DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁਰਾ ਆਦਮੀ

ਰਮੇਸ਼ ਉੱਠਿਆ। ਅੱਧੀ ਰਾਤ ਸੀ। ਦੋਵੇਂ ਭੈਣਾਂ, ਮਾਂ ਤੇ ਪਿਉ ਝੂੰਬੀ ’ਚ ਹੇਠਾਂ ਸੁੱਤੇ ਪਏ ਸੀ। ਉਹ ਹੌਲੀ-ਹੌਲੀ ਝੂੰਬੀ ’ਚੋਂ ਬਾਹਰ ਨਿਕਲਿਆ ਅਤੇ ਹੋਰਾਂ ਝੂੰਬੀਆਂ ਵਿਚਦੀ ਹੁੰਦਾ ਹੋਇਆ ਸੜਕ ’ਤੇ ਆ ਗਿਆ। ਚਾਰੇ ਪਾਸੇ ਸੰਨਾਟਾ ਸੀ। ਰਾਤ ਸ਼ਾਂ-ਸ਼ਾਂ ਕਰ ਰਹੀ...
  • fb
  • twitter
  • whatsapp
  • whatsapp
Advertisement

ਰਮੇਸ਼ ਉੱਠਿਆ। ਅੱਧੀ ਰਾਤ ਸੀ। ਦੋਵੇਂ ਭੈਣਾਂ, ਮਾਂ ਤੇ ਪਿਉ ਝੂੰਬੀ ’ਚ ਹੇਠਾਂ ਸੁੱਤੇ ਪਏ ਸੀ। ਉਹ ਹੌਲੀ-ਹੌਲੀ ਝੂੰਬੀ ’ਚੋਂ ਬਾਹਰ ਨਿਕਲਿਆ ਅਤੇ ਹੋਰਾਂ ਝੂੰਬੀਆਂ ਵਿਚਦੀ ਹੁੰਦਾ ਹੋਇਆ ਸੜਕ ’ਤੇ ਆ ਗਿਆ।

ਚਾਰੇ ਪਾਸੇ ਸੰਨਾਟਾ ਸੀ। ਰਾਤ ਸ਼ਾਂ-ਸ਼ਾਂ ਕਰ ਰਹੀ ਸੀ। ਕਾਲ਼ਾ ਸਿਆਹ ਹਨੇਰਾ ਪਸਰਿਆ ਹੋਇਆ ਸੀ, ਜਿਸ ਨੂੰ ਚੀਰਦਾ ਹੋਇਆ ਉਹ ਅੱਗੇ ਵਧ ਰਿਹਾ ਸੀ। ਹਲਕੀ-ਹਲਕੀ ਧੁੰਦ ਪੈ ਰਹੀ ਸੀ।

Advertisement

ਠੰਢ ਕਾਫ਼ੀ ਸੀ। ਉਹਦੇ ਕੱਛਾਂ ’ਚ ਹੱਥ ਦਿੱਤੇ ਹੋਏ ਸੀ। ਠੰਢ ਕਾਰਨ ਥੋੜ੍ਹੇ-ਥੋੜ੍ਹੇ ਦੰਦ ਵੀ ਵੱਜ ਰਹੇ ਸੀ। ਉਹਦੇ ਪੈਂਟ-ਬੁਸ਼ਰਟ ਪਾਈ ਹੋਈ ਸੀ। ਉੱਤੋਂ ਦੀ ਸਵੈਟਰ। ਪੈਰੀਂ ਰਬੜ ਦੇ ਬੂਟ।

ਉਹਨੇ ਕੱਛ ’ਚੋਂ ਇੱਕ ਹੱਥ ਕੱਢ ਕੇ ਪੈਂਟ ਦੀ ਜੇਬ ’ਚ ਪਾਇਆ। ਗੋਲ਼ ਪੱਥਰ ਵਿੱਚੇ ਸੀ। ਦੂਜੇ ਪਾਸੇ ਵਾਲੀ ਜੇਬ ਟੋਹੀ। ਉਹਦੇ ’ਚ ਵੀ ਪੱਥਰ ਸੀ। ਇਹ ਦੋਵੇਂ ਪੱਥਰ ਉਹਨੇ ਕੱਲ੍ਹ ਪੱਥਰਾਂ ਦੀ ਇੱਕ ਢੇਰੀ ਤੋਂ ਚੁੱਕੇ ਸਨ, ਜਿਹੜੇ ਸੜਕ ਬਣਾਉਣ ਲਈ ਸੜਕ ਦੇ ਪਾਸੇ ਲਾਹੇ ਹੋਏ ਸਨ।

ਕੱਲ੍ਹ ਦੁਪਹਿਰੇ ਉਹਦੀ ਮਾਂ ਨੇ ਉਹਨੂੰ ਛੋਟੇ ਅੱਡੇ ਤੋਂ ਖੰਡ ਤੇ ਆਲੂ ਲੈਣ ਲਈ ਭੇਜਿਆ ਸੀ। ਉਹਨੇ ਆਉਂਦੇ-ਜਾਂਦੇ ਨੇ ਵੇਖਿਆ ਸੀ, ਭੁੱਲਰ ਟਰਾਂਸਪੋਰਟ ਦੇ ਦਫ਼ਤਰ ਅੱਗੇ ਨਵਾਂ ਟਿਊਬਾਂ ਵਾਲਾ ਬੋਰਡ ਲਾ ਦਿੱਤਾ ਗਿਆ ਸੀ। ਵੇਖਣ ਸਾਰ ਉਹਨੂੰ ਅੱਗ ਲੱਗ ਗਈ। ਪੰਦਰਾਂ-ਵੀਹ ਦਿਨਾਂ ’ਚ ਉਹ ਦੋ ਬੋਰਡ ਤੋੜ ਚੁੱਕਿਆ ਸੀ ਤੇ ਹੁਣ ਵੀ ਉਹ ਨਵਾਂ ਬੋਰਡ ਤੋੜਣ ਜਾ ਰਿਹਾ ਸੀ। ਸੱਜੇ ਹੱਥ ਨਾਲ ਉਹਨੇ ਪੈਂਟ ਦੀ ਜੇਬ ’ਚੋਂ ਪੱਥਰ ਕੱਢ ਲਿਆ। ਪੱਥਰ ਇਉਂ ਫੜਿਆ ਹੋਇਆ ਸੀ ਜਿਵੇਂ ਕ੍ਰਿਕਟ ਵਾਲਿਆਂ ਦੇ ਬਾਲਿੰਗ ਕਰਨ ਵੇਲ਼ੇ ਹੱਥ ’ਚ ਗੇਂਦ ਫੜੀ ਹੁੰਦੀ ਹੈ।

ਉਹ ਚੌਕੰਨਾ ਹੋਇਆ ਜਾ ਰਿਹਾ ਸੀ। ਡਰ ਉਹਦੇ ਨੇੜੇ-ਤੇੜੇ ਵੀ ਨਹੀਂ ਸੀ। ਨੀਵੀਂ ਪਾਈ ਹੋਈ ਸੀ। ਕਦੇ-ਕਦੇ ਆਲੇ-ਦੁਆਲੇ ਵੀ ਵੇਖ ਲੈਂਦਾ। ਸੜਕ ਦੂਰ ਤੱਕ ਸੁੰਨੀ ਸੀ। ਕੋਈ ਵਾਹਨ ਆ ਜਾ ਨਹੀਂ ਸੀ ਰਿਹਾ।

ਝੂੰਬੀ ’ਚ ਉਹ ਦੋ-ਤਿੰਨ ਘੰਟਿਆਂ ਦਾ ਜਾਗਦਾ ਪਿਆ ਸੀ। ਉਨ੍ਹਾਂ ਦੀਆਂ ਝੂੰਬੀਆਂ ਸੜਕ ਦੇ ਨੇੜੇ ਹੋਣ ਕਾਰਨ, ਸੜਕ ’ਤੇ ਹੁੰਦੀ ਆਵਾਜਾਈ ਦਾ ਪਤਾ ਲੱਗਦਾ ਰਹਿੰਦਾ ਸੀ। ਚੁੱਪ-ਚਾਂ ਹੋਣ ਕਰਕੇ ਹੀ ਉਹ ਉੱਠ ਕੇ ਆਇਆ ਸੀ। ਸੜਕ ਤੋਂ ਕੋਈ ਵੀ ਟਰੱਕ-ਟੈਂਪੂ ਨਹੀਂ ਸੀ ਲੰਘ ਰਿਹਾ। ਟਰਾਂਸਪੋਰਟ ਦੇ ਦਫ਼ਤਰ ਤੋਂ ਉਹ ਸੌ ਡੇਢ ਸੌ ਫੁੱਟ ਪਿੱਛੇ ਸੀ। ਉਹ ਜਾ ਰਿਹਾ ਸੀ। ਮਨ ’ਚ ਕਾਹਲ਼ ਸੀ। ਕਿਹੜੇ ਵੇਲ਼ੇ ਲਾਈਟਾਂ ਵਾਲੇ ਬੋਰਡ ’ਤੇ ਪੱਥਰ ਮਾਰੇ ਤੇ ਮੁੜ ਕੇ ਝੂੰਬੀ ’ਚ ਆ ਪਵੇ, ਪਰ ਅਚਾਨਕ ਉਸ ਨੂੰ ਕਿਸੇ ਨੇ ਪਿੱਛੋਂ ਆ ਕੇ ਜੱਫਾ ਮਾਰ ਲਿਆ ਤੇ ਬਿਜਲੀ ਦੀ ਤੇਜ਼ੀ ਵਾਂਗ ਮਗਰਲੇ ਪਾਸਿਉਂ ਆ ਕੇ ਦੂਜੇ ਬੰਦੇ ਨੇ ਬਾਂਹਾਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ। ਉਸ ’ਤੇ ਝਪਟਣ ਵਾਲੇ ਦੋ ਸਨ। ਇੱਕ ਦਫ਼ਤਰ ਦਾ ਸੇਵਾਦਾਰ ਤੇ ਦੂਜਾ ਕਿਸੇ ਬੱਸ ਦਾ ਕੰਡਕਟਰ, ਜਿਹੜਾ ਰਾਤ ਬੋਰਡ ਤੋੜਨ ਆਏ ਨੂੰ ਫੜਨ ਲਈ ਪਿੰਡ ਨਹੀਂ ਸੀ ਗਿਆ, ਇੱਥੇ ਰਹਿ ਪਿਆ ਸੀ। ਜਾਣ ਵੇਲ਼ੇ ਭੁੱਲਰ ਨੇ ਉਨ੍ਹਾਂ ਨੇ ਕਿਹਾ ਸੀ ਕਿ ਸੌਣਾ ਨਹੀਂ, ਨਿਗ੍ਹਾ ਰੱਖਣੀ ਹੈ।

ਸੇਵਾਦਾਰ ਨੇ ਰਮੇਸ਼ ਦੇ ਜ਼ੋਰ-ਜ਼ੋਰ ਦੀ ਕਈ ਥੱਪੜ ਮਾਰੇ। ਕੰਡਕਟਰ ਦੀਆਂ ਹੱਥਾਂ ’ਚ ਮੁਸ਼ਕਾਂ ਬੰਨ੍ਹਣ ਵਾਲੇ ਕੱਪੜੇ ਦਾ ਸਿਰਾ ਵੀ ਫੜਿਆ ਹੋਇਆ ਸੀ ਤੇ ਉਹਦੇ ਢਿੱਡ ’ਚ ਮੁੱਕੀਆਂ ਵੀ ਮਾਰ ਰਿਹਾ ਸੀ।

ਸੇਵਾਦਾਰ ਦਾ ਥੱਪੜ ਮਾਰਦੇ-ਮਾਰਦੇ ਦਾ ਹੱਥ ਥੱਕਣ ਲੱਗਿਆ। ਉਹ ਕੁੱਟਣੋਂ ਹਟਿਆ ਤੇ ਕਹਿੰਦਾ, ‘‘... ਰੱਤੀ ਭਰ ਜੁਆਕ ਐ। ਕਿੰਨਾ ਕੁੱਟ ਲਿਆ। ਭੋਰਾ ਵੀ ਨੀ ਜਵਕਿਆ। ਅੱਜ ਮਸਾਂ ਹੱਥੇ ਚੜ੍ਹਿਐ। ਪਿਛਲੇ ਕਈ ਮਹੀਨਿਆਂ ਦਾ ਗਿੱਝਿਆ ਹੋਇਆ ਸੀ।’’ ਫਿਰ ਉਹਨੇ ਰਮੇਸ਼ ਦੇ ਮੂੰਹ ’ਤੇ ਇੱਕ ਥੱਪੜ ਹੋਰ ਮਾਰ ਕੇ ਕਿਹਾ, ‘‘ਹੁਣ ਦੇਖੀਂ ... ਤੇਰੇ ਨਾਲ ਕੀ ਹੁੰਦੀ ਐ?’’

ਸੇਵਾਦਾਰ ਫੇਰ ਥੱਪੜ ਮਾਰਨ ਲੱਗ ਪਿਆ। ਰਮੇਸ਼ ਚੁੱਪ ਕਰਿਆ ਖਾਂਦਾ ਰਿਹਾ। ਨਾ ਰੋ ਰਿਹਾ ਸੀ, ਨਾ ਬਾਂਹ ਛੁਡਾਉਣ ਦਾ ਯਤਨ ਕਰ ਰਿਹਾ ਸੀ। ਸੇਵਾਦਾਰ ਕਹਿੰਦਾ, ‘‘... ਜੁਆਕ ਚੀੜ੍ਹਾ ਬਹੁਤ ਐ।’’

‘‘ਤੈਥੋਂ ਨਹੀਂ ਆਉਂਦਾ ਇਹ ਲੋਟ। ਪੁਲੀਸ ਵਾਲੇ ਕਰਨਗੇ। ਫੇਰ ਦੇਖੀਂ ਲੇਰਾਂ ਪੈਂਦੀਆਂ। ਜਦੋਂ ਨੰਗਾ ਕਰਕੇ ਮੂਧਾ ਪਾਇਆ। ਪਟੇ ’ਤੇ ਪਟਾ ਪਿਆ, ਇਹ ਤਾਂ ਕੀ! ਇਹਦਾ ਪਿਉ ਵੀ ਚੀਕਾਂ ਮਾਰੂ। ਪੁਲੀਸ ਵਾਲੇ ਤਾਂ ਕੰਧਾਂ ਵੀ ਬੋਲਣ ਲਾ ਲੈਂਦੇ ਐ।’’

ਸੇਵਾਦਾਰ ਤੇ ਕੰਡਕਟਰ ਦਫ਼ਤਰ ਖੁੱਲ੍ਹਾ ਛੱਡ ਕੇ ਆਏ ਸੀ। ਲੋਹੇ ਦਾ ਬਾਹਰਲਾ ਗੇਟ ਭੇੜਿਆ ਹੋਇਆ ਸੀ। ਬੱਤੀ ਬੁਝਾ ਦਿੱਤੀ ਸੀ। ਬੋਰਡ ਦੀਆਂ ਲਾਈਟਾਂ ਜਗਦੀਆਂ ਸੀ। ਉਨ੍ਹਾਂ ਨੂੰ ਸ਼ੱਕ ਸੀ, ਅੱਜ ਬੋਰਡ ਲਾਇਐ। ਜੇ ਕੋਈ ਆਇਆ ਅੱਜ ਈ ਆਊ। ਕੋਈ ਪੱਕਾ ਬੰਦਾ ਹੱਥ ਧੋ ਕੇ ਮਗਰ ਪਿਆ ਹੋਇਐ।

ਭੁੱਲਰ ਦਾ ਮੈਨੇਜਰ ਤਾਂ ਉਹਨੂੰ ਕਹਿੰਦਾ ਸੀ, ‘‘ਐਵੇਂ ਰੋਜ਼-ਰੋਜ਼ ਨੁਕਸਾਨ ਕਰਵਾਉਣ ਨਾਲੋਂ ਲੋਹੇ ਦਾ ਬੋਰਡ ਲਵਾ ਦਿਉ। ਬਹੁਤਾ ਕਰਦੇ ਹੋ ਉੱਤੇ ਲੜੀਆਂ ਲਾ ਦਿਆਂਗੇ।’’

ਭੁੱਲਰ ਕਹਿੰਦਾ, ‘‘ਗੱਲ ਬੋਰਡ ਦੀ ਨਹੀਂ, ਗੱਲ ਤਾਂ ਆਪਾਂ ਨੂੰ ਟਿੱਚ ਸਮਝਣ ਦੀ ਐ। ਪਤਾ ਤਾਂ ਲੱਗੇ, ਜੇ ਕੋਈ ਬੋਰਡ ਤੋੜਦੈ ਕਿਉਂ ਤੋੜਦੈ? ਆਪਾਂ ਕੀ ਬੁਰਾ ਕੀਤਾ ਉਹਦਾ?’’

ਰਮੇਸ਼ ਨੂੰ ਦਫ਼ਤਰ ’ਚ ਵਾੜ ਕੇ ਸੇਵਾਦਾਰ ਨੇ ਪਿੱਛੋਂ ਬਾਹਾਂ ਬੰਨ੍ਹੀਆਂ ਵਾਲਾ ਪਰਨਾ ਕੰਡਕਟਰ ਨੂੰ ਫੜਾਇਆ ਤੇ ਆਪ ਭੁੱਲਰ ਨੂੰ ਫੋਨ ਕਰਕੇ ਕਹਿੰਦਾ, ‘‘ਸਰਦਾਰ ਜੀ! ਬੋਰਡ ਤੋੜਨ ਵਾਲਾ ਫੜ ਲਿਆ।’’

‘‘ਕੌਣ ਐ?’’

‘‘ਤੇਰਾਂ-ਚੌਦਾਂ ਸਾਲਾਂ ਦਾ ਜੁਆਕ ਜਿਐ। ਝੂੰਬੀਆਂ ’ਚੋਂ ਲੱਗਦੈ। ਮੈਂ ਦੇਖਿਆ ਸੀ ਇੱਕ ਦਿਨ ਤੁਰਿਆ ਜਾਂਦਾ ਆਪਣੇ ਬੋਰਡ ਵੱਲ ਵੇਖਦਾ ਵੀ ਸੀ। ਮੈਂ ਸੋਚਿਆ ਐਵੇਂ ਦੇਖਦਾ ਹੋਣੈਂ। ਪਰ ਅੱਜ ਪਤਾ ਲੱਗਿਆ ਬਦਨੀਤੀ ਨਾਲ ਵੇਖਦਾ ਸੀ।’’

ਭੁੱਲਰ ਨੂੰ ਨੀਂਦ ਚੜ੍ਹੀ ਹੋਈ ਸੀ। ਦੋ-ਤਿੰਨ ਘੰਟੇ ਪਹਿਲਾਂ ਹੀ ਉਹ ਕਿਸੇ ਦੇ ਵਿਆਹ ’ਤੇ ਜਾ ਕੇ ਆਇਆ ਸੀ। ਉਹ ਉੱਖੜੀ ਤੇ ਭਰੜਾਈ ਆਵਾਜ਼ ’ਚ ਕਹਿੰਦਾ, ‘‘ਲੱਤਾਂ, ਬਾਹਾਂ ਬੰਨ੍ਹ ਕੇ ਏਥੇ ਈ ਪਾ ਲਉ। ਉੱਤੇ ਕੋਈ ਕੱਪੜਾ ਦੇ ਦਿਉ। ਕਿਤੇ ਠੰਢ ਨਾਲ ਈ ਨਾ ਮਰ ਜੇ।’’

‘‘ਠੰਢ ਨਾਲ ਨੀ ਮਰਦਾ ਸਰਦਾਰ ਜੀ! ਮੈਂ ਇਹਦੇ ਕੋਈ ਵੀਹ ਥੱਪੜ ਮਾਰੇ ਹੋਣਗੇ। ਅੱਖ ’ਚੋਂ ਹਿੰਝ ਨਹੀਂ ਸਿੱਟੀ।’’

ਭੁੱਲਰ ਬੋਲਣੋਂ ਹਟ ਗਿਆ ਸੀ। ਨੀਂਦ ਨੇ ਦਬੋਚ ਲਿਆ ਸੀ।

ਦਿਨ ਚੜ੍ਹੇ ਦੋ ਪੁਲੀਸ ਵਾਲੇ ਝੂੰਬੀਆਂ ’ਚ ਆਏ। ਰਮੇਸ਼ ਦੇ ਪਿਉ ਨੂੰ ਨਾਲ ਚੱਲਣ ਲਈ ਕਿਹਾ। ਉਹਨੇ ਜਥੇਦਾਰ ਹਰੀ ਸਿੰਘ ਦਾ ਨਾਂ ਲੈ ਦਿੱਤਾ ਤੇ ਕਹਿੰਦਾ, ‘‘ਮੈਂ ਉਨ੍ਹਾਂ ਨੂੰ ਨਾਲ ਲੈ ਕੇ ਆਉਨਾਂ।’’

ਪੁਲੀਸ ਵਾਲੇ ਹਰੀ ਸਿੰਘ ਨੂੰ ਜਾਣਦੇ ਸੀ। ਉਹੀ ਝੂੰਬੀਆਂ ਵਾਲਿਆਂ ਦਾ ਕਰਤਾ-ਧਰਤਾ ਸੀ। ਉਸਨੇ ਹੀ ਉਨ੍ਹਾਂ ਦੇ ਰਾਸ਼ਨ ਕਾਰਡ ਬਣਵਾਏ ਸੀ ਤੇ ਵੋਟਾਂ ਵੀ। ਗੱਲ ਕੀ ਹਰੀ ਸਿੰਘ ਹੀ ਉਨ੍ਹਾਂ ਦਾ ਮਾਈ-ਬਾਪ ਸੀ।

ਇੱਕ ਵਾਰ ਜਿਨ੍ਹਾਂ ਦੇ ਪਲਾਟਾਂ ’ਚ ਝੂੰਬੀਆਂ ਵਾਲੇ ਬੈਠੇ ਸੀ, ਉਨ੍ਹਾਂ ਨੇ ਝੂੰਬੀਆਂ ਵਾਲਿਆਂ ਨੂੰ ਕਿਤੇ ਹੋਰ ਜਾ ਕੇ ਰਹਿਣ ਲਈ ਕਿਹਾ ਤਾਂ ਹਰੀ ਸਿੰਘ ਨੇ ਜ਼ਿੰਮੇਵਾਰੀ ਲੈ ਕੇ ਉਨ੍ਹਾਂ ਨੂੰ ਉੱਜੜਨ ਤੋਂ ਬਚਾਇਆ ਸੀ। ਜਦੋਂ ਪਲਾਟਾਂ ਵਾਲੇ ਉਨ੍ਹਾਂ ਨੂੰ ਕਿਤੇ ਹੋਰ ਜਾਣ ਲਈ ਕਹਿ ਰਹੇ ਸੀ, ਉਦੋਂ ਆਲ਼ੇ-ਦੁਆਲ਼ੇ ਦੇ ਵੀਹ-ਪੱਚੀ ਘਰਾਂ ਵਾਲੇ ਵੀ ਆ ਗਏ ਸੀ। ਉਨ੍ਹਾਂ ਨੇ ਵੀ ਮਲ਼ਵੀਂ ਜੀਭ ਨਾਲ ਝੂੰਬੀਆਂ ਵਾਲਿਆਂ ਨੂੰ ਨਾ ਉਜਾੜਨ ਲਈ ਕਿਹਾ ਸੀ ਕਿਉਂਕਿ ਉਹ ਅਕਸਰ ਹੀ ਰਾਤ ਦੇ ਗਿਆਰਾਂ-ਗਿਆਰਾਂ, ਬਾਰਾਂ-ਬਾਰਾਂ ਵਜੇ ਤੱਕ ਜਾਗਦੇ ਰਹਿੰਦੇ ਸੀ। ਝੂੰਬੀਆਂ ’ਚ ਟੇਪਾਂ ਚਲਦੀਆਂ ਰਹਿੰਦੀਆਂ ਸੀ। ਖਾਣ-ਪੀਣ ਵੀ ਚਲਦਾ ਸੀ। ਉਨ੍ਹਾਂ ਦਾ ਜਾਗਣਾ ਆਲ਼ੇ-ਦੁਆਲ਼ੇ ਦੇ ਘਰਾਂ ਵਾਲਿਆਂ ਨੂੰ ਪਹਿਰਾ ਦੇਣਾ ਹੀ ਲੱਗਦਾ ਸੀ। ਗੱਲ ਵੀ ਠੀਕ ਸੀ। ਜਦੋਂ ਦੇ ਉਹ ਆਏ ਸੀ, ਕਿਸੇ ਦੇ ਘਰੇ ਵੀ ਚੋਰੀ ਨਹੀਂ ਸੀ ਹੋਈ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇੱਕ-ਦੋ ਚੋਰੀਆਂ ਹੋਈਆਂ ਸੀ।

ਝੂੰਬੀਆਂ ਵਾਲਿਆਂ ਦੇ ਵੱਡੇ ਬੰਦੇ ਸ਼ਹਿਰ ’ਚ ਜੁੱਤੀਆਂ ਗੰਢਣ ਦਾ ਕੰਮ ਕਰਦੇ। ਤਲ਼ੇ ਲਾਉਂਦੇ। ਬੂਟ ਪਾਲਿਸ਼ ਕਰਦੇ। ਪਤਾਵੇ ਪਾਉਂਦੇ ਤੇ ਨਿੱਕੀ-ਮੋਟੀ ਟੁੱਟ ਭੱਜ ਕਰਕੇ ਦਿਹਾੜੀ ਪਾਉਂਦੇ। ਉਨ੍ਹਾਂ ਦੇ ਮੁੰਡੇ ਮੈਰਿਜ ਪੈਲੇਸਾਂ ’ਚ ਬੈਰੇ ਬਣ ਕੇ ਜਾਂਦੇ। ਕੁੜੀਆਂ ਤੇ ਔਰਤਾਂ ਮੈਰਿਜ ਪੈਲੇਸਾਂ ’ਚੋਂ ਮੰਗਣ ਜਾਂਦੀਆਂ। ਸ਼ਰਾਬੀਆਂ ਨਾਲ ਅੱਖ-ਮਟੱਕਾ ਕਰਕੇ ਚਾਰ ਪੈਸੇ ਲਿਆਉਂਦੀਆਂ। ਕਿਸੇ ਦੀ ਗੱਲ ਦਾ ਗੁੱਸਾ ਨਾ ਕਰਦੀਆਂ। ਵਿਆਹ ਨਾ ਹੁੰਦੇ ਤਾਂ ਤੜਕੇ-ਤੜਕੇ ਸ਼ਹਿਰ ਦਾ ਗੇੜਾ ਲਾਉਂਦੀਆਂ। ਦੁਕਾਨਾਂ ਦੇ ਬਾਹਰ ਕੋਈ ਸਾਮਾਨ ਦਿਸਦਾ, ਬਗਲੀ ’ਚ ਪਾ ਲਿਆਉਂਦੀਆਂ। ਰਾਤ ਨੂੰ ਬਾਹਰ ਸੜਕ ’ਤੇ ਜਾਂ ਹੋਰਾਂ ਥਾਵਾਂ ’ਤੇ ਖੜ੍ਹ ਕੇ ਸ਼ਰਾਬ ਪੀਣ ਵਾਲਿਆਂ ਦੇ ਅੱਡਿਆਂ ਦਾ ਉਨ੍ਹਾਂ ਨੂੰ ਪਤਾ ਸੀ। ਉਹ ਖ਼ਾਲੀ ਬੋਤਲਾਂ ਚੁੱਕ ਲਿਆਉਂਦੀਆਂ।

ਰਮੇਸ਼ ਦਾ ਪਿਉ ਮੰਗੂ ਰਾਮ ਦਸ ਕੁ ਵਜੇ ਹਰੀ ਸਿੰਘ ਨੂੰ ਨਾਲ ਲੈ ਕੇ ਥਾਣੇ ਗਿਆ। ਇੱਕ ਪੁਲੀਸ ਵਾਲੇ ਤੇ ਹੋਮਗਾਰਡੀਏ ਨੇ ਥਾਣੇਦਾਰ ਦਾ ਮੇਜ਼ ਧੁੱਪੇ ਵਿਹੜੇ ’ਚ ਡਾਹ ਕੇ ਪਾਸਿਆਂ ’ਤੇ ਦੋ-ਦੋ ਕੁਰਸੀਆਂ ਰੱਖ ਦਿੱਤੀਆਂ ਸੀ। ਸਾਹਮਣੇ ਲੱਕੜ ਦਾ ਲੰਮਾ ਬੈਂਚ ਧਰ ਦਿੱਤਾ ਸੀ।

ਹਰੀ ਸਿੰਘ ਥਾਣੇਦਾਰ ਦੇ ਸੱਜੇ ਪਾਸੇ ਡਹੀ ਕੁਰਸੀ ’ਤੇ ਜਾ ਬੈਠਾ। ਮੰਗੂ ਲੱਕੜ ਦੇ ਬੈਂਚ ’ਤੇ। ਨੀਵੀਂ ਪਾਈ ਹੋਈ ਸੀ। ਡਰਿਆ ਹੋਇਆ ਸੀ। ਸੋਚਦਾ ਸੀ, ਪਤਾ ਨਹੀਂ ਗੱਲ ਕਿਵੇਂ ਮੁੱਕੂ। ਪੰਦਰਾਂ ਕੁ ਮਿੰਟਾਂ ਪਿੱਛੋਂ ਥਾਣੇਦਾਰ ਵੀ ਆ ਬੈਠਾ। ਭੁੱਲਰ ਵੀ ਨਾਲ ਇੱਕ ਹੋਰ ਜਣੇ ਨੂੰ ਲੈ ਕੇ ਆ ਗਿਆ ਸੀ। ਉਹਦੀਆਂ ਮੁੱਛਾਂ ਖੜ੍ਹੀਆਂ ਸੀ। ਕੱਟੀ ਹੋਈ ਦਾੜ੍ਹੀ, ਠਾਠੀ ਬੰਨ੍ਹ ਕੇ ਪ੍ਰੈੱਸ ਕੀਤੀ ਹੋਈ ਸੀ। ਲੌਂਗ-ਇਲਾਇਚੀਆਂ ਚੱਬ ਰਿਹਾ ਸੀ।

ਹਰੀ ਸਿੰਘ ਨੇ ਚੁੱਪ ਤੋੜਨ ਲਈ ਇੱਕ ਰਾਜਸੀ ਗੱਲ ਤੋਰ ਲਈ। ਥਾਣੇਦਾਰ ਉਹਦੇ ਵੱਲ ਔਖਾ ਜਿਹਾ ਝਾਕਣ ਲੱਗਿਆ। ਉਹਦੀਆਂ ਅੱਖਾਂ ’ਚ ਕਾਹਲ਼ ਸੀ। ਰੌਲ਼ਾ ਮੁਕਾ ਦੇ ਉਹਨੇ ਕਿਸੇ ਹੋਰ ਪਾਸੇ ਜਾਣਾ ਸੀ। ਥਾਣੇਦਾਰ ਦੇ ਚਿਹਰੇ ਤੋਂ ਭੁੱਲਰ ਨੇ ਕਾਹਲ਼ ਤਾੜ ਲਈ ਤੇ ਹਰੀ ਸਿੰਘ ਨੂੰ ਕਹਿੰਦਾ, ‘‘ਜਥੇਦਾਰ ਜੀ! ਤੁਸੀਂ ਇਹ ਗੱਲ ਛੱਡੋ। ਕਰਨ ਵਾਲੀ ਗੱਲ ਕਰੋ। ਇਹ ਗੱਲਾਂ ਤਾਂ ਆਪਾਂ ਕਦੇ ਫੇਰ ਵੀ ਕਰ ਲਵਾਂਗੇ। ਉਹ ਗੱਲ ’ਤੇ ਆਉ, ਜੀਹਦੇ ਕਰਕੇ ਆਪਾਂ ਇੱਥੇ ਆਏ ਆਂ।’’

ਹਰੀ ਸਿੰਘ ਵੀ ਗੱਲ ’ਤੇ ਆਇਆ, ‘‘ਭੁੱਲਰ ਸਾਹਿਬ! ਗੱਲ ਜੋ ਹੋਈ ਐ, ਤੁਹਾਨੂੰ ਪਤਾ ਈ ਐ। ਵਾਧੂ ਗੱਲਾਂ ਕਰਨ ਦਾ ਕੀ ਫ਼ਾਇਦਾ। ਦੱਸੋ ਕਰਨਾ ਕੀ ਐ?’’

‘‘ਕਰਨਾ ਕੀ ਐ? ਦੋ ਵਾਰ ਬੋਰਡ ਤੋੜਿਐ। ਏਸੇ ਨੇ ਹੀ ਤੋੜਿਆ ਹੋਣੈ। ਏਸੇ ਕਰਕੇ ਰਾਤ ਆਇਆ ਸੀ। ਜੇ ਮੇਰੇ ਬੰਦੇ ਨਾ ਬੈਠੇ ਹੁੰਦੇ, ਤੀਜਾ ਬੋਰਡ ਵੀ ਤੋੜ ਕੇ ਤੁਰਦਾ ਲੱਗਦਾ।’’ ਭੁੱਲਰ ਦੀ ਆਵਾਜ਼ ’ਚ ਤਲਖ਼ੀ ਸੀ। ਉਹ ਇਸ ਗੱਲ ’ਤੇ ਔਖਾ ਸੀ ਕਿ ਹਰੀ ਸਿੰਘ ਮੰਗੂ ਦੇ ਨਾਲ ਕਿਉਂ ਆਇਐ।

‘‘ਇਹ ਤਾਂ ਭੁੱਲਰ ਸਾਹਿਬ ਤੁਹਾਡੀ ਗੱਲ ਠੀਕ ਐ। ਮੈਂ ਵੀ ਮੰਗੂ ਨਾਲ ਗੱਲ ਕੀਤੀ ਸੀ।’’ ਫੇਰ ਉਹ ਮੰਗੂ ਵੱਲ ਝਾਕਦਾ ਹੋਇਆ ਕਹਿੰਦਾ, ‘‘ਇਹਨੇ ਦੱਸਿਐ, ਮੁੰਡਾ ਅਲੱਥ ਐ। ਘਰੋਂ ਵੀ ਪੈਸੇ ਚੁੱਕ ਕੇ ਲੈ ਜਾਂਦੈ। ਫਿਲਮਾਂ ਵੇਖਦੈ। ਦੋ-ਤਿੰਨ ਵਾਰ ਇਹ ਸਿਨਮੇ ’ਚੋਂ ਕੁੱਟ ਕੇ ਵੀ ਲੈ ਕੇ ਆਇਐ।’’

‘‘ਜਥੇਦਾਰ ਜੀ! ਇਹ ਤਾਂ ਥੋਡੀ ਗੱਲ ਠੀਕ ਐ। ਮੁੰਡਾ ਅਲੱਥ ਐ। ਪਰ ਇਹ ਕਹਿਣ ਨਾਲ ਤਾਂ ਗੱਲ ਨਹੀਂ ਮੁੱਕਦੀ। ਮੇਰੇ ਦੋਵੇਂ ਬੋਰਡਾਂ ’ਤੇ ਗਿਆਰਾਂ-ਗਿਆਰਾਂ ਹਜ਼ਾਰ ਲੱਗੇ ਸੀ, ਉਹ ਦਿਵਾ ਦਿਉ। ਗੱਲ ਮੁੱਕੇ।’’ ਭੁੱਲਰ ਨੇ ਦੋ ਟੁਕ ਗੱਲ ਕੀਤੀ।

ਹਰੀ ਸਿੰਘ ਨੇ ਮੰਗੂ ਵੱਲ ਦੇਖਿਆ ਤੇ ਫਿਰ ਥਾਣੇਦਾਰ ਵੱਲ ਮੂੰਹ ਕਰਦਿਆਂ ਬੋਲਿਆ, ‘‘ਸਰਦਾਰ ਜੀ! ਮੈਂ ਮੰਨਦਾਂ ਨੁਕਸਾਨ ਹੋਇਐ। ਪਰ ਇਨ੍ਹਾਂ ’ਚ ਏਨੀ ਜਾਨ ਨਹੀਂ। ਸਾਰਾ ਦਿਨ ਜੁੱਤੀਆਂ ਗੰਢ ਕੇ ਇਹ ਮਸਾਂ ਸੌ-ਦੌ ਸੌ ਕਮਾਉਂਦੈ।’’

ਭੁੱਲਰ ਥੋੜ੍ਹਾ ਜਿਹਾ ਗਰਮ ਹੋਇਆ। ‘‘ਚਲੋ ਜਥੇਦਾਰ ਜੀ! ਮੇਰੀ ਗੱਲ ਤਾਂ ਛੱਡੋ, ਤੁਸੀਂ ਦੱਸੋ ਕਿਵੇਂ ਹੋਣਾ ਚਾਹੀਦੈ? ਜੇ ਤੁਸੀਂ ਕਹੋਂ ਪੈਸੇ ਦਿੱਤੇ ਬਿਨਾਂ ਸਰ ਜੂ, ਇਹ ਤਾਂ ਨਹੀਂ ਹੋ ਸਕਦਾ! ਨੁਕਸਾਨ ਕੀਤੈ, ਕੁਝ ਤਾਂ ਸੇਕ ਲੱਗਣਾ ਚਾਹੀਦੈ।’’

ਹਰੀ ਸਿੰਘ ਉਲਝ ਗਿਆ। ਸਮਝ ਨਹੀਂ ਸੀ ਆ ਰਹੀ ਕੀ ਕਹੇ। ਮਸਲਾ ਹੀ ਅਜਿਹਾ ਸੀ। ਫਿਰ ਕਹਿੰਦਾ, ‘‘ਹੁਣ ਤਾਂ ਜੀ ਕੁੱਟ ਮਾਰ ਈ ਐ। ਥੋੜ੍ਹੀ ਕਰਲੋ, ਬਹੁਤੀ ਕਰਲੋ।’’ ਹਰੀ ਸਿੰਘ ਨੇ ਕਹਿ ਕੇ ਭੁੱਲਰ ਵੱਲ ਵੇਖਿਆ।

ਥਾਣੇਦਾਰ ਮੁੱਦੇ ’ਤੇ ਆਇਆ। ਆਪਣੀ ਕੁਰਸੀ ਤੋਂ ਹਟਵੇਂ ਖੜ੍ਹੇ ਸਿਪਾਹੀ ਨੂੰ ਕਹਿੰਦਾ, ‘‘ਕਾਂਸਟੇਬਲ! ਜੁਆਕ ਨੂੰ ਬਾਹਰ ਕੱਢ ਕੇ ਲਿਆ।’’

ਸਿਪਾਹੀ ਹਵਾਲਾਤ ਵੱਲ ਤੁਰ ਗਿਆ। ਰਮੇਸ਼ ਦੀ ਬਾਂਹ ਫੜ ਕੇ ਲੈ ਆਇਆ। ਰਮੇਸ਼ ਨੇ ਤੜਕੇ ਦਾ ਕੁਝ ਵੀ ਖਾਧਾ-ਪੀਤਾ ਨਹੀਂ ਸੀ, ਪਰ ਉਹਦੇ ਮੂੰਹ ਤੋਂ ਭੁੱਖ ਝਲਕ ਨਹੀਂ ਸੀ ਰਹੀ। ਮਨ ਵੀ ਟਿਕਾਣੇ ਸੀ। ਰਮੇਸ਼ ਨੇ ਜਦੋਂ ਸਾਹਮਣੇ ਬੈਠਾ ਭੁੱਲਰ ਵੇਖਿਆ, ਵੇਖਣ ਸਾਰ ਹੀ ਅੱਖਾਂ ’ਚ ਲਾਲੀ ਉੱਤਰਨ ਲੱਗ ਪਈ। ਇਉਂ ਝਾਕ ਰਿਹਾ ਸੀ, ਜਿਵੇਂ ਖਾ ਜਾਣਾ ਹੋਵੇ। ਵੇਖ ਕੇ ਹਰੀ ਸਿੰਘ ਰਮੇਸ਼ ਵੱਲ ਵੱਢ ਖਾਣੀ ਨਿਗ੍ਹਾ ਨਾਲ ਝਾਕਿਆ, ‘‘... ਅੱਖਾਂ ਕੱਢਦੈ! ਚੱਲ ਲਾ ਭੁੱਲਰ ਸਾਹਿਬ ਦੇ ਪੈਰੀਂ ਹੱਥ! ਨੱਕ ਨਾਲ ਲਕੀਰਾਂ ਕੱਢ ਕੇ ਕਹਿ, ਮੁੜ ਕੇ ਗ਼ਲਤੀ ਨਹੀਂ ਕਰਦਾ। ਮੁਆਫ਼ ਕਰ ਦਿਉ।’’

ਭੁੱਲਰ ਨੇ ਰਮੇਸ਼ ਵੱਲ ਦੇਖਿਆ। ਬੜਾ ਬੁਰਾ ਲੱਗਿਆ। ਸੋਚਿਆ, ਉੱਠ ਕੇ ਅੱਖਾਂ ਕੱਢਦੇ ਦੇ ਤਿੰਨ-ਚਾਰ ਥੱਪੜ ਮਾਰੇ।

ਰਮੇਸ਼ ਉਵੇਂ ਖੜ੍ਹਾ ਰਿਹਾ। ਟੱਸ ਤੋਂ ਮੱਸ ਨਾ ਹੋਇਆ। ਉਵੇਂ ਵੱਢ ਖਾਣੀ ਨਿਗ੍ਹਾ। ਥਾਣੇਦਾਰ ਰਮੇਸ਼ ਵੱਲ ਵੇਖਦਾ ਕਹਿੰਦਾ, ‘‘ਨਿਗ੍ਹਾ ... ਦੀ ਬਦਮਾਸ਼ਾਂ ਵਾਲੀ ਐ। ਅੱਖ ਬੜੀ ਮਾੜੀ ਐ। ਅਜੇ ਜੰਮ ਮੁੱਕਿਆ ਨਹੀਂ। ਵੱਡੇ ਹੋਏ ਦਾ ਇਹਦਾ ਕੀ ਬਣੂ। ਉਦੋਂ ਤਾਂ ... ਬੰਦਾ ਮਾਰਿਆ ਕਰੂ।’’

ਮੰਗੂ, ਜਿਹੜਾ ਚੁੱਪ ਕਰਿਆ ਬੈਠਾ ਸੀ, ਉੱਠਿਆ ਤੇ ਰਮੇਸ਼ ਨੂੰ ਕੁੱਟਣ ਲੱਗ ਪਿਆ। ਮੂੰਹ ’ਤੇ ਥੱਪੜ ਮਾਰਨ ਪਿੱਛੋਂ ਉਹ ਡਿੱਗੇ ਪਏ ਦੇ ਲੱਤਾਂ ਮਾਰਨ ਲੱਗਿਆ। ਮੰਗੂ ਨੂੰ ਚੰਡਾਲ ਚੜ੍ਹਿਆ ਹੋਇਆ ਸੀ। ਲੱਤਾਂ ਮਾਰਦਾ-ਮਾਰਦਾ ਖਾਸੀ ਦੂਰ ਲੈ ਗਿਆ। ਹਰੀ ਸਿੰਘ ਨੇ ਮੌਕਾ ਸਾਂਭਿਆ, ‘‘ਉਏ ਬੱਸ ਕਰ। ਬੱਸ ਕਰ! ਕਿਤੇ ਥਾਂ-ਕੁਥਾਂ ਸੱਟ ਨਾ ਵੱਜੇ।’’ ਇਹ ਕਹਿ ਕੇ ਉਹਨੇ ਮੰਗੂ ਨੂੰ ਜੱਫੇ ’ਚ ਲੈ ਕੇ ਬੈਂਚ ’ਤੇ ਬਿਠਾ ਲਿਆ।

ਮੰਗੂ ਵਾਲਾ ਗੁੱਸਾ ਜਿਵੇਂ ਥਾਣੇਦਾਰ ਨੂੰ ਆ ਚੜ੍ਹਿਆ। ਉਹ ਕੁਰਸੀ ਤੋਂ ਉੱਠ ਕੇ ਰਮੇਸ਼ ਕੋਲ ਗਿਆ। ਬਾਂਹ ਫੜ ਕੇ ਕਹਿੰਦਾ, ‘‘ਬੋਰਡ ਤੂੰ ਤੋੜੇ ਐ ਉਏ!’’

ਰਮੇਸ਼ ਨੇ ਹਾਂ ’ਚ ਸਿਰ ਹੇਠਾਂ ਮਾਰਿਆ।

‘‘ਕਿਉਂ ਤੋੜੇ ਐ?’’

ਰਮੇਸ਼ ਚੁੱਪ।

‘‘ਉਏ ਮੈਂ ਪੁੱਛਦਾਂ ਕਿਉਂ ਤੋੜੇ ਐ?’’

ਰਮੇਸ਼ ਫੇਰ ਚੁੱਪ।

‘‘ਕੁਝ ਬੋਲ ...! ਮੈਨੂੰ ਕਿਉਂ ਗੁੱਸਾ ਚੜ੍ਹਾਉਨੈਂ। ਲੱਤ-ਬਾਂਹ ਨਾ ਤੁੜਾ ਬੈਠੀਂ।’’

ਰਮੇਸ਼ ਫੇਰ ਚੁੱਪ।

ਅੱਖਾਂ ’ਚ ਉਵੇਂ ਜਿਵੇਂ ਲਾਲੀ। ਭੋਰਾ ਵੀ ਨਹੀਂ ਸੀ ਘਟੀ। ਭੁੱਲਰ ਵੱਲ ਵੇਖਦਾ ਹੋਇਆ ਪੱਥਰ ਬਣਿਆ ਖੜ੍ਹਿਆ ਰਿਹਾ।

ਥਾਣੇਦਾਰ ਨੇ ਉਹਦੇ ਪੰਜ-ਛੇ ਥੱਪੜ ਇਕੱਠੇ ਮਾਰੇ। ਬਾਂਹ ਮਰੋੜ ਦਿੱਤੀ। ਫੇਰ ਮੇਜ਼ ’ਤੇ ਪਏ ਗੋਲ਼ ਪੱਥਰਾਂ ਵੱਲ ਰਮੇਸ਼ ਨੂੰ ਝੁਕਾਉਂਦਾ ਹੋਇਆ ਕਹਿੰਦਾ, ‘‘ਇਹ ਪੱਥਰ ਤੇਰੇ ਕੋਲ਼ੇ ਸੀ?’’

ਰਮੇਸ਼ ਨੇ ਹੇਠਾਂ ਸਿਰ ਮਾਰਿਆ।

‘‘ਹੁਣ ਤੋੜੇਂਗਾ ਬੋਰਡ?’’

ਰਮੇਸ਼ ਨੇ ਨਾਂਹ ’ਚ ਸਿਰ ਨਹੀਂ ਮਾਰਿਆ। ਵਿੱਡਰੀਆਂ ਅੱਖਾਂ ਨਾਲ ਝਾਕਦਾ ਰਿਹਾ। ਨਿਗ੍ਹਾ ਮੇਜ਼ ’ਤੇ ਪੱਥਰਾਂ ’ਤੇ ਜਾ ਟਿਕੀ। ਸਾਰੇ ਰਮੇਸ਼ ਵੱਲ ਦੇਖ ਰਹੇ ਸੀ। ਥਾਣੇਦਾਰ ਨੂੰ ਫੇਰ ਇਕਦਮ ਗੁੱਸਾ ਚੜ੍ਹਿਆ। ਉਹਨੇ ਜ਼ੋਰ ਦੀ ਥੱਪੜ ਮਾਰਿਆ। ਰਮੇਸ਼ ਫਿਰ ਵੀ ਕੁਝ ਨਾ ਬੋਲਿਆ। ਸੱਟ ਕਾਰਨ ਅੱਖਾਂ ’ਚੋਂ ਪਾਣੀ ਜ਼ਰੂਰ ਸਿੰਮ ਆਇਆ ਸੀ, ਪਰ ਡਰ ਉਹਦੇ ਮੂੰਹ ’ਤੇ ਫਿਰ ਵੀ ਨਹੀਂ ਸੀ। ਲੱਗਦਾ ਸੀ, ਜਿਵੇਂ ਹੱਡ-ਮਾਸ ਦਾ ਨਾ ਹੋਵੇ, ਪੱਥਰ ਦਾ ਬਣਿਆ ਹੋਵੇ।

ਥਾਣੇਦਾਰ ਆਪੇ ਤੋਂ ਬਾਹਰ ਹੋ ਗਿਆ। ਬਾਂਹ ਨੂੰ ਵਟਾ ਹੋਰ ਦੇ ਦਿੱਤਾ। ਰਮੇਸ਼ ਦੂਹਰਾ ਹੋਈ ਜਾ ਰਿਹਾ ਸੀ।

ਥਾਣੇਦਾਰ ਨੂੰ ਲੱਗਿਆ, ਜੇ ਥੋੜ੍ਹਾ ਜਿਹਾ ਵਟਾ ਹੋਰ ਦੇ ਦਿੱਤਾ, ਬਾਂਹ ਨਿੱਕਲ਼ ਜਾਵੇਗੀ।

ਰਮੇਸ਼ ਜਿੰਨਾ ਔਖਾ ਹੋ ਸਕਦਾ ਸੀ, ਹੋਇਆ। ਮੂੰਹ ਨਾ ਖੋਲ੍ਹਿਆ। ਨਾ ਬੂਅ-ਦੁਹਾਈ ਕੀਤੀ। ਨਾ ਜਰਕਿਆ।

ਥਾਣੇਦਾਰ ਦਾ ਮੂੰਹ ਕਰੂਪ ਹੋ ਗਿਆ ਸੀ। ਉਹਨੇ ਥੋੜ੍ਹਾ ਜਿਹਾ ਵਟਾ ਹੋਰ ਦਿੱਤਾ, ‘‘ਹੁਣ ਦੱਸ ...! ਬੋਰਡ ਕਿਉਂ ਤੋੜੇ ਸੀ?’’

ਰਮੇਸ਼ ਚੁੱਪ ਸੀ। ਅੱਖਾਂ ’ਚੋਂ ਪਾਣੀ ਵਗ ਰਿਹਾ ਸੀ। ਮੂੰਹ ’ਤੇ ਲੱਗਿਆ ਚੁੱਪ ਦਾ ਜਿੰਦਰਾ ਉਵੇਂ ਸੀ।

ਥਾਣੇਦਾਰ ਨੂੰ ਹੱਤਕ ਮਹਿਸੂਸ ਹੋਣ ਲੱਗ ਪਈ। ਉਹ ਇੱਕ ਜੁਆਕ ਦਾ ਮੂੰਹ ਨਹੀਂ ਸੀ ਖੁਲ੍ਹਵਾ ਸਕਿਆ। ਕਹਿੰਦਾ, ‘‘... ... ! ਮੈਂ ਕੀ ਪੁੱਛਦਾਂ? ਦੱਸ ਬੋਰਡ ਤੂੰ ਤੋੜੇ ਸੀ?’’ ਕਹਿ ਕੇ ਉਹਨੇ ਸੱਜਾ ਪੈਰ ਰਮੇਸ਼ ਦੇ ਗਿੱਟੇ ’ਤੇ ਮਾਰਿਆ। ਫੇਰ ਇੱਕ ਹੋਰ। ਫੇਰ ਇੱਕ ਹੋਰ। ‘‘ਹੁਣ ਦੱਸ ਤੋੜੇਂਗਾ?’’

ਰਮੇਸ਼ ਨੇ ਹੇਠਾਂ ਸਿਰ ਮਾਰ ਦਿੱਤਾ।

ਥਾਣੇਦਾਰ ਫਿਰ ਭੜਕਿਆ, ‘‘... ... ਕਿਉਂ ਤੋੜੇਂਗਾ? ਤੇਰਾ ਕੀ ਵਿਗਾੜਿਆ ਇਨ੍ਹਾਂ ਨੇ?’’ ਥਾਣੇਦਾਰ ਬੋਲਿਆ ਨਹੀਂ, ਬਿਜਲੀ ਕੜਕੀ ਸੀ, ਜਿਸ ਨਾਲ ਥਾਣੇ ਦੀ ਚੁੱਪ ਖੇਰੂੰ-ਖੇਰੂੰ ਹੋ ਗਈ। ਲੱਗ ਰਿਹਾ ਸੀ ਜਿਵੇਂ ਉਹ ਮਾਈਕ ’ਚ ਬੋਲਿਆ ਹੋਵੇ। ਉਹਦੀ ਆਵਾਜ਼ ਕੰਧਾਂ ਨਾਲ ਟਕਰਾ-ਟਕਰਾ ਕੇ ਮੁੜ ਰਹੀ ਸੀ।

ਰਮੇਸ਼ ਨੇ ਮੂੰਹ ਖੋਲ੍ਹਿਆ। ਭੁੱਲਰ ਵੱਲ ਝਾਕ ਕੇ ਕਹਿੰਦਾ, ‘‘ਯੇ ਅੱਛਾ ਆਦਮੀ ਨਹੀਂ ਹੈ। ਬੁਰਾ ਆਦਮੀ ਹੈ।’’

‘‘ਕਿਉਂ? ਬੁਰਾ ਆਦਮੀ ਕਿਉਂ ਐ? ... ਇਹਨੇ ਤੇਰਾ ਬਾਗ਼ ਉਜਾੜਤਾ? ਦੱਸ ਕਿਉਂ ਬੁਰਾ ਆਦਮੀ ਐ? ਦੱਸ ਕਿਉਂ?’’

ਰਮੇਸ਼ ਨੇ ਮੁੜਿਆ ਮੂੰਹ ਥਾਣੇਦਾਰ ਵੱਲ ਕੀਤਾ ਤੇ ਰੋਂਦਾ ਹੋਇਆ ਕਹਿੰਦਾ, ‘‘ਯੇ ਬਹੁਤ ਬੁਰਾ ਆਦਮੀ ਹੈ। ਆਪਣੇ ਦਫ਼ਤਰ ਮੇਂ ਮੇਰੀ ਬਹਿਨ ਕੇ ਸਾਥ ਬੁਰਾ ਕਾਮ ਕਰਤਾ ਹੈ।’’

ਸੁਣ ਕੇ ਸਾਰੇ ਹੈਰਾਨ। ਜਿਵੇਂ ਬਿਜਲੀ ਡਿੱਗੀ ਹੋਵੇ। ਗਹਿਰੀ ਚੁੱਪ ’ਚ ਜਾ ਕੇ, ਬੇਸ਼ਰਮ ਜਿਹਾ ਹੋ ਕੇ ਭੁੱਲਰ ਕਹਿੰਦਾ, ‘‘ਐਵੇਂ ਮਾਰਦੈ ... ਝੂਠ! ਕਿਸੇ ਦੇ ਹੱਥ ’ਤੇ ਚੜ੍ਹਿਆ ਹੋਇਐ। ਸਾਡੇ ਰੂਟਾਂ ਦੇ ਸੌ ਰੌਲ਼ੇ ਰਹਿੰਦੇ ਐ। ਬੋਰਡ ਤੋੜ ਕੇ ਸੱਚਾ ਹੋਣ ਨੂੰ ਫਿਰਦੈ।’’

ਫਿਰ ਮੰਗੂ ਵੱਲ ਹੱਥ ਕਰਦਾ ਹੋਇਆ ਕਹਿੰਦਾ, ‘‘ਇਹਨੇ ਪੈਸੇ ਲਏ ਹੋਣੇ ਐ ਕਿਸੇ ਤੋਂ? ਇਹਨੇ ਸਿਖਾਇਆ ਹੋਣੈ।’’

ਥਾਣੇਦਾਰ ਨੇ ਰਮੇਸ਼ ਦੀ ਮਰੋੜੀ ਬਾਂਹ ਢਿੱਲੀ ਤਾਂ ਕੀਤੀ, ਪਰ ਛੱਡੀ ਨਹੀਂ। ਥਾਣੇ ’ਚ ਚੁੱਪ ਛਾ ਗਈ ਸੀ। ਥਾਣੇਦਾਰ ਭੁੱਲਰ ਵੱਲ ਵੇਖਦਾ ਹੋਇਆ ਕਹਿੰਦਾ, ‘‘ਸਰਦਾਰ ਜੀ! ਮੈਂ ਕਿਸੇ ਜ਼ਰੂਰੀ ਕੰਮ ਜਾ ਕੇ ਆਉਣਾ।’’ ਫਿਰ ਹਰੀ ਸਿੰਘ ਵੱਲ ਝਾਕਦਾ ਹੋਇਆ ਕਹਿੰਦਾ, ‘‘ਜਥੇਦਾਰ ਜੀ! ਤੁਸੀਂ ਇਹਨੂੰ ਲੈ ਜੋ। ਆਥਣ ਤੱਕ ਗੱਲ ਕੱਢੋ। ਵਿੱਚੋਂ ਕੀ ਐ?’’

‘‘ਠੀਕ ਐ ਜੀ, ਠੀਕ ਐ। ਮੈਂ ਆਥਣ ਤੱਕ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਨਿਤਾਰ ਦੇਊਂ। ਪਰ ਇਹ ਜੋ ਗੱਲ ਕਹਿੰਦਾ, ਇਹ ਗੱਲ ਨੀ ਹੋਣੀ। ਭੁੱਲਰ ਸਾਹਿਬ ਸ਼ਰੀਫ਼ ਆਦਮੀ ਨੇ। ਇਨ੍ਹਾਂ ਬਾਰੇ ਤਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ। ਵਿੱਚੋਂ ਗੱਲ ਕੋਈ ਹੋਰ ਐ।’’ ਹਰੀ ਸਿੰਘ ਦੀ ਆਵਾਜ਼ ’ਚੋਂ ਭੁੱਲਰ ਤੋਂ ਵੇਲ਼ੇ-ਕੁਵੇਲ਼ੇ ਲਿਆ ਪਾਰਟੀ ਦਾ ਚੰਦਾ ਬੋਲ ਰਿਹਾ ਸੀ।

ਥਾਣੇਦਾਰ ਤੁਰ ਗਿਆ।

ਭੁੱਲਰ ਨੂੰ ਉੱਠਣਾ ਮੁਸ਼ਕਿਲ ਹੋ ਰਿਹਾ ਸੀ। ਦੇਹ ਜਿਵੇਂ ਚੌਗੁਣੀ ਭਾਰੀ ਹੋ ਗਈ ਹੋਵੇ। ਮੂੰਹ ਵੀ ਨਿੰਮੋਝੂਣਾ ਹੋ ਗਿਆ ਸੀ। ਮੂੰਹ ’ਤੇ ਮੰਨੀ ਗਈ ਸ਼ਰਮ ਦੀ ਭਲੂਣ ਫਿਰ ਗਈ ਸੀ।

ਦੋ ਦਿਨ ਲੰਘ ਗਏ।

ਹਰੀ ਸਿੰਘ ਨੂੰ ਥਾਣੇ ’ਚੋਂ ਕੋਈ ਫੋਨ ਨਾ ਆਇਆ।

ਭੁੱਲਰ ਨੇ ਵੀ ਥਾਣੇ ਫੋਨ ਨਾ ਕੀਤਾ।

ਸੰਪਰਕ: 98143-80749

Advertisement
×