ਕਵਿਤਾ ਤੇ ਵਾਰਤਕ ਦੇ ਰੰਗ
ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਚੰਗੇ ਚੰਗੇ’ (ਕੀਮਤ: 350 ਰੁਪਏ; ਪੰਨੇ:174; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਬਜ਼ੁਰਗ ਸਾਹਿਤਕਾਰ ਜੋਧ ਸਿੰਘ ਮੋਗਾ ਦੀ ਸੱਤਵੀਂ ਕਿਤਾਬ ਹੈ, ਜਿਸ ਵਿੱਚ ਵਾਰਤਕ ਅਤੇ ਕਵਿਤਾ ਦੇ ਦੋਵੇਂ ਰੰਗ ਹਨ। ਆਪਣੀਆਂ ਲਿਖੀਆਂ ਪਹਿਲੀਆਂ ਛੇ ਕਿਤਾਬਾਂ ਵਿੱਚੋਂ ਮਹੱਤਵਪੂਰਨ ਰਚਨਾਵਾਂ ਦੀ ਚੋਣ ਕਰਕੇ ਲੇਖਕ ਨੇ ਇਹ ਕਿਤਾਬ ਛਪਵਾਈ ਹੈ। ਮੋਗੇ ਦੇ ਪ੍ਰਸਿੱਧ ਵਿਅੰਗ ਲੇਖਕ ਤੇ ਹਾਸ ਵਿਅੰਗ ਅਕੈਡਮੀ ਦੇ ਪ੍ਰਧਾਨ ਕੇ.ਐਲ. ਗਰਗ ਨੇ ਕਿਤਾਬ ਨੂੰ ਇਸ ਨਜ਼ਰੀਏ ਤੋਂ ‘ਮਿਕਸਡ ਵੈਜੀਟੇਬਲ’ ਨਾਲ ਤੁਲਨਾ ਦਿੱਤੀ ਹੈ, ਜੋ ਆਮ ਵਿਆਹ ਸ਼ਾਦੀਆਂ ਵਿੱਚ ਪਰੋਸੀ ਜਾਂਦੀ ਹੈ। ਲੋਕ ਉਂਗਲਾਂ ਚਟਦੇ ਮਜ਼ੇ ਨਾਲ ਖਾਂਦੇ ਹਨ। ਇਹ ਕਿਤਾਬ ‘ਮਿਕਸਡ ਸਾਹਿਤ’ ਵਾਂਗ ਹੈ। ਕਿਤਾਬ ਦੇ ਸਿਰਲੇਖ ਦੇ ਵੀ ਇਹੋ ਅਰਥ ਹਨ ਕਿ ਚੰਗੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਵਿੱਚ ਜੋ ਹੈ ‘ਚੰਗੇ ਚੰਗੇ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਪੜ੍ਹ ਕੇ ਤੁਸੀਂ ਆਪ ਕਹੋਗੇ ਕਿ ਵਾਹ! ਵਾਹ!! ਬਾਬਾ ਜੀ ਨੇ ਕਮਾਲ ਕਰ ਦਿੱਤੀ। ਕੇ.ਐਲ. ਗਰਗ ਤੋਂ ਇਲਾਵਾ ਲੇਖਕ ਦੀਆਂ ਕਿਤਾਬਾਂ ਬਾਰੇ ਖੁਸ਼ਵੰਤ ਬਰਗਾੜੀ, ਪ੍ਰੋ. ਸੁਰਜੀਤ ਕਾਉਂਕੇ, ਪ੍ਰੋ. ਡਾ. ਸਤਨਾਮ ਸਿੰਘ ਜੱਸਲ ਅਤੇ ਪ੍ਰੋ. ਨਵਸੰਗੀਤ ਸਿੰਘ ਦੇ ਭਾਵਪੂਰਤ ਸ਼ਬਦ ਅੰਕਿਤ ਹਨ। ਕਿਤਾਬ ਵਿੱਚ ਰਚਨਾਵਾਂ ਸੰਖੇਪ ਹਨ, ਪਰ ਵੰਨ-ਸੁਵੰਨਤਾ ਬਹੁਤ ਹੈ। ਵਾਰਤਕ ਰਚਨਾਵਾਂ ਵਿੱਚ ਸੁਹਜ ਸੁਆਦ, ਕਥਾ ਰਸ ਤੇ ਦਿਲਚਸਪ ਸ਼ੈਲੀ ਹੈ। ਵਾਰਤਕ ਸਰਲ ਤੇ ਸਪੱਸ਼ਟ ਹੈ। ਵਾਕ ਬਣਤਰ ਪ੍ਰਭਾਵਸ਼ਾਲੀ ਹੈ। ਕਥਾ ਰਸ ਵਾਲੀ ਵਾਰਤਕ ਦੇ ਸੁਹਜ ਦਾ ਅਹਿਸਾਸ ਪਾਠਕ ਨੂੰ ਹੁੰਦਾ ਹੈ।
ਜੋਧ ਸਿੰਘ ਮੋਗਾ ਦੀ ਕਲਮ ਵਿੱਚ ਉਤਸ਼ਾਹ ਹੈ। ਮੌਲਿਕਤਾ ਅਤੇ ਤਾਜ਼ਗੀ ਹੈ। ਉਹ ਗੱਲਾਂ ਵਿੱਚੋਂ ਗੱਲ ਲਿਖਣ ਤੇ ਉਸ ਨੂੰ ਸੰਵਾਰ ਕੇ ਪੇਸ਼ ਕਰਨ ਵਿੱਚ ਮਾਹਿਰ ਹੈ। ਉਸ ਦੀ ਸਦਾ ਇੱਛਾ ਰਹੀ ਹੈ ਕਿ ਪੰਜਾਬ ਦੇ ਵਿਦਿਆਰਥੀ ਭਵਿੱਖ ਦੇ ਕਲਮਕਾਰ ਬਣਨ। ਉਹ ਕਵਿਤਾ ਨਾਲ ਜੁੜਨ। ਕਿਤਾਬਾਂ ਛਾਪ ਕੇ ਉਹ ਚੋਣਵੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੰਡ ਕੇ ਖ਼ੁਸ਼ੀ ਪ੍ਰਾਪਤ ਕਰਦਾ ਹੈ। ਸਕੂਲ ਵੀ ਮੋਗੇ ਖੇਤਰ ਵਿੱਚ ਦੂਰ-ਦੁਰਾਡੇ ਦੇ ਚੁਣਦਾ ਹੈ। ਉਸ ਨੂੰ ਇਸ ਕੰਮ ਵਿੱਚ ਮਾਨਸਿਕ ਸਕੂਨ ਮਿਲਦਾ ਹੈ।
ਕਿਤਾਬ ਦੇ ਲੇਖਾਂ ਵਿੱਚ ਜੋਧ ਸਿੰਘ ਜਜ਼ਬਾਤੀ ਨਹੀਂ ਹੁੰਦਾ ਸਗੋਂ ਅਤੀਤ ਦੇ ਝਰੋਖੇ ਵਿੱਚੋਂ ਉਹ ਪਾਠਕ ਨਾਲ ਨਿੱਜੀ ਸਾਂਝ ਪੈਦਾ ਕਰਦਾ ਹੈ। ਵਿਸ਼ੇ ਦੀ ਤਹਿ ਤੱਕ ਜਾਂਦਾ ਹੈ। ਖ਼ਾਸਕਰ ਇਤਿਹਾਸ ਲਿਖਦਾ ਹੈ, ਜਿਵੇਂ ਕੋਈ ਬਜ਼ੁਰਗ ਆਪਣੇ ਬੱਚਿਆਂ ਨੂੰ ਬਾਤਾਂ ਸੁਣਾ ਰਿਹਾ ਹੋਵੇ। ਕਿਤਾਬ ਦੇ ਲੇਖ ਰੂਹ ਦੀ ਆਵਾਜ਼ ਹਨ। ਲੇਖਕ ਦੇ ਦਿਲ ਦੀ ਗੱਲ ਕਰਦੇ ਹਨ। ਇੱਕ ਲੇਖ ਵਿੱਚ ਉਸ ਦੀ ਪਤਨੀ ਦੀ ਬਰਸੀ ਦਾ ਜ਼ਿਕਰ ਹੈ। ਉਹ ਸਕੂਲ ਵਿੱਚ ਬੋਰਡ ਬਣਵਾ ਕੇ ਲੁਆਉਂਦਾ ਹੈ। ਬੋਰਡ ਤੇ ਅਖ਼ਬਾਰਾਂ ਵਿੱਚੋਂ ਸਿੱਖਿਆਦਾਇਕ ਤਸਵੀਰਾਂ ਅਤੇ ਰਚਨਾਵਾਂ ਲਾ ਕੇ ਖ਼ੁਸ਼ੀ ਪ੍ਰਾਪਤ ਕਰਦਾ ਹੈ। ਰਚਨਾਵਾਂ ਪੜ੍ਹ ਕੇ ਵਿਦਿਆਰਥੀ ਸੇਧ ਲੈਂਦੇ ਹਨ। ਉਹ ਗ਼ਰੀਬ ਬੱਚਿਆਂ ਦੀ ਸਹਾਇਤਾ ਕਰਦਾ ਹੈ। ਲੋੜਵੰਦ ਬੱਚਿਆਂ ਨੂੰ ਸਹਾਇਤਾ ਦੇ ਕੇ ਉਸ ਨੂੰ ਰੱਬ ਮਿਲਣ ਜਿੰਨੀ ਖ਼ੁਸ਼ੀ ਮਿਲਦੀ ਹੈ। ਇਹ ਗੱਲ ਉਸ ਦੇ ਲੇਖ ‘ਰੱਬ ਜੀ ਦਾ ਸਿਰਨਾਵਾਂ’ ਵਿੱਚ ਹੈ। ਉਹ ਸਾਫ਼ਗੋ ਹੈ ਤੇ ਚੰਦਾ ਮੰਗਣ ਆਏ ਲੋਕਾਂ ਨੂੰ ਪੈਸੇ ਦੇਣ ਦੀ ਬਜਾਏ ਰੱਬ ਨੂੰ ਸਿੱਧੇ ਪੈਸੇ ਭੇਜਣ ਦਾ ਤਰਕ ਦਿੰਦਾ ਹੈ। ਉਹ ਸਪੱਸ਼ਟਵਾਦੀ ਹੈ। ਉਸ ਦੇ ਵਿਚਾਰ ਤਰਕਸ਼ੀਲ ਹਨ। ਅਖੌਤੀ ਧਰਮ ਦੇ ਮੁਖੌਟੇ ਤੋਂ ਕੋਹਾਂ ਦੂਰ ਹੈ। ਉਸ ਦੀ ਵਾਰਤਕ ਵਿੱਚ ਸੱਚ ਵਰਗੇ ਸਦੀਵੀ ਬੋਲ ਹਨ: ਸੱਚੀ ਪ੍ਰਸੰਸਾ ਉਹ ਹੈ ਜੋ ਦਿਲੋਂ ਕੀਤੀ ਜਾਵੇ; ਕੰਮ ਪੂਜਾ ਹੈ ਪਰ ਆਪਾਂ ਇਹ ਪੂਜਾ ਕਿੰਨੀ ਕੁ ਕਰਦੇ ਹਾਂ।
ਉਹ ਕੰਮ ਸੱਭਿਆਚਾਰ ਦਾ ਪੁਜਾਰੀ ਹੈ। ਉਹ ਖੁਸ਼ਖ਼ਤ ਦਾ ਸ਼ੈਦਾਈ ਹੈ। ਸੋਹਣਾ ਲਿਖਦਾ ਹੈ। ਉਸ ਨੇ ਬਚਪਨ ਵਿੱਚ ਫੱਟੀ ’ਤੇ ਸੋਹਣਾ ਲਿਖ ਕੇ ਮਨ ਮੋਹਿਆ ਹੈ। ਉਸ ਦੀ ਬਚਪਨ ਦੀ ਲਿਖੀ ਫੱਟੀ ਦੀ ਤਸਵੀਰ ਲੇਖ ਵਿੱਚ ਹੈ। ਉਹ ਲਿਖਦਾ ਹੈ ਕਿ ਬਜ਼ੁਰਗਾਂ ਵਾਸਤੇ ਕੋਈ ਨਾ ਕੋਈ ਰੁਝੇਵਾਂ ਜ਼ਰੂਰੀ ਹੈ। ਨਹੀਂ ਤਾਂ ਘਰ ਵਿੱਚ ਕਾਵਾਂ-ਰੌਲੀ ਪਈ ਰਹਿੰਦੀ ਹੈ। ਹੋਰ ਨਹੀਂ ਤਾਂ ਬੰਦਾ ਘਰਵਾਲੀ ਨਾਲ ਹੀ ਲੜਦਾ ਰਹਿੰਦਾ ਹੈ। ਮਿਸਾਲਾਂ ਦੇ ਕੇ ਉਹ ਲੇਖਾਂ ਨੂੰ ਰਸਦਾਇਕ ਬਣਾਉਂਦਾ ਹੈ। ਮੁਹਾਵਰੇ, ਅਖੌਤਾਂ, ਬੁਝਾਰਤਾਂ, ਕੈਪਸ਼ਨਾਂ, ਅੱਖਾਂ ਦੀ ਕਸਰਤ ਕਰਵਾ ਕੇ ਉਹ ਪਾਠਕ ਦੀ ਦਿਮਾਗ਼ੀ ਕਸਰਤ ਕਰਾਉਂਦਾ ਹੈ। ਉਸ ਨੇ ਬੁਝਾਰਤਾਂ ਲਿਖ ਕੇ ਕਿਤਾਬ ਵਿੱਚ ਵਿਦਿਆਰਥੀਆਂ ਲਈ ਗਿਆਨ ਪੈਦਾ ਕੀਤਾ ਹੈ। ਬੁਝਾਰਤਾਂ ਹੁਣ ਲੋਪ ਹੋ ਰਹੀਆਂ ਹਨ। ਸਾਡੇ ਬੱਚਿਆਂ ਨੂੰ ਬੁਝਾਰਤਾਂ ਦੀ ਜਾਣਕਾਰੀ ਨਹੀਂ ਹੈ। ਹੁਣ ਸਾਡੇ ਬੱਚੇ ਦਾਦੇ ਦਾਦੀਆਂ, ਨਾਨੇ ਨਾਨੀ ਤੋਂ ਨਾ ਤਾਂ ਕਹਾਣੀ ਸੁਣਦੇ ਹਨ ਤੇ ਨਾ ਬੁਝਾਰਤਾਂ ਪਾਉਂਦੇ ਹਨ। ਇਸ ਪੱਖ ਤੋਂ ਸਾਡੇ ਬੱਚੇ (ਭਾਵੇਂ ਸਕੂਲ ਕੋਈ ਵੀ ਹੋਵੇ) ਪੰਜਾਬੀ ਤੋਂ ਦੂਰ ਜਾ ਰਹੇ ਹਨ। ਇਸ ਦੀ ਜੋਧ ਸਿੰਘ ਮੋਗਾ ਨੂੰ ਵੀ ਚਿੰਤਾ ਹੈ। ਕਿਤਾਬ ਦੀ ਰਚਨਾ ‘ਖ਼ੁਸ਼ੀਆਂ ਦੀ ਲੱਪ’ ਵਿੱਚ ਲੇਖਕ ਦੀ ਕਲਾ ਦਾ ਹੁਨਰ ਚਮਕਾਂ ਮਾਰਦਾ ਹੈ। ਮੋਗੇ ਵਿੱਚ ਬਾਲਣਾ ਦੀ ਕਹਾਣੀ ਰਸਦਾਇਕ ਹੈ। ਲੇਖਕ ਦੀਆਂ ਪਹਿਲਾਂ ਛਪੀਆਂ ਕਿਤਾਬਾਂ ਦੇ ਸਮਰਪਣ ਪੜ੍ਹਨ ਵਾਲੇ ਹਨ। ਉਸ ਨੇ ਦੇਸ਼ ਵੰਡ ਤੋਂ ਪਹਿਲਾਂ ਦੀ ਭਾਈਚਾਰਕ ਸਾਂਝ ਨੂੰ ਸ਼ਿੱਦਤ ਨਾਲ ਯਾਦ ਕੀਤਾ ਹੈ। ਚਿੱਠੀਆਂ ਮਿੱਠੀਆਂ ਵਿੱਚ ਉਹ ਪੁਰਾਣੇ ਵੇਲਿਆਂ ਦੇ ਖ਼ਤ ਸੱਭਿਆਚਾਰ ਦਾ ਜ਼ਿਕਰ ਕਰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਦੇ ਪਸ਼ੂ ਪ੍ਰੇਮ ਦੀ ਵਾਰਤਾ ਖ਼ੂਬਸੂਰਤ ਹੈ। ਲਿੰਕਨ ਵਿਆਹ ਵਿੱਚ ਬਰਾਤ ਨਾਲ ਸੀ। ਰਸਤੇ ਵਿੱਚ ਸੂਰ ਚਿੱਕੜ ’ਚ ਫਸਿਆ ਵੇਖ ਕੇ ਛੱਪੜ ਵਿੱਚ ਵੜ ਗਿਆ। ਕੱਪੜੇ ਲਬੇੜ ਲਏ, ਪਰ ਸੂਰ ਨੂੰ ਬਾਹਰ ਕੱਢ ਲਿਆ। ਫਿਰ ਉਹ ਬਰਾਤ ਛੱਡ ਕੇ ਵਾਪਸ ਆ ਗਿਆ। ਪਾਠਕ ਪੜ੍ਹਦਾ ਹੈ ਤੇ ਨਾਲ ਹੈਰਾਨ ਹੁੰਦਾ ਹੈ ਕਿ ਇਹੋ ਜਿਹਾ ਸੀ ਲਿੰਕਨ। ਕਿਤਾਬ ਵਿਚਲੀਆਂ ਰਚਨਾਵਾਂ- ਕੈਦੀ ਪੰਛੀ, ਜਵਾਨੀ ਵੇਲੇ, ਮਲਕਾ ਦਾ ਬੁੱਤ, ਹਨੇਰਾ ਚਾਨਣ ਮੰਦਰ,ਆਓ ਰੁੱਸਣਾ ਸਿੱਖੀਏ, ਫੁੱਲਾਂ ਦੀ ਰੁੱਤ ਆਈ, ਖੁੱਲ੍ਹੇ ਦਰਸ਼ਨ ਦੀਦਾਰ ਆਦਿ ਵਿੱਚ ਪੁਰਾਣੇ ਪੰਜਾਬ ਦੀ ਤਸਵੀਰ ਹੈ। ਲੇਖਕ ਦਾ ਆਪਣਾ ਬਚਪਨ ਹੈ। ਕਿਤਾਬ ਵਿੱਚ ਸਵੈਮੁਖੀ ਰਚਨਾਵਾਂ ਪੜ੍ਹ ਕੇ ਖ਼ੁਸ਼ੀ ਮਿਲਦੀ ਹੈ। ਕੁਝ ਲੇਖਾਂ ਨਾਲ ਛਪੀਆਂ ਤਸਵੀਰਾਂ ਲੇਖਕ ਦੀਆਂ ਖ਼ੁਦ ਬਣਾਈਆਂ ਹਨ। ਕਾਸ਼! ਪੰਜਾਬ ਵਿੱਚ ਦੇਸ਼ ਵੰਡ ਤੋਂ ਪਹਿਲਾਂ ਵਾਲੀ ਭਾਈਚਾਰਕ ਸਾਂਝ ਆ ਜਾਵੇ।
ਕਵਿਤਾ ਭਾਗ ਵਿੱਚ ਕਵਿਤਾ ‘95 ਸਾਲ ਦਾ ਪੈਂਡਾ’ ਲੇਖਕ ਦਾ ਵੇਖਿਆ ਹੰਢਾਇਆ ਪੰਜਾਬ ਹੈ। ਕਵਿਤਾ ਪਿਆਰ ਬੀਜੋ ਨਫ਼ਰਤ, ਰੱਬੀ ਦਾਤਾਂ, ਭਲੇ ਸਮੇਂ ਦੀ ਆਸ, ਸੁਨਹਿਰੀ ਯੁਗ ਚੰਗੀਆਂ ਕਾਵਿ-ਰਚਨਾਵਾਂ ਹਨ। ਇਹ ਕਿਤਾਬ ਹਰੇਕ ਵਰਗ ਦੇ ਪਾਠਕ ਦੇ ਪੜ੍ਹਨ ਤੇ ਸਾਂਭਣ ਵਾਲੀ ਹੈ। ਨਵੀਂ ਪਨੀਰੀ ਇਸ ਕਿਤਾਬ ਤੋਂ ਜੀਵਨ ਸੇਧਾਂ ਲੈ ਸਕਦੀ ਹੈ।
ਸੰਪਰਕ: 98148-56160