ਵਿਲੱਖਣ ਜੈਵਿਕ-ਵਿਭਿੰਨਤਾ ਵਾਲਾ ਮਹਾਂਦੀਪ ਆਸਟਰੇਲੀਆ
ਅਸ਼ਵਨੀ ਚਤਰਥ
ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਆਸਟਰੇਲੀਆ ਸਭ ਤੋਂ ਛੋਟਾ ਮਹਾਂਦੀਪ ਹੈ। ਇਸ ਦਾ ਕੁੱਲ ਖੇਤਰਫਲ 86 ਲੱਖ ਵਰਗ ਕਿਲੋਮੀਟਰ ਦੇ ਕਰੀਬ ਹੈ। ਕਈ ਥਾਈਂ ਨੀਵੀਂ ਅਤੇ ਕਈ ਥਾਈਂ ਪੱਧਰੀ ਜ਼ਮੀਨ ਵਾਲੇ ਇਸ ਮਹਾਂਦੀਪ ਵਿੱਚ ਜੀਵ-ਜੰਤੂਆਂ ਦੀਆਂ ਵਿਲੱਖਣ ਅਤੇ ਵੰਨ-ਸੁਵੰਨੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਵਿੱਚ ਆਸਟਰੇਲੀਆ ਅਤੇ ਪਾਪੂਆ ਨਿਊ ਗਿਨੀਆ ਦੇਸ਼ਾਂ ਤੋਂ ਇਲਾਵਾ ਅਨੇਕਾਂ ਟਾਪੂ ਜਿਵੇਂ ਤਸਮਾਨੀਆ, ਆਸ਼ਮੋਰ ਅਤੇ ਕਾਰਟਿਅਰ ਟਾਪੂ, ਅਰੂ ਟਾਪੂ, ਕੋਰਲ ਟਾਪੂ ਅਤੇ ਪੱਛਮੀ ਪਾਪੂਆ ਟਾਪੂ ਆਦਿ ਸ਼ਾਮਿਲ ਹਨ। ਇਸ ਮਹਾਂਦੀਪ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਸਭ ਤੋਂ ਵੱਡਾ ਦੇਸ਼ ਆਸਟਰੇਲੀਆ ਜ਼ਿਆਦਾਤਰ ਸ਼ਹਿਰੀ ਵੱਸੋਂ ਵਾਲਾ ਹੀ ਹੈ ਜਦੋਂਕਿ ਪਾਪੂਆ ਨਿਊ ਗਿਨੀਆ ਦੇਸ਼ ਵਿੱਚ ਮਹਿਜ਼ 18 ਫ਼ੀਸਦ ਲੋਕ ਹੀ ਸ਼ਹਿਰੀ ਇਲਾਕਿਆਂ ਵਿੱਚ ਨਿਵਾਸ ਕਰਦੇ ਹਨ। ਆਸਟਰੇਲੀਆ ਮਹਾਂਦੀਪ ਦੀ ਵਿਲੱਖਣਤਾ ਅਤੇ ਵਿਭਿੰਨਤਾ ਦਾ ਪਤਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਇੱਕ ਪਾਸੇ ਆਸਟਰੇਲੀਆ ਦੇਸ਼ ਵਿੱਚ ਪਰਵਾਸੀ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਉੱਥੇ ਦੂਜੇ ਪਾਸੇ ਪੱਛਮੀ ਪਾਪੂਆ ਇਲਾਕੇ ਵਿੱਚ ਵੱਸਦੇ ਕਬਾਇਲੀ ਲੋਕਾਂ ਦੀ ਵੱਡੀ ਗਿਣਤੀ ਅਨੇਕਾਂ ਸਮੂਹਾਂ ਵਿੱਚ ਰਹਿੰਦੀ ਹੈ ਜੋ ਕਿ ਇੱਥੋਂ ਦੇ ਮੂਲ ਨਿਵਾਸੀ ਹਨ। ਇਹ ਲੋਕ ਅਜੋਕੇ ਤਕਨਾਲੋਜੀ ਅਤੇ ਪ੍ਰਚਾਰ ਪਸਾਰ ਦੇ ਯੁੱਗ ਵਿੱਚ ਹਾਲੇ ਵੀ ਆਪਣੇ ਆਲੇ-ਦੁਆਲੇ ਦੀ ਦੁਨੀਆ ਦੇ ਸੰਪਰਕ ਤੋਂ ਦੂਰ ਰਹਿੰਦੇ ਹਨ। ਆਮ ਕਲਪਨਾ ਕਿ ਨਿਊਜ਼ੀਲੈਂਡ ਦੇਸ਼, ਆਸਟਰੇਲੀਆ ਮਹਾਂਦੀਪ ਦਾ ਹਿੱਸਾ ਹੈ, ਬਿਲਕੁਲ ਗ਼ਲਤ ਧਾਰਨਾ ਹੈ । ਅਸਲ ਵਿੱਚ ਸੱਚਾਈ ਇਹ ਹੈ ਕਿ ਧਰਤੀ ਦੇ ਦੱਖਣੀ ਅਰਧ ਗੋਲੇ ਵਾਲੇ ਪਾਸੇ ਮੁੱਖ ਲੰਬਕਾਰੀ ਰੇਖਾ ਦੇ ਪੂਰਬ ਅਤੇ ਪੱਛਮ ਹਿੱਸਿਆਂ ਵਿੱਚ ਫੈਲਿਆ ਓਸ਼ੀਆਨੀਆ ਨਾਂ ਦਾ ਅਜਿਹਾ ਭੂਗੋਲਿਕ ਖੇਤਰ ਹੈ ਜਿਸ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਫਿਜ਼ੀ ਦੇਸ਼ਾਂ ਸਮੇਤ ਅਨੇਕਾਂ ਟਾਪੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪਾਪੂਆ ਨਿਊ ਗਿਨੀਆ ਦੇਸ਼ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਸ ਦਾ ਇੱਕ ਹਿੱਸਾ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ‘ਦਿ ਰਿੰਗ ਆਫ ਫਾਇਰ’ ਨਾਂ ਦੇ ਜਵਾਲਾਮੁਖੀਆਂ ਤੋਂ ਪ੍ਰਭਾਵਿਤ ਖੇਤਰ ਨਾਲ ਲੱਗਦਾ ਹੈ। ਇਸ ਲਈ ਇੱਥੇ ਭੂਚਾਲ, ਜਵਾਲਾਮੁਖੀ ਅਤੇ ਸੁਨਾਮੀ ਆਦਿ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਬਾਕੀ ਆਸਟਰੇਲੀਆ ਮਹਾਂਦੀਪ ਜਵਾਲਾਮੁਖੀਆਂ ਪੱਖੋਂ ਸ਼ਾਂਤ ਇਲਾਕਾ ਹੈ।
ਆਸਟਰੇਲੀਆ ਮਹਾਂਦੀਪ ਸਾਰੇ ਪਾਸਿਆਂ ਤੋਂ ਸਮੁੰਦਰਾਂ ਅਤੇ ਮਹਾਂਸਾਗਰਾਂ ਨਾਲ ਘਿਰਿਆ ਹੋਇਆ ਹੈ। ਇਸ ਨੂੰ ‘ਦਿ ਲਾਸਟ ਲੈਂਡ’ ਭਾਵ ਆਖ਼ਰੀ ਜ਼ਮੀਨ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਯੂਰਪੀ ਲੋਕਾਂ ਵੱਲੋਂ ਖੋਜੇ ਗਏ ਮਹਾਂਦੀਪਾਂ ਵਿੱਚੋਂ ਆਸਟਰੇਲੀਆ ਸਭ ਤੋਂ ਆਖ਼ਰੀ (ਅੰਟਾਰਕਟਿਕਾ ਨੂੰ ਛੱਡ ਕੇ) ਮਹਾਂਦੀਪ ਸੀ।
ਇਸ ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਆਸਟਰੇਲੀਆ ਹੈ ਜਿਸ ਨੂੰ ਪ੍ਰਸ਼ਾਸਕੀ ਕੰਮਾਂ ਲਈ ਛੇ ਰਾਜਾਂ ਨਿਊ ਸਾਊਥ ਵੇਲਸ, ਕੁਈਨਸਲੈਂਡ, ਦੱਖਣੀ ਆਸਟਰੇਲੀਆ, ਵਿਕਟੋਰੀਆ, ਪੱਛਮੀ ਆਸਟਰੇਲੀਆ ਅਤੇ ਤਸਮਾਨੀਆ ਦੇ ਨਾਲ ਤਿੰਨ ਹੋਰ ਅੰਦਰੂਨੀ ਖੇਤਰਾਂ ਵਿੱਚ ਵੰਡਿਆ ਗਿਆ ਹੈ। ਇਸ ਦੇਸ਼ ਦੀ ਜਨਸੰਖਿਆ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਮਹਿਜ਼ ਦੋ ਫ਼ੀਸਦ ਲੋਕ ਹੀ ਇਸ ਦੇਸ਼ ਦੇ ਮੂਲ ਵਾਸੀ ਹਨ ਜਦੋਂਕਿ 90 ਫ਼ੀਸਦੀ ਲੋਕਾਂ ਦਾ ਪਿਛੋਕੜ ਯੂਰਪੀ ਦੇਸ਼ਾਂ ਤੋਂ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇਸ਼ ਦੀ ਮੌਜੂਦਾ ਆਬਾਦੀ ਦਾ ਇੱਕ ਚੌਥਾਈ ਹਿੱਸਾ ਅਜਿਹਾ ਹੈ ਜਿਸ ਦਾ ਜਨਮ ਦੂਸਰੇ ਦੇਸ਼ਾਂ ਵਿੱਚ ਹੋਇਆ ਸੀ। ਇਸ ਦੇਸ਼ ਦੇ ਕੁੱਲ ਜ਼ਮੀਨੀ ਖੇਤਰ ਦਾ ਜ਼ਿਆਦਾ ਹਿੱਸਾ ਮਾਰੂਥਲ ਹੈ। ਇਸ ਲਈ ਜ਼ਿਆਦਾਤਰ ਆਬਾਦੀ ਕੁਝ ਕੁ ਸ਼ਹਿਰਾਂ ਵਿੱਚ ਹੀ ਵੱਸੀ ਹੋਈ ਹੈ। ਸਿਡਨੀ, ਮੈਲਬਰਨ, ਪਰਥ, ਐਡੀਲੇਡ, ਬ੍ਰਿਸਬੇਨ ਅਤੇ ਰਾਜਧਾਨੀ ਕੈਨਬਰਾ ਹੀ ਕੁਝ ਚੋਣਵੇਂ ਸ਼ਹਿਰ ਹਨ, ਜਿੱਥੇ ਕੁੱਲ ਆਬਾਦੀ ਦਾ ਵੱਡਾ ਹਿੱਸਾ ਵਸਦਾ ਹੈ। ਆਸਟਰੇਲੀਆ ਦੇ ਜਲਵਾਯੂ ਵਿੱਚ ਵੱਡੀ ਵਿਭਿੰਨਤਾ ਪਾਈ ਜਾਂਦੀ ਹੈ। ਇਸ ਦੇ ਵਿਕਟੋਰੀਆ, ਤਸਮਾਨੀਆ ਅਤੇ ਨਿਊ ਸਾਊਥ ਵੇਲਸ ਵਿੱਚ ਬਰਫ਼ਬਾਰੀ ਅਕਸਰ ਵੇਖੀ ਜਾਂਦੀ ਹੈ ਜਦੋਂਕਿ ਮਾਰੂਥਲੀ ਇਲਾਕਿਆਂ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਦਿਨ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਕੁਈਨਸਲੈਂਡ, ਪੱਛਮੀ ਆਸਟਰੇਲੀਆ ਅਤੇ ਦੱਖਣੀ ਆਸਟਰੇਲੀਆ ਦੇ ਸਮੁੰਦਰ ਕੰਢੇ ਇਲਾਕਿਆਂ ਦਾ ਜਲਵਾਯੂ ਨਮੀ ਵਾਲਾ ਹੁੰਦਾ ਹੈ। ਆਰਥਿਕ ਪ੍ਰਣਾਲੀ ਪੱਖੋਂ ਆਸਟਰੇਲੀਆ ਦੇ ਲੋਕਾਂ ਦੀ ਖਰੀਦ ਸ਼ਕਤੀ ਦੇ ਆਧਾਰ ’ਤੇ ਪ੍ਰਤੀ ਵਿਅਕਤੀ ਆਮਦਨ ਕਈ ਵਿਕਸਿਤ ਦੇਸ਼ਾਂ ਜਿਵੇਂ ਬਰਤਾਨੀਆ, ਕੈਨੇਡਾ, ਜਰਮਨੀ ਅਤੇ ਫਰਾਂਸ ਆਦਿ ਤੋਂ ਵੱਧ ਹੈ। ਇੱਕ ਸਰਵੇਖਣ ਅਨੁਸਾਰ ਰਹਿਣ-ਸਹਿਣ ਦੇ ਪੱਧਰ ਪੱਖੋਂ ਇਹ ਦੇਸ਼ ਦੁਨੀਆ ਦੇ ਪਹਿਲੇ ਦਸ ਦੇਸ਼ਾਂ ਵਿੱਚ ਸ਼ੁਮਾਰ ਹੈ। ਅਜੋਕੇ ਸਮੇਂ ਵਿੱਚ ਆਸਟਰੇਲੀਆ ਦੀ ਕੌਮੀ ਆਮਦਨ ਵਿੱਚ ਸੈਰ ਸਪਾਟੇ ਤੋਂ ਆਉਂਦੀ ਕਮਾਈ ਦਾ ਵੱਡਾ ਯੋਗਦਾਨ ਹੈ। ਇਸ ਦੇਸ਼ ਵਿੱਚ ਸੈਰ-ਸਪਾਟੇ ਦੀਆਂ ਕੁਝ ਦਿਲਚਸਪ ਥਾਵਾਂ ਹਨ ਜਿਵੇਂ ਸਿਡਨੀ ਓਪੇਰਾ ਹਾਊਸ, ਗ੍ਰੇਟ ਬੈਰੀਅਰ ਰੀਫ਼, ਉਲੂਰੂ-ਕਾਟਾ ਕੌਮੀ ਪਾਰਕ ਅਤੇ ਸਿਡਨੀ ਹਾਰਬਰ ਪੁਲ ਆਦਿ ਜੋ ਸਾਰਾ ਸਾਲ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੀਆਂ ਰਹਿੰਦੀਆਂ ਹਨ।
ਪਾਪੂਆ ਨਿਊ ਗਿਨੀਆ ਦੇਸ਼ ਵਿੱਚ ਸਾਫ਼ਟਬਾਲ, ਵਾਲੀਬਾਲ, ਕ੍ਰਿਕਟ, ਫੁੱਟਬਾਲ ਅਤੇ ਬਾਸਕਟਬਾਲ ਖੇਡਾਂ ਕਾਫ਼ੀ ਪ੍ਰਚਲਿਤ ਹਨ ਜਦੋਂਕਿ ਆਸਟਰੇਲੀਆ ਦੇਸ਼ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ, ਬੈਡਮਿੰਟਨ, ਟੇਬਲ ਟੈਨਿਸ ਅਤੇ ਟੈਨਿਸ ਖੇਡਾਂ ਯੋਜਨਾਬੱਧ ਤਰੀਕੇ ਨਾਲ ਖੇਡੀਆਂ ਜਾਂਦੀਆਂ ਹਨ। ਆਸਟਰੇਲੀਆ ਹੁਣ ਤੱਕ ਦੋ ਵਾਰ ਓਲੰਪਿਕ ਖੇਡਾਂ (ਸੰਨ 1956 ਅਤੇ ਸੰਨ 2000 ਵਿੱਚ) ਦਾ ਆਯੋਜਨ ਵੀ ਕਰ ਚੁੱਕਾ ਹੈ।
ਆਸਟਰੇਲੀਆ ਮਹਾਂਦੀਪ ਪੌਦੇ-ਪਸ਼ੂਆਂ ਦੀਆਂ ਪ੍ਰਜਾਤੀਆਂ ਪੱਖੋਂ ਵੀ ਵਿਲੱਖਣ ਹੈ। ਇੱਥੇ ਸਫੈਦੇ ਦੇ ਰੁੱਖਾਂ ਦੀਆਂ ਸੈਂਕੜੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਬੱਤਖ਼ ਦੇ ਮੂੰਹ ਵਰਗੇ ਪਲੈਟੀਪਸ ਅਤੇ ਏਕਿਡਨਾ ਜੀਵ, ਜੋ ਕਿ ਅੰਡੇ ਦੇਣ ਵਾਲੇ ਥਣਧਾਰੀ ਜੀਵ ਹੁੰਦੇ ਹਨ, ਸਮੁੱਚੇ ਵਿਸ਼ਵ ਵਿੱਚ ਸਿਰਫ਼ ਪੂਰਬੀ ਆਸਟਰੇਲੀਆ ਵਿੱਚ ਹੀ ਪਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕੰਗਾਰੂ ਅਤੇ ਕੋਆਲਾ ਜੰਤੂ ਇਸ ਇਲਾਕੇ ਵਿੱਚ ਮਿਲਣ ਵਾਲੇ ਵਿਸ਼ੇਸ਼ ਪ੍ਰਾਣੀ ਹਨ।
ਉਕਤ ਤੋਂ ਇਲਾਵਾ ਆਸਟਰੇਲੀਆ ਮਹਾਂਦੀਪ ਦੀਆਂ ਕੁਝ ਦਿਲਚਸਪ ਗੱਲਾਂ ਇਸ ਪ੍ਰਕਾਰ ਹਨ: ਇਸ ਮਹਾਂਦੀਪ ਵਿੱਚ ਵੱਸੋਂ ਘਣਤਾ ਬੇਹੱਦ ਘੱਟ ਹੈ। ਇੱਕ ਵਰਗ ਕਿਲੋਮੀਟਰ ਖੇਤਰਫਲ ਵਿੱਚ ਔਸਤਨ ਅੱਠ ਹੀ ਲੋਕ ਰਹਿੰਦੇ ਹਨ। ਇਸ ਮਹਾਂਦੀਪ ਦੇ ਇੱਕ ਇਲਾਕੇ ਪਾਪੂਆ ਵਿੱਚ ਵਿਆਹ ਦੇ ਰੀਤੀ ਰਿਵਾਜਾਂ ਦੌਰਾਨ ਲਾੜੇ ਦੇ ਪਰਿਵਾਰ ਵੱਲੋਂ ਉਸ ਦੀ ਹੋਣ ਵਾਲੀ ਪਤਨੀ ਦੇ ਪਰਿਵਾਰ ਨੂੰ ਧਨ ਜਾਂ ਜਾਇਦਾਦ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ। ਕੰਗਾਰੂ ਨਾਂ ਦੇ ਜੀਵ ਸਿਰਫ਼ ਆਸਟਰੇਲੀਆ ਵਿੱਚ ਹੀ ਮਿਲਦੇ ਹਨ। ਇੱਥੋਂ ਦੀ 90 ਫ਼ੀਸਦੀ ਆਬਾਦੀ ਸਮੁੰਦਰ ਕੰਢੇ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਰਹਿੰਦੀ ਹੈ। ਆਸਟਰੇਲੀਆ ਦੇ ਕੁਈਨਸਲੈਂਡ ਰਾਜ ਦੇ ਕੰਢੇ ਸਮੁੰਦਰ ਵਿੱਚ ਮੂੰਗਾ ਜੀਵਾਂ ਦੇ 2900 ਦੇ ਕਰੀਬ ਪਹਾੜ ਮਿਲਦੇ ਹਨ। ਤਕਰੀਬਨ 3,44,400 ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲੇ ਇਹ ਜੀਵ 900 ਟਾਪੂਆਂ ਵਿੱਚ ਰਹਿੰਦੇ ਹਨ। ‘ਦਿ ਗਰੇਟ ਬੈਰੀਅਰ ਰੀਫ’ ਨਾਂ ਦਾ ਇਹ ਮੂੰਗਾ ਜੀਵਾਂ ਦਾ ਸਮੂਹ ਪੁਲਾੜ ਤੋਂ ਧਰਤੀ ’ਤੇ ਨਜ਼ਰ ਆਉਣ ਵਾਲਾ ਇੱਕੋ-ਇੱਕ ਕੁਦਰਤੀ ਤੌਰ ’ਤੇ ਬਣਿਆ ਜੀਵਾਂ ਦਾ ਸਮੂਹ ਹੈ, ਜਿਸ ਨੂੰ ਦੁਨੀਆ ਦੇ ਸੱਤ ਕੁਦਰਤੀ ਅਜੂਬਿਆਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਗਿਆ ਹੈ।ਤਸਮਾਨੀਆ ਦੀ ਹਵਾ ਵਿਸ਼ਵ ਭਰ ਦੇ ਜ਼ਿਆਦਾਤਰ ਇਲਾਕਿਆਂ ਤੋਂ ਕਿਤੇ ਵੱਧ ਸਾਫ਼ ਸੁਥਰੀ ਹੈ। ਆਸਟਰੇਲੀਆ ਵਿੱਚ ਭੇਡਾਂ ਦੀ ਗਿਣਤੀ ਮਨੁੱਖਾਂ ਦੀ ਗਿਣਤੀ ਤੋਂ ਤਿੰਨ ਗੁਣਾ ਜ਼ਿਆਦਾ ਹੈ। ਈਮੂ ਨਾਂ ਦਾ ਨਾ-ਉੱਡਣ ਵਾਲਾ ਪੰਛੀ, 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਣ ਵਾਲਾ ਜੀਵ, ਇਸ ਇਲਾਕੇ ਦਾ ਹੀ ਮੂਲ ਵਾਸੀ ਹੈ। ਆਸਟਰੇਲੀਆ ਵਿੱਚ ਹਰ ਸਾਲ ਲਗਪਗ ਇੱਕ ਲੱਖ ਕਰੋੜ ਬੋਤਲਾਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਕੁਈਨਸਲੈਂਡ ਇਲਾਕੇ ਦਾ ਫਰੇਜ਼ਰ ਟਾਪੂ ਦੁਨੀਆ ਦਾ ਸਭ ਤੋਂ ਵੱਡਾ ਰੇਤੀਲਾ ਟਾਪੂ ਹੈ। ਹਰ ਸਾਲ ਦਸ ਮਿਲੀਅਨ ਲੋਕ ਸਿਡਨੀ ਓਪੇਰਾ ਹਾਊਸ ਵੇਖਣ ਲਈ ਆਉਂਦੇ ਹਨ। ਆਸਟਰੇਲੀਆ ਵਿੱਚ ਗਿਆਰਾਂ ਹਜ਼ਾਰ ਦੇ ਕਰੀਬ ਬੀਚ ਭਾਵ ਸਮੁੰਦਰ ਤਟ ਮੌਜੂਦ ਹਨ। ਬ੍ਰਿਸਬੇਨ ਵਿੱਚ ਹਰ ਸਾਲ ਕਾਕਰੋਚਾਂ ਦੀ ਦੌੜ ਦਾ ਆਯੋਜਨ ਕੀਤਾ ਜਾਂਦਾ ਹੈ।ਆਸਟਰੇਲੀਆ ਵਿੱਚ ਆਵਾਰਾ ਊਠਾਂ ਦੀ ਗਿਣਤੀ 12 ਲੱਖ ਹੈ। ਇੱਥੇ ਮੱਕੜੀਆਂ ਦੀਆਂ 1500 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਆਸਟਰੇਲਿਆਈ ਲੋਕ ਹਰ ਸਾਲ 680 ਬੋਤਲਾਂ ਬੀਅਰ ਪ੍ਰਤੀ ਵਿਅਕਤੀ ਪੀ ਜਾਂਦੇ ਹਨ। ਯੂਨਾਨ ਦੇਸ਼ ਦੇ ਬਾਹਰ ਯੂਨਾਨੀ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਮੈਲਬਰਨ ਸ਼ਹਿਰ ਵਿੱਚ ਹੀ ਵਸਦੀ ਹੈ। ਆਸਟਰੇਲੀਆ ਹੀ ਇੱਕ ਅਜਿਹਾ ਮਹਾਂਦੀਪ ਹੈ ਜਿਸ ਦੀ ਧਰਤੀ ਉੱਪਰ ਉੱਚੇ ਤੋਂ ਉੱਚਾ ਤਾਪਮਾਨ 50.7 ਡਿਗਰੀ ਸੈਲਸੀਅਸ (2 ਜਨਵਰੀ 1960 ਨੂੰ ਦੱਖਣੀ ਆਸਟਰੇਲੀਆ ਦੇ ਊਡਣਡਾਟਾ ਵਿਖੇ ਅਤੇ 13 ਜਨਵਰੀ 2022 ਨੂੰ ਪੱਛਮੀ ਆਸਟਰੇਲੀਆ ਵਿਖੇ ਰਿਕਾਰਡ ਕੀਤੇ ਗਏ) ਅਤੇ ਨੀਵੇਂ ਤੋਂ ਨੀਵਾਂ ਤਾਪਮਾਨ -23.0 ਡਿਗਰੀ ਸੈਲਸੀਅਸ (ਨਿਊ ਸਾਊਥ ਵੇਲਸ ਦੇ ਚਾਰਲੋਟੇ ਪਾਸ ਵਿਖੇ 29 ਜੂਨ 1994 ਨੂੰ ਰਿਕਾਰਡ ਕੀਤਾ ਗਿਆ) ਰਿਕਾਰਡ ਕੀਤੇ ਗਏ ਸਨ।
ਸੰਪਰਕ: 62842-20595