ਜ਼ਮਾਨੇ ਦੇ ਬਦਲੇ ਰੰਗ
ਸ਼ਰੀਕੇ-ਭਾਈਚਾਰੇ ’ਚੋਂ ਮੇਰੇ ਚਚੇਰੇ ਭਰਾ ਲਗਦੇ ਭਜਨ ਸਿੰਘ ਨੇ ਟੈਲੀਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ, ‘‘ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ...ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ...
ਸ਼ਰੀਕੇ-ਭਾਈਚਾਰੇ ’ਚੋਂ ਮੇਰੇ ਚਚੇਰੇ ਭਰਾ ਲਗਦੇ ਭਜਨ ਸਿੰਘ ਨੇ ਟੈਲੀਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ, ‘‘ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ...ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ ਪ੍ਰਵਿਸ਼ਟੇ ਦੀ ਪਾਰਟੀ ਰੱਖੀ ਐ ਸ਼ਹਿਰ ਦੇ ਵੱਡੇ ਪੈਲੇਸ ’ਚ। ਜ਼ਰੂਰ ਪਹੁੰਚਣਾ। ਕਾਰਡ ਮੈਂ ਵੱਟਸਐਪ ’ਤੇ ਭੇਜ ਰਿਹਾਂ, ਟੈਮ ਦੀ ਕਿਲੱਤ ਐ ਮੇਰੇ ਕੋਲ। ਚੰਗਾ ਬੀਰਾ ਜ਼ਰੂਰ-ਬਰ-ਜ਼ਰੂਰ ਪਹੁੰਚਣਾ।’’
ਮੈਂ ਭਰਾ ਹੋਣ ਦੇ ਨਾਤੇ ਭਜਨੇ ਨਾਲ ਹਿਰਖ ਜਤਾਇਆ, ‘‘ਭਜਨਿਆਂ, ਤੈਨੂੰ ਪਤੈ ਭਰਾਵਾਂ ਨੂੰ ਕਿੱਦਾਂ ਬੁਲਾਇਆ ਜਾਂਦੈ ਵਿਆਹ-ਸ਼ਾਦੀ ’ਤੇ। ਭਾਜੀ ਨ੍ਹੀਂ ਸੀ ਭੇਜਣੀ ਮੈਨੂੰ, ਸੱਖਣਾ ਕਾਰਡ ਭੇਜ ਕੇ ਸਾਰ ’ਤਾ ਉਹ ਵੀ ਫੋਨ ’ਤੇ।’’ ਭਜਨੇ ਨੇ ਖਚਰਾ ਜਿਹਾ ਹੱਸਦਿਆਂ ਲਾਪ੍ਰਵਾਹੀ ਨਾਲ ਕਿਹਾ, ‘‘ਓ ਛੱਡ ਬੀਰੇ, ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੈਂ ਤੂੰ। ਭਾਜੀਆਂ-ਭੂਜੀਆਂ ਚਲੀਆਂ ਗਈਆਂ ਪਿਛਲਿਆਂ ਨਾਲ ਈ। ਆਪਾਂ ਤਾਂ ਨਵੇਂ ਜ਼ਮਾਨੇ ਦੇ ਬੰਦੇ ਆਂ, ਪੜ੍ਹੇ-ਲਿਖੇ, ਛੱਡੀਏ ਘਸੇ-ਪਿਟੇ ਰਿਵਾਜਾਂ ਨੂੰ।’’
ਭਜਨੇ ਦੀ ਗੱਲਬਾਤ ’ਚੋਂ ਮੈਨੂੰ ਉਸ ਦਾ ਹੋਛਾਪਣ ਦਿਖਾਈ ਦਿੱਤਾ ਤੇ ਨਾਲ ਹੀ ਡਾਢਾ ਹਿਰਖ ਵੀ ਆਇਆ। ਮੈਂ ਮਨ ਹੀ ਮਨ ਸੋਚਿਆ, ‘ਭਜਨਿਆ ਤੈਨੂੰ ਜ਼ਿਆਦਾ ਈ ਰੰਗ ਚੜ੍ਹ ਗਿਐ ਜ਼ਮਾਨੇ ਦਾ।’’ ਪਰ ਭਜਨੇ ਨੂੰ ਨਹੀਂ ਸੀ ਪਤਾ ਕਿ ਜ਼ਮਾਨਾ ਇੰਜ ਨਵਾਂ ਜਾਂ ਪੁਰਾਣਾ ਨਹੀਂ ਹੁੰਦਾ। ਇਹ ਤਾਂ ਬੰਦੇ ਦੀ ਆਪਣੀ ਸੋਚ ਹੀ ਬਦਲ ਜਾਂਦੀ ਹੈ।
ਵਿਆਹ ਵਾਲੇ ਦਿਨ ਮੈਂ ਸਿੱਧਾ ਮੈਰਿਜ ਪੈਲੇਸ ਪਹੁੰਚਿਆ। ਅੰਦਰ ਦਾਖ਼ਲ ਹੋਇਆ ਤਾਂ ਇੰਝ ਲੱਗਿਆ ਜਿਵੇਂ ਕਿਸੇ ਮੇਲੇ ਵਿੱਚ ਆ ਗਿਆ ਹੋਵਾਂ। ਅੰਦਰ ਅੰਤਾਂ ਦੀ ਭੀੜ ਤੇ ਉਸ ਤੋਂ ਵੀ ਵੱਧ ਡੀ ਜੇ ਦਾ ਚੀਕ-ਚਿਹਾੜਾ। ਐਨੀ ਭੀੜ ਵਿੱਚ ਮੈਨੂੰ ਭਜਨਾ ਕਿਤੇ ਨਜ਼ਰ ਨਾ ਆਇਆ। ਮੈਂ ਪੈਲੇਸ ਤੋਂ ਬਾਹਰ ਆ ਗਿਆ। ਉੱਥੇ ਖੜ੍ਹੇ ਆਪਣੀ ਪਛਾਣ ਦੇ ਇੱਕ ਬੰਦੇ ਨੂੰ ਮੈਂ ਭਜਨੇ ਬਾਰੇ ਪੁੱਛਿਆ। ਥੋੜ੍ਹੀ ਦੇਰ ਬਾਅਦ ਉਹ ਭਜਨੇ ਨੂੰ ਲੱਭ ਕੇ ਲੈ ਆਇਆ। ਭਜਨੇ ਨੇ ਮੈਨੂੰ ਰਸਮੀਂ ਜਿਹੀ ਜੱਫੀ ਪਾਉਂਦਿਆਂ ਕਿਹਾ, ‘‘ਓ ਬੱਲੇ ਬੀਰਾ...ਬੜੀ ਦੇਰ ਲਾ ’ਤੀ ਆਉਂਦੇ-ਆਉਂਦੇ। ਤੇਰੇ ਭਤੀਜੇ ਦਾ ਵਿਆਹ ਐ, ਤੂੰ ਤਾਂ ਬਿਗਾਨਿਆਂ ਵਾਂਗੂ ਆਇਐਂ। ਹਾਂ ਸੱਚ ਭਾਬੀ ਕਿੱਥੇ ਐ ?’’ ਮੈਨੂੰ ਭਜਨੇ ਦੀ ਜੱਫੀ ਅਤੇ ਬੋਲਾਂ ਵਿੱਚ ਕਿਧਰੇ ਵੀ ਭਰਾਵਾਂ ਵਾਲਾ ਨਿੱਘ ਮਹਿਸੂਸ ਨਾ ਹੋਇਆ। ਮੈਂ ਜਵਾਬ ਦਿੱਤਾ, ‘ਭਜਨ ਬੀਰੇ ਕਾਰਡ ’ਤੇ ਤਾਂ ’ਕੱਲਾ ਮੇਰਾ ਈ ਨਾਂ ਲਿਖਿਆ ਸੀ, ਸੋ ਮੈਂ ਆ ਗਿਆ।’’ ਉਹ ਛਿੱਥਾ ਜਿਹਾ ਹੋ ਕੇ ਕਹਿਣ ਲੱਗਾ, ‘‘ਓ ਲੈ ਦੱਸ, ਤੂੰ ਤਾਂ ਓਪਰਿਆਂ ਆਲੀਆਂ ਗੱਲਾਂ ਕਰਦੈਂ ਛੋਟੇ ਭਾਈ, ਤੈਨੂੰ ਕੋਈ ਕਹਿਣ ਦੀ ਲੋੜ ਤੀ ਭਲਾਂ। ਬਾਕੀ ਤੈਨੂੰ ਪਤਾ ਈ ਐ ਬੀਰਾ ਬਈ ਵਿਆਹ-ਕਾਰਜਾਂ ਵੇਲੇ ਬੰਦਾ ਕਈ ਪਾਸੇ ਫਸਿਆ ਹੁੰਦੈ, ਦਿਮਾਗ ਈ ਬੌਂਦਲ ਜਾਂਦੈ।’’ ਗੱਲਾਂ ਕਰਦਿਆਂ ਮੈਂ ਲਾਲ ਰੰਗ ਦਾ ਇੱਕ ਲਿਫ਼ਾਫ਼ਾ ਭਜਨੇ ਦੀ ਜੇਬ ’ਚ ਪਾ ਦਿੱਤਾ। ਇੰਨੇ ਨੂੰ ਇੱਕ ਬੰਦੇ ਨੇ ਆ ਕੇ ਭਜਨੇ ਦੇ ਕੰਨ ’ਚ ਕੁੱਝ ਕਿਹਾ। ‘‘ਓ ਅੱਛਾ ਅੱਛਾ। ਲੈ ਬੀਰਾ, ਤੂੰ ਕੁਛ ਠੰਢਾ-ਤੱਤਾ ਪੀ, ਬਾਹਰ ਐੱਮ ਐੱਲ ਏ ਸਾਬ ਆਏ ਐਂ, ਮੈਂ ਜਾ ਕੇ ਦੇਖਾਂ ਜ਼ਰਾ।’’ ਭਜਨੇ ਨੇ ਬਾਹਰ ਵੱਲ ਜਾਂਦਿਆਂ ਕਿਹਾ।
ਪੈਲੇਸ ਵਿੱਚ ਘੁੰਮਦਿਆਂ ਮੈਨੂੰ ਆਪਣੇ ਪਿੰਡ ਦੇ ਕੁੱਝ ਬੰਦੇ ਮਿਲ ਗਏ। ਅਸੀਂ ਸਾਰਿਆਂ ਨੇ ਇਕੱਠਿਆਂ ਚਾਹ-ਪਾਣੀ ਛਕਿਆ। ਥੋੜ੍ਹੀ ਦੇਰ ਬਾਅਦ ਢੋਲ ਵੱਜਣ ਦੀ ਅਵਾਜ਼ ਆਈ। ਫੁੱਲਾਂ ਨਾਲ ਲੱਦੇ ਐੱਮ ਐੱਲ ਏ ਸਾਹਿਬ ਇੱਕ ਵੱਡੇ ਸਾਰੇ ਕਾਫ਼ਲੇ ਨਾਲ ਆ ਰਹੇ ਸਨ ਅਤੇ ਨਾਲ-ਨਾਲ ਭਜਨਾ ਉਨ੍ਹਾਂ ਦੇ ਗਲ ਵਿੱਚ ਬਾਂਹ ਪਾਈ, ਧੁੱਪ ਵਾਲੀਆਂ ਕਾਲੀਆਂ ਐਨਕਾਂ ਲਾਈ ਮੁਸਕਰਾਉਂਦਾ ਤੁਰਿਆ ਆ ਰਿਹਾ ਸੀ। ਭਜਨੇ ਨੇ ਐੱਮ ਐੱਲ ਏ ਸਾਹਿਬ ਨਾਲ ਸਾਰੇ ਪੰਡਾਲ ਦਾ ਗੇੜਾ ਕੱਢਿਆ। ਪਹਿਲਾਂ ਆਪਣੇ ਕੁੜਮਾਂ ਨਾਲ ਜਾਣ-ਪਛਾਣ ਕਰਾਈ, ਫੋਟੋਆਂ ਖਿਚਵਾਈਆਂ, ਵੀਡੀਓ ਬਣਵਾਈ। ਫਿਰ ਖ਼ਾਸ-ਖ਼ਾਸ ਦੋਸਤਾਂ ਮਿੱਤਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੂੰ ਮਿਲੇ। ਵਿਆਹ ’ਤੇ ਆਇਆ ਹਰ ਬੰਦਾ ਐੱਮ ਐੱਲ ਏ ਨਾਲ ਸੈਲਫੀ ਲੈਣ ਲਈ ਕਾਹਲਾ ਸੀ। ਸੈਲਫੀ ਲੈਣ ਵਾਲਿਆਂ ਨੇ ਐੱਮ ਐੱਲ ਏ ਨੂੰ ਘੇਰ ਲਿਆ ਤਾਂ ਭਜਨਾ ਐੱਮ ਐੱਲ ਏ ਨੂੰ ਲੈ ਕੇ ਉੱਪਰਲੀ ਮੰਜ਼ਿਲ ’ਤੇ ਚੜ੍ਹ ਗਿਆ। ਮੈਂ ਬਾਹਰ ਧੁੱਪ ਵਿੱਚ ਆ ਕੇ ਬੈਠ ਗਿਆ। ਸੋਚਿਆ ਜਦੋਂ ਭਜਨਾ ਬਾਹਰ ਆਇਆ ਤਾਂ ਉਸ ਤੋਂ ਇਜਾਜ਼ਤ ਲੈ ਕੇ ਦਿਨ ਖੜ੍ਹੇ ਚੰਡੀਗੜ੍ਹ ਵੱਲ ਤੁਰ ਪਵਾਂਗਾ। ਘੰਟਾ, ਫਿਰ ਦੋ ਘੰਟੇ ਬੀਤ ਗਏ ਪਰ ਭਜਨਾ ਬੰਦ ਕਮਰੇ ’ਚੋਂ ਬਾਹਰ ਨਾ ਆਇਆ। ਦਿਨ ਢਲ ਰਿਹਾ ਸੀ ਤੇ ਮੈਨੂੰ ਬੱਸ ਨਾ ਮਿਲਣ ਦਾ ਡਰ ਸਤਾਉਣ ਲੱਗਾ। ਮੈਂ ਹੋਰ ਇੰਤਜ਼ਾਰ ਕਰਨੀ ਠੀਕ ਨਾ ਸਮਝੀ ਤੇ ਅਖੀਰ ਬਿਨਾਂ ਮਿਲਿਆਂ ਹੀ ਤੁਰ ਪਿਆ। ਵਿਆਹ ਵਿੱਚ ਭਜਨੇ ਵੱਲੋਂ ਕੀਤੀ ਅਣਦੇਖੀ ਨੇ ਮੈਨੂੰ ਬਹੁਤ ਉਦਾਸ ਕੀਤਾ। ਮੈਂ ਮਸੋਸਿਆ ਜਿਹਾ ਘਰ ਪਹੁੰਚਿਆ।
ਤੀਜੇ ਦਿਨ ਸਵੇਰੇ-ਸਵੇਰੇ ਭਜਨੇ ਦਾ ਟੈਲੀਫੋਨ ਆਇਆ। ਉਹ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ, ‘‘ਓ ਕਿਦਾਂ ਛੋਟੇ ਭਾਈ ਠੀਕ ਐਂ, ਓ ਯਾਰ ਚੰਗਾ ਬੰਦਾ ਐਂ ਤੂੰ। ਓਦਣ ਮੈਨੂੰ ਬਿਨਾਂ ਦੱਸੇ ਹੀ ਆ ਗਿਆ। ਮੈਂ ਤੈਨੂੰ ਐੱਮ ਐੱਲ ਏ ਸਾਹਬ ਨੂੰ ਮਿਲਾਉਣਾ ਤੀ, ਕੋਈ ਗੱਲ-ਬਾਤ ਕਰਦੇ ’ਕੱਠੇ ਬਹਿ ਕੇ। ਪਤਾ ਨ੍ਹੀਂ ਤੂੰ ਕੁਸ਼ ਖਾਧਾ-ਪੀਤਾ ਵੀ ਕਿ ਨ੍ਹੀਂ। ਹੋਰ ਵਿਆਹ ਕਿੱਦਾਂ ਦਾ ਲੱਗਿਆ? ਐਧਰ ਸਾਰੇ ਇਲਾਕੇ ’ਚ ਤਾਂ ਬੱਲੇ ਬੱਲੇ ਹੋਈ ਪਈ ਐ। ਪਰ ਕਈ ਸ਼ਰੀਕ ਤਾਂ ਭੁੱਜ ਕੇ ਕੋਲਾ ਹੋਏ ਪਏ ਨੇ।’’ ਗੱਲ ਮੁਕਾਉਣ ਲਈ ਮੈਂ ਰਸਮੀਂ ਤੌਰ ’ਤੇ ਕਿਹਾ, ‘‘ਬਹੁਤ ਵਧੀਆ ਹੋ ਗਿਆ ਵਿਆਹ, ਮੇਰੇ ਵੱਲੋਂ ਵਧਾਈਆਂ।’’ ਕਹਿ ਕੇ ਮੈਂ ਫੋਨ ਕੱਟ ਦਿੱਤਾ। ਦੋ ਕੁ ਮਿੰਟਾਂ ਬਾਅਦ ਫ਼ਿਰ ਘੰਟੀ ਖੜਕੀ। ਭਜਨਾ ਕਹਿ ਰਿਹਾ ਸੀ,‘‘ਹਾਂ, ਜ਼ਰੂਰੀ ਗੱਲ ਤਾਂ ਰਹਿ ਹੀ ਗਈ ਸੀ ਕਰਨੇ ਆਲੀ। ਤੂੰ ਸੋਮਵਾਰ ਨੂੰ ਆ ਜਾਈਂ ਪਿੰਡ, ਆਪਾਂ ਸ਼ਹਿਰ ਚੱਲਾਂਗੇ, ਉਥੇ ਕਿਸੇ ਵਧੀਆ ਜਿਹੇ ਹੋਟਲ ’ਚ ਮੈਂ ਤੈਨੂੰ ਪਾਰਟੀ ਕਰਨੀ ਐ ਵਿਆਹ ਦੀ। ਓਦਣ ਕਸਰ ਰਹਿ ਗਈ ਤੀ ਤੇਰੀ ਸੇਵਾ ’ਚ। ਨਾਲੇ ਇੱਕ ਛੋਟਾ ਜਿਹਾ ਕੰਮ ਐ ਕਚਿਹਰੀ ’ਚ। ਵਿਆਹ ਰਜਿਸਟਰ ਕਰਾਉਣੈ, ਤੇਰੀ ਗਵਾਹੀ ਪੁਆਉਣੀ ਐ ਕਾਗਜ਼ਾਂ ’ਤੇ।’’ ਮੈਂ ਗੁੱਸੇ ’ਚ ਕਿਹਾ, ‘‘ਓਹ ਤੇਰਾ ਐੱਮ ਐੱਲ ਏ ਕਿੱਥੇ ਕੰਮ ਆਊਗਾ ਫਿਰ ?’’ ‘‘ਓ ਨ੍ਹੀਂ ਬੀਰਾ, ਜਿੱਥੇ ਭਰਾ ਦੀ ਲੋੜ ਐ, ਉਥੇ ਹੋਰ ਨ੍ਹੀਂ ਕੋਈ ਖੜ੍ਹ ਸਕਦਾ। ਨਾਲੇ ਇਨ੍ਹਾਂ ਬੜੇ ਲੋਕਾਂ ਤੋਂ ਤਾਂ ਬੜੇ ਕੰਮ ਈ ਲਈਦੇ ਐ। ਭਰਾ-ਭਰਾ ਹੀ ਹੁੰਦੈ। ਤੂੰ ਆਜੀਂ ਸਵੱਖਤੇ, ਮੈਂ ਇੰਤਜ਼ਾਰ ਕਰੂੰਗਾ ਸੋਮਵਾਰ ਨੂੰ, ਨਾਲੇ...।’’ ਮੈਂ ਫ਼ੋਨ ਬਿਨਾਂ ਕੱਟਿਆਂ ਹੀ ਬਾਹਰ ਆ ਕੇ ਬਹਿ ਗਿਆ। ਭਜਨੇ ਦੇ ਬੋਲਣ ਦੀ ਧੀਮੀ-ਧੀਮੀ ਆਵਾਜ਼ ਮੈਨੂੰ ਲਗਾਤਾਰ ਸੁਣਦੀ ਰਹੀ।
ਸੰਪਰਕ: 88378-08371

