੍ਹੇ ਫੇਰ ਦ੍ਹੇ ਵਧਾਈਆਂ ਸਰਦਾਰ ਨੂੰ...

ਸਾਰੇ ਤਾੜੀਆਂ ਮਾਰਨ ਲੱਗ ਜਾਂਦੇ।

ਹਾਂ ਜਮੂਰੇ... ਜੀ ਉਸਤਾਦ... ਸੁਣਿਐ ਵੋਟਾਂ ਪੈਣ ਵਾਲੀਆਂ ਨੇ... ਹਾਂ ਉਸਤਾਦ... ਕੀਹਨੂੰ ਵੋਟ ਪਾਏਂਗਾ... ਪੰਜਵੜੀਏ ਸਰਦਾਰ ਨੂੰ... ਕਿਉਂ ਜਮੂਰੇ... ਹੁਣ ਤੱਕ ਤਾਂ ਉਹੀ ਜਿੱਤਦਾ ਆਇਆ... ਵਿੱਚ ਪਿਟਾਰੀ ਵਾਲੇ ਸੱਪ ਨੂੰ ਸੰਬੋਧਤ ਹੋ ਕੇ ਉਹਦੇ ਨਾਲ ਗੱਲਾਂ ਕਰਦਾ। ਸਾਰੇ ਏਸੇ ਉਡੀਕ ਵਿੱਚ ਹੁੰਦੇ ਕਿ ਕਦੋਂ ਸੱਪ ਬਾਹਰ ਆ ਕੇ ਕੌਤਕ ਦਿਖਾਏ ਤੇ ਉਹ ਫਾਰਗ ਹੋਣ। ਪਰ ਧਰਮੂ ਪਿੜ ਨੂੰ ਬੰਨ੍ਹੀ ਰੱਖਣ ਲਈ ਟੋਟਕੇ, ਚੁਟਕਲੇ, ਦੰਦ ਕਥਾਵਾਂ ਸੁਣਾਉਂਦਾ ਲੰਮਾ ਕਰੀ ਜਾਂਦਾ।

ਹਾਂ ਜਮੂਰੇ... ਜੀ ਉਸਤਾਦ... ਕੀ ਖਾਏਂਗਾ... ਉਸਤਾਦ ਬੱਕਰਾ... ਕਿੱਥੇ ਹੈ ਬੱਕਰਾ... ਉਹ ਪਿੜ ਦੇ ਪਿੱਛੇ ਖੜ੍ਹੇ ਇੱਕ ਬੰਦੇ ਵੱਲ ਇਸ਼ਾਰਾ ਕਰਦਾ ਜੋ ਮੰਡੀ ਵਿੱਚ ਬੱਕਰਾ ਵੇਚਣ ਲਈ ਉਹਦੀ ਰੱਸੀ ਫੜੀ ਖੜ੍ਹਾ ਹੁੰਦਾ।

ਚਲ ਜਮੂਰੇ... ਜੀ ਉਸਤਾਦ... ਫੜ ਲੈ ਫਿਰ ਬੱਕਰੇ ਦੀ ਰੱਸੀ... ਹੋ ਜਾ ਖ਼ੁਸ਼... ਕਰ ਦਈਂ ਨਾਗ ਰਾਜ ਨੂੰ ਖ਼ੁਸ਼... ਜਮੂਰਾ ਹੱਥ ਬਾਹਰ ਕੱਢ ਕੇ ਰੱਸੀ ਵੱਲ ਇਸ਼ਾਰਾ ਕਰਦਾ। ਏਨੇ ਨੂੰ ਬੱਕਰੇ ਵਾਲਾ ਉੱਥੋਂ ਖਿਸਕ ਜਾਂਦਾ।

ਕਈਆਂ ਨੂੰ ਤਸੀਲੇ ਆਵਾਜ਼ਾਂ ਪੈਣ ਲੱਗ ਜਾਂਦੀਆਂ। ਜਮੂਰਾ ਥਾਲੀ ਫੜੀ ਹਰ ਇੱਕ ਕੋਲ ਜਾਂਦਾ। ਇਹ ਜ਼ਮਾਨਾ ਪੈਸਿਆਂ ਦਾ ਸੀ ਹਰ ਕੋਈ ਥਾਲੀ ਵਿੱਚ ਕੁਝ ਨਾ ਕੁਝ ਸਿੱਕੇ ਪਾ ਕੇ ਤੁਰ ਜਾਂਦਾ ਤੇ ਦੇਖਦੇ ਦੇਖਦੇ ਪਿੜ ਖਾਲੀ ਹੋ ਜਾਂਦਾ। ਕੁਝ ਨੌਜਵਾਨ ਚੁੱਪਚਾਪ ਉਹਦੇ ਕੰਨ ਕੋਲ ਜਾ ਕੇ ਕੁਝ ਕਹਿੰਦੇ। ਉਹਨੂੰ ਪਤਾ ਹੁੰਦਾ ਸੀ ਕਿ ਤਾਕਤ ਦੀ ਦਵਾਈ ਲੱਭਦੇ ਨੇ। ਉਹ ਉਨ੍ਹਾਂ ਨੂੰ ਅਕਸਰ ਕਹਿੰਦਾ ਕਿ ਮਜੂਨ ਤਾਂ ਲੈ ਜੋ ਪਰ ਹੋਸ਼ ਦੀ ਮਜੂਨ ਤੁਹਾਨੂੰ ਕੌਣ ਦਏਗਾ।

ਅਗਲੇ ਪਿੜ ਤੋਂ ਪਹਿਲਾਂ ਧਰਮੂ ਬੀੜੀ ਬਾਲਦਾ ਤੇ ਪੱਠੇ ਦੀ ਪੱਖੀ ਝਲਦਾ, ਆਉਣ ਜਾਣ ਵਾਲਿਆਂ ਨੂੰ ਤਾੜਦਾ। ਜਦੋਂ ਉਹਦੀ ਅੱਖ ਪਛਾਣ ਜਾਂਦੀ ਤਾਂ ਉਹ ਦੋ ਚਾਰ ਰਾਹੀਆਂ ਨੂੰ ਆਵਾਜ਼ਾਂ ਮਾਰਦਾ ਪਿੜ ਬੰਨ੍ਹਣ ਵਿੱਚ ਰੁੱਝ ਜਾਂਦਾ। ਜਮੂਰਾ ਚਾਹ ਦੇ ਸੁੜਕੇ ਮਾਰ ਕੇ ਮੁੜ ਆਉਂਦਾ।

ਦੁਪਹਿਰੇ ਹਰੀ ਰੋਟੀ ਲੈ ਕੇ ਆਉਂਦਾ ਤਾਂ ਪਿਓ ਉਹਨੂੰ ਕੋਈ ਨਾ ਕੋਈ ਗੁਰ ਸਿਖਾਉਂਦਾ। ਇੱਕ ਦਿਨ ਉਹਨੇ ਹਰੀ ਨੂੰ ਸਮਝਾਇਆ ਸੀ, ‘‘ਪੁੱਤ ਮੇਰਿਆ... ਸਮਾਂ ਬੜਾ ਡਾਢਾ ਈ... ਬਚ ਕੇ ਰਹੀਂ। ਮੇਰਾ ਪਿਓ ਬੜਾ ਧਾਕੜ ਸਪੇਰਾ ਸੀ, ਪਰ ਵੰਡ ਨੇ ਉਹਦਾ ਸਭ ਕੁਝ ਲੁੱਟ ਲਿਆ। ਆਉਂਦਾ ਹੋਇਆ ਉਹ ਸਾਰੇ ਕੱਲਰੀ ਸੱਪ ਪਿੰਡ ਦੇ ਬਾਹਰਵਾਰ ਛੱਡ ਆਇਆ ਸੀ... ਪਰ ਬਾਬਾ ਦੱਸਦਾ ਹੁੰਦਾ ਸੀ ਕਿ ਸੱਪ ਉਹਦੇ ਮਗਰ ਮਗਰ ਤੁਰ ਪਏ... ਕਈ ਮੀਲਾਂ ਬਾਅਦ ਬਾਬੇ ਦਾ ਰੋਣ ਨਿਕਲ ਗਿਆ... ਸੱਪ ਵੀ ਰੋਣ ਲੱਗੇ... ਇੰਜ ਲਗਦਾ ਸੀ ਜਿਵੇਂ ਕੋਈ ਉੱਚੀ ਉੱਚੀ ਵੈਣ ਪਾ ਰਿਹਾ ਹੋਵੇ... ਦਿਨ ਚੜ੍ਹਦੇ ਬਾਬੇ ਨੇ ਸੱਪਾਂ ਨੂੰ ਨਮਸਕਾਰ ਕਰਕੇ ਮੰਤਰ ਫੂਕਿਆ... ਸਭ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ... ਹੌਲੀ ਹੌਲੀ ਸੱਪ ਪਿੱਛਲ ਪੈਰੀਂ ਰੀਂਗਦੇ ਲੋਪ ਹੋ ਗਏ... ਬਾਬਾ ਕਈ ਦਿਨ ਭੁੱਖਾ, ਪਿਆਸਾ ਪੱਛਮ ਵੱਲ ਦੇਖੀ ਜਾਇਆ ਕਰੇ... ਉਹਦਾ ਦੇਸ ਓਧਰ ਕਿਤੇ ਰਹਿ ਗਿਆ ਸੀ... ਬਿਗਾਨੇ ਦੇਸ ਉਹਦਾ ਕੋਈ ਨਹੀਂ ਸੀ... ਪੁੱਤ ਕਈ ਦਿਨਾਂ ਬਾਅਦ ਡਾਢਾ ਮੀਂਹ ਪਿਆ... ਬਾਬਾ ਪਾਗਲਾਂ ਵਾਂਗ ਰੋਹੀ ਵਿੱਚ ਫਿਰਦਾ ਮੰਤਰ ਫੂਕਦਾ ਰਿਹਾ... ਇੱਕ ਦਿਨ ਤਿਰਕਾਲੀਂ ਉਹਦੇ ਕੰਨਾਂ ਵਿੱਚ ਫੁੰਕਾਰੇ ਵੱਜਣ ਲੱਗੇ... ਜਿਵੇਂ ਕੋਈ ਗੈਬੀ ਸੱਪ ਉਹਨੂੰ ਬੁਲਾ ਰਿਹਾ ਹੋਵੇ... ਉਹਨੇ ਅੱਖਾਂ ਮੀਟੀਆਂ... ਧਰਤੀ ਦੀ ਮਿੱਟੀ ਮੱਥੇ ਤੇ ਕੰਨਾਂ ਨੂੰ ਛੁਹਾਈ... ਤੇ ਕੀ ਦੇਖਦਾ ਹੈ ਸਾਹਮਣੇ ਇੱਕ ਚਮਕਦੇ ਫਨ ਵਾਲਾ ਸੱਪ ਬੈਠਾ ਉਹਨੂੰ ਘੂਰ ਰਿਹੈ... ਬਾਬੇ ਦੀ ਜਾਨ ਵਿੱਚ ਜਾਨ ਆਈ... ਉਹਨੇ ਉਹਨੂੰ ਕੀਲ ਕੇ ਪਿਟਾਰੀ ਵਿੱਚ ਪਾ ਲਿਆ... ਡੇਰੇ ਆ ਕੇ ਬੱਕਰਾ ਝਟਕਾਇਆ ਤੇ ਸਾਰੀ ਰਾਤ ਮੇਲ੍ਹ ਮੇਲ੍ਹ ਕੇ ਖ਼ੁਸ਼ੀ ਮਨਾਈ... ਪੁੱਤ ਹੁਸ਼ਿਆਰ ਰਹੀਂ... ਦਿਨ ਰਾਤ ਕਦੇ ਵੀ ਧੋਖਾ ਦੇ ਸਕਦੇ ਨੇ...।’’

ਰੁੱਤ ਬਦਲ ਗਈ ਸੀ।

ਮੂੰਹਜ਼ੋਰ ਮੀਂਹਾਂ ਨੇ ਧਰਤੀ ਹੜ੍ਹ-ਵਿਰੱਤੀ ਕਰ ਦਿੱਤੀ ਸੀ। ਹਰ ਪਾਸੇ ਪਾਣੀ ਹੀ ਪਾਣੀ। ਇੰਜ ਲੱਗਦਾ ਸੀ ਜਿਵੇਂ ਪਰਲੋ ਆ ਗਈ ਹੋਵੇ। ਧਰਮਪਾਲ ਨੂੰ ਪਾਣੀ ਵਿੱਚ ਤੈਰਦੇ ਸੱਪ ਨਜ਼ਰ ਆਉਂਦੇ। ਕਦੇ ਉਹਨੂੰ ਬਾਬਾ ਗਲ ਵਿੱਚ ਸੱਪਾਂ ਦੀ ਮਾਲਾ ਪਾਈ ਪਾਣੀ ਵਿੱਚ ਖੜ੍ਹਾ ਨਜ਼ਰ ਆਉਂਦਾ। ਕਦੇ ਉਹਨੂੰ ਲਗਦਾ ਬਾਬਾ ਸਿਰ ਪਰਨੇ ਆਸਣ ਲਾਈ ਬੈਠਾ ਹੈ ਤੇ ਉਹਦੇ ਪੈਰ ਹਵਾ ਵਿੱਚ ਹਨ, ਜਿਨ੍ਹਾਂ ਉਪਰ ਸੱਪ ਲੇਟੇ ਹੋਏ ਹਨ। ਜਦ ਕਦੇ ਉਹਦੀ ਰਾਤ ਨੂੰ ਅੱਖ ਖੁੱਲ੍ਹ ਜਾਂਦੀ ਤਾਂ ਉਹਨੂੰ ਫੁੰਕਾਰੇ ਸੁਣਾਈ ਦੇਂਦੇ। ਉਹਦਾ ਸਾਹ ਘੁੱਟਣ ਲੱਗਦਾ।

ਪਾਣੀ ਹੌਲੀ ਹੌਲੀ ਘਟਣ ਲੱਗਾ। ਧਰਤੀ ’ਤੇ ਚਿੱਕੜ ਤੇ ਗਲੇ ਸੜੇ ਜਾਨਵਰਾਂ ਦੀ ਬਦਬੂ ਫੈਲਣ ਲੱਗੀ। ਧਰਮੂ ਦੀ ਛੱਪਰੀ ਵਿੱਚ ਸੂਰ ਮਰਿਆ ਪਿਆ ਸੀ। ਉੱਤੋਂ ਮੀਂਹ ਕਰਕੇ ਕੱਚੀ ਛੱਪਰੀ ਢਹਿ ਢੇਰੀ ਹੋ ਗਈ ਸੀ। ਦਵਾਈਆਂ, ਬਾਬੇ ਦੀ ਮੂਰਤ ਤੇ ਨਿੱਕ-ਸੁੱਕ ਪਾਣੀ ਵਿੱਚ ਕਿਤੇ ਰੁੜ੍ਹ ਗਏ ਸਨ। ਛੱਪਰੀ ਮਿੱਟੀ ਦੀ ਢੇਰੀ ਵਿੱਚ ਮਰੇ ਪਏ ਸੂਰ ਦੀ ਕਬਰ ਲੱਗਦਾ ਸੀ। ਉਹਨੇ ਮੁੜ ਛੱਪਰੀ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਰੋਟੀ ਦਾ ਜੁਗਾੜ ਹੋ ਜਾਏ ਪਰ ਕਮੇਟੀ ਨੇ ਨਜਾਇਜ਼ ਉਸਾਰੀ ਦਾ ਨੋਟਿਸ ਦੇ ਦਿੱਤਾ ਸੀ।

ਦਿਨਾਂ-ਰਾਤਾਂ ਵਿੱਚ ਉਲਝਿਆ ਧਰਮੂ ਮੰਜੇ ਨੂੰ ਲੱਗ ਗਿਆ ਸੀ। ਭਲਵਾਨੀ ਦੇਹ ਸੁੱਕਦੀ ਜਾ ਰਹੀ ਸੀ। ਸੱਪ ਕੋਲ ਜਾਂਦਿਆਂ ਉਹਨੂੰ ਡਰ ਲੱਗਣ ਲੱਗ ਪਿਆ ਸੀ। ਸੁਪਨੇ ਵਿੱਚ ਜੇ ਸੱਪ ਨਜ਼ਰ ਆਉਂਦਾ ਤਾਂ ਉਹਦੇ ਪਸੀਨੇ ਛੁੱਟ ਜਾਂਦੇ। ਉਹ ਬਾਬੇ ਨੂੰ ਯਾਦ ਕਰਦਾ, ਉਹਦਾ ਮਿੰਨਤ-ਤਰਲਾ ਕਰਦਾ ਕਿ ਉਹਨੂੰ ਸੱਪ ਕੋਲੋਂ ਬਚਾਏ। ਕਈ ਵਾਰ ਉਹਨੂੰ ਪੈਰਾਂ ਵਿੱਚ ਸੱਪ ਵਲ੍ਹੇਟੇ ਮਹਿਸੂਸ ਹੁੰਦੇ ਤੇ ਲੱਗਦਾ ਜਿਵੇਂ ਉਹਨੂੰ ਪੈਰਾਂ ਤੋਂ ਨਿਗਲ ਰਹੇ ਹੋਣ। ਉਹਦੀ ਚੀਕ ਨਿਕਲ ਜਾਂਦੀ।

ਉਹਨੇ ਛੀਂਬਾ ਸੱਪ ਹਰੀ ਨੂੰ ਸੌਂਪ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ,

‘‘ਪੁੱਤ, ਇਹ ਆਪਣੇ ਘਰ ਦਾ ਜੀਅ ਐ... ਇਹਨੇ ਸਾਰੀ ਉਮਰ ਰੋਟੀ ਟੁੱਕ ਖੁਆਈ ਐ... ਇਹਦਾ ਕਦੇ ਮਾੜਾ ਨਾ ਸੋਚੀਂ... ਇਹਦੀ ਉਮਰ ਬੜੀ ਲੰਮੀ ਏ... ਇਹ ਧਰਤੀ ਦਾ ਰਾਜਾ ਪੁੱਤ ਐ...।’’

ਧਰਮੂ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹਦੇ ਦਿਨ ਰਾਤ ਖ਼ਤਮ ਹੋਣ ਵਾਲੇ ਨੇ। ਉਹ ਲੰਗੜਾਉਂਦਾ ਹੋਇਆ ਹਿੰਮਤ ਕਰਕੇ ਉੱਠਿਆ ਤੇ ਸਾਰੀ ਬਸਤੀ ਦਾ ਚੱਕਰ ਲਾ ਆਇਆ। ਬਸਤੀ ਉੱਜੜਦੀ ਜਾ ਰਹੀ ਸੀ। ਤਿਲੰਗੇ ਨੇ ਉਹਨੂੰ ਦੱਸਿਆ ਕਿ ਉਹ ਸਾਰੇ ਸੱਪ ਦੂਰ ਖੇਤਾਂ ਵਿੱਚ ਛੱਡ ਆਇਐ ਕਿਉਂਕਿ ਸੱਪਾਂ ਦਾ ਤਮਾਸ਼ਾ ਹੁਣ ਕੋਈ ਨਹੀਂ ਦੇਖਦਾ। ਬਾਂਦਰੀ ਪਾਲੀ ਸੀ ਪਰ ਨਵਾਂ ਕਾਨੂੰਨ ਬਣ ਗਿਆ। ਅਖੀਰ ਉਹਨੂੰ ਉਹ ਇੱਕ ਟਰੱਕ ਵਾਲੇ ਨੂੰ ਵੇਚ ਆਇਆ।

‘‘ਬਸ ਤਾਇਆ, ਹੁਣ ਕੰਮ ਕੋਈ ਨੀ, ਸ਼ਹਿਰ ਜਾਈਦਾ, ਜੇ ਕੋਈ ਮਾੜਾ ਮੋਟਾ ਕੰਮ ਮਿਲ ਜੇ ਤਾਂ ਠੀਕ। ਨਹੀਂ ਤਾਂ ਕਿਤੇ ਨਾ ਕਿਤੇ ਲੰਗਰ ਲੱਗਿਆ ਲੱਭ ਜਾਂਦਾ, ਬਸ ਛੱਕ ਲਈਦੈ ਜੇ ਦਾਅ ਲੱਗ ਜੇ। ਕੋਈ ਵਾਹਵਾ ਸਖੀ ਹੋਵੇ ਤਾਂ ਰਾਤ ਲਈ ਵੀ ਖਿੱਚ ਲਿਆਈਦੈ...।’’

ਫਕੀਰੇ ਦੀ ਵੀ ਇਹੋ ਕਹਾਣੀ ਸੀ। ਉਹਨੂੰ ਆਪਣਾ ਰਿੱਛ ਜੰਗਲ ਛੱਡ ਕੇ ਆਉਣਾ ਪਿਆ ਸੀ। ਬਜ਼ਾਰਾਂ, ਗਲੀਆਂ ਵਿੱਚ ਰਿੱਛ ਲੈ ਕੇ ਘੁੰਮਣਾ ਤੇ ਉਹਨੂੰ ਨਚਾਉਣਾ ਅਪਰਾਧ ਹੋ ਗਿਆ ਸੀ, ‘‘ਧਰਮਿਆ, ਬਸ ਸਮਝ ਲੈ ਜਾਨਵਰ ਦਾ ਏਨਾ ਸਾਥ ਸੀ, ਸਾਰੀ ਉਮਰ ਟੱਬਰ ਦੇ ਜੀਅ ਵਾਂਗ ਰੱਖਿਆ, ਨਿੱਕੇ ਜਿਹੇ ਨੂੰ ਪਾਲਿਆ, ਸਿਧਾਇਆ ਤੇ ਠਾਠ ਨਾਲ ਰੱਖਿਆ ਪਰ... ਕੀ ਕਰੀਏ ਸਰਕਾਰਾਂ ਦੇ ਡੰਡੇ ਗ਼ਰੀਬਾਂ ’ਤੇ ਚਲਦੇ ਨੇ... ਮਾੜੇ ਨੂੰ ਕੋਈ ਨ੍ਹੀਂ ਪੁੱਛਦਾ... ਜੰਗਲ ਵਿੱਚ ਛੱਡਣਾ ਕਿਹੜਾ ਸੌਖਾ ਸੀ... ਏਨਾ ਮੋਹਖੋਰਾ ਸੀ ਮੈਂ ਜੰਗਲ ਵੱਲ ਲਿਜਾਵਾਂ ਤੇ ਉਹ ਸ਼ਹਿਰ ਵੱਲ ਭੱਜੇ... ਅਖੀਰ ਉਹਨੂੰ ਉੱਚੀ ਥਾਂ ਤੋਂ ਧੱਕਾ ਦੇ ਕੇ ਡਰਾਇਆ... ਡਰਦਾ ਈ ਕਿਤੇ ਭੱਜ ਨਿਕਲਿਆ...,’’ ਇਹ ਕਹਿੰਦੇ ਫਕੀਰੇ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਧਰਮੂ ਦਾ ਵੀ ਖੜ੍ਹਾ ਰਹਿਣਾ ਮੁਸ਼ਕਲ ਹੋ ਗਿਆ। ਉਹ ਲੰਗੜਾਉਂਦਾ ਤੁਰ ਪਿਆ।

ਉਸ ਰਾਤ ਫਿਰ ਉਹਨੂੰ ਭਿਆਨਕ ਸੁਪਨਾ ਆਇਆ। ਕੋਈ ਅਜਗਰ ਉਹਨੂੰ ਕਦੇ ਨਿਗਲ ਲੈਂਦਾ ਤੇ ਕਦੇ ਪਟਕਾ ਕੇ ਧਰਤੀ ’ਤੇ ਮਾਰਦਾ। ਉਹਦਾ ਸਾਹ ਉੱਖੜ ਰਿਹਾ ਸੀ। ਨਾ ਉਹ ਮਰ ਰਿਹਾ ਸੀ ਨਾ ਜੀਅ ਰਿਹਾ ਸੀ। ਪੂਰੀ ਰਾਤ ਕਸ਼ਮਕਸ਼ ਵਿੱਚ ਲੰਘੀ ਸੀ ਤੇ ਸਵੇਰੇ ਪਹੁ ਫੁਟਾਲੇ ਤੋਂ ਪਹਿਲਾਂ ਹੀ ਉਹਦਾ ਜਿਸਮ ਨੀਲਾ ਹੋ ਗਿਆ ਸੀ।

ਹਰੀ ਨੇ ਪਿਟਾਰੀ ਦਾ ਢੱਕਣ ਚੁੱਕ ਕੇ ਅੰਦਰ ਬੈਠੇ ਸੱਪ ਨੂੰ ਦੇਖਿਆ। ਉਹਨੇ ਮਨ ਹੀ ਮਨ ਸੋਚਿਆ ਇਹ ਤਾਂ ਹੁਣ ਤੱਕ ਮਰ ਗਿਆ ਹੋਵੇਗਾ। ਕਈ ਦਿਨਾਂ ਤੋਂ ਇਹਨੂੰ ਖਾਣ ਲਈ ਕੁਝ ਨਹੀਂ ਸੀ ਦਿੱਤਾ। ਉਹਦੇ ਕੋਲ ਆਪਣੇ ਖਾਣ ਲਈ ਵੀ ਫੁੱਟੀ ਕੌਡੀ ਨਹੀਂ ਸੀ। ਹੁਣ ਮੈਂ ਇਹਦੀ ਖੱਲ ਲਾਹ ਕੇ ਪਰਸ ਬਣਾਉਣ ਵਾਲਿਆਂ ਨੂੰ ਵੇਚ ਦਿਆਂਗਾ, ਘੱਟੋ ਘੱਟ ਇਹਦੇ ਮਰੇ ਤੋਂ ਚਾਰ ਪੈਸੇ ਕਮਾਏ ਜਾ ਸਕਣ। ਜਿਊਂਦਾ ਤਾਂ ਹੁਣ ਇਹ ਕਿਸੇ ਕੰਮ ਦਾ ਨਹੀਂ ਰਿਹਾ।

ਉਹਨੇ ਆਪਣੀ ਉਂਗਲ ਨਾਲ ਉਹਨੂੰ ਟੋਹਿਆ ਤਾਂ ਉਹ ਇਕਦਮ ਫਨ ਖਲਾਰ ਕੇ ਸੁਸਤੀ ਜਿਹੀ ਨਾਲ ਏਧਰ ਓਧਰ ਦੇਖਣ ਲੱਗਾ। ਉਹਨੂੰ ਲੱਗਿਆ ਕਿ ਉਹਦੇ ਫਨ ਵਿੱਚ ਉਹ ਜਾਨ ਨਹੀਂ ਰਹੀ। ਉਹ ਉਹਨੂੰ ਕਹਿਣ ਲੱਗਾ, ‘‘ਤੂੰ ਸੱਪ ਦਾ ਬੱਚਾ ਨਹੀਂ ਰਿਹਾ। ਗੰਢ-ਗੰਡੋਏ ਦੀ ਨਸਲ ਬਣ ਗਿਐਂ। ਹੁਣ ਤੈਨੂੰ ਮੈਂ ਕਿਵੇਂ ਲੋਕਾਂ ਨੂੰ ਦਿਖਾ ਕੇ ਪੈਸੇ ਇਕੱਠੇ ਕਰਿਆ ਕਰਾਂਗਾ। ਮੇਰੇ ਕੋਲ ਰੋਟੀ ਲਈ ਤੂੰ ਹੀ ਗਿੱਦੜਸਿੰਘੀ ਸੈਂ। ਹੁਣ ਮੈਨੂੰ ਵੀ ਬੱਸ ਸਟਾਪ ’ਤੇ ਅੰਨ੍ਹਾ ਬਣ ਕੇ ਭੀਖ ਮੰਗਣੀ ਪੈਣੀ ਏ।’’

ਜਦੋਂ ਮੰਗ ਤੰਗ ਕੇ ਵੀ ਗੁਜ਼ਾਰਾ ਨਾ ਹੋਇਆ ਤਾਂ ਉਹਨੇ ਸੱਪ ਤੋਂ ਛੁਟਕਾਰਾ ਪਾਉਣ ਦਾ ਫ਼ੈਸਲਾ ਕਰ ਲਿਆ। ਉਹ ਸੋਚਣ ਲੱਗਾ ਕਿ ਹੁਣ ਉਹ ਸਟੇਸ਼ਨ ’ਤੇ ਕੁਲੀਗਿਰੀ ਕਰੇਗਾ ਪਰ ਇਸ ਤੋਂ ਪਹਿਲਾਂ ਇਸ ਸੱਪ ਨੂੰ ਟਿਕਾਣੇ ਲਾਉਣਾ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਸਪੇਰਿਆਂ ਨੂੰ ਲੱਭ ਰਹੀਆਂ ਹਨ ਤਾਂ ਜੋ ਉਨ੍ਹਾਂ ਕੋਲੋਂ ਸੱਪ ਖੋਹ ਕੇ ਜੁਰਮਾਨੇ ਲਾਏ ਜਾਣ। ਹੁਣ ਉਹਦੇ ਲਈ ਦੁੱਧ, ਆਂਡੇ ਖਰੀਦਣੇ ਵੀ ਉਹਦੇ ਵੱਸੋਂ ਬਾਹਰੇ ਹੋ ਗਏ ਸਨ।

ਉਹਨੇ ਜਦੋਂ ਦੀ ਹੋਸ਼ ਸੰਭਾਲੀ ਸੀ ਤਦੋਂ ਤੋਂ ਉਹਦਾ ਪਿਓ ਹੀ ਉਹਦਾ ਗੁਰੂ ਸੀ। ਜਦੋਂ ਉਹ ਦਸਾਂ ਵਰ੍ਹਿਆਂ ਦਾ ਹੋਇਆ ਤਾਂ ਪਿਓ ਨੇ ਉਹਨੂੰ ਨਾਗ ਨੂੰ ਕੀਲ ਕੇ ਰੱਖਣ ਤੇ ਉਤਸੁਕਤਾ ਵਾਲੇ ਅੰਦਾਜ਼ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਭਾਸ਼ਣ ਦੇਣਾ ਸਿਖਾਇਆ। ਉਹਨੇ ਇਹ ਵੀ ਜਾਚ ਸਿਖਾਈ ਸੀ ਕਿ ਲੋਕਾਂ ਵਿੱਚੋਂ ਹੀ ਕਿਸੇ ਦੀ ਕੰਨੀ ਨੂੰ ਫੜ ਕੇ ਤਮਾਸ਼ੇ ਵਿੱਚ ਸਿਖਰ ਕਿਵੇਂ ਸਜਾਉਣੀ ਹੈ। ਬੀਨ ਦੀ ਧੁਨ ਨੂੰ ਕਿਵੇਂ ਮਰੋੜੀਆਂ ਦੇਣੀਆਂ ਹਨ ਕਿ ਸੱਪ ਤੇ ਸਰੋਤੇ ਦੋਵੇਂ ਕੀਲੇ ਜਾਣ। ਨਾਲ ਹੀ ਪਿਓ ਨੇ ਇਹ ਵੀ ਹਦਾਇਤ ਦਿੱਤੀ ਸੀ ਕਿ ਹਫ਼ਤੇ ਵਿੱਚ ਦੋ ਵਾਰ ਇਹਨੂੰ ਆਂਡੇ ਖੁਆਉਣੇ ਨਾ ਭੁੱਲੀਂ। ਜਦੋਂ ਇਹ ਬੁੱਢਾ ਹੋ ਗਿਆ ਤਾਂ ਹਰ ਦਿਨ ਛੋਟਾ ਹੁੰਦਾ ਜਾਵੇਗਾ। ਇੱਕ ਦਿਨ ਇਹਦੇ ਖੰਭ ਨਿਕਲ ਆਉਣਗੇ ਤੇ ਇਹ ਅਕਾਸ਼ ਵੱਲ ਉੱਡ ਜਾਵੇਗਾ।

ਇੱਕ ਦਿਨ ਮੁੰਡਾ ਆਲਸ ਦਾ ਮਾਰਿਆ ਪਿਓ ਨਾਲ ਨਾ ਗਿਆ। ਸ਼ਾਮ ਨੂੰ ਉਹਦੇ ਪਿਓ ਨੇ ਉਹਨੂੰ ਮਠਿਆਈ ਦਾ ਲਿਫ਼ਾਫ਼ਾ ਦੇਂਦਿਆਂ ਕਿਹਾ ਕਿ ਅੱਜ ਬੀਨ ’ਤੇ ਨਾਗ ਨੇ ਸ਼ਾਨਦਾਰ ਡਾਂਸ ਕੀਤਾ। ਹੁਣ ਇਹ ਮੇਰੀਆਂ ਸਾਰੀਆਂ ਗੱਲਾਂ ਸਮਝਣ ਲੱਗ ਪਿਐ। ਨਾਚ ਦੇ ਅਖੀਰ ’ਤੇ ਉਹ ਆਪਣੀ ਪੂਛ ਦੀ ਨੋਕ ’ਤੇ ਛੇ ਫੁੱਟ ਉੱਚਾ ਖੜ੍ਹਾ ਹੋ ਗਿਆ। ਪੂਰੇ ਜ਼ੋਰ ਨਾਲ ਫਨ ਖਿਲਾਰ ਕੇ ਤਕੜਾ ਫੁੰਕਾਰਾ ਮਾਰਿਆ ਤੇ ਸਾਰੀ ਭੀੜ ਦੀਆਂ ਚਾਂਗਰਾਂ ਕਢਵਾ ਦਿੱਤੀਆਂ। ਲੋਕ ਖ਼ੁਸ਼ ਜ਼ਰੂਰ ਹੋਏ ਪਰ ਦਮੜੇ ਦੇਣ ਵੇਲੇ ਏਧਰ ਓਧਰ ਹੋ ਗਏ। ਫਿਰ ਵੀ ਦੋ ਚਾਰ ਦਿਨ ਢਿੱਡ ਨੂੰ ਝੁਲਕਾ ਦੇ ਲਵਾਂਗੇ। ਕੱਲ੍ਹ ਇਹਨੂੰ ਆਂਡੇ ਵੀ ਖੁਆਉਣੇ ਨੇ, ਨਹੀਂ ਤਾਂ ਜੇ ਇਹਦਾ ਜੋਸ਼ ਮੱਠਾ ਪੈ ਗਿਆ ਤਾਂ ਇਹ ਗੰਡੋਏ ਦੀ ਔਲਾਦ ਬਣ ਜਾਏਗਾ।

ਪਿਓ ਨੇ ਇਹ ਵੀ ਕਿਹਾ ਸੀ ਕਿ ‘ਇਹ ਪਰਿਵਾਰ ਦਾ ਜੀਅ ਐ... ਇਹਦਾ ਪੂਰਾ ਖਿਆਲ ਰੱਖੀਂ... ਜੇ ਕਿਤੇ ਦਿਨਾਂ-ਰਾਤਾਂ ਦਾ ਹੇਰ ਫੇਰ ਹੋ ਜਾਏ ਤਾਂ ਆਪ ਭੁੱਖਾ ਰਹਿ ਕੇ ਇਹਨੂੰ ਖੁਆਈਂ... ਇਹਨੇ ਸਾਰੀ ਹਯਾਤੀ ਸਾਨੂੰ ਪਾਲਿਆ... ਬੜਾ ਕੀਮਤੀ ਜੀਅ ਐ... ਇਹ ਵੱਡਿਆਂ ਦੀ ਨਿਸ਼ਾਨੀ ਐ...।’

ਪਰ ਅੱਜ ਉਹਦੇ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ। ਬਾਪੂ ਦੇ ਬੋਲ ਉਹਦੇ ਲਈ ਪੁਗਾਉਣੇ ਔਖੇ ਸਨ। ਉਹ ਜਾਂ ਤਾਂ ਆਪ ਮਰ ਸਕਦਾ ਸੀ ਜਾਂ ਇਸ ਬੁੱਢੇ ਸੱਪ ਨੂੰ ਮਾਰ ਸਕਦਾ ਸੀ।

ਉਹਦੇ ਵਿੱਚ ਜਿਊਣ ਦੀ ਲਾਲਸਾ ਸੀ। ਉਹ ਹਰ ਰੋਜ਼ ਸਵੇਰੇ ਉੱਠ ਕੇ ਪਿਟਾਰੀ ਦਾ ਢੱਕਣ ਖੋਲ੍ਹ ਕੇ ਦੇਖਦਾ। ਸੱਪ ਸੁਸਤ ਹੁੰਦਾ ਜਾ ਰਿਹਾ ਸੀ, ਪਰ ਉਹਦੀਆਂ ਅੱਖਾਂ ਵਿੱਚ ਮੌਤ ਦੇ ਭੈਅ ਨਾਲੋਂ ਜ਼ਿੰਦਗੀ ਨਜ਼ਰ ਆਉਂਦੀ ਤੇ ਉਹ ਹੌਲੀ ਜਿਹੀ ਫੁੰਕਾਰਾ ਮਾਰ ਕੇ ਢਿੱਲਾ ਜਿਹਾ ਫਨ ਖਿਲਾਰ ਲੈਂਦਾ।

ਹਰੀ ਨੇ ਕਈ ਦਿਨ ਪਿਟਾਰੀ ਨਾ ਖੋਲ੍ਹਣ ਦਾ ਮਨ ਬਣਾ ਲਿਆ। ਇੱਕ ਦਿਨ ਅਚਾਨਕ ਉਹਨੇ ਸਵੇਰੇ ਜਦੋਂ ਪਿਟਾਰੀ ਖੋਲ੍ਹੀ ਤਾਂ ਸੱਪ ਅਜੇ ਜਿਊਂਦਾ ਸੀ, ਸਾਹ ਬਾਕੀ ਸਨ। ਉਹਨੇ ਫਨ ਨਹੀਂ ਖਿਲਾਰਿਆ। ਉਹਦੀਆਂ ਅੱਖਾਂ ਦੇਖ ਕੇ ਹਰੀ ਡਰ ਗਿਆ ਸੀ। ਉਹਨੂੰ ਲੱਗ ਰਿਹਾ ਸੀ ਦਿਨ ਰਾਤ ਦਾ ਚੱਕਰ ਰੁਕਣ ਵਾਲਾ ਹੈ ਜਾਂ ਇਹ ਪਿੱਛੇ ਨੂੰ ਗਿੜ ਜਾਏਗਾ।

ਤੜਕੇ ਦਿਨ ਵਾਹਵਾ ਚੜ੍ਹ ਆਇਆ ਸੀ ਜਦੋਂ ਉਹਦੀ ਅੱਖ ਖੁੱਲ੍ਹੀ। ਉਹਨੇ ਪਿਟਾਰੀ ਖੋਲ੍ਹੀ ਤਾਂ ਸੱਪ ਮਰ ਚੁੱਕਾ ਸੀ। ਉਹਨੂੰ ਧੱਕਾ ਜਿਹਾ ਲੱਗਿਆ ਜਿਵੇਂ ਬਾਪੂ ਕਹਿ ਰਿਹਾ ਹੋਵੇ- ‘‘ਅਖੀਰ ਤੂੰ ਹਤਿਆਰਾ ਨਿਕਲਿਆ... ਮਾਰ ਦਿੱਤਾ ਨਾ ਘਰ ਦਾ ਜੀਅ... ਤੂੰ ਪਾਪੀ ਏਂ... ਪੁੱਤ ਤੂੰ ਸੱਪ ਦੀ ਜੂਨ ਹੰਢਾਏਂਗਾ... ਤੇਰੇ ਸਿਰ ਘਰ ਦੇ ਜੀਅ ਦਾ ਘਾਤ ਕਰਨ ਦਾ ਸਰਾਪ ਐ... ਕਈ ਜੂਨਾਂ ਭਟਕੇਂਗਾ...’’ ਉਹਦੇ ਕੰਨਾਂ ਵਿੱਚ ਫੁੰਕਾਰੇ ਵੱਜ ਰਹੇ ਸਨ ਜਦੋਂ ਵਿਹੜੇ ਵਿੱਚ ਚਿੜੀਆਂ ਨੇ ਚੀਕ ਚਿਹਾੜਾ ਪਾਇਆ ਹੋਇਆ ਸੀ...।

Advertisement