ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੋਕ ਸਭਾਵਾਂ ਦੇ ਸੁਨੇਹੇ

ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ’ਚੋਂ ਪ੍ਰੋਫੈਸਰ ਸੇਵਾਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸੇਵਾਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੂਰੂ...
Advertisement

ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ’ਚੋਂ ਪ੍ਰੋਫੈਸਰ ਸੇਵਾਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸੇਵਾਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੂਰੂ ਵਸਣਾ ਪਿਆ ਸੀਂ ਪਰ ਉਹ ਆਪਣੇ ਪਿਛੋਕੜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਉਹ ਆਪਣੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦਾ ਸੀ। ਉਸ ਦੀ ਮੌਤ ਅਤੇ ਦਾਹ ਸੰਸਕਾਰ ਤੋਂ ਬਾਅਦ ਪਰਿਵਾਰ ਨੇ ਉਸ ਦੇ ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸੁਝਾਅ ਨੂੰ ਮੰਨ ਕੇ ਉਸ ਦੀ ਸ਼ੋਕ ਸਭਾ ਉਸ ਸ਼ਹਿਰ ’ਚ ਕਰਨ ਦਾ ਫ਼ੈਸਲਾ ਕੀਤਾ, ਜਿੱਥੇ ਉਸ ਨੇ ਜ਼ਿੰਦਗੀ ਦਾ ਕਾਫ਼ੀ ਸਮਾਂ ਗੁਜ਼ਾਰਿਆ ਸੀ। ਲੋਕਾਂ ਦੇ ਮੂੰਹ ਤੋਂ ਅਕਸਰ ਹੀ ਇਹ ਸ਼ਬਦ ਸੁਣਨ ਨੂੰ ਮਿਲਦੇ ਹਨ ਕਿ ਲੋਕ ਉਦੋਂ ਤੱਕ ਤੁਹਾਡੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਤੁਹਾਡੇ ਨਾਲ ਵਾਹ ਹੁੰਦਾ ਹੈ, ਪਰ ਮੇਰੇ ਮਿੱਤਰ ਦੀ ਉਸ ਸ਼ੋਕ ਸਭਾ ਵਿੱਚ ਇੱਕਠੇ ਹੋਏ ਲੋਕਾਂ ਦਾ ਹਜ਼ਾਰਾਂ ਦਾ ਇਕੱਠ ਇਹ ਸੁਨੇਹਾ ਦੇ ਰਿਹਾ ਸੀ ਕਿ ਤੁਹਾਡਾ ਮਿਲਵਰਤਣ, ਚੰਗਾ ਸੁਭਾਅ, ਕਿਰਦਾਰ, ਤੁਹਾਡੀ ਨੇਕ ਨੀਤੀ ਅਤੇ ਸ਼ਖ਼ਸੀਅਤ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਦੀ ਹੈ।

ਉਸ ਸ਼ੋਕ ਸਭਾ ’ਚ ਉਸ ਨਾਲ ਕੰਮ ਕਰ ਚੁੱਕੇ ਦੂਰ-ਦੁਰਾਡੇ ਥਾਵਾਂ ਤੋਂ ਸੇਵਾਮੁਕਤ ਪ੍ਰੋਫੈਸਰਾਂ, ਕਰਮਚਾਰੀਆਂ, ਪ੍ਰਿੰਸੀਪਲਾਂ ਅਤੇ ਅਧਿਆਪਕ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਆਉਣਾ ਇਹ ਸੁਨੇਹਾ ਦੇ ਰਿਹਾ ਸੀ ਕਿ ਮੌਤ ਤੋਂ ਬਾਅਦ ਵੀ ਮਨੁੱਖ ਦੀ ਪਛਾਣ ਦਾ ਪਤਾ ਚੱਲਦਾ ਹੈ। ਉਸ ਸ਼ੋਕ ਸਭਾ ਵਿੱਚ ਆਏ ਲੋਕ ਉਸ ਦੇ ਬਤੌਰ ਪ੍ਰੋਫੈਸਰ ਕੰਮ ਕਰਨ ਦੇ ਢੰਗ ਦਾ ਜ਼ਿਕਰ ਕਰਦਿਆਂ ਇਹ ਕਹਿ ਰਹੇ ਸਨ ਕਿ ਉਹ ਬਹੁਤ ਹੀ ਇਮਾਨਦਾਰ, ਨੇਕ ਦਿਲ, ਗ਼ਰੀਬਾਂ ਦਾ ਭਲਾ ਕਰਨ ਵਾਲਾ ਅਤੇ ਬਹੁਤ ਹੀ ਨਿਮਰਤਾ ਨਾਲ ਭਰਿਆ ਹੋਇਆ ਇਨਸਾਨ ਸੀ। ਇਹ ਸਭ ਸੁਨੇਹਾ ਦੇ ਰਿਹਾ ਸੀ ਕਿ ਮਨੁੱਖ ਨੂੰ ਆਪਣੇ ਅਹੁਦੇ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ।

Advertisement

ਸ਼ੋਕ ਸਭਾ ’ਚ ਲੋਕਾਂ ਦੇ ਉਦਾਸ ਚਿਹਰੇ ਇਹ ਦੱਸ ਰਹੇ ਸਨ ਕਿ ਲੋਕ ਦਿਲੋਂ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਉਸ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕਾਂ ਦੇ ਸ਼ਬਦ ਸੱਚਮੁੱਚ ਹੀ ਉਸ ਦੇ ਇਸ ਦੁਨੀਆ ਤੋਂ ਤੁਰ ਜਾਣ ਨਾਲ ਉਸ ਦੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਪੈਦਾ ਹੋਏ ਖਲਾਅ ਦਾ ਸੁਨੇਹਾ ਦੇ ਰਹੇ ਸਨ। ਉਸ ਦਰਵੇਸ਼ ਇਨਸਾਨ ਵੱਲੋਂ ਰਿਸ਼ਤੇ ’ਚ ਇੱਕ ਚੰਗੇ ਪੁੱਤਰ, ਪਤੀ, ਪਿਤਾ, ਭਰਾ, ਮਿੱਤਰ ਤੇ ਸਹੁਰੇ ਵਜੋਂ ਨਿਭਾਈ ਗਈ ਭੂਮਿਕਾ ਇਹ ਸੁਨੇਹਾ ਦਿੰਦੀ ਹੈ ਕਿ ਮਨੁੱਖ ਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਸਿਰਫ਼ ਰਸਮ ਨਿਭਾਉਣ ਤੇ ਆਪਣੀ ਹਾਜ਼ਰੀ ਲਗਾਉਣ ਆਏ ਲੋਕਾਂ ਨੂੰ ਸ਼ੋਕ ਸਭਾਵਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਉਨ੍ਹਾਂ ਦੀ ਵੀ ਇੱਕ ਦਿਨ ਸ਼ੋਕ ਸਭਾ ਹੋਣੀ ਹੈ। ਸ਼ੋਕ ਸਭਾ ’ਚ ਹੱਸਣਾ, ਗੱਲਾਂ ਕਰਨੀਆਂ, ਫੋਨ ਚਲਾਈ ਜਾਣਾ ਅਤੇ ਫੋਨ ਉੱਤੇ ਗੱਲਾਂ ਕਰੀ ਜਾਣਾ ਸੋਭਦਾ ਨਹੀਂ। ਸ਼ੋਕ ਸਭਾ ’ਚ ਬੈਠਣ ਦਾ ਸਲੀਕਾ ਹੋਣਾ ਚਾਹੀਦਾ ਹੈ। ਸ਼ੋਕ ਸਭਾ ’ਚ ਪੰਜ ਜਾਂ ਦਸ ਮਿੰਟ ਪਹਿਲਾਂ ਆਉਣ ਵਾਲੇ, ਸ਼ਕਲ ਵਿਖਾ ਕੇ ਚਲੇ ਜਾਣ ਵਾਲੇ ਜਾਂ ਫੇਰ ਸਿਰਫ਼ ਲੰਗਰ ਛਕਣ ਆਏ ਲੋਕਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹੋਣਗੇ। ਉਨ੍ਹਾਂ ਦਾ ਸਮਾਜ ਵਿੱਚ ਕਿਹੋ ਜਿਹਾ ਪ੍ਰਭਾਵ ਬਣੇਗਾ। ਮੌਤ ਨਾਲੋਂ ਸਮਾਂ ਕੀਮਤੀ ਨਹੀਂ ਹੋ ਸਕਦਾ।

ਸ਼ੋਕ ਸਭਾ ਵਿੱਚ ਲੋਕਾਂ ਦੇ ਵੱੜੇ ਇਕੱਠ ਅਤੇ ਉਸ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਵਾਲੇ ਵਿਅਕਤੀਆਂ ਵੱਲੋਂ ਉਸ ਬਾਰੇ ਕਹੀਆਂ ਜਾਣ ਵਾਲੀਆਂ ਗੱਲਾਂ ਮਨੁੱਖ ਨੂੰ ਇਹ ਸੋਚਣ ਦਾ ਸੁਨੇਹਾ ਦਿੰਦੀਆਂ ਹਨ ਕਿ ਕੀ ਉਸ ਦਾ ਕਿਰਦਾਰ ਉਸ ਮਨੁੱਖ ਵਰਗਾ ਹੈ? ਉਸ ਨੂੰ ਉਸ ਜਿਹਾ ਬਣਨ ਲਈ

ਆਪਣੇ ਆਪ ’ਚ ਕੀ ਸੁਧਾਰ ਕਰਨ ਦੀ ਲੋੜ ਹੈ।

ਇੱਕ ਸ਼ੋਕ ਸਭਾ ’ਚ ਇੱਕ ਪ੍ਰੇਰਕ ਪ੍ਰਸੰਗ ਸੁਣਾਇਆ ਗਿਆ। ਇੱਕ ਅਮੀਰ ਆਦਮੀ ਵੱਲੋਂ ਇੱਕ ਅਖ਼ਬਾਰ ਵਿੱਚ ਇਹ ਇਸ਼ਤਿਹਾਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਮੈਨੂੰ ਆਪਣੀ ਸਾਰੀ ਕਮਾਈ ਮੌਤ ਤੋਂ ਬਾਅਦ ਨਾਲ ਲਿਜਾਉਣ ਦਾ ਢੰਗ ਦੱਸ ਦੇਵੇਗਾ ਉਸ ਨੂੰ ਮੈਂ ਪੰਜ ਲੱਖ ਰੁਪਏ ਇਨਾਮ ਦੇਵਾਂਗਾ। ਇੱਕ ਬਹੁਤ ਹੀ ਸੁਲਝੇ ਹੋਏ ਵਿਅਕਤੀ ਨੇ ਉਸ ਨੂੰ ਢੰਗ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਦੂਜੇ ਦੇਸ਼ਾਂ ਵਿੱਚ ਜਾ ਕੇ ਆਪਣੇ ਦੇਸ਼ ਦੀ ਕਰੰਸੀ ਉਸ ਦੇਸ਼ ਦੀ ਕਰੰਸੀ ਵਿੱਚ ਬਦਲਾਉਣੀ ਪੈਂਦੀ ਹੈ, ਉਸੇ ਤਰ੍ਹਾਂ ਹੀ ਉੱਪਰ ਜਾ ਕੇ ਸਾਡੇ ਚੰਗੇ ਕਰਮਾਂ ਦੀ ਹੀ ਕਰੰਸੀ ਹੀ ਚੱਲਦੀ ਹੈ। ਉਹ ਅਮੀਰ ਆਦਮੀ ਉਸ ਵਿਅਕਤੀ ਦੀ ਗੱਲ ਤੋਂ ਜ਼ਿੰਦਗੀ ਜਿਊਣ ਦਾ ਅਰਥ ਸਮਝ ਗਿਆ। ਇੱਕ ਸ਼ੋਕ ਸਭਾ ਵਿੱਚ ਇੱਕ ਪਾਠੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਜੇਕਰ ਸ਼ੋਕ ਸਭਾ ਵਿੱਚ ਅਸੀਂ ਆਪਣੀ ਹਉਮੈਂ, ਸੰਸਾਰ ਵਿੱਚੋਂ ਕਦੇ ਵੀ ਨਾ ਜਾਣ ਦਾ ਭੁਲੇਖਾ, ਲਾਲਚ ਅਤੇ ਸਵਾਰਥ ਨੂੰ ਭੁਲਾ ਕੇ ਆਈਏ ਤਾਂ ਸਾਨੂੰ ਸ਼ੋਕ ਸਭਾ ਵਿੱਚ ਆਉਣ ਦਾ ਅਰਥ ਸਮਝ ਆ ਸਕਦਾ ਹੈ। ਜੇਕਰ ਇਨ੍ਹਾਂ ਸ਼ੋਕ ਸਭਾਵਾਂ ਦੇ ਸੁਨੇਹਿਆਂ ਨੂੰ ਪੱਲੇ ਬੰਨ੍ਹ ਲਿਆ ਜਾਵੇ ਤਾਂ ਬੰਦੇ ਨੂੰ ਰੱਬ ਯਾਦ ਰਹਿ ਸਕਦਾ ਹੈ, ਉਸ ਨੂੰ ਜ਼ਿੰਦਗੀ ਜਿਊਣ ਦੇ ਅਰਥ ਸਮਝ ਆ ਸਕਦੇ ਹਨ। ਉਹ ਇਨਸਾਨੀਅਤ ਦੀ ਪਰਿਭਾਸ਼ਾ ਸਿੱਖ ਸਕਦਾ ਹੈ ।

ਸੰਪਰਕ: 98726-27136

Advertisement
Show comments