ਡਗਸ਼ਈ ਦੀ ਅਭੁੱਲ ਯਾਤਰਾ
ਅਮਰਬੀਰ ਸਿੰਘ ਚੀਮਾ
ਸਾਡੀ ਧੀ ਬਾਹਰੋਂ ਆਈ ਹੋਈ ਸੀ ਤੇ ਨਵਾਂ ਸਾਲ ਮਨਾਉਣ ਲਈ ਕਿਸੇ ਨੇੜੇ ਦੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਿਆ। ਸਲਾਹ ਕਰਕੇ ਮੈਂ, ਪਤਨੀ ਹਰਜੀਤ, ਧੀ ਰਸ਼ਮੀਤ ਤੇ ਭਤੀਜੇ ਦੀਪਕੰਵਲ ਨੇ ਬੜੋਗ ਤੇ ਡਗਸ਼ਈ ਵੱਲ ਚਾਲੇ ਪਾ ਦਿੱਤੇ। ਸ਼ਿਮਲੇ ਰੋਡ ਵੱਲ ਜਾਂਦਿਆਂ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲ ਹੋਣ ਤੋਂ ਬਾਅਦ ਸੜਕ ਦੇ ਸੱਜੇ ਹੱਥ ਇੱਕ ਬਹੁਤ ਸੋਹਣਾ ਨਵਾਂ ਹੀ ਪਾਰਕ ਆਉਂਦਾ ਹੈ, ਜਿੱਥੇ ਵੱਡੇ-ਵੱਡੇ ਅੱਖਰਾਂ ’ਚ ‘ਆਈ ਲਵ ਹਿਮਾਚਲ’ ਲਿਖਿਆ ਹੋਇਆ ਹੈ। ਇੱਥੇ ਬਹੁਤ ਹੀ ਸੋਹਣੇ-ਸੋਹਣੇ ਫੁੱਲਾਂ ਦੇ ਬੂਟੇ ਲੱਗੇ ਹੋਏ ਹਨ। ਚਾਰੇ ਪਾਸੇ ਹਰਿਆਵਲ ਬਾਹਾਂ ਖੋਲ੍ਹ ਕੇ ਤੁਹਾਡਾ ਸਵਾਗਤ ਕਰਦੀ ਹੈ। ਅਸੀਂ ਇਨ੍ਹਾਂ ਸੋਹਣੇ ਫੁੱਲਾਂ ’ਚ ਖੜ੍ਹ ਕੇ ਤਸਵੀਰਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕੀਤਾ।
ਜਾਣ ਤੋਂ ਪਹਿਲਾਂ ਮੇਰਾ ਇੱਕ ਦੋਸਤ ਕਹਿੰਦਾ ਕਿ ਉੱਥੇ ਮੁੱਖ ਸੜਕ ’ਤੇ ਹੀ ਆਪਣੇ ਨਾਲ ਦੇ ਪਿੰਡ ਦੇ ਇੱਕ ਸਰਦਾਰ ਜੀ ਨੇ ਆਪਣਾ ਰੈਸਟ ਹਾਊਸ ਬਣਾਇਆ ਹੋਇਆ ਹੈ ਅਤੇ ਉਹ ਫ਼ਤਿਹਗੜ੍ਹ ਸਾਹਿਬ ਤੋਂ ਗਿਆਂ ਨੂੰ ਬਹੁਤ ਪਿਆਰ ਨਾਲ ਮਿਲਦੇ ਹਨ। ਉੱਥੇ ਉਨ੍ਹਾਂ ਨੂੰ ਮਿਲ ਲੈਣਾ। ਉਹ ਕਾਫ਼ੀ ਬਜ਼ੁਰਗ ਹਨ। ਉਸ ਤੋਂ ਬਾਅਦ ਉਸ ਨੇ ਕਿਹਾ ਕਿ ਕੁਝ ਦੂਰੀ ਉੱਤੇ ਹੀ ਚਾਚਾ ਜੀ ਦਾ ਢਾਬਾ ਹੈ, ਜਿੱਥੇ ਪਰੌਂਠੇ ਬਹੁਤ ਸਵਾਦ ਹੁੰਦੇ ਹਨ, ਉੱਥੇ ਪਰੌਂਠੇ ਖਾ ਲੈਣਾ। ਜਾਂਦਿਆਂ ਸਾਨੂੰ ਸੌਖਿਆਂ ਹੀ ਸਰਦਾਰ ਜੀ ਦਾ ਉਹ ਰੈਸਟ ਹਾਊਸ ਮਿਲ ਗਿਆ। ਉੱਥੇ ਉਨ੍ਹਾਂ ਨੂੰ ਮਿਲ ਕੇ ਗੱਲਾਂਬਾਤਾਂ ਕੀਤੀਆਂ ਤੇ ਉਨ੍ਹਾਂ ਨੇ ਸਾਨੂੰ ਹਿਮਾਚਲ ਦੀ ਸਪੈਸ਼ਲ ਚਾਹ ਪਿਲਾਈ। ਇਸ ਤੋਂ ਅੱਧੇ ਕੁ ਘੰਟੇ ਬਾਅਦ ਸਾਹਮਣੇ ਚਾਚਾ ਜੀ ਦੇ ਢਾਬੇ ਦਾ ਬੋਰਡ ਲੱਗਿਆ ਦੇਖਿਆ ਤਾਂ ਗੱਡੀ ਰੋਕ ਲਈ। ਢਾਬੇ ਅੰਦਰ ਬੈਠਿਆਂ ਤੋਂ ਆਰਡਰ ਲੈਣ ਆਏ ਮੁੰਡੇ ਨੂੰ ਪੁੱਛਿਆ ਕਿ ਚਾਚਾ ਜੀ ਕਿੱਥੇ ਹਨ। ਉਸ ਨੇ ਤਾਂਹ ਨੂੰ ਉਂਗਲ ਕਰਕੇ ਕਿਹਾ, ‘‘ਜੀ, ਉਹ ਤਾਂ ਉੱਪਰ ਹਨ।’’ ਮੈਂ ਨਾਲ ਹੀ ਕਿਹਾ, ‘‘ਬੁਲਾਓ ਉਨ੍ਹਾਂ ਨੂੰ, ਮਿਲਣਾ ਹੈ।’’ ਉਸ ਨੇ ਫਿਰ ਜਵਾਬ ਦਿੱਤਾ, ‘‘ਉਹ ਤਾਂ ਜੀ ਉੱਪਰ ਚਲੇ ਗਏ, ਭਾਵ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।’’ ਖ਼ੈਰ, ਉੱਥੇ ਨਾਸ਼ਤਾ ਕੀਤਾ ਤੇ ਥੋੜ੍ਹੀ ਅੱਗੇ ਜਾ ਕੇ ਇੱਕ ਹੋਮਸਟੇਅ ’ਚ ਕਮਰਾ ਲੈ ਲਿਆ ਕਿਉਂਕਿ 31 ਦਸੰਬਰ ਹੋਣ ਕਰਕੇ ਸ਼ਾਮ ਤੱਕ ਸੈਲਾਨੀਆਂ ਦੀ ਬਹੁਤ ਜ਼ਿਆਦਾ ਭੀੜ ਹੋ ਜਾਣੀ ਸੀ ਤੇ ਕਮਰਾ ਲੱਭਣ ਵਿੱਚ ਦਿੱਕਤ ਆਉਣੀ ਸੀ।
ਤਾਜ਼ਾਦਮ ਹੋਣ ਉਪਰੰਤ ਹੋਮਸਟੇਅ ਤੋਂ ਇੱਕ ਪਹਾੜੀ ਥੱਲੇ ਉੱਤਰ ਕੇ ਤੇ ਦੂਜੇ ਪਾਸੇ ਇੱਕ ਹੋਰ ਪਹਾੜੀ ਦੇ ਉੱਪਰ ਵੱਲ ਡਗਸ਼ਈ ਨੂੰ ਚੱਲ ਪਏ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਪੈਂਦਾ ਡਗਸ਼ਈ ਪੁਰਾਣੇ ਛਾਉਣੀ ਖੇਤਰਾਂ ਵਿੱਚੋਂ ਇੱਕ ਹੈ, ਜਿਹੜਾ ਸੋਲਨ ਤੋਂ 11 ਤੇ ਕਾਲਕਾ ਤੋਂ 27 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਦੀ ਸਥਾਪਨਾ 1847 ’ਚ ਈਸਟ ਇੰਡੀਆ ਕੰਪਨੀ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਤੋਂ ਡੱਬਲੀ, ਬੁਘਤਿਆਲਾ, ਚੁਨਾਗ, ਜਾਵੁਗ ਅਤੇ ਡਗਸ਼ਈ ਨਾਮਕ ਪੰਜ ਪਿੰਡ ਮੁਫ਼ਤ ਵਿੱਚ ਪ੍ਰਾਪਤ ਕਰਕੇ ਕੀਤੀ ਸੀ। ਨਵੀਂ ਛਾਉਣੀ ਦਾ ਨਾਮ ਆਖ਼ਰੀ ਪਿੰਡ ਦੇ ਨਾਮ ’ਤੇ ਰੱਖਿਆ ਗਿਆ ਕਿਉਂਕਿ ਇਹ ਸਭ ਤੋਂ ਵੱਡਾ ਅਤੇ ਰਣਨੀਤਕ ਤੌਰ ’ਤੇ ਸਭ ਤੋਂ ਵੱਧ ਸੁਰੱਖਿਅਤ ਸੀ। ਕਿਹਾ ਜਾਂਦਾ ਹੈ ਕਿ ਡਗਸ਼ਈ ਨਾਮ ‘ਦਾਗ਼-ਏ-ਸ਼ਾਹੀ’ ਤੋਂ ਲਿਆ ਗਿਆ ਸੀ। ਮੁਗ਼ਲਾਂ ਦੇ ਸਮੇਂ ਅਪਰਾਧੀਆਂ ਦੇ ਮੱਥੇ ’ਤੇ ਦਾਗ਼-ਏ-ਸ਼ਾਹੀ ਲਿਖਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਉਸ ਸਮੇਂ ਦੇ ਡਗਸ਼ਈ ਪਿੰਡ ਭੇਜ ਦਿੱਤਾ ਜਾਂਦਾ ਸੀ।
ਡਗਸ਼ਈ ਸ਼ਹਿਰ ਵਿੱਚ ਡਗਸ਼ਈ ਦੀ ਕੇਂਦਰੀ ਜੇਲ੍ਹ, ਮਿਊਜ਼ੀਅਮ ਤੇ ਕੈਥੋਲਿਕ ਚਰਚ ਮੁੱਖ ਤੌਰ ’ਤੇ ਵੇਖਣਯੋਗ ਥਾਵਾਂ ਹਨ। ਇੱਥੇ ਛਾਉਣੀ ਵਿਚਦੀ ਹੁੰਦੇ ਹੋਏ ਡਗਸ਼ਈ ਪਬਲਿਕ ਸਕੂਲ ਦੇਖਿਆ। ਉਸ ਸਕੂਲ ਅੰਦਰ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਛੁੱਟੀ ਉਪਰੰਤ ਉੱਥੇ ਬੈਠੇ ਕਲਰਕ ਮੈਡਮ ਨਾਲ ਸਕੂਲ ਬਾਬਤ ਗੱਲਬਾਤ ਕੀਤੀ। ਉਪਰੰਤ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਡਗਸ਼ਈ ਸੈਂਟਰਲ ਜੇਲ੍ਹ ਵੇਖਣ ਤੋਂ ਪਹਿਲਾਂ ਜੇਲ੍ਹ ਦੇ ਬਿਲਕੁਲ ਸਾਹਮਣੇ ਹੀ ਫਾਸਟ ਫੂਡ ਦੀ ਦੁਕਾਨ ਕਰ ਰਹੇ ਇੱਕ ਸਰਦਾਰ ਜੀ ਦੀ ਦੁਕਾਨ ਤੋਂ ਦੁਪਹਿਰ ਦਾ ਖਾਣਾ ਖਾਧਾ। ਉਹ ਪਿਛਲੇ 16 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਖਾਣਾ ਖਾਂਦਿਆਂ ਉਨ੍ਹਾਂ ਨਾਲ ਇੱਥੋਂ ਦੀ ਜੇਲ੍ਹ, ਮੌਸਮ ਤੇ ਸ਼ਹਿਰ ਦੇ ਲੋਕਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਦੁਪਹਿਰ ਦੀ ਲੰਚ ਬਰੇਕ ਤੋਂ ਬਾਅਦ ਹੁਣ 4 ਵਜੇ ਜੇਲ੍ਹ ਦੁਬਾਰਾ ਖੁੱਲੇਗੀ।
ਇਸ ਜੇਲ੍ਹ ਦਾ ਨਿਰਮਾਣ ਸੰਨ 1849 ’ਚ 72875 ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਇਸ ਵਿੱਚ ਕੈਦੀਆਂ ਲਈ 8 ਗੁਣਾ 12 ਦੇ 20 ਫੁੱਟ ਉੱਚੇ 54 ਕਮਰੇ ਹਨ, ਜਿਨ੍ਹਾਂ ’ਚੋਂ 11 ਕਮਰਿਆਂ ਨੂੰ ਹੁਣ ਕਰਮਚਾਰੀਆਂ ਦੇ ਰਹਿਣ ਲਈ ਤਬਦੀਲ ਕਰ ਦਿੱਤਾ ਗਿਆ ਹੈ। ਬਾਕੀ 43 ਕੈਦਖਾਨਿਆਂ ਵਿੱਚੋਂ 27 ਸਾਧਾਰਨ ਕੈਦੀਆਂ ਲਈ ਜਦੋਂਕਿ 16 ਕਮਰੇ ਇੱਕ ਇਕੱਲੇ ਕੈਦੀ ਦੇ ਰਹਿਣ ਲਈ ਵਰਤੇ ਜਾਂਦੇ ਸਨ। ਇਸ ਜੇਲ੍ਹ ਦੀ ਖਾਸੀਅਤ ਇਹ ਹੈ ਕਿ ਜੇਲ੍ਹ ਪਰਿਸਰ ਵਿੱਚ ਅੱਗ ਲੱਗਣ ਵਰਗੀ ਸਥਿਤੀ ’ਤੇ ਕਾਬੂ ਪਾਉਣ ਲਈ ਸਕਾਟਲੈਂਡ ਦੀ ਗਲੈਨਫੀਲਡ ਐਂਡ ਕੰਪਨੀ ਤੋਂ ਸਿਰਕਾਨੁਮਾ ਅੱਗ ਰੋਕੂ ਯੰਤਰ ਖਰੀਦਿਆ ਗਿਆ, ਜਿਸ ਨੂੰ 1865 ’ਚ ਇਸ ਜੇਲ੍ਹ ਵਿੱਚ ਲਗਾਇਆ ਗਿਆ ਸੀ। ਉਸ ਸਮੇਂ ਦੀ ਬਰਤਾਨਵੀ ਹਕੂਮਤ ਵੱਖ-ਵੱਖ ਜੁਰਮਾਂ ਦੇ ਅਪਰਾਧੀਆਂ ਨੂੰ ਇਸ ਜੇਲ੍ਹ ਵਿੱਚ ਰੱਖਦੀ ਸੀ। ਪਹਾੜੀ ਦੀ ਚੋਟੀ ਦੇ ਬਿਲਕੁਲ ਉੱਪਰ ਬਣੀ ਹੋਈ ਇਹ ਜੇਲ੍ਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਰੱਖੀ ਹੋਈ ਹੈ। ਹਵਾ ਤੇ ਰੋਸ਼ਨੀ ਲਈ ਇੱਕ ਮਜ਼ਬੂਤ ਖਿੜਕੀ ਹੈ। ਇਸ ਤੋਂ ਇਲਾਵਾ ਹਵਾ ਲਈ ਜ਼ਮੀਨਦੋਜ਼ ਪਾਈਪਾਂ ਵੀ ਪਾਈਆਂ ਹੋਈਆਂ ਹਨ। ਟੀ-ਟਾਈਪ ਦੀ ਇਸ ਜੇਲ੍ਹ ਦੀ ਉੱਚੀ ਛੱਤ ਹੈ ਤੇ ਇਸ ਦਾ ਫਰਸ਼ ਲੱਕੜ ਦਾ ਹੈ ਤਾਂ ਕਿ ਕੈਦੀ ਦੀ ਕਿਸੇ ਵੀ ਗਤੀਵਿਧੀ ਦੀ ਆਵਾਜ਼ ਜੇਲ੍ਹ ਅਧਿਕਾਰੀਆਂ ਨੂੰ ਸੌਖਿਆਂ ਹੀ ਸੁਣਾਈ ਦੇ ਸਕੇ। ਪੱਥਰ ਤੇ ਮਿੱਟੀ ਪੀਹਣ ਦਾ ਯੰਤਰ ਵੀ ਇਸ ਜੇਲ੍ਹ ’ਚ ਰੱਖਿਆ ਹੋਇਆ ਹੈ ਜੋ ਕਿ 19ਵੀਂ ਸਦੀ ਵਿੱਚ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ, ਜਿਨ੍ਹਾਂ ਵਿੱਚ ਡਗਸ਼ਈ ਜੇਲ੍ਹ ਵੀ ਸ਼ਾਮਿਲ ਹੈ। ਇਸ ਯੰਤਰ ਨੂੰ ਕਲੇਅ ਮੌਰਟਰ ਗਰਾਈਂਡਰ ਕਿਹਾ ਜਾਂਦਾ ਹੈ। ਜੇਲ੍ਹ ਦੇ ਮੁੱਖ ਗੇਟ ਉੱਤੇ ਸੱਜੇ ਪਾਸੇ ਇੱਕ ਘੰਟੀ ਬੰਨ੍ਹੀ ਹੋਈ ਹੈ, ਜਿਸ ਨੂੰ ਬੈੱਲ ਆਫ ਐਗਜ਼ੀਕਿਊਸ਼ਨ ਕਿਹਾ ਜਾਂਦਾ ਹੈ। ਜਦੋਂ ਕਿਸੇ ਕੈਦੀ ਨੂੰ ਫਾਂਸੀ ਲੱਗਣ ਦਾ ਸਮਾਂ ਮੁਕੱਰਰ ਹੁੰਦਾ ਸੀ ਤਾਂ ਬਾਹਰੋਂ ਇਹ ਘੰਟੀ ਵੱਜਦੀ ਸੀ, ਜਿਸ ਦੀ ਆਵਾਜ਼ ਅੰਦਰ ਪਹੁੰਚਦੀ ਸੀ ਤੇ ਉਸ ਕੈਦੀ ਨੂੰ ਫਾਂਸੀ ਲਗਾ ਦਿੱਤੀ ਜਾਂਦਾ ਸੀ।
ਮਹਾਤਮਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਨੱਥੂਰਾਮ ਗੋਡਸੇ ਨੂੰ ਮੁਕੱਦਮਾ ਚਲਾਉਣ ਲਈ ਪੰਜਾਬ ਹਾਈ ਕੋਰਟ, ਪਿੱਟਰਹਾਫ, ਸ਼ਿਮਲਾ ਲਿਜਾਇਆ ਗਿਆ। ਇਸ ਜੇਲ੍ਹ ਦੀ ਉਹ ਛੇ ਨੰਬਰ ਬੈਰਕ ਅੱਜ ਵੀ ਮੌਜੂਦ ਹੈ, ਜਿੱਥੇ ਹਿਰਾਸਤ ਵਿੱਚ ਸ਼ਿਮਲੇ ਲਿਜਾਂਦੇ ਸਮੇਂ ਪੁਲੀਸ ਅਧਿਕਾਰੀਆਂ ਨੇ ਨੱਥੂ ਰਾਮ ਗੋਡਸੇ ਨੂੰ ਇੱਕ ਰਾਤ ਲਈ ਰੱਖਿਆ ਸੀ। ਇਸ ਜੇਲ੍ਹ ਨੂੰ ਵੇਖਣ ਦਾ ਸਮਾਂ ਸਵੇਰੇ 9 ਤੋਂ 12:30 ਵਜੇ ਅਤੇ ਸ਼ਾਮ 4 ਤੋਂ 6 ਵਜੇ ਤੱਕ ਹੈ ਜਦੋਂਕਿ ਸੋਮਵਾਰ ਨੂੰ ਛੁੱਟੀ ਹੁੰਦੀ ਹੈ। ਡਗਸ਼ਈ ਸੈਂਟਰਲ ਜੇਲ੍ਹ ਦੇ ਬਿਲਕੁਲ ਨਾਲ ਹੀ ਡਗਸ਼ਈ ਹੈਰੀਟੇਜ ਮਿਊਜ਼ੀਅਮ ਹੈ। ਇੱਥੇ ਉਸ ਸਮੇਂ ਦੇ ਕੈਦੀਆਂ ਦੀ ਪੂਰੀ ਵਿਸਥਾਰਤ ਜਾਣਕਾਰੀ ਦਿੱਤੀ ਹੋਈ ਹੈ। ਅੰਗਰੇਜ਼ ਅਫਸਰਾਂ
ਦੀਆਂ ਤਸਵੀਰਾਂ ਤੇ ਜੇਲ੍ਹ ਦਾ ਵੱਡਾ ਨਕਸ਼ਾ ਬਣਿਆ ਹੋਇਆ ਹੈ।
ਡਗਸ਼ਈ ਤੋਂ ਵਾਪਸ ਆਉਂਦਿਆਂ ਰਸਤੇ ਵਿੱਚ ਸੂਰਜ ਛਿਪਣ ਦਾ ਖ਼ੂਬਸੂਰਤ ਦ੍ਰਿਸ਼ ਜ਼ਿੰਦਗੀ ’ਚ ਪਹਿਲੀ ਵਾਰ ਦੇਖਿਆ, ਜੋ ਕਿ ਯਾਦਗਾਰੀ ਹੋ ਨਿਬੜਿਆ। ਹੁਣ ਭੁੱਖ ਲੱਗ ਚੁੱਕੀ ਸੀ ਤੇ ਸੜਕ ’ਤੇ ਢਾਬੇ ਦੀ ਭਾਲ ਕਰਦਿਆਂ ਹੋਟਲ ਵਾਲਾ ਕਮਰਾ ਵੀ ਲੰਘ ਗਿਆ ਪਰ ਕੋਈ ਢਾਬਾ ਨਜ਼ਰ ਨਾ ਆਇਆ। ਫਿਰ 10 ਕਿਲੋਮੀਟਰ ਅੱਗੇ ਜਾ ਕੇ ਸੋਲਨ ਦੇ ਇੱਕ ਰੈਸਤਰਾਂ ’ਚ ਰਾਤ ਦਾ ਖਾਣਾ ਖਾਧਾ ਤੇ ਉੱਥੇ ਕੁਝ ਸਮਾਂ ਘੁੰਮਣ ਉਪਰੰਤ ਵਾਪਸ ਕਮਰੇ ’ਚ ਆ, ਥੱਕ ਕੇ ਸੌਂ ਗਏ।
ਦੂਜੀ ਸਵੇਰ ਵਾਪਸ ਜਾਂਦਿਆਂ ਬੜੋਗ ਹਾਈਟਸ ਰੁਕਣਾ ਸੀ। ਵਾਪਸੀ ’ਤੇ ਸੜਕ ਉੱਤੇ ਬੜੋਗ ਹਾਈਟਸ ਦਾ ਬੋਰਡ ਨਜ਼ਰੀਂ ਪਿਆ ਤਾਂ ਗੱਡੀ ਇੱਕ ਪਾਸੇ ਰੋਕ ਲਈ। ਅਸੀਂ ਚਾਰ ਜਣੇ ਪੈਦਲ ਹੀ ਚੜ੍ਹਾਈ ਚੜ੍ਹਨ ਲੱਗੇ ਕਿ ਚਲੋ ਜਿੱਥੋਂ ਥੱਕ ਗਏ ਵਾਪਸ ਮੁੜ ਆਵਾਂਗੇ, ਪਰ ਅੱਠ ਦਸ ਮਿੰਟਾਂ ਬਾਅਦ ਹੀ ਸਾਹਮਣੇ ਬੜੋਗ ਹਾਈਟਸ ਆ ਗਿਆ। ਕਹਿਣ ਤੋਂ ਭਾਵ ਕਿ ਚੜ੍ਹਾਈ ਬਿਲਕੁਲ ਵੀ ਜ਼ਿਆਦਾ ਨਹੀਂ ਸੀ। ਅਸੀਂ ਸਾਰੇ ਉੱਥੋਂ ਹੀ ਵਾਪਸ ਉਤਰ ਆਏ ਤੇ ਦੁਬਾਰਾ ਚਾਰੇ ਜਣੇ ਗੱੱਡੀ ’ਚ ਉਤਾਂਹ ਗਏ। ਉਹ ਬਹੁਤ ਸੋਹਣਾ ਹੋਟਲ ਹੈ। ਉੱਥੇ ਵੀ ਦੇਰ ਰਾਤ ਤੱਕ ਨਵੇਂ ਸਾਲ ਦੇ ਜਸ਼ਨ ਚੱਲੇ ਹੋਣਗੇ ਕਿਉਂਕਿ ਸਾਰੇ ਮੇਜ਼ਾਂ ਉੱੱਪਰ ਖਾਲੀ ਬੋਤਲਾਂ, ਥਾਲੀਆਂ ਤੇ ਗਲਾਸ ਇਧਰ ਉਧਰ ਖਿੱਲਰੇ ਪਏ ਸਨ। ਉੱਥੇ ਕੁਝ ਦੇਰ ਫੋਟੋਆਂ ਖਿੱਚਣ ਤੋਂ ਬਾਅਦ ਅਸੀਂ ਵਾਪਸ ਆਉਣ ਦੀ ਬਜਾਏ ਉਸ ਤੋਂ ਵੀ ਉੱਪਰ ਵੱਲ ਛੋਟੇ ਜਿਹੇ ਕੱਚੇ ਪਹੇ ’ਤੇ ਗੱਡੀ ਪਾ ਦਿੱਤੀ। ਰਸਤਾ ਸਿਰਫ਼ ਕਾਰ ਜੋਗਾ ਪੂਰਾ ਪੂਰਾ ਹੀ ਸੀ। ਪਹੇ ਦੇ ਇੱਕ ਪਾਸੇ ਖੇਤ ਤੇ ਦੂਜੇ ਪਾਸੇ ਛੋਟੀਆਂ ਖਾਈਆਂ ਸਨ। ਬੱਚੇ ਤਾਂ ਡਰ ਕੇ ਕਾਰ ਵਾਪਸ ਮੋੜਨ ਦੀ ਜ਼ਿੱਦ ਕਰਨ ਲੱਗ ਗਏ ਪਰ ਮੈਨੂੰ ਹੋਰ ਅੱਗੇ ਜਾਣ ਦਾ ਚਾਅ ਸੀ। ਕੁਝ ਹੋਰ ਅੱਗੇ ਜਾ ਕੇ ਪਹਾੜੀ ਪਿੰਡਾਂ ਵਿਚਲੇ ਫਾਰਮ ਹਾਊਸ, ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੇ ਵੱਡੇ-ਛੋਟੇ ਘਰ ਤੇ ਪਹਾੜੀ ਸਬਜ਼ੀਆਂ ਦੇ ਕਿਆਰੀਨੁਮਾ ਖੇਤ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਪਹਿਲੀ ਜਨਵਰੀ ਮੌਕੇ
ਕੜਾਕੇ ਦੀ ਠੰਢ ਵਿੱਚ ਸਿਆਲ ਦੀ ਨਿੱਘੀ-ਨਿੱਘੀ ਧੁੱਪ। ਭਲਾ ਮਨੁੱਖ ਨੂੰ ਹੋਰ ਕੀ ਚਾਹੀਦਾ ਹੈ? ਉੱਥੇ ਗੱਡੀ ਖੜ੍ਹਾ ਕੇ ਹੋਰ ਦੂਰ ਤੱਕ ਪੈਦਲ ਖੇਤਾਂ ’ਚ ਘੁੰਮੇ, ਫੋਟੋਆਂ ਖਿੱਚੀਆਂ। ਇਧਰ ਖੇਤਾਂ ’ਚ ਫ਼ਸਲਾਂ ਲਹਿਰਾ ਰਹੀਆਂ ਸਨ ਤੇ
ਉੱਧਰ ਛੋਟੀਆਂ ਗੱਡੀਆਂ ’ਚ ਸਬਜ਼ੀਆਂ ਤੇ ਫਲ ਭਰੇ ਜਾ ਰਹੇ ਸਨ।
ਅਸੀਂ ਵਾਪਸੀ ’ਤੇ ਕਸੌਲੀ ਚਲੇ ਗਏ, ਜਿੱਥੇ ਨਵੇਂ ਸਾਲ ਮੌਕੇ ਸੈਲਾਨੀਆਂ ਦੀ ਆਮਦ ਹੋ ਰਹੀ ਸੀ। ਉੱਥੇ ਕੁਝ ਦੇਰ ਹੈਰੀਟੇਜ ਮਾਰਕੀਟ ਘੁੰਮੇ, ਚਰਚ ਦੇਖੀ ਤੇ ਦੁਪਹਿਰ ਦਾ ਖਾਣਾ ਖਾ ਕੇ ਸਰਹਿੰਦ ਲਈ ਵਾਪਸੀ ਕਰ ਦਿੱਤੀ।
ਸੰਪਰਕ: 98889-40211