ਰੰਗੀਨ ਸਤਰੰਗੀ ਅਤੇ ਨੀਲਾ ਪਿੰਡ
ਆਸਮਾਨ ਵਿੱਚ ਛਾਈ ਸਤਰੰਗੀ ਪੀਂਘ ਹਰੇਕ ਲਈ ਹੀ ਖਿੱਚ ਦਾ ਕਾਰਨ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕੋਈ ਸਤਰੰਗੀ ਪਿੰਡ ਵੀ ਦੇਖਿਆ ਹੈ?
ਮੈਨੂੰ ਅਜਿਹਾ ਪਿੰਡ ਵੇਖਣ ਦਾ ਮੌਕਾ 2019 ਵਿੱਚ ਆਪਣੀ ਇੰਡੋਨੇਸ਼ੀਆ ਦੀ ਯਾਤਰਾ ਦੌਰਾਨ ਮਿਲਿਆ।
ਆਓ, ਤੁਹਾਨੂੰ ਵੀ ਉਸ ਪਿੰਡ ਦੀ ਯਾਤਰਾ ਕਰਾਉਂਦੇ ਹਾਂ।
ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਪੂਰਬੀ ਹਿੱਸੇ ਵਿੱਚ ਇੱਕ ਸ਼ਹਿਰ ਹੈ, ਜਿਸ ਦਾ ਨਾਂ ਹੈ ਮਲੰਗ। ਮੈਂ 4 ਜੁਲਾਈ 2019 ਨੂੰ ਦੁਪਹਿਰ ਬਾਅਦ ਇੱਥੇ ਪਹੁੰਚਿਆ ਸੀ। ਮੇਰੀ ਰਾਹ ਦਸੇਰੀ ਕਿਤਾਬ (ਗਾਈਡ ਬੁੱਕ) ਅਨੁਸਾਰ ਮਲੰਗ ਵਿੱਚ ਕੋਈ ਸਤਰੰਗੀ ਪਿੰਡ ਸੀ, ਜਿਸ ਨੂੰ ਵੇਖਣ ਯਾਤਰੀ ਜ਼ਰੂਰ ਜਾਂਦੇ ਸਨ। ਰਾਹ ਦਸੇਰੀ ਕਿਤਾਬ ਅਨੁਸਾਰ ਇਹ ਪਿੰਡ ਮਲੰਗ ਰੇਲਵੇ ਸਟੇਸ਼ਨ ਦੇ ਕਿਤੇ ਨੇੜੇ ਹੀ ਸੀ।
ਪੰਜ ਜੁਲਾਈ 2019 ਨੂੰ ਸਵੇਰੇ ਦਸ ਵਜੇ ਮੈਂ ਮਲੰਗ ਦੇ ਕੋਟਾ ਬਾਰੂ ਰੇਲਵੇ ਸਟੇਸ਼ਨ ਦੇ ਬਾਹਰ ਸਾਂ। ਸਟੇਸ਼ਨ ਦੇ ਸਾਹਮਣੇ ਇੱਕ ਕਾਫ਼ੀ ਵੱਡਾ ਪਾਰਕ ਸੀ, ਜਿਸ ਨੂੰ ਟਰੂਨੋਜੋਯੋ ਪਾਰਕ ਕਹਿੰਦੇ ਹਨ। ਉਸ ਪਾਰਕ ਵਿੱਚ 1945 ਵਿੱਚ ਹੋਏ ਇੰਡੋਨੇਸ਼ੀਆ ਦੀ ਆਜ਼ਾਦੀ ਦੇ ਸੰਘਰਸ਼ ਬਾਰੇ ਇੱਕ ਸਮਾਰਕ ਬਣਿਆ ਹੋਇਆ ਸੀ ਅਤੇ ਇੱਕ ਫ਼ੌਜੀ ਟੈਂਕ ਵੀ ਖੜ੍ਹਾ ਕੀਤਾ ਹੋਇਆ ਸੀ। ਮੈਂ ਕੁਝ ਸਮਾਂ ਉਸ ਪਾਰਕ ਵਿੱਚ ਬਿਤਾਇਆ ਅਤੇ ਆਪਣੇ ਖ਼ਾਸ ਮਹੱਤਵਪੂਰਨ ਉਦੇਸ਼ ਨੂੰ ਪੂਰਾ ਕਰਨ ਲਈ ਭਾਵ ਸਤਰੰਗੀ ਪਿੰਡ ਦੇਖਣ ਲਈ ਚੱਲ ਪਿਆ।
ਦੂਰੀ ਥੋੜ੍ਹੀ ਹੀ ਸੀ, ਇਸ ਲਈ ਮੈਂ ਪੈਦਲ ਹੀ ਜਾ ਰਿਹਾ ਸੀ। ਲਗਭਗ ਦਸ ਮਿੰਟ ਵਿੱਚ ਮੈਂ ਜੋਡਿਪਨ ਇਲਾਕੇ ਵਿੱਚ ਸੀ। ਇਹ ਪਿੰਡ ਬਰਾਂਟਸ ਦਰਿਆ ਦੇ ਕੰਢੇ ਉੱਤੇ ਹੈ। ਪਿੰਡ ਦੇ ਵਿਚਕਾਰ ਇੱਕ ਨਾਲ਼ਾ ਵਗਦਾ ਹੈ ਜੋ ਦਰਿਆ ਵਿੱਚ ਜਾ ਮਿਲਦਾ ਹੈ। ਨਾਲ਼ੇ ਉੱਤੇ ਇੱਕ ਪੁਲ ਬਣਿਆ ਹੋਇਆ ਹੈ ਜੋ ਪਿੰਡ ਦੇ ਦੋਵਾਂ ਹਿੱਸਿਆਂ ਨੂੰ ਜੋੜਦਾ ਹੈ। ਇਸ ਪਿੰਡ ਦੀ ਕਹਾਣੀ ਬੜੀ ਅਨੋਖੀ ਹੈ, ਜੋ ਉੱਜੜਦਾ-ਉੱਜੜਦਾ ਅੱਜ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।
ਸਾਲ 2016 ਤੋਂ ਪਹਿਲਾਂ ਇੱਥੇ ਨਾਲ਼ੇ ਕੰਢੇ ਵੱਸੀ ਝੁੱਗੀ ਬਸਤੀ ਸੀ। ਮਨੁੱਖੀ ਵੱਸੋਂ ਦੇ ਰਹਿਣ ਵਾਲੇ ਹਾਲਾਤ ਬਿਲਕੁਲ ਨਹੀਂ ਸਨ। ਇਹ ਬਸਤੀ ਅਤੇ ਸ਼ਹਿਰ ਦੀਆਂ ਹੋਰ ਝੁੱਗੀ ਬਸਤੀਆਂ ਪ੍ਰਸ਼ਾਸਨ ਅਤੇ ਸ਼ਹਿਰ ਦੇ ਉੱਚ ਵਰਗ ਨੂੰ ਸ਼ਹਿਰ ਉੱਤੇ ਧੱਬੇ ਵਾਂਗ ਜਾਪਦੀਆਂ ਸਨ। ਇਸ ਲਈ ਪ੍ਰਸ਼ਾਸਨ ਵੱਲੋਂ ਇਸ ਬਸਤੀ ਨੂੰ ਉਜਾੜਨ ਦੀ ਯੋਜਨਾ ਬਣਾਈ ਗਈ, ਪਰ ਸਮੱਸਿਆ ਇਹ ਸੀ ਕਿ ਇੱਥੋਂ ਦੇ ਵਸਨੀਕ ਕਿੱਥੇ ਜਾਣ। ਉੱਥੇ ਵੱਸਦੇ ਲੋਕ ਆਰਥਿਕ ਪੱਖੋਂ ਇੰਨੇ ਪੱਛੜੇ ਹੋਏ ਸਨ ਕਿ ਉਨ੍ਹਾਂ ਦੀ ਤਾਂ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਚਲਦੀ ਸੀ।
ਆਮ ਤੌਰ ’ਤੇ ਜਿਵੇਂ ਹੁੰਦਾ ਹੈ, ਉੱਥੇ ਵੱਸਦੇ ਲੋਕਾਂ ਦੀ ਪ੍ਰਸ਼ਾਸਨ ਵਿੱਚ ਕੋਈ ਸੁਣਵਾਈ ਨਹੀਂ ਸੀ ਤੇ ਕਿਸੇ ਵੀ ਵੇਲੇ ਉਜਾੜੇ ਦੀ ਤਲਵਾਰ ਉਨ੍ਹਾਂ ਦੇ ਸਿਰ ’ਤੇ ਲਟਕੀ ਹੋਈ ਸੀ। ਇਸ ਗੱਲ ਦਾ ਪਤਾ ਸਥਾਨਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਟੋਲੇ ਨੂੰ ਲੱਗਿਆ ਜੋ ਸਥਾਨਕ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਇਸ ਪ੍ਰਤੀ ਵਿਚਾਰ ਚਰਚਾ ਕੀਤੀ। ਵਿਚਾਰ ਚਰਚਾ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਸ਼ਹਿਰ ਉੱਤੇ ਧੱਬਾ ਸਮਝਿਆ ਜਾਂਦੇ ਇਸ ਇਲਾਕੇ ਨੂੰ ਰੰਗੀਨ ਤੇ ਖ਼ੂਬਸੂਰਤ ਇਲਾਕ਼ੇ ਵਿੱਚ ਬਦਲਿਆ ਜਾਵੇ ਤਾਂ ਜੋ ਪ੍ਰਸ਼ਾਸਨ ਕੋਲ ਇਸ ਨੂੰ ਉਜਾੜਨ ਦਾ ਬਹਾਨਾ ਨਾ ਰਹੇ।
ਵਿਦਿਆਰਥੀਆਂ ਨੇ ਕੁਝ ਸਥਾਨਕ ਕਲਾਕਾਰਾਂ ਨੂੰ ਵੀ ਇਸ ਕੰਮ ਵਿੱਚ ਆਪਣੇ ਨਾਲ ਜੋੜ ਲਿਆ। ਇੱਕ ਸਥਾਨਕ ਰੰਗ (ਪੇਂਟ) ਕੰਪਨੀ ਨੇ ਵੀ ਸਹਿਯੋਗ ਦਿੱਤਾ ਅਤੇ ਇਹ ਕੰਮ ਸ਼ੁਰੂ ਹੋ ਗਿਆ। ਸਥਾਨਕ ਲੋਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਮਿਲ ਕੇ ਇਸ ਪਿੰਡ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ। ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਵੱਖ-ਵੱਖ ਰੰਗਾਂ ਨਾਲ ਚਮਕਾਇਆ ਗਿਆ। ਦਿਨਾਂ ਵਿੱਚ ਹੀ ਇਲਾਕੇ ਦਾ ਰੰਗ ਰੂਪ ਬਦਲ ਗਿਆ। ਇਸ ਦਾ ਨਵਾਂ ਨਾਂ ਰੱਖਿਆ ਗਿਆ ਕਮਪੁੰਗ ਵਾਰਨਾ ਵਾਰਨੀ ਭਾਵ ਸਤਰੰਗੀ ਪਿੰਡ। ਇੰਡੋਨੇਸ਼ੀਆ ਵਿੱਚ ਪਿੰਡ ਨੂੰ ਕਮਪੁੰਗ/ਕੰਪੁੰਗ ਕਹਿੰਦੇ ਹਨ ਅਤੇ ਵਾਰਨਾ ਵਾਰਨੀ ਦਾ ਭਾਵ ਹੈ ਸਤਰੰਗੀ। ਪਿੰਡ ਦੀ ਕੋਈ ਵੀ ਨੁੱਕਰ ਬੇਰੰਗ ਨਾ ਰਹੀ।
ਜਿਹੜੀ ਜਗ੍ਹਾ ਪਹਿਲਾਂ ਸ਼ਹਿਰ ਉੱਤੇ ਧੱਬਾ ਜਾਪਦੀ ਸੀ ਉਹੀ ਹੁਣ ਸੈਲਾਨੀਆਂ ਦੀ ਖਿੱਚ ਦਾ ਸਭ ਤੋਂ ਵੱਡਾ ਕੇਂਦਰ ਸੀ। ਦੇਖਾ-ਦੇਖੀ ਇਸ ਦਾ ਅਸਰ ਹੋਰ ਝੁੱਗੀ ਬਸਤੀਆਂ ਉੱਤੇ ਵੀ ਹੋਇਆ। ਇਸ ਦੇ ਸਾਹਮਣੇ ਇਲਾਕੇ ਦੇ ਲੋਕਾਂ ਨੇ ਆਪਣੇ ਘਰਾਂ ਨੂੰ ਨੀਲੇ ਰੰਗ ਨਾਲ ਰੰਗ ਦਿੱਤਾ ਅਤੇ ਉਸ ਪਿੰਡ ਦਾ ਨਾਂ ਪੈ ਗਿਆ ਕਮਪੁੰਗ ਬੀਰੂ ਅਰੇਮਾ ਭਾਵ ਨੀਲਾ ਪਿੰਡ। ਅਸਲ ਵਿੱਚ ਉੱਥੋਂ ਦੀ ਇੱਕ ਫੁੱਟਬਾਲ ਟੀਮ, ਅਰੇਮਾ ਫੁੱਟਬਾਲ ਕਲੱਬ ਦੇ ਖਿਡਾਰੀ ਨੀਲੇ ਰੰਗ ਦੇ ਵਰਦੀ ਪਹਿਨਦੇ ਹਨ। ਇਹ ਫੁੱਟਬਾਲ ਟੀਮ ਲੋਕਾਂ ਵਿੱਚ ਬੜੀ ਹਰਮਨ ਪਿਆਰੀ ਹੈ। ਇਸ ਲਈ ਇਹ ਪਿੰਡ ਉਸ ਫੁੱਟਬਾਲ ਟੀਮ ਨੂੰ ਸਮਰਪਿਤ ਕੀਤਾ ਗਿਆ ਹੈ।
ਸਤਰੰਗੀ ਪਿੰਡ ਵਿੱਚ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਮਿਲ ਕੇ ਇਹੋ ਜਿਹਾ ਦ੍ਰਿਸ਼ ਸਿਰਜਦੀਆਂ ਹਨ ਜਿਵੇਂ ਸਤਰੰਗੀ ਪੀਂਘ ਹੋਵੇ। ਕੰਧਾਂ ਉੱਤੇ ਕਈ ਤਰ੍ਹਾਂ ਦੇ ਚਿੱਤਰ ਅਤੇ ਮਿਊਰਲਜ਼ ਵੀ ਬਣਾਏ ਗਏ ਹਨ। ਸੈਲਾਨੀਆਂ ਦੇ ਇੱਥੇ ਆਉਣ ਕਾਰਨ ਲੋਕਾਂ ਨੇ ਘਰਾਂ ਵਿੱਚ ਹੀ ਕਈ ਤਰ੍ਹਾਂ ਦੇ ਕੰਮ ਖੋਲ੍ਹ ਲਏ ਹਨ। ਕੋਈ ਖਾਣ-ਪੀਣ ਦਾ ਸਾਮਾਨ ਵੇਚਦਾ ਹੈ ਅਤੇ ਕੋਈ ਯਾਦਗਾਰੀ ਚਿੰਨ੍ਹ ਜਾਂ ਹੱਥ ਦੀਆਂ ਬਣੀਆਂ ਕਲਾ-ਕਿਰਤਾਂ।
ਛੋਟੀਆਂ-ਛੋਟੀਆਂ ਗਲ਼ੀਆਂ ਨੂੰ ਵੀ ਬੜੇ ਵਧੀਆ ਢੰਗ ਨਾਲ ਸਜਾਇਆ ਗਿਆ ਹੈ। ਸਜਾਵਟ ਲਈ ਰੰਗਦਾਰ ਝੰਡੀਆਂ ਅਤੇ ਰੰਗਦਾਰ ਛਤਰੀਆਂ ਦੀ ਬੜੀ ਸੁਚੱਜੀ ਵਰਤੋਂ ਕੀਤੀ ਗਈ ਹੈ। ਇੰਝ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਕਲਾਕਾਰਾਂ ਦੇ ਪਿੰਡ ਵਿੱਚ ਘੁੰਮ ਰਹੇ ਹੋਵੋ। ਸਥਾਨਕ ਲੋਕਾਂ ਨੇ ਕਮਾਈ ਦੇ ਕਈ ਨਵੇਂ-ਨਵੇਂ ਢੰਗ ਕੱਢ ਲਏ ਹਨ ਪਰ ਸੈਲਾਨੀਆਂ ਦੀ ਲੁੱਟਮਾਰ ਬਿਲਕੁਲ ਨਹੀਂ ਹੈ। ਘਰ ਬਹੁਤ ਛੋਟੇ-ਛੋਟੇ ਹਨ। ਇੱਕ ਘਰ ਦੇ ਮਾਲਕ ਨੇ ਆਪਣੀ ਛੱਤ ਉੱਤੇ ਜਾ ਕੇ ਫੋਟੋ ਖਿੱਚਣ ਦੀ ਥੋੜ੍ਹੀ ਜਿਹੀ ਫ਼ੀਸ ਰੱਖੀ ਹੋਈ ਹੈ। ਛੱਤ ਉੱਪਰੋਂ ਆਲ਼ੇ-ਦੁਆਲ਼ੇ ਦਾ ਸੋਹਣਾ ਦ੍ਰਿਸ਼ ਨਜ਼ਰ ਆਉਂਦਾ ਹੈ। ਲੋਕਾਂ ਨੂੰ ਫੋਟੋ ਖਿੱਚਣ ਦੀ ਆਸਾਨੀ ਹੈ ਅਤੇ ਘਰ ਦੇ ਮਾਲਕ ਦੀ ਕੁਝ ਕਮਾਈ ਹੋ ਜਾਂਦੀ ਹੈ। ਇੱਕ ਬਜ਼ੁਰਗ ਔਰਤ ਘਰ ਦੇ ਅੱਗੇ ਛੋਟਾ ਜਿਹਾ ਟੋਕਰਾ ਰੱਖੀ ਕੇਲੇ ਵੇਚ ਰਹੀ ਹੈ। ਸਥਾਨਕ ਲੋਕਾਂ ਨੂੰ ਕੰਮ ਦੀ ਭਾਲ ਵਿੱਚ ਹੁਣ ਬਾਹਰ ਨਹੀਂ ਜਾਣਾ ਪੈਂਦਾ।
ਇਸ ਪਿੰਡ ਅੰਦਰ ਜਾਣ ਦੇ ਕਈ ਰਸਤੇ ਹਨ ਪਰ ਮੁੱਖ ਰਸਤੇ ਦੇ ਸ਼ੁਰੂ ਵਿੱਚ ਹੀ ਕੁਝ ਕਲਾਕ੍ਰਿਤਾਂ ਇਸ ਤਰ੍ਹਾਂ ਬਣਾਈਆਂ ਗਈਆਂ ਹਨ ਕਿ ਲੋਕ ਉੱਥੇ ਬੈਠ ਕੇ ਉਨ੍ਹਾਂ ਨਾਲ ਤਸਵੀਰਾਂ ਖਿਚਾ ਸਕਣ। ਇਹ ਪਿੰਡ ਸਮੂਹਿਕ ਏਕਤਾ ਅਤੇ ਤਬਦੀਲੀ ਦਾ ਬਹੁਤ ਵਧੀਆ ਨਮੂਨਾ ਹੈ।
ਮੈਂ ਲਗਭਗ ਦੋ ਘੰਟੇ ਇਸ ਸਤਰੰਗੀ ਪਿੰਡ ਵਿੱਚ ਘੁੰਮਿਆ। ਕੁਝ ਤਸਵੀਰਾਂ ਲਈਆਂ। ਕੁਝ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਯਾਤਰਾ ਦੇ ਅਗਲੇ ਮੁਕਾਮ ਵੱਲ ਚੱਲ ਪਿਆ।
ਸੰਪਰਕ: 75085-28230