ਬਟੁਕੇਸ਼ਵਰ ਦੱਤ: ਚੇਤਿਆਂ ’ਚੋਂ ਵਿਸਰਿਆ ਇਨਕਲਾਬੀ
ਦਿੱਲੀ ਤੋਂ ਛਪਦੇ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਨੇ 8 ਅਪਰੈਲ 1929 ਦੀ ਸ਼ਾਮ ਨੂੰ ਇੱਕ ਵਿਸ਼ੇਸ਼ ਅੰਕ ਕੱਢਿਆ ਅਤੇ ਕਲਕੱਤਾ ਤੋਂ ਛਪਦੇ ‘ਸਟੇਟਸਮੈਨ’ ਦੇ ਦਿੱਲੀ ਦੇ ਪੱਤਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ ਇਸ ਖ਼ਬਰ ਨੂੰ ਬਰਤਾਨਵੀ ਬਸਤੀਵਾਦੀ ਸ਼ਾਸਨ ਵੱਲੋਂ ਸੈਂਸਰ ਨਾ ਕੀਤਾ ਜਾਵੇ, ਆਪਣੇ ਲੰਡਨ ਵਾਲੇ ਦਫ਼ਤਰ ਰਾਹੀਂ ਖ਼ਬਰ ਭੇਜੀ। ਸੈਂਟਰਲ ਅਸੈਂਬਲੀ ਹਾਲ ਜਿਸ ਨੂੰ ਬਾਅਦ ਵਿੱਚ ਭਾਰਤ ਦੀ ਪਾਰਲੀਮੈਂਟ ਕਿਹਾ ਗਿਆ, ਦੀ ਇਮਾਰਤ 1927 ਵਿੱਚ ਬਣੀ ਸੀ (ਜਿਸ ਦੀ ਇਤਿਹਾਸਕਤਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹੁਣ ਇਸ ਨੂੰ ਸੈਂਟਰਲ ਵਿਸਟਾ ਵਜੋਂ ਉਸਾਰਿਆ ਗਿਆ ਹੈ); ਵਿੱਚ ਕਰੀਬ 12 ਵਜੇ ਦੋ ਨੌਜਵਾਨਾਂ ਵੱਲੋਂ ਬੰਬ ਧਮਾਕਾ ਕੀਤਾ ਗਿਆ। ਸਾਰਾ ਹਾਲ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਕਾ ਨਾਸ ਹੋ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਜੋ ਕਿ ਦੋਵੇਂ ਕੌਮਾਂਤਰੀ ਨਾਅਰੇ ਸਨ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਹੀ ਦੋਵਾਂ ਨਾਅਰਿਆਂ ਨੂੰ ਪੂਰੇ ਦੱਖਣੀ ਏਸ਼ੀਆ ਵਿੱਚ ਮਸ਼ਹੂਰ ਕੀਤਾ ਸੀ। ‘ਬੋਲ਼ਿਆਂ ਨੂੰ ਸੁਣਾਉਣ ਲਈ’ ਸਿਰਲੇਖ ਵਾਲੇ ਲਾਲ ਪਰਚੇ ਹਾਲ ਦੇ ਅੰਦਰ ਸੁੱਟੇ ਸਨ ਤੇ ‘ਹਿੰਦੁਸਤਾਨ ਟਾਈਮਜ਼’ ਦੇ ਪੱਤਰਕਾਰ ਨੇ ਇੱਕ ਪਰਚਾ ਚੁੱਕ ਲਿਆ ਸੀ, ਜਿਸ ਨੂੰ ਅਖ਼ਬਾਰ ਦੇ ਸ਼ਾਮ ਦੇ ਵਿਸ਼ੇਸ਼ ਅੰਕ ਵਿੱਚ ਛਾਪਿਆ ਸੀ।
ਇਹ ਦੋਵੇਂ ਨਾਂ ਭਗਤ ਸਿੰਘ ਅਤੇ ਬਟੁਕੇਸ਼ਵਰ (ਬੀਕੇ) ਦੱਤ ਉਸੇ ਵਕਤ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਏ ਕਿਉਂਕਿ ਹਿੰਦੁਸਤਾਨ ਭਰ ਵਿੱਚ ਅਣਗਿਣਤ ਭਾਰਤੀ ਭਾਸ਼ਾਵਾਂ ਦੇ ਅਖ਼ਬਾਰਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਦੇ ਘੱਟੋ-ਘੱਟ ਦਸ ਅਖ਼ਬਾਰਾਂ ਨੇ ਖ਼ਬਰਾਂ ਛਾਪੀਆਂ ਸਨ, ਇੱਕ ਹਿੰਦੁਸਤਾਨੀ ਅਤੇ ਦੂਜੇ ਕੌਮਾਂਤਰੀ ਅਖ਼ਬਾਰ ਨੇ ਇਸ ਦਾ ਸਿਰਲੇਖ ਦਿੱਤਾ ‘ਰੈੱਡ ਸਟੌਰਮ ਦਿ ਅਸੈਂਬਲੀ’। ਭਗਤ ਸਿੰਘ ਆਉਣ ਵਾਲੇ ਸਮੇਂ ਵਿੱਚ ਇਨਕਲਾਬੀ ਲਹਿਰ ਦਾ ਪ੍ਰਤੀਕ ਬਣ ਕੇ ਉੱਭਰਿਆ ਜਦੋਂਕਿ ਉਸ ਦਾ ਸਾਥੀ ਅਤੇ ਨਜ਼ਦੀਕੀ ਮਿੱਤਰ ਬੀਕੇ ਦੱਤ ਖ਼ਬਰਾਂ ਵਿੱਚ ਤਾਂ ਰਿਹਾ ਪਰ ਉਸ ਹੱਦ ਤੱਕ ਨਹੀਂ ਜਿੰਨਾ ਉਹ ਹੱਕਦਾਰ ਸੀ। ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਦੀ ਬਿਹਾਰ ਸਰਕਾਰ ਨੇ ਉਸ ਨੂੰ ਇੱਕ ਕੋਲਾ ਡਿਪੂ ਅਲਾਟ ਕੀਤਾ ਜਿਸ ਵਿੱਚ ਦੱਤ ਨੇ ਕਮਾਈ ਘੱਟ ਕੀਤੀ ਸਗੋਂ ਗੁਆਇਆ ਵੱਧ। ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੂੰ ਇਸ ਇਨਕਲਾਬੀ ਨੂੰ ਸਨਮਾਨ ਦੇਣ ਲਈ ਬਿਹਾਰ ਸਰਕਾਰ ਦਾ ਧਿਆਨ ਖਿੱਚਣਾ ਪਿਆ। ਇਸ ਲਈ ਦੱਤ ਨੂੰ ਬਿਹਾਰ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਪਰ ਵਿਧਾਨ ਪ੍ਰੀਸ਼ਦ ਦੀ ਬਚੀ ਛੇ ਕੁ ਮਹੀਨਿਆਂ ਦੀ ਮਿਆਦ ਲਈ।
ਬਰਤਾਨਵੀ ਬਸਤੀਵਾਦੀ ਚਾਲ ਢਾਲ ਵਿੱਚ ਰੰਗੀ ਨੌਕਰਸ਼ਾਹੀ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਪਰ ਆਪਣੇ ਸਮਕਾਲੀ ਸਿਆਸੀ ਆਗੂਆਂ ਦੁਆਰਾ ਸਤਿਕਾਰਿਆ ਗਿਆ, ਬੀ ਕੇ ਦੱਤ 1964-65 ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਤਾਂ ਉਸ ਨੂੰ ਰਾਜਨੀਤਕ ਲੀਡਰਸ਼ਿਪ ਦੁਆਰਾ ਏਮਸ ਵਿੱਚ ਦਾਖ਼ਲ ਕਰਵਾਉਣ ਲਈ ਦਿੱਲੀ ਲਿਜਾਇਆ ਗਿਆ ਅਤੇ ਥੋੜ੍ਹੇ ਸਮੇਂ ਲਈ ਹੀ ਸਹੀ, ਘੱਟੋ ਘੱਟ ਆਪਣੇ ਆਖ਼ਰੀ ਦਿਨਾਂ ਦੌਰਾਨ ਅਤੇ ਮੌਤ ਤੋਂ ਬਾਅਦ, ਉਸ ਨੂੰ ਦੇਸ਼ ਤੋਂ ਬਣਦਾ ਸਨਮਾਨ ਮਿਲਿਆ। ਇਨਕਲਾਬੀਆਂ ਦੀ ਅਣਦੇਖੀ ਦੀ ਇਹ ਕਹਾਣੀ ਭਗਤ ਸਿੰਘ ਅਤੇ ਦੱਤ ਦੇ ਇੱਕ ਹੋਰ ਇਨਕਲਾਬੀ ਸਾਥੀ ਚਮਨ ਲਾਲ ਆਜ਼ਾਦ ਵੱਲੋਂ ਉਰਦੂ ਵਿੱਚ ਲਿਖੀ ਗਈ। ਉਹ ਇਨਕਲਾਬ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਪੱਤਰਕਾਰ ਬਣਿਆ ਅਤੇ ਪਹਿਲਾਂ ਲਾਹੌਰ ਵਿੱਚ ਸਥਾਪਤ ਉਰਦੂ ਦੇ ਰੋਜ਼ਾਨਾ ‘ਪ੍ਰਤਾਪ’ ਦੇ ਸਮਾਚਾਰ ਸੰਪਾਦਕ ਵਜੋਂ ਕੰਮ ਕਰਦਾ ਸੀ ਜਿਸ ਦਾ ਇੱਕ ਸੰਪਾਦਕ ਵਰਿੰਦਰ ਇਨਕਲਾਬੀ ਲਹਿਰ ਦਾ ਹਿੱਸਾ ਸੀ ਅਤੇ ਉਸ ਨੇ ਲਾਹੌਰ ਜੇਲ੍ਹ ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦਾ ਸਹੀ ਸਮਾਂ (ਸ਼ਾਮੀਂ 7.33) ਨੋਟ ਕੀਤਾ ਸੀ। ਵਰਿੰਦਰ ਦੇ ਪੁੱਤਰ ਚੰਦਰ ਮੋਹਨ ਅਤੇ ਪੋਤੀ ਜਯੋਤਸਨਾ ਮੋਹਨ ਨੇ ਹਾਲ ਹੀ ਵਿੱਚ ਰੋਜ਼ਾਨਾ ‘ਪ੍ਰਤਾਪ’ ਦੀ ਕਹਾਣੀ ‘ਪ੍ਰਤਾਪ: ਏ ਡਿਫਾਇੰਟ ਨਿਊਜ਼ਪੇਪਰ’ (ਪ੍ਰਤਾਪ: ਇੱਕ ਨਾਬਰ ਅਖ਼ਬਾਰ) ਦੇ ਰੂਪ ਵਿੱਚ ਸਾਹਮਣੇ ਲਿਆਂਦੀ ਹੈ, ਹਾਲਾਂਕਿ ਉਹ ਕਹਾਣੀ ਦੇ ਇਸ ਹਿੱਸੇ ਤੋਂ ਖੁੰਝ ਗਏ। ਚਮਨ ਲਾਲ ਆਜ਼ਾਦ ਨੇ ਏਮਸ ਵਿੱਚ ਦਾਖ਼ਲ ਦੱਤ ਦੀ ਦੇਖਭਾਲ ਕਰਦੇ ਹੋਏ, ਉਸ ਨਾਲ ਘੰਟਿਆਂਬੱਧੀ ਬੈਠ ਕੇ, ‘ਪ੍ਰਤਾਪ’ ਵਿੱਚ ਲੇਖਾਂ ਦੀ ਲੜੀ ਲਿਖਣੀ ਸ਼ੁਰੂ ਕੀਤੀ ਸੀ। ਉਨ੍ਹਾਂ ਲੜੀਵਾਰ ਲੇਖਾਂ ਨੇ 358 ਪੰਨਿਆਂ ਦੀ ਕਿਤਾਬ ‘ਭਗਤ ਸਿੰਘ ਔਰ ਦੱਤ ਕੀ ਅਮਰ ਕਹਾਨੀ’ ਦਾ ਰੂਪ ਧਾਰ ਲਿਆ। ਵੀਹ ਜੁਲਾਈ 1965 ਨੂੰ ਦੱਤ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ 1966 ਵਿੱਚ ਪ੍ਰਕਾਸ਼ਿਤ ਇਸ ਕਿਤਾਬ ਦੇ ਪਹਿਲੇ ਪੰਨੇ ’ਤੇ ਨੋਟ ਕੀਤਾ ਗਿਆ ਸੀ ਕਿ ਇਸ ਕਿਤਾਬ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਜਲਦੀ ਹੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਹਾਲਾਂਕਿ ਇਹ ਇਨਕਲਾਬੀ ਲਹਿਰ ਅਤੇ ਇਸ ਦੀ ਸਿਆਸੀ ਸੰਸਥਾ- ਐੱਚਐੱਸਆਰਏ (ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ) ਅਤੇ ਜਨਤਕ ਸੰਗਠਨ ‘ਨੌਜਵਾਨ ਭਾਰਤ ਸਭਾ’ ਦੇ ਸਭ ਤੋਂ ਪ੍ਰਮਾਣਿਕ ਬਿਰਤਾਂਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਜਥੇਬੰਦੀਆਂ ਦਾ ਚਮਨ ਲਾਲ ਆਜ਼ਾਦ ਖ਼ੁਦ ਹਿੱਸਾ ਸਨ। ਮੂਲ ਉਰਦੂ ਕਿਤਾਬ ਪੰਜਾਬ ਸਰਕਾਰ ਦੇ ਇਤਿਹਾਸਕ ਦਸਤਾਵੇਜ਼ਾਂ ਬਾਰੇ ਵਿਭਾਗ ਦੀ ਮਦਦ ਨਾਲ ਛਪੀ ਸੀ ਪਰ ਹੁਣ ਇਸ ਦੀ ਕਾਪੀ ਲੱਭਣਾ ਲਗਭਗ ਅਸੰਭਵ ਹੈ। ਕੁਝ ਵਿਅਕਤੀਆਂ ਨੂੰ ਛੱਡ ਕੇ ਜਿਨ੍ਹਾਂ ਕੋਲ ਇਸ ਦੀ ਕਾਪੀ ਹੋ ਸਕਦੀ ਹੈ, ਲਾਇਬ੍ਰੇਰੀਆਂ ਵਿੱਚ ਇਸ ਦੀਆਂ ਕਾਪੀਆਂ ਨਹੀਂ ਮਿਲਦੀਆਂ। ਇੱਥੋਂ ਤੱਕ ਕਿ ਦੱਤ ਪਰਿਵਾਰ ਕੋਲ ਵੀ ਇਸ ਦੀ ਕਾਪੀ ਨਹੀਂ ਹੈ ਜਿਸ ਦੀ ਜਾਂਚ ਇਸ ਲੇਖਕ ਨੇ ਦੱਤ ਦੀ ਧੀ ਭਾਰਤੀ ਬਾਗਚੀ ਨਾਲ ਕੀਤੀ ਜੋ ਪਟਨਾ ਕਾਲਜ ਤੋਂ ਅਰਥ ਸ਼ਾਸਤਰ ਦੀ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਕਾਪੀ ਸੀ ਪਰ ਉਸ ਨੂੰ ਉਰਦੂ ਨਹੀਂ ਆਉਂਦੀ ਸੀ। ਇਸ ਲਈ ਉਸ ਨੇ ਉਹ ਕਿਤਾਬ ਪਟਨਾ ਦੀ ਪ੍ਰਸਿੱਧ ਖੁਦਾਬਖ਼ਸ਼ ਲਾਇਬ੍ਰੇਰੀ ਨੂੰ ਭੇਟ ਕਰ ਦਿੱਤੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਕੋਲ ਇਸ ਦੇ ਹਿੰਦੀ ਅਨੁਵਾਦ ਦੀ ਕਾਪੀ ਸੀ ਜੋ ਹੁਣ ਲੱਭ ਨਹੀਂ ਰਹੀ। ਲੇਖਕ ਨੇ ਖ਼ੁਦ ਜ਼ਿਕਰ ਕੀਤਾ ਹੈ ਕਿ ਇਹ ਪੁਸਤਕ ‘ਪ੍ਰਤਾਪ’ ਅਤੇ ‘ਵੀਰ ਅਰਜਨ’ ਦੇ ਲੜੀਵਾਰ 29 ਲੇਖਾਂ ਦਾ ਸੰਗ੍ਰਹਿ ਹੈ। ਇਹ ਪੁਸਤਕ ਅਕਾਦਮਿਕ ਢੰਗ ਨਾਲ ਨਹੀਂ ਲਿਖੀ ਗਈ ਅਤੇ ਨਾ ਹੀ ਇਹ ਘਟਨਾਵਾਂ ਦਾ ਲੜੀਵਾਰ ਬਿਰਤਾਂਤ ਹੈ ਪਰ ਭਾਵੇਂ ਟੁੱਟਵੇਂ ਢੰਗ ਨਾਲ ਲਿਖੀ ਗਈ ਹੈ ਅਤੇ ਕੁਝ ਲੜੀਆਂ ਵਿੱਚ ਪਹਿਲੀ ਜਨਵਰੀ 1965 ਤੋਂ 20 ਜੁਲਾਈ 1965 ਤੱਕ ਦੀਆਂ ਆਜ਼ਾਦ ਦੀਆਂ ਡਾਇਰੀਆਂ ਸ਼ਾਮਲ ਹਨ ਤਾਂ ਵੀ ਇਹ ਪ੍ਰਮਾਣਿਕ ਜਾਣਕਾਰੀ ਦੀ ਖਾਣ ਹੈ ਜਿਸ ਤੋਂ ਅੱਗੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ।
ਬੀਕੇ ਦੱਤ ਦਾ ਜਨਮ 18 ਨਵੰਬਰ 1910 ਨੂੰ ਬਰਦਵਾਨ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ 21 ਜੁਲਾਈ 1965 ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਦੇ ਸ਼ਹੀਦੀ ਸਮਾਰਕ ਦੇ ਨੇੜੇ ਕੀਤਾ ਗਿਆ ਸੀ। ਇਹ ਸਥਾਨ 1965 ਤੱਕ ਪਾਕਿਸਤਾਨ ਦਾ ਹਿੱਸਾ ਸੀ ਅਤੇ ਉਸੇ ਸਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਆਪਸੀ ਸਮਝੌਤੇ ਅਨੁਸਾਰ ਭਾਰਤ ਸਰਕਾਰ ਨੇ ਯਾਦਗਾਰ ਬਣਾਉਣ ਲਈ ਲਿਆ ਸੀ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਲਾਗੇ ਹੀ ਉਨ੍ਹਾਂ ਦਾ ਸਸਕਾਰ ਉਸੇ ਥਾਂ ਕੀਤਾ ਗਿਆ ਜਿੱਥੇ 24 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਤਿੰਨੋਂ ਇਨਕਲਾਬੀ ਦੇਸ਼ਭਗਤਾਂ ਨੂੰ ਗੁਪਤ ਰੂਪ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ 23 ਮਾਰਚ ਦੀ ਸ਼ਾਮ ਨੂੰ ਭਗਤ ਸਿੰਘ ਦਾ ਸਸਕਾਰ ਕੀਤਾ ਗਿਆ ਸੀ।
ਚਮਨ ਲਾਲ ਆਜ਼ਾਦ ਦੀ ਪੁਸਤਕ ਦਾ ਸੰਖੇਪ ਸਾਰ ਇਸ ਪ੍ਰਕਾਰ ਹੈ:
1. ਭਗਤ ਸਿੰਘ ਦੀਆਂ ਪ੍ਰਮੁੱਖ ਲਿਖਤਾਂ ਜਿਨ੍ਹਾਂ ਵਿੱਚ 2 ਫਰਵਰੀ 1931 ਦਾ ਨੌਜਵਾਨ ਸਿਆਸੀ ਵਰਕਰਾਂ ਦੇ ਨਾਂ ਖ਼ਤ, 6 ਜੂਨ 1929 ਨੂੰ ਦਿੱਲੀ ਸੈਸ਼ਨ ਕੋਰਟ ਵਿੱਚ ਭਗਤ ਸਿੰਘ ਅਤੇ ਬੀਕੇ ਦੱਤ ਦਾ ਬਿਆਨ, ਭਗਤ ਸਿੰਘ ਦੇ ਪਿਤਾ, ਭਰਾਵਾਂ ਅਤੇ ਦੱਤ ਦੀ ਭੈਣ ਪ੍ਰੋਮਿਲਾ ਨੂੰ ਭੇਜੇ ਪੋਸਟ ਕਾਰਡ। ਸ਼ਾਇਦ ਭਗਤ ਸਿੰਘ ਦੀਆਂ ਲਿਖਤਾਂ ਪਹਿਲੀ ਵਾਰ ਇਸੇ ਪੁਸਤਕ ਵਿੱਚ ਪ੍ਰਕਾਸ਼ਿਤ ਹੋਈਆਂ ਸਨ ਅਤੇ ਇਸ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਲਿਖਤਾਂ ਨੂੰ ਇਕੱਤਰ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਸੀ।
2. ਬੀ ਕੇ ਦੱਤ ਨੂੰ ਮਹਾਤਮਾ ਗਾਂਧੀ ਦੀ ਚਿੱਠੀ।
3. 1963 ਵਿੱਚ ਪ੍ਰਧਾਨ ਮੰਤਰੀ ਨਹਿਰੂ ਨਾਲ ਬੀਕੇ ਦੱਤ ਦੀਆਂ ਤਸਵੀਰਾਂ। ਇੱਕ ਤਸਵੀਰ ਵਿੱਚ ਇੰਦਰਾ ਗਾਂਧੀ ਨਹਿਰੂ ਦੇ ਨਾਲ ਹੈ ਅਤੇ ਇੱਕ ਹੋਰ ਤਸਵੀਰ ਵਿੱਚ ਕਾਂਗਰਸ ਨੇਤਾ ਤੇ ਪੁਰਾਣੇ ਇਨਕਲਾਬੀ ਐੱਸ.ਐੱਮ. ਘੋਸ਼ ਖੜ੍ਹੇ ਹਨ। ਘੋਸ਼ ਨੇ ਦੱਤ ਦੀ ਬਿਮਾਰੀ ਅਤੇ ਏਮਸ ਵਿੱਚ ਇਲਾਜ ਦੌਰਾਨ ਸਭ ਤੋਂ ਵੱਧ ਮਦਦ ਕੀਤੀ।
4. ਕਿਤਾਬ ਵਿੱਚ ਸੁਤੰਤਰਤਾ ਸੰਗਰਾਮ ਦਾ ਟੁੱਟਵਾਂ ਇਤਿਹਾਸ ਹੈ, ਖ਼ਾਸ ਕਰ ਕੇ ਅੰਦੋਲਨ ਵਿੱਚ ਵੱਖ-ਵੱਖ ਸਮਿਆਂ ਵਿੱਚ ਜਿਵੇਂ ਬੀਨਾ ਦਾਸ ਜਿਸ ਨੇ ਬੰਗਾਲ ਵਿੱਚ ਇੱਕ ਅੰਗਰੇਜ਼ ਅਫ਼ਸਰ ਨੂੰ ਗੋਲੀ ਮਾਰ ਦਿੱਤੀ ਸੀ, ਜਿਹੇ ਇਨਕਲਾਬੀਆਂ ਦੀ ਭੂਮਿਕਾ ਨੂੰ ਸੰਖੇਪ ਵਿੱਚ ਲਿਖਿਆ ਗਿਆ ਹੈ। ਹਰੀਕਿਸ਼ਨ ਦੇ ਪੂਰੇ ਪਰਿਵਾਰ ਨੂੰ ਬਹੁਤ ਕਸ਼ਟ ਝੱਲਣੇ ਪਏ। ਉਹ ਉਸ ਸਮੇਂ ਉੱਤਰ ਪੱਛਮੀ ਸਰਹੱਦੀ ਸੂਬੇ, ਜਿਸ ਨੂੰ ਹੁਣ ਖ਼ੈਬਰ ਪਖ਼ਤੂਨਖਵਾ ਕਿਹਾ ਜਾਂਦਾ ਹੈ, ਵਿੱਚ ਮਰਦਾਨ ਦੇ ਨੇੜੇ ਗਲਾਢੇਰ ਦਾ ਰਹਿਣ ਵਾਲਾ ਸੀ। ਪਹਿਲੀ ਵਾਰ ਇਹ ਦਿਲਚਸਪ ਜਾਣਕਾਰੀ ਇਸ ਕਿਤਾਬ ਤੋਂ ਮਿਲੀ ਕਿ ਤਲਵਾੜ ਦੇ ਵੱਡੇ ਵਡੇਰੇ ਪਟਿਆਲਾ ਜ਼ਿਲ੍ਹੇ ਤੋਂ ਸਨ ਅਤੇ ਉਹ ਕੁਝ ਪੀੜ੍ਹੀਆਂ ਪਹਿਲਾਂ ਮਰਦਾਨ ਆ ਗਏ ਸਨ। ਹਰੀਕਿਸ਼ਨ ਨੂੰ 23 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਾਨਵੋਕੇਸ਼ਨ ਦੌਰਾਨ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ। ਉਸ ਦੇ ਪਿਤਾ ਰਾਏ ਬਹਾਦਰ ਲਾਲਾ ਗੁਰਦਾਸ ਰਾਮ ਤਲਵਾੜ ਦੀ ਉਦੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਸੁਰੱਖਿਆ ਸ਼ਰਤਾਂ ’ਤੇ ਦਸਤਖਤ ਕਰਨ ਲਈ ਪੁਲੀਸ ਉਸ ਨੂੰ ਮਜਬੂਰ ਕਰ ਰਹੀ ਸੀ ਪਰ ਉਸ ਨੇ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਹਰੀਕਿਸ਼ਨ ਦੇ ਦੂਜੇ ਭਰਾ ਭਗਤ ਰਾਮ ਤਲਵਾੜ ਨੇ ਸੁਭਾਸ਼ ਬੋਸ ਨੂੰ ਕਾਬੁਲ ਜਾਣ ਵਿੱਚ ਮਦਦ ਕੀਤੀ। ਉਸ ਦੇ ਇੱਕ ਹੋਰ ਭਰਾ ਜਮਨਾ ਦਾਸ ਨੂੰ 11 ਸਾਲ ਦੀ ਜੇਲ੍ਹ ਹੋਈ, ਜਿਸ ਦੀ ਨਹਿਰੂ ਨੇ ਆਪਣੀ ਸਵੈ-ਜੀਵਨੀ ਵਿੱਚ ਨਿੰਦਾ ਕੀਤੀ ਸੀ। ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਰੀਕਿਸ਼ਨ ਨੇ ਭਗਤ ਸਿੰਘ ਨੂੰ ਮਿਲਣ ਲਈ ਲਾਹੌਰ ਜੇਲ੍ਹ ਵਿੱਚ ਨੌਂ ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ ਕਿਉਂਕਿ ਜੇਲ੍ਹ ਅਧਿਕਾਰੀਆਂ ਨੇ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ, ਪਰ ਅਖ਼ੀਰ ਉਨ੍ਹਾਂ ਦੀ ਮੁਲਾਕਾਤ ਕਰਵਾਈ ਗਈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਢਾਈ ਮਹੀਨੇ ਬਾਅਦ 9 ਜੂਨ 1931 ਨੂੰ ਹਰੀਕਿਸ਼ਨ ਨੂੰ ਫਾਂਸੀ ਦੇ ਦਿੱਤੀ ਗਈ ਸੀ। ਪੰਜਾਬ ਵਿਧਾਨ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਦੁਰਗਾ ਦਾਸ ਖੰਨਾ, ‘ਮਿਲਾਪ’ ਦੇ ਸੰਪਾਦਕ ਰਣਬੀਰ ਅਤੇ ਮਰਦਾਨ ਸ਼ਹਿਰ ਦੇ ਚਮਨ ਲਾਲ ਨੂੰ ਵੀ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਹਰੀਕਿਸ਼ਨ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।
ਭਗਤ ਸਿੰਘ ਨੇ ਜੇਲ੍ਹ ਤੋਂ ਹਰੀਕਿਸ਼ਨ ਦੇ ਵਕੀਲ ਆਸਫ਼ ਅਲੀ ਨੂੰ ਦੋ ਖ਼ਤ ਲਿਖੇ ਜੋ ਬੀਕੇ ਦੱਤ ਦਾ ਵਕੀਲ ਵੀ ਸੀ। ਜਦੋਂ ਆਸਫ਼ ਅਲੀ ਵੱਲੋਂ ਹਰੀਕਿਸ਼ਨ ਨੂੰ ਆਪਣਾ ਗੁਨਾਹ ਨਾ ਮੰਨਣ ਲਈ ਕਿਹਾ ਗਿਆ ਤਾਂ ਭਗਤ ਸਿੰਘ ਨੇ ਇਸ ਪਹੁੰਚ ’ਤੇ ਸਵਾਲ ਉਠਾਏ ਸਨ। ਇਨ੍ਹਾਂ ਵਿੱਚੋਂ ਇੱਕ ਖ਼ਤ ਗੁੰਮ ਹੋ ਗਿਆ ਸੀ ਅਤੇ ਇਸ ਲੇਖਕ ਨੂੰ 75 ਸਾਲਾਂ ਬਾਅਦ ਇਸ ਦਾ ਹਿੰਦੀ ਅਨੁਵਾਦ ਲੱਭਿਆ ਜਿਸ ਦਾ ਉਨ੍ਹਾਂ ਮੁੜ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਚਮਨ ਲਾਲ ਆਜ਼ਾਦ ਨੇ ਜ਼ਿਕਰ ਕੀਤਾ ਹੈ ਕਿ ਬੀਕੇ ਦੱਤ ਨੇ ਉਸ ਨੂੰ ਦੱਸਿਆ ਸੀ ਕਿ ਆਸਫ਼ ਅਲੀ ਨੇ ਦਿੱਲੀ ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਅਤੇ ਬੀਕੇ ਦੱਤ ਦੇ ਸੈਸ਼ਨ ਕੋਰਟ ਵਿੱਚ ਦਿੱਤੇ ਸਾਂਝੇ ਬਿਆਨ ਵਿੱਚ ਸ਼ਬਦ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਦੀ ਥਾਂ ‘ਲੋਕਾਂ ਦੀ ਪ੍ਰਭੂਸੱਤਾ’ ਲਿਖ ਦਿੱਤਾ ਸੀ। ਵੀ.ਐੱਨ. ਦੱਤਾ ਨੇ ਆਪਣੀ ਕਿਤਾਬ ‘ਗਾਂਧੀ ਐਂਡ ਭਗਤ ਸਿੰਘ’ ਵਿੱਚ ਕਾਲਪਨਿਕ ਢੰਗ ਨਾਲ ਲਿਖਿਆ ਹੈ ਕਿ ਸਾਂਝੇ ਬਿਆਨ ਦਾ ਖਰੜਾ ਪੰਡਿਤ ਨਹਿਰੂ ਨੇ ਲਿਖਿਆ ਸੀ। ਇਸ ਵੱਡ-ਆਕਾਰੀ ਪੁਸਤਕ ਦਾ ਇੱਕ ਹਿੱਸਾ ਕੈਂਸਰ ਕਾਰਨ ਬੀਕੇ ਦੱਤ ਦੇ ਸਰੀਰਕ ਕਸ਼ਟਾਂ ’ਤੇ ਕੇਂਦਰਿਤ ਹੈ ਕਿਉਂਕਿ ਮਾਹਿਰ ਡਾਕਟਰਾਂ ਅਨੁਸਾਰ ਹੱਡੀਆਂ ਦੇ ਕੈਂਸਰ ਕਾਰਨ ਦਿੱਲੀ ਵਿੱਚ ਅੱਠ ਮਹੀਨੇ ਜ਼ੇਰੇ ਇਲਾਜ ਰਹਿਣ ਦੌਰਾਨ ਇੱਕ ਨਾਮਵਰ ਡਾਕਟਰ ਵਿੱਗ ਨੇ ਦੱਤ ਦੇ ਸਾਥੀਆਂ ਅਤੇ ਸਿਆਸੀ ਨੇਤਾਵਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿਰਫ਼ ਇਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ (ਦੱਤ) ਦੇ ਆਖ਼ਰੀ ਦਿਨ ਦਰਦ ਤੋਂ ਬਿਨਾਂ ਗੁਜ਼ਰ ਸਕਣ ਕਿਉਂਕਿ ਉਨ੍ਹਾਂ ਦੀ ਬਿਮਾਰੀ ਲਾਇਲਾਜ ਹੋ ਚੁੱਕੀ ਹੈ। ਭਾਰਤ ਸਰਕਾਰ ਨੇ ਦੱਤ ਨੂੰ ਇਲਾਜ ਲਈ ਵਿਦੇਸ਼ ਭੇਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੰਡਨ ਸਥਿਤ ਹਾਈ ਕਮਿਸ਼ਨਰ ਨੇ ਰਿਪੋਰਟ ਭੇਜੀ ਸੀ ਕਿ ਦਿੱਲੀ ਦਾ ਇਲਾਜ ਸਹੀ ਲੀਹਾਂ ’ਤੇ ਚੱਲ ਰਿਹਾ ਹੈ ਅਤੇ ਯੂਰਪ ਵਿੱਚ ਦਿੱਲੀ ਨਾਲੋਂ ਵਧੀਆ ਇਲਾਜ ਸਹੂਲਤਾਂ ਨਹੀਂ ਹਨ।
ਬੀਕੇ ਦੱਤ ਨੇ 12 ਜੂਨ 1929 ਨੂੰ ਦਿੱਲੀ ਅਸੈਂਬਲੀ ਬੰਬ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨੌਂ ਸਾਲ ਵੱਖ-ਵੱਖ ਜੇਲ੍ਹਾਂ ਵਿੱਚ ਬਿਤਾਏ। ਸਾਲ 1937 ਵਿੱਚ ਹੋਈਆਂ ਚੋਣਾਂ ਤੇ ਗਿਆਰਾਂ ’ਚੋਂ ਸੱਤ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਇਨਕਲਾਬੀਆਂ ਨੂੰ ਰਿਹਾਅ ਕੀਤਾ ਗਿਆ, ਪਰ ਉਦੋਂ ਵੀ ਦੱਤ ਨੂੰ ਰਿਹਾਅ ਨਹੀਂ ਕੀਤਾ ਗਿਆ ਸੀ। ਦੱਤ ਨੇ ਮੁਲਤਾਨ, ਜਿਹਲਮ, ਤ੍ਰਿਚਨਾਪੱਲੀ, ਮਦਰਾਸ ਦੇ ਸੇਲਮ ਅਤੇ ਅੰਡੇਮਾਨ ਦੀਆਂ ਜੇਲ੍ਹਾਂ ਵਿੱਚ ਕਈ ਸਾਲ ਬਿਤਾਏ ਅਤੇ ਹਰ ਜੇਲ੍ਹ ਵਿੱਚ ਉਸ ਨੂੰ ਆਪਣੇ ਨਾਲ ਬਿਹਤਰ ਸਲੂਕ ਲਈ ਭੁੱਖ ਹੜਤਾਲ ਦਾ ਸਹਾਰਾ ਲੈਣਾ ਪਿਆ। ਦੋ ਵਾਰ ਉਹ ਡੇਢ ਮਹੀਨੇ ਦੀ ਭੁੱਖ ਹੜਤਾਲ ’ਤੇ ਰਿਹਾ। ਭਗਤ ਸਿੰਘ ਦੀ ਫਾਂਸੀ (23 ਮਾਰਚ 1931) ਦੇ ਸਮੇਂ ਦੱਤ ਮਦਰਾਸ ਦੀ ਸੇਲਮ ਜੇਲ੍ਹ ਵਿੱਚ ਸੀ ਅਤੇ ਉਸ ਨੂੰ ਭਗਤ ਸਿੰਘ ਨੂੰ ਜ਼ੰਜੀਰਾਂ ’ਚ ਜਕੜੇ ਹੋਣ ਦਾ ਇੱਕ ਭਿਆਨਕ ਸੁਪਨਾ ਆਇਆ। 1938 ਵਿੱਚ ਰਿਹਾਅ ਹੋਣ ਤੋਂ ਬਾਅਦ, ਉਸ ਨੂੰ 1942 ਦੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ਚਾਰ ਸਾਲ ਲਈ ਦੁਬਾਰਾ ਕੈਦ ਕੀਤਾ ਗਿਆ। ਪਹਿਲੀ ਰਿਹਾਈ ਤੋਂ ਬਾਅਦ, ਦੱਤ ਨੇ ਇੱਕ ਸਕੂਲ ਅਧਿਆਪਕਾ ਅੰਜਲੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਘਰ ਧੀ ਭਾਰਤੀ ਨੇ ਜਨਮ ਲਿਆ। ਮਾਂ ਅਤੇ ਧੀ ਦੋਵੇਂ ਦੱਤ ਦੀ ਬਿਮਾਰੀ ਦੇ ਆਖ਼ਰੀ ਮਹੀਨਿਆਂ ਵਿੱਚ ਉਸ ਦੇ ਨਾਲ ਸਨ। ਭਾਰਤੀ ਬਾਗ਼ਚੀ ਪਟਨਾ ਕਾਲਜ ਤੋਂ ਅਰਥ ਸ਼ਾਸਤਰ ਦੀ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਈ, ਜਿੱਥੇ ਦੱਤ ਪਰਿਵਾਰ ਪੰਜਾਬ ਤੇ ਦਿੱਲੀ ਵਿੱਚ ਉਨ੍ਹਾਂ ਦੇ ਦਾਖਲੇ ’ਤੇ ਲੱਗੀ ਪਾਬੰਦੀ ਤੋਂ ਬਾਅਦ ਵਸ ਗਿਆ ਸੀ। ਦੱਤ ਦਾ ਦੇਹਾਂਤ 20 ਜੁਲਾਈ 1965 ਦੀ ਸਵੇਰ ਇੱਕ ਵਜੇ ਹੋਇਆ ਤੇ ਉਸ ਦੇ ਸਰੀਰ ਨੂੰ ਪੰਜਾਬ ਦੇ ਹੁਸੈਨੀਵਾਲਾ ਵਿਖੇ ਅੰਤਿਮ ਯਾਤਰਾ ਲਈ ਲਿਜਾਇਆ ਗਿਆ ਜਿੱਥੇ ਉਸ ਦੇ ਰੂਹ ਦੇ ਹਾਣੀ ਭਗਤ ਸਿੰਘ ਤੇ ਹੋਰਨਾਂ ਸਾਥੀਆਂ ਦਾ 24 ਮਾਰਚ ਦੀ ਸਵੇਰ ਨੂੰ ਸਸਕਾਰ ਕੀਤਾ ਗਿਆ ਸੀ।
ਦੱਤ ਦੀ ਮੌਤ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਨੇ ਉਸ ਨੂੰ ਜਿਸ ਤਰ੍ਹਾਂ ਦਾ ਮਾਣ-ਸਤਿਕਾਰ ਦਿੱਤਾ, ਉਸ ਬਾਰੇ ਜਾਣ ਕੇ ਅੱਜ ਦੇ ਸੱਤਾਧਾਰੀ ਤਾਕਤਵਰ ਨੇਤਾ ਵੀ ਹੈਰਾਨ ਹੋਣਗੇ। ਲੱਖਾਂ ਲੋਕਾਂ ਤੋਂ ਇਲਾਵਾ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੀਕੇ ਦੱਤ ਨੂੰ ਭਾਵੁਕ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਉਸ ਦੀ ਅੰਤਿਮ ਯਾਤਰਾ ਬਹੁਤ ਵੱਡੀ ਸੀ। ਫਿਰ ਵੀ ਹੁਣ ਕਿਸੇ ਨੂੰ ਮਹਾਨ ਨਾਇਕ ਦੀ ਉਹ ਆਖ਼ਰੀ ਯਾਤਰਾ ਯਾਦ ਨਹੀਂ ਹੈ। ਕਿਤਾਬ ’ਚ ਛਪੀਆਂ ਤਸਵੀਰਾਂ ਉਨ੍ਹਾਂ ਦਿਨਾਂ ਦੀ ਗਵਾਹੀ ਭਰਦੀਆਂ ਹਨ। ਕੇਂਦਰੀ ਅਸੈਂਬਲੀ (ਸੰਸਦ) ਦੀ ਗੈਲਰੀ ਵਿੱਚ ਭਗਤ ਸਿੰਘ ਜਾਂ ਦੱਤ ਦੀ ਤਸਵੀਰ ਕਦੇ ਨਹੀਂ ਲਾਈ ਗਈ ਜਦੋਂਕਿ ਵਿਅੰਗ ਇਹ ਹੈ ਕਿ ਸਾਵਰਕਰ, ਜੋ ਮਹਾਤਮਾ ਗਾਂਧੀ ਕਤਲ ਕੇਸ ਦਾ ਮੁਲਜ਼ਮ ਸੀ ਪਰ ਬਾਅਦ ਵਿੱਚ ਬਰੀ ਹੋ ਗਿਆ ਸੀ, ਦੀ ਤਸਵੀਰ ਉਸੇ ਗੈਲਰੀ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਦੇ ਬਿਲਕੁਲ ਸਾਹਮਣੇ ਲਗਾਈ ਗਈ ਹੈ। ਸੰਨ 2014 ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਮਰਹੂਮ ਸੀਤਾਰਾਮ ਯੇਚੁਰੀ ਤੇ ਉਨ੍ਹਾਂ ਦੇ ਕੁਝ ਸਾਥੀ ਮੈਂਬਰਾਂ ਵੱਲੋਂ ਇਸ ਗੱਲ ਲਈ ਰੋਸ ਜ਼ਾਹਿਰ ਕਰਨ ਦੇ ਬਾਵਜੂਦ ਭਗਤ ਸਿੰਘ ਤੇ ਸਾਥੀਆਂ ਦੀ ਤਸਵੀਰ ਕਦੇ ਨਹੀਂ ਲਗਾਈ ਗਈ ਜਦੋਂਕਿ ਕਈ ਘੱਟ ਜਾਣੇ-ਪਛਾਣੇ ਵਿਅਕਤੀਆਂ ਦੇ ਚਿੱਤਰ ਉਸ ਗੈਲਰੀ ਵਿੱਚ ਲੱਗੇ ਹੋਏ ਹਨ।
ਲੇਖਕ ਆਜ਼ਾਦ ਦੀ ਦੱਤ ਨਾਲ ਪਹਿਲੀ ਮੁਲਾਕਾਤ 1941 ਵਿੱਚ ਹੋਈ ਸੀ ਜਦੋਂ ਉਹ ਇਲਾਜ ਲਈ ਜੋਸ਼ੀ ਹਸਪਤਾਲ ਦਿੱਲੀ ਆਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਸੰਪਰਕ ’ਚ ਰਹੇ। ਆਜ਼ਾਦ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਨੌਜਵਾਨ ਭਾਰਤ ਸਭਾ ਵਿਚਲੇ ਉਨ੍ਹਾਂ ਦੇ ਸਾਥੀ ਕਾਰਕੁਨ ਅਹਿਸਾਨ ਇਲਾਹੀ (ਮੁਬਾਰਕ ਸਾਗਰ ਅਤੇ ਕੁਝ ਹੋਰਾਂ ਵਾਂਗ) ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ। ਫ਼ੈਜ਼ ਅਹਿਮਦ ਫ਼ੈਜ਼ ਦੇ ਹਵਾਲੇ ਨਾਲ ਆਜ਼ਾਦ ਨੇ ਜ਼ਿਕਰ ਕੀਤਾ ਹੈ ਕਿ ਇਲਾਹੀ ਲਾਹੌਰ ਦਾ ਪ੍ਰਸਿੱਧ ਸੰਗੀਤਕਾਰ ਬਣ ਗਿਆ, ਪਰ ਫਿਰ ਉਸ ਨੂੰ ਅਧਰੰਗ ਹੋ ਗਿਆ ਤੇ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਆਜ਼ਾਦ ਨੇ 1300 ਰੁਪਏ ਫੰਡ ਇਕੱਠਾ ਕੀਤਾ ਤੇ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਅਹਿਸਾਨ ਇਲਾਹੀ ਲਈ ਪੈਸੇ ਭੇਜਣ ਦੀ ਬੇਨਤੀ ਕੀਤੀ, ਜਿਸ ਨੂੰ ਪਹੁੰਚਣ ਵਿੱਚ ਚਾਰ ਮਹੀਨੇ ਲੱਗ ਗਏ ਤੇ ਉਦੋਂ ਤੱਕ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੀ।
ਬੀਕੇ ਦੱਤ ਵੱਲੋਂ 1950ਵਿਆਂ ਵਿੱਚ ਭਗਤ ਸਿੰਘ ’ਤੇ ਬਣੀਆਂ ਫਿਲਮਾਂ ਬਾਰੇ ਚੱਲੀ ਚਰਚਾ ਦਾ ਇੱਕ ਹੋਰ ਦਿਲਚਸਪ ਵੇਰਵਾ ਮਿਲਦਾ ਹੈ ਜਿਸ ਦਾ ਜ਼ਿਕਰ ਸਿਰਫ਼ ਇਨਕਲਾਬੀ ਬਿਜੋਏ ਕੁਮਾਰ ਸਿਨਹਾ ਦੀ ਪਤਨੀ ਸ੍ਰੀਰਾਜਯਮ ਸਿਨਹਾ ਦੀ ਕਿਤਾਬ ਵਿੱਚ ਮਿਲਦਾ ਹੈ। ਇਹ ਕਿਤਾਬ ਉਨ੍ਹਾਂ 1993 ਵਿੱਚ ਆਪਣੇ ਪਤੀ ਬਿਜੋਏ ’ਤੇ ਲਿਖੀ ਸੀ ਕਿ ਕਿਵੇਂ ਭਗਤ ਸਿੰਘ ਦੇ ਪਰਿਵਾਰ ਅਤੇ ਦੱਤ ਸਣੇ ਬਾਕੀ ਇਨਕਲਾਬੀਆਂ ਨੇ ਉਨ੍ਹਾਂ ਪਹਿਲੀਆਂ ਫਿਲਮਾਂ ਦਾ ਵਿਰੋਧ ਕੀਤਾ ਅਤੇ ਪਾਬੰਦੀ ਦੀ ਮੰਗ ਕੀਤੀ ਸੀ। ਸਿਰਫ਼ ਮਨੋਜ ਕੁਮਾਰ ਦੁਆਰਾ ਬਣਾਈ ਗਈ ‘ਸ਼ਹੀਦ’ ਨੂੰ ਪਰਿਵਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਮਨੋਜ ਕੁਮਾਰ ਨੇ ਜ਼ਿਕਰ ਕੀਤਾ ਹੈ ਕਿ ਉਹ ਬੀਕੇ ਦੱਤ ਨੂੰ ਵੀ ਮਿਲੇ ਸਨ।
ਭਗਤ ਸਿੰਘ ਤੇ ਬੀਕੇ ਦੱਤ ਦੇ ਪਰਿਵਾਰਾਂ ਦੇ ਰਿਸ਼ਤਿਆਂ ਦਾ ਵਰਣਨ ਕੀਤਾ ਗਿਆ ਹੈ, ਖ਼ਾਸਕਰ ਦੱਤ ਨਾਲ ਮਾਤਾ ਵਿਦਿਆਵਤੀ ਦੇ ਲਗਾਅ ਦਾ, ਜੋ ਦੱਤ ਦੇ ਆਖ਼ਰੀ ਦਿਨਾਂ ਵਿੱਚ ਬਹੁਤ ਸਮਾਂ ਉਸ ਦੇ ਨਾਲ ਰਹੇ। ਦਿਲਚਸਪ ਗੱਲ ਇਹ ਹੈ ਕਿ ਦੱਤ ਨੂੰ ਭਗਤ ਸਿੰਘ ਦੇ ਪਰਿਵਾਰ ਦੇ ਟਿਕਾਣੇ ਬਾਰੇ ਬਹੁਤ ਦੇਰ ਤੱਕ ਪਤਾ ਨਹੀਂ ਸੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ 1963 ਵਿੱਚ ਖਟਕੜ ਕਲਾਂ ਗਏ ਅਤੇ ਕਈ ਦਿਨ ਉੱਥੇ ਰਹੇ। ਵਾਪਸੀ ਸਮੇਂ ਉਨ੍ਹਾਂ ਦੀ ਮੁਲਾਕਾਤ ਪੰਡਿਤ ਨਹਿਰੂ ਨਾਲ ਵੀ ਹੋਈ ਜੋ ਦੱਤ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਵੀ ਵਿਦਿਆਵਤੀ ਬਾਰੇ ਪਤਾ ਨਹੀਂ ਸੀ। ਦੱਤ ਨਾਲ ਮੁਲਾਕਾਤ ਤੋਂ ਬਾਅਦ, ਸੰਭਾਵੀ ਤੌਰ ’ਤੇ ਪੰਡਿਤ ਨਹਿਰੂ ਵੀ ਕਿਸੇ ਮੌਕੇ ’ਤੇ ਮਾਤਾ ਵਿਦਿਆਵਤੀ ਨੂੰ ਮਿਲੇ। ਦੱਤ ਦੀ ਬਿਮਾਰੀ ਦੌਰਾਨ ਭਗਤ ਸਿੰਘ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਉਸ ਨੂੰ ਮਿਲਣ ਜਾਂ ਕੋਲ ਰਹਿਣ ਲਈ ਆਉਂਦੇ ਰਹੇ। ਵਿਦਿਆਵਤੀ ਦੇ ਨਾਲ ਕਈ ਵਾਰ ਸਭ ਤੋਂ ਛੋਟੇ ਪੁੱਤਰ ਰਾਜਿੰਦਰ ਸਿੰਘ ਜਾਂ ਦੂਜੇ ਸਭ ਤੋਂ ਛੋਟੇ ਰਣਬੀਰ ਸਿੰਘ ਹੁੰਦੇ ਜੋ ਦੋਵੇਂ ਯੂਪੀ ਦੇ ਤਰਾਈ ਖੇਤਰ ਦੇ ਬਾਜ਼ਪੁਰ ਇਲਾਕੇ ਵਿੱਚ ਰਹਿੰਦੇ ਸਨ। ਰਣਬੀਰ ਸਿੰਘ ਦੀ ਪਤਨੀ ਲੀਲਾ ਰਾਣੀ ਵਿਦਿਆਵਤੀ ਦੇ ਨਾਲ ਉਜੈਨ ਗਈ, ਜਿੱਥੇ ਕਵੀ ਅਤੇ ਆਜ਼ਾਦੀ ਘੁਲਾਟੀਏ ਸ੍ਰੀ ਕ੍ਰਿਸ਼ਨ ਸਰਲ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਭਗਤ ਸਿੰਘ ’ਤੇ ਲਿਖਿਆ ਆਪਣਾ ਹਿੰਦੀ ਮਹਾਕਾਵਿ ਉਨ੍ਹਾਂ ਨੂੰ ਭੇਟ ਕੀਤਾ। ਵਿਦਿਆਵਤੀ ਨੇ ਬੀਕੇ ਦੇ ਇਲਾਜ ਲਈ ਫੰਡ ਇਕੱਠਾ ਕਰਨ ਖ਼ਾਤਰ ਉਸ ਮਹਾਕਾਵਿ ਨੂੰ ਨਿਲਾਮ ਕੀਤਾ ਤੇ 3400 ਰੁਪਏ ਤੋਂ ਵੱਧ ਇਕੱਠੇ ਹੋਏ, 1100 ਰੁਪਏ ਉਨ੍ਹਾਂ ਨੂੰ ਹੋਰ ਭੇਟ ਕੀਤੇ ਗਏ, ਜੋ ਉਨ੍ਹਾਂ ਮੈਡੀਕਲ ਖਰਚਿਆਂ ਲਈ ਬੀਕੇ ਦੱਤ ਨੂੰ ਦਿੱਤੇ। ਲੀਲਾ ਰਾਣੀ ਨਾਲ ਮਾਤਾ ਵਿਦਿਆਵਤੀ ਨੇ ਮਿਰਜ਼ਾਪੁਰ ਸ਼ਹੀਦ ਪਾਰਕ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ ਨੇ ਨੌਜਵਾਨ ਕ੍ਰਾਂਤੀਕਾਰੀ ਖੁਦੀ ਰਾਮ ਬੋਸ ਦੀ ਮੂਰਤੀ ਦਾ ਉਦਘਾਟਨ ਕੀਤਾ। ਇਨਕਲਾਬੀਆਂ ਦੀਆਂ ਕਈ ਮੂਰਤੀਆਂ ਵਾਲਾ ਇਹ ਪਾਰਕ ਬਟੁਕਨਾਥ ਅਗਰਵਾਲ ਦੁਆਰਾ ਬਣਾਇਆ ਗਿਆ ਸੀ, ਜੋ ਨੌਜਵਾਨ ਇਨਕਲਾਬੀ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਦੇ ਸਭ ਤੋਂ ਵਧੀਆ ਪਾਰਕਾਂ ਵਿੱਚੋਂ ਇੱਕ ਹੈ।
ਹਸਪਤਾਲ ਵਿੱਚ ਬੀਕੇ ਦੱਤ ਨਾਲ ਮੁਲਾਕਾਤ ਕਰਨ ਵਾਲੇ ਕੇਂਦਰ ਸਰਕਾਰ ਦੇ ਆਗੂਆਂ ਵਿੱਚ ਤਤਕਾਲੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ, ਰੱਖਿਆ ਮੰਤਰੀ ਵਾਈ.ਬੀ. ਚਵਾਨ, ਸਿਹਤ ਮੰਤਰੀ ਡਾ. ਸੁਸ਼ੀਲਾ ਨੱਈਅਰ, ਮੰਤਰੀ ਜਗਜੀਵਨ ਰਾਮ, ਸਵਰਨ ਸਿੰਘ, ਡੀ. ਸੰਜੀਵਿਆ ਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ। ਉਸ ਸਮੇਂ ਜਿਊਂਦੇ ਲਗਭਗ ਸਾਰੇ ਇਨਕਲਾਬੀ ਸ਼ਿਵ ਵਰਮਾ, ਕੁੰਦਨ ਲਾਲ ਗੁਪਤ, ਦੇਸ ਰਾਜ ਭਾਰਤੀ, ਜਤਿਨ ਦਾਸ ਦਾ ਭਰਾ ਕਿਰਨ ਦਾਸ, ਵੈਸ਼ੰਪਾਯਨ, ਸਦਾਸ਼ਿਵ ਮਲਕਾਪੁਰਕਰ, ਭਗਵਾਨ ਦਾਸ ਮਾਹੌਰ ਉਸ ਦੇ ਹਸਪਤਾਲ ਵਿੱਚ ਦਾਖਲ ਹੋਣ ਦੌਰਾਨ ਦਿੱਲੀ ਵਿੱਚ ਰਹੇ ਜਾਂ ਮੁਲਾਕਾਤ ਕੀਤੀ। ਦਿਲਚਸਪ ਗੱਲ ਇਹ ਹੈ ਕਿ ਸ਼ਿਵ ਵਰਮਾ ਨੂੰ ਸੀਪੀਆਈ ਦੀ ਫੁੱਟ ਕਾਰਨ ਕੈਦ ਕੀਤਾ ਗਿਆ ਸੀ ਅਤੇ ਉਹ ਸੀਪੀਐੱਮ ਦਾ ਹਿੱਸਾ ਹੋਣ ਕਰ ਕੇ ਜੇਲ੍ਹ ਵਿੱਚ ਸਨ; ਉਹ ਆਪਣੇ ਪੁਰਾਣੇ ਸਾਥੀ ਨੂੰ ਮਿਲਣ ਲਈ ਅੱਠ ਘੰਟੇ ਦੀ ਪੈਰੋਲ ’ਤੇ ਆਏ ਸਨ। ਦਿੱਲੀ ਕਾਂਗਰਸ ਦੇ ਪ੍ਰਧਾਨ ਮੀਰ ਮੁਸ਼ਤਾਕ ਅਹਿਮਦ ਨੇ ਦਿੱਲੀ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਮ੍ਰਿਤਕ ਦੇਹ ਨੂੰ ਰੱਖਣ ਦਾ ਪ੍ਰਬੰਧ ਕੀਤਾ ਤਾਂ ਕਿ ਲੋਕ ਸ਼ਰਧਾਂਜਲੀ ਦੇ ਸਕਣ। ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਸਪੀਕਰ ਹੁਕਮ ਸਿੰਘ ਵੱਲੋਂ ਸੰਸਦ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਜੋ ਖ਼ੁਦ ਕਦੇ ਨੌਜਵਾਨ ਭਾਰਤ ਸਭਾ ਨਾਲ ਰਹੇ ਸਨ, ਸਾਰਾ ਸਮਾਂ ਫ਼ਿਕਰਮੰਦ ਰਹੇ ਅਤੇ ਮਿਲਣ ਆਉਂਦੇ ਰਹੇ। ਅੱਜ ਦੇ ਨੇਤਾਵਾਂ ’ਚ ਇਨਕਲਾਬੀ ਆਜ਼ਾਦੀ ਘੁਲਾਟੀਆਂ ਲਈ ਅਜਿਹਾ ਸਤਿਕਾਰ ਲੱਭਣਾ ਮੁਸ਼ਕਲ ਹੈ।
ਇਤਿਹਾਸਕ ਘਟਨਾਵਾਂ ਦੀਆਂ ਤਾਰੀਕਾਂ ’ਚ ਕੁਝ ਗ਼ਲਤੀਆਂ ਹਨ। ਆਜ਼ਾਦ ਲਿਖਦਾ ਹੈ ਕਿ ਗਾਂਧੀ-ਇਰਵਿਨ ਵਾਰਤਾ 17 ਫਰਵਰੀ ਨੂੰ ਸ਼ੁਰੂ ਹੋਈ ਅਤੇ ਦਸ ਦਿਨਾਂ ਬਾਅਦ ਚੰਦਰ ਸ਼ੇਖਰ ਆਜ਼ਾਦ 27 ਫਰਵਰੀ ਨੂੰ ਅਲਾਹਾਬਾਦ ਵਿੱਚ ਮਾਰੇ ਗਏ। ਗਾਂਧੀ-ਇਰਵਿਨ ਸਮਝੌਤਾ 14 ਮਾਰਚ ਨੂੰ ਹੋਇਆ ਅਤੇ ਭਗਤ ਸਿੰਘ ਤੇ ਸਾਥੀਆਂ ਨੂੰ ਨੌਂ ਦਿਨਾਂ ਬਾਅਦ ਫਾਂਸੀ ਦਿੱਤੀ ਗਈ। ਗਾਂਧੀ-ਇਰਵਿਨ ਸਮਝੌਤਾ ਅਸਲ ਵਿੱਚ 5 ਮਾਰਚ ਨੂੰ ਹੋਇਆ ਸੀ। ਚੰਦਰ ਸਿੰਘ ਗੜ੍ਹਵਾਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਨੇ 1932 ਵਿੱਚ ਪਿਸ਼ਾਵਰ ਵਿੱਚ ਆਜ਼ਾਦੀ ਘੁਲਾਟੀਆਂ ’ਤੇ ਗੋਲੀ ਚਲਾਉਣ ਤੋਂ ਮਨ੍ਹਾਂ ਕੀਤਾ ਸੀ ਅਤੇ ਮਹਾਤਮਾ ਗਾਂਧੀ ਨੇ ਉਸ ਦੀ ਆਲੋਚਨਾ ਕੀਤੀ ਸੀ। ਆਜ਼ਾਦੀ ਤੋਂ ਬਾਅਦ ਕਾਂਗਰਸ ਸਰਕਾਰ ਨੇ ਉਸ ਨੂੰ 14 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਗੜ੍ਹਵਾਲੀ ਨੇ ਉਸੇ ਤਿਰਸਕਾਰ ਨਾਲ ਰੱਦ ਕਰ ਦਿੱਤਾ ਸੀ ਜਿਸ ਨਾਲ ਕਰਨਾ ਬਣਦਾ ਸੀ।
ਲੇਖਕ ਆਜ਼ਾਦ ਨੇ ਇੱਕ ਅਧਿਆਏ ‘ਭਗਤ ਸਿੰਘ ਦੀ ਅਹਿਮੀਅਤ’ ਨੂੰ ਸਮਰਪਿਤ ਕੀਤਾ ਹੈ। ਇਸ ਵਿੱਚ ਉਸ ਨੇ ਸਹੀ ਢੰਗ ਨਾਲ ਉਭਾਰਿਆ ਹੈ ਕਿ ਭਗਤ ਸਿੰਘ ਦੀ ਮਹੱਤਤਾ ਇਨਕਲਾਬੀ ਅੰਦੋਲਨ ਨੂੰ ਧਰਮ ਤੋਂ ਉੱਚਾ ਚੁੱਕਣ ਅਤੇ ਆਪਣੀ ਬੌਧਿਕ ਸੋਚ ਨਾਲ ਇਸ ਨੂੰ ਸਮਾਜਵਾਦ ਦੀ ਉਸਾਰੀ ਦੀ ਇੱਛਾ ਪੈਦਾ ਕਰਨ ਕਰਨ ਲਈ ਵਰਤਣ ’ਚ ਸੀ। ਦੱਤ ਨੇ ਵੀ ਗੱਲਬਾਤ ਵਿੱਚ ਜ਼ਿਕਰ ਕੀਤਾ ਹੈ ਕਿ ਭਗਤ ਸਿੰਘ ਇੱਕ ਬਹੁਤ ਦੂਰਅੰਦੇਸ਼ ਵਿਅਕਤੀ ਸੀ, ਉਹ ਹਮੇਸ਼ਾ ਆਪਣੇ ਨਾਲ ਇੱਕ ਕਿਤਾਬ ਰੱਖਦਾ ਸੀ ਅਤੇ ਜਿੱਥੇ ਵੀ ਜਾਂਦਾ ਸੀ, ਬਸ ਪੜ੍ਹਨਾ ਸ਼ੁਰੂ ਕਰ ਦਿੰਦਾ ਸੀ।
ਕਿਤਾਬ ਇੰਨੀ ਵੱਡੀ ਹੈ ਕਿ ਇਨਕਲਾਬੀਆਂ ਦੇ ਬਹੁਤ ਸਾਰੇ ਵੇਰਵਿਆਂ ਨੂੰ ਇੱਕ ਛੋਟੇ ਲੇਖ ’ਚ ਸੰਖੇਪ ਕਰਨਾ ਸੰਭਵ ਨਹੀਂ ਹੈ ਜਿਸ ਲਈ ਪਾਠਕਾਂ ਨੂੰ ਕਿਤਾਬ ਪੜ੍ਹਨ ਦੀ ਲੋੜ ਹੈ। ਉਸ ਸਮੇਂ ਇਸ ਦਾ ਅਨੁਵਾਦ ਮਰਾਠੀ ਦੇ ‘ਸਵੇਰਾ’ ਅਤੇ ਕੇਰਲਾ ਦੇ ਇੱਕ ਮਲਿਆਲਮ ਅਖ਼ਬਾਰ ਤੇ ਹਿੰਦੀ ਵਿੱਚ ਵੀ ਹੋਇਆ ਸੀ।
ਹਿੰਦੀ ’ਚ ਦੋ ਹੋਰ ਮਹੱਤਵਪੂਰਨ ਕਿਤਾਬਾਂ- ਜਸਟਿਸ ਅਨਿਲ ਵਰਮਾ ਦੀ ‘ਭਗਤ ਸਿੰਘ ਕੇ ਸਹਿਯੋਗੀ: ਬਟੁਕੇਸ਼ਵਰ ਦੱਤ’ ਅਤੇ ਭੈਰਵ ਲਾਲ ਦਾਸ ਦੀ ‘ਵਿਪਲਵੀ ਬਟੁਕੇਸ਼ਵਰ ਦੱਤ’ 2007 ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਸਨ ਪਰ ਆਜ਼ਾਦ ਦੀ ਕਿਤਾਬ ਇੱਕ ਜਿਊਂਦੇ-ਜਾਗਦੇ ਇਨਕਲਾਬੀ ਦੇ ਦਿਲ ਤੋਂ ਨਿਕਲੀ ਹੈ ਅਤੇ ਸਿਤਮ ਇਹ ਹੈ ਕਿ ਇਸ ਦਾ ਨਵਾਂ ਹਿੰਦੀ ਅਨੁਵਾਦ ਪ੍ਰਕਾਸ਼ਿਤ ਕਰਨ ਲਈ ਇਸ ਲੇਖਕ ਨੇ ਭਾਰਤ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਨੂੰ ਸਹਿਮਤ ਵੀ ਕਰ ਲਿਆ ਸੀ ਤੇ ਇਸ ਦੇ ਹਿੰਦੀ ਅਨੁਵਾਦਕ ਨੂੰ ਅਨੁਵਾਦ ਲਈ ਇੱਕ ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰ ਦਿੱਤਾ ਗਿਆ ਸੀ ਪਰ ਕਾਪੀਰਾਈਟ ਪ੍ਰਵਾਨਗੀ ਲਈ ਆਜ਼ਾਦ ਦੇ ਵੰਸ਼ਜ ਲੱਭੇ ਨਹੀਂ ਜਾ ਸਕੇੇ ਜਿਸ ਕਰ ਕੇ ਇਸ ਦਾ ਪ੍ਰਕਾਸ਼ਨ ਅਜੇ ਤਾਈਂ ਨਹੀਂ ਹੋ ਸਕਿਆ। ਸ਼ਾਇਦ ਆਜ਼ਾਦ ਦਾ ਕੋਈ ਬੱਚਾ ਨਹੀਂ ਸੀ ਅਤੇ ਮੈਂ ਆਖ਼ਰੀ ਵਾਰ ਪੁਰਾਣੇ ਯੂਐੱਨਆਈ ਪ੍ਰੈੱਸ ਏਜੰਸੀ ਦੇ ਸੂਤਰਾਂ ਤੋਂ ਸੁਣਿਆ ਸੀ ਕਿ ਆਜ਼ਾਦ ਦੀ ਪਤਨੀ ਗੁਲਮੋਹਰ ਪਾਰਕ, ਨਵੀਂ ਦਿੱਲੀ ਸਥਿਤ ਨਿਵਾਸ ਵਿੱਚ ਰਹਿੰਦੀ ਸੀ ਜੋ ਉਨ੍ਹਾਂ ਨੂੰ ਪੱਤਰਕਾਰਾਂ ਦੇ ਕੋਟੇ ਤੋਂ ਅਲਾਟ ਹੋਇਆ ਹੋ ਸਕਦਾ ਹੈ ਜਿਵੇਂ ਕਿ ਬਹੁਤ ਸਾਰੇ ਹੋਰ ਪੁਰਾਣੇ ਪੱਤਰਕਾਰ ਜਿਵੇਂ ਦੀਵਾਨ ਬੀਰੇਂਦਰ ਨਾਥ (ਜ਼ਫਰ ਪਿਆਮੀ) ਦਾ ਪਰਿਵਾਰ ਉੱਥੇ ਰਹਿੰਦਾ ਸੀ। ਦਿੱਲੀ ਵਿੱਚ ਮੌਜੂਦਾ ਉਰਦੂ ‘ਪ੍ਰਤਾਪ’ ਦੀ ਮੈਨੇਜਮੈਂਟ ਅਤੇ ਸੰਪਾਦਕ ਨੂੰ ਵੀ ਆਪਣੇ ਸੇਵਾਮੁਕਤ ਸਮਾਚਾਰ ਸੰਪਾਦਕ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਕਿਤਾਬ ਤੋਂ ਭਾਰਤ ਦੀ ਆਧੁਨਿਕ ਇਤਿਹਾਸਕਾਰੀ ਬਾਰੇ ਸੋਚਣ ਦੀ ਵੀ ਲੋੜ ਮਹਿਸੂਸ ਹੁੰਦੀ ਹੈ। ਮੱਧਕਾਲੀ ਇਤਿਹਾਸ ਲਿਖਣ ਲਈ ਉਰਦੂ, ਫ਼ਾਰਸੀ ਜਾਂ ਅਰਬੀ ਦੀ ਵਰਤੋਂ ਮੱਧਕਾਲੀ ਭਾਰਤ ਦੇ ਪ੍ਰਮੁੱਖ ਇਤਿਹਾਸਕਾਰਾਂ ਵੱਲੋਂ ਕੀਤੀ ਜਾਂਦੀ ਹੈ ਪਰ ਅੰਗਰੇਜ਼ੀ ਤੋਂ ਸਿਵਾਏ ਹੋਰ ਪ੍ਰਮਾਣਿਕ ਕਿਤਾਬਾਂ/ਯਾਦਾਂ ਤੱਕ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਮੱਧਕਾਲੀ ਭਾਰਤੀ ਇਤਿਹਾਸ ਦੇ ਵਿਦਿਆਰਥੀ ਸ਼ਾਇਦ ਸਰੋਤ ਸਮੱਗਰੀ ਲਈ ਉਰਦੂ/ਫ਼ਾਰਸੀ ਸਿੱਖਦੇ ਹਨ ਪਰ ਆਧੁਨਿਕ ਭਾਰਤੀ ਇਤਿਹਾਸ ਲਈ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਦੇ ਸਰੋਤਾਂ ’ਤੇ ਨਿਰਭਰ ਕੀਤਾ ਜਾਂਦਾ ਹੈ, ਕੁਝ ਹੱਦ ਤੱਕ ਵੱਖ-ਵੱਖ ਭਾਸ਼ਾਈ ਰਾਜਾਂ ਵਿੱਚ, ਖੇਤਰੀ ਭਾਸ਼ਾਵਾਂ ਹਿੰਦੀ, ਤਾਮਿਲ, ਬੰਗਾਲੀ, ਪੰਜਾਬੀ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਪਰ ਉਰਦੂ ਕਿਤਾਬਾਂ ਨੂੰ ਆਧੁਨਿਕ ਭਾਰਤੀ ਇਤਿਹਾਸ ਲਈ ਸਰੋਤ ਸਮੱਗਰੀ ਵਜੋਂ ਬਹੁਤ ਘੱਟ ਵਰਤਿਆ ਜਾਂਦਾ ਹੈ ਜਦੋਂਕਿ ਆਜ਼ਾਦੀ ਤੋਂ ਘੱਟੋ-ਘੱਟ ਦੋ ਦਹਾਕਿਆਂ ਬਾਅਦ ਤੱਕ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਜਿਵੇਂ ਜ਼ੈੱਡ.ਏ. ਅਹਿਮਦ ਆਦਿ ਨੇ ਆਪਣੀਆਂ ਜੀਵਨੀਆਂ/ਯਾਦਾਂ ਉਰਦੂ ਭਾਸ਼ਾ ਵਿੱਚ ਹੀ ਲਿਖੀਆਂ। ਆਧੁਨਿਕ ਭਾਰਤ ’ਚ ਇਤਿਹਾਸ ਲੇਖਣ ਲਈ ਉਰਦੂ ਭਾਸ਼ਾ ਨੂੰ ਸਰੋਤ ਸਮੱਗਰੀ ਵਜੋਂ ਵਰਤਣ ਬਾਰੇ ਸ਼ਾਇਦ ਮੌਜੂਦਾ ਰਾਜਸੀ ਢਾਂਚੇ ’ਚ ਕਿਆਸਿਆ ਵੀ ਨਹੀਂ ਜਾ ਸਕਦਾ।
ਈ-ਮੇਲ: prof.chaman@gmail.com