ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਇਆਂ ਨੂੰ ਮੁਬਾਰਕਾਂ

ਨਰਿੰਦਰ ਪਾਲ ਸਿੰਘ ਜਗਦਿਓ ਪੰਦਰਾਂ-ਸੋਲ੍ਹਾਂ ਸਾਲ ਪਹਿਲਾਂ ਮੈਂ ਚੰਡੀਗੜ੍ਹ ਇੱਕ ਨਿੱਜੀ ਟੀਵੀ ਚੈਨਲ ਵਿੱਚ ਨੌਕਰੀ ਕਰਦਾ ਸੀ। ਉੱਤਰ ਪ੍ਰਦੇਸ਼ (ਯੂ.ਪੀ.) ਦਾ ਰਹਿਣ ਵਾਲਾ ਰਿਤੇਸ਼ ਨਾਂ ਦਾ ਮੇਰਾ ਇੱਕ ਸਹਿਕਰਮੀ ਸੀ। ਪਿਛਲੇ ਦਿਨੀਂ ਉਸ ਦਾ ਜਨਮ ਦਿਨ ਸੀ ਜਿਸ ਬਾਰੇ ਮੈਨੂੰ...
Advertisement

ਨਰਿੰਦਰ ਪਾਲ ਸਿੰਘ ਜਗਦਿਓ

ਪੰਦਰਾਂ-ਸੋਲ੍ਹਾਂ ਸਾਲ ਪਹਿਲਾਂ ਮੈਂ ਚੰਡੀਗੜ੍ਹ ਇੱਕ ਨਿੱਜੀ ਟੀਵੀ ਚੈਨਲ ਵਿੱਚ ਨੌਕਰੀ ਕਰਦਾ ਸੀ। ਉੱਤਰ ਪ੍ਰਦੇਸ਼ (ਯੂ.ਪੀ.) ਦਾ ਰਹਿਣ ਵਾਲਾ ਰਿਤੇਸ਼ ਨਾਂ ਦਾ ਮੇਰਾ ਇੱਕ ਸਹਿਕਰਮੀ ਸੀ। ਪਿਛਲੇ ਦਿਨੀਂ ਉਸ ਦਾ ਜਨਮ ਦਿਨ ਸੀ ਜਿਸ ਬਾਰੇ ਮੈਨੂੰ ਫੇਸਬੁੱਕ ਰਾਹੀਂ ਪਤਾ ਲੱਗਾ। ਮੈਂ ਉਸ ਨੂੰ ਜਨਮ ਦਿਨ ਦੀ ਵਧਾਈ ਦਾ ਸੁਨੇਹਾ ਭੇਜਣਾ ਚਾਹੁੰਦਾ ਸੀ ਪਰ ਇੰਨੇ ਸਾਲਾਂ ਦੌਰਾਨ ਸਾਡੇ ਵਿਚਕਾਰ ਕੋਈ ਰਾਬਤਾ ਨਹੀਂ ਸੀ, ਨਾ ਹੀ ਕਿਸੇ ਸੋਸ਼ਲ ਮੀਡੀਆ ਮੰਚ ਰਾਹੀਂ ਤੇ ਨਾ ਹੀ ਫੋਨ ਰਾਹੀਂ। ਮੈਂ ਇਸ ਮਕਸਦ ਨਾਲ ਉਸ ਦੀਆਂ ਪੋਸਟਾਂ ਵੇਖਣ ਲੱਗਾ ਕਿ ਉਹ ਅੱਜਕੱਲ੍ਹ ਕੀ ਕਰ ਰਿਹਾ ਹੈ। ਉਸ ਨੂੰ ਬਹੁਤ ਸਾਰੇ ਲੋਕਾਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹੋਈਆਂ ਸਨ ਪਰ ਉਸ ਨੇ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ ਹੋਇਆ ਸੀ। ਪਿਛਲੇ 4-5 ਸਾਲ ਤੋਂ ਉਸ ਦੇ ਹਰੇਕ ਜਨਮ ਦਿਨ ਉੱਤੇ ਸੈਂਕੜੇ ਲੋਕਾਂ ਨੇ ਸ਼ੁਭ ਕਾਮਨਾਵਾਂ ਭੇਜੀਆਂ ਹੋਈਆਂ ਸਨ ਪਰ ਉਸ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਨਾ ਤਾਂ ਕਿਸੇ ਨੂੰ ਕੋਈ ਜਵਾਬ ਦਿੱਤਾ ਹੋਇਆ ਸੀ ਤੇ ਨਾ ਖ਼ੁਦ ਕੋਈ ਪੋਸਟ ਪਾਈ ਸੀ।

Advertisement

ਅਚਾਨਕ ਨਵੰਬਰ 2020 ਦੀ ਇੱਕ ਪੋਸਟ ਮੇਰੇ ਨਜ਼ਰੀਂ ਪਈ, ਜਿਸ ਵਿੱਚ ਰਿਤੇਸ਼ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੋਈ ਸੀ। ਮੈਨੂੰ ਝਟਕਾ ਲੱਗਾ। ਮਨ ਇਕਦਮ ਉਦਾਸ ਹੋ ਗਿਆ। ਮੈਂ ਸੋਚੀ ਪੈ ਗਿਆ ਕਿ ਇਹ ਕਿਹੋ ਜਿਹਾ ਸਮਾਜਿਕ ਦੌਰ ਹੈ, ਲੋਕਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਦੀ ਜ਼ਿੰਦਗੀ ਵਿੱਚ ਕੀ ਵਾਪਰ ਰਿਹਾ ਹੈ, ਬਸ ਸੋਸ਼ਲ ਮੀਡੀਆ ਉੱਤੇ ਆਪਣੀ ਹਾਜ਼ਰੀ ਦਰਸਾਉਣ ਲਈ ਸੁਨੇਹੇ ’ਤੇ ਸੁਨੇਹੇ ਸੁੱਟੀ ਜਾ ਰਹੇ ਹਨ। ਮੈਂ ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਵੇਖ ਰਿਹਾ ਹਾਂ, ਖ਼ਾਸ ਤੌਰ ’ਤੇ ਫੇਸਬੁੱਕ ਉੱਤੇ। ਲੋਕ ਮੋਇਆਂ ਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਦੇਈ ਜਾਣਗੇ। ਅਸਲ ਵਿੱਚ ਇਸ ਗੱਲ ਦਾ ਦੂਜਾ ਪਹਿਲੂ ਵੀ ਹੈ। ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ‘ਦੋਸਤ’ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਹਿੱਤੂ, ਜਾਣਕਾਰ ਜਾਂ ਮਿੱਤਰ ਹੋਣ ਸਗੋਂ ਬਹੁਤੀ ਵਾਰ ਇਸ ਦੇ ਉਲਟ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਸੋਸ਼ਲ ਕਨੈਕਸ਼ਨ ਕਮਿਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਦੋਸਤ ਹੋਣ ਦੇ ਬਾਵਜੂਦ ਇਕੱਲਾਪਣ ਅੱਜ ਵੱਡੀ ਬਿਮਾਰੀ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਦੁਨੀਆ ਦਾ ਹਰ ਛੇਵਾਂ ਵਿਅਕਤੀ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਸੋਸ਼ਲ ਮੀਡੀਆ ਉੱਤੇ ਹਜ਼ਾਰਾਂ-ਲੱਖਾਂ ਲੋਕ ਜੁੜੇ ਹੁੰਦੇ ਹਨ ਪਰ ਅਸਲੀਅਤ ਵਿੱਚ ਕੋਲ ਬੈਠਣ ਵਾਲੇ ਇੱਕ-ਦੋ ਵੀ ਨਹੀਂ ਹੁੰਦੇ।

ਇਹ ਗੱਲ ਬਹੁਤੇ ਨੂੰ ਲੋਕਾਂ ਸਮਝ ਆ ਚੁੱਕੀ ਹੈ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਮਾਨਸਿਕ ਤੇ ਸਰੀਰਕ ਪੱਧਰ ’ਤੇ ਹਾਨੀਕਾਰਕ ਹੈ ਪਰ ਮੌਜੂਦਾ ਸਮੇਂ ਸੋਸ਼ਲ ਮੀਡੀਆ ਦੀ ਸਾਡੀ ਜ਼ਿੰਦਗੀ ਵਿੱਚ ਬੇਮਤਲਬ ਘੁਸਪੈਠ ਹੋ ਚੁੱਕੀ ਹੈ, ਜਿਸ ਤੋਂ ਚਾਹੁੰਦੇ ਹੋਏ ਵੀ ਬਚਿਆ ਨਹੀਂ ਜਾ ਸਕਦਾ। ਪਰ ਹਾਂ, ਇਸ ਦੀ ਵਰਤੋਂ ਸੀਮਤ, ਸਮਝਦਾਰੀ ਤੇ ਸਹੀ ਸਮੇਂ ਉੱਤੇ ਕਰਨਾ ਸਾਡੇ ਹੱਥ-ਵੱਸ ਹੈ।

ਕਿੰਨੇ ਹੀ ਲੋਕਾਂ ਨੂੰ ਅਸੀਂ ਨਿੱਜੀ ਤੌਰ ’ਤੇ ਨਾ ਕਦੇ ਮਿਲਦੇ ਹਾਂ, ਨਾ ਵੇਖਦੇ ਹਾਂ ਤੇ ਨਾ ਉਨ੍ਹਾਂ ਨਾਲ ਸਾਡਾ ਸੰਪਰਕ ਹੁੰਦਾ ਹੈ ਪਰ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਦੀਆਂ ਜ਼ਿੰਦਗੀਆਂ ਵਿੱਚ ਐਵੇਂ ਝਾਤੀਆਂ ਜਿਹੀਆਂ ਮਾਰਦੇ ਰਹਿੰਦੇ ਹਾਂ, ਜਿਸ ਦਾ ਬਹੁਤੀ ਵਾਰ ਕੋਈ ਮਤਲਬ ਨਹੀਂ ਬਣਦਾ ਹੁੰਦਾ। ਇਸ ਬਾਬਤ ਮੇਰੇ 3-4 ਨਿੱਜੀ ਤਜਰਬੇ ਹਨ। ਉਨ੍ਹਾਂ ਵਿੱਚੋਂ ਇੱਕ ਸਾਂਝਾ ਕਰ ਰਿਹਾ ਹਾਂ।

ਆਸਟਰੇਲੀਆ ਰਹਿੰਦਾ ਇੱਕ ਪੰਜਾਬੀ ਗਾਇਕ ਮੇਰੇ ਨਾਲ ਫੇਸਬੁੱਕ ਉੱਤੇ ਬਹੁਤ ਗੱਲਾਂ ਕਰਿਆ ਕਰਦਾ ਸੀ। ਉਸ ਨੂੰ ਟੀਵੀ ਉੱਤੇ ਚੱਲਦਾ ਮੇਰਾ ਇੰਟਰਵਿਊ ਵਾਲਾ ਸ਼ੋਅ ‘ਇੱਕ ਖ਼ਾਸ ਮੁਲਾਕਾਤ’ ਕਾਫ਼ੀ ਪਸੰਦ ਸੀ। ਕਿੰਨੇ ਸਾਲ ਅਸੀਂ ਸੋਸ਼ਲ ਮੀਡੀਆ ਰਾਹੀਂ ਜੁੜੇ ਰਹੇ, ਕਦੇ ਨਹੀਂ ਮਿਲੇ ਅਤੇ 2022 ਵਿੱਚ ਉਸ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਸੁਣਨ ਨੂੰ ਮਿਲੀ। ਕਿੰਨੇ ਹੀ ਦਿਨ ਫੇਸਬੁੱਕ ਉੱਤੇ ਉਸ ਦੀ ਮੌਤ ਦੀਆਂ ਪੋਸਟਾਂ ਸਾਹਮਣੇ ਆਉਂਦੀਆਂ ਰਹੀਆਂ। ਕਈ ਦਿਨ ਮੈਂ ਬਹੁਤ ਅਸਹਿਜ ਮਹਿਸੂਸ ਕਰਦਾ ਰਿਹਾ। ਤਿੰਨ ਕੁ ਮਹੀਨਿਆਂ ਬਾਅਦ ਉਸ ਦੇ ਜਨਮ ਦਿਨ ਉੱਤੇ ਵੀ ਲੋਕਾਂ ਨੇ ਹਰ ਸਾਲ ਦੀ ਤਰ੍ਹਾਂ ਉਸ ਨੂੰ ਵਧਾਈਆਂ ਹੀ ਵਧਾਈਆਂ ਦੇ ਦਿੱਤੀਆਂ (ਜਿਵੇਂ ਰਿਤੇਸ਼ ਨੂੰ ਲੋਕੀਂ ਦੇ ਰਹੇ ਸਨ)। ਹੁਣ ਮੈਂ ਅਜਿਹੇ ਅਕਾਊਂਟ ਖ਼ੁਦ ਹੀ ਅਨਫਰੈਂਡ ਕਰ ਦਿੰਦਾ ਹਾਂ।

ਸੋਸ਼ਲ ਮੀਡੀਆ (ਖ਼ਾਸ ਤੌਰ ’ਤੇ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ ਤੇ ਯੂਟਿਊਬ) ’ਤੇ ਦੁਨੀਆ ਭਰ ਵਿੱਚ ਇੱਕ ਵਿਅਕਤੀ ਔਸਤ ਰੋਜ਼ਾਨਾ ਢਾਈ ਘੰਟੇ ਦੇ ਕਰੀਬ ਸਮਾਂ ਬਿਤਾਉਂਦਾ ਹੈ ਅਤੇ ਆਈਆਈਐਮ ਅਹਿਮਦਾਬਾਦ ਦੀ ਇੱਕ ਸਰਵੇਖਣ ਰਿਪੋਰਟ ਅਨੁਸਾਰ ਭਾਰਤ ਵਿੱਚ ਇਹ ਔਸਤ ਸਵਾ ਤਿੰਨ ਘੰਟੇ ਦੇ ਕਰੀਬ ਹੈ। ਮੈਂ ਹੁਣ ਸਰਕਾਰੀ ਨੌਕਰੀ ਕਰਦਾ ਹਾਂ, ਜਿਸ ਵਿੱਚ ਸਾਡਾ ਬਹੁਤਾ ਕੰਮ (ਸੋਸ਼ਲ ਮੀਡੀਆ ਸਾਈਟਾਂ ਵੇਖਣ ਸਮੇਤ) ਮੋਬਾਈਲਾਂ ਉੱਤੇ ਨਿਰਭਰ ਹੈ ਅਤੇ ਸਵੇਰ ਤੋਂ ਲੈ ਕੇ ਸੌਣ ਤੱਕ ਮੋਬਾਈਲ ਹੱਥ ਵਿੱਚ ਹੀ ਹੁੰਦਾ ਹੈ।

ਖ਼ੈਰ, ਮੋਬਾਈਲ ਉੱਤੇ ਸੋਸ਼ਲ ਮੀਡੀਆ ਦੀ ਲਤ ਨੂੰ ਨਸ਼ਿਆਂ ਬਰਾਬਰ ਰੱਖਿਆ ਜਾਣ ਲੱਗਿਆ ਹੈ। ਡੀਐੱਮਸੀ ਲੁਧਿਆਣਾ ਦੇ ਮਨੋਰੋਗ ਵਿਭਾਗ ਦਾ ਇੱਕ ਪੋਸਟਰ ਮੈਂ ਕੁਝ ਸਾਲ ਪਹਿਲਾਂ ਉੱਥੋਂ ਦੇ ਹਾਰਟ ਵਿਭਾਗ ਵਿੱਚ ਲੱਗਾ ਵੇਖ ਕੇ ਉਸ ਦੀ ਫੋਟੋ ਖਿੱਚ ਲਈ ਸੀ। ਪੋਸਟਰ ਉੱਤੇ ਲਿਖਿਆ ਹੋਇਆ ਸੀ ਸਾਡੇ ਇੱਥੇ ਸਾਰੇ ਪ੍ਰਕਾਰ ਦੇ ਨਸ਼ਿਆਂ - ਸਮੈਕ, ਚਿੱਟਾ, ਭੁੱਕੀ, ਚਰਸ, ਗਾਂਜਾ, ਤੰਬਾਕੂ, ਸਿਗਰਟਨੋਸ਼ੀ, ਇੰਟਰਨੈੱਟ ਅਤੇ ਮੋਬਾਈਲ ਦੀ ਲਤ ਦਾ ਇਲਾਜ ਕੀਤਾ ਜਾਂਦਾ ਹੈ।

ਮੇਰੇ ਵੀ ਅਜਿਹੇ ਕੁਝ ਜਾਣਕਾਰ ਹਨ, ਜੋ ਇਸ ਲਤ ਦਾ ਸ਼ਿਕਾਰ ਹਨ। ਉਨ੍ਹਾਂ ਨੇ ਆਪਣੀ ਦੁਨੀਆ ਸੋਸ਼ਲ ਮੀਡੀਆ ਦੁਆਲੇ ਸਮੇਟ ਲਈ ਹੈ। ਕਿਸੇ ਬਾਰੇ ਮੰਦਾ-ਚੰਗਾ ਕਹਿਣਾ ਹੋਵੇ ਤਾਂ ਇਸ ਲਈ ਸੋਸ਼ਲ ਮੀਡੀਆ ਮੰਚਾਂ ਦਾ ਹੁੱਬ ਕੇ ਸਹਾਰਾ ਲੈਂਦੇ ਹਨ। ਬਹੁਤੇ ਲੋਕ ਮਹਿਸੂਸ ਕਰਦੇ ਹੋਣਗੇ ਕਿ ਪਿਛਲੇ ਕੁਝ ਸਮੇਂ ਤੋਂ ਮਾਂ ਦਿਵਸ, ਔਰਤ ਦਿਵਸ, ਪਿਤਾ ਦਿਵਸ, ਧੀ ਦਿਵਸ ਅਤੇ ਏਦਾਂ ਦੇ ਨਿੱਜੀ ਰਿਸ਼ਤਿਆਂ ਬਾਬਤ ਲੋਕ ਸੋਸ਼ਲ ਮੀਡੀਆ ਉੱਤੇ ਬਹੁਤ ਵਧਾ ਚੜ੍ਹਾ ਕੇ ਸੁਨੇਹੇ ਪੋਸਟ ਕਰਦੇ ਹਨ। ਪਤਾ ਨਹੀਂ ਕਿਉਂ ਸਾਨੂੰ ਆਪਣੇ ਆਪਣੇ ਨਿੱਜੀ ਤੇ ਨਜ਼ਦੀਕੀ ਰਿਸ਼ਤਿਆਂ ਦਾ ਮੋਹ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸਣਾ ਪੈ ਰਿਹਾ ਹੈ? ਉਂਝ ਭਾਵੇਂ ਰਿਸ਼ਤੇ ਖਟਾਸ ਭਰਪੂਰ ਹੀ

ਹੋਣ। ਖ਼ੈਰ, ਇਹ ਵੱਖਰਾ ਮਸਲਾ ਹੈ।

ਜਿਹੋ ਜਿਹਾ ਸੋਸ਼ਲ ਮੀਡੀਆ ਰੁਝਾਨ ਚੱਲ ਰਿਹਾ ਹੈ ਅਤੇ ਲੋਕ ਮਾਨਸਿਕ ਪੱਧਰ ’ਤੇ ਇਸ ਦੁਆਲੇ ਆਪਣੀ ਜ਼ਿੰਦਗੀ ਸੀਮਤ ਕਰ ਰਹੇ ਹਨ, ਉਹ ਚਿੰਤਾਜਨਕ ਹੈ। ਰਿਤੇਸ਼ ਦੀ ਮੌਤ ਵਾਲੀ ਉਦਾਹਰਣ, ਡੀਐੱਮਸੀ ਵਿੱਚ ਨਸ਼ਿਆਂ ਦੀ ਲਤ ਛੁਡਾਉਣ ਵਾਲਾ ਲੱਗਿਆ ਪੋਸਟਰ ਅਤੇ ਲੋਕਾਂ ਦੀ ਨਿੱਜੀ ਜ਼ਿੰਦਗੀ ਦਾ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ਇਸ ਗੱਲ ਵੱਲ ਸੰਕੇਤ ਹੈ ਕਿ ਇਹ ਵਰਤਾਰਾ ਸਮਾਜਿਕ ਖੋਖਲੇਪਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਕਰੋ, ਇਹ ਵੀ ਹੁਣ ਜੀਵਨ ਦਾ ਹਿੱਸਾ ਹੀ ਬਣ ਗਿਆ ਹੈ ਪਰ ਸਹਿਜਤਾ, ਸੰਵੇਦਨਾਵਾਂ, ਸੁਖ-ਸ਼ਾਂਤੀ ਅਤੇ ਸਕੂਨ ਵਿੱਚ ਕੋਈ ਵਿਗਾੜ ਨਜ਼ਰੀਂ ਪੈਂਦਾ ਹੈ ਤਾਂ ਜ਼ਰਾ ਕੁ ਸੋਚ ਵਿਚਾਰ ਜ਼ਰੂਰ ਕਰਨਾ ਬਣਦਾ ਹੈ ਕਿ ਕਿਤੇ ਮੋਇਆਂ ਨੂੰ ਵਧਾਈਆਂ ਦਿੰਦੇ ਦਿੰਦੇ ਅਸੀਂ ਖ਼ੁਦ ਹੀ ਕਿਸੇ ਵਿਕਾਰ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ।

ਸੰਪਰਕ: 97802-16767

Advertisement