ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋਸਤ ਵੀ ਤੇ ਨਾਇਕ ਵੀ

ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...
Advertisement

ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ, ਉਨ੍ਹਾਂ ’ਚ ਮੇਰੇ ਪਿਤਾ ਵੀ ਹਨ, ਜਿਨ੍ਹਾਂ ਨੇ ਸੇਂਟ ਜੋਸੇਫ਼ ਕਾਲਜ ਅਤੇ ਬਾਅਦ ਵਿੱਚ ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ’ ਵਿੱਚ ਪੜ੍ਹਾਈ ਕੀਤੀ। ਮਾਂ ਵਾਲੇ ਪਾਸਿਓਂ, ਇਸ ਸ਼ਹਿਰ ਨਾਲ ਸਬੰਧ 1962 ਵਿੱਚ ਬਣਿਆ, ਜਦੋਂ ਉਨ੍ਹਾਂ ਦੇ ਮਾਪੇ ਸੇਵਾਮੁਕਤੀ ਤੋਂ ਬਾਅਦ ਇੱਥੇ ਵਸ ਗਏ ਕਿਉਂਕਿ ਉਨ੍ਹਾਂ ਨੇ ਉਸ ਵੇਲੇ ਇਸ ਸ਼ਹਿਰ ਬਾਰੇ ਪ੍ਰਚੱਲਿਤ ਤੱਥ ਕਿ ਇੱਥੇ ‘ਪੱਖੇ ਤੋਂ ਬਿਨਾਂ ਸਰ ਜਾਂਦਾ ਹੈ’ ਤੇ ‘ਪੈਨਸ਼ਨਰਾਂ ਲਈ ਇਹ ਸਵਰਗ ਹੈ’ ਨੂੰ ਸਵੀਕਾਰ ਲਿਆ ਸੀ।

​ਬੰਗਲੂਰੂ ਨਾਲ ਮੇਰਾ ਪਰਿਵਾਰਕ ਸਬੰਧ ਡੇਢ ਸੌ

Advertisement

ਸਾਲ ਪੁਰਾਣਾ ਹੈ। ਹਾਲਾਂਕਿ, ਮੈਂ ਆਪ ਦੇਹਰਾਦੂਨ

ਵਿੱਚ ਵੱਡਾ ਹੋਇਆ, ਪਰ ਹਰ ਸਾਲ ਗਰਮੀ ਦੀ ਰੁੱਤੇ ਨਾਨਾ-ਨਾਨੀ, ਚਾਚੇ-ਤਾਇਆਂ ਤੇ ਚਚੇਰੇ ਭੈਣ-ਭਰਾਵਾਂ ਨਾਲ ਸਮਾਂ ਬਿਤਾਉਣ ਲਈ ਦੱਖਣ ਵੱਲ ਆਉਂਦਾ ਰਿਹਾ। ਭਾਵੇਂ ਮੇਰੀ ਪਤਨੀ (ਉਹ ਵੀ ਤਾਮਿਲ ਮੂਲ

ਦੀ ਹੈ) ਨੇ ਆਪਣਾ ਬਚਪਨ ਬੰਗਲੂਰੂ ਵਿੱਚ ਬਿਤਾਇਆ, ਪਰ ਅਸੀਂ ਇੱਥੇ ਰਹਿਣ ਲਈ 1995 ਵਿੱਚ ਹੀ ਆਏ। ਮੈਂ ਹੁਣ ਲਗਾਤਾਰ 30 ਸਾਲ ਇੱਥੇ ਰਹਿਣ ਦਾ ਦਾਅਵਾ ਕਰ ਸਕਦਾ ਹਾਂ। ਇਹ ਅਜਿਹਾ ਸਮਾਂ ਹੈ, ਜਿਸ ਦੌਰਾਨ ਸ਼ਹਿਰ ਵਿੱਚ ਕੁਝ ਡੂੰਘੇ ਬਦਲਾਅ ਆਏ, ਜਿਨ੍ਹਾਂ ਵਿੱਚੋਂ ਇਸ ਦੇ ਨਾਮ ’ਚ ਤਬਦੀਲੀ (ਬੰਗਲੌਰ ਤੋਂ ਬੰਗਲੂਰੂ) ਸ਼ਾਇਦ ਸਭ ਤੋਂ ਘੱਟ ਮਹੱਤਵਪੂਰਨ ਹੈ। ਦੂਜੇ ਪਾਸੇ, ਕੁਝ ਚੀਜ਼ਾਂ ਸਥਿਰ ਰਹੀਆਂ ਹਨ, ਜਿਵੇਂ ਕਿ ਸ਼ਾਂਤ ਜਲਵਾਯੂ, ਲਾਲ ਬਾਗ਼ ਅਤੇ ਕੱਬਨ ਪਾਰਕ ਦੀ ਸ਼ਾਨ ਅਤੇ ਇਸ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਦਾ ਮਿਆਰ ਤੇ ਵੰਨ-ਸੁਵੰਨਤਾ; ਤੇ ਸ਼ਾਇਦ ਸ਼ਹਿਰ ਦੇ ਬਹੁਗਿਣਤੀ ਵਸਨੀਕਾਂ ਦਾ ਵਿਆਪਕ ਤੌਰ ’ਤੇ ਸੁਆਗਤ ਕਰਨ ਵਾਲਾ ਅਤੇ ਗ਼ੈਰ-ਕੱਟੜਵਾਦੀ ਕਿਰਦਾਰ ਵੀ।

​​ਬੰਗਲੂਰੂ ਵਾਸੀ ਬਣਨ ਦੇ ਇਨ੍ਹਾਂ ਤਿੰਨ ਦਹਾਕਿਆਂ ਦਾ ਜਸ਼ਨ ਮਨਾਉਣ ਲਈ, ਮੈਂ ਇਹ ਕਾਲਮ ਇਸ ਸ਼ਹਿਰ ਦੇ ਤਿੰਨ ਕਮਾਲ ਦੇ ਵਸਨੀਕਾਂ ਨੂੰ ਸਮਰਪਿਤ ਕਰਾਂਗਾ। ਮੈਂ ਇੱਕ ਅਜਿਹੇ ਵਿਅਕਤੀ ਤੋਂ ਸ਼ੁਰੂਆਤ ਕਰਦਾ ਹਾਂ ਜੋ ਉਸ ਸਮੇਂ ਕਲਕੱਤਾ (ਹੁਣ ਕੋਲਕਾਤਾ) ਵਜੋਂ ਜਾਣੇ ਜਾਂਦੇ ਸ਼ਹਿਰ ਤੋਂ ਇੱਥੇ ਆਇਆ ਸੀ। ਉਸ ਦਾ ਨਾਮ ਹੈ ਬੀਰੇਨ ਦਾਸ ਤੇ ਉਹ ਮਠਿਆਈਆਂ ਬਣਾਉਣ ਵਾਲੇ ਇੱਕ ਮਸ਼ਹੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। 1970ਵਿਆਂ ਦੇ ਸ਼ੁਰੂ ਵਿੱਚ ਉਸ ਦੇ ਪਿਤਾ, ਜੋ ਕੇ ਸੀ ਦਾਸ ਐਂਡ ਕੰਪਨੀ ਚਲਾਉਂਦੇ ਸਨ, ਨੇ ਸੋਚਿਆ ਕਿ ਪੱਛਮੀ ਬੰਗਾਲ ਸਰਕਾਰ ਵੱਲੋਂ ਦੁੱਧ ਦੀ ਸਪਲਾਈ ’ਤੇ ਸਖ਼ਤ ਨਿਯਮ ਲਾਗੂ ਕਰਨ ਦੇ ਮੱਦੇਨਜ਼ਰ ਰਾਜ ਤੋਂ ਬਾਹਰ ਇੱਕ ਦੁਕਾਨ ਖੋਲ੍ਹਣਾ ਸਮਝਦਾਰੀ ਵਾਲਾ ਕਦਮ ਹੋਵੇਗਾ। ਇਸ ਲਈ ਬੀਰੇਨ, ਜਿਨ੍ਹਾਂ ਦੀ ਉਮਰ ਉਸ ਸਮੇਂ 25-30 ਸਾਲ ਸੀ, ਨੂੰ ਕੇ ਸੀ ਦਾਸ ਦੀ ਬੰਗਲੌਰ ਸ਼ਾਖਾ ਸ਼ੁਰੂ ਕਰਨ ਅਤੇ ਚਲਾਉਣ ਲਈ ਭੇਜਿਆ ਗਿਆ। ਇਹ ਸ਼ੁਰੂ ਤੋਂ ਹੀ ਚਰਚ ਸਟ੍ਰੀਟ ਅਤੇ ਸੇਂਟ ਮਾਰਕ’ਸ ਰੋਡ ਦੇ ਕੋਨੇ ’ਤੇ ਸਥਿਤ ਸੀ। (ਭਾਵੇਂ ਬੰਗਲੁਰੂ ਵਿੱਚ ਇੱਕ ਦਰਜਨ ਹੋਰ ਸ਼ਾਖਾਵਾਂ ਖੋਲ੍ਹੀਆਂ ਗਈਆਂ ਹਨ, ਇਹ ਅਜੇ ਵੀ ਪ੍ਰਮੁੱਖ ਸਟੋਰ ਹੈ।)

ਮੈਂ 1995 ਵਿੱਚ ਇਸ ਸ਼ਹਿਰ ਵਿੱਚ ਆਇਆ। ਉਦੋਂ ਤੱਕ ਬੀਰੇਨ ਦਾਸ ਨੂੰ ਇੱਥੇ ਰਹਿੰਦਿਆਂ ਦੋ ਦਹਾਕੇ ਹੋ ਚੁੱਕੇ ਸਨ। ਮੈਂ ਉਸ ਨੂੰ ਕਦੇ-ਕਦਾਈਂ ਕੱਬਨ ਪਾਰਕ ਵਿੱਚ ਤੇਜ਼-ਤੇਜ਼ ਤੁਰਦਿਆਂ ਦੇਖਦਾ ਸੀ। ਮਾਵਾ ਲੱਗੀ ਕਰਾਰੀ ਤੇ ਚੰਗੀ ਤਰ੍ਹਾਂ ਪ੍ਰੈੱਸ ਕੀਤੀ ਚਿੱਟੀ ਧੋਤੀ ਤੇ ਚਿੱਟੇ ਵਾਲਾਂ ਨਾਲ ਉਹ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਲੱਗਦਾ ਸੀ। ਮੈਂ ਉਸ ਨੂੰ ਥੋੜ੍ਹੀ ਦੇਰ ਬਾਅਦ, ਕੁਝ ਬੰਗਾਲੀ ਵਿਗਿਆਨੀਆਂ ਦੀ ਮਿਹਰਬਾਨੀ ਨਾਲ ਮਿਲਿਆ, ਜਿਨ੍ਹਾਂ ਨੇ ਮੈਨੂੰ ਬੀਰੇਨ ਦਾਸ ਦੁਆਰਾ ਕਰਵਾਈ ਇੱਕ ਸੰਗੀਤਕ ਸ਼ਾਮ ਲਈ ਸੱਦਾ ਦਿੱਤਾ ਸੀ, ਜਿਸ ਵਿੱਚ ਬਹੁਤ ਪ੍ਰਤਿਭਾਸ਼ਾਲੀ ਗਾਇਕ ਵੈਂਕਟੇਸ਼ ਕੁਮਾਰ ਆਏ ਸਨ। ਜਲਦੀ ਹੀ ਉਹ ਆਦਮੀ ਮੇਰੇ ਲਈ ਵੀ ਬੀਰੇਨਦਾ ਬਣ ਗਿਆ, ਜਦੋਂ ਅਸੀਂ ਕੱਬਨ ਪਾਰਕ ਵਿੱਚ ਮਿਲਦੇ ਸਮੇਂ, ਜਾਂ ਚੌਡਇਆ ਯਾਦਗਾਰੀ ਹਾਲ ਵਿੱਚ ਵੱਡੇ ਸਮਾਗਮਾਂ ਤੋਂ ਪਹਿਲਾਂ, ਜਾਂ ਚਰਚ ਸਟ੍ਰੀਟ ਨੇੜੇ ਉਸ ਦੇ ਆਪਣੇ ਅਪਾਰਟਮੈਂਟ ਵਿੱਚ, ਜਿੱਥੇ ਉਹ ਆਪਣੀਆਂ ਬਿੱਲੀਆਂ ਨਾਲ ਰਹਿੰਦਾ ਸੀ, ਗੱਲਬਾਤ ਕਰਨ ਲਈ ਰੁਕਦੇ। ਮੈਂ ਉਸ ਦੀ ਕੋਮਲਤਾ ਅਤੇ ਨਿੱਘ ਤੋਂ ਪ੍ਰਭਾਵਿਤ ਹੋਇਆ। ਉਸ ਨੇ ਮੈਨੂੰ ਉਦਾਰਤਾ ਭਰੇ ਅਣਗਿਣਤ

ਸੱਦੇ ਦਿੱਤੇ, ਜਿਵੇਂ ਕਿ ਪੂਜੋ ਦੇ ਤਿਉਹਾਰਾਂ ਅਤੇ

ਸੰਗੀਤ ਬੈਠਕਾਂ ਦੇ ਸੱਦੇ ਅਤੇ ਦੁਰਲੱਭ ਖੋਜ ਸਮੱਗਰੀ ਦੇ ਨਿਰਾਲੇ ਤੋਹਫ਼ੇ।

​​ਜਦੋਂ 1972 ਵਿੱਚ ਬੀਰੇਨ ਦਾਸ ਬੰਗਲੁਰੂ ਨਿਵਾਸੀ ਬਣਿਆ, ਚਿਰੰਜੀਵ ਸਿੰਘ ਪਹਿਲਾਂ ਹੀ ਕਈ ਸਾਲਾਂ ਤੋਂ ਇਸ ਸ਼ਹਿਰ ਨੂੰ ਜਾਣਦਾ ਸੀ। ਉਹ ਹੋਰ ਵੀ ਦੂਰੋਂ, ਪੰਜਾਬ ਤੋਂ, ਭਾਰਤੀ ਪ੍ਰਸ਼ਾਸਕੀ ਸੇਵਾ ਦਾ ਕਰਨਾਟਕ ਕਾਡਰ ਜੁਆਇਨ ਕਰਨ ਆਇਆ ਸੀ। ਉਸ ਦੀਆਂ ਪਹਿਲੀਆਂ ਨਿਯੁਕਤੀਆਂ ਵਿੱਚੋਂ ਇੱਕ ਤਤਕਾਲੀ ਮੁੱਖ ਮੰਤਰੀ ਦੇਵਰਾਜ ਉਰਸ ਦੇ ਦਫ਼ਤਰ ਵਿੱਚ ਸੀ, ਜਿੱਥੇ ਇਸ ਦਸਤਾਰਧਾਰੀ ਸਿੱਖ ਨੇ ਕ੍ਰਿਸਟੋਫਰ ਲਿਨ ਨੂੰ ਰਿਪੋਰਟ ਕੀਤਾ, ਜੋ ਗੋਆ ਦਾ ਇੱਕ ਕੈਥੋਲਿਕ ਸੀ, ਹਾਲਾਂਕਿ ਕੰਮ ਮਾਲਾਬਾਰ ਦੇ ਇੱਕ ਥੀਆ ਪੀ ਕੇ ਸ੍ਰੀਨਿਵਾਸਨ ਨਾਲ ਵੀ ਕੀਤਾ। ਇਹ ਸੀ ਮੈਸੂਰ

(ਜਿਵੇਂ ਕਿ ਉਸ ਸਮੇਂ ਰਾਜ ਨੂੰ ਕਿਹਾ ਜਾਂਦਾ ਸੀ) ਦੀ ਭਾਵਨਾ ਅਤੇ ਇਹ ਹਮੇਸ਼ਾ ਕਰਨਾਟਕ ਦੀ ਭਾਵਨਾ ਵੀ ਬਣੀ ਰਹੇ।

ਬਾਅਦ ਦੇ ਸਾਲਾਂ ’ਚ ਚਿਰੰਜੀਵ ਸਿੰਘ ਨੂੰ ਕਰਨਾਟਕ ’ਚ ਬੇਹੱਦ ਬੁੱਧੀਮਾਨ ਅਤੇ ਇਮਾਨਦਾਰ ਅਫ਼ਸਰ ਵਜੋਂ ਜਾਣਿਆ ਜਾਣ ਲੱਗਾ। ਉਸ ਨੇ ਪੂਰੇ ਸੂਬੇ ਵਿੱਚ ਨੌਕਰੀ ਕੀਤੀ। ਜਿੱਥੇ ਵੀ ਉਹ ਗਿਆ, ਸਾਰੀਆਂ ਜਾਤਾਂ ਅਤੇ ਫ਼ਿਰਕਿਆਂ ਵਿੱਚ ਦੋਸਤ ਬਣਾਏ ਜਦੋਂਕਿ ਇਸ ਦੇ ਨਾਲ ਹੀ ਉਹ ਕੰਨੜ ਦਾ ਵਿਦਵਾਨ ਬਣ ਗਿਆ। ਇਸ ਭਾਸ਼ਾ ਦਾ ਉਸ ਦਾ ਡੂੰਘਾ ਗਿਆਨ ਫ਼ਰਾਂਸੀਸੀ ਤੇ ਜਰਮਨ ਭਾਸ਼ਾਵਾਂ ਵਿੱਚ ਉਸ ਦੀ ਮੁਹਾਰਤ ਤੇ ਬੰਗਲਾ ਪੜ੍ਹਨ ਦੇ ਗਿਆਨ ਤੋਂ ਜੁਦਾ ਸੀ। ਜਿਵੇਂ ਉਸ ਨੇ ਉਨ੍ਹਾਂ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ, ਉਹ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਵੀ ਕਵਿਤਾ ਕਰ ਰਿਹਾ ਸੀ। ਚਿਰੰਜੀਵ ਸਿੰਘ ਸ਼ਾਸਤਰੀ ਸੰਗੀਤ ਅਤੇ ਕਲਾਵਾਂ ਦਾ ਮਾਹਿਰ ਹੈ ਅਤੇ ਯੂਨੈਸਕੋ ਵਿੱਚ ਭਾਰਤ ਦਾ ਇੱਕ ਸ਼ਾਨਦਾਰ ਸਫ਼ੀਰ ਸੀ। ਆਪਣੀ ਸੇਵਾਮੁਕਤੀ ਮਗਰੋਂ ਉਸ ਨੇ ਸ਼ਹਿਰ ਦੇ ‘ਅਲਓਂਸ ਫਰਾਂਸਏਜ਼’ ਦਾ ਨਿਪੁੰਨਤਾ ਨਾਲ ਸੰਚਾਲਨ ਕੀਤਾ ਹੈ, ਪੰਜਾਬੀ ਵਿੱਚ ਕਵਿਤਾ ਕੀਤੀ ਹੈ ਅਤੇ ਇੱਥੋਂ ਤੱਕ ਕਿ ਕੰਨੜ ਵਿੱਚ ਇੱਕ ਅਖ਼ਬਾਰੀ ਕਾਲਮ ਲਿਖਣ ਦਾ ਕੰਮ ਵੀ ਸੰਭਾਲ ਲਿਆ ਹੈ।

​ਚਿਰੰਜੀਵ ਸਿੰਘ ਕਰਨਾਟਕ ਸੂਬੇ ਦਾ ਸ਼ਾਇਦ ਸਭ ਤੋਂ ਵੱਧ ਅਜ਼ੀਜ਼ ਸਰਕਾਰੀ ਕਰਮਚਾਰੀ ਹੈ, ਜੋ ਮੂਲ ਰੂਪ ਵਿੱਚ ਇਸ ਰਾਜ ਤੋਂ ਨਹੀਂ ਹੈ। ਉਸ ਦੇ ਕਾਰਜਕਾਲ ਦੇ ਇੱਕ ਕਿੱਸੇ ਦੀ ਉਦਾਹਰਨ ਦਿੰਦਾ ਹਾਂ। ਜੂਨ 1984 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਕਰਵਾਏ ਹਮਲੇ ਮਗਰੋਂ ਉਸ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਕਰਨਾਟਕ ਦੇ ਰਾਜਪਾਲ ਨੂੰ ਮਿਲਣ ਗਏ ਸਾਥੀ ਸਿੱਖ ਵਸਨੀਕਾਂ ਦੇ ਇੱਕ ਗਰੁੱਪ ਵਿੱਚ ਸ਼ਮੂਲੀਅਤ ਕੀਤੀ। ਇਸ ਨੇ ਦਿੱਲੀ ਵਿਚਲੇ ਨੇਤਾਵਾਂ ਤੇ ਨੌਕਰਸ਼ਾਹਾਂ ਨੂੰ ਏਨਾ ਨਾਰਾਜ਼ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਰਾਮਕ੍ਰਿਸ਼ਨ ਹੈਗੜੇ ਨੂੰ ਇੱਕ ਅਧਿਕਾਰਤ ਪੱਤਰ ਭੇਜਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਚਿਰੰਜੀਵ ਸਿੰਘ ਨੂੰ ਬਰਖ਼ਾਸਤ ਕੀਤਾ ਜਾਵੇ ਜਾਂ ਘੱਟੋ-ਘੱਟ ਉਸ ਦੀ ਸਖ਼ਤ ਝਾੜ-ਝੰਬ ਜਾਵੇ। ਹੈਗੜੇ ਨੇ ਜ਼ਾਹਿਰਾ ਤੌਰ ’ਤੇ ਜਵਾਬ ਦਿੱਤਾ ਕਿ ਇੱਕ ਸਰਕਾਰੀ ਕਰਮਚਾਰੀ ਵੀ ਪਹਿਲਾਂ ਨਾਗਰਿਕ ਹੈ, ਜਿਸ ਨੂੰ ਸੰਵਿਧਾਨ ਦੁਆਰਾ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਪ੍ਰਾਪਤ ਹੈ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਅਫ਼ਸਰ ਦਾ ਏਨਾ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੀ ਕਿ ਮੁੱਖ ਮੰਤਰੀ ਉਸ ਨੂੰ ਆਪਣੇ ਪ੍ਰਸ਼ਾਸਨ ਅਤੇ ਆਪਣੇ ਰਾਜ ਦਾ ਇੱਕ ਨਗੀਨਾ ਮੰਨਦੇ ਸਨ। ਇਸ ਲਈ ਉਸ ਨੂੰ ਤਾੜਨਾ ਜਾਂ ਬਰਖ਼ਾਸਤ ਨਹੀਂ ਕੀਤਾ ਗਿਆ ਸਗੋਂ ਇਸ ਦੀ ਬਜਾਏ ਉਸ ਦੀ ਕਦਰ ਕੀਤੀ ਗਈ।

​ਇਸ ਸ਼ਹਿਰ ’ਚ ਵਸੀ ਤਿੱਕੜੀ ਦੀ ਆਖ਼ਰੀ ਹਸਤੀ ਖ਼ੁਦ ਦਿੱਲੀ ਵਿੱਚ ਵੱਡੀ ਹੋਈ ਜਦੋਂਕਿ ਉਸ ਦੀ ਮਾਤ ਭਾਸ਼ਾ ਮਰਾਠੀ ਸੀ। ਜਵਾਨੀ ਦੇ ਦਿਨਾਂ ਵਿੱਚ ਉਸ ਨੂੰ ਥੀਏਟਰ ’ਚ ਬਹੁਤ ਦਿਲਚਸਪੀ ਹੋਈ ਤੇ ਇਸੇ ਖੇਤਰ ਵਿੱਚ ਹੀ ਅਰੁੰਧਤੀ ਰਾਓ ਨੂੰ ਸ਼ੰਕਰ ਨਾਗ ਮਿਲਿਆ ਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਉਨ੍ਹਾਂ ਨੇ 1980 ਵਿੱਚ ਵਿਆਹ ਕਰਵਾ ਲਿਆ। ਕਿਉਂਕਿ ਸ਼ੰਕਰ ਮੂਲ ਰੂਪ ਵਿੱਚ ਕੰਨੜੀਗਾ ਸੀ, ਉਹ ਥੀਏਟਰ ਤੇ ਫਿਲਮਾਂ ਵਿੱਚ ਕੰਮ ਕਰਨ ਲਈ ਬੰਗਲੌਰ ਚਲੇ ਗਏ। ਉਨ੍ਹਾਂ ਦੇ ਵਿਅਕਤੀਗਤ ਕਰੀਅਰ ਅੱਗੇ ਵਧੇ, ਪਰ ਇੱਕ ਦਹਾਕੇ ਦੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਅਤੇ ਪੇਸ਼ੇਵਰ ਸਫ਼ਲਤਾ ਮਗਰੋਂ ਇੱਕ ਸੜਕ ਹਾਦਸੇ ਵਿੱਚ ਸ਼ੰਕਰ ਦੀ ਦੁਖਦਾਈ ਮੌਤ ਹੋ ਗਈ। ਅਰੁੰਧਤੀ ਨੇ ਹੌਸਲੇ ਨਾਲ ਆਪਣੇ ਦੁੱਖਾਂ ਨੂੰ ਸਮੇਟਦਿਆਂ ਸ਼ੰਕਰ ਨਾਗ ਦੀ ਵਿਰਾਸਤ ਤੇ ਯਾਦ ਨੂੰ ਜਿਊਂਦਾ ਰੱਖਣ ਲਈ ਇੱਕ ਜਨਤਕ ਸੰਸਥਾ ਬਣਾਉਣ ਦੀ ਕੋਸ਼ਿਸ਼ ਆਰੰਭ ਦਿੱਤੀ। ਇੱਕ ਦਹਾਕੇ ਤੱਕ ਫੰਡ ਇਕੱਠੇ ਕਰਨ, ਜਗ੍ਹਾ ਲੱਭਣ ਅਤੇ ਇਸ ਦੀ ਇਮਾਰਤ ਤੇ ਡਿਜ਼ਾਈਨ ਦੀ ਯੋਜਨਾ ਬਣਾਉਣ ਤੋਂ ਬਾਅਦ ‘ਰੰਗ ਸ਼ੰਕਰਾ’ ਨੇ ਸਾਲ 2004 ਵਿੱਚ ਲੋਕਾਂ ਲਈ ਆਪਣੇ ਦਰ ਖੋਲ੍ਹੇ। ਇਸ ਤੋਂ ਬਾਅਦ ਦੇ ਦੋ ਦਹਾਕਿਆਂ ਵਿੱਚ ਇਸ ਨੇ ਭਾਰਤੀ ਗਣਤੰਤਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਹਜ਼ਾਰਾਂ ਨਾਟਕਾਂ ਦੀ ਮੇਜ਼ਬਾਨੀ ਕੀਤੀ ਹੈ, ਜਿਸ ਵਿੱਚ ਮਸ਼ਹੂਰ ਅਤੇ ਪ੍ਰਸਿੱਧ, ਜਵਾਨ ਅਤੇ ਅਣਗੌਲੇ ਅਦਾਕਾਰ ਅਤੇ ਨਿਰਦੇਸ਼ਕ ਸ਼ਾਮਲ ਹਨ। ਸ਼ਹਿਰ ਦੇ ਸੱਭਿਆਚਾਰਕ ਜੀਵਨ ਵਿੱਚ ਇਸ ਦਾ ਯੋਗਦਾਨ ਅਨਮੋਲ ਰਿਹਾ ਹੈ।

​‘ਰੰਗ ਸ਼ੰਕਰਾ’ ਦੀ ਸਾਂਭ-ਸੰਭਾਲ ਕਰਦਿਆਂ ਵੀ ਅਰੁੰਧਤੀ ਨਾਗ ਨੇ ਇੱਕ ਅਦਾਕਾਰ ਵਜੋਂ ਆਪਣਾ ਸਫ਼ਰ ਜਾਰੀ ਰੱਖਿਆ ਹੈ। ਹਿੰਦੀ, ਕੰਨੜ, ਅੰਗਰੇਜ਼ੀ, ਮਰਾਠੀ, ਗੁਜਰਾਤੀ ਅਤੇ ਉਰਦੂ ’ਚ ਉਹ ਪੂਰੇ ਵਿਸ਼ਵਾਸ ਨਾਲ ਅਦਾਕਾਰੀ ਕਰਦੀ ਰਹੀ ਹੈ। ਉਸ ਵਿੱਚ ਬੇਮਿਸਾਲ ਪ੍ਰਤਿਭਾ ਹੈ, ਨਾਲ ਹੀ ਨਿੱਜੀ ਤੌਰ ’ਤੇ ਦੁਰਲੱਭ ਨਿੱਘ, ਉਦਾਰਤਾ ਅਤੇ ਨਿਮਰਤਾ ਹੈ। ਮੈਨੂੰ ਉਸ ਨਾਲ ਹਾਲ ਹੀ ਵਿੱਚ ਹੋਈ ਗੱਲਬਾਤ ਨੂੰ ਦੁਹਰਾਉਣ ਦੀ ਸ਼ਾਇਦ ਇਜਾਜ਼ਤ ਹੈ। ਜਦੋਂ ਮੈਂ ਕਮਲਾਦੇਵੀ ਚਟੋਪਾਧਿਆਏ ਦੀ ਨਿਕੋ ਸਲੇਟ ਵੱਲੋਂ ਆਈ ਸ਼ਾਨਦਾਰ ਜੀਵਨੀ ਪੜ੍ਹ ਰਿਹਾ ਸੀ ਤਾਂ ਮੈਂ ਕਮਲਾਦੇਵੀ ਦੁਆਰਾ ਕੀਤੀ ਇਹ ਟਿੱਪਣੀ ਪੜ੍ਹੀ: ‘ਫਿਲਮ ਅਦਾਕਾਰੀ ਮੈਨੂੰ ਖਿੱਚਣ ਵਿੱਚ ਅਸਫ਼ਲ ਰਹੀ, ਜਦੋਂਕਿ ਡਰਾਮਾ ਥੀਏਟਰ ਨੇ ਮੈਨੂੰ ਇੱਕ ਜਨੂੰਨੀ ਉਤਸ਼ਾਹ ਨਾਲ ਭਰ ਦਿੱਤਾ; ਸਟੂਡੀਓ ਵਿੱਚ ਅਦਾਕਾਰੀ ਕਰਨਾ ਖੋਖ਼ਲੇ ਪ੍ਰਦਰਸ਼ਨ ਵਰਗਾ ਸੀ, ਜਿਸ ’ਚੋਂ ਹੁੰਗਾਰਾ ਭਰਨ ਵਾਲੇ ਸਰੋਤਿਆਂ ਨਾਲ ਨਿੱਘਾ ਸੰਵੇਦਨਸ਼ੀਲ ਸੰਚਾਰ ਗਾਇਬ ਸੀ।’

​ਮੈਂ ਇਹ ਹਵਾਲਾ ਅਰੁੰਧਤੀ ਨੂੰ ਭੇਜਿਆ। ਉਸ ਨੇ ਜਵਾਬ ਦਿੱਤਾ: ‘ਇਹ 50 ਸਾਲਾਂ ਦੀ ਧਾਰਨਾ ਨਾਲ ਮੇਲ ਖਾਂਦਾ ਹੈ, ਜਿਸ ਦੇ ਨਾਲ ਮੈਂ ਆਪਣੇ ਆਪ ਨੂੰ ਥੀਏਟਰ ਵਿੱਚ ਲੀਨ ਕੀਤਾ ਤੇ ਕਦੇ ਵੀ ਕੋਈ ਸੰਦੇਹ ਨਹੀਂ ਰੱਖਿਆ!’ ਫਿਰ ਉਸ ਨੇ ਅੱਗੇ ਕਿਹਾ: ‘ਕਾਸ਼! ਮੈਂ ਕਮਲਾਦੇਵੀ ਦੀ ਸ਼ਾਗਿਰਦ ਹੋ ਸਕਦੀ!’

​ਜਦੋਂ ਭਾਰਤ ਦੇ ਲੋਕ ਬੰਗਲੂਰੂ ਦੇ ਲੋਕਾਂ ਦੀਆਂ ਸਿਫ਼ਤਾਂ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਜ਼ਿਹਨ ਵਿੱਚ ਆਮ ਤੌਰ ’ਤੇ ਸ਼ਹਿਰ ਦੇ ਆਈ ਟੀ/ਬੀ ਟੀ ਮੁਖੀ ਜਾਂ ਇਸ ਦੇ ਕ੍ਰਿਕਟਰ ਆਉਂਦੇ ਹਨ। ਇਸ ਕਾਲਮ ਵਿੱਚ ਬਿਆਨੇ ਗਏ ਲੋਕਾਂ ਵਿੱਚ ਉਨ੍ਹਾਂ ਸ਼੍ਰੇਣੀਆਂ ਦੀਆਂ ਮਸ਼ਹੂਰ ਹਸਤੀਆਂ ਜਿੰਨੀ ਦੌਲਤ ਤੇ ਮਸ਼ਹੂਰੀ ਦੀ ਘਾਟ ਹੈ, ਪਰ ਮੇਰੇ ਮੁਤਾਬਿਕ ਉਹ ਇਸ ਸ਼ਹਿਰ ਦੀ ਰੂਹ ਨੂੰ ਦਰਸਾਉਂਦੇ ਹਨ, ਉਹ ਵੀ ਵਧੇਰੇ ਡੂੰਘੇ ਅਤੇ ਸਥਾਈ ਰੂਪ ਵਿੱਚ। ਬੀਰੇਨ ਦਾਸ ਅਤੇ ਅਰੁੰਧਤੀ ਨਾਗ ਨੇ ਅਜਿਹੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਹੈ ਜੋ ਬੰਗਲੂਰੂ ਦੇ ਸਮਾਜਿਕ ਜੀਵਨ ਨੂੰ ਖ਼ੁਸ਼ਹਾਲ ਬਣਾਉਂਦੀਆਂ ਹਨ, ਜਦੋਂਕਿ ਚਿਰੰਜੀਵ ਸਿੰਘ ਨੇ ਏਨੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਹੈ ਕਿ ਉਸ ਨੂੰ ਖ਼ੁਦ ਇੱਕ ਸੰਸਥਾ ਮੰਨਿਆ ਜਾ ਸਕਦਾ ਹੈ। ਹਰੇਕ ਮੇਰੇ ਲਈ ਇੱਕ ਦੋਸਤ ਹੋਣ ਦੇ ਨਾਲ-ਨਾਲ ਇੱਕ ਪ੍ਰਤੀਕ ਵੀ ਹੈ, ਹਰ ਕੋਈ, ਆਪੋ-ਆਪਣੇ ਵਿਲੱਖਣ ਤਰੀਕੇ ਨਾਲ ਮੇਰੇ ਸ਼ਹਿਰ ਤੇ ਸਾਡੇ ਦੇਸ਼ ਦੇ ਸਭ ਤੋਂ ਪ੍ਰਸ਼ੰਸਾਯੋਗ ਗੁਣਾਂ ਨੂੰ ਦਰਸਾਉਂਦਾ ਹੈ।

ਈ-ਮੇਲ: ramachandraguha@yahoo.in

Advertisement
Show comments