ਮਰਿਆਂ ਬਰੋਬਰ
ਪਿੰਡੋਂ ਮੇਰੇ ਦੋਸਤ ਦੇ ਛੋਟੇ ਭਰਾ ਦਾ ਮੈਨੂੰ ਪਹਿਲੀ ਵਾਰ ਫੋਨ ਆਇਆ। ਉਸ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਅਖੀਰ ’ਚ ਮੈਨੂੰ ਕਹਿਣ ਲੱਗਿਆ, ‘‘ਵੀਰ, ਇੱਕ ਮੁਸ਼ਕਲ ਦਾ ਹੱਲ ਕਰਵਾਉਣੈ ਤੇਰੇ ਕੋਲੋਂ। ਕਿਸੇ ਦਿਨ ਪਿੰਡ ਗੇੜਾ ਮਾਰ ਕੇ ਜਾਈਂ। ਮੈਂ ਫੋਨ ਤਾਂ ਇਸੇ ਕੰਮ ਲਈ ਕੀਤਾ ਸੀ ਤੁਹਾਨੂੰ।’’
ਮੈਂ ਕਿਹਾ, ‘‘ਤੂੰ ਮੈਨੂੰ ਫੋਨ ’ਤੇ ਹੀ ਦੱਸ ਦੇ।’’ ਪਰ ਉਸ ਨੇ ਕਿਹਾ, ‘‘ਇਹ ਫੋਨ ’ਤੇ ਕਰਨ ਵਾਲੀ ਗੱਲ ਨਹੀਂ। ਤੂੰ ਆ ਕੇ ਸੁਣ ਲਈਂ,’’ ਇਉਂ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋਇਆ ਕਿ ਇਸ ਨੂੰ ਅਜਿਹੀ ਕਿਹੜੀ ਮੁਸ਼ਕਿਲ ਆ ਪਈ, ਜਿਸ ਦਾ ਹੱਲ ਸਿਰਫ਼ ਮੈਂ ਹੀ ਕੱਢ ਸਕਦਾ ਹਾਂ, ਜਿਸ ਕਰਕੇ ਉਸ ਨੇ ਮੈਨੂੰ ਫੋਨ ਕੀਤਾ ਹੈ। ਫੋਨ ਸੁਣ ਕੇ ਮੈਂ ਚੱਕਰ ਜਿਹੇ ’ਚ ਪੈ ਗਿਆ। ਮੈਂ ਆਪਣਾ ਫੋਨ ਜੇਬ ਵਿੱਚ ਪਾਉਂਦੇ ਹੋਏ ਮਨਬਚਨੀ ਕੀਤੀ, ‘ਜੇ ਕੋਈ ਬਹੁਤੀ ਕਾਹਲ ਵਾਲਾ ਕੰਮ ਹੁੰਦਾ ਤਾਂ ਉਹ ਆਪਣੀ ਗੱਲ ਵਿੱਚ ਕਿਸੇ ਦਿਨ ਸ਼ਬਦ ਨਾ ਵਰਤਦਾ, ਸਗੋਂ ਮੈਨੂੰ ਕਹਿੰਦਾ, ਵੀਰੇ ਜਲਦੀ ਗੇੜਾ ਮਾਰ ਕੇ ਜਾਈਂ’।
ਉਂਝ ਹੀ ਇਹ ਗੱਲ ਇੱਕ ਦੋ ਦਿਨ ਮੇਰੇ ਦਿਮਾਗ਼ ਵਿੱਚ ਘੁੰਮਦੀ ਰਹੀ। ਫਿਰ ਮੈਂ ਆਪਣੇ ਕੰਮ ਧੰਦਿਆਂ ਵਿੱਚ ਉਲਝਿਆ ਹੋਇਆ ਹੋਣ ਕਰਕੇ ਭੁੱਲ ਹੀ ਗਿਆ ਸਾਂ ਕਿ ਮੈਨੂੰ ਪਿੰਡੋਂ ਬੰਸੀ ਦਾ ਫੋਨ ਵੀ ਆਇਆ ਸੀ। ਤਿੰਨ ਕੁ ਦਿਨਾਂ ਬਾਅਦ ਆਪਣੇ ਫੋਨ ਦੀ ਫੋਲਾ ਫਾਲੀ ਕਰਦਿਆਂ, ਕਿਸੇ ਹੋਰ ਬੰਸੀ ਦਾ ਨਾਂ ਦੇਖ ਕੇ ਮੈਨੂੰ ਧਿਆਨ ਆਇਆ ਕਿ ਮੈਨੂੰ ਤਾਂ ਅਮਰੀਕ ਦੇ ਛੋਟੇ ਭਰਾ ਬੰਸੀ ਦਾ ਵੀ ਫੋਨ ਆਇਆ ਸੀ, ਮੈਂ ਤਾਂ ‘ਕਿਸੇ ਦਿਨ’ ਪਿੰਡ ਗੇੜਾ ਮਾਰ ਕੇ ਆਉਣਾ ਸੀ। ਉਸ ਦਾ ਨਾਂ ਦੇਖਦੇ ਹੀ ਮੇਰੇ ਮਨ ਅੰਦਰ ਕਾਹਲ ਜਿਹੀ ਪੈਦਾ ਹੋ ਗਈ।
ਮੈਂ ਅਗਲੇ ਦਿਨ ਹੀ ਆਪਣੇ ਦੋਸਤ ਅਤੇ ਉਸ ਦੇ ਛੋਟੇ ਭਰਾ ਨੂੰ ਮਿਲਣ ਲਈ ਪਿੰਡ ਨੂੰ ਚੱਲ ਪਿਆ। ਰਾਹ ਵਿੱਚ ਜਾਂਦੇ ਜਾਂਦੇ ਮੈਨੂੰ ਖ਼ਿਆਲ ਆਇਆ ਕਿ ਅਮਰੀਕ ਮੇਰੇ ਬਚਪਨ ਦਾ ਦੋਸਤ ਹੈ। ਮੈਂ ਅੱਜ ਤੱਕ ਜੋ ਕੁਝ ਵੀ ਉਸ ਨੂੰ ਕਿਹਾ ਹੈ, ਉਸ ਨੇ ਮੇਰੀ ਹਰੇਕ ਗੱਲ ਨੂੰ ਹੁਕਮ ਵਾਂਗ ਮੰਨਿਆ। ਉਹ ਮੈਨੂੰ ਆਪਣਾ ਦੋਸਤ ਘੱਟ ਤੇ ਵੱਡਾ ਭਰਾ ਜ਼ਿਆਦਾ ਸਮਝਦਾ ਹੈ, ਪਰ ਉਹ ਆਪਣੀ ਜ਼ਿੰਦਗੀ ਨੂੰ ਗ੍ਰਹਿਸਥੀ ਜੀਵਨ ’ਚ ਢਾਲ ਨਹੀਂ ਸਕਿਆ, ਭਾਵ ਉਸ ਦਾ ਵਿਆਹ ਨਹੀਂ ਸੀ ਹੋਇਆ ਕਿਉਂਕਿ ਉਸ ਨੇ ਇਹ ਪੱਕਾ ਧਾਰਿਆ ਹੋਇਆ ਸੀ ਕਿ ਵਿਆਹ ਸਰਕਾਰੀ ਨੌਕਰੀ ਲੈ ਕੇ ਹੀ ਕਰੇਗਾ। ਦਸਵੀਂ ਦੀ ਫਸਟ ਡਿਵੀਜ਼ਨ ਵਾਲਾ, ਜਾਤੀ ਅਤੇ ਪੇਂਡੂ ਇਲਾਕੇ ਵਾਲਾ ਸਰਟੀਫਿਕੇਟ ਉਸ ਨੇ ਫੋਟੋਸਟੇਟ ਕਰਵਾ ਕੇ ਕਿੱਥੇ ਕਿੱਥੇ ਨਹੀਂ ਸੀ ਵੰਡਿਆ! ਉਸ ਨੇ ਨੌਕਰੀ ਲਈ ਸਿਰਤੋੜ ਯਤਨ ਕੀਤੇ, ਪਰ ਉਸ ਨੂੰ ਕਿਤੋਂ ਖ਼ੈਰ ਨਹੀਂ ਸੀ ਪਈ।
ਨੌਕਰੀ ਖ਼ਾਤਰ ਉਸ ਨੇ ਅਨੇਕਾਂ ਥਾਵਾਂ ’ਤੇ ਟੱਕਰਾਂ ਮਾਰੀਆਂ। ਹਰ ਜਗ੍ਹਾ ਮੈਂ ਉਸ ਦੇ ਨਾਲ ਜਾਂਦਾ ਰਿਹਾ। ਕਦੇ ਚੰਡੀਗੜ੍ਹ, ਕਦੇ ਪਟਿਆਲੇ ਅਤੇ ਕਦੇ ਜਲੰਧਰ, ਪਤਾ ਨਹੀਂ ਕਿਹੜੀਆਂ ਕਿਹੜੀਆਂ ਥਾਵਾਂ ਉੱਤੇ ਅਸੀਂ ਆਪੋ ਆਪਣੇ ਸਾਈਕਲਾਂ ’ਤੇ ਘੁੰਮਦੇ ਰਹੇ ਸੀ। ਕਈਆਂ ਨੇ ਉਸ ਨੂੰ ਇਉਂ ਲਾਰੇ ਵੀ ਲਾਏ ਕਿ ਬਸ ਦੋ ਚਾਰ ਦਿਨਾਂ ’ਚ ਤੇਰਾ ਕੰਮ ਹੋਣ ਵਾਲਾ ਹੈ। ਇਹ ਸੁਣ ਕੇ ਕਿਸੇ ਹੌਸਲੇ ਜਿਹੇ ਵਿੱਚ ਅਸੀਂ ਘਰ ਨੂੰ ਮੁੜ ਆਉਂਦੇ, ਪਰ ਕਿਧਰੋਂ ਵੀ ਉਸ ਦੇ ਪੱਲੇ ਖੈਰ ਨਹੀਂ ਸੀ ਪੈ ਰਹੀ। ਘਰ ਦੇ ਕੰਮ ਧੰਦੇ ਉਹ ਆਪਣੇ ਵੱਡੇ ਭਰਾ ਦੇ ਸਿਰ ’ਤੇ ਛੱਡ ਕੇ ਨੌਕਰੀ ਖ਼ਾਤਰ ਭੱਜਿਆ ਫਿਰਦਾ ਰਿਹਾ। ਉਸ ਦਾ ਵੱਡਾ ਭਰਾ ਦਿਮਾਗ਼ੀ ਤੌਰ ’ਤੇ ਥੋੜ੍ਹਾ ਸਿੱਧਾ ਹੈ। ਉਸ ਦਾ ਭਲਾ ਕਿਸ ਨੇ ਵਿਆਹ ਕਰਨਾ ਸੀ? ਕਿਉਂ ਜੋ ਉਸ ਨੂੰ ਖਾਣ ਪਹਿਨਣ ਦੀ ਵੀ ਕੋਈ ਸੁੱਧ ਬੁੱਧ ਨਹੀਂ ਸੀ। ਜਿਹੋ ਜਿਹਾ ਕਿਸੇ ਨੇ ਕੁਝ ਦੇ ਦਿੱਤਾ, ਉਹੋ ਜਿਹਾ ਖਾ ਜਾਂ ਪਹਿਨ ਲੈਂਦਾ। ਹਰ ਸਮੇਂ ਉਸ ਦੇ ਮੂੰਹ ਵਿੱਚੋਂ ਰਾਲ੍ਹ ਜਿਹੀ ਡਿੱਗਦੀ ਰਹਿੰਦੀ, ਪਰ ਉਹ ਘਰ ਦੇ ਕੰਮਾਂ ਨੂੰ ਨਿਰਾ ਧੱਕੜ ਸੀ। ਸਾਰੀ ਦਿਹਾੜੀ ਦਾਤੀ ਪੱਲੀ ਚੁੱਕ ਕੇ ਲੋਕਾਂ ਦੇ ਖੇਤਾਂ ਨੂੰ ਗਿਆ ਰਹਿੰਦਾ। ਜੇ ਕਿਸੇ ਨੇ ਉੱਥੇ ਕੁਝ ਖਾਣ ਨੂੰ ਦੇ ਦਿੱਤਾ ਤਾਂ ਖਾ ਲਿਆ, ਨਹੀਂ ਤਾਂ ਕੱਖਾਂ ਦੀ ਪੰਡ ਖੋਤ ਕੇ ਘਰ ਨੂੰ ਵਾਪਸ ਆ ਜਾਂਦਾ।
ਅਮਰੀਕ ਹੋਰਾਂ ਨੇ ਉਸ ਦੇ ਸਹਾਰੇ, ਘਰੇ ਦੋ ਵਹਿੜੀਆਂ, ਦੋ ਮੱਝਾਂ ਵੀ ਰੱਖੀਆਂ ਹੋਈਆਂ ਸਨ। ਸਵੇਰੇ ਸ਼ਾਮ ਦੋ ਵਕਤ ਦੋਧੀ ਨੂੰ ਦੁੱਧ ਪੈਂਦਾ। ਸਾਰੇ ਵਿਹੜੇ ਵਾਲਿਆਂ ਨਾਲੋਂ ਵਧੀਆ ਚਿੱਟੀ ਚਾਹ ਪੀਂਦੇ। ਵਿਹੜੇ ਵਾਲੇ ਹੋਣ ਕਰਕੇ ਅਮਰੀਕ ਨੂੰ ਨੌਕਰੀ ਮਿਲਣ ਵਿੱਚ ਉਮਰ ਦੀ ਪੂਰੀ ਪੂਰੀ ਛੋਟ ਵੀ ਸੀ, ਪਰ ਫਿਰ ਵੀ ਕੀਤੇ ਸਾਰੇ ਸਿਰਤੋੜ ਯਤਨ ਅਜਾਈਂ ਗਏ। ਕਈ ਥਾਵਾਂ ਤੋਂ ਸਿਫ਼ਾਰਸ਼ਾਂ ਵੀ ਪੁਆਈਆਂ, ਪਰ ਉਨ੍ਹਾਂ ਵੱਲੋਂ ਮੰਗਿਆ ਪੈਸਾ ਅਮਰੀਕ ਦੇ ਗਲ ਦੀ ਹੱਡੀ ਬਣ ਜਾਂਦਾ। ਫਿਰ ਉਸ ਦਾ ਮਸੋਸਿਆ ਹੋਇਆ ਚਿਹਰਾ ਮੈਥੋਂ ਦੇਖਿਆ ਨਾ ਜਾਂਦਾ। ਜਦੋਂ ਉਸ ਨੇ ਕਹਿਣਾ, ‘ਮੈਂ ਕਿਹੜਾ ਕੋਈ ਅਫ਼ਸਰੀ ਮੰਗਦਾਂ ਯਾਰ? ਚੌਕੀਦਾਰ ਤਾਂ ਅਨਪੜ੍ਹ ਵੀ ਰੱਖੇ ਜਾਂਦੇ ਨੇ।’ ਜਿਉਂ ਜਿਉਂ ਸਮਾਂ ਲੰਘਦਾ ਗਿਆ, ਮੈਨੂੰ ਉਸ ਦੇ ਅੰਦਰ ਇੱਕ ਕਾਹਲ, ਇੱਕ ਬੈਚੈਨੀ ਜਿਹੀ ਦਿਖਾਈ ਦੇਣ ਲੱਗੀ। ਉਹ ਆਪਣੀ ਦਾੜ੍ਹੀ ਵਿੱਚ ਆਏ ਕਿਸੇ ਕਿਸੇ ਚਿੱਟੇ ਵਾਲ਼ ਨੂੰ ਬਾਕੀ ਵਾਲਾਂ ’ਚ ਏਧਰ ਓਧਰ ਘੁਮਾ ਕੇ ਲੁਕਾਉਣ ਦੀ ਕੋਸ਼ਿਸ਼ ਕਰਦਾ।
ਹੁਣ ਤਾਂ ਭਲਾ ਹੋਣਾ ਹੀ ਕੀ ਸੀ। ਹੁਣ ਤਾਂ ਉਮਰ ਦੇ ਪੰਜ ਦਹਾਕੇ ਬੀਤ ਗਏ। ਵੇਲਾ ਕਦੋਂ ਦਾ ਵਿਹਾ ਗਿਆ। ਵਿਆਹ ਵਾਲੀ ਰੁੱਤ ਤਾਂ ਕਦੋਂ ਦੀ ਲੰਘ ਚੁੱਕੀ ਹੈ। ਫੇਰ ਪਿੰਡ ... ਹੈ। ਇੱਥੇ ਤਾਂ ਖਾਧੇ ਪੀਤੇ ਦਾ ਵੀ ਸਭ ਨੂੰ ਪਤਾ ਹੁੰਦਾ ਹੈ। ਸ਼ਹਿਰਾਂ ’ਚ ਤਾਂ ਰਿਸ਼ਤੇ ਹੁੰਦੇ ਨੇ, ਪਰ ਹੁਣ ਤਾਂ ਕੋਈ ਪਿੰਡ ਵਾਲਾ ਵੀ ਪਿੰਡ ’ਚ ਰਿਸ਼ਤਾ ਕਰਨ ਲਈ ਤਿਆਰ ਨਹੀਂ। ਹੁਣ ਉਸ ਅੱਗੇ ਕੋਈ ਚਾਰਾ ਨਹੀਂ ਸੀ ਬਚਿਆ। ਉਸ ਨੇ ਹਾਲਾਤ ਅੱਗੇ ਹਥਿਆਰ ਸੁੱਟ ਦਿੱਤੇ ਸਨ। ਫਿਰ ਉਸ ਨੇ ਆਪਣੇ ਆਪ ਨੂੰ ‘ਓਸ ਰੱਬ’ ਅੱਗੇ ਸਮਰਪਿਤ ਕਰ ਦਿੱਤਾ ਸੀ।
ਹਾਂ, ਉਸ ਦੇ ਛੋਟੇ ਭਰਾ ਬੰਸੀ ਦਾ ਵਿਆਹ ਹੋ ਗਿਆ ਸੀ। ਨੌਕਰੀ ਤਾਂ ਉਸ ਨੂੰ ਵੀ ਕੋਈ ਨਹੀਂ ਸੀ ਮਿਲੀ, ਪਰ ਉਹ ਕੱਪੜੇ ਸਿਉਣ ਦਾ ਵਧੀਆ ਕਾਰੀਗਰ ਬਣ ਗਿਆ ਸੀ। ਸ਼ਹਿਰ ਵਿੱਚ ਜਿਸ ਟੇਲਰ ਮਾਸਟਰ ਕੋਲ ਉਹ ਕੱਪੜੇ ਸਿਉਣ ਦਾ ਗੁਰ ਸਿੱਖ ਰਿਹਾ ਸੀ, ਉਸੇ ਉਸਤਾਦ ਨੇ ਉਸ ਦਾ ਵਿਆਹ ਆਪਣੇ ਇੱਕ ਰਿਸ਼ਤੇਦਾਰ ਦੀ ਕੁੜੀ ਨਾਲ ਕਰਵਾ ਦਿੱਤਾ। ਮੁੰਡਾ ਸੋਹਣਾ ਸੁਨੱਖਾ ਸੀ, ਉੱਤੋਂ ਕੱਪੜੇ ਸਿਉਣ ਦਾ ਕਾਰੀਗਰ ਵੀ ਬਣ ਗਿਆ। ਕੱਦ ਦਾ ਭਾਵੇਂ ਮੱਧਰਾ ਸੀ ਪਰ ਉਸ ਦੇ ਗੁਣ ਨੇ ਕੱਦ ਦਾ ਔਗੁਣ ਲੁਕੋ ਲਿਆ ਸੀ। ਉਸ ਦੇ ਉਸਤਾਦ ਨੇ ਵਿਆਹ ਵਿੱਚ ਉਸ ਨੂੰ ਕੱਪੜੇ ਸਿਉਣ ਵਾਲੀ ਮਸ਼ੀਨ ਤੋਹਫ਼ੇ ਵਜੋਂ ਦਿੱਤੀ ਸੀ। ਉਨ੍ਹਾਂ ਦਾ ਘਰ ਬੜੇ ਖੁੱਲ੍ਹੇ-ਡੁੱਲ੍ਹੇ ਵਿਹੜੇ ਵਾਲਾ ਘਰ ਐ, ਜਿਸ ਵਿੱਚ ਕਈ ਕਮਰੇ ਬਣੇ ਹੋਏ ਸਨ। ਪਿੰਡ ਵਿੱਚ ਏਡਾ ਘਰ ਵਿਹੜੇ ਵਾਲੇ ਕਿਸੇ ਹੋਰ ਪਰਿਵਾਰ ਕੋਲ ਸ਼ਾਇਦ ਹੀ ਹੋਵੇ। ਆਪਣੇ ਵਿਆਹ ਤੋਂ ਬਾਅਦ ਬੰਸੀ ਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਹੀ ਕੱਪੜੇ ਸਿਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਸਾਰੇ ਪਿੰਡ ਵਿੱਚੋਂ ਕੱਪੜਿਆਂ ਦੀ ਸਿਲਾਈ ਆਉਣੀ ਸ਼ੁਰੂ ਹੋ ਗਈ। ਉਹ ਲੇਡੀਜ਼ ਸੂਟ ਸਿਉਣ ਦਾ ਵੀ ਮਾਹਿਰ ਸੀ। ਪੈਂਟ ਕਮੀਜ਼ ਅਤੇ ਕੋਟ ਪੈਂਟ ਤਾਂ ਜਿਵੇਂ ਹੁਣ ਉਸ ਦੇ ਖੱਬੇ ਹੱਥ ਦੀ ਖੇਡ ਹੋਵੇ। ਉਸ ਨੇ ਆਪਣੇ ਕੰਮ ਵਿੱਚ ਵਾਧਾ ਕਰਨ ਲਈ ਸ਼ਹਿਰ ਨਾਲੋਂ ਘੱਟ ਕੀਮਤ ਉੱਤੇ ਆਪਣੇ ਘਰ ’ਚ ਬੈਠੇ ਬਿਠਾਏ ਹੀ ਵਧੀਆ ਕੰਮ ਰੋੜ੍ਹ ਲਿਆ ਸੀ। ਸਾਰਾ ਵਿਹੜਾ ਅਤੇ ਇੱਕਾ ਦੁੱਕਾ ਲੋਕ ਜੱਟਾਂ ਵਾਲੇ ਪਾਸਿਓਂ ਵੀ ਉਸ ਵੱਲ ਖਿੱਚੇ ਆਏ ਸਨ।
ਹੁਣ ਤਾਂ ਬੰਸੀ ਕੋਲ ਤਿੰਨ ਬੱਚੇ ਵੀ ਹੋ ਗਏ ਸਨ। ਇੱਕ ਕੁੜੀ ਦਸਵੀਂ ਪਾਸ ਕਰ ਚੁੱਕੀ ਸੀ, ਦੂਜੀ ਅੱਠਵੀਂ ਅਤੇ ਤੀਜਾ ਉਸ ਦਾ ਮੁੰਡਾ ਪੰਜਵੀਂ ਜਮਾਤ ਪਾਸ ਕਰਕੇ ਵੱਡੇ ਸਕੂਲ ਵਿੱਚ ਜਾ ਦਾਖਲ ਹੋਇਆ ਸੀ। ਇਹ ਸਭ ਗੱਲਾਂ ਮੈਨੂੰ ਉਸ ਨੇ ਉਸ ਦਿਨ ਫੋਨ ਉੱਤੇ ਹੀ ਦੱਸੀਆਂ ਸਨ। ਕਿੰਨੀ ਦੇਰ ਗੱਲਾਂ ਕੀਤੀਆਂ ਸਨ ਉਸ ਦਿਨ ਉਸ ਨੇ, ਪਰ ਉਹ ਕਿਸੇ ਦਿਨ ਪਿੰਡ ਆਉਣ ਵਾਲੀ ਗੱਲ ਪਤਾ ਨਹੀਂ ਕਿਉਂ ਵਿੱਚੇ ਲੁਕੋ ਗਿਆ ਸੀ। ਜੇ ਉਸੇ ਦਿਨ ਮੈਨੂੰ ਸਾਰੀ ਗੱਲ ਦੱਸ ਦਿੰਦਾ ਤਾਂ ਸ਼ਾਇਦ ਅੱਜ ਪਿੰਡ ਜਾਣ ਦੀ ਨੌਬਤ ਨਾ ਆਉਂਦੀ, ਜਿਸ ਕਰਕੇ ਮੈਂ ਅੱਜ ਪਿੰਡ ਨੂੰ ਜਾ ਰਿਹਾ ਹਾਂ। ਇਨ੍ਹਾਂ ਸੋਚਾਂ ’ਚ ਉਲਝਿਆਂ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਿਹੜੇ ਵੇਲੇ ਆਪਣੇ ਪਿੰਡ ਪਹੁੰਚ ਗਿਆ ਸੀ।
ਸਾਡੇ ਪਿੰਡ ਦਾ ਵਿਹੜੇ ਵਾਲਾ ਪਾਸਾ ਚੜ੍ਹਦੇ ਪਾਸੇ ਹੈ ਅਤੇ ਸ਼ਹਿਰੋਂ ਜਾਣ ਵਾਲਿਆਂ ਨੇ ਪਿੰਡ ਵਿੱਚ ਛਿਪਦੇ ਪਾਸਿਉਂ ਆਉਣਾ ਹੁੰਦਾ ਹੈ। ਸਾਡੇ ਆਪਣੇ ਘਰ ਵੀ ਛਿਪਦੇ ਪਾਸੇ ਹੋਣ ਕਰਕੇ ਉਸ ਨੂੰ ਲੰਘ ਕੇ ਸਿੱਧਾ ਵਿਹੜੇ ਵਾਲੇ ਪਾਸੇ ਜਾਣਾ ਵੀ ਤਾਂ ਜੋਖ਼ਮ ਵਾਲਾ ਕੰਮ ਹੀ ਸੀ। ਕਿਉਂਕਿ ਪਿੰਡ ਦੇ ਅੰਦਰ ਦਾਖਲ ਹੁੰਦੇ ਹੀ ਪਹਿਲਾਂ ਸਾਡੇ ਘਰ ਹੀ ਆਉਂਦੇ ਨੇ, ਵਿਹੜੇ ਵੱਲ ਜਾਂਦੇ ਨੂੰ ਦੇਖਣ ਵਾਲੇ ਦੇ ਮਨ ਵਿੱਚ ਵੀਹ ਤਰ੍ਹਾਂ ਦੇ ਸੁਆਲ ਉਠਣਗੇ ਕਿ ਕਿੱਧਰ ਚੱਲਿਆ ਇਹ...? ਆਪਣੇ ਘਰ ਨਹੀਂ ਰੁਕਿਆ? ਖੌਰੇ ਆਪਣੇ ਘਰਦਿਆਂ ਨਾਲ ਨਰਾਜ਼ ਹੀ ਹੋਵੇ। ਸੋਚੀ ਜਾਣ, ਜੀਹਨੇ ਜੋ ਸੋਚਣੈ...। ਪਰ ਮੈਂ ਤਾਂ ਨਿਕਲ ਗਿਆ ਸੀ, ਮੈਂ ਆਪਣਾ ਸਕੂਟਰ ਸਿੱਧਾ ਅਮਰੀਕ ਹੋਰਾਂ ਦੇ ਘਰ ਅੱਗੇ ਜਾ ਕੇ ਰੋਕਿਆ। ਦੁਪਹਿਰ ਦਾ ਸਮਾਂ ਸੀ। ਮੈਂ ਘਰ ਅੰਦਰ ਦਾਖਲ ਹੋਇਆ ਤਾਂ ਘਰ ਵਿੱਚ ਚੁੱਪ-ਚਾਂ ਛਾਈ ਹੋਈ ਸੀ। ਕੁੰਡਾ ਮੈਨੂੰ ਖੜਕਾਉਣਾ ਨਹੀਂ ਸੀ ਪਿਆ ਕਿਉਂਕਿ ਹੁਣੇ ਹੁਣੇ ਮੇਰੇ ਅੱਗੇ ਕੋਈ ਗਾਹਕ ਬੰਸੀ ਤੋਂ ਆਪਣੇ ਸੀਤੇ ਹੋਏ ਕੱਪੜੇ ਲੈ ਕੇ ਨਿਕਲਿਆ ਸੀ। ਸ਼ਾਇਦ ਉਹ ਸਾਡੇ ਪਿੰਡ ਦਾ ਨਹੀਂ ਸੀ, ਨਹੀਂ ਤਾਂ ਮੈਂ ਪਛਾਣ ਲੈਂਦਾ।
ਮੈਂ ਅੰਦਰ ਵੜਿਆ ਤੇ ਬੰਸੀ ਨੂੰ ਬਗੈਰ ਕੁਝ ਕਹੇ ਹੀ ਕੁਰਸੀ ਉੱਤੇ ਬੈਠ ਗਿਆ। ਦੋ ਮਿੰਟ ਲਈ ਉਹ ਆਪਣੇ ਫੋਨ ’ਚ ਉਲਝਿਆ ਹੋਇਆ ਸੀ। ਮੈਨੂੰ ਦੇਖ ਕੇ ਉਸ ਨੇ ਛੇਤੀ ਛੇਤੀ ਗੱਲ ਮੁਕਾ ਕੇ, ਸਤਿ ਸ੍ਰੀ ਅਕਾਲ ਬੁਲਾਈ ਅਤੇ ਨਾਲ ਹੀ ਆਪਣੇ ਪੁੱਤਰ ਨੂੰ ਹਾਕ ਮਾਰੀ, ‘‘ਬੱਲ੍ਹੀ ਉਏ...।’’ ਜਦੋਂ ਉਹ ਆਇਆ ਤਾਂ ਉਸ ਨੇ ਕਿਹਾ, ‘‘ਜਾ, ਆਪਣੀ ਮੰਮੀ ਤੋਂ ਵਧੀਆ ਜਿਹੇ ਦੋ ਕੱਪ ਚਾਹ ਦੇ ਬਣਵਾ ਕੇ ਲਿਆ।’’ ਮੇਰੇ ਰੋਕਦੇ ਹੋਏ ਵੀ ਉਸ ਨੇ ਚਾਹ ਲਈ ਕਹਿ ਹੀ ਦਿੱਤਾ।
ਮੈਂ ਹਾਲ ਚਾਲ ਪੁੱਛਣ ਮਗਰੋਂ ਉਸ ਨੂੰ ਕਿਹਾ, ‘‘ਬੰਸੀ, ਤੂੰ ਉਸ ਦਿਨ ਫੋਨ ਕਰਿਆ ਸੀ ਨਾ ਕਿ ਕਿਸੇ ਦਿਨ ਪਿੰਡ ਮਿਲਣ ਆਇਓ, ਅੱਜ ਮੈਂ ਸਪੈਸ਼ਲ ਤੈਨੂੰ ਹੀ ਮਿਲਣ ਆਇਆ ਹਾਂ। ਮੈਨੂੰ ਹੋਰ ਕੋਈ ਕੰਮ ਨਹੀਂ।’’ ਅਜੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਰ ਹੀ ਰਹੇ ਸੀ ਕਿ ਬੱਲ੍ਹੀ ਸਾਨੂੰ ਚਾਹ ਦੇ ਦੋ ਗਲਾਸ ਟਰੇਅ ਵਿੱਚ ਰੱਖ ਕੇ ਫੜਾ ਗਿਆ।
ਚਾਹ ਫੜ ਕੇ ਬੰਸੀ ਨੇ ਕਿਹਾ, ‘‘ਬੱਲ੍ਹੀ ਤੇਰੇ ਵੱਡੇ ਪਾਪਾ ਕਿੱਥੇ ਨੇ...?’’
ਉਸ ਨੇ ਕਿਹਾ ਕਿ ਪਤਾ ਨਹੀਂ, ਮੈਂ ਉਨ੍ਹਾਂ ਦੇ ਕਮਰੇ ਵਿੱਚ ਦੇਖ ਲੈਂਦਾ ਹਾਂ, ਅਸੀਂ ਚਾਹ ਦੀਆਂ ਦੋ ਦੋ ਘੁੱਟਾਂ ਹੀ ਭਰੀਆਂ ਸਨ ਕਿ ਉਹ ਆ ਕੇ ਕਹਿਣ ਲੱਗਿਆ, ‘‘ਡੈਡੀ ਜੀ ਉਹ ਤਾਂ ਸਿਮਰਨ ਕਰਨ ਲੱਗੇ ਹੋਏ ਨੇ।’’ ਇਉਂ ਕਹਿ ਕੇ ਉਹ ਵਾਪਸ ਚਲਾ ਗਿਆ।
ਬੰਸੀ ਚਾਹ ਦੀ ਘੁੱਟ ਅੰਦਰ ਨਘਾਰ ਕੇ ਮੇਰੇ ਮੂੰਹ ਵੱਲ ਝਾਕਿਆ, ‘‘ਵੀਰ ਦੱਸ, ਇਹ ਕੋਈ ਸਿਮਰਨ ਦਾ ਵੈਲੈ ਭਲਾ...? ਬਈ ਕੋਈ ਕੰਮ ਧੰਦਾ ਕਰ ਲਉ। ਮੈਂ ਹੈਰਾਨ ਹਾਂ ਇਹ ਲੋਕ ਤਾਂ ਦੁਪਹਿਰੇ ਵੀ ਰੱਬ ਨੂੰ ਟਿਕਣ ਨਹੀਂ ਦਿੰਦੇ ਭੋਰਾ,’’ ਇਹ ਗੱਲ ਉਸ ਨੇ ਅੱਧ ਗੁੱਸੇ ਜਿਹੇ ’ਚ ਇਉਂ ਕਹੀ, ਜਿਵੇਂ ਉਸ ਨੂੰ ਅੱਜ ਪਹਿਲੀ ਵਾਰ ਪਤਾ ਲੱਗੀ ਹੋਵੇ।
ਮੈਂ ਉਸ ਦੀ ਬਾਕੀ ਅਣਕਹੀ ਖਾਸੀ ਸਾਰੀ ਸਮਝ ਗਿਆ ਸੀ। ਮੈਂ ਸੋਚਣ ਲੱਗਿਆ, ‘ਭਾਵੇਂ ਅਮਰੀਕ ਨੇ ਮੇਰੀ ਅੱਜ ਤੱਕ ਕਦੇ ਕੋਈ ਗੱਲ ਨਹੀਂ ਮੋੜੀ, ਪਰ ਮੈਂ ਸੰਭਲ ਕੇ ਹੀ ਗੱਲ ਕਰਾਂਗਾ।’’ ਮੈਂ ਉਸ ਦੀ ਗੱਲ ਸੁਣ ਕੇ ਚਕਰਾ ਜਿਹਾ ਗਿਆ, ਜਿਵੇਂ ਬੌਂਦਲ ਕੇ ਕੋਈ ਸੁਆਲ ਕਰਦਾ ਹੁੰਦੈ, ਮੈਂ ਬਗੈਰ ਸੋਚੇ ਸਮਝੇ ਹੀ ਉਸ ਨੂੰ ਪੁੱਛਿਆ, ‘‘ਛੋਟੇ ਵੀਰ, ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਭਲਾ...?’’ ਇਉਂ ਕਹਿੰਦਿਆਂ ਮੇਰੇ ਤੇਵਰਾਂ ਵਿੱਚ ਹਲਕਾ ਜਿਹਾ ਫ਼ਰਕ ਵੀ ਸੀ।
ਪਹਿਲਾਂ ਤਾਂ ਉਹ ਮੇਰੇ ਮੂੰਹ ਵੱਲ ਝਾਕਿਆ, ‘‘ਨੰਬਰ...?’’ ਕਹਿ ਕੇ ਉਹ ਥੋੜ੍ਹਾ ਜਿਹਾ ਮੁਸਕਰਾਇਆ।
‘‘ਨੰਬਰ ਤਾਂ ਵੀਰ, ਮੈਂ ਥੋਡੇ ਚਾਚੇ ਦੇ ਘਰੋਂ ਲਿਆਇਆ ਸੀ। ਮੈਂ ਸ਼ੁਰੂ ਤੋਂ ਹੀ ਅਮਰੀਕ ਤੇ ਥੋਡੀ ਦੋਸਤੀ ਬਾਰੇ ਜਾਣਦਾ ਸੀ। ਮੈਂ ਸੋਚਿਆ ਮੇਰੇ ਮਸਲੇ ਦਾ ਉਹੀਓ ਕੋਈ ਹੱਲ ਲੱਭ ਸਕਦੈ।’’
ਮੈਂ ਸਭ ਕੁਝ ਸਮਝਦੇ ਹੋਏ ਨੇ ਵੀ ਉਸ ਨੂੰ ਪੁੱਛ ਲਿਆ, ‘‘ਕੀ ਮਸਲਾ ਖੜ੍ਹਾ ਕਰ ਲਿਆ ਅਜਿਹਾ?’’ ਮੈਂ ਚਾਹ ਦੀ ਆਖ਼ਰੀ ਘੁੱਟ ਭਰ ਕੇ ਗਲਾਸ ਖਾਲੀ ਕਰ ਦਿੱਤਾ।
‘‘ਵੀਰ, ਤੈਨੂੰ ਤਾਂ ਪਤਾ ਹੀ ਐ। ਹੁਣ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਲਾ ਕੰਮ ਹੋਇਆ ਪਿਐ। ਮਹਿੰਗਾਈ ਕਿੱਥੇ ਦੀ ਕਿੱਥੇ ਅੱਪੜੀ ਪਈ ਐ। ਇਹ ਲੋਕ ਸਿਮਰਨ ਨੂੰ ਚਿੰਬੜੇ ਪਏ ਨੇ। ਮੇਰੇ ਵੀ ਤਿੰਨ ਜੁਆਕ ਨੇ,’’ ਇਉਂ ਕਹਿ ਕੇ ਉਹ ਚੁੱਪ ਜਿਹਾ ਕਰ ਗਿਆ, ਜਿਵੇਂ ਮੇਰੀ ਅਤੇ ਅਮਰੀਕ ਦੀ ਦੋਸਤੀ ਉਸ ਦੀ ਗੱਲ ਸਾਹਮਣੇ ਅੜਿੱਕਾ ਜਿਹਾ ਬਣ ਗਈ ਹੋਵੇ।
‘‘ਕੀ ਮਤਲਬ...?’’ ਮੈਂ ਪੁੱਛਿਆ।
‘‘ਵੀਰ, ਮੈਨੂੰ ਆਪਣੇ ਜੁਆਕਾਂ ਨੂੰ ਪਾਲਣਾ ਹੀ ਮੁਸ਼ਕਿਲ ਹੋਇਆ ਪਿਐ। ਉੱਪਰੋਂ ਇਹੇ ਦੋ ਬੁੱਢ-ਬਲੇਡ, ਇਨ੍ਹਾਂ ਦੇ ਨਖਰੇ ਹੀ ਮਾਣ ਨਹੀਂ। ਦੱਸੋ ਮੈਂ ਇਨ੍ਹਾਂ ਦਾ ਪਿਉ ਆਂ?’’ ਇਹ ਗੱਲ ਉਸ ਨੇ ਇਉਂ ਕਹੀ ਜਿਵੇਂ ਕੋਈ ਭੁੱਬ ਮਾਰਦਾ ਹੁੰਦਾ ਹੈ। ਉਹ ਫੇਰ ਬੋਲਿਆ, ‘‘ਹੁਣ ਤੱਕ ਜਿਵੇਂ ਕਿਵੇਂ ਚੱਲੀ ਜਾਂਦਾ ਸੀ, ਪਰ ਹੁਣ ਤਾਂ ਵੱਸੋਂ ਬਾਹਰ ਐ। ਮੈਂ ਥੱਕ ਜਿਹਾ ਗਿਆ ਵੀਰ,’’ ਉਸ ਨੇ ਆਪਣਾ ਚਾਹ ਵਾਲਾ ਖਾਲੀ ਗਲਾਸ ਕੁਰਸੀ ਦੇ ਪੈਰਾਂ ਵਿੱਚ ਰੱਖਦੇ ਨੇ ਕਿਹਾ।
‘‘ਪਹਿਲਾ ਤਾਂ ਜੈਲਾ ਵੀਰ ਕੱਖ ਕੰਡਿਆਂ ਦਾ ਕਰੀ ਜਾਂਦਾ ਸੀ, ਪਰ ਹੁਣ ਤਾਂ ਉਸ ਨੇ ਵੀ ਆਪਣਾ ਸਟੈਂਡਰਡ ਬਦਲ ਲਿਆ। ਪਤਾ ਨਹੀਂ ਉਸ ਨੂੰ ਕੀਹਨੇ ਕੁਝ ਸਿਖਾ ਦਿੱਤਾ! ਹਾਰ ਕੇ ਮੈਨੂੰ ਦੋਵੇਂ ਮੱਝਾਂ ਤੇ ਗਾਂ ਵੇਚਣੀ ਪਈ। ਹੁਣ ਇੱਕ ਗਾਂ ਐ ਕੋਲ। ਹਾਲੇ ਤਾਂ ਦੁੱਧ ਮੁੱਲ ਲੈਣੋਂ ਬਚੇ ਹੋਏ ਆਂ। ਜੇ ਕਿਤੇ ਦੁੱਧ ਵੀ...।’’
ਉਹ ਥੋੜ੍ਹਾ ਚੁੱਪ ਹੋ ਕੇ ਫੇਰ ਬੋਲਿਆ, ‘‘ਮੇਰੇ ਤਿੰਨੋਂ ਬੱਚੇ ਸਕੂਲ ਪੜ੍ਹਦੇ ਨੇ। ਉਨ੍ਹਾਂ ਦੀਆਂ ਕਾਪੀਆਂ, ਕਿਤਾਬਾਂ, ਫੀਸਾਂ, ਵਰਦੀਆਂ ਤੇ ਬੂਟ, ਕਿੱਥੋਂ ’ਕੱਲਾ ਕਰੀਂ ਜਾਵਾਂ...? ਇਨ੍ਹਾਂ ਤੋਂ ਇਲਾਵਾ ਹੋਰ ਵੀ ਤਾਂ ਬਥੇਰੇ ਖਰਚੇ ਨੇ ਬੰਦੇ ਨੂੰ। ਘਰ ਵਿੱਚ ਇਨ੍ਹਾਂ ਦਾ ਹਿੱਸਾ ਜ਼ਰੂਰ ਐ, ਪਰ ਇਹ ਆਪਣੇ ਹਿੱਸੇ ਨੂੰ ਬਚਾਉਣ ਦਾ ਕੋਈ ਵੀ ਯਤਨ ਨਹੀਂ ਕਰ ਰਹੇ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਇਸ ਘਰ ਨੂੰ ਖਾਣ ਲੱਗ ਜਾਵਾਂਗੇ। ਮੈਂ ਸੋਚਦਾ ਸੀ ਇਨ੍ਹਾਂ ਬੱਚਿਆਂ ਦਾ ਕੁਝ ਬਣ ਜਾਵੇ। ਹੁਣ ਤਾਂ ਇਹੀਓ ਮੇਰੀ ਜਾਇਦਾਦ ਨੇ। ਨਾਲੇ ਮਾਂ ਬਾਪ ਕੀ ਸੋਚਣਗੇ ਸਵਰਗਾਂ ਵਿੱਚ ਬੈਠੇ? ਦੱਸ ਵੀਰ ਹੈ ਕੋਈ ਇਸ ਮਸਲੇ ਦਾ ਹੱਲ...?’’
ਉਸ ਦੀ ਇਹ ਗੱਲ ਮੈਨੂੰ ਕਾਫ਼ੀ ਤਕਲੀਫ਼ ਦੇ ਗਈ ਸੀ। ਘਰ ਨੂੰ ਖਾਣ ਦਾ ਭਾਵ ਐ ਸਭ ਕੁਝ ਖ਼ਤਮ। ਮੈਂ ਉਸ ਨੂੰ ਕਿਹਾ, ‘‘ਤੂੰ ਕੱਪੜੇ ਸਿਉਣ ਦਾ ਵਧੀਆ ਕਾਰੀਗਰ ਤਾਂ ਹੈ ਹੀ। ਮੈਂ ਸ਼ਹਿਰ ਵਿੱਚ ਇੱਕ ਟੇਲਰ ਨਾਲ ਤੇਰੀ ਗੱਲ ਕਰਵਾ ਦਿੰਦਾ ਹਾਂ। ਉਹ ਤੈਨੂੰ ਹੋਰ ਵਧੇਰੇ ਕੰਮ ਦੇ ਸਕਦੈ। ਖ਼ੁਦ ਉਸ ਦਾ ਆਦਮੀ ਏਥੇ ਕੱਪੜੇ ਦੇ ਕੇ ਜਾਇਆ ਕਰੇਗਾ ਅਤੇ ਖ਼ੁਦ ਹੀ ਲੈ ਜਾਇਆ ਕਰੇਗਾ, ਭਾਵੇਂ ਕੋਈ ਇੱਕ ਅੱਧਾ ਬੰਦਾ ਵੀ ਰੱਖ ਲੈ ਨਾਲ...।’’
ਉਸ ਨੇ ਮੇਰੀ ਗੱਲ ਵਿਚਾਲੇ ਟੋਕ ਕੇ ਕਿਹਾ, ‘‘ਨਹੀਂ ਨਹੀਂ ਵੀਰ, ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ ਕੋਲ ਕੰਮ ਤਾਂ ਬਥੇਰਾ ਆਉਂਦੈ। ਮੇਰੀ ਘਰਵਾਲੀ ਵੀ ਕੱਪੜੇ ਸਿਊਂ ਲੈਂਦੀ ਐ। ਮੇਰੀ ਧੀ ਕਮੀਜ਼ਾਂ ਦੇ ਕਾਜ ਕਰ ਲੈਂਦੀ ਹੈ। ਬੱਚਿਆਂ ਦਾ ਮੈਨੂੰ ਸੁੱਖ ਨਾਲ ਬਥੇਰਾ ਸਾਥ ਐ। ਕੰਮ ਵੀ ਤਾਂ ਏਨਾ ਵਧੀਆ ਚੱਲ ਰਿਹੈ ਕਿ ਪੁੱਛੋ ਨਾ ਕੁਝ। ਪਿੰਡ ਵਿੱਚ ਕਿਹੜਾ ਕੋਈ ਹੋਰ ਟੇਲਰ ਐ? ਇੱਕ ਕਦੇ ਕਦੇ ਓਧਰ ਥੋਡੇ ਕੰਨ੍ਹੀ ਆਉਂਦੈ ਹੁੰਦੇ, ਪਰ ਉਹ ਹਫਤੇ ਦੋ ਹਫ਼ਤਿਆਂ ਬਾਅਦ ਆਉਂਦੈ। ਉਸ ਦੇ ਆਉਣ ਜਾਂ ਨਾ ਆਉਣ ਨਾਲ ਮੇਰੇ ਕੰਮ ’ਤੇ ਕੋਈ ਅਸਰ ਨਹੀਂ ਪੈਂਦਾ। ਕੰਮ ਤਾਂ ਬਹੁਤ ਵਧੀਐ, ਪਰ ਖਰਚਿਆਂ ਨੇ ਧੂੰਆਂ ਕੱਢਿਆ ਪਿਐ। ਦੱਸੋ, ਕੱਲਾ ਬੰਦਾ ਕੀ ਕੀ ਕਰ ਸਕਦੈ? ਉਪਰੋਂ ਪਿੰਡ ਹੋਣ ਕਰਕੇ ਕਈ ਵਾਰ ਉਧਾਰ ਸੁਧਾਰ ਲੇਟ ਫੇਟ ਵੀ ਹੋ ਜਾਂਦੈ।’’
‘‘ਇਸ ਦਾ ਮਤਲਬ ਤੇਰਾ ਕੰਮ ਵਧੀਆ ਚੱਲਦੈ...?’’
‘‘ਹਾਂ ਵੀਰ,’’ ਉਸ ਨੇ ਉਛਲ ਕੇ ਜੁਆਬ ਦਿੱਤਾ।
‘‘ਫੇਰ...? ਮੈਂ ਪਲ ਭਰ ਲਈ ਸੋਚਿਆ, ‘‘ਦਿੱਕਤ ਕਿੱਥੇ ਹੋਈ...?’’
ਅੱਜ ਇੱਕ ਕਿਸਮ ਨਾਲ ਇਨ੍ਹਾਂ ਦੇ ਪਰਿਵਾਰ ਦਾ ਮੈਂ ਫ਼ੈਸਲਾ ਕਰਨ ਹੀ ਆਇਆ ਸੀ। ਬੰਸੀ ਦੀ ਗੱਲ ਸੁਣਨ ਤੋਂ ਬਾਅਦ ਮੈਨੂੰ ਅਮਰੀਕ ਅਤੇ ਜੈਲਾ ਵੀਰ, ਇਸ ਬੁੱਢੀ ਉਮਰ ਵਿੱਚ ਖ਼ੁਦ ਰੋਟੀਆਂ ਥੱਪਦੇ ਹੋਏ ਦਿਖਾਈ ਦੇਣ ਲੱਗੇ। ਇਹ ਸੋਚ ਕੇ ਮੈਨੂੰ ਧੁੜਧੜੀ ਜਿਹੀ ਆਈ ਕਿ ਜੇ ਮੈਂ ਕੁਝ ਕਹਿ ਦਿੱਤਾ ਤਾਂ ਅਮਰੀਕ ਨੂੰ ਜ਼ਰੂਰ ਮੰਨਣਾ ਪੈਣੈ, ਮੈਂ ਹੁਣ ਕਿਸ ਦੇ ਪੱਖ ਦੀ ਗੱਲ ਕਰਾਂ? ਮੈਂ ਦੁਬਿਧਾ ਵਿੱਚ ਫਸ ਗਿਆ ਸੀ।
ਮੈਨੂੰ ਬੰਸੀ ਦੇ ਕਮਰੇ ਵਿੱਚ ਦੇਵੀ ਦੇਵਤਿਆਂ ਦੀਆਂ ਲੱਗੀਆਂ ਹੋਈਆਂ ਬਹੁਤ ਸਾਰੀਆਂ ਤਸਵੀਰਾਂ ਦੇਖ ਕੇ ਯਕਦਮ ਸੁੱਝ ਗਈ, ‘‘ਛੋਟੇ ਵੀਰ, ਤੇਰਾ ਕੰਮ ਤਾਂ ਵਧੀਆ ਚਲਦੈ, ਪਰ ਤੈਨੂੰ ਪਤਾ ਤੇਰਾ ਕੰਮ ਕਿਵੇਂ ਵਧੀਆ ਚੱਲਦੈ...?’’ ਮੈਂ ਉਸ ਨੂੰ ਝੱਟ ਦੇਣੇ ਪੁੱਛਿਆ।
‘‘ਕਿਉਂਕਿ ਮੇਰੇ ਸੀਤੇ ਕੱਪੜੇ ਦੀ ਫਿਟਿੰਗ, ਹਰੇਕ ਨਾਪ ਦੇ ਮੁਤਾਬਿਕ, ਕਮਾਲ ਦੀ ਹੁੰਦੀ ਐ। ਕੱਪੜੇ ਪਹਿਨ ਕੇ ਗਾਹਕ ਅਸ਼ ਅਸ਼ ਕਰ ਉੱਠਦੈ, ਬਸ ਇਸੇ ਕਰਕੇ ਮੇਰਾ ਕੰਮ ਵਧੀਆ ਚੱਲਦੈ...।’’ ਉਸ ਨੇ ਆਪਣੀ ਕਲਾ ਦੀ ਤਾਰੀਫ਼ ਕਰਕੇ ਉਸ ’ਤੇ ਮਾਣ ਜਿਹਾ ਮਹਿਸੂਸ ਕੀਤਾ।
ਮੈਂ ਕਿਹਾ, ‘‘ਨਹੀਂ ਉਏ ਪਾਗਲਾ, ਤੇਰੇ ਕੰਮ ਵਿੱਚ ਤੇਰੀ ਫਿਟਿੰਗ ਦਾ ਕੋਈ ਕਮਾਲ ਨਹੀਂ। ਇਹ ਤਾਂ ਸਭ ਜੈਲੇ ਵੀਰ ਦੀ ਮਿਹਨਤ ਅਤੇ ਅਮਰੀਕ ਵੀਰ ਦੀ ਭਗਤੀ ਦੇ ਫ਼ਲ ਕਰਕੇ ਹੀ ਹੈ ਸਾਰਾ ਕੁਝ, ਦੇਖ ਜਿੰਨਾ ਵੀ ਤੇਰੇ ਕੋਲ ਕੰਮ ਆਉਂਦੈ, ਇਉਂ ਅਮਰੀਕ ਕਮਲਾ ਤਾਂ ਹੈ ਨਹੀਂ ਆਖ਼ਰ ਨੂੰ ਉਹ ਵੀ ਤਾਂ ਅਰਦਾਸ ਕਰਦਾ ਹੋਣੈ ਕਿ ਬਰਕਤਾਂ ਬਣੀਆਂ ਰਹਿਣ। ਜਿੱਥੋਂ ਉਹ ਖਾਂਦੈ, ਪੀਂਦੈ ਤੇ ਪਹਿਨਦੈ, ਕੀ ਉਹ ਉਸ ਦੇ ਰੁਜ਼ਗਾਰ ਲਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਸਤੇ ਦਿਲੋਂ ਅਰਦਾਸ ਨਹੀਂ ਕਰਦਾ ਹੋਵੇਗਾ...?’’
ਮੇਰੀ ਇਹ ਗੱਲ ਸੁਣ ਕੇ ਬੰਸੀ ਚੁੱਪ ਹੋ ਗਿਆ ਸੀ। ਚਾਹ ਤਾਂ ਉਸ ਨੇ ਕਦੋਂ ਦੀ ਪੀ ਲਈ ਸੀ। ਪਤਾ ਨਹੀਂ ਕਿਉਂ ਉਸ ਨੇ ਗਲਾਸ ਨੂੰ ਦੁਬਾਰਾ ਚੁੱਕ ਕੇ ਦੇਖਿਆ, ਜਿਵੇਂ ਉਸ ਦੇ ਅੰਦਰ ਕੋਈ ਤਲਬ ਜਿਹੀ ਲੱਗ ਗਈ ਹੋਵੇ ਜਾਂ ਖਲਬਲੀ ਜਿਹੀ ਮੱਚਣ ਲੱਗ ਪਈ ਹੋਵੇ। ਖਾਲੀ ਗਲਾਸ ਨੂੰ ਉਸ ਨੇ ਦੁਬਾਰਾ ਫੇਰ ਥੱਲੇ ਰੱਖਦੇ ਹੋਏ ਹਲਕਾ ਜਿਹਾ ਕਿਹਾ, ‘‘ਵੀਰ, ਸ਼ਾਇਦ ਤੂੰ ਠੀਕ ਹੀ ਕਹਿੰਨੈ।’’
ਇਹ ਬੋਲ ਸੁਣਦਿਆਂ ਹੀ ਮੈਂ ਆਪਣੇ ਮਨ ’ਚ ਮੁਸਕਰਾਇਆ ਕਿਉਂਕਿ ਮੇਰਾ ਤੀਰ ਟਿਕਾਣੇ ’ਤੇ ਲੱਗ ਚੁੱਕਾ ਸੀ। ਨਾਲੇ ਮੈਂ ਹਮੇਸ਼ਾ ਹੀ ਅਮਰੀਕ ਦਾ ਪੱਖ ਪੂਰਿਐ, ਅੱਜ ਵੀ ਉਸ ਨੂੰ ਬਗੈਰ ਮਿਲੇ ਹੀ, ਦੋਸਤੀ ਦਾ ਫਰਜ਼ ਨਿਭਾਅ ਦਿੱਤਾ। ਮੈਂ ਸੋਚਿਆ ਕਿ ਮੈਂ ਤਾਂ ਫਰਜ਼ ਨਿਭਾਅ ਦਿੱਤਾ, ਪਰ ਬੰਸੀ ਦੇ ਦਿਲ ’ਤੇ ਕੀ ਗੁਜ਼ਰੇਗੀ। ਫੇਰ ਮੇਰੇ ਦੂਜੇ ਮਨ ਨੇ ਹੀ ਜੁਆਬ ਦਿੱਤਾ, ‘‘ਜੈਲੇ ਅਤੇ ਅਮਰੀਕ ਦੇ ਇਸ ਸੰਸਾਰ ਉੱਤੋਂ ਜਾਣ ਤੋਂ ਬਾਅਦ ਸਭ ਕੁਝ ਬੰਸੀ ਦਾ ਹੀ ਐ। ਹੁਣ ਮੈਂ ਆਪਣੇ ਮਿਸ਼ਨ ਵਿਚ ਸਫਲ ਹੋ ਗਿਆ ਸੀ। ਮੈਨੂੰ ਏਥੇ ਬੈਠਣ ਦਾ ਕੋਈ ਫ਼ਾਇਦਾ ਵੀ ਨਹੀਂ ਸੀ। ਮੈਂ ਉੱਠ ਕੇ ਖੜ੍ਹਾ ਹੋ ਗਿਆ, ‘‘ਚੰਗਾ ਛੋਟੇ ਵੀਰ, ਮੈਂ ਚਲਦਾ ਹਾਂ।’’ ਉਸ ਨੇ ਵੀ ਮੈਨੂੰ ਬੈਠਣ ਲਈ ਬਹੁਤਾ ਜ਼ੋਰ ਨਹੀਂ ਸੀ ਪਾਇਆ, ਉਹ ਇਉਂ ਉਦਾਸ ਜਿਹਾ ਹੋ ਗਿਆ ਸੀ, ਜਿਵੇਂ ਉਸ ਦਾ ਆਖ਼ਰੀ ਤੀਰ ਵੀ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ ਹੋਵੇ। ਮੈਂ ਸੋਚਿਆ ਕਿ ਮੇਰਾ ਫ਼ੈਸਲਾ ਇਸ ਦੀ ਸੋਚ ਦੇ ਉਲਟ ਹੋ ਗਿਆ, ਵਾਪਸ ਘਰ ਨੂੰ ਤੁਰਨ ਲੱਗੇ ਮੈਂ ਉਸ ਨੂੰ ਹੌਸਲਾ ਜਿਹਾ ਦਿੱਤਾ, ‘‘ਛੋਟੇ ਵੀਰ ਬਹੁਤਾ ਫ਼ਿਕਰ ਨਾ ਕਰੀਂ, ਅਗ੍ਰਹਿਸਥੀ ਬੰਦਿਆਂ ਕੋਲ ਕਿੰਨੀ ਕੁ ਜ਼ਿੰਦਗੀ ਹੁੰਦੀ ਐ ਭਲਾ...? ਤੂੰ ਜਾਣਦਾ ਈ ਐਂ, ਉਹ ਤਾਂ ਵਿਚਾਰੇ ਵੈਸੇ ਹੀ...।’’
ਮੇਰੇ ਇਹ ਬੋਲ ਸੁਣ ਕੇ ਉਸ ਦੇ ਚਿਹਰੇ ਉੱਤੇ ਇੱਕ ਭਰਵੀਂ ਮੁਸਕਾਨ ਨੇ ਹੁੰਗਾਰਾ ਭਰਿਆ। ਉਸ ਦੀ ਦਾੜ੍ਹੀ ਦੇ ਵਾਲ਼ ਆਲੇ-ਦੁਆਲੇ ਨੂੰ ਫੈਲ ਗਏ।
‘‘ਓ... ਬੈਠ ਤਾਂ ਸਹੀ ਵੀਰ, ਆਪਾਂ ਚਾਹ ਹੋਰ ਪੀਂਦੇ ਆਂ। ਉਸ ਨੇ ਮੈਨੂੰ ਬਾਂਹ ਤੋਂ ਫੜ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ...।’’
ਮੈਂ ਹਲਕਾ ਜਿਹਾ ਮੁਸਕਰਾਉਂਦਿਆਂ ਕਿਹਾ, ‘‘ਨਹੀਂ ਛੋਟੇ ਵੀਰ ਮੈਂ ਜਾਣੈ।’’ ਮੈਂ ਤੁਰੰਤ ਉਸ ਦੀ ਦੁਕਾਨ ਤੋਂ ਬਾਹਰ ਆ ਕੇ ਆਪਣੇ ਸਕੂਟਰ ਨੂੰ ਕਿੱਕ ਮਾਰ ਦਿੱਤੀ।
ਸੰਪਰਕ: 93162-88955