ਪੰਜਾਬ ਲਈ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ
ਵੀਹਵੀਂ ਸਦੀ ਦੇ ਵਿਲੱਖਣ ਸ਼ਹੀਦ ਸਨ ਸਰਦਾਰ ਦਰਸ਼ਨ ਸਿੰਘ ਫੇਰੂਮਾਨ। ਉਨ੍ਹਾਂ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜੋ ਆਮ ਤੌਰ ’ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਤ ਕੀਤੇ ਗਏ ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ...
ਵੀਹਵੀਂ ਸਦੀ ਦੇ ਵਿਲੱਖਣ ਸ਼ਹੀਦ ਸਨ ਸਰਦਾਰ ਦਰਸ਼ਨ ਸਿੰਘ ਫੇਰੂਮਾਨ। ਉਨ੍ਹਾਂ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜੋ ਆਮ ਤੌਰ ’ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਤ ਕੀਤੇ ਗਏ ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ, ਰਈਆ’ ਜਾਂ ਇੱਕ ਦੋ ਹੋਰ ਸਥਾਨਕ ਗੁਰਦੁਆਰਿਆਂ ’ਚ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕੋਈ ਹੋਰ ਸਿਆਸੀ ਪਾਰਟੀ ਅਜਿਹਾ ਨਹੀਂ ਕਰਦੀ, ਹਾਲਾਂਕਿ ਫੇਰੂਮਾਨ ਨੇ ‘ਸਿੱਖ ਅਰਦਾਸ’ ਦੀ ਮਹਾਨਤਾ ਨੂੰ ਸਿਰੜ ਨਾਲ ਉਜਾਗਰ ਕਰਨ ਅਤੇ ਪੰਜਾਬ ਦੀਆਂ ਅਤਿ ਅਹਿਮ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖ ਹੜਤਾਲ ਕਰ ਕੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ।
ਮਰਨ ਵਰਤ ਕਿਉਂ ਰੱਖਿਆ?
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸੰਨ 1961 ਵਿੱਚ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਇਸ ਐਲਾਨ ਬਾਰੇ ਜਾਣ ਕੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਘੋਖਣ ਦਾ ਭਰੋਸਾ ਦਿੱਤਾ। ਇਸ ਭਰੋਸੇ ਕਾਰਨ ਮਾਸਟਰ ਤਾਰਾ ਸਿੰਘ ਨੇ ਸੰਤ ਫਤਹਿ ਸਿੰਘ ਹੱਥੋਂ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ। ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫ਼ੈਸਲੇ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਤੋਂ ਮਗਰੋਂ 1965 ਵਿੱਚ ਸੰਤ ਫਤਿਹ ਸਿੰਘ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਭਾਰਤ ਅਤੇ ਪਾਕਿਸਤਾਨ ਜੰਗ ਸ਼ੁਰੂ ਹੋਣ ’ਤੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਅਪੀਲ ਉਪਰੰਤ ਉਨ੍ਹਾਂ ਵੀ ਮਰਨ ਵਰਤ ਛੱਡ ਦਿੱਤਾ।
ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿੱਚ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕਰ ਦਿੱਤਾ। ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਕਈ ਪੰਜਾਬੀ ਬੋਲਦੇ ਇਲਾਕੇ ਨਵੇਂ ਹੋਂਦ ਵਿੱਚ ਆਏ ਹਿਮਾਚਲ ਤੇ ਹਰਿਆਣੇ ਵਿੱਚ ਸ਼ਾਮਲ ਕਰ ਦਿੱਤੇ ਗਏ। ਚੰਡੀਗੜ੍ਹ ਅਤੇ ਭਾਖੜਾ ਡੈਮ ਦਾ ਪ੍ਰਬੰਧ ਕੇਂਦਰ ਸਰਕਾਰ ਨੇ ਆਪਣੇ ਕੋਲ ਰੱਖ ਲਿਆ ਅਤੇ ਦਰਿਆਈ ਪਾਣੀਆਂ ਦੀ ਵੀ ਕਾਣੀ ਵੰਡ ਕਰ ਦਿੱਤੀ।
ਲੰਗੜਾ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਪਿੱਛੋਂ ਹਰ ਪਾਸਿਓਂ ਫਿਟਕਾਰਾਂ ਪੈਣ ਲੱਗੀਆਂ ਤਾਂ ਸੰਤ ਫਤਹਿ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੇ ਕਮਰੇ ਉੱਪਰ ਅਗਨਕੁੰਡ ਬਣਾ ਲਏ ਅਤੇ 17 ਦਸੰਬਰ 1966 ਨੂੰ ਮਰਨ ਵਰਤ ਸ਼ੁਰੂ ਕਰਦਿਆਂ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਕਿ ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਨਕੁੰਡ ਵਿੱਚ ਬੈਠ ਕੇ ਆਤਮਦਾਹ ਕਰ ਲੈਣਗੇ। ਉਨ੍ਹਾਂ ਦੇ ਇਸ ਐਲਾਨ ਪਿੱਛੋਂ ਸੰਤ ਚੰਨਣ ਸਿੰਘ, ਜਥੇਦਾਰ ਭਾਗ ਸਿੰਘ ਜੈਦ, ਜਥੇਦਾਰ ਪ੍ਰੀਤਮ ਸਿੰਘ ਸ਼ਰੀਂਹ, ਸ. ਜਗੀਰ ਸਿੰਘ ਫੱਗੂਵਾਲ ਅਤੇ ਜਥੇਦਾਰ ਜਗੀਰ ਸਿੰਘ ਪੂਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫਤਹਿ ਸਿੰਘ ਤੋਂ ਅਗਲੇ ਦਿਨ ਆਤਮਦਾਹ ਕਰਨਗੇ।
ਪੰਜਾਬ ਵਿਧਾਨ ਸਭਾ ਤੋਂ ਆਜ਼ਾਦ ਜੇਤੂ ਵਿਧਾਇਕ ਹਜ਼ਾਰਾ ਸਿੰਘ ਗਿੱਲ ਆਪਣੇ ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਨੇੜੇ ਮਰਨ ਵਰਤ ’ਤੇ ਬੈਠ ਗਿਆ ਅਤੇ ਐਲਾਨ ਕਰ ਦਿੱਤਾ ਕਿ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਏ ਬਿਨਾਂ ਸੰਤ ਫਤਹਿ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਰਨ ਵਰਤ ਛੱਡਣ ਨਹੀਂ ਦਿੱਤਾ ਜਾਵੇਗਾ। ਆਖ਼ਰਕਾਰ ਆਤਮਦਾਹ ਕਰਨ ਦਾ ਦਿਨ ਆ ਗਿਆ। ਨਿਯਤ ਸਮਾਂ ਲੰਘ ਗਿਆ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ ਕਿ ਇੱਕ ਹਵਾਈ ਜਹਾਜ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਪਰੋਂ ਦੀ ਲੰਘਿਆ। ਅਕਾਲੀਆਂ ਦੇ ਮੁਰਝਾਏ ਚਿਹਰੇ ਖਿੜ ਗਏ। ਹਰ ਪਾਸਿਓਂ ‘ਸ. ਹੁਕਮ ਸਿੰਘ ਆ ਗਿਆ, ਸ. ਹੁਕਮ ਸਿੰਘ ਆ ਗਿਆ’ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕੋਈ ਅੱਧੇ ਘੰਟੇ ਪਿੱਛੋਂ ਸ. ਹੁਕਮ ਸਿੰਘ ਆਏ, ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਸਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਿਲ ’ਤੇ ਚੜ੍ਹ ਗਏ ਅਤੇ ਸੰਤ ਫਤਹਿ ਸਿੰਘ ਨਾਲ ਮੁਲਾਕਾਤ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਦਾ ਵਿਸਤਾਰ ਮਗਰੋਂ ਦੱਸਿਆ ਜਾਵੇਗਾ। ਇਸ ਐਲਾਨ ਮਗਰੋਂ ਸੰਤ ਫਤਹਿ ਸਿੰਘ ਨੇ ਜੂਸ ਦਾ ਗਿਲਾਸ ਪੀ ਲਿਆ। ਜਿੱਤ ਦੇ ਜੈਕਾਰੇ ਗੂੰਜਣ ਲੱਗੇ। ਹਜ਼ਾਰਾ ਸਿੰਘ ਗਿੱਲ ਤੇ ਉਸ ਦੇ ਸਾਥੀਆਂ ਨੇ ਬਹੁਤ ਰੌਲਾ ਪਾਇਆ ਕਿ ਕੌਮ ਨਾਲ ਠੱਗੀ ਹੋਣ ਲੱਗੀ ਹੈ ਪਰ ਅਕਾਲੀਆਂ ਦੇ ਰੌਂਅ ਅੱਗੇ ਉਹ ਬਹੁਤੀ ਦੇਰ ਟਿਕ ਨਾ ਸਕੇ।
ਦਰਸ਼ਨ ਸਿੰਘ ਫੇਰੂਮਾਨ ਹੋਰਾਂ ਨੇ ਪਹਿਲੀ ਅਗਸਤ 1969 ਨੂੰ ਰਈਆ ਵਿਖੇ ਇੱਕ ਕਾਨਫ਼ਰੰਸ ’ਚ ਐਲਾਨ ਕੀਤਾ ਕਿ ਉਹ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਨਗੇ, ਜਿਹੜੀ ਸੰਤ ਫਤਹਿ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕਈ ਵਾਰ ਤੋੜੀ ਹੈ ਤੇ ਇਸ ਉਪਰੰਤ ਉਹ (ਫੇਰੂਮਾਨ) ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਉਹ ਆਪਣੀ ਜਾਨ ਉੱਤੇ ਖੇਡ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਮਰਨ ਵਰਤ ਸ਼ੁਰੂ ਕਰਨ ਤਾਂ ਕੋਈ ਵੀ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰੇ।
ਫਿਰ ਨੌਂ ਅਗਸਤ 1969 ਨੂੰ ਗੁਰਦਿੱਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਬਿਆਸ ਥਾਣੇ ਵਿੱਚ ਲਿਖਵਾਈ ਰਿਪੋਰਟ ਦੇ ਆਧਾਰ ’ਤੇ ਪੁਲੀਸ ਨੇ ਉਨ੍ਹਾਂ ਵਿਰੁੱਧ ਦਫ਼ਾ 9 ਅਧੀਨ ਕੇਸ ਦਰਜ ਕਰ ਲਿਆ ਅਤੇ 12 ਤੇ 13 ਅਗਸਤ ਦੀ ਰਾਤ ਨੂੰ ਪੰਜਾਬ ਸਕਿਉਰਿਟੀ ਐਕਟ ਦੀ ਦਫ਼ਾ 9 ਅਧੀਨ ਉਨ੍ਹਾਂ ਨੂੰ ਘਰੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਉਨ੍ਹਾਂ 15 ਅਗਸਤ ਨੂੰ ਜੇਲ੍ਹ ਵਿੱਚ ਹੀ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ ਨੰਬਰ 13 ਵਿੱਚ ਲਿਆਂਦਾ ਗਿਆ। ਭਾਵੇਂ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਸੀ ਪਰ ਉਹ ਪੁਲੀਸ ਦੀ ਨਿਗਰਾਨੀ ਹੇਠ ਹੀ ਰੱਖੇ ਗਏ। ਕਿਸੇ ਵੀ ਆਮ ਆਦਮੀ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। 27 ਅਕਤੂਬਰ 1969 ਨੂੰ ਸ਼ਾਮ ਦੇ ਸਾਢੇ ਤਿੰਨ ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਉਨ੍ਹਾਂ ਨੇ ਅੰਤਿਮ ਸੁਆਸ ਲਏ। ਇਸ ਤਰ੍ਹਾਂ ਉਨ੍ਹਾਂ ਨੇੇ ਸਿੱਖਾਂ ਵਾਲੀ ਮਹਾਨ ਸ਼ਹੀਦਾਂ ਦੀ ਪਦਵੀ ਪ੍ਰਾਪਤ ਕੀਤੀ।
ਉਨ੍ਹਾਂ ਨੇ ਪਹਿਲੀ ਅਗਸਤ 1969 ਨੂੰ ਇੱਕ ਵਸੀਅਤ ਕੀਤੀ ਸੀ ਜਿਸ ਦੀ ਲਿਖਤ ਅਜੇ ਮੌਜੂਦ ਹੈ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਵੀ ਕੀਤੀ ਹੋਈ ਹੈ। ਇਸ ਦੇ ਪ੍ਰਤੀਕਰਮ ਵਜੋਂ ਉੱਘੇ ਸਿੱਖ ਵਿਦਵਾਨ ਸ. ਕਪੂਰ ਸਿੰਘ ਨੇ ਲਿਖਿਆ, ‘‘ਸ. ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹਾਦਤ ਦਿੱਤੀ ਸੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਕਾਇਰ, ਦੰਭੀ, ਗੁਰੂ ਤੋਂ ਬੇਮੁੱਖ ਤੇ ਪੰਥ ਦੇ ਅਖੌਤੀ ਭਗੌੜੇ ਲੀਡਰਾਂ ਨੇ, ਪੰਥ ਦੇ ਉੱਜਲ ਮੁੱਖ ਉੱਤੇ ਮਲੀ ਹੈ, ਉਹ ਧੋਤੀ ਜਾਵੇ। ਉਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਤਾਂ ਜੋ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ ਅਤੇ ਭਾਖੜਾ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੀਤੇ ਸਨ, ਉਨ੍ਹਾਂ ਬਚਨਾਂ ਉੱਤੇ ਮੁੜ ਪਹਿਰਾ ਦੇ ਕੇ, ਉਹ ਪੂਰੇ ਕੀਤੇ ਜਾਣ।’’
ਸ. ਫੇਰੂਮਾਨ ਦੀ ਸ਼ਹਾਦਤ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੁਣੇ ਗਏ। ਜਥੇਦਾਰ ਤੁੜ ਨੇ ਅਕਾਲੀ ਦਲ ਦਾ ਨਵਾਂ ਪਾਲਿਸੀ ਪ੍ਰੋਗਰਾਮ ਤਿਆਰ ਕਰਨ ਲਈ ਸ. ਕਪੂਰ ਸਿੰਘ ਆਈ ਸੀ ਐੱਸ ਦੀ ਸਰਪ੍ਰਸਤੀ ਹੇਠ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ, ਜਿਸ ਨੇ ਇੱਕ ਖਰੜਾ ਤਿਆਰ ਕੀਤਾ ਜੋ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 16-17 ਅਕਤੂਬਰ 1973 ਨੂੰ ਸ੍ਰੀ ਆਨੰਦਪੁਰ ਸਾਹਿਬ ਇਕੱਤਰਤਾ ਵਿੱਚ ਪ੍ਰਵਾਨ ਕੀਤਾ, ਫਿਰ 28 ਅਗਸਤ 1977 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਜਨਰਲ ਇਜਲਾਸ ਵਿੱਚ ਪ੍ਰਵਾਨ ਕੀਤਾ ਗਿਆ ਅਤੇ ਇਸ ’ਤੇ 28-29 ਅਕਤੂਬਰ 1978 ਦੀ ਲੁਧਿਆਣਾ ਕਾਨਫਰੰਸ ਨੇ ਮੋਹਰ ਲਾਈ ਅਤੇ 20 ਅਗਸਤ 1980 ਦੇ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਇਸ ਨੂੰ ਪ੍ਰਵਾਨ ਕੀਤਾ। ਸ. ਭਾਨ ਸਿੰਘ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਖ਼ੁਦ ਛਪਵਾਇਆ ਅਤੇ ਲਾਗੂ ਕਰਨ ਲਈ ਭਾਰਤ ਸਰਕਾਰ ਨੂੰ ਭੇਜਿਆ। ਕੇਂਦਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ। ਇਸ ਨੂੂੰ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਧਰਮ ਯੁੱਧ ਮੋਰਚਾ’ ਸ਼ੁਰੂ ਕੀਤਾ ਗਿਆ। ਇਸ ਮੋਰਚੇ ਦਾ ਹਸ਼ਰ ਸਭ ਦੇ ਸਾਹਮਣੇ ਹੈ। ਜੇ ਇਸ ’ਤੇ ਅਮਲ ਕੀਤਾ ਜਾਂਦਾ ਤਾਂ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਅੱਜ ਵਾਲੀ ਨਾ ਹੁੰਦੀ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦੀ ਕਮੇਟੀ ਬਣਾ ਕੇ ਇਸ ਵਿਚਲੇ ਕੇਂਦਰ ਸਰਕਾਰ ਨਾਲ ਸਬੰਧਿਤ ਮੁੱਦਿਆਂ ਦੀ ਨਿਸ਼ਾਨਦੇਹੀ ਕਰਵਾਏ ਤੇ ਰਾਜ ਸਰਕਾਰ ਨਾਲ ਸਬੰਧਿਤ ਮੁੱਦਿਆਂ ਦੀ ਵੱਖਰੀ ਨਿਸ਼ਾਨਦੇਹੀ ਕਰਵਾਏ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਕੇਂਦਰ ਨਾਲ ਸਬੰਧਿਤ ਮੰਗਾਂ ਲਈ ਗੱਲਬਾਤ ਕੀਤੀ ਜਾਵੇ। ਜਿਹੜੇ ਮਸਲੇ ਪੰਜਾਬ ਸਰਕਾਰ ਨਾਲ ਸਬੰਧਿਤ ਹਨ ਉਨ੍ਹਾਂ ’ਤੇ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਨੂੰ ਰਾਜ ਸਰਕਾਰ ਲਾਗੂ ਕਰੇ।
ਸੰਪਰਕ: 94175-33060 (ਵੱਟਸਐਪ)

